ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਾਈਬਲ—ਕੀ ਵਾਕਈ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੀ ਗਈ ਹੈ?
    ਜਾਗਰੂਕ ਬਣੋ!—2017 | ਨੰ. 2
    • ਮੁੱਖ ਪੰਨੇ ਤੋਂ | ਕੀ ਬਾਈਬਲ ਵਾਕਈ ਰੱਬ ਵੱਲੋਂ ਹੈ?

      ਬਾਈਬਲ ਕੀ ਵਾਕਈ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੀ ਗਈ ਹੈ?

      ਕੀ ਤੁਸੀਂ ਮੰਨਦੇ ਹੋ ਕਿ ਬਾਈਬਲ ਰੱਬ ਵੱਲੋਂ ਹੈ? ਜਾਂ ਕੀ ਤੁਸੀਂ ਸੋਚਦੇ ਹੋ ਕਿ ਇਸ ਵਿਚ ਸਿਰਫ਼ ਇਨਸਾਨਾਂ ਦੇ ਹੀ ਵਿਚਾਰ ਹਨ?

      ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਵੀ ਇਸ ʼਤੇ ਬਹਿਸ ਕਰਦੇ ਹਨ। ਮਿਸਾਲ ਲਈ, 2014 ਵਿਚ ਅਮਰੀਕਾ ਵਿਚ ਕੀਤੇ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਚਰਚ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ “ਬਾਈਬਲ ਕਿਸੇ-ਨਾ-ਕਿਸੇ ਤਰੀਕੇ ਨਾਲ ਤਾਂ ਪਰਮੇਸ਼ੁਰ ਵੱਲੋਂ ਹੈ।” ਦੂਜੇ ਪਾਸੇ, ਪੰਜ ਵਿੱਚੋਂ ਇਕ ਜਣੇ ਨੇ ਕਿਹਾ ਕਿ ਬਾਈਬਲ “ਪੁਰਾਣੀਆਂ ਕਥਾ-ਕਹਾਣੀਆਂ, ਇਤਿਹਾਸ ਜਾਂ ਇਨਸਾਨਾਂ ਦੀਆਂ ਸਿੱਖਿਆਵਾਂ” ਦੀ ਕਿਤਾਬ ਹੈ। ਇਸ ਕਰਕੇ ਬਾਈਬਲ ਬਾਰੇ ਇਹ ਮਸਲਾ ਖੜ੍ਹਾ ਹੋਇਆ ਹੈ ਕਿ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੇ ਜਾਣ ਦਾ ਕੀ ਮਤਲਬ ਹੈ।​—2 ਤਿਮੋਥਿਉਸ 3:16.

      “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ”​—ਇਸ ਦਾ ਕੀ ਮਤਲਬ ਹੈ?

      ਬਾਈਬਲ ਵਿਚ 66 ਛੋਟੀਆਂ ਕਿਤਾਬਾਂ ਹਨ ਅਤੇ ਬਾਈਬਲ ਨੂੰ ਲਿਖਣ ਲਈ ਲਗਭਗ 1,600 ਸਾਲ ਲੱਗੇ। ਇਸ ਨੂੰ ਲਗਭਗ 40 ਆਦਮੀਆਂ ਨੇ ਲਿਖਿਆ। ਪਰ ਜੇ ਬਾਈਬਲ ਨੂੰ ਆਦਮੀਆਂ ਨੇ ਲਿਖਿਆ ਹੈ, ਤਾਂ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸ ਨੂੰ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖਿਆ ਗਿਆ ਹੈ? “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੇ ਜਾਣ ਦਾ ਮਤਲਬ ਹੈ ਕਿ ਇਸ ਵਿਚ ਦਿੱਤੀ ਜਾਣਕਾਰੀ ਰੱਬ ਵੱਲੋਂ ਹੈ। ਬਾਈਬਲ ਦੱਸਦੀ ਹੈ: “ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।” (2 ਪਤਰਸ 1:21) ਦੂਜੇ ਸ਼ਬਦਾਂ ਵਿਚ, ਰੱਬ ਨੇ ਆਪਣੀ ਤਾਕਤ ਯਾਨੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣਾ ਸੰਦੇਸ਼ ਬਾਈਬਲ ਦੇ ਲਿਖਾਰੀਆਂ ਤਕ ਪਹੁੰਚਾਇਆ। ਇਸ ਦੀ ਤੁਲਨਾ ਕਾਰੋਬਾਰ ਕਰਨ ਵਾਲੇ ਆਦਮੀ ਨਾਲ ਕੀਤੀ ਜਾ ਸਕਦੀ ਹੈ ਜੋ ਆਪਣੇ ਸੈਕਟਰੀ ਤੋਂ ਚਿੱਠੀ ਲਿਖਵਾਉਂਦਾ ਹੈ। ਭਾਵੇਂ ਕਿ ਚਿੱਠੀ ਸੈਕਟਰੀ ਨੇ ਲਿਖੀ, ਪਰ ਗੱਲਾਂ ਉਸ ਦੀਆਂ ਹਨ ਜਿਸ ਨੇ ਚਿੱਠੀ ਲਿਖਵਾਈ ਹੈ।

