ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਨਵੰਬਰ ਸਫ਼ੇ 8-11
  • ਆਪਣੇ ਦੇਸ਼ ਵਾਪਸ ਮੁੜਨ ਵਾਲਿਆਂ ਲਈ ਬੇਸ਼ੁਮਾਰ ਬਰਕਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਦੇਸ਼ ਵਾਪਸ ਮੁੜਨ ਵਾਲਿਆਂ ਲਈ ਬੇਸ਼ੁਮਾਰ ਬਰਕਤਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “‘ਮੱਛੀਆਂ’ ਫੜਨ ਲਈ ਸਹੀ ਜਗ੍ਹਾ”
  • ਪ੍ਰਚਾਰ ਕੰਮ ਵਿਚ ਖ਼ੁਸ਼ੀ
  • ਯਹੋਵਾਹ ਦਾ ਸਾਥ
  • ਲੋਕਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਿਆਂ ਦੇਖ ਕੇ ਸਾਨੂੰ ਖ਼ੁਸ਼ੀ ਮਿਲੀ
  • “ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ”
  • “ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਹੋਵਾਹ ਦੀ ਸੇਵਾ ਵਿਚ ਮਿਲੀਆਂ ਬੇਸ਼ੁਮਾਰ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪਿਗਮੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ
    ਜਾਗਰੂਕ ਬਣੋ!—2004
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਨਵੰਬਰ ਸਫ਼ੇ 8-11
ਓਨੇਸੀਮ ਅਤੇ ਜੈਰਲਡੀਨ ਦੁਕਾਨਦਾਰ ਨੂੰ ਪ੍ਰਚਾਰ ਕਰਦੇ ਹੋਏ।

ਓਨੇਸੀਮ ਅਤੇ ਜੈਰਲਡੀਨ

ਆਪਣੇ ਦੇਸ਼ ਵਾਪਸ ਮੁੜਨ ਵਾਲਿਆਂ ਲਈ ਬੇਸ਼ੁਮਾਰ ਬਰਕਤਾਂ

ਜਿਹੜੇ ਭੈਣ-ਭਰਾ ਗ਼ਰੀਬ ਦੇਸ਼ਾਂ ਤੋਂ ਅਮੀਰ ਦੇਸ਼ਾਂ ਨੂੰ ਗਏ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਦੇਸ਼ਾਂ ਨੂੰ ਮੁੜ ਆਏ ਹਨ। ਉਹ ਯਹੋਵਾਹ ਅਤੇ ਗੁਆਂਢੀਆਂ ਨੂੰ ਪਿਆਰ ਕਰਦੇ ਹਨ ਜਿਸ ਕਰਕੇ ਉਹ ਉੱਥੇ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। (ਮੱਤੀ 22:37-39) ਉਨ੍ਹਾਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ? ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ? ਇਹ ਜਾਣਨ ਲਈ ਆਓ ਆਪਾਂ ਪੱਛਮੀ ਅਫ਼ਰੀਕਾ ਦੇ ਕੈਮਰੂਨ ਦੇਸ਼ ʼਤੇ ਗੌਰ ਕਰੀਏ।

“‘ਮੱਛੀਆਂ’ ਫੜਨ ਲਈ ਸਹੀ ਜਗ੍ਹਾ”

1998 ਵਿਚ ਓਨੇਸੀਮ ਨਾਂ ਦਾ ਭਰਾ ਆਪਣੇ ਦੇਸ਼ ਕੈਮਰੂਨ ਤੋਂ ਕਿਸੇ ਹੋਰ ਦੇਸ਼ ਚਲਾ ਗਿਆ। ਉਹ 14 ਸਾਲ ਉਸ ਦੇਸ਼ ਵਿਚ ਰਿਹਾ। ਇਕ ਦਿਨ ਸਭਾ ਵਿਚ ਉਸ ਨੇ ਪ੍ਰਚਾਰ ਕੰਮ ਬਾਰੇ ਇਕ ਮਿਸਾਲ ਸੁਣੀ। ਭਾਸ਼ਣਕਾਰ ਨੇ ਕਿਹਾ: “ਜੇ ਦੋ ਦੋਸਤ ਅਲੱਗ-ਅਲੱਗ ਜਗ੍ਹਾ ʼਤੇ ਮੱਛੀਆਂ ਫੜ ਰਹੇ ਹਨ ਅਤੇ ਇਕ ਦੋਸਤ ਦੂਜੇ ਤੋਂ ਜ਼ਿਆਦਾ ਮੱਛੀਆਂ ਫੜ ਰਿਹਾ ਹੈ, ਤਾਂ ਕੀ ਦੂਜੇ ਦੋਸਤ ਨੂੰ ਪਹਿਲੇ ਦੇ ਲਾਗੇ ਨਹੀਂ ਆ ਜਾਣਾ ਚਾਹੀਦਾ ਜਿੱਥੇ ਜ਼ਿਆਦਾ ਮੱਛੀਆਂ ਫੜੀਆਂ ਜਾ ਰਹੀਆਂ ਹਨ?”

