ਕੀ ਤੁਹਾਡਾ ਪਰਿਵਾਰ ਬਚਣ ਦੀ ਤਿਆਰੀ ਕਰ ਰਿਹਾ ਹੈ?
1 ਬਾਈਬਲ ਭਵਿੱਖਬਾਣੀਆਂ ਦੀ ਪੂਰਤੀ ਇਸ ਗੱਲ ਦਾ ਪੱਕਾ ਸਬੂਤ ਦਿੰਦੀ ਹੈ ਕਿ ਇਸ ਬੁਰੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਜਿਵੇਂ ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਬੇਹੱਦ ਖ਼ਰਾਬ ਸਨ, ਉਸੇ ਤਰ੍ਹਾਂ ਅੱਜ ਸੰਸਾਰ ਦੇ ਹਾਲਾਤ ਵਿਗੜਦੇ ਜਾ ਰਹੇ ਹਨ। (ਮੱਤੀ 24:37-39) ਨੂਹ ਜਲ-ਪਰਲੋ ਦੁਆਰਾ ਲਿਆਂਦੇ ਨਾਸ਼ ਵਿੱਚੋਂ ਬਚ ਨਿਕਲਿਆ ਸੀ ਕਿਉਂਕਿ ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤ. 6:9) ਨੂਹ ਨੇ ਯਕੀਨਨ ਆਪਣੇ ਪਰਿਵਾਰ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਇਆ ਸੀ ਕਿਉਂਕਿ ਉਹ ਸਭ ਵੀ ਬਚ ਗਏ ਸਨ। ਨੂਹ ਦੀ ਰੀਸ ਕਰਦਿਆਂ ਅਸੀਂ ਆਪਣੇ ਪਰਿਵਾਰ ਨੂੰ ਆਉਣ ਵਾਲੇ ਨਾਸ਼ ਵਿੱਚੋਂ ਬਚਣ ਲਈ ਕਿਵੇਂ ਤਿਆਰ ਕਰ ਸਕਦੇ ਹਾਂ?
2 ਧਰਮ ਦਾ ਪ੍ਰਚਾਰਕ: ਨੂਹ ‘ਧਰਮ ਦੇ ਪਰਚਾਰਕ’ ਵਜੋਂ ਲਗਭਗ 40-50 ਸਾਲ ਮਿਹਨਤ ਕਰਦਾ ਰਿਹਾ। (2 ਪਤ. 2:5) ਧਰਤੀ ਉੱਤੇ ਉਸ ਸਮੇਂ ਵੱਸਦੇ ਬਾਗ਼ੀ ਦੂਤਾਂ ਦੇ ਪ੍ਰਭਾਵ ਹੇਠ ਕਈ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਹੋਣਾ। ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਸਾਡੇ ਸੰਦੇਸ਼ ਵਿਚ ਕੋਈ ਰੁਚੀ ਨਹੀਂ ਰੱਖਦੇ ਤੇ ਕਈ ਤਾਂ ਸਾਡੇ ਪ੍ਰਚਾਰ ਦਾ ਮਜ਼ਾਕ ਵੀ ਉਡਾਉਂਦੇ ਹਨ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ। (2 ਪਤ. 3:3, 4) ਪਰ ਨੂਹ ਦੇ ਜ਼ਮਾਨੇ ਤੋਂ ਉਲਟ, ਅੱਜ ਬਹੁਤ ਸਾਰੇ ਲੋਕ ਰਾਜ ਦਾ ਸੰਦੇਸ਼ ਸੁਣ ਕੇ ਯਹੋਵਾਹ ਦੀ ਭਗਤੀ ਕਰ ਰਹੇ ਹਨ। (ਯਸਾ. 2:2) ਪ੍ਰਚਾਰ ਦੇ ਕੰਮ ਵਿਚ ਮਿਹਨਤ ਕਰਦੇ ਰਹਿਣ ਨਾਲ ਅਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ’ ਸਕਾਂਗੇ। (1 ਤਿਮੋ. 4:16) ਤਾਂ ਫਿਰ ਮਾਪਿਆਂ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਚਾਰ ਦੇ ਕੰਮ ਦੀ ਮਹੱਤਤਾ ਸਿਖਾਉਣ। ਉਨ੍ਹਾਂ ਨੂੰ ਖ਼ੁਦ ਜੋਸ਼ ਨਾਲ ਪ੍ਰਚਾਰ ਕਰ ਕੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।—2 ਤਿਮੋ. 4:2.
