ਨਬੀਆਂ ਦੀ ਮਿਸਾਲ ਉੱਤੇ ਚੱਲੋ—ਯੂਨਾਹ
1. ਯੂਨਾਹ ਵਿਚ ਕਿਹੜੇ ਵਧੀਆ ਗੁਣ ਸਨ?
1 ਜਦੋਂ ਤੁਸੀਂ ਯੂਨਾਹ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੜੀ ਗੱਲ ਆਉਂਦੀ ਹੈ? ਕਈ ਸ਼ਾਇਦ ਸੋਚਣ ਕਿ ਉਹ ਡਰਪੋਕ ਜਾਂ ਪੱਥਰ-ਦਿਲ ਸੀ। ਪਰ ਉਹ ਨਿਮਰ, ਦਲੇਰ ਅਤੇ ਦੂਜਿਆਂ ਲਈ ਕੁਝ ਵੀ ਕਰਨ ਲਈ ਤਿਆਰ ਸੀ। ਅਸੀਂ ਯੂਨਾਹ ਦੇ ਵਧੀਆ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?—ਯਾਕੂ. 5:10.
2. ਅਸੀਂ ਯੂਨਾਹ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
2 ਨਿਮਰਤਾ: ਯੂਨਾਹ ਉਸ ਜਗ੍ਹਾ ਨਹੀਂ ਗਿਆ ਜਿੱਥੇ ਉਸ ਨੂੰ ਭੇਜਿਆ ਗਿਆ ਸੀ, ਪਰ ਉਹ ਕਿਸੇ ਹੋਰ ਪਾਸੇ ਭੱਜ ਗਿਆ। ਯੂਨਾਹ ਸ਼ਾਇਦ ਡਰਦਾ ਸੀ ਕਿਉਂਕਿ ਅੱਸ਼ੂਰੀ ਲੋਕ ਹਿੰਸਕ ਸਨ ਅਤੇ ਨੀਨਵਾਹ ਨੂੰ “ਖੂਨੀ ਸ਼ਹਿਰ” ਕਿਹਾ ਜਾਂਦਾ ਸੀ। (ਨਹੂ. 3:1-3) ਪਰ ਯਹੋਵਾਹ ਨੇ ਯੂਨਾਹ ਨੂੰ ਤਾੜਿਆ ਅਤੇ ਉਸ ਨੂੰ ਉੱਥੇ ਜਾਣ ਲਈ ਦੁਬਾਰਾ ਕਿਹਾ। ਯੂਨਾਹ ਨੇ ਨਿਮਰਤਾ ਨਾਲ ਇਸ ਕੰਮ ਨੂੰ ਕਬੂਲ ਕੀਤਾ। (ਕਹਾ. 24:32; ਯੂਨਾ. 3:1-3) ਭਾਵੇਂ ਉਹ ਪਹਿਲਾਂ ਘਬਰਾਉਂਦਾ ਸੀ, ਪਰ ਹੁਣ ਉਸ ਨੇ ਯਹੋਵਾਹ ਦੀ ਮਰਜ਼ੀ ਪੂਰੀ ਕੀਤੀ। (ਮੱਤੀ 21:28-31) ਕੀ ਅਸੀਂ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ, ਭਾਵੇਂ ਸਾਨੂੰ ਵੀ ਤਾੜਨਾ ਮਿਲੀ ਹੋਵੇ ਜਾਂ ਆਪਣੇ ਇਲਾਕੇ ਵਿਚ ਪ੍ਰਚਾਰ ਕਰਨਾ ਔਖਾ ਹੈ?
3. ਤੁਹਾਨੂੰ ਪ੍ਰਚਾਰ ਵਿਚ ਕਦੋਂ ਦਲੇਰੀ ਅਤੇ ਦੂਜਿਆਂ ਬਾਰੇ ਸੋਚਣ ਦੀ ਲੋੜ ਹੈ?