ਇਹ ਮਿਸਾਲ ਸੁਣ ਕੇ ਓਨੇਸੀਮ ਨੇ ਸੋਚਿਆ ਕਿ ਉਸ ਨੂੰ ਵਾਪਸ ਕੈਮਰੂਨ ਜਾ ਕੇ ਉੱਥੋਂ ਦੇ ਭੈਣਾਂ-ਭਰਾਵਾਂ ਦੀ ਪ੍ਰਚਾਰ ਕੰਮ ਵਿਚ ਮਦਦ ਕਰਨੀ ਚਾਹੀਦੀ ਹੈ। ਪਰ ਉਸ ਨੂੰ ਕਈ ਗੱਲਾਂ ਦੀ ਚਿੰਤਾ ਸੀ। ਇੰਨੇ ਸਾਲ ਵਿਦੇਸ਼ ਵਿਚ ਰਹਿਣ ਤੋਂ ਬਾਅਦ ਕੀ ਉਹ ਵਾਪਸ ਜਾ ਕੇ ਆਪਣੇ ਦੇਸ਼ ਰਹਿ ਸਕੇਗਾ? ਇਹ ਦੇਖਣ ਲਈ ਉਸ ਨੇ ਛੇ ਮਹੀਨੇ ਕੈਮਰੂਨ ਵਿਚ ਬਿਤਾਏ। ਫਿਰ 2012 ਵਿਚ ਉਹ ਪੱਕੇ ਤੌਰ ਤੇ ਕੈਮਰੂਨ ਚਲਾ ਗਿਆ।

ਓਨੇਸੀਮ ਕਹਿੰਦਾ ਹੈ: “ਮੈਨੂੰ ਉੱਥੇ ਦੇ ਗਰਮ ਮੌਸਮ ਅਤੇ ਹਾਲਾਤਾਂ ਮੁਤਾਬਕ ਢਲ਼ਣਾ ਪਿਆ। ਕਿੰਗਡਮ ਹਾਲ ਵਿਚ ਮੈਨੂੰ ਫਿਰ ਤੋਂ ਲੱਕੜ ਦੇ ਬੈਂਚਾਂ ʼਤੇ ਬੈਠਣਾ ਪਿਆ। ਪਰ ਪ੍ਰੋਗ੍ਰਾਮ ʼਤੇ ਧਿਆਨ ਲਾਉਣ ਕਰਕੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਂ ਲੱਕੜ ਦੇ ਬੈਂਚ ʼਤੇ ਬੈਠਾ ਹਾਂ।”

2013 ਵਿਚ ਓਨੇਸੀਮ ਦਾ ਵਿਆਹ ਜੈਰਲਡੀਨ ਨਾਲ ਹੋ ਗਿਆ ਜੋ ਨੌਂ ਸਾਲ ਫਰਾਂਸ ਵਿਚ ਰਹਿਣ ਤੋਂ ਬਾਅਦ ਵਾਪਸ ਕੈਮਰੂਨ ਆ ਗਈ ਸੀ। ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਕਰਕੇ ਇਸ ਜੋੜੇ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਓਨੇਸੀਮ ਕਹਿੰਦਾ ਹੈ: “ਅਸੀਂ ਦੋਵੇਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਗਏ ਅਤੇ ਇਸ ਦੌਰਾਨ ਅਸੀਂ ਬੈਥਲ ਵਿਚ ਵੀ ਥੋੜ੍ਹਾ-ਬਹੁਤਾ ਕੰਮ ਕੀਤਾ। ਪਿਛਲੇ ਸਾਲ ਸਾਡੀ ਮੰਡਲੀ ਵਿਚ 20 ਬਾਈਬਲ ਵਿਦਿਆਰਥੀਆਂ ਨੇ ਬਪਤਿਸਮਾ ਲਿਆ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ‘ਮੱਛੀਆਂ’ ਫੜਨ ਲਈ ਸਹੀ ਜਗ੍ਹਾ ʼਤੇ ਹਾਂ।” (ਮਰ. 1:17, 18) ਜੈਰਲਡੀਨ ਕਹਿੰਦੀ ਹੈ: “ਮੈਨੂੰ ਇੰਨੀਆਂ ਬਰਕਤਾਂ ਮਿਲੀਆਂ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।”

