ਖ਼ਬਰਦਾਰ ਰਹੋ!
ਯੂਕਰੇਨ ਵਿਚ ਹੋ ਰਹੇ ਯੁੱਧ ਵਿਚ ਧਰਮਾਂ ਦਾ ਹੱਥ—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਗੌਰ ਕਰੋ ਕਿ ਯੂਕਰੇਨ ਦੇ ਯੁੱਧ ਬਾਰੇ ਮੰਨੇ-ਪ੍ਰਮੰਨੇ ਧਾਰਮਿਕ ਆਗੂਆਂ ਦੇ ਕੀ ਵਿਚਾਰ ਹਨ:
‘ਰੂਸ ਦੇ ਆਰਥੋਡਾਕਸ ਚਰਚ ਦੇ ਮੁਖੀ ਪੈਟਰੀਆਰਕ ਕਿਰੀਲ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੀ ਨਿੰਦਿਆ ਨਹੀਂ ਕੀਤੀ। ਉਸ ਦੇ ਚਰਚ ਨੇ ਯੂਕਰੇਨ ਖ਼ਿਲਾਫ਼ ਗ਼ਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਚਲਾਈ ਅਤੇ ਇਸੇ ਜਾਣਕਾਰੀ ਦੇ ਆਧਾਰ ʼਤੇ ਪੂਤਿਨ ਨੇ ਯੂਕਰੇਨ ਉੱਤੇ ਹਮਲੇ ਨੂੰ ਸਹੀ ਠਹਿਰਾਇਆ।’—ਈਯੂਆਬਜਰਵਰ, 7 ਮਾਰਚ 2022.
‘ਯੂਕਰੇਨ ʼਤੇ ਹਮਲੇ ਨੂੰ ਸਹੀ ਠਹਿਰਾਉਂਦੇ ਹੋਏ ਪੈਟਰੀਆਰਕ ਕਿਰੀਲ ਨੇ ਸਾਫ਼-ਸਾਫ਼ ਕਿਹਾ ਕਿ ਇਹ ਯੁੱਧ ਪਾਪ ਦੇ ਖ਼ਿਲਾਫ਼ ਲੜਿਆ ਜਾ ਰਿਹਾ ਹੈ।’—ਏਪੀ ਨਿਊਜ਼, 8 ਮਾਰਚ 2022.
‘ਯੂਕਰੇਨ ਦੇ ਕੀਵ ਸ਼ਹਿਰ ਵਿਚ ਆਰਥੋਡਾਕਸ ਚਰਚ ਦੇ ਲੀਡਰ ਮੈਟਰੋਪੋਲੀਟਨ ਏਪੀਫਾਨੀਅਸ ਪਹਿਲੇ ਨੇ ਸੋਮਵਾਰ ਨੂੰ ਰੂਸ ਖ਼ਿਲਾਫ਼ ਲੜਨ ਵਾਲੇ ਲੋਕਾਂ ਨੂੰ ਅਸੀਸ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਰੂਸ ਦੇ ਫ਼ੌਜੀਆਂ ਨੂੰ ਮਾਰਨਾ ਕੋਈ ਪਾਪ ਨਹੀਂ ਹੈ।’—ਜਰੂਸ਼ਲਮ ਪੋਸਟ, 16 ਮਾਰਚ 2022.
‘ਅਸੀਂ ਯੂਕਰੇਨੀ ਫ਼ੌਜ ਅਤੇ ਉਨ੍ਹਾਂ ਲੋਕਾਂ ਦੇ ਨਾਲ ਹਾਂ ਜੋ ਦੇਸ਼ ਦੀ ਰਾਖੀ ਲਈ ਲੜ ਰਹੇ ਹਨ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯੂਕਰੇਨ ਆਪਣੇ ਦੁਸ਼ਮਣਾਂ ਖ਼ਿਲਾਫ਼ ਲੜਾਈ ਵਿਚ ਸਫ਼ਲ ਹੋਵੇ ਅਤੇ ਅਸੀਂ ਉਨ੍ਹਾਂ ਨੂੰ ਅਸੀਸ ਦਿੰਦੇ ਹਾਂ।’—ਯੂਕਰੇਨੀਅਨ ਕੌਂਸਲ ਆਫ਼ ਚਰਚਜ਼ ਐਂਡ ਰਿਲੀਜ਼ਅਸ ਔਰਗਨਾਇਜੇਸ਼ਨ (UCCRO)a ਦਾ ਬਿਆਨ, 24 ਫਰਵਰੀ 2022.
