ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਿਗਰਟ ਪੀਣੀ ਛੱਡੋ—ਆਪਣਾ ਇਰਾਦਾ ਮਜ਼ਬੂਤ ਕਰੋ
    ਜਾਗਰੂਕ ਬਣੋ!—2010 | ਅਕਤੂਬਰ
    • ਸਿਗਰਟ ਪੀਣੀ ਛੱਡੋ​—ਆਪਣਾ ਇਰਾਦਾ ਮਜ਼ਬੂਤ ਕਰੋ

      “ਜੇ ਤੁਸੀਂ ਸਿਗਰਟ ਪੀਣੀ ਛੱਡਣੀ ਚਾਹੁੰਦੇ ਹੋ, ਤਾਂ ਪੱਕਾ ਇਰਾਦਾ ਕਰਨਾ ਜ਼ਰੂਰੀ ਹੈ ਕਿ ਇਸ ਆਦਤ ਉੱਤੇ ਕਾਬੂ ਪਾਉਣ ਵਿਚ ਤੁਸੀਂ ਕੋਈ ਕਸਰ ਨਹੀਂ ਛੱਡੋਗੇ। ਜਿਨ੍ਹਾਂ ਨੇ ਸਿਗਰਟ ਪੀਣੀ ਛੱਡੀ ਹੈ, ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਹੈ।”—“ਹੁਣੇ ਸਿਗਰਟ ਪੀਣੀ ਛੱਡੋ!”

      ਕਹਿਣ ਦਾ ਭਾਵ ਕਿ ਜੇ ਤੁਸੀਂ ਸਿਗਰਟਾਂ ਪੀਣੀਆਂ ਛੱਡਣੀਆਂ ਚਾਹੁੰਦੇ ਹੋ, ਤਾਂ ਘੱਟੋ-ਘੱਟ ਤੁਹਾਡਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ। ਤਾਂ ਫਿਰ ਤੁਸੀਂ ਆਪਣਾ ਇਰਾਦਾ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਹੋ? ਜ਼ਰਾ ਸੋਚੋ ਕਿ ਸਿਗਰਟ ਛੱਡਣ ਨਾਲ ਤੁਹਾਨੂੰ ਕਿੰਨੇ ਫ਼ਾਇਦੇ ਹੋਣਗੇ।

      ਤੁਹਾਡੇ ਪੈਸੇ ਬਚਣਗੇ। ਜੇ ਤੁਹਾਨੂੰ ਰੋਜ਼ ਇਕ ਪੈਕਟ ਪੀਣ ਦੀ ਆਦਤ ਹੈ, ਤਾਂ ਤੁਸੀਂ ਸਾਲ ਵਿਚ ਆਸਾਨੀ ਨਾਲ ਹਜ਼ਾਰਾਂ ਰੁਪਏ ਖ਼ਰਚ ਕਰ ਸਕਦੇ ਹੋ। “ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੰਨੇ ਪੈਸੇ ਤਮਾਖੂ ʼਤੇ ਖ਼ਰਚ ਕਰਦਾ ਸੀ।”—ਗਿਆਨੂ, ਨੇਪਾਲ।

      ਤੁਹਾਨੂੰ ਜ਼ਿੰਦਗੀ ਦਾ ਹੋਰ ਆਨੰਦ ਮਿਲੇਗਾ। “ਮੇਰੀ ਜ਼ਿੰਦਗੀ ਉਦੋਂ ਸ਼ੁਰੂ ਹੋਈ ਜਦੋਂ ਮੈਂ ਸਿਗਰਟ ਪੀਣੀ ਬੰਦ ਕੀਤੀ। ਅਤੇ ਮੇਰੀ ਜ਼ਿੰਦਗੀ ਅੱਜ-ਕੱਲ੍ਹ ਬਿਹਤਰ ਹੁੰਦੀ ਜਾ ਰਹੀ ਹੈ।” (ਰਜੀਨਾ, ਦੱਖਣੀ ਅਫ਼ਰੀਕਾ) ਜਦੋਂ ਲੋਕ ਸਿਗਰਟ ਪੀਣੀ ਬੰਦ ਕਰ ਦਿੰਦੇ ਹਨ, ਤਾਂ ਉਨ੍ਹਾਂ ਦੀਆਂ ਸੁਆਦ ਚੱਖਣ ਅਤੇ ਸੁੰਘਣ ਸ਼ਕਤੀਆਂ ਬਿਹਤਰ ਬਣਦੀਆਂ ਹਨ ਅਤੇ ਆਮ ਤੌਰ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਦੇਖਣ ਨੂੰ ਠੀਕ ਲੱਗਦੇ ਹਨ।

      ਤੁਹਾਡੀ ਸਿਹਤ ਸੁਧਰ ਸਕਦੀ ਹੈ। “ਸਿਗਰਟਾਂ ਛੱਡਣ ਨਾਲ ਹਰ ਉਮਰ ਦੇ ਆਦਮੀਆਂ ਅਤੇ ਔਰਤਾਂ ਦਾ ਨਾ ਸਿਰਫ਼ ਗੰਭੀਰ ਖ਼ਤਰਿਆਂ ਤੋਂ ਬਚਾਅ ਹੁੰਦਾ ਹੈ, ਪਰ ਉਨ੍ਹਾਂ ਨੂੰ ਫ਼ੌਰਨ ਲਾਭ ਵੀ ਪਹੁੰਚਦਾ ਹੈ।”—ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ।

      ਤੁਹਾਡਾ ਆਤਮ-ਵਿਸ਼ਵਾਸ ਵਧੇਗਾ। “ਮੈਂ ਨਹੀਂ ਸੀ ਚਾਹੁੰਦਾ ਕਿ ਤਮਾਖੂ ਮੈਨੂੰ ਕਾਬੂ ਵਿਚ ਰੱਖੇ, ਸਗੋਂ ਮੈਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖਣਾ ਚਾਹੁੰਦਾ ਸੀ। ਇਸ ਲਈ ਮੈਂ ਸਿਗਰਟ ਪੀਣੀ ਛੱਡ ਦਿੱਤੀ।”—ਹੈਨਿੰਗ, ਡੈਨਮਾਰਕ।

      ਤੁਹਾਡੇ ਪਰਿਵਾਰ ਤੇ ਦੋਸਤ-ਮਿੱਤਰਾਂ ਨੂੰ ਫ਼ਾਇਦਾ ਹੋਵੇਗਾ। “ਸਿਗਰਟਾਂ ਨਾਲ . . . ਤੁਹਾਡੇ ਆਸ-ਪਾਸ ਰਹਿਣ ਵਾਲਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। . . . ਅਧਿਐਨ ਦਿਖਾਉਂਦੇ ਹਨ ਕਿ ਸਿਗਰਟ ਦੇ ਧੂੰਏਂ ਕਰਕੇ ਹਰ ਸਾਲ ਹਜ਼ਾਰਾਂ ਲੋਕ ਫੇਫੜਿਆਂ ਦੇ ਕੈਂਸਰ ਅਤੇ ਦਿਲ ਦੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ।”—ਅਮੈਰੀਕਨ ਕੈਂਸਰ ਸੋਸਾਇਟੀ।

      ਤੁਸੀਂ ਆਪਣੇ ਸਿਰਜਣਹਾਰ ਨੂੰ ਖ਼ੁਸ਼ ਕਰੋਗੇ। ‘ਹੇ ਪਿਆਰਿਓ ਆਓ, ਅਸੀਂ ਆਪਣੇ ਆਪ ਨੂੰ ਸਰੀਰ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰੀਏ।’ (2 ਕੁਰਿੰਥੀਆਂ 7:1) “ਤੁਸੀਂ ਆਪਣੀਆਂ ਦੇਹੀਆਂ ਨੂੰ . . . ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।”—ਰੋਮੀਆਂ 12:1.

