ਮਰੀਅਮ ਮਗਦਲੀਨੀ ਕੌਣ ਸੀ?
ਬਾਈਬਲ ਕਹਿੰਦੀ ਹੈ
ਮਰੀਅਮ ਮਗਦਲੀਨੀ ਯਿਸੂ ਮਸੀਹ ਦੇ ਵਫ਼ਾਦਾਰ ਚੇਲਿਆਂ ਵਿੱਚੋਂ ਇਕ ਸੀ। ਲੱਗਦਾ ਹੈ ਕਿ ਉਸ ਦਾ ਮਗਦਲੀਨੀ ਨਾਂ ਮਗਦਲਾ (ਸ਼ਾਇਦ ਮਗਦਾਨ) ਸ਼ਹਿਰ ਤੋਂ ਪਿਆ ਸੀ ਜੋ ਗਲੀਲ ਦੀ ਝੀਲ ਦੇ ਨੇੜੇ ਸੀ। ਸ਼ਾਇਦ ਮਰੀਅਮ ਇਕ ਸਮੇਂ ਤੇ ਉੱਥੇ ਰਹਿੰਦੀ ਸੀ।
ਮਰੀਅਮ ਮਗਦਲੀਨੀ ਉਨ੍ਹਾਂ ਕਈ ਔਰਤਾਂ ਵਿੱਚੋਂ ਸੀ ਜੋ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਸਫ਼ਰ ਕਰਦੀਆਂ ਸਨ ਅਤੇ ਪੈਸਿਆਂ ਨਾਲ ਉਨ੍ਹਾਂ ਦੀ ਸੇਵਾ ਕਰਦੀਆਂ ਸਨ। (ਲੂਕਾ 8:1-3) ਉਸ ਨੇ ਆਪਣੀ ਅੱਖੀਂ ਯਿਸੂ ਨੂੰ ਮਰਦਿਆਂ ਦੇਖਿਆ ਸੀ ਅਤੇ ਉਸ ਨੇ ਹੀ ਸਭ ਤੋਂ ਪਹਿਲਾਂ ਦੁਬਾਰਾ ਜੀਉਂਦੇ ਹੋਏ ਯਿਸੂ ਨੂੰ ਦੇਖਿਆ ਸੀ।—ਮਰਕੁਸ 15:40; ਯੂਹੰਨਾ 20:11-18.
ਕੀ ਮਰੀਅਮ ਮਗਦਲੀਨੀ ਇਕ ਵੇਸਵਾ ਸੀ?
ਬਾਈਬਲ ਇਹ ਨਹੀਂ ਕਹਿੰਦੀ ਕਿ ਮਰੀਅਮ ਮਗਦਲੀਨੀ ਇਕ ਵੇਸਵਾ ਸੀ। ਬਾਈਬਲ ਵਿਚ ਉਸ ਦੇ ਪਿਛੋਕੜ ਬਾਰੇ ਸਿਰਫ਼ ਇੰਨਾ ਹੀ ਦੱਸਿਆ ਗਿਆ ਹੈ ਕਿ ਯਿਸੂ ਨੇ ਉਸ ਵਿੱਚੋਂ ਸੱਤ ਦੁਸ਼ਟ ਦੂਤਾਂ ਨੂੰ ਕੱਢਿਆ ਸੀ।—ਲੂਕਾ 8:2.
