ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਅਗਸਤ ਸਫ਼ੇ 20-25
  • “ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪੌਲੁਸ ਨੇ ਮੁਸ਼ਕਲਾਂ ਝੱਲਣ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕੀਤੀ
  • ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਪੌਲੁਸ ਨੇ ਚੰਗੀ ਮਿਸਾਲ ਰੱਖੀ
  • ਪੌਲੁਸ ਨੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕੀਤੀ
  • “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ”
  • ਬਜ਼ੁਰਗੋ, ਪੌਲੁਸ ਰਸੂਲ ਦੀ ਰੀਸ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਮਸੀਹੀ ਭੈਣਾਂ ਦਾ ਸਾਥ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਅਗਸਤ ਸਫ਼ੇ 20-25

ਅਧਿਐਨ ਲੇਖ 35

“ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”

“ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।”​—1 ਥੱਸ. 5:11.

ਗੀਤ 99 ਲੱਖਾਂ-ਲੱਖ ਭੈਣ-ਭਰਾ

ਖ਼ਾਸ ਗੱਲਾਂa

1. ਪਹਿਲਾ ਥੱਸਲੁਨੀਕੀਆਂ 5:11 ਮੁਤਾਬਕ ਅਸੀਂ ਸਾਰੇ ਕਿਹੜੇ ਕੰਮ ਵਿਚ ਹਿੱਸਾ ਲੈਂਦੇ ਹਾਂ?

ਕੀ ਤੁਹਾਡੀ ਮੰਡਲੀ ਨੇ ਕਦੇ ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਕੀਤੀ ਹੈ? ਜੇ ਹਾਂ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਆਪਣੇ ਕਿੰਗਡਮ ਹਾਲ ਵਿਚ ਹੋਈ ਪਹਿਲੀ ਮੀਟਿੰਗ ਹਾਲੇ ਵੀ ਯਾਦ ਹੋਣੀ। ਤੁਸੀਂ ਯਹੋਵਾਹ ਦੇ ਇੰਨੇ ਜ਼ਿਆਦਾ ਸ਼ੁਕਰਗੁਜ਼ਾਰ ਸੀ ਕਿ ਤੁਹਾਡਾ ਦਿਲ ਭਰ ਆਇਆ ਹੋਣਾ ਤੇ ਸ਼ਾਇਦ ਤੁਹਾਡੇ ਤੋਂ ਸ਼ੁਰੂਆਤੀ ਗੀਤ ਵੀ ਨਹੀਂ ਗਾ ਹੋਇਆ ਹੋਣਾ। ਸਾਡੇ ਕਿੰਗਡਮ ਹਾਲ ਵਧੀਆ ਢੰਗ ਨਾਲ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਵਧੀਆ ਹਾਲਾਤ ਵਿਚ ਰੱਖਿਆ ਜਾਂਦਾ ਹੈ। ਇਸ ਕਰਕੇ ਯਹੋਵਾਹ ਦੀ ਮਹਿਮਾ ਹੁੰਦੀ ਹੈ। ਪਰ ਭਗਤੀ ਦੀਆਂ ਥਾਵਾਂ ਦੀ ਉਸਾਰੀ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਕੰਮ ਹੈ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨਾ। ਇਸ ਨਾਲ ਯਹੋਵਾਹ ਦੀ ਹੋਰ ਵੀ ਜ਼ਿਆਦਾ ਵਡਿਆਈ ਹੁੰਦੀ ਹੈ। ਪੌਲੁਸ ਰਸੂਲ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਇਹੀ ਕਰਨ ਲਈ ਕਿਹਾ ਸੀ। ਇਸ ਬਾਰੇ ਅਸੀਂ 1 ਥੱਸਲੁਨੀਕੀਆਂ 5:11 ਵਿਚ ਪੜ੍ਹ ਸਕਦੇ ਹਾਂ। (ਪੜ੍ਹੋ।) ਇਹ ਹਵਾਲਾ ਇਸ ਲੇਖ ਦਾ ਮੁੱਖ ਹਵਾਲਾ ਹੈ।

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਪੌਲੁਸ ਰਸੂਲ ਨੂੰ ਮਸੀਹੀ ਭੈਣਾਂ-ਭਰਾਵਾਂ ਨਾਲ ਹਮਦਰਦੀ ਸੀ। ਇਸ ਲਈ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਮਾਮਲੇ ਵਿਚ ਉਸ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਸ ਨੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ (1) ਮੁਸ਼ਕਲਾਂ ਝੱਲ ਸਕਣ, (2) ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖ ਸਕਣ ਅਤੇ (3) ਯਹੋਵਾਹ ʼਤੇ ਆਪਣੀ ਨਿਹਚਾ ਪੱਕੀ ਕਰਦੇ ਰਹਿ ਸਕਣ। ਆਓ ਆਪਾਂ ਦੇਖੀਏ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਦੇ ਰਹਿ ਸਕੀਏ।​—1 ਕੁਰਿੰ. 11:1.

ਪੌਲੁਸ ਨੇ ਮੁਸ਼ਕਲਾਂ ਝੱਲਣ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕੀਤੀ

3. ਪੌਲੁਸ ਯਹੋਵਾਹ ਦੀ ਸੇਵਾ ਅਤੇ ਕੰਮ ਪ੍ਰਤੀ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਿਆ?

3 ਪੌਲੁਸ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਸਨ। ਇਸ ਲਈ ਉਹ ਮੁਸ਼ਕਲਾਂ ਝੱਲ ਰਹੇ ਭੈਣਾਂ-ਭਰਾਵਾਂ ਲਈ ਦਇਆ ਤੇ ਹਮਦਰਦੀ ਦਿਖਾ ਸਕਿਆ। ਇਕ ਵਾਰ ਪੌਲੁਸ ਕੋਲ ਪੈਸੇ ਖ਼ਤਮ ਹੋ ਗਏ ਸਨ, ਇਸ ਲਈ ਆਪਣੀਆਂ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਨੂੰ ਕੰਮ ਲੱਭਣਾ ਪਿਆ। (ਰਸੂ. 20:34) ਉਹ ਤੰਬੂ ਬਣਾਉਣ ਦਾ ਕੰਮ ਕਰਦਾ ਸੀ। ਜਦੋਂ ਉਹ ਕੁਰਿੰਥੁਸ ਪਹੁੰਚਿਆ, ਤਾਂ ਪਹਿਲਾਂ ਉਸ ਨੇ ਆਪਣੇ ਸਾਥੀਆਂ ਅਕੂਲਾ ਤੇ ਪ੍ਰਿਸਕਿੱਲਾ ਨਾਲ ਮਿਲ ਕੇ ਤੰਬੂ ਬਣਾਉਣ ਦਾ ਕੰਮ ਕੀਤਾ। ਫਿਰ ਵੀ ਉਹ “ਹਰ ਸਬਤ ਦੇ ਦਿਨ” ਯਹੂਦੀਆਂ ਤੇ ਯੂਨਾਨੀਆਂ ਨੂੰ ਪ੍ਰਚਾਰ ਕਰਦਾ ਰਿਹਾ। ਜਦੋਂ ਸੀਲਾਸ ਤੇ ਤਿਮੋਥਿਉਸ ਉਸ ਕੋਲ ਆਏ, ਤਾਂ “ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ।” (ਰਸੂ. 18:2-5) ਪੌਲੁਸ ਦੀ ਜ਼ਿੰਦਗੀ ਦਾ ਮਕਸਦ ਯਹੋਵਾਹ ਦੀ ਸੇਵਾ ਕਰਨੀ ਸੀ ਅਤੇ ਉਹ ਇਸ ਮਕਸਦ ਨੂੰ ਕਦੇ ਨਹੀਂ ਭੁੱਲਿਆ। ਪੌਲੁਸ ਨੇ ਯਹੋਵਾਹ ਦੀ ਸੇਵਾ ਕਰਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਸਖ਼ਤ ਮਿਹਨਤ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। ਇਸ ਕਰਕੇ ਉਹ ਆਪਣੇ ਭੈਣਾਂ-ਭਰਾਵਾਂ ਨੂੰ ਵੀ ਇਸ ਤਰ੍ਹਾਂ ਕਰਨ ਦਾ ਹੌਸਲਾ ਦੇ ਸਕਿਆ। ਉਹ ਉਨ੍ਹਾਂ ਨੂੰ ਯਾਦ ਕਰਾ ਸਕਿਆ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਪਰਿਵਾਰ ਦੀਆਂ ਲੋੜਾਂ ਦੀ ਹੱਦੋਂ ਵੱਧ ਚਿੰਤਾ ਕਰਨ ਕਰਕੇ ਕਿਤੇ ਉਹ “ਜ਼ਿਆਦਾ ਜ਼ਰੂਰੀ ਗੱਲਾਂ” ਯਾਨੀ ਯਹੋਵਾਹ ਦੀ ਭਗਤੀ ਦੇ ਸਾਰੇ ਕੰਮਾਂ ਨੂੰ ਨਾ ਭੁੱਲ ਜਾਣ।​—ਫ਼ਿਲਿ. 1:10.

