Imagination World/stock.adobe.com
ਰੱਬ ਦੇ ਬਚਨ ਤੋਂ ਸ਼ਰਨਾਰਥੀਆਂ ਲਈ ਉਮੀਦ
ਹਰ ਸਾਲ ਲੱਖਾਂ ਹੀ ਲੋਕਾਂ ਨੂੰ ਮਜਬੂਰਨ ਆਪਣੇ ਘਰ ਛੱਡ ਕੇ ਭੱਜਣਾ ਪੈਂਦਾ ਹੈ। ਕੀ ਤੁਸੀਂ ਵੀ ਇੱਦਾਂ ਦੇ ਦੁਖਦਾਈ ਹਾਲਾਤਾਂ ਵਿੱਚੋਂ ਲੰਘ ਰਹੇ ਹੋ? ਜੇ ਹਾਂ, ਤਾਂ ਯਕੀਨ ਰੱਖੋ ਕਿ ਰੱਬ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਉਹ ਇਕ ਵਧੀਆ ਭਵਿੱਖ ਦੀ ਉਮੀਦ ਦਿੰਦਾ ਹੈ ਜਿਸ ਬਾਰੇ ਤੁਸੀਂ ਉਸ ਦੇ ਬਚਨ ਵਿੱਚੋਂ ਜਾਣ ਸਕਦੇ ਹੋ।
‘ਸ਼ਰਨਾਰਥੀਆਂa ਨੂੰ ਸਿਰਫ਼ ਉਦੋਂ ਹੀ ਮਦਦ ਦੀ ਲੋੜ ਨਹੀਂ ਹੁੰਦੀ ਜਦੋਂ ਉਨ੍ਹਾਂ ਨੂੰ ਭੱਜਣਾ ਪੈਂਦਾ ਹੈ, ਸਗੋਂ ਉਨ੍ਹਾਂ ਨੂੰ ਭਵਿੱਖ ਲਈ ਵੀ ਇਕ ਉਮੀਦ ਦੀ ਲੋੜ ਹੁੰਦੀ ਹੈ।ʼ ਇਹ ਗੱਲ ਯੂਰਪੀ ਸੰਘ ਦੇ ਕਮਿਸ਼ਨਰ ਕਰਿਸਟੋਸ ਸਟਾਈਲਿਆਨੀਡਸb ਨੇ ਕਹੀ। ਜਿਨ੍ਹਾਂ ਲੋਕਾਂ ਕੋਲ ਉਮੀਦ ਹੁੰਦੀ ਹੈ, ਉਹ ਆਪਣੇ ਭਵਿੱਖ ਲਈ ਵਧੀਆ ਨਜ਼ਰੀਆ ਰੱਖ ਪਾਉਂਦੇ ਹਨ। ਪਰ ਸ਼ਰਨਾਰਥੀਆਂ ਨੂੰ ਉਮੀਦ ਦੇ ਨਾਲ-ਨਾਲ ਦਿਲਾਸੇ ਦੀ ਵੀ ਲੋੜ ਹੁੰਦੀ ਹੈ ਤਾਂਕਿ ਉਹ ਆਪਣੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜ ਸਕਣ।
“ਜਦੋਂ ਮੈਨੂੰ ਆਪਣਾ ਦੇਸ਼ ਤੇ ਪਰਿਵਾਰ ਛੱਡ ਕੇ ਭੱਜਣਾ ਪਿਆ, ਤਾਂ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਮੈਂ ਆਪਣੇ ਆਪ ਨੂੰ ਕਦੇ ਇੰਨਾ ਇਕੱਲਾ ਮਹਿਸੂਸ ਨਹੀਂ ਸੀ ਕੀਤਾ। ਮੈਨੂੰ ਡਰ ਲੱਗਾ ਰਹਿੰਦਾ ਸੀ, ਮੈਂ ਉਦਾਸ ਰਹਿੰਦਾ ਸੀ ਅਤੇ ਮੈਨੂੰ ਚਿੰਤਾ ਸਤਾਉਂਦੀ ਸੀ।”—ਈਮਾਨੂਐਲ, ਹੈਤੀ।
ਕੀ ਤੁਸੀਂ ਵੀ ਈਮਾਨੂਐਲ ਵਾਂਗ ਮਹਿਸੂਸ ਕਰਦੇ ਹੋ? ਜੇ ਤੁਹਾਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ ਹੈ, ਤਾਂ ਤੁਹਾਨੂੰ ਦਿਲਾਸੇ ਅਤੇ ਉਮੀਦ ਦੀ ਲੋੜ ਹੈ। ਰੱਬ ਦਾ ਬਚਨ ਬਾਈਬਲ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹੈ?
