ਪਾਠ 1
‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’
1. ਆਦਮ ਤੇ ਹੱਵਾਹ ਦੇ ਪਰਿਵਾਰ ਨੂੰ ਅਦਨ ਦੇ ਬਾਗ਼ ਵਿਚ ਜਾਣ ਤੋਂ ਕਿਹੜੀ ਚੀਜ਼ ਨੇ ਰੋਕਿਆ ਅਤੇ ਹਾਬਲ ਦੀ ਕੀ ਤਮੰਨਾ ਸੀ?
ਸ਼ਾਮ ਦੇ ਵੇਲੇ ਹਲਕੀ-ਹਲਕੀ ਹਵਾ ਵਿਚ ਹਾਬਲ ਦੇ ਵਾਲ਼ ਉੱਡ ਰਹੇ ਹਨ। ਪਹਾੜ ʼਤੇ ਉਸ ਦੀਆਂ ਭੇਡਾਂ ਆਰਾਮ ਨਾਲ ਘਾਹ ਚਰ ਰਹੀਆਂ ਹਨ। ਫਿਰ ਸ਼ਾਇਦ ਉਸ ਦੀਆਂ ਨਜ਼ਰਾਂ ਇਕ ਅਜਿਹੀ ਥਾਂ ʼਤੇ ਟਿਕ ਜਾਂਦੀਆਂ ਹਨ ਜਿੱਥੋਂ ਉਸ ਨੂੰ ਹਲਕੀ ਜਿਹੀ ਰੌਸ਼ਨੀ ਦਿਖਾਈ ਦਿੰਦੀ ਹੈ। ਉਹ ਜਾਣਦਾ ਹੈ ਕਿ ਉਸ ਜਗ੍ਹਾ ʼਤੇ ਇਕ ਬਲ਼ਦੀ ਹੋਈ ਤਲਵਾਰ ਹਮੇਸ਼ਾ ਘੁੰਮਦੀ ਰਹਿੰਦੀ ਹੈ ਜੋ ਅਦਨ ਦੇ ਬਾਗ਼ ਦੇ ਅੰਦਰ ਜਾਣ ਦਾ ਰਸਤਾ ਰੋਕ ਕੇ ਰੱਖਦੀ ਹੈ। ਇਕ ਸਮੇਂ ਤੇ ਉਸ ਦੇ ਮਾਤਾ-ਪਿਤਾ ਉੱਥੇ ਰਹਿੰਦੇ ਹੁੰਦੇ ਸਨ। ਪਰ ਹੁਣ ਨਾ ਤਾਂ ਆਦਮ-ਹੱਵਾਹ ਤੇ ਨਾ ਹੀ ਉਨ੍ਹਾਂ ਦੇ ਬੱਚੇ ਬਾਗ਼ ਵਿਚ ਵੜ ਸਕਦੇ ਹਨ। ਫਿਰ ਉਹ ਨਜ਼ਰਾਂ ਚੁੱਕ ਕੇ ਅੰਬਰ ਵੱਲ ਦੇਖਦਾ ਹੈ ਤੇ ਆਪਣੇ ਸਿਰਜਣਹਾਰ ਬਾਰੇ ਸੋਚਦਾ ਹੈ। ਕੀ ਇਨਸਾਨ ਤੇ ਪਰਮੇਸ਼ੁਰ ਦੇ ਰਿਸ਼ਤੇ ਵਿਚਕਾਰ ਪਈ ਦਰਾੜ ਕਦੇ ਭਰ ਸਕੇਗੀ? ਹਾਂ, ਹਾਬਲ ਦੀ ਇਹੀ ਦਿਲੀ ਤਮੰਨਾ ਹੈ।
2-4. ਅੱਜ ਹਾਬਲ ਸਾਨੂੰ ਕਿਵੇਂ ਸਿਖਾਉਂਦਾ ਹੈ?
2 ਹਾਬਲ ਅੱਜ ਤੁਹਾਨੂੰ ਕੁਝ ਸਿਖਾ ਰਿਹਾ ਹੈ। ਕੀ ਤੁਸੀਂ ਉਸ ਤੋਂ ਸਿੱਖਣ ਲਈ ਤਿਆਰ ਹੋ? ਪਰ ਤੁਸੀਂ ਸ਼ਾਇਦ ਕਹੋ: ਇਹ ਕਿੱਦਾਂ ਹੋ ਸਕਦਾ? ਉਸ ਨੂੰ ਮਰਿਆਂ ਤਾਂ ਸਦੀਆਂ ਬੀਤ ਚੁੱਕੀਆਂ ਹਨ। ਉਸ ਦਾ ਸਰੀਰ ਤਾਂ ਕਦੋਂ ਦਾ ਮਿੱਟੀ ਵਿਚ ਮਿਲ ਚੁੱਕਾ ਹੈ। ਮਰੇ ਹੋਏ ਲੋਕਾਂ ਬਾਰੇ ਬਾਈਬਲ ਸਿਖਾਉਂਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ।” (ਉਪ. 9:5, 10) ਨਾਲੇ ਹਾਬਲ ਦੀ ਕਹੀ ਕੋਈ ਵੀ ਗੱਲ ਬਾਈਬਲ ਵਿਚ ਦਰਜ ਨਹੀਂ ਹੈ। ਤਾਂ ਫਿਰ, ਉਹ ਸਾਨੂੰ ਕਿਵੇਂ ਸਿਖਾ ਸਕਦਾ ਹੈ?