4. ਪੌਲੁਸ ਤੇ ਤਿਮੋਥਿਉਸ ਨੇ ਮੁਸ਼ਕਲਾਂ ਝੱਲਣ ਵਿਚ ਮਸੀਹੀਆਂ ਦੀ ਕਿੱਦਾਂ ਮਦਦ ਕੀਤੀ?

4 ਥੱਸਲੁਨੀਕਾ ਵਿਚ ਮੰਡਲੀ ਬਣਨ ਤੋਂ ਥੋੜ੍ਹੀ ਦੇਰ ਬਾਅਦ ਨਵੇਂ ਚੇਲਿਆਂ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਜਦੋਂ ਦੁਸ਼ਟ ਬੰਦਿਆਂ ਦੀ ਭੀੜ ਪੌਲੁਸ ਤੇ ਸੀਲਾਸ ਨੂੰ ਨਹੀਂ ਲੱਭ ਸਕੀ, ਤਾਂ ਉਹ “ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ” ਅਤੇ ਉੱਚੀ-ਉੱਚੀ ਕਹਿਣ ਲੱਗੇ: “ਇਹ ਸਾਰੇ ਆਦਮੀ ਸਮਰਾਟ ਦੇ ਹੁਕਮਾਂ ਦੀ ਉਲੰਘਣਾ ਕਰਦੇ” ਹਨ। (ਰਸੂ. 17:6, 7) ਜ਼ਰਾ ਸੋਚੋ ਕਿ ਉਦੋਂ ਨਵੇਂ ਬਣੇ ਮਸੀਹੀ ਕਿੰਨਾ ਡਰ ਗਏ ਹੋਣੇ ਜਦੋਂ ਉਨ੍ਹਾਂ ਨੇ ਦੇਖਿਆ ਹੋਣਾ ਕਿ ਸ਼ਹਿਰ ਦੇ ਸਾਰੇ ਆਦਮੀ ਉਨ੍ਹਾਂ ਦੇ ਵਿਰੁੱਧ ਹੋ ਗਏ ਸਨ। ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਦਾ ਜੋਸ਼ ਠੰਢਾ ਪੈ ਸਕਦਾ ਸੀ, ਪਰ ਪੌਲੁਸ ਨਹੀਂ ਚਾਹੁੰਦਾ ਸੀ ਕਿ ਇੱਦਾਂ ਹੋਵੇ। ਭਾਵੇਂ ਕਿ ਉਸ ਨੂੰ ਤੇ ਸੀਲਾਸ ਨੂੰ ਉੱਥੋਂ ਜਾਣਾ ਪਿਆ, ਪਰ ਉਨ੍ਹਾਂ ਨੇ ਧਿਆਨ ਰੱਖਿਆ ਕਿ ਇਸ ਨਵੀਂ ਮੰਡਲੀ ਦੀ ਚੰਗੀ ਤਰ੍ਹਾਂ ਦੇਖ-ਭਾਲ ਹੁੰਦੀ ਰਹੇ। ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਯਾਦ ਕਰਾਇਆ: ‘ਅਸੀਂ ਆਪਣੇ ਭਰਾ ਤਿਮੋਥਿਉਸ ਨੂੰ ਤੁਹਾਡੇ ਕੋਲ ਤੁਹਾਡੀ ਨਿਹਚਾ ਪੱਕੀ ਕਰਨ ਅਤੇ ਤੁਹਾਨੂੰ ਦਿਲਾਸਾ ਦੇਣ ਲਈ ਘੱਲਿਆ ਤਾਂਕਿ ਇਨ੍ਹਾਂ ਮੁਸੀਬਤਾਂ ਕਰਕੇ ਕੋਈ ਵੀ ਡਾਵਾਂ-ਡੋਲ ਨਾ ਹੋ ਜਾਵੇ।’ (1 ਥੱਸ. 3:2, 3) ਸ਼ਾਇਦ ਤਿਮੋਥਿਉਸ ਨੇ ਆਪਣੇ ਸ਼ਹਿਰ ਲੁਸਤ੍ਰਾ ਵਿਚ ਅਤਿਆਚਾਰ ਸਿਹਾ ਹੋਣਾ। ਉਸ ਨੇ ਦੇਖਿਆ ਹੋਣਾ ਕਿ ਪੌਲੁਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਕਿੱਦਾਂ ਹੌਸਲਾ ਦਿੱਤਾ ਸੀ ਅਤੇ ਯਹੋਵਾਹ ਨੇ ਕਿੱਦਾਂ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਲਈ ਤਿਮੋਥਿਉਸ ਥੱਸਲੁਨੀਕਾ ਦੇ ਨਵੇਂ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾ ਸਕਿਆ ਕਿ ਯਹੋਵਾਹ ਉਨ੍ਹਾਂ ਦੇ ਹਾਲਾਤ ਵੀ ਜ਼ਰੂਰ ਸੁਧਾਰੇਗਾ।​—ਰਸੂ. 14:8, 19-22; ਇਬ. 12:2.

5. ਇਕ ਬਜ਼ੁਰਗ ਨੇ ਭਰਾ ਬ੍ਰਾਯੰਟ ਦੀ ਜਿਸ ਤਰੀਕੇ ਨਾਲ ਮਦਦ ਕੀਤੀ, ਉਸ ਤੋਂ ਉਸ ਨੂੰ ਕਿਵੇਂ ਫ਼ਾਇਦਾ ਹੋਇਆ?