ਰੱਬ ਦਾ ਬਚਨ ਦਿਲਾਸਾ ਦਿੰਦਾ ਹੈ
ਬਾਈਬਲ ਕਹਿੰਦੀ ਹੈ: “ਯਹੋਵਾਹc . . . ਪਰਦੇਸੀਆਂ ਨੂੰ ਪਿਆਰ ਕਰਦਾ ਹੈ।”—ਬਿਵਸਥਾ ਸਾਰ 10:17, 18.
ਇਸ ਦਾ ਮਤਲਬ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਬਾਈਬਲ ਦਾ ਲਿਖਾਰੀ ਯਹੋਵਾਹ ਪਰਮੇਸ਼ੁਰ ਤੁਹਾਡੇ ਹਾਲਾਤਾਂ ਨੂੰ ਸਮਝਦਾ ਹੈ, ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੀ ਬਹੁਤ ਪਰਵਾਹ ਕਰਦਾ ਹੈ।
ਬਾਈਬਲ ਕਹਿੰਦੀ ਹੈ: “ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।”—ਜ਼ਬੂਰ 145:18.
ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਯਹੋਵਾਹ ਤੁਹਾਡੀ ਸੁਣਦਾ ਹੈ। ਉਹ ਤੁਹਾਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ। ਨਾਲੇ ਉਹ ਬਾਈਬਲ ਰਾਹੀਂ ਤੁਹਾਨੂੰ ਸਮਝ ਵੀ ਦਿੰਦਾ ਹੈ ਤਾਂਕਿ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਰ ਸਕੋ।
ਬਾਈਬਲ ਕਹਿੰਦੀ ਹੈ: “ਇਹ ਹੋ ਹੀ ਨਹੀਂ ਸਕਦਾ ਕਿ ਸੱਚਾ ਪਰਮੇਸ਼ੁਰ ਦੁਸ਼ਟ ਕੰਮ ਕਰੇ . . . ਸਰਬਸ਼ਕਤੀਮਾਨ ਅਨਿਆਂ ਨਹੀਂ ਕਰਦਾ।”—ਅੱਯੂਬ 34:10, 12.
ਇਸ ਦਾ ਮਤਲਬ ਹੈ ਕਿ ਰੱਬ ਤੁਹਾਡੇ ʼਤੇ ਦੁੱਖ ਨਹੀਂ ਲਿਆਉਂਦਾ। ਉਹ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਲਿਆ ਕੇ ਨਾ ਤਾਂ ਤੁਹਾਨੂੰ ਸਜ਼ਾ ਦਿੰਦਾ ਹੈ ਅਤੇ ਨਾ ਹੀ ਤੁਹਾਨੂੰ ਪਰਖਦਾ ਹੈ।
ਰੱਬ ਦਾ ਬਚਨ ਉਮੀਦ ਦਿੰਦਾ ਹੈ
ਬਾਈਬਲ ਦੱਸਦੀ ਹੈ ਕਿ ਰੱਬ ਸਾਡੇ ਲਈ ਭਵਿੱਖ ਵਿਚ ਕੀ ਕਰੇਗਾ। ਗੌਰ ਕਰੋ ਕਿ ਇਸ ਉਮੀਦ ਨਾਲ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਹੋ ਰਹੀ ਹੈ ਜਿਨ੍ਹਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ ਹੈ।
ਬਾਈਬਲ ਕਹਿੰਦੀ ਹੈ: “[ਰੱਬ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:4.