3 ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਪੌਲੁਸ ਰਸੂਲ ਨੇ ਹਾਬਲ ਬਾਰੇ ਕਿਹਾ: “ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਸਾਨੂੰ ਸਿਖਾ ਰਿਹਾ ਹੈ।” (ਇਬਰਾਨੀਆਂ 11:4 ਪੜ੍ਹੋ।) ਜੀ ਹਾਂ, ਉਹ ਸਾਨੂੰ ਆਪਣੀ ਨਿਹਚਾ ਰਾਹੀਂ ਸਿਖਾ ਰਿਹਾ ਹੈ। ਹਾਬਲ ਪਹਿਲਾ ਸ਼ਖ਼ਸ ਹੈ ਜਿਸ ਨੇ ਨਿਹਚਾ ਦਾ ਬਿਹਤਰੀਨ ਗੁਣ ਪੈਦਾ ਕੀਤਾ। ਆਪਣੀ ਜ਼ਬਰਦਸਤ ਨਿਹਚਾ ਦਾ ਸਬੂਤ ਦੇ ਕੇ ਉਹ ਸਾਡੇ ਲਈ ਇਕ ਜੀਉਂਦੀ-ਜਾਗਦੀ ਮਿਸਾਲ ਬਣ ਗਿਆ। ਹਾਬਲ ਦੀ ਨਿਹਚਾ ਦੀ ਰੀਸ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਉਸ ਤੋਂ ਸਿੱਖ ਰਹੇ ਹਾਂ।
4 ਪਰ ਬਾਈਬਲ ਵਿਚ ਉਸ ਬਾਰੇ ਬਹੁਤ ਘੱਟ ਦੱਸਿਆ ਗਿਆ ਹੈ। ਤਾਂ ਫਿਰ, ਅਸੀਂ ਹਾਬਲ ਅਤੇ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਦੇਖੀਏ।
“ਦੁਨੀਆਂ ਦੀ ਨੀਂਹ” ਰੱਖੇ ਜਾਣ ਸਮੇਂ ਵੱਡਾ ਹੋਣਾ
5. ਯਿਸੂ ਨੇ ਹਾਬਲ ਦਾ ਸੰਬੰਧ “ਦੁਨੀਆਂ ਦੀ ਨੀਂਹ” ਨਾਲ ਕਿਉਂ ਜੋੜਿਆ? (ਫੁਟਨੋਟ ਵੀ ਦੇਖੋ।)
5 ਹਾਬਲ ਦਾ ਜਨਮ ਆਦਮ-ਹੱਵਾਹ ਦੀ ਸ੍ਰਿਸ਼ਟੀ ਤੋਂ ਥੋੜ੍ਹੀ ਦੇਰ ਬਾਅਦ ਹੋਇਆ ਸੀ। ਯਿਸੂ ਨੇ ਕਿਹਾ ਕਿ ਹਾਬਲ “ਦੁਨੀਆਂ ਦੀ ਨੀਂਹ” ਰੱਖੇ ਜਾਣ ਸਮੇਂ ਰਹਿੰਦਾ ਸੀ। (ਲੂਕਾ 11:50, 51 ਪੜ੍ਹੋ।) ਯਿਸੂ “ਦੁਨੀਆਂ” ਦੇ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ ਪਾਪ ਤੋਂ ਛੁਟਕਾਰਾ ਪਾਉਣ ਦੀ ਉਮੀਦ ਹੈ। ਭਾਵੇਂ ਹਾਬਲ ਧਰਤੀ ਉੱਤੇ ਚੌਥਾ ਇਨਸਾਨ ਸੀ, ਪਰ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਪਹਿਲਾ ਇਨਸਾਨ ਸੀ ਜਿਸ ਨੂੰ ਪਾਪ ਤੋਂ ਛੁਟਕਾਰਾ ਮਿਲਣ ਦੀ ਉਮੀਦ ਸੀ।a ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹਾਬਲ ਦੇ ਪਰਿਵਾਰ ਦੇ ਮੈਂਬਰਾਂ ਵਿੱਚੋਂ ਕਿਸੇ ਨੇ ਚੰਗੀ ਮਿਸਾਲ ਕਾਇਮ ਨਹੀਂ ਕੀਤੀ ਸੀ।
6. ਹਾਬਲ ਦੇ ਮਾਤਾ-ਪਿਤਾ ਕਿਹੋ ਜਿਹੇ ਸਨ?
6 ਅਜੇ ਇਨਸਾਨੀ ਪਰਿਵਾਰ ਦੀ ਸ਼ੁਰੂਆਤ ਨੂੰ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਉਨ੍ਹਾਂ ʼਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਾਬਲ ਦੇ ਮਾਤਾ-ਪਿਤਾ ਬਹੁਤ ਖੂਬਸੂਰਤ ਸਨ ਤੇ ਉਹ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਸਨ। ਇਕ ਸਮੇਂ ਤੇ ਉਹ ਮੁਕੰਮਲ ਸਨ ਤੇ ਉਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦਾ ਮੌਕਾ ਸੀ। ਪਰ ਉਨ੍ਹਾਂ ਨੇ ਇਕ ਬਹੁਤ ਵੱਡੀ ਗ਼ਲਤੀ ਕੀਤੀ। ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ। ਉਨ੍ਹਾਂ ਦਾ ਪੂਰਾ ਧਿਆਨ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵੱਲ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀ ਔਲਾਦ ਬਾਰੇ ਵੀ ਨਹੀਂ ਸੋਚਿਆ। ਨਤੀਜੇ ਵਜੋਂ, ਉਹ ਨਾਮੁਕੰਮਲ ਬਣ ਗਏ ਅਤੇ ਹਮੇਸ਼ਾ ਦੀ ਜ਼ਿੰਦਗੀ ਗੁਆ ਬੈਠੇ।—ਉਤ. 2:15–3:24.