5 ਪੌਲੁਸ ਨੇ ਹੋਰ ਕਿਹੜੇ ਤਰੀਕੇ ਨਾਲ ਮਸੀਹੀ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕੀਤਾ? ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਦੀਆਂ ਮੰਡਲੀਆਂ ਵਿਚ ਵਾਪਸ ਆ ਕੇ ਪੌਲੁਸ ਅਤੇ ਬਰਨਾਬਾਸ ਨੇ “ਹਰ ਮੰਡਲੀ ਵਿਚ ਉਨ੍ਹਾਂ ਲਈ ਬਜ਼ੁਰਗ ਨਿਯੁਕਤ ਕੀਤੇ।” (ਰਸੂ. 14:21-23) ਬਿਨਾਂ ਸ਼ੱਕ, ਇਨ੍ਹਾਂ ਬਜ਼ੁਰਗਾਂ ਨੇ ਮੰਡਲੀਆਂ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਇਆ ਹੋਣਾ। ਅੱਜ ਵੀ ਬਜ਼ੁਰਗ ਇਸੇ ਤਰ੍ਹਾਂ ਕਰਦੇ ਹਨ। ਜ਼ਰਾ ਭਰਾ ਬ੍ਰਾਯੰਟ ਦੀ ਗੱਲ ਵੱਲ ਧਿਆਨ ਦਿਓ। ਉਹ ਕਹਿੰਦਾ ਹੈ: “ਜਦੋਂ ਮੈਂ 15 ਸਾਲਾਂ ਦਾ ਹੋਇਆ, ਤਾਂ ਮੇਰਾ ਡੈਡੀ ਘਰ ਛੱਡ ਕੇ ਚਲਾ ਗਿਆ ਅਤੇ ਮੰਮੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਅਤੇ ਨਿਰਾਸ਼ ਮਹਿਸੂਸ ਕੀਤਾ।” ਇਨ੍ਹਾਂ ਹਾਲਾਤਾਂ ਵਿਚ ਬ੍ਰਾਯੰਟ ਦੀ ਕਿਹੜੀ ਗੱਲ ਨੇ ਮਦਦ ਕੀਤੀ? ਉਹ ਦੱਸਦਾ ਹੈ: “ਭਰਾ ਟੋਨੀ ਜੋ ਮੰਡਲੀ ਦਾ ਬਜ਼ੁਰਗ ਹੈ, ਉਹ ਮੀਟਿੰਗਾਂ ਅਤੇ ਹੋਰ ਕਈ ਮੌਕਿਆਂ ʼਤੇ ਮੇਰੇ ਨਾਲ ਗੱਲ ਕਰਦਾ ਸੀ। ਉਸ ਨੇ ਮੈਨੂੰ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਦੱਸਿਆ ਜੋ ਮੁਸ਼ਕਲਾਂ ਝੱਲਣ ਦੇ ਬਾਵਜੂਦ ਵੀ ਖ਼ੁਸ਼ ਸਨ। ਉਸ ਨੇ ਮੈਨੂੰ ਜ਼ਬੂਰ 27:10 ਪੜ੍ਹਾਇਆ ਅਤੇ ਉਹ ਅਕਸਰ ਮੇਰੇ ਨਾਲ ਹਿਜ਼ਕੀਯਾਹ ਬਾਰੇ ਗੱਲ ਕਰਦਾ ਸੀ। ਹਿਜ਼ਕੀਯਾਹ ਦਾ ਪਿਤਾ ਭਾਵੇਂ ਉਸ ਲਈ ਚੰਗੀ ਮਿਸਾਲ ਨਹੀਂ ਸੀ, ਫਿਰ ਵੀ ਉਸ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ।” ਟੋਨੀ ਨੇ ਜਿਸ ਤਰੀਕੇ ਨਾਲ ਬ੍ਰਾਯੰਟ ਦੀ ਮਦਦ ਕੀਤੀ, ਉਸ ਦਾ ਉਸ ʼਤੇ ਕੀ ਅਸਰ ਪਿਆ? ਬ੍ਰਾਯੰਟ ਦੱਸਦਾ ਹੈ: “ਟੋਨੀ ਦੀਆਂ ਗੱਲਾਂ ਕਰਕੇ ਮੈਨੂੰ ਬਹੁਤ ਹੌਸਲਾ ਮਿਲਿਆ ਅਤੇ ਮੈਂ ਪਾਇਨੀਅਰਿੰਗ ਸੇਵਾ ਕਰਨ ਲੱਗ ਪਿਆ।” ਬਜ਼ੁਰਗੋ, ਉਨ੍ਹਾਂ ਭੈਣਾਂ-ਭਰਾਵਾਂ ਵੱਲ ਵੀ ਧਿਆਨ ਦਿਓ ਜਿਨ੍ਹਾਂ ਦੇ ਹਾਲਾਤ ਬ੍ਰਾਯੰਟ ਵਰਗੇ ਹਨ ਕਿਉਂਕਿ ਤੁਹਾਡੀ ਕਹੀ ਇਕ “ਚੰਗੀ ਗੱਲ” ਨਾਲ ਉਨ੍ਹਾਂ ਦਾ ਹੌਸਲਾ ਵਧ ਸਕਦਾ ਹੈ।​—ਕਹਾ. 12:25.

6. ਪੌਲੁਸ ਨੇ ਭੈਣਾਂ-ਭਰਾਵਾਂ ਦਾ ਹੌਸਲਾ ਕਿਵੇਂ ਵਧਾਇਆ?

6 ਪੌਲੁਸ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਯਾਦ ਕਰਾਇਆ ਜਿਨ੍ਹਾਂ ਨੇ ਯਹੋਵਾਹ ਦੀ ਮਦਦ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲੀਆਂ ਸਨ। ਪੌਲੁਸ ਨੇ ਉਨ੍ਹਾਂ ਸੇਵਕਾਂ ਨੂੰ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬ. 12:1) ਪੌਲੁਸ ਜਾਣਦਾ ਸੀ ਕਿ ਉਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਜ਼ਿੰਦਗੀਆਂ ʼਤੇ ਗੌਰ ਕਰ ਕੇ ਉਸ ਦੇ ਜ਼ਮਾਨੇ ਦੇ ਭੈਣ-ਭਰਾ ਦਲੇਰ ਬਣ ਸਕਦੇ ਸਨ। ਨਾਲੇ ਉਹ ਆਪਣਾ ਧਿਆਨ “ਜੀਉਂਦੇ ਪਰਮੇਸ਼ੁਰ ਦੇ ਸ਼ਹਿਰ” ਉੱਤੇ ਲਾਈ ਰੱਖ ਸਕਦੇ ਸਨ। (ਇਬ. 12:22) ਇਹ ਗੱਲ ਅੱਜ ਵੀ ਸੱਚ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਨੇ ਗਿਦਾਊਨ, ਬਾਰਾਕ, ਦਾਊਦ, ਸਮੂਏਲ ਅਤੇ ਹੋਰ ਵਫ਼ਾਦਾਰ ਸੇਵਕਾਂ ਦੀ ਕਿਵੇਂ ਮਦਦ ਕੀਤੀ, ਤਾਂ ਸਾਡਾ ਹੌਸਲਾ ਵਧਦਾ ਹੈ। (ਇਬ. 11:32-35) ਅੱਜ ਦੇ ਵਫ਼ਾਦਾਰ ਸੇਵਕਾਂ ਦੀਆਂ ਜੀਵਨੀਆਂ ਪੜ੍ਹ ਕੇ ਵੀ ਸਾਡਾ ਹੌਸਲਾ ਵਧਦਾ ਹੈ। ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਅਕਸਰ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂ ਹਨ ਜਿਨ੍ਹਾਂ ਵਿਚ ਭੈਣ-ਭਰਾ ਦੱਸਦੇ ਹਨ ਕਿ ਅੱਜ ਦੇ ਜ਼ਮਾਨੇ ਦੇ ਯਹੋਵਾਹ ਦੇ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਿਆ ਹੈ।

ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਪੌਲੁਸ ਨੇ ਚੰਗੀ ਮਿਸਾਲ ਰੱਖੀ

7. ਰੋਮੀਆਂ 14:19-21 ਵਿਚ ਦਿੱਤੀ ਪੌਲੁਸ ਦੀ ਸਲਾਹ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

7 ਅਸੀਂ ਭੈਣਾਂ-ਭਰਾਵਾਂ ਨੂੰ ਉਦੋਂ ਵੀ ਮਜ਼ਬੂਤ ਕਰਦੇ ਹਾਂ ਜਦੋਂ ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਦੇ ਹਾਂ। ਜਦੋਂ ਸਾਡੀ ਰਾਇ ਦੂਜਿਆਂ ਤੋਂ ਵੱਖਰੀ ਹੁੰਦੀ ਹੈ, ਤਾਂ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕਰਕੇ ਮੰਡਲੀ ਵਿਚ ਫੁੱਟ ਨਾ ਪਵੇ। ਜੇ ਕਿਸੇ ਖ਼ਾਸ ਮਾਮਲੇ ਬਾਰੇ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਦਾ, ਤਾਂ ਅਸੀਂ ਆਪਣੀ ਗੱਲ ʼਤੇ ਅੜੇ ਰਹਿਣ ਦੀ ਬਜਾਇ ਬਦਲਣ ਲਈ ਤਿਆਰ ਰਹਿੰਦੇ ਹਾਂ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਰੋਮ ਦੀ ਮੰਡਲੀ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀ ਸਨ। ਜਦੋਂ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ, ਤਾਂ ਇਸ ਦੇ ਨਾਲ ਹੀ ਕੁਝ ਖਾਣਿਆਂ ʼਤੇ ਲੱਗੀਆਂ ਪਾਬੰਦੀਆਂ ਵੀ ਖ਼ਤਮ ਹੋ ਗਈਆਂ। (ਮਰ. 7:19) ਉਸ ਸਮੇਂ ਤੋਂ ਕੁਝ ਯਹੂਦੀ ਮਸੀਹੀਆਂ ਨੂੰ ਲੱਗਦਾ ਸੀ ਕਿ ਉਹ ਹੁਣ ਤੋਂ ਹਰ ਤਰ੍ਹਾਂ ਦਾ ਖਾਣਾ ਖਾ ਸਕਦੇ ਸਨ, ਪਰ ਕੁਝ ਯਹੂਦੀ ਮਸੀਹੀਆਂ ਨੂੰ ਇਹ ਸਹੀ ਨਹੀਂ ਲੱਗਦਾ ਸੀ। ਇਸ ਕਰਕੇ ਮੰਡਲੀ ਵਿਚ ਫੁੱਟ ਪੈ ਗਈ। ਪੌਲੁਸ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਮੰਡਲੀ ਵਿਚ ਸ਼ਾਂਤੀ ਬਣਾ ਕੇ ਰੱਖਣੀ ਜ਼ਿਆਦਾ ਜ਼ਰੂਰੀ ਸੀ। ਉਸ ਨੇ ਕਿਹਾ: “ਇਸ ਲਈ ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਅਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।” (ਰੋਮੀਆਂ 14:19-21 ਪੜ੍ਹੋ।) ਇਸ ਤਰ੍ਹਾਂ ਪੌਲੁਸ ਨੇ ਮਸੀਹੀਆਂ ਦੀ ਇਹ ਦੇਖਣ ਵਿਚ ਮਦਦ ਕੀਤੀ ਕਿ ਇੱਦਾਂ ਦੇ ਝਗੜਿਆਂ ਕਰਕੇ ਕਿਵੇਂ ਉਨ੍ਹਾਂ ਦੇ ਆਪਸੀ ਰਿਸ਼ਤੇ ਖ਼ਰਾਬ ਹੋ ਸਕਦੇ ਸਨ ਅਤੇ ਪੂਰੀ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਸੀ। ਦੂਜਿਆਂ ਨੂੰ ਠੋਕਰ ਨਾ ਲੱਗੇ ਇਸ ਲਈ ਪੌਲੁਸ ਖ਼ੁਦ ਨੂੰ ਵੀ ਬਦਲਣ ਲਈ ਤਿਆਰ ਸੀ। (1 ਕੁਰਿੰ. 9:19-22) ਇਸੇ ਤਰ੍ਹਾਂ ਜੇ ਅਸੀਂ ਵੀ ਬਹਿਸ ਨਹੀਂ ਕਰਦੇ ਅਤੇ ਆਪਣੀ ਗੱਲ ʼਤੇ ਅੜੇ ਨਹੀਂ ਰਹਿੰਦੇ, ਤਾਂ ਅਸੀਂ ਦੂਜਿਆਂ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਸ਼ਾਂਤੀ ਬਣਾਈ ਰੱਖ ਸਕਦੇ ਹਾਂ।

8. ਜਦੋਂ ਇਕ ਅਹਿਮ ਮਸਲੇ ਕਰਕੇ ਮੰਡਲੀ ਦੀ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਸੀ, ਤਾਂ ਪੌਲੁਸ ਨੇ ਕੀ ਕੀਤਾ?

8 ਪੌਲੁਸ ਨੇ ਉਨ੍ਹਾਂ ਮਸੀਹੀਆਂ ਨਾਲ ਵੀ ਸ਼ਾਂਤੀ ਬਣਾਈ ਰੱਖਣ ਵਿਚ ਵਧੀਆ ਮਿਸਾਲ ਕਾਇਮ ਕੀਤੀ ਜਿਹੜੇ ਅਹਿਮ ਮਾਮਲਿਆਂ ਵਿਚ ਉਸ ਨਾਲ ਸਹਿਮਤ ਨਹੀਂ ਸਨ। ਉਦਾਹਰਣ ਲਈ, ਪਹਿਲੀ ਸਦੀ ਦੇ ਕੁਝ ਯਹੂਦੀ ਮਸੀਹੀ ਗ਼ੈਰ-ਯਹੂਦੀ ਮਸੀਹੀਆਂ ʼਤੇ ਸੁੰਨਤ ਕਰਾਉਣ ਦਾ ਜ਼ੋਰ ਪਾ ਰਹੇ ਸਨ। ਸ਼ਾਇਦ ਉਹ ਇਸ ਲਈ ਜ਼ੋਰ ਪਾ ਰਹੇ ਸਨ ਕਿਉਂਕਿ ਉਹ ਆਪਣੀ ਕੌਮ ਦੇ ਲੋਕਾਂ ਦੀ ਨੁਕਤਾਚੀਨੀ ਤੋਂ ਬਚਣਾ ਚਾਹੁੰਦੇ ਸਨ। (ਗਲਾ. 6:12) ਪੌਲੁਸ ਉਨ੍ਹਾਂ ਦੀ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ, ਪਰ ਉਸ ਨੇ ਉਨ੍ਹਾਂ ʼਤੇ ਆਪਣੀ ਰਾਇ ਨਹੀਂ ਥੋਪੀ, ਸਗੋਂ ਨਿਮਰ ਹੋਣ ਕਰਕੇ ਉਸ ਨੇ ਇਸ ਮਸਲੇ ਨੂੰ ਯਰੂਸ਼ਲਮ ਦੇ ਬਜ਼ੁਰਗਾਂ ਅਤੇ ਰਸੂਲਾਂ ਸਾਮ੍ਹਣੇ ਰੱਖਿਆ। (ਰਸੂ. 15:1, 2) ਪੌਲੁਸ ਦੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਮਸੀਹੀਆਂ ਦੀ ਮਦਦ ਹੋਈ ਕਿ ਉਹ ਮੰਡਲੀ ਵਿਚ ਖ਼ੁਸ਼ੀ ਅਤੇ ਸ਼ਾਂਤੀ ਬਣਾਈ ਰੱਖਣ।​—ਰਸੂ. 15:30, 31.

9. ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਜੇ ਸਾਡੀ ਮੰਡਲੀ ਵਿਚ ਵੀ ਕੋਈ ਅਹਿਮ ਮਸਲਾ ਖੜ੍ਹਾ ਹੋ ਜਾਂਦਾ ਹੈ, ਤਾਂ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਦੂਜਿਆਂ ʼਤੇ ਆਪਣੀ ਰਾਇ ਥੋਪਣ ਦੀ ਬਜਾਇ ਵਧੀਆ ਹੋਵੇਗਾ ਕਿ ਅਸੀਂ ਉਨ੍ਹਾਂ ਭਰਾਵਾਂ ਤੋਂ ਸਲਾਹ ਲਈਏ ਜਿਨ੍ਹਾਂ ਨੂੰ ਯਹੋਵਾਹ ਨੇ ਮੰਡਲੀ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਹੈ। ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰ ਸਕਦੇ ਹਾਂ ਅਤੇ ਸੰਗਠਨ ਦੀਆਂ ਹਿਦਾਇਤਾਂ ਮੰਨ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਰਾਇ ʼਤੇ ਅੜੇ ਨਹੀਂ ਰਹਾਂਗੇ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਾਂਗੇ।

10. ਪੌਲੁਸ ਨੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਲਈ ਹੋਰ ਕੀ ਕੀਤਾ?

10 ਪੌਲੁਸ ਨੇ ਮੰਡਲੀ ਦੇ ਭੈਣਾਂ-ਭਰਾਵਾਂ ਦੀਆਂ ਕਮੀਆਂ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ʼਤੇ ਧਿਆਨ ਲਾਇਆ ਜਿਸ ਕਰਕੇ ਮੰਡਲੀ ਵਿਚ ਸ਼ਾਂਤੀ ਬਣੀ ਰਹੀ। ਉਦਾਹਰਣ ਲਈ, ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਦੇ ਅਖ਼ੀਰ ਵਿਚ ਪੌਲੁਸ ਨੇ ਬਹੁਤ ਸਾਰੇ ਭੈਣਾਂ-ਭਰਾਵਾਂ ਦਾ ਨਾਂ ਲੈ ਕੇ ਉਨ੍ਹਾਂ ਦੇ ਚੰਗੇ ਗੁਣਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਸਾਨੂੰ ਵੀ ਪੌਲੁਸ ਦੀ ਰੀਸ ਕਰਦਿਆਂ ਖੁੱਲ੍ਹ ਕੇ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਡਾ ਭੈਣਾਂ-ਭਰਾਵਾਂ ਨਾਲ ਰਿਸ਼ਤਾ ਹੋਰ ਵੀ ਪੱਕਾ ਹੋਵੇਗਾ ਅਤੇ ਮੰਡਲੀ ਵਿਚ ਪਿਆਰ ਵਧੇਗਾ।

11. ਮੰਡਲੀ ਵਿਚ ਕਿਸੇ ਨਾਲ ਅਣਬਣ ਹੋਣ ਤੇ ਅਸੀਂ ਫਿਰ ਤੋਂ ਉਸ ਨਾਲ ਸ਼ਾਂਤੀ ਕਿਵੇਂ ਕਾਇਮ ਕਰ ਸਕਦੇ ਹਾਂ?

11 ਕਈ ਵਾਰੀ ਸਮਝਦਾਰ ਤੇ ਤਜਰਬੇਕਾਰ ਭੈਣਾਂ-ਭਰਾਵਾਂ ਵਿਚ ਵੀ ਮਨ-ਮੁਟਾਵ ਜਾਂ ਝਗੜੇ ਹੋ ਜਾਂਦੇ ਹਨ। ਪੌਲੁਸ ਅਤੇ ਉਸ ਦੇ ਜਿਗਰੀ ਦੋਸਤ ਬਰਨਾਬਾਸ ਵਿਚ ਵੀ ਕੁਝ ਇਸੇ ਤਰ੍ਹਾਂ ਹੋਇਆ। ਜਦੋਂ ਉਨ੍ਹਾਂ ਨੇ ਆਪਣੇ ਅਗਲੇ ਮਿਸ਼ਨਰੀ ਦੌਰੇ ਤੇ ਜਾਣਾ ਸੀ, ਤਾਂ ਬਰਨਾਬਾਸ ਮਰਕੁਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ, ਪਰ ਪੌਲੁਸ ਬਰਨਾਬਾਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ। ਇਸ ਕਰਕੇ “ਉਨ੍ਹਾਂ ਦੋਹਾਂ ਵਿਚ ਬਹੁਤ ਝਗੜਾ ਹੋਇਆ ਅਤੇ ਉਹ ਇਕ-ਦੂਜੇ ਤੋਂ ਵੱਖ ਹੋ ਗਏ।” (ਰਸੂ. 15:37-39) ਪਰ ਪੌਲੁਸ, ਬਰਨਾਬਾਸ ਅਤੇ ਮਰਕੁਸ ਨੇ ਆਪਸੀ ਝਗੜੇ ਨੂੰ ਸੁਲਝਾਇਆ ਅਤੇ ਆਪਸ ਵਿਚ ਸ਼ਾਂਤੀ ਕਾਇਮ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣਾਈ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਪੌਲੁਸ ਨੇ ਬਾਅਦ ਵਿਚ ਬਰਨਾਬਾਸ ਅਤੇ ਮਰਕੁਸ ਬਾਰੇ ਚੰਗੀਆਂ ਗੱਲਾਂ ਲਿਖੀਆਂ। (1 ਕੁਰਿੰ. 9:6; ਕੁਲੁ. 4:10) ਜੇ ਮੰਡਲੀ ਵਿਚ ਸਾਡੀ ਵੀ ਕਿਸੇ ਨਾਲ ਅਣਬਣ ਹੋ ਜਾਂਦੀ ਹੈ, ਤਾਂ ਸਾਨੂੰ ਵੀ ਉਸ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ ਅਤੇ ਉਸ ਦੇ ਚੰਗੇ ਗੁਣਾਂ ʼਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਾਂਗੇ।​—ਅਫ਼. 4:3.