3 ਉਸ ਨੇ “ਤਿਵੇਂ” ਹੀ ਕੀਤਾ: ਜਲ-ਪਰਲੋ ਵਿੱਚੋਂ ਬਚਣ ਲਈ ਜ਼ਰੂਰੀ ਸੀ ਕਿ ਨੂਹ ਅਤੇ ਉਸ ਦਾ ਪਰਿਵਾਰ ਯਹੋਵਾਹ ਦੀਆਂ ਸਾਰੀਆਂ ਹਿਦਾਇਤਾਂ ਮੰਨਣ। (ਉਤ. 6:22) ਇਸੇ ਤਰ੍ਹਾਂ ਅੱਜ ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ “ਹਠ ਤੋਂ ਰਹਿਤ” ਉਨ੍ਹਾਂ ਸਾਰੀਆਂ ਹਿਦਾਇਤਾਂ ਨੂੰ ਮੰਨੀਏ ਜੋ ਅਸੀਂ ਬਾਈਬਲ ਵਿੱਚੋਂ ਅਤੇ ਮਾਤਬਰ ਨੌਕਰ ਵਰਗ ਤੋਂ ਹਾਸਲ ਕਰਦੇ ਹਾਂ। (ਯਾਕੂ. 3:17) ਇਕ ਪਰਿਵਾਰ ਦੇ ਬੱਚੇ, ਜੋ ਹੁਣ ਵੱਡੇ ਹੋ ਚੁੱਕੇ ਹਨ, ਚੇਤੇ ਕਰਦੇ ਹਨ ਕਿ ਉਨ੍ਹਾਂ ਦੇ ਡੈਡੀ ਹਮੇਸ਼ਾ ਯਹੋਵਾਹ ਦੀ ਸੰਸਥਾ ਦੁਆਰਾ ਦਿੱਤੀਆਂ ਸਲਾਹਾਂ ਨੂੰ ਮੰਨਦੇ ਸਨ। ਮਿਸਾਲ ਲਈ, ਉਹ ਉਨ੍ਹਾਂ ਨਾਲ ਹਰ ਹਫ਼ਤੇ ਪਰਿਵਾਰਕ ਅਧਿਐਨ ਕਰਦੇ ਸਨ ਅਤੇ ਹਰ ਸ਼ਨੀਵਾਰ-ਐਤਵਾਰ ਨੂੰ ਸਾਰੇ ਮਿਲ ਕੇ ਪ੍ਰਚਾਰ ਕਰਨ ਜਾਂਦੇ ਸਨ। ਡੈਡੀ ਹਰ ਹਫ਼ਤੇ ਸੇਵਕਾਈ ਵਿਚ ਕਿਸੇ ਇਕ ਬੱਚੇ ਨਾਲ ਮਿਲ ਕੇ ਕੰਮ ਕਰਦੇ ਸਨ। ਸੰਸਥਾ ਨੇ ਜਿਵੇਂ ਸੁਝਾਅ ਦਿੱਤਾ, ਇਸ ਪਿਤਾ ਨੇ “ਤਿਵੇਂ” ਹੀ ਕੀਤਾ ਜਿਸ ਕਰਕੇ ਬੱਚਿਆਂ ਦੇ ਮਨਾਂ ਉੱਤੇ ਡੂੰਘਾ ਅਸਰ ਪਿਆ। ਛੇਆਂ ਦੇ ਛੇ ਬੱਚੇ ਅੱਜ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ।
4 ਇਸ ਜਗਤ ਦਾ ਅੰਤ ਅਚਾਨਕ ਆ ਜਾਵੇਗਾ। (ਲੂਕਾ 12:40) ਨੂਹ ਦੀ ਮਿਸਾਲ ਉੱਤੇ ਚੱਲਣ ਅਤੇ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਰੱਖਣ ਦੁਆਰਾ ਅਸੀਂ ਆਪਣੇ ਪਰਿਵਾਰ ਸਮੇਤ ਆਉਣ ਵਾਲੇ ਨਾਸ਼ ਵਿੱਚੋਂ ਬਚਣ ਲਈ ਤਿਆਰ-ਬਰ-ਤਿਆਰ ਹੋਵਾਂਗੇ!—ਇਬ. 11:7.