7, 8. ਕਾਇਨ ਦੇ ਜਨਮ ਵੇਲੇ ਹੱਵਾਹ ਨੇ ਕੀ ਕਿਹਾ ਸੀ ਅਤੇ ਸ਼ਾਇਦ ਉਹ ਕੀ ਸੋਚਦੀ ਸੀ?
7 ਹੁਣ ਆਦਮ ਅਤੇ ਹੱਵਾਹ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਰਹੀ। ਜਦੋਂ ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਹੋਇਆ, ਤਾਂ ਉਨ੍ਹਾਂ ਨੇ ਉਸ ਦਾ ਨਾਂ ਕਾਇਨ ਰੱਖਿਆ ਅਤੇ ਹੱਵਾਹ ਨੇ ਕਿਹਾ: “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।” (ਉਤ. 4:1, ERV) ਉਸ ਦੇ ਸ਼ਬਦਾਂ ਤੋਂ ਲੱਗਦਾ ਹੈ ਕਿ ਸ਼ਾਇਦ ਉਹ ਅਦਨ ਦੇ ਬਾਗ਼ ਵਿਚ ਯਹੋਵਾਹ ਦੁਆਰਾ ਕੀਤੇ ਵਾਅਦੇ ਬਾਰੇ ਗੱਲ ਕਰ ਰਹੀ ਸੀ। ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇਕ ਤੀਵੀਂ “ਸੰਤਾਨ” ਪੈਦਾ ਕਰੇਗੀ ਜੋ ਇਕ ਦਿਨ ਉਸ ਦੁਸ਼ਟ ਦਾ ਨਾਸ਼ ਕਰੇਗੀ ਜਿਸ ਨੇ ਆਦਮ ਅਤੇ ਹੱਵਾਹ ਨੂੰ ਭਰਮਾਇਆ ਸੀ। (ਉਤ. 3:15) ਕੀ ਹੱਵਾਹ ਇਹ ਸੋਚ ਰਹੀ ਸੀ ਕਿ ਇਸ ਭਵਿੱਖਬਾਣੀ ਵਿਚ ਦੱਸੀ ਗਈ ਤੀਵੀਂ ਉਹ ਆਪ ਸੀ ਅਤੇ ਕਾਇਨ ਵਾਅਦਾ ਕੀਤੀ ਹੋਈ “ਸੰਤਾਨ” ਸੀ?
8 ਜੇ ਹਾਂ, ਤਾਂ ਉਹ ਗ਼ਲਤ ਸੋਚ ਰਹੀ ਸੀ। ਜੇ ਆਦਮ-ਹੱਵਾਹ ਨੇ ਕਾਇਨ ਦੇ ਦਿਮਾਗ਼ ਵਿਚ ਛੋਟੀ ਉਮਰ ਤੋਂ ਹੀ ਅਜਿਹੀਆਂ ਗੱਲਾਂ ਭਰੀਆਂ ਹੋਣਗੀਆਂ, ਤਾਂ ਕਾਇਨ ਜ਼ਰੂਰ ਘਮੰਡੀ ਬਣ ਗਿਆ ਹੋਣਾ। ਬਾਅਦ ਵਿਚ ਜਦ ਹੱਵਾਹ ਦੇ ਦੂਜਾ ਬੇਟਾ ਹੋਇਆ, ਤਾਂ ਉਨ੍ਹਾਂ ਨੇ ਉਸ ਦਾ ਨਾਂ ਹਾਬਲ ਰੱਖਿਆ ਜਿਸ ਦਾ ਮਤਲਬ ਹੋ ਸਕਦਾ ਹੈ “ਸਾਹ” ਜਾਂ “ਵਿਅਰਥ।” (ਉਤ. 4:2) ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਨੂੰ ਕਾਇਨ ਨਾਲੋਂ ਹਾਬਲ ਤੋਂ ਘੱਟ ਉਮੀਦਾਂ ਸਨ? ਸ਼ਾਇਦ, ਪਰ ਅਸੀਂ ਪੱਕਾ ਨਹੀਂ ਕਹਿ ਸਕਦੇ।
9. ਅੱਜ ਮਾਪੇ ਆਦਮ ਅਤੇ ਹੱਵਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
9 ਅੱਜ ਮਾਪੇ ਆਦਮ ਤੇ ਹੱਵਾਹ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਕੀ ਤੁਸੀਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਬੱਚਿਆਂ ਨੂੰ ਘਮੰਡੀ ਅਤੇ ਖ਼ੁਦਗਰਜ਼ ਬਣਾਓਗੇ? ਜਾਂ ਕੀ ਤੁਸੀਂ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਨਾ ਅਤੇ ਉਸ ਨਾਲ ਦੋਸਤੀ ਕਰਨੀ ਸਿਖਾਓਗੇ? ਅਫ਼ਸੋਸ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਆਪਣੀ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਔਲਾਦ ਲਈ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਮੁਮਕਿਨ ਸੀ।
ਹਾਬਲ ਨੇ ਨਿਹਚਾ ਕਿਵੇਂ ਪੈਦਾ ਕੀਤੀ?