ਪ੍ਰਚਾਰ ਕੰਮ ਵਿਚ ਖ਼ੁਸ਼ੀ

ਜੂਡਿਥ ਅਤੇ ਸੈਮ ਕਾਸਟਲ ਆਦਮੀ ਨੂੰ ਬੀਚ ’ਤੇ ਪ੍ਰਚਾਰ ਕਰਦੇ ਹੋਏ।

ਜੂਡਿਥ ਅਤੇ ਸੈਮ ਕਾਸਟਲ

ਜੂਡਿਥ ਅਮਰੀਕਾ ਚਲੀ ਗਈ ਸੀ, ਪਰ ਉਹ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੁੰਦੀ ਸੀ। ਉਹ ਦੱਸਦੀ ਹੈ: “ਜਦੋਂ ਵੀ ਮੈਂ ਛੁੱਟੀਆਂ ਮਨਾ ਕੇ ਕੈਮਰੂਨ ਤੋਂ ਵਾਪਸ ਆਉਂਦੀ ਸੀ, ਤਾਂ ਮੈਂ ਰੋਂਦੀ ਹੁੰਦੀ ਸੀ ਕਿਉਂਕਿ ਮੈਨੂੰ ਉੱਥੇ ਸ਼ੁਰੂ ਕੀਤੀਆਂ ਸਟੱਡੀਆਂ ਛੱਡਣੀਆਂ ਪੈਂਦੀਆਂ ਸਨ।” ਪਰ ਜੂਡਿਥ ਕੈਮਰੂਨ ਵਿਚ ਪੱਕੇ ਤੌਰ ਤੇ ਰਹਿਣ ਤੋਂ ਝਿਜਕਦੀ ਸੀ। ਉਹ ਕਾਫ਼ੀ ਵਧੀਆ ਨੌਕਰੀ ਕਰਦੀ ਸੀ ਜਿਸ ਕਰਕੇ ਉਹ ਕੈਮਰੂਨ ਵਿਚ ਰਹਿੰਦੇ ਆਪਣੇ ਬੀਮਾਰ ਪਿਤਾ ਦਾ ਇਲਾਜ ਕਰਵਾ ਸਕਦੀ ਸੀ। ਪਰ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਹ ਪੱਕੇ ਤੌਰ ਤੇ ਕੈਮਰੂਨ ਚਲੀ ਗਈ। ਉਹ ਮੰਨਦੀ ਹੈ ਕਿ ਉਸ ਕੋਲ ਹੁਣ ਅਮਰੀਕਾ ਵਰਗੀਆਂ ਸੁੱਖ-ਸਹੂਲਤਾਂ ਨਹੀਂ ਹਨ। ਉਸ ਨੇ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਇਕ ਸਰਕਟ ਓਵਰਸੀਅਰ ਅਤੇ ਉਸ ਦੀ ਪਤਨੀ ਰਾਹੀਂ ਹੌਸਲਾ ਦੇ ਕੇ ਉਸ ਦੀ ਮਦਦ ਕੀਤੀ।

ਜੂਡਿਥ ਕਹਿੰਦੀ ਹੈ: “ਸਿਰਫ਼ ਤਿੰਨ ਸਾਲਾਂ ਅੰਦਰ ਮੈਂ ਚਾਰ ਜਣਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕੀ। ਜੂਡਿਥ ਨੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਉਹ ਆਪਣੇ ਪਤੀ ਸੈਮ ਕਾਸਟਲ ਨਾਲ ਸਰਕਟ ਕੰਮ ਕਰਦੀ ਹੈ, ਪਰ ਜੂਡਿਥ ਦੇ ਪਿਤਾ ਨਾਲ ਕੀ ਹੋਇਆ? ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਾਹਰਲੇ ਦੇਸ਼ ਵਿਚ ਇਕ ਹਸਪਤਾਲ ਲੱਭਿਆ ਜੋ ਮੁਫ਼ਤ ਵਿਚ ਉਸ ਦੇ ਪਿਤਾ ਦਾ ਓਪਰੇਸ਼ਨ ਕਰਨ ਲਈ ਤਿਆਰ ਸੀ। ਖ਼ੁਸ਼ੀ ਦੀ ਗੱਲ ਹੈ ਕਿ ਓਪਰੇਸ਼ਨ ਕਾਮਯਾਬ ਰਿਹਾ।

ਯਹੋਵਾਹ ਦਾ ਸਾਥ

ਵਿਕਟਰ ਅਤੇ ਕੈਰੋਲੀਨ ਪਾਰਕ ਵਿਚ ਇਕ ਆਦਮੀ ਨੂੰ ਪ੍ਰਚਾਰ ਕਰਦੇ ਹੋਏ।

ਕੈਰੋਲੀਨ ਅਤੇ ਵਿਕਟਰ

ਵਿਕਟਰ ਨਾਂ ਦਾ ਭਰਾ ਕੈਨੇਡਾ ਚਲਾ ਗਿਆ। ਪਹਿਰਾਬੁਰਜ ਵਿਚ ਉੱਚ-ਸਿੱਖਿਆ ਬਾਰੇ ਲੇਖ ਪੜ੍ਹਨ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ-ਲਿਖਾਈ ਬਾਰੇ ਸੋਚਿਆ। ਉਸ ਨੇ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਦੀ ਬਜਾਇ ਕੋਈ ਛੋਟਾ-ਮੋਟਾ ਕੋਰਸ ਕੀਤਾ। ਉਹ ਦੱਸਦਾ ਹੈ: “ਇਸ ਤਰ੍ਹਾਂ ਕਰਨ ਕਰਕੇ ਮੈਨੂੰ ਛੇਤੀ ਕੰਮ ਮਿਲ ਗਿਆ ਅਤੇ ਮੈਂ ਪਾਇਨੀਅਰਿੰਗ ਕਰਨ ਲੱਗ ਪਿਆ ਜੋ ਮੈਂ ਕਰਨੀ ਚਾਹੁੰਦਾ ਸੀ।” ਬਾਅਦ ਵਿਚ ਵਿਕਟਰ ਦਾ ਕੈਰੋਲੀਨ ਨਾਲ ਵਿਆਹ ਹੋ ਗਿਆ ਅਤੇ ਉਹ ਦੋਵੇਂ ਕੈਮਰੂਨ ਘੁੰਮਣ ਗਏ। ਕੈਮਰੂਨ ਦੇ ਸ਼ਾਖ਼ਾ ਦਫ਼ਤਰ ਵਿਚ ਕੁਝ ਭਰਾਵਾਂ ਨੇ ਉਨ੍ਹਾਂ ਨੂੰ ਕੈਮਰੂਨ ਵਿਚ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਵਿਕਟਰ ਕਹਿੰਦਾ ਹੈ: “ਸਾਡੇ ਕੋਲ ਮਨ੍ਹਾ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਸਾਦੀ ਜ਼ਿੰਦਗੀ ਜੀ ਰਹੇ ਸੀ। ਇਸ ਕਰਕੇ ਅਸੀਂ ਇਸ ਸੱਦੇ ਨੂੰ ਸਵੀਕਾਰ ਕਰ ਲਿਆ।” ਭਾਵੇਂ ਕਿ ਕੈਰੋਲੀਨ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ, ਪਰ ਫਿਰ ਵੀ ਉਨ੍ਹਾਂ ਨੇ ਕੈਮਰੂਨ ਜਾਣ ਦਾ ਫ਼ੈਸਲਾ ਕੀਤਾ।