ਪੌਲੁਸ ਨੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕੀਤੀ

12. ਅੱਜ ਸਾਡੇ ਭੈਣ-ਭਰਾ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ?

12 ਯਹੋਵਾਹ ʼਤੇ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਪੱਕੀ ਕਰ ਕੇ ਅਸੀਂ ਉਨ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਅੱਜ ਕਈ ਤਰੀਕਿਆਂ ਨਾਲ ਸਾਡੇ ਭੈਣਾਂ-ਭਰਾਵਾਂ ਦੀ ਨਿਹਚਾ ਦੀ ਪਰਖ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਭੈਣਾਂ-ਭਰਾਵਾਂ ਦੇ ਘਰਦੇ ਯਹੋਵਾਹ ਨੂੰ ਨਾ ਮੰਨਦੇ ਹੋਣ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਣ। ਜਾਂ ਫਿਰ ਉਨ੍ਹਾਂ ਨਾਲ ਕੰਮ ਕਰਨ ਜਾਂ ਪੜ੍ਹਨ ਵਾਲੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਣ। ਜਾਂ ਕਈ ਭੈਣਾਂ-ਭਰਾਵਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋਵੇ। ਜਾਂ ਕੁਝ ਭੈਣਾਂ-ਭਰਾਵਾਂ ਨੂੰ ਕਿਸੇ ਦੀ ਗੱਲ ਬੁਰੀ ਲੱਗੀ ਹੈ ਅਤੇ ਉਨ੍ਹਾਂ ਨੂੰ ਆਪਣੇ ਮਨ ਵਿੱਚੋਂ ਨਾਰਾਜ਼ਗੀ ਕੱਢਣੀ ਮੁਸ਼ਕਲ ਲੱਗ ਰਹੀ ਹੈ। ਕੁਝ ਭੈਣ-ਭਰਾ ਕਾਫ਼ੀ ਲੰਬੇ ਸਮੇਂ ਤੋਂ ਸੱਚਾਈ ਵਿਚ ਹਨ ਅਤੇ ਉਹ ਹਾਲੇ ਵੀ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਸੀ। ਇਨ੍ਹਾਂ ਹਾਲਾਤਾਂ ਵਿਚ ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਿਵੇਂ ਕੀਤਾ?

ਇਕ ਪਿਤਾ ਆਪਣੀ ਬੇਟੀ ਨਾਲ jw.org ਤੋਂ ਇਕ ਲੇਖ ʼਤੇ ਚਰਚਾ ਕਰਦਾ ਹੋਇਆ। ਉਸ ਦੀ ਬੇਟੀ ਦੇ ਹੱਥਾਂ ਵਿਚ ਕ੍ਰਿਸਮਸ ਦਾ ਇਕ ਕਾਰਡ ਹੈ।

ਅਸੀਂ ਪੌਲੁਸ ਦੀ ਰੀਸ ਕਰ ਕੇ ਦੂਜਿਆਂ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? (ਪੈਰੇ 13 ਦੇਖੋ)b

13. ਪੌਲੁਸ ਨੇ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਜਿਨ੍ਹਾਂ ਦਾ ਉਨ੍ਹਾਂ ਦੇ ਵਿਸ਼ਵਾਸਾਂ ਕਰਕੇ ਮਜ਼ਾਕ ਉਡਾਇਆ ਜਾਂਦਾ ਸੀ?

13 ਪੌਲੁਸ ਨੇ ਪਰਮੇਸ਼ੁਰ ਦਾ ਬਚਨ ਵਰਤ ਕੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕੀਤੀ। ਉਦਾਹਰਣ ਲਈ, ਕੁਝ ਯਹੂਦੀ ਮਸੀਹੀਆਂ ਦੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਦਾਅਵਾ ਕਰਦੇ ਸਨ ਕਿ ਯਹੂਦੀ ਧਰਮ ਮਸੀਹੀ ਧਰਮ ਨਾਲੋਂ ਜ਼ਿਆਦਾ ਵਧੀਆ ਸੀ। ਇਨ੍ਹਾਂ ਭੈਣਾਂ-ਭਰਾਵਾਂ ਨੂੰ ਸ਼ਾਇਦ ਪਤਾ ਨਹੀਂ ਸੀ ਲੱਗਦਾ ਕਿ ਉਹ ਆਪਣੇ ਘਰਦਿਆਂ ਨੂੰ ਕੀ ਜਵਾਬ ਦੇਣ। ਬਿਨਾਂ ਸ਼ੱਕ, ਇਬਰਾਨੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਤੋਂ ਇਨ੍ਹਾਂ ਮਸੀਹੀਆਂ ਦੀ ਬਹੁਤ ਮਦਦ ਹੋਈ ਹੋਣੀ। (ਇਬ. 1:5, 6; 2:2, 3; 9:24, 25) ਪੌਲੁਸ ਨੇ ਠੋਸ ਦਲੀਲਾਂ ਦੇ ਕੇ ਇਸ ਚਿੱਠੀ ਵਿਚ ਜੋ ਗੱਲਾਂ ਲਿਖੀਆਂ ਸਨ, ਉਨ੍ਹਾਂ ਨੂੰ ਵਰਤ ਕੇ ਉਹ ਆਪਣੇ ਘਰਦਿਆਂ ਨੂੰ ਜਵਾਬ ਦੇ ਸਕੇ ਹੋਣੇ। ਜੇ ਅੱਜ ਵੀ ਸਾਡੇ ਭੈਣਾਂ-ਭਰਾਵਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਤਾਂ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਕਿ ਉਹ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਵਰਤ ਕੇ ਕਿਵੇਂ ਆਪਣੇ ਵਿਸ਼ਵਾਸਾਂ ਬਾਰੇ ਦਲੀਲਾਂ ਦੇ ਸਕਦੇ ਹਨ। ਨਾਲੇ ਜੇ ਸਾਡੇ ਨੌਜਵਾਨ ਭੈਣਾਂ-ਭਰਾਵਾਂ ਦਾ ਦਿਨ-ਤਿਉਹਾਰ ਜਾਂ ਜਨਮ-ਦਿਨ ਨਾ ਮਨਾਉਣ ਕਰਕੇ ਮਜ਼ਾਕ ਉਡਾਇਆ ਜਾਂਦਾ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 44 ਵਿਚ ਦਿੱਤੀ ਜਾਣਕਾਰੀ ਵਰਤ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਸਮਝਾ ਸਕਣ।

ਇਕ ਮਾਂ ਤੇ ਉਸ ਦੀ ਕੁੜੀ ਦਾ ਘਰ ਸੜ ਕੇ ਸੁਆਹ ਹੋ ਗਿਆ ਹੈ ਅਤੇ ਇਕ ਜੋੜਾ ਉਨ੍ਹਾਂ ਦੀ ਮਦਦ ਕਰਦਾ ਹੋਇਆ।

ਅਸੀਂ ਪੌਲੁਸ ਦੀ ਰੀਸ ਕਰ ਕੇ ਦੂਜਿਆਂ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? (ਪੈਰੇ 14 ਦੇਖੋ)c

14. ਚਾਹੇ ਪੌਲੁਸ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਬਹੁਤ ਰੁੱਝਿਆ ਰਹਿੰਦਾ ਸੀ, ਫਿਰ ਵੀ ਉਹ ਹਮੇਸ਼ਾ ਕੀ ਕਰਦਾ ਸੀ?