ਇਸ ਦਾ ਮਤਲਬ ਹੈ ਕਿ ਸਾਨੂੰ ਸਾਡੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ। ਰੱਬ ਵਾਅਦਾ ਕਰਦਾ ਹੈ ਕਿ ਉਹ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਰਕੇ ਸਾਨੂੰ ਆਪਣੀ ਜ਼ਿੰਦਗੀ ਵਿਚ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ।
“ਅੱਜ ਸਾਡੇ ਆਲੇ-ਦੁਆਲੇ ਜੋ ਅਨਿਆਂ ਅਤੇ ਬੁਰੀਆਂ ਘਟਨਾਵਾਂ ਵਾਪਰ ਰਹੀਆਂ ਹਨ, ਰੱਬ ਉਨ੍ਹਾਂ ਨੂੰ ਛੇਤੀ ਹੀ ਖ਼ਤਮ ਕਰ ਦੇਵੇਗਾ। ਇਸ ਉਮੀਦ ਕਰਕੇ ਮੈਂ ਆਪਣਾ ਧਿਆਨ ਉਸ ਦਿਨ ʼਤੇ ਲਾ ਪਾਉਂਦੀ ਹਾਂ ਜਦੋਂ ਸਾਰੇ ਦੁੱਖਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।”—ਕਾਰਲਾ, ਐਲ ਸੈਲਵੇਡਾਰ।
ਬਾਈਬਲ ਕਹਿੰਦੀ ਹੈ: “ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।”—ਯਸਾਯਾਹ 65:17.
ਇਸ ਦਾ ਮਤਲਬ ਹੈ ਕਿ ਬੁਰੀਆਂ ਯਾਦਾਂ ਸਾਨੂੰ ਹਮੇਸ਼ਾ ਨਹੀਂ ਸਤਾਉਣਗੀਆਂ। ਤੁਹਾਡੇ ਨਾਲ ਜੋ ਵੀ ਬੁਰਾ ਹੋਇਆ ਹੈ, ਉਸ ਬਾਰੇ ਰੱਬ ਵਾਅਦਾ ਕਰਦਾ ਹੈ ਕਿ ਉਸ ਦੀਆਂ ਬੁਰੀਆਂ ਯਾਦਾਂ ਤੁਹਾਨੂੰ ਹਮੇਸ਼ਾ ਲਈ ਨਹੀਂ ਸਤਾਉਣਗੀਆਂ।
“ਬਾਈਬਲ ਵਾਅਦਾ ਕਰਦੀ ਹੈ ਕਿ ਸਾਨੂੰ ਉਹ ਦੁੱਖ ਫਿਰ ਕਦੀ ਵੀ ਚੇਤੇ ਨਹੀਂ ਆਵੇਗਾ ਜੋ ਸਾਨੂੰ ਆਪਣਾ ਘਰ-ਬਾਰ ਛੱਡਣ ਵੇਲੇ ਹੋਇਆ ਸੀ। ਇਹ ਉਮੀਦ ਮੈਨੂੰ ਆਪਣੇ ਅੱਜ ਦੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੀ ਹੈ ਕਿਉਂਕਿ ਮੈਂ ਜਾਣਦੀ ਹਾਂ ਕਿ ਬਹੁਤ ਜਲਦੀ ਸਾਰਾ ਕੁਝ ਬਦਲ ਜਾਵੇਗਾ।”— ਨਤਾਲਿਆ, ਯੂਕਰੇਨ।
ਬਾਈਬਲ ਕਹਿੰਦੀ ਹੈ: “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ . . . ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ।”—ਦਾਨੀਏਲ 2:44.