ਤੁਹਾਡੀ ਇਸ ਬਾਰੇ ਕੀ ਰਾਇ ਹੈ? ਜਿਹੜੇ ਧਰਮ ਯਿਸੂ ਮਸੀਹ ਨੂੰ ਮੰਨਣ ਦਾ ਦਾਅਵਾ ਕਰਦੇ ਹਨ, ਕੀ ਉਨ੍ਹਾਂ ਨੂੰ ਲੋਕਾਂ ਨੂੰ ਯੁੱਧਾਂ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਯੁੱਧਾਂ ਵਿਚ ਧਰਮਾਂ ਦਾ ਹੱਥ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਕ ਪਾਸੇ ਤਾਂ ਧਰਮ ਸ਼ਾਂਤੀ ਕਾਇਮ ਕਰਨ ਦਾ ਪਖੰਡ ਕਰਦੇ ਹਨ, ਪਰ ਦੂਜੇ ਪਾਸੇ ਉਹ ਅਕਸਰ ਯੁੱਧਾਂ ਨੂੰ ਸਹੀ ਤੇ ਜਾਇਜ਼ ਠਹਿਰਾਉਂਦੇ ਹਨ, ਇੱਥੋਂ ਤਕ ਕਿ ਉਹ ਲੋਕਾਂ ਨੂੰ ਯੁੱਧ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਕਈ ਦਹਾਕਿਆਂ ਤੋਂ ਯਹੋਵਾਹ ਦੇ ਗਵਾਹਾਂ ਨੇ ਧਰਮਾਂ ਦੇ ਇਸ ਪਖੰਡ ਦਾ ਪਰਦਾਫ਼ਾਸ਼ ਕੀਤਾ ਹੈ।
ਕੀ ਮਸੀਹੀਆਂ ਨੂੰ ਯੁੱਧਾਂ ਦਾ ਸਮਰਥਨ ਕਰਨਾ ਚਾਹੀਦਾ ਹੈ?
ਯਿਸੂ ਨੇ ਸਿਖਾਇਆ ਸੀ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ।”—ਮੱਤੀ 5:44-47.
ਗੌਰ ਕਰੋ: ਜੇ ਧਰਮ ਲੋਕਾਂ ਨੂੰ ਯੁੱਧਾਂ ਵਿਚ ਦੂਜਿਆਂ ਨੂੰ ਮਾਰਨ ਦੀ ਹੱਲਾਸ਼ੇਰੀ ਦਿੰਦੇ ਹਨ, ਤਾਂ ਕੀ ਉਹ ਇਹ ਦਾਅਵਾ ਕਰ ਸਕਦੇ ਹਨ ਕਿ ਉਹ ਯਿਸੂ ਵੱਲੋਂ ਦਿੱਤੇ ਹੁਕਮਾਂ ਨੂੰ ਮੰਨ ਰਹੇ ਹਨ? ਇਸ ਦਾ ਜਵਾਬ ਜਾਣਨ ਲਈ “ਵੈਰੀਆਂ ਨਾਲ ਪਿਆਰ—ਕੀ ਇਹ ਮੁਮਕਿਨ ਹੈ?” ਨਾਂ ਦਾ ਲੇਖ ਪੜ੍ਹੋ।
ਯਿਸੂ ਨੇ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ।” (ਯੂਹੰਨਾ 18:36) “ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।”—ਮੱਤੀ 26:47-52.
ਗੌਰ ਕਰੋ: ਜੇ ਮਸੀਹੀਆਂ ਨੇ ਯਿਸੂ ਦੀ ਰਾਖੀ ਕਰਨ ਲਈ ਵੀ ਨਹੀਂ ਲੜਨਾ ਸੀ, ਤਾਂ ਫਿਰ ਕੀ ਉਨ੍ਹਾਂ ਨੂੰ ਹੋਰ ਕਿਸੇ ਕਾਰਨ ਕਰਕੇ ਹਥਿਆਰ ਚੁੱਕਣੇ ਚਾਹੀਦੇ ਹਨ? “ਕੀ ਸੱਚੇ ਮਸੀਹੀਆਂ ਲਈ ਯੁੱਧ ਕਰਨਾ ਸਹੀ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ ਅਤੇ ਜਾਣੋ ਕਿ ਅੱਜ ਤੋਂ 2,000 ਸਾਲ ਪਹਿਲਾਂ ਦੇ ਮਸੀਹੀਆਂ ਨੇ ਕਿਵੇਂ ਯਿਸੂ ਦੀ ਰੀਸ ਕੀਤੀ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਮੰਨਿਆ।
ਯੁੱਧਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਧਰਮਾਂ ਨਾਲ ਕੀ ਹੋਵੇਗਾ?