14 ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਚੰਗੇ ਕੰਮ” ਕਰ ਕੇ ਦੂਜਿਆਂ ਲਈ ਆਪਣਾ ਪਿਆਰ ਜ਼ਾਹਰ ਕਰਨ। (ਇਬ. 10:24) ਪੌਲੁਸ ਨੇ ਸਿਰਫ਼ ਗੱਲੀਂ-ਬਾਤੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਦਾਹਰਣ ਲਈ, ਜਦੋਂ ਯਹੂਦਿਯਾ ਵਿਚ ਕਾਲ਼ ਪਿਆ, ਤਾਂ ਪੌਲੁਸ ਉੱਥੇ ਦੇ ਭੈਣਾਂ-ਭਰਾਵਾਂ ਲਈ ਰਾਹਤ ਦਾ ਸਮਾਨ ਲੈ ਕੇ ਗਿਆ ਸੀ। (ਰਸੂ. 11:27-30) ਚਾਹੇ ਪੌਲੁਸ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਬਹੁਤ ਰੁੱਝਿਆ ਰਹਿੰਦਾ ਸੀ, ਫਿਰ ਵੀ ਉਹ ਹਮੇਸ਼ਾ ਦੇਖਦਾ ਸੀ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰ ਸਕਦਾ ਸੀ। (ਗਲਾ. 2:10) ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹੇਗਾ। ਕੋਈ ਵੀ ਆਫ਼ਤ ਆਉਣ ʼਤੇ ਜਦੋਂ ਅਸੀਂ ਰਾਹਤ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਆਪਣਾ ਸਮਾਂ, ਤਾਕਤ ਤੇ ਹੁਨਰ ਵਰਤਦੇ ਹਾਂ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਦੇ ਹਾਂ। ਅਸੀਂ ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਕੇ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਆਪਣੇ ਭੈਣਾਂ-ਭਰਾਵਾਂ ਦਾ ਇਸ ਗੱਲ ʼਤੇ ਭਰੋਸਾ ਵਧਾ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਨਹੀਂ ਛੱਡੇਗਾ।

ਅਸੀਂ ਪੌਲੁਸ ਦੀ ਰੀਸ ਕਰ ਕੇ ਦੂਜਿਆਂ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? (ਪੈਰੇ 15-16 ਦੇਖੋ)d

15-16. ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਗਈ ਹੈ?

15 ਪੌਲੁਸ ਨੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਹਾਰ ਨਹੀਂ ਮੰਨੀ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਗਈ ਸੀ। ਉਸ ਨੇ ਉਨ੍ਹਾਂ ਨੂੰ ਹਮਦਰਦੀ ਦਿਖਾਈ ਅਤੇ ਉਨ੍ਹਾਂ ਨਾਲ ਪਿਆਰ ਨਾਲ ਤੇ ਚੰਗੇ ਤਰੀਕੇ ਨਾਲ ਗੱਲ ਕੀਤੀ। (ਇਬ. 6:9; 10:39) ਉਦਾਹਰਣ ਲਈ, ਇਬਰਾਨੀਆਂ ਨੂੰ ਚਿੱਠੀ ਲਿਖਦਿਆਂ ਉਸ ਨੇ “ਅਸੀਂ” ਵਰਗੇ ਸ਼ਬਦ ਇਸਤੇਮਾਲ ਕੀਤੇ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਜੋ ਸਲਾਹ ਉਹ ਦੂਜਿਆਂ ਨੂੰ ਦੇ ਰਿਹਾ ਸੀ, ਉਹ ਸਲਾਹ ਉਹ ਖ਼ੁਦ ʼਤੇ ਵੀ ਲਾਗੂ ਕਰ ਰਿਹਾ ਸੀ। (ਇਬ. 2:1, 3) ਪੌਲੁਸ ਵਾਂਗ ਅਸੀਂ ਵੀ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਹਾਰ ਨਹੀਂ ਮੰਨਾਂਗੇ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਗਈ ਹੈ, ਸਗੋਂ ਉਨ੍ਹਾਂ ਨੂੰ ਮਜ਼ਬੂਤ ਕਰਾਂਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਵਿਚ ਦਿਲਚਸਪੀ ਲਈਏ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਵਾਂਗੇ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਜੇ ਅਸੀਂ ਉਨ੍ਹਾਂ ਨਾਲ ਪਿਆਰ ਨਾਲ ਅਤੇ ਸਹੀ ਲਹਿਜੇ ਨਾਲ ਗੱਲ ਕਰਾਂਗੇ, ਤਾਂ ਉਨ੍ਹਾਂ ਦਾ ਹੌਸਲਾ ਵਧ ਸਕਦਾ ਹੈ।

16 ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਜੋ ਕੰਮ ਕੀਤੇ ਸਨ, ਉਹ ਉਨ੍ਹਾਂ ਨੂੰ ਭੁੱਲਿਆ ਨਹੀਂ ਸੀ। (ਇਬ. 10:32-34) ਜੇ ਅਸੀਂ ਵੀ ਦੇਖਦੇ ਹਾਂ ਕਿ ਕਿਸੇ ਭੈਣ-ਭਰਾ ਦੀ ਨਿਹਚਾ ਕਮਜ਼ੋਰ ਪੈ ਗਈ ਹੈ, ਤਾਂ ਅਸੀਂ ਵੀ ਪੌਲੁਸ ਵਾਂਗ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਸ਼ਾਇਦ ਉਨ੍ਹਾਂ ਨੂੰ ਪੁੱਛ ਸਕਦੇ ਹਾਂ ਕਿ ਉਹ ਸੱਚਾਈ ਵਿਚ ਕਿਵੇਂ ਆਏ ਜਾਂ ਫਿਰ ਕਿਹੜੇ ਮੌਕਿਆਂ ʼਤੇ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ। ਇੱਦਾਂ ਕਰ ਕੇ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਦੇ ਉਹ ਸਾਰੇ ਕੰਮ ਭੁੱਲਿਆ ਨਹੀਂ ਹੈ ਜੋ ਉਨ੍ਹਾਂ ਨੇ ਉਸ ਨਾਲ ਪਿਆਰ ਹੋਣ ਕਰਕੇ ਕੀਤੇ ਸਨ। ਨਾਲੇ ਯਹੋਵਾਹ ਅੱਗੇ ਵੀ ਉਨ੍ਹਾਂ ਦਾ ਸਾਥ ਕਦੇ ਨਹੀਂ ਛੱਡੇਗਾ। (ਇਬ. 6:10; 13:5, 6) ਅਜਿਹੀ ਗੱਲਬਾਤ ਕਰ ਕੇ ਅਸੀਂ ਆਪਣੇ ਪਿਆਰੇ ਭੈਣਾਂ-ਭਰਾਵਾਂ ਦੇ ਦਿਲਾਂ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਫਿਰ ਤੋਂ ਜਗਾ ਸਕਦੇ ਹਾਂ।

“ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ”

17. ਸਾਨੂੰ ਆਪਣੇ ਕਿਹੜੇ ਹੁਨਰ ਨਿਖਾਰਦੇ ਰਹਿਣਾ ਚਾਹੀਦਾ ਹੈ?

