ਉਨ੍ਹਾਂ ਨੇ ਵਫ਼ਾਦਾਰੀ ਦੀ ਮਿਸਾਲ ਕਾਇਮ ਕੀਤੀ ਹੈ
1 ਸਾਲ 1937 ਵਿਚ ਨਵੀਂ ਕਿਸਮ ਦੀ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ ਗਈ ਸੀ। ਉਹ ਸੀ ਸਪੈਸ਼ਲ ਪਾਇਨੀਅਰ ਸੇਵਾ। ਸੇਵਕਾਈ ਵਿਚ ਤਜਰਬੇਕਾਰ ਅਤੇ ਕਾਬਲ ਭੈਣ-ਭਰਾ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਨ ਗਏ ਜਿੱਥੇ ਕਿਤੇ ਵੀ ਸੰਸਥਾ ਨੇ ਉਨ੍ਹਾਂ ਨੂੰ ਜਾਣ ਲਈ ਕਿਹਾ। ਹੁਣ ਦਹਾਕਿਆਂ ਬਾਅਦ ਵੀ ਸਪੈਸ਼ਲ ਪਾਇਨੀਅਰ ਵਫ਼ਾਦਾਰੀ ਦੀ ਵਧੀਆ ਮਿਸਾਲ ਕਾਇਮ ਕਰ ਰਹੇ ਹਨ।—ਇਬ. 6:12.
2 ਉਨ੍ਹਾਂ ਨੇ ਅਗਵਾਈ ਕੀਤੀ: ਸ਼ੁਰੂ-ਸ਼ੁਰੂ ਵਿਚ ਸਪੈਸ਼ਲ ਪਾਇਨੀਅਰ ਲੋਕਾਂ ਦੇ ਘਰੀਂ ਜਾ ਕੇ ਫੋਨੋਗ੍ਰਾਫ਼ ਰਾਹੀਂ ਪ੍ਰਚਾਰ ਕਰਦੇ ਹੁੰਦੇ ਸਨ। ਲੋਕਾਂ ਨੂੰ ਦੁਬਾਰਾ ਮਿਲਣ ਵੇਲੇ ਉਹ ਬਾਈਬਲ ਉੱਤੇ ਆਧਾਰਿਤ ਭਾਸ਼ਣਾਂ ਦੇ ਰਿਕਾਰਡ ਸੁਣਾਉਣ ਤੋਂ ਬਾਅਦ ਉਨ੍ਹਾਂ ਨਾਲ ਚਰਚਾ ਕਰਦੇ ਸਨ। ਇਸ ਤਰ੍ਹਾਂ ਵੱਡੇ-ਵੱਡੇ ਸ਼ਹਿਰਾਂ ਵਿਚ ਕੀਤਾ ਜਾਂਦਾ ਸੀ ਜਿੱਥੇ ਪਹਿਲਾਂ ਹੀ ਕਲੀਸਿਯਾਵਾਂ ਬਣ ਚੁੱਕੀਆਂ ਸਨ। ਬਾਅਦ ਵਿਚ ਸਪੈਸ਼ਲ ਪਾਇਨੀਅਰਾਂ ਨੂੰ ਜ਼ਿਆਦਾ ਲੋੜ ਵਾਲੇ ਇਲਾਕਿਆਂ ਵਿਚ ਭੇਜਿਆ ਗਿਆ। ਉਨ੍ਹਾਂ ਨੇ ਹੋਰ ਜਾਣਨ ਵਿਚ ਰੁਚੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ ਬਾਈਬਲ ਸਟੱਡੀਆਂ ਕਰਾਈਆਂ। ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਸੈਂਕੜੇ ਹੀ ਨਵੀਆਂ ਕਲੀਸਿਯਾਵਾਂ ਬਣੀਆਂ। ਉਨ੍ਹਾਂ ਦੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਕਰਕੇ ਹੀ ਅੱਜ ਸੰਗਠਨ ਵਿਚ ਇੰਨਾ ਵਾਧਾ ਹੋਇਆ ਹੈ। (ਯਸਾ. 60:22) ਹੁਣ ਵੀ ਸਪੈਸ਼ਲ ਪਾਇਨੀਅਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਖ਼ੁਸ਼ ਖ਼ਬਰੀ ਸੁਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।—ਕੁਲੁ. 1:23.