ਵਿਕਟਰ ਅਤੇ ਕੈਰੋਲੀਨ ਨੇ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਰਨ ਲਈ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਤਕ ਉਹ ਉਨ੍ਹਾਂ ਪੈਸਿਆਂ ਨਾਲ ਗੁਜ਼ਾਰਾ ਕਰਦੇ ਰਹੇ ਜੋ ਉਨ੍ਹਾਂ ਨੇ ਜੋੜੇ ਹੋਏ ਸਨ। ਇਸ ਤੋਂ ਬਾਅਦ ਉਹ ਕੁਝ ਮਹੀਨਿਆਂ ਲਈ ਕੈਨੇਡਾ ਕੰਮ ਕਰਨ ਚਲੇ ਗਏ ਜਿਸ ਕਰਕੇ ਉਹ ਵਾਪਸ ਕੈਮਰੂਨ ਆ ਕੇ ਪਾਇਨੀਅਰਿੰਗ ਕਰਦੇ ਰਹਿ ਸਕੇ। ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਉਹ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਗਏ, ਉਨ੍ਹਾਂ ਨੇ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕੀਤੀ ਅਤੇ ਅੱਜ ਉਹ ਉਸਾਰੀ ਦੇ ਕੰਮ ਵਿਚ ਹੱਥ ਵਟਾ ਰਹੇ ਹਨ। ਵਿਕਟਰ ਦੱਸਦਾ ਹੈ: “ਅਸੀਂ ਯਹੋਵਾਹ ʼਤੇ ਭਰੋਸਾ ਰੱਖਦਿਆਂ ਸੁੱਖ-ਸਹੂਲਤਾਂ ਛੱਡ ਦਿੱਤੀਆਂ ਅਤੇ ਉਸ ਨੇ ਸਾਡੀ ਦੇਖ-ਭਾਲ ਕੀਤੀ।”

ਲੋਕਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਿਆਂ ਦੇਖ ਕੇ ਸਾਨੂੰ ਖ਼ੁਸ਼ੀ ਮਿਲੀ

ਸਟੈਫ਼ਨੀ ਅਤੇ ਅਲੇਨ ਰੇੜ੍ਹੀ ਕੋਲ ਖੜ੍ਹ ਕੇ ਇਕ ਔਰਤ ਨੂੰ ਪ੍ਰਚਾਰ ਕਰਦੇ ਹੋਏ।

ਸਟੈਫ਼ਨੀ ਅਤੇ ਐਲੇਨ

2002 ਵਿਚ ਜਰਮਨੀ ਦੀ ਯੂਨੀਵਰਸਿਟੀ ਵਿਚ ਅਲੇਨ ਨਾਂ ਦੇ ਵਿਦਿਆਰਥੀ ਨੇ ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? ਨਾਂ ਦਾ ਪਰਚਾ ਪੜ੍ਹਿਆ। ਇਸ ਜਾਣਕਾਰੀ ਕਰਕੇ ਉਹ ਆਪਣੀ ਜ਼ਿੰਦਗੀ ਵਿਚ ਨਵੇਂ ਟੀਚੇ ਰੱਖ ਸਕਿਆ। 2006 ਵਿਚ ਉਹ ਰਾਜ ਸੇਵਕਾਈ ਸਕੂਲ ਵਿਚ ਹਾਜ਼ਰ ਹੋਇਆ ਅਤੇ ਉਸ ਨੂੰ ਆਪਣੇ ਦੇਸ਼ ਕੈਮਰੂਨ ਭੇਜਿਆ ਗਿਆ।