      “ਜਦੋਂ ਮੈਨੂੰ ਸਮਝ ਲੱਗੀ ਕਿ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਮਨਜ਼ੂਰ ਨਹੀਂ ਕਰਦਾ ਜੋ ਸਰੀਰ ਨੂੰ ਮਲੀਨ ਕਰਦੀਆਂ ਹਨ, ਤਾਂ ਮੈਂ ਸਿਗਰਟਾਂ ਛੱਡਣ ਦਾ ਫ਼ੈਸਲਾ ਕੀਤਾ।”—ਸਿਲਵੀਆ, ਸਪੇਨ।

      ਪਰ ਇਰਾਦਾ ਪੱਕਾ ਕਰਨਾ ਕਾਫ਼ੀ ਨਹੀਂ ਹੈ। ਸਾਨੂੰ ਦੂਜਿਆਂ ਦੀ ਮਦਦ ਦੀ ਵੀ ਜ਼ਰੂਰਤ ਪੈ ਸਕਦੀ ਹੈ ਜਿਵੇਂ ਪਰਿਵਾਰ ਦੇ ਮੈਂਬਰ ਅਤੇ ਦੋਸਤ। ਉਹ ਕੀ ਕਰ ਸਕਦੇ ਹਨ? (g10-E 05)

  • ਸਿਗਰਟ ਪੀਣੀ ਛੱਡੋ—ਮੁਸ਼ਕਲਾਂ ਲਈ ਤਿਆਰ ਰਹੋ
    ਜਾਗਰੂਕ ਬਣੋ!—2010 | ਅਕਤੂਬਰ
    • ਸਿਗਰਟ ਪੀਣੀ ਛੱਡੋ​—ਮੁਸ਼ਕਲਾਂ ਲਈ ਤਿਆਰ ਰਹੋ

      “ਮੈਂ ਆਪਣੇ ਨਵੇਂ ਜੰਮੇ ਬੱਚੇ ਦੀ ਸਿਹਤ ਲਈ ਸਿਗਰਟਾਂ ਛੱਡਣ ਦਾ ਫ਼ੈਸਲਾ ਕੀਤਾ। ਮੈਂ ਆਪਣੇ ਘਰ ਵਿਚ ਲਿਖ ਕੇ ਲਗਾ ਦਿੱਤਾ, ‘ਸਿਗਰਟ ਪੀਣੀ ਮਨ੍ਹਾ ਹੈ।’ ਇਕ ਘੰਟੇ ਬਾਅਦ ਮੇਰੇ ਉੱਤੇ ਸੂਟਾ ਲਾਉਣ ਦਾ ਭੂਤ ਸਵਾਰ ਹੋ ਗਿਆ ਅਤੇ ਮੈਂ ਸਿਗਰਟ ਲਾ ਲਈ।”—ਯੋਸ਼ੀਮਿਟਸੂ, ਜਪਾਨ।

      ਯੋਸ਼ੀਮਿਟਸੂ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਨੂੰ ਛੱਡਣ ਵੇਲੇ ਮੁਸ਼ਕਲਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਸਰਵੇਖਣ ਦੇ ਮੁਤਾਬਕ ਸਿਗਰਟ ਛੱਡਣ ਵਾਲਿਆਂ ਵਿੱਚੋਂ ਤਕਰੀਬਨ 90 ਫੀ ਸਦੀ ਲੋਕ ਫਿਰ ਤੋਂ ਇਸ ਆਦਤ ਨੂੰ ਅਪਣਾ ਲੈਂਦੇ ਹਨ। ਕੀ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਤਦ ਹੀ ਜਿੱਤ ਸਕੋਗੇ ਜੇ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹੋ। ਕਿਹੜੀਆਂ ਆਮ ਮੁਸ਼ਕਲਾਂ ਹੋ ਸਕਦੀਆਂ ਹਨ?

      ਤਮਾਖੂ ਦੀ ਤਾਂਘ: ਇਹ ਤਾਂਘ ਸਿਗਰਟਾਂ ਵਿਚਲੀ ਨਸ਼ੀਲੀ ਵਸਤੂ ਕਾਰਨ ਪੈਦਾ ਹੁੰਦੀ ਹੈ ਜਿਸ ਨੂੰ ਨਿਕੋਟੀਨ ਕਿਹਾ ਜਾਂਦਾ ਹੈ। ਨਿਕੋਟੀਨ ਦਾ ਅਸਰ ਸਿਗਰਟ ਛੱਡਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ ਸਭ ਤੋਂ ਜ਼ੋਰਦਾਰ ਹੁੰਦਾ ਹੈ ਅਤੇ ਦੋ ਕੁ ਹਫ਼ਤਿਆਂ ਤੋਂ ਬਾਅਦ ਘੱਟ ਜਾਂਦਾ ਹੈ। ਪਹਿਲਾਂ ਸਿਗਰਟ ਪੀਣ ਵਾਲੇ ਇਕ ਆਦਮੀ ਨੇ ਕਿਹਾ ਕਿ ਇਸ ਸਮੇਂ ਦੌਰਾਨ “ਇਹ ਇੱਛਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ ਹੈ, ਪਰ ਲਗਾਤਾਰ ਨਹੀਂ ਰਹਿੰਦੀ।” ਇੱਥੋਂ ਤਕ ਕਿ ਕਈ ਸਾਲ ਬਾਅਦ ਵੀ ਅਚਾਨਕ ਤੁਹਾਡਾ ਦਿਲ ਕਰ ਸਕਦਾ ਹੈ ਕਿ ‘ਇਕ ਸੂਟਾ ਲਾ ਹੀ ਲਵਾਂ।’ ਜੇ ਇਸ ਤਰ੍ਹਾਂ ਹੋਵੇ, ਤਾਂ ਜਲਦੀ ਹਾਰ ਨਾ ਮੰਨੋ। ਪੰਜ-ਦਸ ਮਿੰਟ ਉਡੀਕ ਕਰੋ ਅਤੇ ਤੁਹਾਡੀ ਚਾਹਤ ਚਲੀ ਜਾਣੀ ਚਾਹੀਦੀ ਹੈ।