      ਕੁਝ ਬਾਈਬਲ ਲਿਖਾਰੀਆਂ ਨੂੰ ਰੱਬ ਨੇ ਦੂਤਾਂ ਰਾਹੀਂ ਸੰਦੇਸ਼ ਸੁਣਾਏ। ਹੋਰਾਂ ਨੂੰ ਰੱਬ ਨੇ ਸੁਪਨਿਆਂ ਰਾਹੀਂ ਸੰਦੇਸ਼ ਦਿੱਤੇ। ਕਈਆਂ ਨੂੰ ਰੱਬ ਨੇ ਦਰਸ਼ਣ ਦਿਖਾਏ। ਕਈ ਵਾਰ ਰੱਬ ਨੇ ਇਨ੍ਹਾਂ ਵਿਚਾਰਾਂ ਨੂੰ ਲਿਖਾਰੀਆਂ ਨੂੰ ਆਪਣੇ ਸ਼ਬਦਾਂ ਵਿਚ ਲਿਖਣ ਦਿੱਤਾ, ਪਰ ਕਈ ਵਾਰ ਉਸ ਨੇ ਇਕ-ਇਕ ਸ਼ਬਦ ਬੋਲ ਕੇ ਲਿਖਵਾਇਆ। ਜੋ ਵੀ ਹੋਵੇ, ਇਨਸਾਨਾਂ ਨੇ ਆਪਣੇ ਵਿਚਾਰ ਨਹੀਂ, ਸਗੋਂ ਰੱਬ ਦੇ ਵਿਚਾਰ ਲਿਖੇ ਸਨ।

      ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਰੱਬ ਨੇ ਹੀ ਬਾਈਬਲ ਦੇ ਲਿਖਾਰੀਆਂ ਨੂੰ ਪ੍ਰੇਰਿਆ ਸੀ? ਆਓ ਆਪਾਂ ਤਿੰਨ ਸਬੂਤਾਂ ʼਤੇ ਗੌਰ ਕਰੀਏ ਜਿਸ ਕਰਕੇ ਸਾਡਾ ਭਰੋਸਾ ਵਧੇਗਾ ਕਿ ਬਾਈਬਲ ਰੱਬ ਨੇ ਹੀ ਲਿਖਵਾਈ ਹੈ।

  • ਬਾਈਬਲ—ਹਰ ਪੱਖੋਂ ਸਹੀ
    ਜਾਗਰੂਕ ਬਣੋ!—2017 | ਨੰ. 2
    • ਮੁੱਖ ਪੰਨੇ ਤੋਂ | ਕੀ ਬਾਈਬਲ ਵਾਕਈ ਰੱਬ ਵੱਲੋਂ ਹੈ?

      ਬਾਈਬਲ​—ਹਰ ਪੱਖੋਂ ਸਹੀ

      ਵਿਗਿਆਨਕ ਤੌਰ ਤੇ ਸਹੀ

      ਭਾਵੇਂ ਬਾਈਬਲ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਇਸ ਵਿਚ ਕੁਦਰਤੀ ਚੀਜ਼ਾਂ ਬਾਰੇ ਦੱਸੀਆਂ ਗੱਲਾਂ ਸਹੀ ਹਨ। ਮੌਸਮ-ਵਿਗਿਆਨ ਅਤੇ ਜਨੈਟਿਕਸ ਨਾਲ ਸੰਬੰਧਿਤ ਮਿਸਾਲਾਂ ʼਤੇ ਗੌਰ ਕਰੋ।

      ਮੌਸਮ-ਵਿਗਿਆਨ​—ਮੀਂਹ ਕਿਵੇਂ ਬਣਦਾ ਹੈ?

      ਬਾਈਬਲ ਦੱਸਦੀ ਹੈ: “[ਰੱਬ] ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ, ਜਿਨ੍ਹਾਂ ਨੂੰ ਬੱਦਲ ਡੋਹਲਦੇ ਹਨ, ਅਤੇ ਓਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ।”​—ਅੱਯੂਬ 36:27, 28.