ਕੈਮਰੂਨ ਵਿਚ ਅਲੇਨ ਨੂੰ ਥੋੜ੍ਹੇ ਸਮੇਂ ਦਾ ਕੰਮ ਮਿਲ ਗਿਆ। ਬਾਅਦ ਵਿਚ ਉਸ ਨੂੰ ਇਕ ਵਧੀਆ ਨੌਕਰੀ ਮਿਲੀ, ਪਰ ਉਸ ਨੂੰ ਡਰ ਸੀ ਕਿ ਇਸ ਨੌਕਰੀ ਕਰਕੇ ਉਹ ਜ਼ਿਆਦਾ ਪ੍ਰਚਾਰ ਨਹੀਂ ਕਰ ਸਕੇਗਾ। ਇਸ ਲਈ ਜਦੋਂ ਉਸ ਨੂੰ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ, ਤਾਂ ਉਸ ਨੇ ਝੱਟ ਇਸ ਨੂੰ ਸਵੀਕਾਰ ਕਰ ਲਿਆ। ਉਸ ਦੇ ਬੌਸ ਨੇ ਉਸ ਨੂੰ ਹੋਰ ਤਨਖ਼ਾਹ ਦੇਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ। ਬਾਅਦ ਵਿਚ ਅਲੇਨ ਦਾ ਸਟੈਫ਼ਨੀ ਨਾਲ ਵਿਆਹ ਹੋ ਗਿਆ ਜੋ ਸਾਲਾਂ ਤੋਂ ਫਰਾਂਸ ਵਿਚ ਰਹਿ ਰਹੀ ਸੀ। ਕੈਮਰੂਨ ਜਾਣ ਤੋਂ ਬਾਅਦ ਸਟੈਫ਼ਨੀ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?

ਸਟੈਫ਼ਨੀ ਦੱਸਦੀ ਹੈ: “ਮੈਨੂੰ ਅਲਰਜੀ ਅਤੇ ਕੁਝ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਹੋ ਗਈਆਂ। ਪਰ ਬਾਕਾਇਦਾ ਇਲਾਜ ਕਰਾਉਣ ਕਰਕੇ ਮੈਂ ਠੀਕ ਮਹਿਸੂਸ ਕੀਤਾ।” ਇਸ ਜੋੜੇ ਨੂੰ ਉਨ੍ਹਾਂ ਦੇ ਧੀਰਜ ਦਾ ਇਨਾਮ ਮਿਲਿਆ। ਅਲੇਨ ਦੱਸਦਾ ਹੈ: “ਜਦੋਂ ਅਸੀਂ ਕੇਟ ਨਾਂ ਦੇ ਦੂਰ-ਦੁਰਾਡੇ ਕਸਬੇ ਵਿਚ ਪ੍ਰਚਾਰ ਕਰਨ ਗਏ, ਤਾਂ ਸਾਨੂੰ ਬਹੁਤ ਸਾਰੇ ਇੱਦਾਂ ਦੇ ਲੋਕ ਮਿਲੇ ਜੋ ਬਾਈਬਲ ਬਾਰੇ ਜਾਣਨਾ ਚਾਹੁੰਦੇ ਸਨ। ਬਾਅਦ ਵਿਚ ਅਸੀਂ ਉਨ੍ਹਾਂ ਨੂੰ ਫ਼ੋਨ ʼਤੇ ਬਾਈਬਲ ਸਟੱਡੀਆਂ ਕਰਵਾ ਸਕੇ। ਉਨ੍ਹਾਂ ਵਿੱਚੋਂ ਦੋ ਜਣਿਆਂ ਨੇ ਬਪਤਿਸਮਾ ਲੈ ਲਿਆ ਤੇ ਬਾਅਦ ਵਿਚ ਉੱਥੇ ਪ੍ਰਚਾਰਕਾਂ ਦਾ ਇਕ ਗਰੁੱਪ ਬਣ ਗਿਆ। ਸਟੈਫ਼ਨੀ ਕਹਿੰਦੀ ਹੈ: “ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਿਚ ਲੋਕਾਂ ਦੀ ਮਦਦ ਕਰਨ ਨਾਲ ਜੋ ਖ਼ੁਸ਼ੀ ਮਿਲਦੀ ਹੈ, ਉਸ ਤੋਂ ਵੱਧ ਖ਼ੁਸ਼ੀ ਹੋਰ ਕਿਸੇ ਗੱਲ ਨਾਲ ਨਹੀਂ ਮਿਲਦੀ। ਇੱਥੇ ਸੇਵਾ ਕਰਦਿਆਂ ਅਸੀਂ ਇਸ ਖ਼ੁਸ਼ੀ ਦਾ ਵਾਰ-ਵਾਰ ਆਨੰਦ ਮਾਣਿਆ।” ਅੱਜ ਅਲੇਨ ਅਤੇ ਸਟੈਫ਼ਨੀ ਸਰਕਟ ਕੰਮ ਕਰ ਰਹੇ ਹਨ।

ਆਪਣੇ ਦੇਸ਼ ਵਿਚ ਸੇਵਾ ਕਰਨ ਦੇ ਫ਼ਾਇਦੇ

“ਅਸੀਂ ਪਹਿਲਾਂ ਹੀ ਲੋਕਾਂ ਦੇ ਸਭਿਆਚਾਰ ਅਤੇ ਸੋਚ ਬਾਰੇ ਜਾਣਦੇ ਸੀ। ਲੋਕ ਸਾਡੇ ʼਤੇ ਪਰਦੇਸੀਆਂ ਨਾਲੋਂ ਘੱਟ ਸ਼ੱਕ ਕਰਦੇ ਸਨ ਅਤੇ ਅਸੀਂ ਆਸਾਨੀ ਨਾਲ ਦੂਜਿਆਂ ਨਾਲ ਗੱਲਬਾਤ ਕਰ ਸਕਦੇ ਸੀ।”—ਅਲੇਨ