      ਨਸ਼ਾ ਛੱਡਣ ਦੇ ਲੱਛਣ: ਪਹਿਲਾਂ-ਪਹਿਲਾਂ ਕੁਝ ਲੋਕਾਂ ਨੂੰ ਜਾਗਦੇ ਰਹਿਣ ਜਾਂ ਕੰਮ ਵਿਚ ਮਨ ਲਗਾਉਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਹੋ ਸਕਦਾ ਕਿ ਉਨ੍ਹਾਂ ਦਾ ਭਾਰ ਵੀ ਵੱਧ ਜਾਵੇ। ਉਨ੍ਹਾਂ ਨੂੰ ਦਰਦ ਤੇ ਖਾਰਸ਼ ਹੋ ਸਕਦੀ ਹੈ ਅਤੇ ਪਸੀਨਾ ਤੇ ਖਾਂਸੀ ਆਉਣ ਲੱਗ ਸਕਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦਾ ਮੂਡ ਬਦਲਦਾ ਰਹੇ ਜਿਸ ਕਰਕੇ ਉਹ ਬੇਸਬਰੀ, ਗੁੱਸਾ ਜਾਂ ਉਦਾਸੀ ਮਹਿਸੂਸ ਕਰਨ। ਪਰ ਜ਼ਿਆਦਾਤਰ ਲੱਛਣ ਚਾਰ ਤੋਂ ਛੇ ਹਫ਼ਤਿਆਂ ਵਿਚ ਘੱਟ ਜਾਂਦੇ ਹਨ।

      ਇਸ ਮੁਸ਼ਕਲ ਸਮੇਂ ਦੌਰਾਨ ਕੁਝ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਮਿਸਾਲ ਲਈ:

      ● ਜ਼ਿਆਦਾ ਸੌਂਵੋ

      ● ਜ਼ਿਆਦਾ ਪਾਣੀ ਜਾਂ ਜੂਸ ਪੀਓ। ਸਿਹਤ ਨੂੰ ਠੀਕ ਰੱਖਣ ਵਾਲਾ ਭੋਜਨ ਖਾਓ।

      ● ਕਸਰਤ ਕਰੋ।

      ● ਲੰਬੇ ਸਾਹ ਖਿੱਚੋ ਅਤੇ ਸੋਚੋ ਕਿ ਤੁਹਾਡੇ ਫੇਫੜਿਆਂ ਵਿਚ ਕਿੰਨੀ ਸਾਫ਼ ਹਵਾ ਜਾ ਰਹੀ ਹੈ।

      ਤਾਂਘ ਵਧਾਉਣ ਵਾਲੀਆਂ ਚੀਜ਼ਾਂ: ਅਜਿਹੇ ਕੰਮ ਜਾਂ ਜਜ਼ਬਾਤ ਹੁੰਦੇ ਹਨ ਜਿਨ੍ਹਾਂ ਕਰਕੇ ਤੁਹਾਡੇ ਅੰਦਰ ਸਿਗਰਟ ਪੀਣ ਦੀ ਤਾਂਘ ਪੈਦਾ ਹੋ ਸਕਦੀ ਹੈ। ਮਿਸਾਲ ਲਈ, ਸ਼ਾਇਦ ਤੁਹਾਨੂੰ ਚਾਹ-ਪਾਣੀ ਪੀਣ ਵੇਲੇ ਸਿਗਰਟ ਪੀਣ ਦੀ ਵੀ ਆਦਤ ਸੀ। ਇਸ ਲਈ, ਜੇ ਤੁਸੀਂ ਸਿਗਰਟ ਪੀਣੀ ਬੰਦ ਕਰਨੀ ਚਾਹੁੰਦੇ ਹੋ, ਤਾਂ ਚਾਹ-ਪਾਣੀ ਪੀਣ ਵਿਚ ਦੇਰ ਨਾ ਲਾਓ। ਸਮੇਂ ਦੇ ਬੀਤਣ ਨਾਲ ਤੁਸੀਂ ਸਹਿਜ ਨਾਲ ਚਾਹ-ਪਾਣੀ ਪੀਣ ਦਾ ਆਨੰਦ ਮਾਣ ਸਕੋਗੇ।

      ਪਰ ਇਹ ਵੀ ਨਾ ਭੁੱਲੋ ਕਿ ਸਰੀਰ ਵਿੱਚੋਂ ਸਾਰੀ ਨਿਕੋਟੀਨ ਨਿਕਲਣ ਤੋਂ ਬਾਅਦ ਵੀ ਪੁਰਾਣੇ ਖ਼ਿਆਲ ਜਾਂ ਆਦਤਾਂ ਤੁਹਾਡੇ ਸਾਮ੍ਹਣੇ ਆ ਸਕਦੀਆਂ ਹਨ। ਇਕ ਆਦਮੀ ਨੇ ਕਿਹਾ: “ਮੈਨੂੰ ਸਿਗਰਟ ਛੱਡੀ ਨੂੰ ਉੱਨੀ ਸਾਲ ਹੋ ਗਏ, ਪਰ ਫਿਰ ਵੀ ਕੰਮ ʼਤੇ ਕਾਫ਼ੀ ਪੀਣ ਦੇ ਸਮੇਂ ਮੇਰਾ ਸਿਗਰਟ ਪੀਣ ਨੂੰ ਜੀ ਕਰਦਾ ਹੈ।” ਪਰ ਆਮ ਤੌਰ ਤੇ ਸਮੇਂ ਦੇ ਬੀਤਣ ਨਾਲ ਸਿਗਰਟ ਨਾਲ ਸੰਬੰਧਿਤ ਕੰਮ-ਕਾਰ ਤੁਹਾਡੇ ਉੱਤੇ ਘੱਟ ਅਸਰ ਪਾਉਣਗੇ ਅਤੇ ਅਖ਼ੀਰ ਵਿਚ ਉਨ੍ਹਾਂ ਦਾ ਅਸਰ ਖ਼ਤਮ ਹੋ ਜਾਵੇਗਾ।

      ਸ਼ਰਾਬ ਦੀ ਗੱਲ ਅਲੱਗ ਹੈ। ਜਦੋਂ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਤੁਹਾਨੂੰ ਸ਼ਾਇਦ ਸ਼ਰਾਬ ਤੋਂ ਦੂਰ ਰਹਿਣਾ ਪਵੇ ਅਤੇ ਉਨ੍ਹਾਂ ਥਾਵਾਂ ʼਤੇ ਜਾਣਾ ਬੰਦ ਕਰਨਾ ਪਵੇ ਜਿੱਥੇ ਸ਼ਰਾਬ ਵਰਤਾਈ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਉਦੋਂ ਦੁਬਾਰਾ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ ਜਦੋਂ ਉਨ੍ਹਾਂ ਨੇ ਸ਼ਰਾਬ ਪੀਤੀ ਹੁੰਦੀ ਹੈ। ਇੱਦਾਂ ਕਿਉਂ?

