ਸਾਡੀ ਮਸੀਹੀ ਜ਼ਿੰਦਗੀ
ਝੂਠੀਆਂ ਖ਼ਬਰਾਂ ਫੈਲਾਉਣ ਤੋਂ ਬਚੋ
ਅੱਜ ਲੱਖਾਂ-ਕਰੋੜਾਂ ਲੋਕਾਂ ਨੂੰ ਕਿਤਾਬਾਂ, ਰਸਾਲਿਆਂ ਤੇ ਅਖ਼ਬਾਰਾਂ, ਰੇਡੀਓ, ਟੈਲੀਵਿਯਨ ਅਤੇ ਇੰਟਰਨੈੱਟ ਰਾਹੀਂ ਝੱਟ ਜਾਣਕਾਰੀ ਭੇਜੀ ਜਾ ਸਕਦੀ ਹੈ। “ਸਚਿਆਈ ਦੇ ਪਰਮੇਸ਼ੁਰ” ਦੀ ਭਗਤੀ ਕਰਨ ਵਾਲਿਆਂ ਨੂੰ ਝੂਠੀਆਂ ਖ਼ਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ, ਇੱਥੋਂ ਤਕ ਕਿ ਅਣਜਾਣੇ ਵਿਚ ਵੀ ਨਹੀਂ। (ਜ਼ਬੂ 31:5; ਕੂਚ 23:1) ਝੂਠੀਆਂ ਖ਼ਬਰਾਂ ਫੈਲਾਉਣ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਜਦੋਂ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਕੋਈ ਗੱਲ ਸੱਚ ਹੈ ਜਾਂ ਨਹੀਂ, ਤਾਂ ਖ਼ੁਦ ਨੂੰ ਪੁੱਛੋ:
‘ਕੀ ਇਹ ਗੱਲ ਕਿਸੇ ਭਰੋਸੇਯੋਗ ਵਿਅਕਤੀ ਨੇ ਕਹੀ ਹੈ?’ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਸ਼ਾਇਦ ਸਾਰੀ ਗੱਲ ਨਾ ਪਤਾ ਹੋਵੇ। ਜਦੋਂ ਲੋਕ ਦੂਜਿਆਂ ਨੂੰ ਜਾਣਕਾਰੀ ਦਿੰਦੇ ਹਨ, ਤਾਂ ਅਕਸਰ ਇਹ ਜਾਣਕਾਰੀ ਬਦਲਦੀ ਰਹਿੰਦੀ ਹੈ। ਸੋ ਜੇ ਤੁਹਾਨੂੰ ਨਹੀਂ ਪਤਾ ਕਿ ਇਹ ਜਾਣਕਾਰੀ ਦੇਣੀ ਕਿਸ ਨੇ ਸ਼ੁਰੂ ਕੀਤੀ ਹੈ, ਤਾਂ ਅੱਖਾਂ ਬੰਦ ਕਰ ਕੇ ਇਸ ʼਤੇ ਯਕੀਨ ਨਾ ਕਰੋ। ਮੰਡਲੀ ਵਿਚ ਜਿਨ੍ਹਾਂ ਭਰਾਵਾਂ ਕੋਲ ਜ਼ਿੰਮੇਵਾਰੀਆਂ ਹਨ, ਉਨ੍ਹਾਂ ਦੀਆਂ ਗੱਲਾਂ ਨੂੰ ਭਰੋਸੇਯੋਗ ਮੰਨਿਆ ਜਾਂਦਾ ਹੈ। ਇਸ ਲਈ ਖ਼ਾਸ ਤੌਰ ਤੇ ਉਨ੍ਹਾਂ ਨੂੰ ਬੇਬੁਨਿਆਦੀ ਗੱਲਾਂ ਦੂਜਿਆਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ।
‘ਕੀ ਇਹ ਗੱਲ ਕਿਸੇ ਦਾ ਨਾਂ ਬਦਨਾਮ ਕਰੇਗੀ?’ ਜੇ ਇਹ ਕਿਸੇ ਵਿਅਕਤੀ ਜਾਂ ਸਮੂਹ ਦਾ ਚੰਗਾ ਨਾਂ ਬਦਨਾਮ ਕਰੇਗੀ, ਤਾਂ ਬਿਹਤਰ ਹੈ ਕਿ ਅਸੀਂ ਇਸ ਗੱਲ ਦਾ ਢੰਡੋਰਾ ਨਾ ਪਿੱਟੀਏ।—ਕਹਾ 18:8; ਫ਼ਿਲਿ 4:8
‘ਕੀ ਇਸ ਗੱਲ ʼਤੇ ਯਕੀਨ ਕੀਤਾ ਜਾ ਸਕਦਾ ਹੈ?’ ਜਦੋਂ ਤੁਸੀਂ ਸਨਸਨੀਖੇਜ਼ ਖ਼ਬਰਾਂ ਸੁਣਦੇ ਹੋ, ਤਾਂ ਖ਼ਬਰਦਾਰ ਰਹੋ।
ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਹਾਉਤਾਂ 12:18 ਮੁਤਾਬਕ ਸਾਡੀਆਂ ਗੱਲਾਂ ਕਾਰਨ ਕੀ ਨੁਕਸਾਨ ਹੋ ਸਕਦਾ ਹੈ?
ਦੂਸਰਿਆਂ ਬਾਰੇ ਗੱਲ ਕਰਦੇ ਸਮੇਂ ਫ਼ਿਲਿੱਪੀਆਂ 2:4 ਸਾਡੀ ਕਿਵੇਂ ਮਦਦ ਕਰੇਗਾ?
ਜਦੋਂ ਲੋਕ ਦੂਸਰਿਆਂ ਬਾਰੇ ਚੁਭਵੀਆਂ ਜਾਂ ਗ਼ਲਤ ਗੱਲਾਂ ਕਰਨੀਆਂ ਸ਼ੁਰੂ ਕਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਦੂਸਰਿਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?