ਇਸ ਦਾ ਮਤਲਬ ਹੈ ਕਿ ਧਰਤੀ ਉੱਤੇ ਸਵਰਗ ਤੋਂ ਇਕ ਸਰਕਾਰ ਹਕੂਮਤ ਕਰੇਗੀ। ਰੱਬ ਦੀ ਸਰਕਾਰ ਸਾਰੀਆਂ ਹਕੂਮਤਾਂ ਦੀ ਜਗ੍ਹਾ ਲੈ ਲਵੇਗੀ ਅਤੇ ਉਹ ਸਵਰਗ ਤੋਂ ਰਾਜ ਕਰੇਗੀ। ਇਹ ਸਰਕਾਰ ਸ਼ਾਂਤੀ ਅਤੇ ਸੁਰੱਖਿਆ ਲਿਆਵੇਗੀ। ਇਸ ਸਰਕਾਰ ਵਿਚ ਸਾਰਿਆਂ ਨਾਲ ਨਿਆਂ ਕੀਤਾ ਜਾਵੇਗਾ ਅਤੇ ਸਾਰੇ ਖ਼ੁਸ਼ਹਾਲ ਹੋਣਗੇ।—ਮੀਕਾਹ 4:3, 4.
“ਅੱਜ ਸ਼ਰਨਾਰਥੀ ਅਤਿਆਚਾਰ, ਪੱਖਪਾਤ ਤੇ ਨਸਲਵਾਦ ਦੇ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਮੈਨੂੰ ਇਹ ਜਾਣ ਕੇ ਬਹੁਤ ਹਿੰਮਤ ਮਿਲਦੀ ਹੈ ਕਿ ਯਹੋਵਾਹ ਦਾ ਰਾਜ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਬਹੁਤ ਜਲਦੀ ਖ਼ਤਮ ਕਰ ਦੇਵੇਗਾ।”— ਮੁਸਤਫਾ, ਮੱਧ ਪੂਰਬ।
ਬਾਈਬਲ ਵਿਚ ਦਿੱਤੇ ਉਮੀਦ ਦੇ ਸੰਦੇਸ਼ ਤੋਂ ਦਿਲਾਸਾ ਪਾਓ
ਰੱਬ ਦਾ ਬਚਨ ਸਮਝ ਦਿੰਦਾ ਹੈ
ਜਿੱਦਾਂ-ਜਿੱਦਾਂ ਤੁਸੀਂ ਆਪਣੇ ਦੁਖਦਾਈ ਹਾਲਾਤਾਂ ਨੂੰ ਸਮਝਦੇ ਤੇ ਇਨ੍ਹਾਂ ਨੂੰ ਕਬੂਲ ਕਰਦੇ ਹੋ, ਉੱਦਾਂ-ਉੱਦਾਂ ਬਾਈਬਲ ਦੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ। ਨਾਲੇ ਇਸ ਦੀ ਮਦਦ ਨਾਲ ਤੁਹਾਨੂੰ ਆਪਣੇ ਮੌਜੂਦਾ ਹਾਲਾਤਾਂ ਦਾ ਵੀ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ, ਜਿਵੇਂ ਕਿ ਸ਼ਾਇਦ ਹੁਣ ਤੁਹਾਡੇ ਕੋਲ ਕੁਝ ਵੀ ਨਾ ਹੋਵੇ। ਗੌਰ ਕਰੋ ਕਿ ਅੱਗੇ ਦਿੱਤੇ ਅਸੂਲਾਂ ਦੀ ਮਦਦ ਨਾਲ ਸ਼ਰਨਾਰਥੀਆਂ ਨੂੰ ਕੀ ਫ਼ਾਇਦਾ ਹੋ ਰਿਹਾ ਹੈ:
ਬਾਈਬਲ ਕਹਿੰਦੀ ਹੈ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”—ਲੂਕਾ 12:15.