      ਇੱਥੇ ਬਾਈਬਲ ਪਾਣੀ ਦੇ ਚੱਕਰ ਦੀਆਂ ਤਿੰਨ ਖ਼ਾਸ ਗੱਲਾਂ ਦੱਸਦੀ ਹੈ। ਸੂਰਜ ਨੂੰ ਬਣਾਉਣ ਵਾਲਾ ਰੱਬ “ਪਾਣੀ ਦੀਆਂ ਬੂੰਦਾਂ ਉਤਾਹਾਂ” (1) ਭਾਫ਼ ਬਣਾ ਕੇ ਖਿੱਚਦਾ ਹੈ। ਫਿਰ ਭਾਫ਼ ਨਾਲ (2) ਬੱਦਲ ਬਣਦੇ ਹਨ। ਇਸ ਤੋਂ ਬਾਅਦ, ਇਹ ਪਾਣੀ (3) ਮੀਂਹ ਦੇ ਰੂਪ ਵਿਚ ਜਾਂ ਕਿਸੇ ਹੋਰ ਰੂਪ ਵਿਚ ਜ਼ਮੀਨ ʼਤੇ ਡਿੱਗਦਾ ਹੈ। ਮੌਸਮ-ਵਿਗਿਆਨੀ ਅਜੇ ਤਕ ਵੀ ਮੀਂਹ ਪੈਣ ਦੇ ਸਾਰੇ ਚੱਕਰ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ। ਬਾਈਬਲ ਦੱਸਦੀ ਹੈ: “ਭਲਾ, ਕੋਈ ਘਟਾਂ ਦਾ ਫੈਲਾਓ ਸਮਝ ਸੱਕਦਾ ਹੈ?” (ਅੱਯੂਬ 36:29) ਪਰ ਸਿਰਜਣਹਾਰ ਮੀਂਹ ਦੇ ਚੱਕਰ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਸ ਨੇ ਇਕ ਆਦਮੀ ਨੂੰ ਬਾਈਬਲ ਵਿਚ ਮੀਂਹ ਬਾਰੇ ਸਹੀ-ਸਹੀ ਲਿਖਣ ਲਈ ਪ੍ਰੇਰਿਆ। ਨਾਲੇ ਉਸ ਨੇ ਇਹ ਗੱਲ ਵਿਗਿਆਨੀਆਂ ਦੇ ਸਮਝਾਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਲਿਖਵਾ ਦਿੱਤੀ ਸੀ।

      ਜਨੈਟਿਕਸ​—ਕੁੱਖ ਵਿਚ ਭਰੂਣ ਦਾ ਵਿਕਾਸ

      ਬਾਈਬਲ ਦੇ ਲਿਖਾਰੀ ਰਾਜਾ ਦਾਊਦ ਨੇ ਰੱਬ ਨੂੰ ਕਿਹਾ: ‘ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।’ (ਜ਼ਬੂਰਾਂ ਦੀ ਪੋਥੀ 139:16) ਦਾਊਦ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ਕੁੱਖ ਵਿਚ ਇਕ ਭਰੂਣ ਦਾ ਵਿਕਾਸ “ਪੋਥੀ” ਵਿਚ ਪਹਿਲਾਂ ਹੀ ਲਿਖੀਆਂ ਗਈਆਂ ਗੱਲਾਂ ਅਨੁਸਾਰ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਜਾਣਕਾਰੀ ਲਗਭਗ 3,000 ਸਾਲ ਪਹਿਲਾਂ ਲਿਖੀ ਗਈ ਸੀ!