10, 11. ਕਾਇਨ ਤੇ ਹਾਬਲ ਕੀ ਕੰਮ ਕਰਨ ਲੱਗੇ ਅਤੇ ਹਾਬਲ ਨੇ ਆਪਣੇ ਵਿਚ ਕਿਹੜਾ ਗੁਣ ਪੈਦਾ ਕੀਤਾ?
10 ਜਿੱਦਾਂ-ਜਿੱਦਾਂ ਆਦਮ ਦੇ ਮੁੰਡੇ ਵੱਡੇ ਹੁੰਦੇ ਗਏ, ਉਸ ਨੇ ਉਨ੍ਹਾਂ ਨੂੰ ਜ਼ਰੂਰ ਕੋਈ-ਨਾ-ਕੋਈ ਕੰਮ ਕਰਨਾ ਸਿਖਾਇਆ ਹੋਣਾ ਜਿਸ ਨਾਲ ਉਹ ਪਰਿਵਾਰ ਦਾ ਗੁਜ਼ਾਰਾ ਤੋਰ ਸਕਣ। ਕਾਇਨ ਖੇਤੀਬਾੜੀ ਕਰਨ ਲੱਗ ਪਿਆ ਅਤੇ ਹਾਬਲ ਭੇਡਾਂ ਚਾਰਨ ਦਾ ਕੰਮ ਕਰਨ ਲੱਗ ਪਿਆ।
11 ਪਰ ਇਸ ਦੇ ਨਾਲ-ਨਾਲ ਹਾਬਲ ਨੇ ਕੁਝ ਹੋਰ ਵੀ ਕੀਤਾ ਜੋ ਭੇਡਾਂ ਚਾਰਨ ਨਾਲੋਂ ਕਿਤੇ ਜ਼ਿਆਦਾ ਅਹਿਮ ਸੀ। ਸਮੇਂ ਦੇ ਬੀਤਣ ਨਾਲ ਉਸ ਨੇ ਆਪਣੇ ਅੰਦਰ ਨਿਹਚਾ ਦਾ ਵਧੀਆ ਗੁਣ ਪੈਦਾ ਕੀਤਾ ਜਿਸ ਗੁਣ ਬਾਰੇ ਬਾਅਦ ਵਿਚ ਪੌਲੁਸ ਨੇ ਲਿਖਿਆ। ਜ਼ਰਾ ਸੋਚੋ, ਹਾਬਲ ਦੇ ਸਾਮ੍ਹਣੇ ਕਿਸੇ ਇਨਸਾਨ ਦੀ ਕੋਈ ਵਧੀਆ ਮਿਸਾਲ ਨਹੀਂ ਸੀ ਜਿਸ ʼਤੇ ਉਹ ਚੱਲ ਸਕਦਾ ਸੀ। ਤਾਂ ਫਿਰ, ਉਸ ਨੇ ਯਹੋਵਾਹ ਪਰਮੇਸ਼ੁਰ ਉੱਤੇ ਨਿਹਚਾ ਕਿਵੇਂ ਪੈਦਾ ਕੀਤੀ? ਆਓ ਆਪਾਂ ਤਿੰਨ ਗੱਲਾਂ ਉੱਤੇ ਧਿਆਨ ਦੇਈਏ ਜਿਨ੍ਹਾਂ ਦੀ ਮਦਦ ਨਾਲ ਉਸ ਨੇ ਨਿਹਚਾ ਦਾ ਗੁਣ ਪੈਦਾ ਕੀਤਾ।
12, 13. ਯਹੋਵਾਹ ਦੀ ਸ੍ਰਿਸ਼ਟੀ ਨੂੰ ਦੇਖ ਕੇ ਹਾਬਲ ਦੀ ਨਿਹਚਾ ਕਿਵੇਂ ਵਧੀ ਹੋਣੀ?