“ਅਸੀਂ ਜਿੱਥੇ ਮਰਜ਼ੀ ਜਾ ਸਕਦੇ ਸੀ, ਉਨ੍ਹਾਂ ਥਾਵਾਂ ʼਤੇ ਵੀ ਜਿੱਥੇ ਪਰਦੇਸੀਆਂ ਲਈ ਜਾਣਾ ਮੁਸ਼ਕਲ ਸੀ।”—ਸਟੈਫ਼ਨੀ

“ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ”

ਲੀਓਂਸ ਅਤੇ ਜਸੈੱਲ ਇਕ ਪੁਲ ’ਤੇ ਔਰਤ ਨੂੰ ਪ੍ਰਚਾਰ ਕਰਦੇ ਹੋਏ।

ਲੀਓਂਸ ਅਤੇ ਜਸੈੱਲ

ਜਸੈੱਲ ਨੇ ਉਦੋਂ ਬਪਤਿਸਮਾ ਲਿਆ ਜਦੋਂ ਉਹ ਇਟਲੀ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ। ਜਿਹੜੇ ਪਾਇਨੀਅਰ ਜੋੜੇ ਨੇ ਉਸ ਨੂੰ ਸਟੱਡੀ ਕਰਵਾਈ ਸੀ, ਉਨ੍ਹਾਂ ਦੀ ਸਾਦੀ ਜ਼ਿੰਦਗੀ ਦੇਖ ਕੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਅਤੇ ਉਹ ਵੀ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੀ ਸੀ। ਡਾਕਟਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਸੈੱਲ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਜਸੈੱਲ ਕੈਮਰੂਨ ਵਾਪਸ ਜਾ ਕੇ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੀ ਸੀ। ਪਰ ਉਸ ਨੂੰ ਕੁਝ ਗੱਲਾਂ ਦੀ ਚਿੰਤਾ ਸੀ। ਉਹ ਕਹਿੰਦੀ ਹੈ: “ਮੈਨੂੰ ਆਪਣੀ ਇਟਲੀ ਦੀ ਨਾਗਰਿਕਤਾ ਅਤੇ ਇਟਲੀ ਵਿਚ ਰਹਿੰਦੇ ਆਪਣੇ ਦੋਸਤ ਤੇ ਰਿਸ਼ਤੇਦਾਰ ਛੱਡਣੇ ਪੈਣੇ ਸਨ।” ਪਰ ਫਿਰ ਵੀ ਮਈ 2016 ਵਿਚ ਜਸੈੱਲ ਕੈਮਰੂਨ ਚਲੀ ਗਈ। ਕੁਝ ਸਮੇਂ ਬਾਅਦ ਉਸ ਦਾ ਵਿਆਹ ਲੀਓਂਸ ਨਾਲ ਹੋ ਗਿਆ ਅਤੇ ਕੈਮਰੂਨ ਦੇ ਸ਼ਾਖ਼ਾ ਦਫ਼ਤਰ ਨੇ ਉਨ੍ਹਾਂ ਨੂੰ ਏਓਸ ਨਾਂ ਦੇ ਕਸਬੇ ਵਿਚ ਜਾ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ।

ਏਓਸ ਵਿਚ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ? ਜਸੈੱਲ ਦੱਸਦੀ ਹੈ: “ਉੱਥੇ ਕਈ ਹਫ਼ਤੇ ਬਿਜਲੀ ਨਹੀਂ ਆਉਂਦੀ ਸੀ ਅਤੇ ਅਸੀਂ ਆਪਣੇ ਫ਼ੋਨ ਵੀ ਚਾਰਜ ਨਹੀਂ ਕਰ ਸਕਦੇ ਸੀ। ਇਸ ਕਰਕੇ ਅਸੀਂ ਫ਼ੋਨ ਵਰਤ ਨਹੀਂ ਸਕਦੇ ਸੀ। ਮੈਂ ਲੱਕੜਾਂ ਬਾਲ਼ ਕੇ ਖਾਣਾ ਬਣਾਉਣਾ ਸਿੱਖਿਆ ਅਤੇ ਅਸੀਂ ਰਾਤ ਨੂੰ ਪਾਣੀ ਭਰਨ ਜਾਂਦੇ ਸੀ ਕਿਉਂਕਿ ਉਦੋਂ ਭੀੜ ਘੱਟ ਹੁੰਦੀ ਸੀ।” ਇਸ ਜੋੜੇ ਨੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ? ਜਸੈੱਲ ਕਹਿੰਦੀ ਹੈ: “ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਮੇਰੇ ਪਤੀ ਦਾ ਸਾਥ ਹੋਣ ਦੇ ਨਾਲ-ਨਾਲ ਪਰਿਵਾਰ ਅਤੇ ਦੋਸਤਾਂ ਨੇ ਸਾਨੂੰ ਹੌਸਲਾ ਦਿੱਤਾ ਤੇ ਕਦੇ-ਕਦਾਈਂ ਪੈਸੇ-ਧੇਲੇ ਨਾਲ ਵੀ ਮਦਦ ਕੀਤੀ।”