      ਪਰ ਲਗਭਗ 1860 ਵਿਚ ਆਸਟ੍ਰੀਆ ਦੇ ਬਨਸਪਤੀ-ਵਿਗਿਆਨੀ, ਗ੍ਰੈਗਰ ਮੈਂਡਲ, ਨੇ ਜਨੈਟਿਕਸ ਦੇ ਨਿਯਮਾਂ ਦੀ ਖੋਜ ਕੀਤੀ ਸੀ। ਅਪ੍ਰੈਲ 2003 ਵਿਚ ਖੋਜਕਾਰਾਂ ਨੇ ਮਨੁੱਖੀ ਜੀਨੋਮ (ਡੀ. ਐੱਨ. ਏ.) ਦੀ ਤਰਤੀਬ ਸੰਬੰਧੀ ਆਪਣੀ ਖੋਜ ਖ਼ਤਮ ਕੀਤੀ। ਇਸ ਵਿਚ ਉਹ ਸਾਰੀ ਜਾਣਕਾਰੀ ਹੁੰਦੀ ਹੈ ਜਿਸ ਅਨੁਸਾਰ ਇਨਸਾਨੀ ਸਰੀਰ ਵਧਦਾ ਹੈ। ਵਿਗਿਆਨੀ ਇਸ ਜਨੈਟਿਕ ਕੋਡ ਨੂੰ ਇਕ ਸ਼ਬਦ-ਕੋਸ਼ ਵਾਂਗ ਮੰਨਦੇ ਹਨ ਜਿਸ ਵਿਚ ਵਰਣਮਾਲਾ ਦੇ ਅੱਖਰਾਂ ਤੋਂ ਬਣੇ ਸ਼ਬਦਾਂ ਨੂੰ ਸਿਲਸਿਲੇਵਾਰ ਲਿਖਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਤੋਂ ਜਨੈਟਿਕਸ ਦੀ ਜਾਣਕਾਰੀ ਮਿਲਦੀ ਹੈ। ਇਸ ਜਾਣਕਾਰੀ ਦੇ ਆਧਾਰ ʼਤੇ ਭਰੂਣ ਦੇ ਅੰਗ, ਜਿਵੇਂ ਦਿਮਾਗ਼, ਦਿਲ, ਫੇਫੜੇ ਅਤੇ ਲੱਤਾਂ-ਬਾਹਾਂ, ਸਿਲਸਿਲੇਵਾਰ ਅਤੇ ਬਿਲਕੁਲ ਸਹੀ ਸਮੇਂ ʼਤੇ ਬਣਦੇ ਹਨ। ਇਸੇ ਕਰਕੇ ਵਿਗਿਆਨੀਆਂ ਨੇ ਜੀਨੋਮ ਨੂੰ “ਜ਼ਿੰਦਗੀ ਦੀ ਕਿਤਾਬ” ਨਾਂ ਦਿੱਤਾ ਹੈ। ਬਾਈਬਲ ਦਾ ਲਿਖਾਰੀ ਦਾਊਦ ਸਾਰਾ ਕੁਝ ਸਹੀ-ਸਹੀ ਕਿਵੇਂ ਲਿਖ ਸਕਿਆ? ਉਸ ਨੇ ਕਿਹਾ: ‘ਯਹੋਵਾਹ ਦੀ ਸ਼ਕਤੀ ਮੇਰੇ ਵਿੱਚੋਂ ਬੋਲੀ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।’a​—2 ਸਮੂਏਲ 23:2.

      ਭਵਿੱਖ ਬਾਰੇ ਸਹੀ-ਸਹੀ ਜਾਣਕਾਰੀ

      ਇਹ ਕੋਈ ਨਹੀਂ ਜਾਣ ਸਕਦਾ ਕਿ ਕੋਈ ਰਾਜ ਜਾਂ ਸ਼ਹਿਰ ਕਦੋਂ, ਕਿਵੇਂ ਅਤੇ ਕਿਸ ਹੱਦ ਤਕ ਰਾਜ ਕਰੇਗਾ ਜਾਂ ਤਬਾਹ ਹੋ ਜਾਵੇਗਾ। ਪਰ ਬਾਈਬਲ ਵਿਚ ਪਹਿਲਾਂ ਹੀ ਸ਼ਕਤੀਸ਼ਾਲੀ ਰਾਜਾਂ ਅਤੇ ਸ਼ਹਿਰਾਂ ਦੀ ਤਬਾਹੀ ਬਾਰੇ ਖੁੱਲ੍ਹ ਕੇ ਦੱਸਿਆ ਗਿਆ ਸੀ। ਜ਼ਰਾ ਦੋ ਮਿਸਾਲਾਂ ʼਤੇ ਗੌਰ ਕਰੋ।

      ਬਾਬਲ ਦੀ ਤਬਾਹੀ

      ਪ੍ਰਾਚੀਨ ਬਾਬਲ ਸ਼ਕਤੀਸ਼ਾਲੀ ਸਾਮਰਾਜ ਸੀ ਜਿਸ ਦਾ ਸਦੀਆਂ ਤਕ ਪੱਛਮੀ ਏਸ਼ੀਆ ʼਤੇ ਪ੍ਰਭਾਵ ਰਿਹਾ। ਇਕ ਸਮੇਂ ʼਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਸੀ। ਪਰ ਬਾਬਲ ਦੇ ਨਾਸ਼ ਤੋਂ ਲਗਭਗ 200 ਸਾਲ ਪਹਿਲਾਂ ਹੀ ਰੱਬ ਨੇ ਬਾਈਬਲ ਲਿਖਾਰੀ ਯਸਾਯਾਹ ਨਬੀ ਨੂੰ ਲਿਖਣ ਲਈ ਪ੍ਰੇਰਿਆ ਕਿ ਰਾਜਾ ਖੋਰੁਸ ਬਾਬਲ ਦਾ ਨਾਸ਼ ਕਰੇਗਾ ਅਤੇ ਬਾਬਲ ਫਿਰ ਤੋਂ ਕਦੇ ਨਹੀਂ ਵਸਾਇਆ ਜਾਵੇਗਾ। (ਯਸਾਯਾਹ 13:17-20; 44:27, 28; 45:1, 2) ਕੀ ਇੱਦਾਂ ਸੱਚੀਂ ਹੋਇਆ ਸੀ?

