ਤਜਰਬੇ
◼ ਆਸਟ੍ਰੇਲੀਆ: ਜੌਨ ਇਕ ਪੜ੍ਹਿਆ-ਲਿਖਿਆ ਵਿਅਕਤੀ ਹੈ ਜੋ ਛੋਟਾ ਹੁੰਦਾ ਚਰਚ ਜਾਂਦਾ ਸੀ, ਪਰ ਬਾਅਦ ਵਿਚ ਉਹ ਪੱਕਾ ਨਾਸਤਿਕ ਬਣ ਗਿਆ। ਇਕ ਪਾਇਨੀਅਰ ਭਰਾ ਨੇ ਉਸ ਨੂੰ ਇਕ ਬਰੋਸ਼ਰ ਦਿੱਤਾ। ਇਹ ਭਰਾ ਉਸ ਦੀ ਦਿਲਚਸਪੀ ਜਗਾਉਣ ਲਈ ਉਸ ਨੂੰ ਹੋਰ ਪ੍ਰਕਾਸ਼ਨ ਅਤੇ ਨਵੇਂ-ਨਵੇਂ ਰਸਾਲੇ ਦਿੰਦਾ ਸੀ ਤੇ ਉਨ੍ਹਾਂ ਵਿੱਚੋਂ ਸ੍ਰਿਸ਼ਟੀ ਜਾਂ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਲੇਖ ਦਿਖਾਉਂਦਾ ਹੁੰਦਾ ਸੀ। ਉਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹਨ ਤੋਂ ਬਾਅਦ ਜੌਨ ਸੋਚਣ ਲੱਗ ਪਿਆ ਕਿ ਸ਼ਾਇਦ ਰੱਬ ਹੋਵੇ। ਫਿਰ ਭਰਾ ਨੇ ਉਸ ਨੂੰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ਾ 20 ʼਤੇ ਪੈਰਾ 8 ਦਿਖਾਇਆ ਅਤੇ ਸਫ਼ੇ 23-24 ʼਤੇ ਪੈਰੇ 13-16 ਦਿਖਾਏ। ਇਸ ਕਿਤਾਬ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਨੂੰ ਪੜ੍ਹ ਕੇ ਜੌਨ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਿਹਾ: “ਸ਼ਾਇਦ ਮੈਨੂੰ ਦੁਬਾਰਾ ਬਾਈਬਲ ਪੜ੍ਹਨ ਦੀ ਲੋੜ ਹੈ।”
◼ ਮੈਕਸੀਕੋ: ਇਕ ਆਦਮੀ ਨੇ ਇਕ ਭਰਾ ਨੂੰ ਦੱਸਿਆ ਕਿ ਉਹ ਬਾਈਬਲ ਨੂੰ ਰੱਬ ਦਾ ਬਚਨ ਨਹੀਂ ਮੰਨਦਾ। ਭਰਾ ਨੇ ਉਸ ਨੂੰ ਕਿਹਾ ਕਿ ਉਹ ਸਾਬਤ ਕਰ ਸਕਦਾ ਹੈ ਕਿ ਬਾਈਬਲ ਰੱਬ ਵੱਲੋਂ ਹੈ। ਕੁਝ ਮੁਲਾਕਾਤਾਂ ਤੋਂ ਬਾਅਦ ਉਸ ਆਦਮੀ ਦੇ ਦਿਲ ʼਤੇ ਉਨ੍ਹਾਂ ਗੱਲਾਂ ਦਾ ਅਸਰ ਹੋਣ ਲੱਗਾ ਜੋ ਉਹ ਬਾਈਬਲ ਵਿੱਚੋਂ ਸਿੱਖ ਰਿਹਾ ਸੀ। ਉਹ ਖ਼ਾਸ ਕਰਕੇ ਬਾਈਬਲ ਦੇ ਅਸੂਲਾਂ ਬਾਰੇ ਸਿੱਖ ਕੇ ਪ੍ਰਭਾਵਿਤ ਹੋਇਆ। ਉਸ ਨੇ ਭਰਾ ਨੂੰ ਕਿਹਾ: “ਜਦੋਂ ਆਪਾਂ ਪਹਿਲਾਂ-ਪਹਿਲਾਂ ਇਕੱਠੇ ਬੈਠ ਕੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਤਾਂ ਮੈਨੂੰ ਲੱਗਦਾ ਸੀ ਕਿ ਇਸ ਦੀ ਸਲਾਹ ਬਾਕੀ ਕਿਤਾਬਾਂ ਵਰਗੀ ਹੈ ਤੇ ਇਸ ਦਾ ਮੇਰੇ ʼਤੇ ਕੋਈ ਅਸਰ ਨਹੀਂ ਪਿਆ। ਪਰ ਜਦੋਂ ਹੁਣ ਮੈਂ ਬਾਈਬਲ ਪੜ੍ਹਦਾ ਹਾਂ, ਖ਼ਾਸ ਕਰਕੇ ਚਾਲ-ਚਲਣ ਬਾਰੇ ਦਿੱਤੀ ਸਲਾਹ, ਤਾਂ ਮੇਰੇ ਜ਼ਮੀਰ ʼਤੇ ਇਨ੍ਹਾਂ ਗੱਲਾਂ ਦਾ ਅਸਰ ਪੈਂਦਾ ਹੈ।”
◼ ਅਮਰੀਕਾ: ਇਕ ਜੋੜਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲੈ ਕੇ ਕਿਸੇ ਪਬਲਿਕ ਥਾਂ ʼਤੇ ਪ੍ਰਚਾਰ ਕਰ ਰਿਹਾ ਸੀ। ਉੱਥੇ ਉਨ੍ਹਾਂ ਨੂੰ ਤਾਈਵਾਨ ਦੀ ਇਕ ਔਰਤ ਮਿਲੀ। ਉਹ ਰੱਬ ʼਤੇ ਵਿਸ਼ਵਾਸ ਕਰਦੀ ਸੀ, ਪਰ ਸੋਚਦੀ ਸੀ ਕਿ ਬਾਈਬਲ ਪੱਛਮੀ ਦੇਸ਼ਾਂ ਦੇ ਲੋਕਾਂ ਲਈ ਹੈ। ਅਮੀਰ ਹੋਣ ਦੇ ਬਾਵਜੂਦ ਵੀ ਉਹ ਜ਼ਿੰਦਗੀ ਵਿਚ ਖ਼ੁਸ਼ ਨਹੀਂ ਸੀ। ਉਹ ਰੇੜ੍ਹੀ ʼਤੇ ਰੱਖੇ ਪ੍ਰਕਾਸ਼ਨ ਦੇਖਣ ਲੱਗ ਪਈ ਕਿਉਂਕਿ ਉਸ ਨੇ ਸੋਚਿਆ ਕਿ ਸ਼ਾਇਦ ਬਾਈਬਲ ਤੋਂ ਉਸ ਨੂੰ ਜ਼ਿੰਦਗੀ ਦੇ ਮਕਸਦ ਬਾਰੇ ਪਤਾ ਲੱਗੇ। ਉਸ ਜੋੜੇ ਨੇ ਉਸ ਨਾਲ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੇ ਇਕ ਬਰੋਸ਼ਰ ਤੋਂ ਸਟੱਡੀ ਸ਼ੁਰੂ ਕੀਤੀ। ਕੁਝ ਪੈਰਿਆਂ ਦੀ ਸਟੱਡੀ ਕਰਨ ਤੋਂ ਬਾਅਦ ਇਹ ਤੀਵੀਂ ਹੈਰਾਨ ਹੋਈ ਕਿ ਬਾਈਬਲ ਹੋਰ ਧਾਰਮਿਕ ਕਿਤਾਬਾਂ ਨਾਲੋਂ ਕਿੰਨੀ ਅਲੱਗ ਹੈ। ਬਾਈਬਲ ਦੀਆਂ ਪੂਰੀਆਂ ਹੋ ਚੁੱਕੀਆਂ ਭਵਿੱਖਬਾਣੀਆਂ ਦੀ ਚਰਚਾ ਕਰਨ ਤੋਂ ਬਾਅਦ ਉਸ ਨੇ ਕਿਹਾ: “ਇਹ ਕਿਤਾਬ ਸੋਲਾਂ ਆਨੇ ਸੱਚ ਹੈ। ਇਸ ਵਰਗੀ ਹੋਰ ਕੋਈ ਕਿਤਾਬ ਨਹੀਂ ਹੈ!”