      ● ਥੋੜ੍ਹੀ ਜਿਹੀ ਸ਼ਰਾਬ ਵੀ ਨਿਕੋਟੀਨ ਦੇ ਨਸ਼ੇ ਨੂੰ ਵਧਾਉਂਦੀ ਹੈ।

      ● ਜਦੋਂ ਲੋਕ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਨ, ਤਾਂ ਉਹ ਅਕਸਰ ਸਿਗਰਟਾਂ ਵੀ ਪੀਂਦੇ ਹਨ।

      ● ਸ਼ਰਾਬ ਪੀਣ ਨਾਲ ਸਾਡੀ ਸੋਚਣ-ਸ਼ਕਤੀ ਘੱਟ ਜਾਂਦੀ ਹੈ ਅਤੇ ਗ਼ਲਤ ਕੰਮ ਕਰਨ ਦੀ ਸਾਡੀ ਹਿੰਮਤ ਵੀ ਵੱਧ ਸਕਦੀ ਹੈ। ਬਾਈਬਲ ਠੀਕ ਕਹਿੰਦੀ ਹੈ: ‘ਸ਼ਰਾਬ ਮੱਤ ਮਾਰਦੀ ਹੈ।’—ਹੋਸ਼ੇਆ 4:11, CL.

      ਦੋਸਤ-ਮਿੱਤਰ: ਚੰਗੇ ਦੋਸਤ ਚੁਣੋ। ਮਿਸਾਲ ਲਈ, ਉਨ੍ਹਾਂ ਲੋਕਾਂ ਨਾਲ ਜ਼ਿਆਦਾ ਨਾ ਉੱਠੋ-ਬੈਠੋ ਜੋ ਸਿਗਰਟ ਪੀਂਦੇ ਹਨ ਜਾਂ ਤੁਹਾਡੇ ਉੱਤੇ ਸਿਗਰਟ ਪੀਣ ਲਈ ਜ਼ੋਰ ਪਾਉਂਦੇ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜੋ ਸਿਗਰਟ ਛੱਡਣ ਦੇ ਤੁਹਾਡੇ ਇਰਾਦੇ ਨੂੰ ਕਮਜ਼ੋਰ ਕਰਦੇ ਹਨ, ਜਾਂ ਤੁਹਾਡਾ ਮਜ਼ਾਕ ਉਡਾਉਂਦੇ ਹਨ।

      ਜਜ਼ਬਾਤ: ਇਕ ਸਰਵੇਖਣ ਦੇ ਅਨੁਸਾਰ ਤਿੰਨ ਲੋਕਾਂ ਵਿੱਚੋਂ ਦੋਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿਗਰਟ ਪੀਣੀ ਉਦੋਂ ਦੁਬਾਰਾ ਸ਼ੁਰੂ ਕੀਤੀ ਜਦੋਂ ਉਨ੍ਹਾਂ ਨੂੰ ਟੈਨਸ਼ਨ ਸੀ ਜਾਂ ਉਨ੍ਹਾਂ ਨੂੰ ਗੁੱਸਾ ਚੜ੍ਹਿਆ ਸੀ। ਜੇ ਇਸ ਤਰ੍ਹਾਂ ਦਾ ਕੋਈ ਜਜ਼ਬਾਤ ਤੁਹਾਡੇ ਵਿਚ ਸਿਗਰਟ ਪੀਣ ਦੀ ਇੱਛਾ ਪੈਦਾ ਕਰੇ, ਤਾਂ ਆਪਣਾ ਮਨ ਹੋਰ ਕਿਸੇ ਚੀਜ਼ ਵੱਲ ਲਾਓ—ਪਾਣੀ ਪੀਓ, ਚਿਊਇੰਗ-ਗਮ ਖਾਓ, ਜਾਂ ਕਿਤੇ ਫਿਰਨ-ਤੁਰਨ ਜਾਓ। ਆਪਣੇ ਮਨ ਵਿਚ ਚੰਗੇ ਖ਼ਿਆਲ ਲਿਆਓ, ਸ਼ਾਇਦ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਜਾਂ ਬਾਈਬਲ ਦੇ ਕੁਝ ਸਫ਼ੇ ਪੜ੍ਹ ਕੇ।—ਜ਼ਬੂਰਾਂ ਦੀ ਪੋਥੀ 19:14.

      ਬਹਾਨੇ ਨਾ ਬਣਾਓ

      ● ਮੈਂ ਸਿਰਫ਼ ਇੱਕੋ ਸੂਟਾ ਲਾਵਾਂਗਾ।

      ਸੱਚਾਈ: ਸਿਰਫ਼ ਇਕ ਸੂਟਾ ਤੁਹਾਡੇ ਦਿਮਾਗ਼ ਵਿਚਲੇ ਨਿਕੋਟੀਨ ਦੇ 50 ਫੀ ਸਦੀ ਰੀਸੈਪਟਰਾਂ ਨੂੰ ਤਿੰਨ ਘੰਟਿਆਂ ਲਈ ਸੰਤੁਸ਼ਟ ਕਰ ਸਕਦਾ ਹੈ। ਨਤੀਜੇ ਵਜੋਂ ਤੁਸੀਂ ਸ਼ਾਇਦ ਦੁਬਾਰਾ ਸਿਗਰਟ ਪੀਣੀ ਸ਼ੁਰੂ ਕਰ ਦਿਓਗੇ।

      ● ਸਿਗਰਟ ਪੀਣ ਨਾਲ ਮੈਂ ਟੈਨਸ਼ਨ ਘਟਾ ਸਕਦਾ ਹਾਂ।

      ਸੱਚਾਈ: ਸਰਵੇਖਣ ਦੇ ਮੁਤਾਬਕ ਨਿਕੋਟੀਨ ਟੈਨਸ਼ਨ ਪੈਦਾ ਕਰਨ ਵਾਲੇ ਹਾਰਮੋਨਾਂ ਨੂੰ ਵਧਾ ਦਿੰਦੀ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਸਿਗਰਟ ਪੀ ਕੇ ਟੈਨਸ਼ਨ ਘੱਟ ਜਾਂਦੀ ਹੈ, ਪਰ ਅਸਲ ਵਿਚ ਤੁਹਾਨੂੰ ਥੋੜ੍ਹੇ ਚਿਰ ਲਈ ਆਰਾਮ ਮਿਲਦਾ ਹੈ ਕਿਉਂਕਿ ਤੁਸੀਂ ਆਪਣਾ ਨਸ਼ਾ ਪੂਰਾ ਕਰ ਲਿਆ ਹੈ ਅਤੇ ਆਪਣੇ ਵਿਚ ਸਿਗਰਟ ਛੱਡਣ ਦੇ ਲੱਛਣ ਨਹੀਂ ਮਹਿਸੂਸ ਕਰਦੇ।

      ● ਮੈਂ ਸਿਗਰਟ ਪੀਣੀ ਨਹੀਂ ਛੱਡ ਸਕਦਾ, ਇਹ ਮੇਰੀ ਪੁਰਾਣੀ ਆਦਤ ਹੈ।

      ਸੱਚਾਈ: ਜੇ ਤੁਸੀਂ ਸੋਚੋ ਕਿ ‘ਮੈਂ ਸਿਗਰਟ ਕਦੀ ਨਹੀਂ ਛੱਡ ਸਕਦਾ,’ ਤਾਂ ਤੁਸੀਂ ਸ਼ਾਇਦ ਇਸ ਆਦਤ ਉੱਤੇ ਕਦੇ ਕਾਬੂ ਨਹੀਂ ਪਾਓਗੇ। ਬਾਈਬਲ ਕਹਿੰਦੀ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਇਹ ਨਾ ਸੋਚੋ ਕਿ ਤੁਸੀਂ ਸਫ਼ਲ ਨਹੀਂ ਹੋਵੋਗੇ। ਕੋਈ ਵੀ ਵਿਅਕਤੀ ਜੋ ਸਿਗਰਟ ਛੱਡਣੀ ਚਾਹੁੰਦਾ ਹੈ ਅਤੇ ਇਸ ਰਸਾਲੇ ਵਿਚ ਦੱਸੀ ਸਲਾਹ ਨੂੰ ਅਪਣਾਉਂਦਾ ਹੈ, ਆਪਣੇ ਇਰਾਦੇ ਵਿਚ ਸਫ਼ਲ ਹੋ ਸਕਦਾ ਹੈ।