      ਅਕਤੂਬਰ 539 ਈ. ਪੂ. ਵਿਚ ਖੋਰੁਸ ਮਹਾਨ ਨੇ ਇੱਕੋ ਰਾਤ ਵਿਚ ਬਾਬਲ ਨੂੰ ਜਿੱਤ ਲਿਆ ਸੀ। ਫਿਰ ਸਮੇਂ ਦੇ ਬੀਤਣ ਨਾਲ ਉਹ ਨਹਿਰਾਂ ਜੋ ਬਾਬਲ ਦੇ ਆਲੇ-ਦੁਆਲੇ ਦੇ ਉਪਜਾਊ ਇਲਾਕਿਆਂ ਨੂੰ ਪਾਣੀ ਦਿੰਦੀਆਂ ਸਨ, ਉਹ ਧਿਆਨ ਨਾ ਦਿੱਤੇ ਜਾਣ ਕਰਕੇ ਸੁੱਕ ਗਈਆਂ। 200 ਈਸਵੀ ਤਕ ਇਹ ਸ਼ਹਿਰ ਬਿਲਕੁਲ ਉਜਾੜ ਹੋ ਗਿਆ ਸੀ। ਅੱਜ ਬਾਬਲ ਸ਼ਹਿਰ ਦੇ ਖੰਡਰ ਹੀ ਹਨ। ਬਾਈਬਲ ਦੇ ਕਹੇ ਅਨੁਸਾਰ ਬਾਬਲ ਨੂੰ ‘ਉੱਕਾ ਹੀ ਵਿਰਾਨ ਕੀਤਾ’ ਗਿਆ।​—ਯਿਰਮਿਯਾਹ 50:13.

      ਬਾਈਬਲ ਦੇ ਲਿਖਾਰੀ ਨੂੰ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਘਟਨਾ ਦੀ ਬਿਲਕੁਲ ਸਹੀ-ਸਹੀ ਜਾਣਕਾਰੀ ਕਿੱਥੋਂ ਮਿਲੀ? ਬਾਈਬਲ ਦੱਸਦੀ ਹੈ ਕਿ ਇਹ ‘ਬਾਬਲ ਬਾਰੇ ਅਗੰਮ ਵਾਕ ਸੀ ਜਿਹ ਨੂੰ ਆਮੋਸ ਦੇ ਪੁੱਤ੍ਰ ਯਸਾਯਾਹ ਨੇ ਦਰਸ਼ਣ ਵਿੱਚ ਪਾਇਆ।’​—ਯਸਾਯਾਹ 13:1.

      ਨੀਨਵਾਹ​—“ਉਜਾੜ ਵਾਂਙੁ ਸੁੱਕਾ”

      ਅੱਸ਼ੂਰ ਸਾਮਰਾਜ ਦੀ ਰਾਜਧਾਨੀ ਨੀਨਵਾਹ ਆਪਣੀ ਨਿਰਮਾਣ ਕਲਾ ਲਈ ਮਸ਼ਹੂਰ ਸੀ। ਇਸ ਸ਼ਹਿਰ ਵਿਚ ਬਾਗ਼, ਮੰਦਰ ਤੇ ਵੱਡੇ-ਵੱਡੇ ਮਹਿਲ ਸਨ ਅਤੇ ਗਲੀਆਂ ਬਹੁਤ ਚੌੜੀਆਂ ਸਨ। ਪਰ ਸਫ਼ਨਯਾਹ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਸ਼ਾਨਦਾਰ ਸ਼ਹਿਰ ‘ਵਿਰਾਨ ਅਤੇ ਉਜਾੜ ਵਾਂਙੁ ਸੁੱਕਾ ਬਣਾਇਆ’ ਜਾਵੇਗਾ।​—ਸਫ਼ਨਯਾਹ 2:13-15.

      ਬਾਬਲੀ ਅਤੇ ਮਾਦੀ ਫ਼ੌਜਾਂ ਨੇ ਸੱਤਵੀਂ ਸਦੀ ਈ. ਪੂ. ਵਿਚ ਨੀਨਵਾਹ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਕ ਕਿਤਾਬ ਮੁਤਾਬਕ ਇਸ ਸ਼ਹਿਰ ਨੂੰ ਜਿੱਤਿਆ ਗਿਆ ਤੇ ਫਿਰ ਇਹ ਸ਼ਹਿਰ “2500 ਸਾਲਾਂ ਲਈ ਗੁਮਨਾਮੀ ਦੇ ਹਨੇਰੇ ਵਿਚ ਚਲਾ ਗਿਆ।” ਕੁਝ ਸਮੇਂ ਲਈ ਲੋਕ ਸ਼ੱਕ ਕਰਦੇ ਸਨ ਕਿ ਨੀਨਵਾਹ ਸ਼ਹਿਰ ਕਦੇ ਹੋਂਦ ਵਿਚ ਵੀ ਸੀ ਕਿ ਨਹੀਂ! ਲਗਭਗ 1850 ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਨੀਨਵਾਹ ਦੇ ਖੰਡਰ ਮਿਲੇ। ਅੱਜ ਇਹ ਖੰਡਰ ਹੋਰ ਖ਼ਰਾਬ ਅਤੇ ਤਬਾਹ ਹੋ ਰਹੇ ਹਨ ਜਿਸ ਕਰਕੇ ਗਲੋਬਲ ਹੈਰੀਟੇਜ਼ ਫੰਡ ਨੇ ਕਿਹਾ ਹੈ ਕਿ “ਨੀਨਵਾਹ ਦੀਆਂ ਪੁਰਾਣੀਆਂ ਬਚੀਆਂ-ਖੁਚੀਆਂ ਚੀਜ਼ਾਂ ਦੁਬਾਰਾ ਤੋਂ ਹਮੇਸ਼ਾ ਲਈ ਮਿਟ ਸਕਦੀਆਂ ਹਨ।”