12 ਯਹੋਵਾਹ ਦੀ ਸ੍ਰਿਸ਼ਟੀ। ਇਹ ਸੱਚ ਹੈ ਕਿ ਯਹੋਵਾਹ ਨੇ ਜ਼ਮੀਨ ਨੂੰ ਸਰਾਪ ਦਿੱਤਾ ਸੀ ਕਿ ਇਹ ਕੰਡੇ ਤੇ ਕੰਡਿਆਲ਼ੀਆਂ ਝਾੜੀਆਂ ਉਗਾਵੇਗੀ ਜਿਸ ਕਾਰਨ ਖੇਤੀਬਾੜੀ ਕਰਨੀ ਔਖੀ ਹੋ ਜਾਵੇਗੀ। ਫਿਰ ਵੀ ਧਰਤੀ ʼਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫਲ ਤੇ ਅਨਾਜ ਉੱਗਦਾ ਸੀ ਜਿਸ ਨਾਲ ਹਾਬਲ ਦਾ ਪਰਿਵਾਰ ਆਪਣਾ ਢਿੱਡ ਭਰ ਸਕਦਾ ਸੀ। ਪਰ ਜਾਨਵਰਾਂ, ਪੰਛੀਆਂ, ਮੱਛੀਆਂ, ਪਹਾੜਾਂ, ਝੀਲਾਂ, ਨਦੀਆਂ, ਸਮੁੰਦਰਾਂ, ਬੱਦਲਾਂ, ਆਕਾਸ਼, ਸੂਰਜ, ਚੰਦ ਅਤੇ ਤਾਰਿਆਂ ਨੂੰ ਕੋਈ ਸਰਾਪ ਨਹੀਂ ਸੀ ਦਿੱਤਾ ਗਿਆ। ਹਾਬਲ ਜਿੱਥੇ ਕਿਤੇ ਵੀ ਦੇਖਦਾ ਸੀ, ਉਸ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਰਾਹੀਂ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੇ ਗਹਿਰੇ ਪਿਆਰ, ਬੁੱਧ ਅਤੇ ਭਲਾਈ ਦਾ ਸਬੂਤ ਨਜ਼ਰ ਆਉਂਦਾ ਸੀ। (ਰੋਮੀਆਂ 1:20 ਪੜ੍ਹੋ।) ਸ੍ਰਿਸ਼ਟੀ ਦੀਆਂ ਚੀਜ਼ਾਂ ਅਤੇ ਪਰਮੇਸ਼ੁਰ ਦੇ ਗੁਣਾਂ ਉੱਤੇ ਸੋਚ-ਵਿਚਾਰ ਕਰਨ ਨਾਲ ਉਸ ਦੀ ਨਿਹਚਾ ਪੱਕੀ ਹੋਈ ਸੀ।
ਹਾਬਲ ਨੇ ਸ੍ਰਿਸ਼ਟੀ ਦੀਆਂ ਚੀਜ਼ਾਂ ਦੇਖ ਕੇ ਆਪਣੇ ਸਿਰਜਣਹਾਰ ʼਤੇ ਨਿਹਚਾ ਕੀਤੀ
13 ਹਾਬਲ ਨੇ ਯਹੋਵਾਹ ਪਰਮੇਸ਼ੁਰ ਬਾਰੇ ਸੋਚ-ਵਿਚਾਰ ਕਰਨ ਲਈ ਜ਼ਰੂਰ ਸਮਾਂ ਕੱਢਿਆ ਹੋਣਾ। ਜ਼ਰਾ ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਉਹ ਆਪਣੀਆਂ ਭੇਡਾਂ ਚਾਰ ਰਿਹਾ ਹੈ। ਚਰਵਾਹੇ ਨੂੰ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਬਹੁਤ ਜ਼ਿਆਦਾ ਤੁਰਨਾ ਪੈਂਦਾ ਸੀ। ਉਹ ਅਜਿਹੀਆਂ ਥਾਵਾਂ ਲੱਭਦਾ ਸੀ ਜਿੱਥੇ ਭੇਡਾਂ ਲਈ ਹਰਾ-ਹਰਾ ਘਾਹ ਹੋਵੇ, ਤਾਜ਼ਾ ਪਾਣੀ ਹੋਵੇ ਅਤੇ ਆਰਾਮ ਕਰਨ ਲਈ ਛਾਂ ਹੋਵੇ। ਇਸ ਵਾਸਤੇ ਉਹ ਆਪਣੀਆਂ ਭੇਡਾਂ ਨੂੰ ਪਹਾੜੀਆਂ ਉੱਤੇ, ਵਾਦੀਆਂ ਵਿੱਚੋਂ ਦੀ ਅਤੇ ਨਦੀਆਂ ਤੋਂ ਪਾਰ ਲੈ ਜਾਂਦਾ ਸੀ। ਉਸ ਨੂੰ ਸ਼ਾਇਦ ਲੱਗਾ ਹੋਣਾ ਕਿ ਪਰਮੇਸ਼ੁਰ ਦੁਆਰਾ ਬਣਾਏ ਜੀਵ-ਜੰਤੂਆਂ ਵਿੱਚੋਂ ਭੇਡਾਂ ਜਿੰਨਾ ਲਾਚਾਰ ਤੇ ਬੇਬੱਸ ਕੋਈ ਨਹੀਂ। ਉਨ੍ਹਾਂ ਨੂੰ ਬਣਾਇਆ ਹੀ ਇਸ ਤਰ੍ਹਾਂ ਗਿਆ ਸੀ ਕਿ ਉਨ੍ਹਾਂ ਨੂੰ ਇਨਸਾਨ ਦੀ ਅਗਵਾਈ ਅਤੇ ਰਾਖੀ ਦੀ ਲੋੜ ਪੈਣੀ ਸੀ। ਕੀ ਹਾਬਲ ਇਹ ਵੀ ਸੋਚਦਾ ਸੀ ਕਿ ਉਸ ਨੂੰ ਇਨਸਾਨ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਤੇ ਸ਼ਕਤੀਸ਼ਾਲੀ ਸ਼ਖ਼ਸ ਦੀ ਅਗਵਾਈ, ਰਾਖੀ ਅਤੇ ਦੇਖ-ਭਾਲ ਦੀ ਲੋੜ ਸੀ? ਬੇਸ਼ੱਕ ਉਸ ਨੇ ਇਹ ਗੱਲਾਂ ਪ੍ਰਾਰਥਨਾ ਵਿਚ ਕਹੀਆਂ ਹੋਣਗੀਆਂ ਜਿਸ ਦੇ ਨਤੀਜੇ ਵਜੋਂ ਉਸ ਦੀ ਨਿਹਚਾ ਵਧਦੀ ਗਈ।
14, 15. ਹਾਬਲ ਕਿਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਦਾ ਹੋਣਾ?