ਕਈ ਲੋਕ ਕਿਉਂ ਮੰਨਦੇ ਹਨ ਕਿ ਮਰੀਅਮ ਮਗਦਲੀਨੀ ਇਕ ਵੇਸਵਾ ਸੀ? ਉਸ ਦੀ ਮੌਤ ਤੋਂ ਸਦੀਆਂ ਬਾਅਦ ਕੁਝ ਲੋਕ ਦਾਅਵਾ ਕਰਨ ਲੱਗੇ ਕਿ ਮਰੀਅਮ ਮਗਦਲੀਨੀ ਉਹੀ ਔਰਤ (ਸ਼ਾਇਦ ਇਕ ਵੇਸਵਾ) ਸੀ ਜਿਸ ਨੇ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਧੋਤੇ ਸਨ ਅਤੇ ਆਪਣੇ ਵਾਲ਼ਾਂ ਨਾਲ ਪੂੰਝੇ ਸਨ। (ਲੂਕਾ 7:36-38) ਪਰ ਬਾਈਬਲ ਵਿਚ ਇਸ ਗੱਲ ਦਾ ਕੋਈ ਆਧਾਰ ਨਹੀਂ ਹੈ।
ਕੀ ਮਰੀਅਮ ਮਗਦਲੀਨੀ “ਰਸੂਲਾਂ ਲਈ ਰਸੂਲ” ਸੀ?
ਨਹੀਂ। ਮਰੀਅਮ ਨੂੰ ਕੈਥੋਲਿਕ ਚਰਚ “ਸੰਤ ਮਰੀਅਮ ਮਗਦਲੀਨੀ” ਅਤੇ “ਰਸੂਲਾਂ ਲਈ ਰਸੂਲ” ਮੰਨਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਉਸ ਨੇ ਹੀ ਰਸੂਲਾਂ ਨੂੰ ਖ਼ਬਰ ਸੁਣਾਈ ਸੀ ਕਿ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ। (ਯੂਹੰਨਾ 20:18) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਰਸੂਲ ਸੀ ਅਤੇ ਨਾ ਹੀ ਬਾਈਬਲ ਵਿਚ ਕਿਤੇ ਉਸ ਨੂੰ ਰਸੂਲ ਕਿਹਾ ਗਿਆ ਹੈ।—ਲੂਕਾ 6:12-16.
ਪਹਿਲੀ ਸਦੀ ਦੇ ਅਖ਼ੀਰ ਵਿਚ ਬਾਈਬਲ ਲਿਖਣ ਦਾ ਕੰਮ ਪੂਰਾ ਹੋ ਗਿਆ ਸੀ। ਚਰਚ ਦੇ ਅਧਿਕਾਰੀਆਂ ਨੇ ਛੇਵੀਂ ਸਦੀ ਵਿਚ ਮਰੀਅਮ ਮਗਦਲੀਨੀ ਨੂੰ “ਸੰਤ” ਦਾ ਦਰਜਾ ਦੇ ਦਿੱਤਾ। ਦੂਜੀ ਅਤੇ ਤੀਜੀ ਸਦੀ ਦੀਆਂ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਯਿਸੂ ਦੇ ਕੁਝ ਰਸੂਲ ਮਰੀਅਮ ਮਗਦਲੀਨੀ ਨਾਲ ਈਰਖਾ ਕਰਦੇ ਸਨ। ਪਰ ਇਹ ਲਿਖਤਾਂ ਬਾਈਬਲ ਦਾ ਹਿੱਸਾ ਨਹੀਂ ਹਨ। ਬਾਈਬਲ ਇਹੋ ਜਿਹੀਆਂ ਮਨਘੜਤ ਕਹਾਣੀਆਂ ਦਾ ਬਿਲਕੁਲ ਸਮਰਥਨ ਨਹੀਂ ਕਰਦੀ।
ਕੀ ਮਰੀਅਮ ਮਗਦਲੀਨੀ ਯਿਸੂ ਮਸੀਹ ਦੀ ਪਤਨੀ ਸੀ?
ਨਹੀਂ। ਦਰਅਸਲ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਿਸੂ ਨੇ ਕਦੇ ਵਿਆਹ ਨਹੀਂ ਕਰਾਇਆ।a
a “ਕੀ ਯਿਸੂ ਵਿਆਹਿਆ ਹੋਇਆ ਸੀ? ਕੀ ਉਸ ਦੇ ਭੈਣ-ਭਰਾ ਸਨ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।