      ● ਨਸ਼ਾ ਛੱਡਣ ਦੇ ਅਸਰ ਮੈਥੋਂ ਝੱਲੇ ਨਹੀਂ ਜਾਂਦੇ।

      ਸੱਚਾਈ: ਭਾਵੇਂ ਸਿਗਰਟ ਛੱਡਣ ਕਰਕੇ ਤੁਹਾਨੂੰ ਮੁਸ਼ਕਲ ਲੱਗੇ, ਪਰ ਕੁਝ ਹੀ ਹਫ਼ਤਿਆਂ ਵਿਚ ਤੁਸੀਂ ਠੀਕ ਮਹਿਸੂਸ ਕਰਨ ਲੱਗੋਗੇ। ਤਾਂ ਫਿਰ ਆਪਣੇ ਇਰਾਦੇ ʼਤੇ ਪੱਕੇ ਰਹੋ! ਜੇ ਮਹੀਨੇ ਜਾਂ ਕਈ ਸਾਲ ਬਾਅਦ ਸਿਗਰਟ ਪੀਣ ਦੀ ਇੱਛਾ ਦੁਬਾਰਾ ਜਾਗੇ, ਤਾਂ ਉਮੀਦ ਹੈ ਇਹ ਥੋੜ੍ਹੇ ਮਿੰਟਾਂ ਵਿਚ ਮਰ ਜਾਵੇਗੀ—ਪਰ ਤਦ ਹੀ ਜੇ ਤੁਸੀਂ ਸਿਗਰਟ ਨਾ ਪੀਓ।

      ● ਮੈਨੂੰ ਦਿਮਾਗ਼ੀ ਬੀਮਾਰੀ ਹੈ।

      ਸੱਚਾਈ: ਜੇ ਤੁਹਾਨੂੰ ਕੋਈ ਦਿਮਾਗ਼ੀ ਬੀਮਾਰੀ ਹੋਵੇ ਜਿਵੇਂ ਡਿਪਰੈਸ਼ਨ ਜਾਂ ਸ਼ਾਈਜ਼ੋਫਰੀਨੀਆ, ਤਾਂ ਸਿਗਰਟਾਂ ਛੱਡਣ ਲਈ ਆਪਣੇ ਡਾਕਟਰ ਤੋਂ ਮਦਦ ਮੰਗੋ। ਸ਼ਾਇਦ ਤੁਹਾਡੇ ਫ਼ੈਸਲੇ ਦਾ ਤੁਹਾਡੀ ਬੀਮਾਰੀ ਅਤੇ ਦਵਾਈ ਉੱਤੇ ਅਸਰ ਪਵੇ। ਬੇਸ਼ੱਕ ਡਾਕਟਰ ਤੁਹਾਡੀ ਮਦਦ ਕਰਨ ਲਈ ਤਿਆਰ ਹੋਵੇਗਾ ਅਤੇ ਸ਼ਾਇਦ ਤੁਹਾਨੂੰ ਕੋਈ ਦਵਾਈ ਬਦਲ ਕੇ ਦੇਵੇ।

      ● ਜੇ ਮੈਂ ਦੁਬਾਰਾ ਸਿਗਰਟ ਪੀਣੀ ਸ਼ੁਰੂ ਕਰ ਦੇਵਾਂ, ਤਾਂ ਮੈਨੂੰ ਇਵੇਂ ਲੱਗਣਾ ਕਿ ਮੈਂ ਕਦੀ ਸਫ਼ਲ ਨਹੀਂ ਹੋਵਾਂਗਾ।

      ਸੱਚਾਈ: ਕਈ ਲੋਕ ਹਾਰ ਮੰਨ ਕੇ ਇਕ-ਦੋ ਵਾਰ ਸਿਗਰਟ ਪੀ ਲੈਂਦੇ ਹਨ। ਜੇ ਤੁਹਾਡੇ ਨਾਲ ਇਵੇਂ ਹੁੰਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਗਰਟਾਂ ਨਹੀਂ ਛੱਡ ਸਕਦੇ। ਕੋਸ਼ਿਸ਼ ਕਰਦੇ ਰਹੋ। ਇਕ ਵਾਰ ਸਿਗਰਟ ਪੀਣ ਦਾ ਮਤਲਬ ਅਸਫ਼ਲਤਾ ਨਹੀਂ ਹੈ। ਪਰ ਪੀਂਦੇ ਰਹਿਣਾ ਅਸਫ਼ਲਤਾ ਹੈ। ਇਸ ਲਈ ਜਤਨ ਕਰਦੇ ਰਹੋ। ਅੰਤ ਵਿਚ ਤੁਹਾਡੀ ਜਿੱਤ ਹੋਵੇਗੀ!

      ਰੋਮੂਆਲਡੋ ਦੀ ਗੱਲ ਲੈ ਲਓ ਜਿਸ ਨੇ 26 ਸਾਲ ਸਿਗਰਟ ਪੀਤੀ ਅਤੇ ਹੁਣ 30 ਸਾਲਾਂ ਤੋਂ ਸਿਗਰਟ ਛੱਡ ਚੁੱਕਾ ਹੈ। ਉਸ ਨੇ ਕਿਹਾ: “ਮੈਨੂੰ ਯਾਦ ਨਹੀਂ ਕਿ ਮੈਂ ਕਿੰਨੀ ਵਾਰ ਸਿਗਰਟ ਛੱਡ ਕੇ ਦੁਬਾਰਾ ਪੀਣੀ ਸ਼ੁਰੂ ਕੀਤੀ। ਹਰ ਵਾਰ ਮੈਨੂੰ ਬੁਰਾ ਲੱਗਦਾ ਸੀ ਕਿਉਂਕਿ ਮੈਂ ਸੋਚਦਾ ਸੀ ਕਿ ਮੈਂ ਕਦੇ ਸਫ਼ਲ ਨਹੀਂ ਹੋ ਸਕਦਾ। ਪਰ ਜਦੋਂ ਮੈਂ ਯਹੋਵਾਹ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਦਾ ਇਰਾਦਾ ਕਰ ਲਿਆ ਸੀ ਅਤੇ ਵਾਰ-ਵਾਰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗੀ, ਤਾਂ ਅਖ਼ੀਰ ਵਿਚ ਮੈਂ ਸਿਗਰਟ ਛੱਡਣ ਵਿੱਚ ਸਫ਼ਲ ਹੋ ਗਿਆ।”