3 ਦਲੇਰੀ ਅਤੇ ਦੂਜਿਆਂ ਬਾਰੇ ਸੋਚਣਾ: ਜਦੋਂ ਯੂਨਾਹ ਨੂੰ ਅਹਿਸਾਸ ਹੋਇਆ ਕਿ ਉਸ ਦੇ ਗ਼ਲਤ ਫ਼ੈਸਲੇ ਕਰਕੇ ਜਹਾਜ਼ ਵਿਚ ਦੂਸਰੇ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ, ਤਾਂ ਉਹ ਉਨ੍ਹਾਂ ਲਈ ਆਪਣੀ ਜਾਨ ਦੇਣ ਲਈ ਤਿਆਰ ਸੀ। (ਯੂਨਾ. 1:3, 4, 12) ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਯੂਨਾਹ ਨੀਨਵਾਹ ਗਿਆ ਅਤੇ ਸ਼ਾਇਦ ਉਸ ਨੇ ਅਜਿਹੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਜਿੱਥੋਂ ਉਹ ਲੋਕਾਂ ਨੂੰ ਐਲਾਨ ਕਰ ਸਕੇ ਕਿ ਯਹੋਵਾਹ ਉਨ੍ਹਾਂ ਦੇ ਸ਼ਹਿਰ ਨੂੰ ਤਬਾਹ ਕਰਨ ਵਾਲਾ ਸੀ। ਇਹ ਕੰਮ ਕਿਸੇ ਡਰਪੋਕ ਇਨਸਾਨ ਦਾ ਨਹੀਂ, ਪਰ ਪਰਮੇਸ਼ੁਰ ਦੇ ਦਲੇਰ ਨਬੀ ਦਾ ਸੀ! (ਯੂਨਾ. 3:3, 4) ਅੱਜ ਸਾਡੇ ਬਾਰੇ ਕੀ? ਵਿਰੋਧਤਾ ਦੇ ਸਮੇਂ ਸਾਨੂੰ ਪ੍ਰਚਾਰ ਕਰਨ ਲਈ ਪਰਮੇਸ਼ੁਰ ਵੱਲੋਂ ਹਿੰਮਤ ਦੀ ਲੋੜ ਹੈ। (ਰਸੂ. 4:29, 31) ਪ੍ਰਚਾਰ ਕਰਨ ਲਈ ਸਾਨੂੰ ਦੂਜਿਆਂ ਬਾਰੇ ਸੋਚਣ ਦੀ ਲੋੜ ਹੈ ਕਿਉਂਕਿ ਸਮਾਂ ਕੱਢਣ ਦੇ ਨਾਲ-ਨਾਲ ਉਨ੍ਹਾਂ ਦੀ ਹੋਰ ਤਰੀਕਿਆਂ ਨਾਲ ਵੀ ਮਦਦ ਕਰਨੀ ਪੈਂਦੀ ਹੈ।—ਰਸੂ. 20:24.
4. ਸਾਨੂੰ ਯਹੋਵਾਹ ਦੇ ਨਬੀਆਂ ਦੁਆਰਾ ਰੱਖੀ ਗਈ ਮਿਸਾਲ ਉੱਤੇ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?
4 ਯਹੋਵਾਹ ਦੇ ਕਿਸੇ ਵੀ ਨਬੀ ਬਾਰੇ ਪੜ੍ਹਦੇ ਹੋਏ ਇਹ ਵਧੀਆ ਹੋਵੇਗਾ ਜੇ ਤੁਸੀਂ ਆਪਣੇ ਆਪ ਨੂੰ ਉਸ ਦੀ ਜਗ੍ਹਾ ਤੇ ਰੱਖ ਕੇ ਦੇਖੋ। ਆਪਣੇ ਆਪ ਨੂੰ ਪੁੱਛੋ: ‘ਮੈਂ ਉਸ ਹਾਲਤ ਵਿਚ ਕੀ ਕਰਦਾ? ਮੈਂ ਆਪਣੀ ਜ਼ਿੰਦਗੀ ਵਿਚ ਉਸ ਦੇ ਗੁਣਾਂ ਦੀ ਰੀਸ ਕਿਵੇਂ ਕਰ ਸਕਦਾ ਹਾਂ?’ (ਇਬ. 6:11, 12) ਸਾਡੀ ਰਾਜ ਸੇਵਕਾਈ ਵਿਚ ਯਹੋਵਾਹ ਦੇ ਵਫ਼ਾਦਾਰ ਨਬੀਆਂ ਬਾਰੇ ਹੋਰ ਲੇਖ ਪੇਸ਼ ਕੀਤੇ ਜਾਣਗੇ ਜਿਨ੍ਹਾਂ ਤੋਂ ਅਸੀਂ ਸਬਕ ਸਿੱਖ ਸਕਾਂਗੇ।