ਬਾਈਬਲ ਦੱਸਦੀ ਹੈ ਕਿ ਰੱਬ ਉਨ੍ਹਾਂ ਧਰਮਾਂ ਨਾਲ ਨਫ਼ਰਤ ਕਰਦਾ ਹੈ ਜੋ ਯਿਸੂ ਦੇ ਚੇਲੇ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉਸ ਦੀਆਂ ਸਿੱਖਿਆਵਾਂ ʼਤੇ ਨਹੀਂ ਚੱਲਦੇ।—ਮੱਤੀ 7:21-23; ਤੀਤੁਸ 1:16.
ਬਾਈਬਲ ਵਿਚ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਰੱਬ ਅਜਿਹੇ ਧਰਮਾਂ ਨੂੰ ਉਨ੍ਹਾਂ ਲੋਕਾਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਠਹਿਰਾਉਂਦਾ ਹੈ “ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।” (ਪ੍ਰਕਾਸ਼ ਦੀ ਕਿਤਾਬ 18:21, 24) ਰੱਬ ਉਨ੍ਹਾਂ ਨੂੰ ਜ਼ਿੰਮੇਵਾਰ ਕਿਉਂ ਠਹਿਰਾਉਂਦਾ ਹੈ, ਇਸ ਦਾ ਜਵਾਬ ਜਾਣਨ ਲਈ “ਮਹਾਂ ਬਾਬਲ ਕੀ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਯਿਸੂ ਨੇ ਕਿਹਾ ਸੀ ਕਿ “ਚੰਗਾ ਫਲ ਨਾ ਦੇਣ ਵਾਲੇ ਹਰ ਦਰਖ਼ਤ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਂਦਾ ਹੈ।” ਉਸੇ ਤਰ੍ਹਾਂ ਬੁਰੇ ਕੰਮਾਂ ਕਰਕੇ ਉਨ੍ਹਾਂ ਸਾਰੇ ਧਰਮਾਂ ਦਾ ਨਾਸ਼ ਕਰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਰੱਬ ਕਬੂਲ ਨਹੀਂ ਕਰਦਾ। (ਮੱਤੀ 7:15-20) “ਧਰਮਾਂ ਤੇ ਰੱਬੀ ਕਹਿਰ” ਨਾਂ ਦਾ ਲੇਖ ਪੜ੍ਹ ਕੇ ਜਾਣੋ ਕਿ ਇਹ ਕਿਵੇਂ ਹੋਵੇਗਾ।
Photo credits, left to right: Photo by Sefa Karacan/Anadolu Agency/Getty Images; Maxym Marusenko/NurPhoto via Getty Images
a ਯੂਕਰੇਨੀਅਨ ਕੌਂਸਲ ਆਫ਼ ਚਰਚਿਸ ਐਂਡ ਰਿਲੀਜ਼ੀਅਸ ਆਰਗਨਾਈਜੇਸ਼ਨ ਵਿਚ 15 ਚਰਚ ਅਤੇ ਹੋਰ ਧਾਰਮਿਕ ਸੰਗਠਨ ਸ਼ਾਮਲ ਹਨ। ਇਸ ਵਿਚ ਆਰਥੋਡਾਕਸ, ਗ੍ਰੀਕ, ਰੋਮਨ ਕੈਥੋਲਿਕ, ਪ੍ਰੋਟੈਸਟੈਂਟ, ਇਵੈਂਜਲੀਕਲ ਚਰਚਾਂ ਦੇ ਪ੍ਰਤਿਨਿਧੀ ਅਤੇ ਯਹੂਦੀਆਂ ਤੇ ਮੁਸਲਮਾਨਾਂ ਦੇ ਪ੍ਰਤਿਨਿਧੀ ਹਨ।