17 ਜਿਸ ਤਰ੍ਹਾਂ ਉਸਾਰੀ ਦਾ ਕੰਮ ਕਰਨ ਵਾਲੇ ਸਮੇਂ ਦੇ ਬੀਤਣ ਨਾਲ ਆਪਣੇ ਹੁਨਰ ਨੂੰ ਨਿਖਾਰਦੇ ਰਹਿੰਦੇ ਹਨ, ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਆਪਣੇ ਹੁਨਰ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਵਰਤ ਸਕਦੇ ਹਾਂ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਵਫ਼ਾਦਾਰੀ ਨਾਲ ਮੁਸ਼ਕਲਾਂ ਝੱਲੀਆਂ ਸਨ। ਅਸੀਂ ਖੁੱਲ੍ਹ ਕੇ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਬਾਰੇ ਗੱਲ ਕਰ ਕੇ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਜਦੋਂ ਸਾਡੀ ਰਾਇ ਦੂਜਿਆਂ ਨਾਲੋਂ ਵੱਖਰੀ ਹੋਣ ਕਰਕੇ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੁੰਦਾ ਹੈ, ਤਾਂ ਅਸੀਂ ਅੜੇ ਰਹਿਣ ਦੀ ਬਜਾਇ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਜਾਂ ਫਿਰ ਕਿਸੇ ਨਾਲ ਅਣਬਣ ਹੋਣ ਤੇ ਅਸੀਂ ਉਸ ਨੂੰ ਮਾਫ਼ ਕਰ ਕੇ ਦੁਬਾਰਾ ਸ਼ਾਂਤੀ ਕਾਇਮ ਕਰ ਸਕਦੇ ਹਾਂ। ਅਸੀਂ ਭੈਣਾਂ-ਭਰਾਵਾਂ ਦੀ ਨਿਹਚਾ ਪੱਕੀ ਕਰਦੇ ਰਹਿ ਸਕਦੇ ਹਾਂ ਜਦੋਂ ਅਸੀਂ ਉਨ੍ਹਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰਦੇ ਹਾਂ, ਲੋੜ ਵੇਲੇ ਉਨ੍ਹਾਂ ਦੀ ਮਦਦ ਕਰਦੇ ਹਾਂ ਅਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਪੈਣ ʼਤੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਾਂ।

18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

18 ਭਗਤੀ ਦੀਆਂ ਥਾਵਾਂ ਦੀ ਉਸਾਰੀ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਆਪਣੇ ਕੰਮ ਤੋਂ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਉਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰ ਕੇ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਜਿਨ੍ਹਾਂ ਇਮਾਰਤਾਂ ਦੀ ਅਸੀਂ ਉਸਾਰੀ ਕਰਦੇ ਹਾਂ, ਉਹ ਇਕ ਦਿਨ ਢਹਿ ਜਾਣਗੀਆਂ। ਪਰ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਦੇ ਫ਼ਾਇਦੇ ਹਮੇਸ਼ਾ ਤਕ ਰਹਿਣਗੇ! ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹਾਂਗੇ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹਾਂਗੇ।’​—1 ਥੱਸ. 5:11.

ਤੁਸੀਂ ਕੀ ਜਵਾਬ ਦਿਓਗੇ?

  • ਤੁਸੀਂ ਮੁਸ਼ਕਲਾਂ ਝੱਲਣ ਵਿਚ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?

  • ਤੁਸੀਂ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖਣ ਲਈ ਕੀ ਕਰ ਸਕਦੇ ਹੋ?

  • ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਗਈ ਹੈ?

ਗੀਤ 101 ਏਕਤਾ ਬਣਾਈ ਰੱਖੋ

a ਅੱਜ ਦੀ ਇਸ ਦੁਨੀਆਂ ਵਿਚ ਜ਼ਿੰਦਗੀ ਜੀਉਣੀ ਬਹੁਤ ਔਖੀ ਹੈ। ਸਾਡੇ ਮਸੀਹੀ ਭੈਣ-ਭਰਾ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਹੇ ਹਨ। ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਬਰਕਤ ਸਾਬਤ ਹੋ ਸਕਦੇ ਹਾਂ ਜੇ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਉਨ੍ਹਾਂ ਨੂੰ ਹੌਸਲਾ ਦੇਵਾਂਗੇ। ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰਨ ਨਾਲ ਇੱਦਾਂ ਕਰਨ ਵਿਚ ਸਾਡੀ ਮਦਦ ਹੋ ਸਕਦੀ ਹੈ।

b ਤਸਵੀਰ ਬਾਰੇ ਜਾਣਕਾਰੀ: ਇਕ ਪਿਤਾ ਆਪਣੀ ਬੇਟੀ ਨੂੰ ਦੱਸਦਾ ਹੋਇਆ ਕਿ ਉਹ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੇ ਸੁਝਾਅ ਵਰਤ ਕੇ ਕਿਵੇਂ ਦੱਸ ਸਕਦੀ ਹੈ ਕਿ ਉਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੀ।

c ਤਸਵੀਰ ਬਾਰੇ ਜਾਣਕਾਰੀ: ਇਕ ਜੋੜਾ ਆਪਣੇ ਦੇਸ਼ ਦੇ ਦੂਸਰੇ ਹਿੱਸੇ ਵਿਚ ਜਾ ਕੇ ਰਾਹਤ ਕੰਮ ਵਿਚ ਹੱਥ ਵਟਾਉਂਦਾ ਹੋਇਆ।

d ਤਸਵੀਰ ਬਾਰੇ ਜਾਣਕਾਰੀ: ਇਕ ਬਜ਼ੁਰਗ ਉਸ ਭਰਾ ਨੂੰ ਮਿਲਣ ਗਿਆ ਹੈ ਜਿਸ ਦੀ ਨਿਹਚਾ ਕਮਜ਼ੋਰ ਪੈ ਗਈ ਹੈ। ਇਹ ਬਜ਼ੁਰਗ ਉਸ ਭਰਾ ਨੂੰ ਪਾਇਨੀਅਰ ਸੇਵਾ ਸਕੂਲ ਦੀਆਂ ਫੋਟੋਆਂ ਦਿਖਾਉਂਦਾ ਹੋਇਆ ਜਿਸ ਵਿਚ ਉਹ ਦੋਵੇਂ ਕਈ ਸਾਲ ਪਹਿਲਾਂ ਇਕੱਠੇ ਹਾਜ਼ਰ ਹੋਏ ਸਨ। ਤਸਵੀਰਾਂ ਦੇਖ ਕੇ ਉਨ੍ਹਾਂ ਦੀਆਂ ਉਹ ਸਾਰੀਆਂ ਪੁਰਾਣੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਉਹ ਭਰਾ ਫਿਰ ਤੋਂ ਯਹੋਵਾਹ ਦੀ ਸੇਵਾ ਕਰ ਕੇ ਉਹ ਖ਼ੁਸ਼ੀ ਹਾਸਲ ਕਰਨੀ ਚਾਹੁੰਦਾ ਹੈ। ਸਮੇਂ ਦੇ ਬੀਤਣ ਨਾਲ ਉਹ ਮੰਡਲੀ ਵਿਚ ਵਾਪਸ ਆ ਜਾਂਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