      ਸਫ਼ਨਯਾਹ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਸੀ? ਉਸ ਨੇ ਦੱਸਿਆ ਕਿ “ਯਹੋਵਾਹ ਦੀ ਬਾਣੀ ਜੋ [ਉਸ] ਕੋਲ ਆਈ।”​—ਸਫ਼ਨਯਾਹ 1:1.

      ਬਾਈਬਲ ਵਿਚ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ

      ਬਾਈਬਲ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਦਿੰਦੀ ਹੈ। ਹੇਠਾਂ ਦਿੱਤੀਆਂ ਮਿਸਾਲਾਂ ʼਤੇ ਗੌਰ ਕਰੋ।

      ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ ਕਿਉਂ ਹਨ?

      ਬਾਈਬਲ ਵਿਚ ਬੁਰਾਈ ਅਤੇ ਦੁੱਖਾਂ ਦੇ ਕਾਰਨਾਂ ਬਾਰੇ ਕਾਫ਼ੀ ਕੁਝ ਦੱਸਿਆ ਗਿਆ ਹੈ। ਬਾਈਬਲ ਦੱਸਦੀ ਹੈ:

      1. “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”​—ਉਪਦੇਸ਼ਕ ਦੀ ਪੋਥੀ 8:9.

        ਨਾਕਾਬਲ ਅਤੇ ਭ੍ਰਿਸ਼ਟ ਰਾਜਿਆਂ ਨੇ ਇਨਸਾਨਾਂ ʼਤੇ ਅਣਗਿਣਤ ਦੁੱਖ ਲਿਆਂਦੇ ਹਨ।

      2. “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”​—ਉਪਦੇਸ਼ਕ 9:11, CL.

        ਬੁਰਾ ਸਮਾਂ ਕਿਸੇ ʼਤੇ ਵੀ, ਕਿਤੇ ਵੀ ਅਤੇ ਕਿਸੇ ਵੀ ਸਮੇਂ ਆ ਸਕਦਾ ਹੈ, ਜਿਵੇਂ ਗੰਭੀਰ ਬੀਮਾਰੀਆਂ, ਹਾਦਸੇ ਜਾਂ ਕੁਦਰਤੀ ਆਫ਼ਤਾਂ।

      3. “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ।”​—ਰੋਮੀਆਂ 5:12.

        ਜਦੋਂ ਪਹਿਲੇ ਆਦਮੀ ਤੇ ਔਰਤ ਨੂੰ ਬਣਾਇਆ ਗਿਆ ਸੀ, ਤਾਂ ਉਨ੍ਹਾਂ ਵਿਚ ਨਾ ਤਾਂ ਪਾਪ ਸੀ ਅਤੇ ਨਾ ਹੀ ਉਨ੍ਹਾਂ ਨੇ ਕਦੇ ਮਰਨਾ ਸੀ। ਪਾਪ “ਦੁਨੀਆਂ ਵਿਚ ਆਇਆ” ਕਿਉਂਕਿ ਉਨ੍ਹਾਂ ਨੇ ਜਾਣ-ਬੁੱਝ ਕੇ ਆਪਣੇ ਸਿਰਜਣਹਾਰ ਦਾ ਕਹਿਣਾ ਨਹੀਂ ਮੰਨਿਆ।

      ਬਾਈਬਲ ਸਿਰਫ਼ ਇਹੀ ਨਹੀਂ ਦੱਸਦੀ ਕਿ ਸਾਡੇ ʼਤੇ ਦੁੱਖ ਕਿਉਂ ਆਉਂਦੇ ਹਨ। ਇਹ ਰੱਬ ਦੇ ਵਾਅਦੇ ਬਾਰੇ ਵੀ ਦੱਸਦੀ ਹੈ ਕਿ ਉਹ ਬੁਰਾਈ ਨੂੰ ਖ਼ਤਮ ਕਰੇਗਾ ਅਤੇ ਇਨਸਾਨਾਂ ਦੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:3, 4.