ਕੀ ਜਸੈੱਲ ਵਾਪਸ ਆਪਣੇ ਦੇਸ਼ ਆ ਕੇ ਖ਼ੁਸ਼ ਹੈ? ਉਹ ਦੱਸਦੀ ਹੈ: “ਬਿਲਕੁਲ! ਪਹਿਲਾਂ-ਪਹਿਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਅਤੇ ਅਸੀਂ ਨਿਰਾਸ਼ ਹੋ ਜਾਂਦੇ ਸੀ। ਪਰ ਜਦੋਂ ਅਸੀਂ ਇਨ੍ਹਾਂ ਮੁਸ਼ਕਲਾਂ ਨਾਲ ਨਜਿੱਠਣਾ ਸਿੱਖਿਆ, ਤਾਂ ਸਾਨੂੰ ਦੋਵਾਂ ਨੂੰ ਲੱਗਾ ਕਿ ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ। ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਅਤੇ ਉਸ ਦੇ ਨੇੜੇ ਮਹਿਸੂਸ ਕਰਦੇ ਹਾਂ।” ਲੀਓਂਸ ਤੇ ਜਸੈੱਲ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਏ ਅਤੇ ਉਹ ਹੁਣ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ।

ਜਿਸ ਤਰ੍ਹਾਂ ਇਕ ਮਛੇਰਾ ਮੱਛੀਆਂ ਫੜਨ ਲਈ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਦਾ ਹੈ, ਉਸੇ ਤਰ੍ਹਾਂ ਇਹ ਭੈਣ-ਭਰਾ ਵੀ ਲੋਕਾਂ ਦੀ ਮਦਦ ਕਰਨ ਲਈ ਆਪਣੇ ਦੇਸ਼ ਵਾਪਸ ਜਾ ਕੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ। ਬਿਨਾਂ ਸ਼ੱਕ, ਯਹੋਵਾਹ ਇਨ੍ਹਾਂ ਮਿਹਨਤੀ ਭੈਣਾਂ-ਭਰਾਵਾਂ ਨੂੰ ਯਾਦ ਰੱਖੇਗਾ ਜੋ ਉਸ ਦੇ ਨਾਂ ਲਈ ਆਪਣਾ ਪਿਆਰ ਦਿਖਾਉਂਦੇ ਹਨ। (ਨਹ. 5:19; ਇਬ. 6:10) ਜੇ ਤੁਸੀਂ ਵਿਦੇਸ਼ ਵਿਚ ਰਹਿੰਦੇ ਹੋ ਅਤੇ ਤੁਹਾਡੇ ਆਪਣੇ ਦੇਸ਼ ਵਿਚ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਕੀ ਤੁਸੀਂ ਵਾਪਸ ਜਾ ਸਕਦੇ ਹੋ? ਜੇ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਤੁਹਾਨੂੰ ਬਹੁਤ ਬਰਕਤਾਂ ਦੇਵੇਗਾ।—ਕਹਾ. 10:22.

ਉਨ੍ਹਾਂ ਨੇ ਇਹ ਕਿਵੇਂ ਕੀਤਾ?

ਜੇ ਤੁਸੀਂ ਆਪਣੇ ਦੇਸ਼ ਵਾਪਸ ਜਾਣ ਬਾਰੇ ਸੋਚ ਰਹੇ ਹੋ, ਤਾਂ ਧਿਆਨ ਦਿਓ ਕਿ ਇਸ ਲੇਖ ਵਿਚ ਜ਼ਿਕਰ ਕੀਤੇ ਗਏ ਭੈਣਾਂ-ਭਰਾਵਾਂ ਦੀ ਕਿਨ੍ਹਾਂ ਗੱਲਾਂ ਨੇ ਮਦਦ ਕੀਤੀ।

  • ਤੁਸੀਂ ਕੀ ਉਮੀਦ ਰੱਖ ਸਕਦੇ ਹੋ?

    “ਆਪਣੇ ਪਰਿਵਾਰ ਅਤੇ ਦੋਸਤਾਂ ਵੱਲੋਂ ਦਬਾਅ ਦਾ ਸਾਮ੍ਹਣਾ ਕਰਨ ਅਤੇ ਹੌਸਲਾ ਢਾਹੁਣ ਵਾਲੀਆਂ ਗੱਲਾਂ ਸੁਣਨ ਲਈ ਤਿਆਰ ਰਹੋ। ਯਹੋਵਾਹ ਨੂੰ ਆਪਣਾ ਸਹਾਰਾ ਬਣਾਓ।”—ਅਲੇਨ

  • ਤੁਸੀਂ ਤਿਆਰੀ ਕਿਵੇਂ ਕਰ ਸਕਦੇ ਹੋ?