14 ਯਹੋਵਾਹ ਦੇ ਵਾਅਦੇ। ਆਦਮ ਤੇ ਹੱਵਾਹ ਨੇ ਆਪਣੇ ਬੇਟਿਆਂ ਨੂੰ ਅਦਨ ਦੇ ਬਾਗ਼ ਵਿਚ ਹੋਈਆਂ ਉਨ੍ਹਾਂ ਘਟਨਾਵਾਂ ਬਾਰੇ ਜ਼ਰੂਰ ਦੱਸਿਆ ਹੋਣਾ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ। ਹਾਬਲ ਉਨ੍ਹਾਂ ਸਾਰੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦਾ ਹੋਣਾ।
15 ਯਹੋਵਾਹ ਨੇ ਜ਼ਮੀਨ ਨੂੰ ਸਰਾਪ ਦਿੱਤਾ ਸੀ। ਹਾਬਲ ਹਰ ਪਾਸੇ ਕੰਡੇ ਅਤੇ ਕੰਡਿਆਲ਼ੀਆਂ ਝਾੜੀਆਂ ਦੇਖ ਕੇ ਜਾਣ ਗਿਆ ਕਿ ਯਹੋਵਾਹ ਦੀ ਗੱਲ ਸੱਚ ਸੀ। ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹੱਵਾਹ ਗਰਭ-ਅਵਸਥਾ ਦੌਰਾਨ ਅਤੇ ਬੱਚੇ ਨੂੰ ਜਨਮ ਦਿੰਦੇ ਸਮੇਂ ਬਹੁਤ ਦਰਦ ਸਹੇਗੀ। ਜਦੋਂ ਹਾਬਲ ਦੇ ਹੋਰ ਭੈਣ-ਭਰਾ ਪੈਦਾ ਹੋਏ, ਤਾਂ ਬੇਸ਼ੱਕ ਉਸ ਨੇ ਇਹ ਗੱਲ ਵੀ ਪੂਰੀ ਹੁੰਦੀ ਦੇਖੀ। ਯਹੋਵਾਹ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਹੱਵਾਹ ਆਪਣੇ ਪਤੀ ਦਾ ਬੇਹਿਸਾਬਾ ਪਿਆਰ ਪਾਉਣਾ ਚਾਹੇਗੀ ਅਤੇ ਉਹ ਉਸ ਉੱਤੇ ਹੁਕਮ ਚਲਾਵੇਗਾ। ਹਾਬਲ ਨੇ ਆਪਣੀ ਅੱਖੀਂ ਆਪਣੇ ਮਾਤਾ-ਪਿਤਾ ਵਿਚਕਾਰ ਇਸ ਤਰ੍ਹਾਂ ਹੁੰਦਾ ਦੇਖਿਆ। ਇਸ ਤਰ੍ਹਾਂ ਹਾਬਲ ਨੇ ਦੇਖਿਆ ਕਿ ਯਹੋਵਾਹ ਦੀ ਕਹੀ ਹਰ ਗੱਲ ਪੱਥਰ ʼਤੇ ਲਕੀਰ ਸੀ। ਸੋ ਹਾਬਲ ਕੋਲ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਭਰੋਸਾ ਕਰਨ ਦੇ ਠੋਸ ਕਾਰਨ ਸਨ ਕਿ “ਸੰਤਾਨ” ਇਕ ਦਿਨ ਅਦਨ ਦੇ ਬਾਗ਼ ਵਿਚ ਸ਼ੁਰੂ ਹੋਈਆਂ ਸਾਰੀਆਂ ਮੁਸੀਬਤਾਂ ਨੂੰ ਖ਼ਤਮ ਕਰ ਦੇਵੇਗੀ।—ਉਤ. 3:15-19.
16, 17. ਦੂਤਾਂ ਤੋਂ ਹਾਬਲ ਨੇ ਸ਼ਾਇਦ ਕੀ ਸਿੱਖਿਆ ਹੋਣਾ?