      ਮਰਨ ਤੋਂ ਬਾਅਦ ਕੀ ਹੁੰਦਾ ਹੈ?

      ਬਾਈਬਲ ਦੱਸਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਨੂੰ ਨਾ ਤਾਂ ਕੁਝ ਪਤਾ ਹੁੰਦਾ ਹੈ ਤੇ ਨਾ ਹੀ ਉਹ ਕੁਝ ਕਰ ਸਕਦਾ ਹੈ। ਉਪਦੇਸ਼ਕ ਦੀ ਪੋਥੀ 9:5 ਵਿਚ ਦੱਸਿਆ ਗਿਆ ਹੈ ਕਿ “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਮੌਤ ਹੋਣ ʼਤੇ ਸਾਡੀਆਂ ਸੋਚਾਂ ਖ਼ਤਮ ਹੋ ਜਾਂਦੀਆਂ ਹਨ। (ਜ਼ਬੂਰਾਂ ਦੀ ਪੋਥੀ 146:4) ਸਾਡਾ ਦਿਮਾਗ਼ ਕੰਮ ਕਰਨਾ ਬੰਦ ਕਰ ਦਿੰਦਾ ਹੈ। ਸੋ ਮਰਨ ਤੋਂ ਬਾਅਦ ਅਸੀਂ ਨਾ ਤਾਂ ਕੰਮ ਕਰ ਸਕਦੇ ਹਾਂ, ਨਾ ਮਹਿਸੂਸ ਕਰ ਸਕਦੇ ਹਾਂ ਤੇ ਨਾ ਹੀ ਸੋਚ ਸਕਦੇ ਹਾਂ।

      ਪਰ ਬਾਈਬਲ ਸਿਰਫ਼ ਮਰੇ ਹੋਇਆਂ ਦੀ ਹਾਲਤ ਬਾਰੇ ਹੀ ਨਹੀਂ ਦੱਸਦੀ, ਸਗੋਂ ਇਹ ਰੱਬ ਦੇ ਵਧੀਆ ਪ੍ਰਬੰਧ ਬਾਰੇ ਵੀ ਦੱਸਦੀ ਹੈ ਕਿ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।​—ਹੋਸ਼ੇਆ 13:14; ਯੂਹੰਨਾ 11:11-14.

      ਜ਼ਿੰਦਗੀ ਦਾ ਕੀ ਮਕਸਦ ਹੈ?

      ਬਾਈਬਲ ਅਨੁਸਾਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਬਣਾਇਆ ਸੀ। (ਉਤਪਤ 1:27) ਇਸੇ ਲਈ ਪਹਿਲੇ ਆਦਮੀ, ਆਦਮ, ਨੂੰ “ਪਰਮੇਸ਼ੁਰ ਦਾ ਪੁੱਤਰ” ਕਿਹਾ ਗਿਆ ਹੈ। (ਲੂਕਾ 3:38) ਆਦਮੀ ਨੂੰ ਇਕ ਮਕਸਦ ਨਾਲ ਬਣਾਇਆ ਗਿਆ ਸੀ। ਉਸ ਨੇ ਆਪਣੇ ਸਵਰਗੀ ਪਿਤਾ ਨਾਲ ਦੋਸਤੀ ਕਰਨੀ ਸੀ, ਇਸ ਧਰਤੀ ਨੂੰ ਭਰਨਾ ਸੀ ਅਤੇ ਹਮੇਸ਼ਾ ਲਈ ਜੀਉਂਦਾ ਰਹਿਣਾ ਸੀ। ਇਸ ਲਈ ਰੱਬ ਨੇ ਸਾਰੇ ਇਨਸਾਨਾਂ ਦੇ ਅੰਦਰ ਉਸ ਬਾਰੇ ਜਾਣਨ ਦੀ ਇੱਛਾ ਪਾਈ ਹੈ। ਬਾਈਬਲ ਦੱਸਦੀ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

      ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!” (ਲੂਕਾ 11:28) ਬਾਈਬਲ ਸਾਨੂੰ ਸਿਰਫ਼ ਰੱਬ ਬਾਰੇ ਹੀ ਨਹੀਂ ਸਿਖਾਉਂਦੀ, ਸਗੋਂ ਸਾਡੀ ਇਹ ਵੀ ਮਦਦ ਕਰਦੀ ਹੈ ਕਿ ਅਸੀਂ ਅੱਜ ਖ਼ੁਸ਼ ਕਿਵੇਂ ਰਹਿ ਸਕਦੇ ਹਾਂ। ਨਾਲੇ ਇਹ ਸਾਨੂੰ ਭਵਿੱਖ ਲਈ ਉਮੀਦ ਦਿੰਦੀ ਹੈ।