3 ਉਨ੍ਹਾਂ ਦੀ ਨਕਲ ਕਰੋ: ਕੁਝ ਸਪੈਸ਼ਲ ਪਾਇਨੀਅਰ ਦਹਾਕਿਆਂ ਤੋਂ ਸੇਵਾ ਕਰ ਰਹੇ ਹਨ। ਸਾਲਾਂ ਦੌਰਾਨ ਵੱਖੋ-ਵੱਖਰੇ ਹਾਲਾਤਾਂ ਵਿਚ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਦੀ ਨਿਹਚਾ ਪਰਖੀ ਤੇ ਤਾਈ ਗਈ ਹੈ। (1 ਪਤ. 1:6, 7) ਉਨ੍ਹਾਂ ਨੇ ਲੋੜ ਵਾਲੇ ਇਲਾਕਿਆਂ ਵਿਚ ਜਾ ਕੇ ਸੇਵਾ ਕਰਨ ਲਈ ਆਪਣੀਆਂ ਸੁਖ-ਸਹੂਲਤਾਂ ਕੁਰਬਾਨ ਕੀਤੀਆਂ ਹਨ। ਕੁਝ ਹੁਣ ਬਿਰਧ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਉਨ੍ਹਾਂ ਨੂੰ ਹੋਰ ਕਈ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (2 ਕੁਰਿੰ. 4:16, 17) ਕਈਆਂ ਨੂੰ ਭਾਰਤ ਵਿਚ ਲੱਗੀਆਂ ਆਰਥਿਕ ਪਾਬੰਦੀਆਂ ਕਰਕੇ ਸਪੈਸ਼ਲ ਪਾਇਨੀਅਰੀ ਛੱਡਣੀ ਪਈ। ਫਿਰ ਵੀ ‘ਓਹ ਬੁਢੇਪੇ ਵਿੱਚ ਫਲ ਲਿਆ ਰਹੇ ਹਨ।’ (ਜ਼ਬੂ. 92:14) ਉਨ੍ਹਾਂ ਦਾ ਭਰੋਸਾ ਯਹੋਵਾਹ ਉੱਤੇ ਹੈ ਜਿਸ ਕਰਕੇ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਹਨ।—ਜ਼ਬੂ. 34:8; ਕਹਾ. 10:22.
4 ਸਪੈਸ਼ਲ ਪਾਇਨੀਅਰ ਵਾਕਈ ਤਾਰੀਫ਼ ਦੇ ਲਾਇਕ ਹਨ। ਜੇ ਤੁਹਾਡੀ ਕਲੀਸਿਯਾ ਵਿਚ ਸਪੈਸ਼ਲ ਪਾਇਨੀਅਰ ਹਨ ਜਾਂ ਜੋ ਪਹਿਲਾਂ ਹੁੰਦੇ ਸਨ, ਤਾਂ ਉਨ੍ਹਾਂ ਨਾਲ ਸਮਾਂ ਬਿਤਾਓ ਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖੋ। ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰੋ। ਉਨ੍ਹਾਂ ਦੀ ਵਫ਼ਾਦਾਰੀ ਤੋਂ ਹੌਸਲਾ ਪਾਓ। ਉਨ੍ਹਾਂ ਦੀ ਨਿਹਚਾ ਦੀ ਨਕਲ ਕਰਨ ਵਾਲੇ ਵੀ ਯਹੋਵਾਹ ਦੀ ਮਿਹਰ ਅਤੇ ਬਰਕਤਾਂ ਪਾ ਸਕਦੇ ਹਨ ਕਿਉਂਕਿ ‘ਜੋ ਵਫ਼ਾਦਾਰੀ ਵਰਤਦੇ ਹਨ ਯਹੋਵਾਹ ਓਹਨਾਂ ਨੂੰ ਪਸੰਦ ਕਰਦਾ ਹੈ।’—ਕਹਾ. 12:22.