16 ਯਹੋਵਾਹ ਦੇ ਸੇਵਕ। ਹਾਬਲ ਦੇ ਸਾਮ੍ਹਣੇ ਕਿਸੇ ਇਨਸਾਨ ਦੀ ਕੋਈ ਵਧੀਆ ਮਿਸਾਲ ਨਹੀਂ ਸੀ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਸ ਵੇਲੇ ਧਰਤੀ ਉੱਤੇ ਹੋਰ ਕੋਈ ਵੀ ਨਹੀਂ ਸੀ ਜਿਸ ਦੀ ਉਹ ਰੀਸ ਕਰ ਸਕਦਾ ਸੀ। ਜਦੋਂ ਆਦਮ ਤੇ ਹੱਵਾਹ ਨੂੰ ਬਾਗ਼ ਵਿੱਚੋਂ ਕੱਢਿਆ ਗਿਆ, ਤਾਂ ਯਹੋਵਾਹ ਨੇ ਇਸ ਗੱਲ ਦਾ ਖ਼ਿਆਲ ਰੱਖਿਆ ਕਿ ਨਾ ਤਾਂ ਉਹ ਤੇ ਨਾ ਹੀ ਉਨ੍ਹਾਂ ਦੀ ਔਲਾਦ ਬਾਗ਼ ਵਿਚ ਵੜ ਸਕੇ। ਬਾਗ਼ ਦੇ ਬਾਹਰ ਯਹੋਵਾਹ ਨੇ ਬਹੁਤ ਹੀ ਉੱਚੀ ਪਦਵੀ ਵਾਲੇ ਕਰੂਬੀ ਦੂਤਾਂ ਦੇ ਨਾਲ-ਨਾਲ ਇਕ ਬਲ਼ਦੀ ਹੋਈ ਤਲਵਾਰ ਦਾ ਪਹਿਰਾ ਲਾ ਦਿੱਤਾ ਜੋ ਹਮੇਸ਼ਾ ਘੁੰਮਦੀ ਰਹਿੰਦੀ ਸੀ।—ਉਤਪਤ 3:24 ਪੜ੍ਹੋ।
17 ਜ਼ਰਾ ਸੋਚੋ ਕਿ ਹਾਬਲ ਬਚਪਨ ਤੋਂ ਹੀ ਉਨ੍ਹਾਂ ਦੂਤਾਂ ਨੂੰ ਦੇਖਦਾ ਆਇਆ ਹੋਣਾ। ਇਨ੍ਹਾਂ ਦੂਤਾਂ ਨੇ ਇਨਸਾਨਾਂ ਦਾ ਰੂਪ ਧਾਰਣ ਕੀਤਾ ਹੋਇਆ ਸੀ ਅਤੇ ਹਾਬਲ ਦੇਖ ਸਕਦਾ ਸੀ ਕਿ ਉਹ ਕਿੰਨੇ ਤਾਕਤਵਰ ਸਨ। ਉਹ ਬਲ਼ਦੀ ਹੋਈ ਤਲਵਾਰ ਨੂੰ ਦੇਖ ਕੇ ਉਸ ਦਾ ਦਿਲ ਸ਼ਰਧਾ ਤੇ ਡਰ ਨਾਲ ਭਰ ਜਾਂਦਾ ਹੋਣਾ। ਜਿੱਦਾਂ-ਜਿੱਦਾਂ ਹਾਬਲ ਵੱਡਾ ਹੁੰਦਾ ਗਿਆ, ਕੀ ਉਸ ਨੇ ਕਰੂਬੀਆਂ ਨੂੰ ਕਦੇ ਅੱਕੇ ਹੋਏ ਜਾਂ ਆਪਣੀ ਜ਼ਿੰਮੇਵਾਰੀ ਤੋਂ ਕਦੇ ਭੱਜਦਿਆਂ ਦੇਖਿਆ? ਨਹੀਂ। ਦਿਨ-ਰਾਤ, ਸਾਲ-ਦਰ-ਸਾਲ ਇਹ ਬੁੱਧੀਮਾਨ ਤੇ ਤਾਕਤਵਰ ਦੂਤ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਨਹੀਂ ਹੋਏ। ਇਸ ਤੋਂ ਹਾਬਲ ਨੇ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਦੇ ਧਰਮੀ ਸੇਵਕ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਸਨ। ਹਾਬਲ ਨੇ ਦੇਖਿਆ ਕਿ ਉਹ ਦੂਤ ਯਹੋਵਾਹ ਦੇ ਵਫ਼ਾਦਾਰ ਅਤੇ ਆਗਿਆਕਾਰ ਸਨ ਜੋ ਗੁਣ ਉਸ ਦੇ ਪਰਿਵਾਰ ਦੇ ਮੈਂਬਰਾਂ ਵਿਚ ਨਹੀਂ ਸਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਉਨ੍ਹਾਂ ਦੂਤਾਂ ਦੀ ਵਧੀਆ ਮਿਸਾਲ ਨੇ ਉਸ ਦੀ ਨਿਹਚਾ ਪੱਕੀ ਕੀਤੀ ਹੋਣੀ।
ਹਾਬਲ ਨੂੰ ਯਹੋਵਾਹ ਦੀ ਬਣਾਈ ਸ੍ਰਿਸ਼ਟੀ, ਉਸ ਦੇ ਵਾਅਦਿਆਂ ਅਤੇ ਕਰੂਬੀਆਂ ਤੋਂ ਨਿਹਚਾ ਪੈਦਾ ਕਰਨ ਵਿਚ ਕਿਵੇਂ ਮਦਦ ਮਿਲੀ ਹੋਣੀ?
18. ਅੱਜ ਅਸੀਂ ਕਿਵੇਂ ਆਪਣੀ ਨਿਹਚਾ ਪੱਕੀ ਕਰ ਸਕਦੇ ਹਾਂ?