      ਇਸ ਲੜੀ ਦੇ ਅਖ਼ੀਰਲੇ ਲੇਖ ਵਿਚ ਅਸੀਂ ਕੁਝ ਹੋਰ ਸੁਝਾਵਾਂ ਬਾਰੇ ਵਿਚਾਰ ਕਰਾਂਗੇ ਜੋ ਸਿਗਰਟ ਛੱਡਣ ਵਿਚ ਤੁਹਾਡੀ ਮਦਦ ਕਰਨਗੇ। (g10-E 05)

      [ਸਫ਼ਾ 30 ਉੱਤੇ ਡੱਬੀ/ਤਸਵੀਰ]

      ਹਰ ਤਰ੍ਹਾਂ ਜਾਨ-ਲੇਵਾ

      ਤਮਾਖੂ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਤਮਾਖੂ ਵਾਲੀਆਂ ਕਈ ਚੀਜ਼ਾਂ ਕਰਿਆਨੇ ਦੀਆਂ ਦੁਕਾਨਾਂ ਅਤੇ ਜੜ੍ਹੀ-ਬੂਟੀਆਂ ਦੀਆਂ ਦੁਕਾਨਾਂ ਤੋਂ ਵੀ ਮਿਲ ਸਕਦੀਆਂ ਹਨ। ਫਿਰ ਵੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ: “ਹਰ ਕਿਸਮ ਦਾ ਤਮਾਖੂ ਜਾਨ-ਲੇਵਾ ਹੈ।” ਤਮਾਖੂ ਨਾਲ ਜੁੜੀ ਕਿਸੇ ਵੀ ਬੀਮਾਰੀ ਕਾਰਨ ਮੌਤ ਹੋ ਸਕਦੀ ਹੈ, ਜਿਵੇਂ ਕੈਂਸਰ ਜਾਂ ਦਿਲ ਦੀਆਂ ਬੀਮਾਰੀਆਂ। ਮਾਂ ਬਣਨ ਵਾਲੀਆਂ ਔਰਤਾਂ ਸਿਗਰਟ ਪੀਣ ਨਾਲ ਆਪਣੇ ਅਣਜੰਮੇ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਤਮਾਖੂ ਆਮ ਤੌਰ ਤੇ ਕਿਨ੍ਹਾਂ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ?

      ਬੀੜੀਆਂ: ਇਹ ਛੋਟੀ ਜਿਹੀ ਹੱਥ ਨਾਲ ਬਣਾਈ ਸਿਗਰਟ ਏਸ਼ੀਆ ਵਿਚ ਵਰਤੀ ਜਾਂਦੀ ਹੈ। ਬੀੜੀਆਂ ਵਿਚ ਆਮ ਸਿਗਰਟਾਂ ਨਾਲੋਂ ਬਹੁਤ ਜ਼ਿਆਦਾ ਮਾਤਰਾ ਵਿਚ ਟਾਰ, ਨਿਕੋਟੀਨ ਅਤੇ ਕਾਰਬਨ ਮੋਨੋਆਕਸਾਈਡ ਪਾਈ ਜਾਂਦੀ ਹੈ।

      ਸਿਗਾਰ: ਇਸ ਨੂੰ ਬਣਾਉਣ ਲਈ ਤਮਾਖੂ ਨੂੰ ਤਮਾਖੂ ਦੇ ਪੱਤੇ ਜਾਂ ਤਮਾਖੂ ਨਾਲ ਬਣੇ ਕਾਗਜ਼ ਵਿਚ ਘੁੱਟ ਕੇ ਲਪੇਟਿਆ ਜਾਂਦਾ ਹੈ। ਸਿਗਾਰਾਂ ਵਿਚ ਹਲਕੀ ਅਲਕਲੀ ਵਾਲਾ ਤਮਾਖੂ ਹੁੰਦਾ ਹੈ, ਪਰ ਆਮ ਸਿਗਰਟਾਂ ਵਿਚ ਤੇਜ਼ਾਬੀ ਤਮਾਖੂ ਹੁੰਦਾ ਹੈ। ਇਸ ਕਰਕੇ ਸਿਗਾਰ ਵਿੱਚੋਂ ਨਿਕੋਟੀਨ ਨੂੰ ਮੂੰਹ ਵਿਚ ਖਿੱਚਿਆ ਜਾਂਦਾ ਹੈ ਭਾਵੇਂ ਇਹ ਨਾ ਵੀ ਬਾਲੀ ਹੋਵੇ।

      ਲੌਂਗ ਵਾਲੀਆਂ ਸਿਗਰਟਾਂ: ਆਮ ਤੌਰ ਤੇ ਇਨ੍ਹਾਂ ਵਿਚ 60 ਫੀ ਸਦੀ ਤਮਾਖੂ ਅਤੇ 40 ਫੀ ਸਦੀ ਲੌਂਗ ਹੁੰਦੇ ਹਨ। ਇਹ ਆਮ ਸਿਗਰਟ ਨਾਲੋਂ ਜ਼ਿਆਦਾ ਟਾਰ, ਨਿਕੋਟੀਨ ਅਤੇ ਕਾਰਬਨ ਮੋਨੋਆਕਸਾਈਡ ਛੱਡਦੀਆਂ ਹਨ।

      ਚਿਲਮ: ਸ਼ਾਇਦ ਕੁਝ ਲੋਕ ਸੋਚਣ ਕਿ ਸਿਗਰਟ ਪੀਣ ਨਾਲੋਂ ਚਿਲਮ ਪੀਣੀ ਜ਼ਿਆਦਾ ਸੁਰੱਖਿਅਤ ਹੈ। ਪਰ ਅਸਲ ਵਿਚ ਦੋਨਾਂ ਆਦਤਾਂ ਨਾਲ ਕੈਂਸਰ ਅਤੇ ਹੋਰ ਬੀਮਾਰੀਆਂ ਲੱਗ ਸਕਦੀਆਂ ਹਨ।

      ਖਾਣ ਵਾਲਾ ਤਮਾਖੂ: ਇਸ ਵਿਚ ਜਰਦਾ, ਨਸਵਾਰ ਅਤੇ ਅਲੱਗ-ਅਲੱਗ ਸੁਆਦਾਂ ਵਾਲਾ ਗੁਟਕਾ ਹੁੰਦਾ ਹੈ ਜੋ ਦੱਖਣ-ਪੂਰਬੀ ਏਸ਼ੀਆ ਵਿਚ ਵਰਤਿਆ ਜਾਂਦਾ ਹੈ। ਨਿਕੋਟੀਨ ਮੂੰਹ ਰਾਹੀਂ ਖ਼ੂਨ ਦੀਆਂ ਨਾੜੀਆਂ ਵਿਚ ਫੈਲ ਜਾਂਦੀ ਹੈ। ਅਜਿਹੇ ਕਿਸਮ ਦਾ ਤਮਾਖੂ ਬਾਕੀ ਕਿਸਮਾਂ ਜਿੰਨਾ ਖ਼ਤਰਨਾਕ ਹੈ।