ਇਸ ਵਧੀਆ ਸਲਾਹ ਨਾਲ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ: ਜਦੋਂ ਤੁਹਾਨੂੰ ਆਪਣਾ ਘਰ-ਬਾਰ ਛੱਡ ਕੇ ਭੱਜਣਾ ਪਿਆ, ਤਾਂ ਤੁਹਾਨੂੰ ਜ਼ਰੂਰ ਸਦਮਾ ਲੱਗਾ ਹੋਣਾ ਤੇ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਹੋਣੇ। ਪਰ ਜੇ ਤੁਸੀਂ ਥੋੜ੍ਹਾ ਰੁਕ ਕੇ ਸੋਚੋ ਕਿ ਤੁਹਾਡੀ ਜ਼ਿੰਦਗੀ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਕੀਮਤੀ ਹੈ, ਤਾਂ ਸ਼ਾਇਦ ਤੁਸੀਂ ਪਿੱਛੇ ਛੱਡੀਆਂ ਚੀਜ਼ਾਂ ਬਾਰੇ ਸੋਚ-ਸੋਚ ਕੇ ਨਿਰਾਸ਼ ਨਾ ਹੋਵੋ।
“ਜ਼ਿੰਦਗੀ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਕੁਝ ਹਾਲਾਤਾਂ ਵਿਚ ਤਾਂ ਪੈਸਾ ਜਾਂ ਚੀਜ਼ਾਂ ਤੁਹਾਡੀ ਬਿਲਕੁਲ ਵੀ ਮਦਦ ਨਹੀਂ ਕਰ ਸਕਦੀਆਂ।”—ਨਤਾਲਿਆ, ਯੂਕਰੇਨ।
ਬਾਈਬਲ ਕਹਿੰਦੀ ਹੈ: “ਇਹ ਨਾ ਕਹਿ, ‘ਬੀਤ ਚੁੱਕਾ ਸਮਾਂ ਅੱਜ ਨਾਲੋਂ ਚੰਗਾ ਸੀ।’”—ਉਪਦੇਸ਼ਕ ਦੀ ਕਿਤਾਬ 7:10.
ਇਸ ਵਧੀਆ ਸਲਾਹ ਨਾਲ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ: ਹੋ ਸਕਦਾ ਹੈ ਕਿ ਤੁਹਾਡੇ ਅੱਜ ਦੇ ਹਾਲਾਤ ਬਹੁਤ ਔਖੇ ਹੋਣ, ਪਰ ਇਨ੍ਹਾਂ ਦੀ ਤੁਲਨਾ ਆਪਣੇ ਪਿਛਲੇ ਹਾਲਾਤਾਂ ਨਾਲ ਨਾ ਕਰੋ। ਕਿਉਂ? ਕਿਉਂਕਿ ਇੱਦਾਂ ਕਰਨ ਨਾਲ ਤੁਹਾਡੇ ਦਿਲ ਵਿਚ ਗੁੱਸਾ ਆ ਸਕਦਾ ਹੈ।
“ਆਪਣੇ ਮੌਜੂਦਾ ਹਾਲਾਤਾਂ ਨੂੰ ਕਬੂਲ ਕਰਨ ਕਰਕੇ ਮੈਂ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖ ਪਾਉਂਦਾ ਹਾਂ।”—ਈਲਾਈ, ਰਵਾਂਡਾ।
ਬਾਈਬਲ ਕਹਿੰਦੀ ਹੈ: “ਜੇ ਸਾਡੇ ਕੋਲ ਰੋਟੀ ਅਤੇ ਕੱਪੜਾ ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।”—1 ਤਿਮੋਥਿਉਸ 6:8.