◼ ਜਪਾਨ: ਭਾਵੇਂ ਕਿ ਇਕ ਆਦਮੀ ਨੇ ਭਰਾ ਨੂੰ ਦੱਸਿਆ ਕਿ ਉਹ ਰੱਬ ਨੂੰ ਨਹੀਂ ਮੰਨਦਾ, ਫਿਰ ਵੀ ਭਰਾ ਉਸ ਨੂੰ ਮਿਲਣ ਜਾਂਦਾ ਰਿਹਾ। ਉਹ ਉਸ ਨਾਲ ਜਾਗਰੂਕ ਬਣੋ! ਦੇ ਲੇਖਾਂ “ਇਹ ਕਿਸ ਦਾ ਕਮਾਲ ਹੈ?” ਤੋਂ ਗੱਲਬਾਤ ਕਰਦਾ ਸੀ। ਹੌਲੀ-ਹੌਲੀ ਆਦਮੀ ਦਾ ਨਜ਼ਰੀਆ ਬਦਲ ਗਿਆ ਤੇ ਉਸ ਨੇ ਕਿਹਾ ਕਿ ਸ਼ਾਇਦ ਕੋਈ ਸਿਰਜਣਹਾਰ ਹੈ। ਹੁਣ ਉਹ ਮੰਨਦਾ ਹੈ ਕਿ ਰੱਬ ਹੈ ਤੇ ਭਰਾ ਉਸ ਨਾਲ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਤੋਂ ਸਟੱਡੀ ਕਰਦਾ ਹੈ!
◼ ਕੈਨੇਡਾ: ਇਕ ਤੀਵੀਂ ਆਪਣੇ ਘਰ ਤੋਂ ਜਾ ਰਹੀ ਸੀ, ਤਾਂ ਇਕ ਭੈਣ ਨੇ ਉਸ ਨੂੰ ਰਸਾਲੇ ਦਾ ਨਵਾਂ ਅੰਕ ਦਿੱਤਾ। ਜਦੋਂ ਭੈਣ ਉਸ ਨੂੰ ਬਾਅਦ ਵਿਚ ਮਿਲਣ ਗਈ, ਤਾਂ ਤੀਵੀਂ ਨੇ ਦੱਸਿਆ ਕਿ ਉਸ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਹੈ ਤੇ ਉਹ ਰੱਬ ਨੂੰ ਨਹੀਂ ਮੰਨਦੀ। ਪਰ ਭੈਣ ਨੇ ਹਾਰ ਨਹੀਂ ਮੰਨੀ। ਉਹ ਇਕ ਬਰੋਸ਼ਰ ਲੈ ਕੇ ਉਸ ਕੋਲ ਗਈ। ਉਸ ਨੇ ਤੀਵੀਂ ਨੂੰ ਕਿਹਾ, ‘ਮੈਂ ਜਾਣਦੀ ਹਾਂ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ, ਫਿਰ ਵੀ ਮੈਂ ਤੁਹਾਡੇ ਬਾਰੇ ਸੋਚ ਰਹੀ ਸੀ ਕਿਉਂਕਿ ਮੈਨੂੰ ਪਤਾ ਕਿ ਤੁਸੀਂ ਇਕੱਲੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੇ ਹੋ।’ ਉਸ ਨੇ ਬਰੋਸ਼ਰ ਵਿੱਚੋਂ ਦਿਖਾਇਆ ਕਿ ਪਰਿਵਾਰਾਂ ਨੂੰ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ। ਤੀਵੀਂ ਨੇ ਖ਼ੁਸ਼ੀ-ਖ਼ੁਸ਼ੀ ਬਰੋਸ਼ਰ ਲੈ ਲਿਆ।