      ਹੁੱਕਾ: ਸੂਟਾ ਲਾਉਣ ਤੋਂ ਪਹਿਲਾਂ ਤਮਾਖੂ ਦਾ ਧੂੰਆਂ ਪਾਣੀ ਰਾਹੀਂ ਲੰਘਦਾ ਹੈ। ਪਰ ਇਸ ਦੇ ਬਾਵਜੂਦ ਧੂੰਏਂ ਵਿਚਲੇ ਜ਼ਹਿਰੀਲੇ ਤੱਤ ਫਿਲਟਰ ਨਹੀਂ ਹੁੰਦੇ ਅਤੇ ਫੇਫੜਿਆਂ ਤਕ ਪਹੁੰਚ ਜਾਂਦੇ ਹਨ ਜਿਨ੍ਹਾਂ ਕਰਕੇ ਕੈਂਸਰ ਵੀ ਹੋ ਸਕਦਾ ਹੈ।

      [ਸਫ਼ਾ 31 ਉੱਤੇ ਡੱਬੀ/ਤਸਵੀਰ]

      ਆਦਤ ਛੱਡਣ ਵਿਚ ਕਿਸੇ ਦੀ ਮਦਦ ਕਰਨੀ

      ● ਹੌਸਲਾ ਦਿਓ: ਕਿਸੇ ਨੂੰ ਸਤਾਉਣ ਜਾਂ ਭਾਸ਼ਣ ਦੇਣ ਦੀ ਬਜਾਇ ਸਿਗਰਟ ਛੱਡਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰੋ। ਇਹ ਕਹਿਣ ਦੀ ਬਜਾਇ ਕਿ “ਤੂੰ ਫਿਰ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਹੈ!” ਇਹ ਕਹਿਣਾ ਵਧੀਆ ਹੋਵੇਗਾ ਕਿ “ਤੁਸੀਂ ਦੁਬਾਰਾ ਕੋਸ਼ਿਸ਼ ਕਰੋ, ਜਿੱਤ ਤੁਹਾਡੀ ਹੋਵੇਗੀ!”

      ● ਮਾਫ਼ ਕਰੋ: ਜੇ ਸਿਗਰਟ ਛੱਡਣ ਵਾਲਾ ਨਿਰਾਸ਼ ਹੋਣ ਕਰਕੇ ਤੁਹਾਡੇ ʼਤੇ ਗੁੱਸਾ ਕੱਢੇ, ਤਾਂ ਬੁਰਾ ਨਾ ਮਨਾਓ। ਵਧੀਆ ਗੱਲਾਂ ਕਹੋ ਜਿਵੇਂ, “ਮੈਨੂੰ ਪਤਾ ਹੈ ਕਿ ਇਹ ਕਿੰਨਾ ਮੁਸ਼ਕਲ ਹੈ, ਪਰ ਮੈਨੂੰ ਫ਼ਖ਼ਰ ਹੈ ਕਿ ਤੁਸੀਂ ਮਿਹਨਤ ਕਰ ਰਹੇ ਹੋ।” ਇਹ ਕਦੇ ਨਾ ਕਹੋ, “ਤੂੰ ਜਦੋਂ ਸਿਗਰਟ ਪੀਂਦਾ ਸੀ, ਤਾਂ ਬੜਾ ਚੰਗਾ ਹੁੰਦਾ ਸੀ!”

      ● ਸੱਚੇ ਦੋਸਤ ਬਣੋ: ਬਾਈਬਲ ਦੱਸਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਵਤਾਂ 17:17) ਜੀ ਹਾਂ, ਸਿਗਰਟ ਛੱਡਣ ਵਾਲੇ ਨਾਲ “ਹਰ ਸਮੇਂ” ਧੀਰਜ ਅਤੇ ਪਿਆਰ ਨਾਲ ਪੇਸ਼ ਆਓ—ਭਾਵੇਂ ਕੋਈ ਵੀ ਸਮਾਂ ਹੋਵੇ ਜਾਂ ਉਹ ਕਿਸੇ ਵੀ ਮੂਡ ਵਿਚ ਹੋਵੇ।

  • ਸਿਗਰਟ ਪੀਣੀ ਛੱਡੋ—ਤੁਸੀਂ ਜਿੱਤ ਸਕਦੇ ਹੋ!
    ਜਾਗਰੂਕ ਬਣੋ!—2010 | ਅਕਤੂਬਰ
    • ਸਿਗਰਟ ਪੀਣੀ ਛੱਡੋ​—ਤੁਸੀਂ ਜਿੱਤ ਸਕਦੇ ਹੋ!

      ਤੁਹਾਡਾ ‘ਉਠ ਕੇ ਤਕੜੇ ਹੋਣ’ ਦਾ ਸਮਾਂ ਆ ਗਿਆ ਹੈ। (1 ਇਤਹਾਸ 28:10) ਤੁਸੀਂ ਪੂਰੀ ਤਰ੍ਹਾਂ ਸਫ਼ਲ ਹੋਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ?

      ਇਕ ਤਾਰੀਖ਼ ਚੁਣੋ। ਅਮਰੀਕਾ ਵਿਚ ਇਕ ਸੰਸਥਾ (ਯੂ.ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ) ਨੇ ਸੁਝਾਅ ਦਿੱਤਾ ਕਿ ਇਕ ਵਾਰ ਤੁਸੀਂ ਸਿਗਰਟ ਛੱਡਣ ਦੀ ਠਾਣ ਲਈ, ਤਾਂ ਸਿਗਰਟ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਪਹਿਲਾ ਦਿਨ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੋਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਇਰਾਦਾ ਪੱਕਾ ਰਹੇਗਾ। ਆਪਣੇ ਕਲੰਡਰ ʼਤੇ ਉਸ ਦਿਨ ਉੱਤੇ ਨਿਸ਼ਾਨ ਲਾਓ ਜਿਸ ਦਿਨ ਤੁਸੀਂ ਸਿਗਰਟ ਛੱਡਣ ਦਾ ਇਰਾਦਾ ਕੀਤਾ ਹੈ। ਆਪਣੇ ਸਾਰੇ ਦੋਸਤਾਂ ਨੂੰ ਦੱਸੋ ਅਤੇ ਉਸ ਤਾਰੀਖ਼ ʼਤੇ ਟਿਕੇ ਰਹੋ, ਭਾਵੇਂ ਤੁਹਾਡੇ ਹਾਲਾਤ ਬਦਲ ਵੀ ਜਾਣ।

      ਕਾਗਜ਼ ਉੱਤੇ ਚੇਤੇ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਲਿਖੋ: ਤੁਸੀਂ ਹੇਠਾਂ ਦੱਸੀਆਂ ਗੱਲਾਂ ਲਿਖ ਸਕਦੇ ਹੋ ਅਤੇ ਉਹ ਕੁਝ ਵੀ ਲਿਖ ਸਕਦੇ ਹੋ ਜੋ ਤੁਹਾਡੇ ਇਰਾਦੇ ਨੂੰ ਮਜ਼ਬੂਤ ਕਰੇਗਾ:

      ● ਸਿਗਰਟ ਛੱਡਣ ਦਾ ਕਾਰਨ ਲਿਖੋ

      ● ਉਨ੍ਹਾਂ ਲੋਕਾਂ ਦੇ ਫ਼ੋਨ ਨੰਬਰ ਲਿਖੋ ਜਿਨ੍ਹਾਂ ਨੂੰ ਤੁਸੀਂ ਮੁਸ਼ਕਲ ਵੇਲੇ ਫ਼ੋਨ ਕਰ ਸਕੋਗੇ

      ● ਚੰਗੇ ਵਿਚਾਰ ਲਿਖੋ—ਸ਼ਾਇਦ ਤੁਸੀਂ ਬਾਈਬਲ ਦੀਆਂ ਕੁਝ ਆਇਤਾਂ ਲਿਖ ਸਕਦੇ ਹੋ, ਜਿਵੇਂ ਗਲਾਤੀਆਂ 5:22, 23, ਜੋ ਤੁਹਾਨੂੰ ਆਪਣਾ ਮਕਸਦ ਪੂਰਾ ਕਰਨ ਲਈ ਮਜ਼ਬੂਤ ਕਰ ਸਕਦੀਆਂ ਹਨ।

      ਇਸ ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਇਸ ਨੂੰ ਹਰ ਰੋਜ਼ ਵਾਰ-ਵਾਰ ਪੜ੍ਹੋ। ਜੇ ਸਿਗਰਟ ਛੱਡਣ ਤੋਂ ਬਾਅਦ ਕਿਤੇ ਤੁਹਾਡਾ ਸਿਗਰਟ ਪੀਣ ਨੂੰ ਜੀ ਕਰੇ, ਤਾਂ ਇਸ ਕਾਗਜ਼ ਨੂੰ ਪੜ੍ਹੋ।

      ਆਦਤਾਂ ਬਦਲੋ: ਮਿੱਥੀ ਹੋਈ ਤਾਰੀਖ਼ ਤੋਂ ਪਹਿਲਾਂ, ਸਿਗਰਟ ਪੀਣ ਨਾਲ ਜੁੜੀਆਂ ਆਪਣੀਆਂ ਆਦਤਾਂ ਬਦਲੋ। ਮਿਸਾਲ ਲਈ, ਜੇ ਤੁਸੀਂ ਸਵੇਰੇ ਉੱਠਦੇ ਸਾਰ ਹੀ ਸਿਗਰਟ ਪੀਂਦੇ ਹੋ, ਤਾਂ ਇਕ ਘੰਟਾ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਖਾਣੇ ਦੇ ਦੌਰਾਨ ਜਾਂ ਖਾਣੇ ਤੋਂ ਬਾਅਦ ਸਿਗਰਟ ਪੀਂਦੇ ਹੋ, ਤਾਂ ਇਹ ਆਦਤ ਛੱਡੋ। ਉੱਥੇ ਨਾ ਜਾਓ ਜਿੱਥੇ ਦੂਸਰੇ ਲੋਕ ਸਿਗਰਟ ਪੀਂਦੇ ਹਨ। ਨਾਲੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਜਵਾਬ ਦੇਣ ਦੀ ਪ੍ਰੈਕਟਿਸ ਕਰੋ: “ਨਹੀਂ, ਮੈਂ ਹੁਣ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ ਹਨ।” ਅਜਿਹੇ ਕਦਮ ਚੁੱਕਣ ਨਾਲ ਤੁਸੀਂ ਨਾ ਸਿਰਫ਼ ਚੁਣੇ ਹੋਏ ਦਿਨ ਲਈ ਤਿਆਰ ਹੋਵੋਗੇ, ਪਰ ਤੁਸੀਂ ਯਕੀਨ ਵੀ ਕਰੋਗੇ ਕਿ ਇਕ ਦਿਨ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਓਗੇ।

      ਉਸ ਦਿਨ ਲਈ ਤਿਆਰੀ ਕਰੋ: ਜਿਵੇਂ ਤੁਹਾਡੀ ਸਿਗਰਟ ਛੱਡਣ ਦੀ ਤਾਰੀਖ਼ ਨੇੜੇ ਆ ਰਹੀ ਹੈ, ਤੁਸੀਂ ਸਿਗਰਟ ਦੇ ਬਦਲੇ ਕੁਝ ਚੀਜ਼ਾਂ ਖਾਣ ਵਾਸਤੇ ਜਮ੍ਹਾ ਕਰੋ ਜਿਵੇਂ ਗਾਜਰਾਂ, ਚਿਊਇੰਗ-ਗਮ, ਗਿਰੀਆਂ ਵਗੈਰਾ। ਸਾਰਿਆਂ ਨੂੰ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਸਿਗਰਟ ਛੱਡ ਰਹੇ ਹੋ ਅਤੇ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਨ। ਉਹ ਦਿਨ ਆਉਣ ਤੋਂ ਇਕ ਦਿਨ ਪਹਿਲਾਂ ਆਪਣੀ ਐਸ਼ਟ੍ਰੇ ਅਤੇ ਲਾਈਟਰ ਨੂੰ ਸੁੱਟ ਦਿਓ ਅਤੇ ਉਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਲਲਚਾ ਸਕਦੀਆਂ ਹਨ ਜਿਵੇਂ ਘਰ ਵਿਚ, ਕਾਰ ਵਿਚ, ਜੇਬ ਵਿਚ ਜਾਂ ਕੰਮ ਵਾਲੀ ਜਗ੍ਹਾ ਨੇੜੇ-ਤੇੜੇ ਪਈਆਂ ਸਿਗਰਟਾਂ। ਇਹ ਜ਼ਰੂਰੀ ਹੈ ਕਿਉਂਕਿ ਮੇਜ਼ ʼਤੇ ਪਈ ਸਿਗਰਟ ਚੁੱਕਣ ਨਾਲੋਂ ਦੋਸਤ ਤੋਂ ਮੰਗਣੀ ਜਾਂ ਖ਼ਰੀਦਣੀ ਔਖੀ ਹੁੰਦੀ ਹੈ! ਨਾਲੇ ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕਰ ਕੇ ਉਸ ਤੋਂ ਮਦਦ ਮੰਗੋ ਖ਼ਾਸ ਕਰਕੇ ਆਪਣੀ ਅਖ਼ੀਰਲੀ ਸਿਗਰਟ ਪੀਣ ਤੋਂ ਬਾਅਦ।—ਲੁਕਾ 11:13.

      ਕਈਆਂ ਨੇ ਆਪਣੀ ਇਸ ਭੈੜੀ ਆਦਤ ਤੋਂ ਛੁਟਕਾਰਾ ਪਾ ਲਿਆ ਹੈ। ਤੁਸੀਂ ਵੀ ਜਿੱਤ ਪਾ ਸਕਦੇ ਹੋ। ਅੱਛੀ ਸਿਹਤ ਅਤੇ ਆਜ਼ਾਦੀ ਦੀ ਭਾਵਨਾ ਤੁਹਾਡੀ ਉਡੀਕ ਕਰ ਰਹੀ ਹੈ। (g10-E 05)

      [ਸਫ਼ਾ 32 ਉੱਤੇ ਤਸਵੀਰ]

      ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਇਸ ਨੂੰ ਦਿਨ ਵਿਚ ਵਾਰ-ਵਾਰ ਪੜ੍ਹੋ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