ਇਸ ਵਧੀਆ ਸਲਾਹ ਨਾਲ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ: ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨਾਲ ਸੰਤੁਸ਼ਟ ਰਹਿਣ ਦੀ ਕੋਸ਼ਿਸ਼ ਕਰੋ। ਸੰਤੁਸ਼ਟ ਰਹਿਣ ਨਾਲ ਤੁਹਾਨੂੰ ਘੱਟ ਤਣਾਅ ਹੋਵੇਗਾ ਅਤੇ ਤੁਸੀਂ ਸ਼ਾਂਤ ਰਹਿ ਸਕੋਗੇ।
“ਬਾਈਬਲ ਦੀ ਮਦਦ ਨਾਲ ਮੈਂ ਹਾਲਾਤਾਂ ਨੂੰ ਇਕ ਅਲੱਗ ਨਜ਼ਰੀਏ ਤੋਂ ਦੇਖ ਸਕਦਾ ਹਾਂ। ਅਸੀਂ ਜੋ ਵੀ ਗੁਆਇਆ ਹੈ, ਉਸ ਵੱਲ ਅਸੀਂ ਧਿਆਨ ਨਹੀਂ ਲਾਉਂਦੇ। ਮੈਂ ਤੇ ਮੇਰੀ ਪਤਨੀ ਖ਼ੁਸ਼ ਹਾਂ ਕਿ ਅਸੀਂ ਜੀਉਂਦੇ ਹਾਂ ਅਤੇ ਇਕ ਸੁਰੱਖਿਅਤ ਜਗ੍ਹਾ ʼਤੇ ਹਾਂ।”— ਈਵਾਨ, ਯੂਕਰੇਨ।
ਬਾਈਬਲ ਕਹਿੰਦੀ ਹੈ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਮੱਤੀ 7:12.
ਇਸ ਵਧੀਆ ਸਲਾਹ ਨਾਲ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ: ਜੇ ਤੁਸੀਂ ਦੂਸਰਿਆਂ ਨਾਲ ਧੀਰਜ ਤੇ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰੋਗੇ, ਤਾਂ ਤੁਹਾਡੀ ਦੂਸਰਿਆਂ ਨਾਲ ਵਧੀਆ ਬਣੇਗੀ। ਜੇ ਤੁਸੀਂ ਇੱਦਾਂ ਕਰੋ, ਤਾਂ ਸ਼ਾਇਦ ਦੂਸਰੇ ਤੁਹਾਡੇ ਨਾਲ ਪੱਖਪਾਤ ਨਾ ਕਰਨ ਤੇ ਤੁਹਾਨੂੰ ਕਬੂਲ ਕਰ ਲੈਣ।
“ਜਦੋਂ ਤੁਸੀਂ ਦੂਜਿਆਂ ਨਾਲ ਪਿਆਰ, ਦਇਆ ਤੇ ਆਦਰ ਨਾਲ ਪੇਸ਼ ਆਉਂਦੇ ਹੋ, ਤਾਂ ਜ਼ਿਆਦਾਤਰ ਲੋਕ ਇਸ ਦੀ ਕਦਰ ਕਰਦੇ ਹਨ। ਇਨ੍ਹਾਂ ਗੁਣਾਂ ਦੀ ਮਦਦ ਨਾਲ ਤੁਸੀਂ ਉਨ੍ਹਾਂ ਲੋਕਾਂ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹੋ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ।”— ਏਂਜਲੋ, ਸ਼੍ਰੀ ਲੰਕਾ।
ਬਾਈਬਲ ਕਹਿੰਦੀ ਹੈ: ‘ਹਰ ਗੱਲ ਬਾਰੇ ਪਰਮੇਸ਼ੁਰ ਨੂੰ ਬੇਨਤੀ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’—ਫ਼ਿਲਿੱਪੀਆਂ 4:6, 7.