    “ਮੈਂ ਪਹਿਲਾਂ ਕਦੇ ਵੀ ਇੰਨੀ ਪ੍ਰਾਰਥਨਾ ਨਹੀਂ ਕੀਤੀ।”—ਜਸੈੱਲ

    “ਮੈਂ ਆਪਣਾ ਖ਼ਰਚਾ ਤੋਰਨ ਲਈ ਪਹਿਲਾਂ ਤੋਂ ਹੀ ਕੁਝ ਪੈਸੇ ਜੋੜ ਕੇ ਰੱਖੇ।”—ਜੈਰਲਡੀਨ

    “ਮੈਂ ਡਾਕਟਰ ਕੋਲ ਜਾ ਕੇ ਆਪਣਾ ਪੂਰਾ ਚੈੱਕਅਪ ਕਰਾਇਆ।”—ਸਟੈਫ਼ਨੀ

  • ਤੁਸੀਂ ਆਪਣਾ ਗੁਜ਼ਾਰਾ ਕਿਵੇਂ ਤੋਰ ਸਕਦੇ ਹੋ?

    “ਪਹਿਲਾਂ-ਪਹਿਲ ਤਾਂ ਮੈਂ ਉਨ੍ਹਾਂ ਪੈਸਿਆਂ ਨਾਲ ਆਪਣਾ ਗੁਜ਼ਾਰਾ ਤੋਰਿਆ ਜੋ ਮੈਂ ਜੋੜੇ ਸਨ। ਫਿਰ ਮੈਂ ਇਕ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਸਾਬਣ ਬਣਾਉਣਾ ਤੇ ਵੇਚਣਾ ਸਿੱਖਿਆ।”—ਜੈਰਲਡੀਨ

    “ਅਸੀਂ ਆਪਣਾ ਖ਼ਰਚਾ ਤੋਰਨ ਲਈ ਦੁੱਧ ਦੀਆਂ ਟੌਫ਼ੀਆਂ ਬਣਾ ਕੇ ਦੁਕਾਨਦਾਰਾਂ ਨੂੰ ਵੇਚਦੇ ਸੀ।”—ਜਸੈੱਲ

    “ਮੈਂ ਇੰਟਰਨੈੱਟ ʼਤੇ ਅਨੁਵਾਦ ਦਾ ਕੰਮ ਕਰਦਾ ਸੀ।”—ਓਨੇਸੀਮ

  • ਤੁਸੀਂ ਸੁਰੱਖਿਅਤ ਕਿਵੇਂ ਰਹਿ ਸਕਦੇ ਹੋ?

    “ਮੈਂ ਉੱਥੇ ਰਹਿਣ ਦੀ ਜਗ੍ਹਾ ਲੱਭੀ ਜਿੱਥੇ ਭੈਣਾਂ-ਭਰਾਵਾਂ ਦੇ ਘਰ ਨੇੜੇ-ਤੇੜੇ ਹਨ।”—ਜੈਰਲਡੀਨ

    “ਮੈਂ ਹਮੇਸ਼ਾ ਕਿਸੇ ਦੇ ਨਾਲ ਹੀ ਪ੍ਰਚਾਰ ʼਤੇ ਜਾਂਦੀ ਹਾਂ।”—ਜਸੈੱਲ

    “ਮੈਂ ਕਦੇ ਰਾਤ ਨੂੰ ਇਕੱਲੀ ਬਾਹਰ ਨਹੀਂ ਜਾਂਦੀ। ਨਾਲੇ ਮੈਂ ਨਾ ਤਾਂ ਕੀਮਤੀ ਚੀਜ਼ਾਂ ਪਾ ਕੇ ਤੇ ਨਾ ਹੀ ਨਾਲ ਲੈ ਕੇ ਜਾਂਦੀ ਹਾਂ।”—ਸਟੈਫ਼ਨੀ

    “ਮੈਂ ਕਿਸੇ ਨੂੰ ਇਹ ਨਹੀਂ ਦੱਸਦੀ ਕਿ ਮੈਂ ਬਾਹਰਲੇ ਦੇਸ਼ ਤੋਂ ਆਈ ਹਾਂ ਅਤੇ ਮੈਂ ਹਰ ਤਰੀਕੇ ਨਾਲ ਉਨ੍ਹਾਂ ਵਾਂਗ ਨਜ਼ਰ ਆਉਣ ਦੀ ਕੋਸ਼ਿਸ਼ ਕਰਦੀ ਸੀ।”—ਜੂਡਿਥ

  • ਤੁਸੀਂ ਆਪਣੀ ਖ਼ੁਸ਼ੀ ਬਰਕਰਾਰ ਕਿਵੇਂ ਰੱਖ ਸਕਦੇ ਹੋ?

    “ਅਸੀਂ ਹਾਲਾਤਾਂ ਮੁਤਾਬਕ ਢਲ਼ਣਾ ਸਿੱਖਿਆ। ਸਾਨੂੰ ਯਾਦ ਸੀ ਕਿ ਅਸੀਂ ਇੱਥੇ ਕਿਉਂ ਆਏ ਸੀ ਅਤੇ ਅਸੀਂ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾਇਆ।”—ਵਿਕਟਰ

    “ਮੈਨੂੰ ਸੰਤੁਸ਼ਟ ਰਹਿਣਾ ਸਿੱਖਣਾ ਪਿਆ।”—ਅਲੇਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