      ਪਰਮੇਸ਼ੁਰ ਦਾ ਬਚਨ ਅਤੇ ਤੁਸੀਂ

      ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੇ ਇਹ ਨਤੀਜਾ ਕੱਢਿਆ ਹੈ ਕਿ ਬਾਈਬਲ ਸਿਰਫ਼ ਕੋਈ ਪੁਰਾਣੀ ਕਿਤਾਬ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਇਹ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। ਬਾਈਬਲ ਰਾਹੀਂ ਉਹ ਤੁਹਾਡੇ ਨਾਲ ਗੱਲ ਕਰਦਾ ਹੈ। ਇਸ ਵਿਚ ਪਰਮੇਸ਼ੁਰ ਤੁਹਾਨੂੰ ਉਸ ਬਾਰੇ ਜਾਣਨ ਅਤੇ ਉਸ ਦੇ ਦੋਸਤ ਬਣਨ ਦਾ ਸੱਦਾ ਦਿੰਦਾ ਹੈ। ਬਾਈਬਲ ਵਾਅਦਾ ਕਰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂਬ 4:8.

      ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਮਿਲੇਗੀ। ਉਹ ਜਾਣਕਾਰੀ ਕੀ ਹੈ? ਕਿਸੇ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਲਿਖਾਰੀ ਦੇ ਮਨ ਵਿਚ ਕੀ ਹੈ। ਇਸੇ ਤਰ੍ਹਾਂ ਬਾਈਬਲ ਪੜ੍ਹ ਕੇ ਤੁਸੀਂ ਬਾਈਬਲ ਦੇ ਲਿਖਾਰੀ ਯਾਨੀ ਪਰਮੇਸ਼ੁਰ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਣ ਸਕਦੇ ਹੋ। ਸੋਚੋ, ਤੁਹਾਡੇ ਲਈ ਇਹ ਜਾਣਕਾਰੀ ਕੀ ਮਾਅਨੇ ਰੱਖਦੀ ਹੈ? ਤੁਸੀਂ ਆਪਣੇ ਸਿਰਜਣਹਾਰ ਬਾਰੇ ਜਾਣ ਸਕਦੇ ਹੋ! ਨਾਲੇ ਬਾਈਬਲ ਹੋਰ ਗੱਲਾਂ ਵੀ ਦੱਸਦੀ ਹੈ, ਜਿਵੇਂ

      • ਰੱਬ ਦੇ ਨਾਂ, ਸੁਭਾਅ ਅਤੇ ਉਸ ਦੇ ਸ਼ਾਨਦਾਰ ਗੁਣਾਂ ਬਾਰੇ।

      • ਇਨਸਾਨਾਂ ਲਈ ਰੱਬ ਦੇ ਮਕਸਦ ਬਾਰੇ।

      • ਤੁਸੀਂ ਰੱਬ ਨਾਲ ਦੋਸਤੀ ਕਿਵੇਂ ਕਰ ਸਕਦੇ ਹੋ।

      ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ। ਉਹ ਤੁਹਾਡੇ ਲਈ ਮੁਫ਼ਤ ਬਾਈਬਲ ਸਟੱਡੀ ਕਰਾਉਣ ਦਾ ਪ੍ਰਬੰਧ ਕਰ ਸਕਦੇ ਹਨ। ਸਟੱਡੀ ਕਰ ਕੇ ਤੁਸੀਂ ਬਾਈਬਲ ਦੇ ਲਿਖਾਰੀ, ਯਹੋਵਾਹ ਪਰਮੇਸ਼ੁਰ, ਦੇ ਹੋਰ ਜ਼ਿਆਦਾ ਨੇੜੇ ਆ ਸਕੋਗੇ।

      ਇਸ ਲੇਖ ਦੀ ਮਦਦ ਨਾਲ ਤੁਸੀਂ ਕੁਝ ਸਬੂਤਾਂ ਦੀ ਜਾਂਚ ਕੀਤੀ ਕਿ ਬਾਈਬਲ ਰੱਬ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਦੂਜਾ ਅਧਿਆਇ ਦੇਖੋ ਅਤੇ ਤੁਸੀਂ ਇਹ ਕਿਤਾਬ www.pr2711.com/pa ʼਤੇ ਵੀ ਪੜ੍ਹ ਸਕਦੇ ਹੋ ਜਾਂ ਇਹ ਕੋਡ ਸਕੈਨ ਕਰੋ

      ਤੁਸੀਂ www.pr2711.com/pa ʼਤੇ ਬਾਈਬਲ ਦਾ ਲਿਖਾਰੀ ਕੌਣ ਹੈ? ਨਾਂ ਦਾ ਵੀਡੀਓ ਵੀ ਦੇਖ ਸਕਦੇ ਹੋ

      “ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ

      a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।​—ਜ਼ਬੂਰਾਂ ਦੀ ਪੋਥੀ 83:18.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