ਇਸ ਵਧੀਆ ਸਲਾਹ ਨਾਲ ਤੁਸੀਂ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ: ਰੱਬ ਨੂੰ ਆਪਣੀਆਂ ਭਾਵਨਾਵਾਂ, ਲੋੜਾਂ, ਡਰ ਅਤੇ ਚਿੰਤਾਵਾਂ ਬਾਰੇ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰ ਕੇ ਤੁਸੀਂ ਤਣਾਅ ਤੋਂ ਰਾਹਤ ਮਹਿਸੂਸ ਕਰੋਗੇ ਅਤੇ ਆਪਣੇ ਹਾਲਾਤਾਂ ਬਾਰੇ ਹੱਦੋਂ ਵੱਧ ਚਿੰਤਾ ਕਰਨ ਤੋਂ ਬਚੋਗੇ।
“ਮੁਸ਼ਕਲਾਂ ਦੌਰਾਨ ਮੈਂ ਰੱਬ ਨੂੰ ਪ੍ਰਾਰਥਨਾ ਕਰਦਾ ਹਾਂ ਤੇ ਉਹ ਮੈਨੂੰ ਜਵਾਬ ਦਿੰਦਾ ਹੈ। ਬਾਈਬਲ ਵਿੱਚੋਂ ਮੈਂ ਜੋ ਵੀ ਸਿੱਖਿਆ ਹੈ, ਉਸ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ।”— ਯੋਲ, ਦੱਖਣੀ ਸੂਡਾਨ।
“ਬਾਈਬਲ ਦੀ ਇਸ ਵਧੀਆ ਸਲਾਹ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ ਅਤੇ ਇਸ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਮੈਨੂੰ ਇਸ ਦੀ ਹੀ ਲੋੜ ਹੈ।”— ਵੈਲਨਟੀਨਾ, ਯੂਕਰੇਨ।
“ਮੈਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਭਵਿੱਖ ਵਿਚ ਸਾਡੀ ਜ਼ਿੰਦਗੀ ਵਧੀਆ ਹੋਵੇਗੀ।”—ਈਮਾਨੂਐਲ, ਹੈਤੀ
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਵਿਚ ਕਿਹੜੇ ਵਾਅਦੇ ਕੀਤੇ ਗਏ ਹਨ ਜਿਨ੍ਹਾਂ ਤੋਂ ਸਾਨੂੰ ਦਿਲਾਸਾ ਅਤੇ ਉਮੀਦ ਮਿਲਦੀ ਹੈ? ਨਾਲੇ ਤੁਸੀਂ ਇਨ੍ਹਾਂ ਵਾਅਦਿਆਂ ʼਤੇ ਕਿਉਂ ਯਕੀਨ ਕਰ ਸਕਦੇ ਹੋ? ਜੇ ਹਾਂ, ਤਾਂ ਇਹ ਫਾਰਮ ਭਰੋ। ਇਸ ਲਈ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਣਗੇ। ਯਹੋਵਾਹ ਦੇ ਗਵਾਹ ਆ ਕੇ ਤੁਹਾਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।
a ਯੂ. ਐੱਨ. ਰਫਿਊਜੀ ਏਜੰਸੀ ਅਜਿਹੇ ਲੋਕਾਂ ਨੂੰ ਵੀ ਸ਼ਰਨਾਰਥੀਆਂ ਵਿਚ ਸ਼ਾਮਲ ਕਰਦੀ ਹੈ ਜਿਨ੍ਹਾਂ ਨੂੰ ਆਪਣੇ ਦੇਸ਼ ਵਿਚ ਕਿਸੇ ਹੋਰ ਇਲਾਕੇ ਵਿਚ ਭੱਜਣਾ ਪਿਆ ਜਾਂ ਕਿਸੇ ਹੋਰ ਦੇਸ਼ ਵਿਚ ਭੱਜਣਾ ਪਿਆ, ਪਰ ਸ਼ਾਇਦ ਉਨ੍ਹਾਂ ਨੂੰ ਕਾਨੂੰਨੀ ਤੌਰ ʼਤੇ ਸ਼ਰਨਾਰਥੀ ਬਣਨ ਦੇ ਯੋਗ ਨਹੀਂ ਮੰਨਿਆ ਜਾਂਦਾ।
b ਯੂਰਪੀ ਯੂਨੀਅਨ ਦੇ ਮਨੁੱਖੀ ਸਹਾਇਤਾ ਅਤੇ ਸੰਕਟ ਪ੍ਰਬੰਧਨ ਲਈ ਕਮਿਸ਼ਨਰ
c ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।