18 ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਜ਼ਾਹਰ ਹੁੰਦੇ ਯਹੋਵਾਹ ਦੇ ਗੁਣਾਂ, ਉਸ ਦੇ ਵਾਅਦਿਆਂ ਅਤੇ ਦੂਤਾਂ ਦੀ ਵਧੀਆ ਮਿਸਾਲ ਉੱਤੇ ਸੋਚ-ਵਿਚਾਰ ਕਰਨ ਨਾਲ ਹਾਬਲ ਦੀ ਨਿਹਚਾ ਹੋਰ ਵੀ ਮਜ਼ਬੂਤ ਹੁੰਦੀ ਗਈ। ਵਾਕਈ, ਅਸੀਂ ਉਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਖ਼ਾਸ ਤੌਰ ਤੇ ਨੌਜਵਾਨ ਇਹ ਭਰੋਸਾ ਰੱਖ ਸਕਦੇ ਹਨ ਕਿ ਉਹ ਪੱਕੀ ਨਿਹਚਾ ਪੈਦਾ ਕਰ ਸਕਦੇ ਹਨ, ਭਾਵੇਂ ਉਨ੍ਹਾਂ ਸਾਮ੍ਹਣੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕੋਈ ਚੰਗੀ ਮਿਸਾਲ ਨਾ ਹੋਵੇ। ਅਸੀਂ ਵੀ ਆਪਣੀ ਨਿਹਚਾ ਤਕੜੀ ਕਰ ਸਕਦੇ ਹਾਂ। ਸਾਡੇ ਆਲੇ-ਦੁਆਲੇ ਸ੍ਰਿਸ਼ਟੀ ਦੀਆਂ ਬੇਸ਼ੁਮਾਰ ਚੀਜ਼ਾਂ ਹਨ, ਸਾਡੇ ਕੋਲ ਪੂਰੀ ਬਾਈਬਲ ਹੈ ਅਤੇ ਸਾਡੇ ਅੱਗੇ ਪਰਮੇਸ਼ੁਰ ਦੇ ਕਈ ਸੇਵਕਾਂ ਦੀਆਂ ਨਿਹਚਾ ਦੀਆਂ ਮਿਸਾਲਾਂ ਹਨ। ਇਨ੍ਹਾਂ ਸਾਰਿਆਂ ਦਾ ਫ਼ਾਇਦਾ ਲੈ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ।
ਹਾਬਲ ਦਾ ਬਲੀਦਾਨ ਉੱਤਮ ਕਿਉਂ ਸੀ?
19. ਸਮੇਂ ਦੇ ਬੀਤਣ ਨਾਲ ਹਾਬਲ ਨੂੰ ਕਿਹੜੀ ਡੂੰਘੀ ਸੱਚਾਈ ਸਮਝ ਆਈ?
19 ਜਿਉਂ-ਜਿਉਂ ਯਹੋਵਾਹ ਉੱਤੇ ਹਾਬਲ ਦੀ ਨਿਹਚਾ ਵਧਦੀ ਗਈ, ਉਹ ਚਾਹੁੰਦਾ ਸੀ ਕਿ ਉਹ ਆਪਣੀ ਨਿਹਚਾ ਦਾ ਸਬੂਤ ਕੰਮਾਂ ਰਾਹੀਂ ਦੇਵੇ। ਪਰ ਇਕ ਮਾਮੂਲੀ ਜਿਹਾ ਇਨਸਾਨ ਪੂਰੇ ਜਹਾਨ ਦੇ ਮਾਲਕ ਨੂੰ ਕੀ ਦੇ ਸਕਦਾ? ਪਰਮੇਸ਼ੁਰ ਨੂੰ ਤਾਂ ਇਨਸਾਨਾਂ ਤੋਂ ਕਿਸੇ ਤੋਹਫ਼ੇ ਜਾਂ ਮਦਦ ਦੀ ਲੋੜ ਨਹੀਂ। ਸਮੇਂ ਦੇ ਬੀਤਣ ਨਾਲ ਹਾਬਲ ਇਸ ਡੂੰਘੀ ਸੱਚਾਈ ਨੂੰ ਸਮਝ ਗਿਆ ਕਿ ਜੇ ਉਹ ਸਹੀ ਇਰਾਦੇ ਨਾਲ ਯਹੋਵਾਹ ਨੂੰ ਆਪਣੀ ਸਭ ਤੋਂ ਵਧੀਆ ਚੀਜ਼ ਭੇਟ ਕਰੇਗਾ, ਤਾਂ ਉਸ ਦਾ ਸਵਰਗੀ ਪਿਤਾ ਖ਼ੁਸ਼ ਹੋਵੇਗਾ।
ਕਾਇਨ ਨੇ ਨਹੀਂ, ਸਗੋਂ ਹਾਬਲ ਨੇ ਨਿਹਚਾ ਨਾਲ ਭੇਟ ਚੜ੍ਹਾਈ
20, 21. ਕਾਇਨ ਤੇ ਹਾਬਲ ਨੇ ਯਹੋਵਾਹ ਨੂੰ ਕਿਹੜੀਆਂ ਭੇਟਾਂ ਚੜ੍ਹਾਈਆਂ ਅਤੇ ਯਹੋਵਾਹ ਨੇ ਕੀ ਕੀਤਾ?
20 ਹਾਬਲ ਨੇ ਆਪਣੇ ਇੱਜੜ ਵਿੱਚੋਂ ਕੁਝ ਭੇਡਾਂ ਦੀ ਬਲ਼ੀ ਚੜ੍ਹਾਉਣ ਲਈ ਤਿਆਰੀ ਕੀਤੀ। ਉਸ ਨੇ ਆਪਣੇ ਇੱਜੜ ਵਿੱਚੋਂ ਸਭ ਤੋਂ ਵਧੀਆ ਤੇ ਪਲੇਠੀਆਂ ਭੇਡਾਂ ਚੁਣੀਆਂ ਅਤੇ ਆਪਣੇ ਵੱਲੋਂ ਉਸ ਨੇ ਉਨ੍ਹਾਂ ਦੇ ਵਧੀਆ-ਵਧੀਆ ਹਿੱਸੇ ਭੇਟ ਕੀਤੇ। ਇਸੇ ਸਮੇਂ ਦੌਰਾਨ ਕਾਇਨ ਨੇ ਵੀ ਪਰਮੇਸ਼ੁਰ ਦੀ ਬਰਕਤ ਅਤੇ ਮਿਹਰ ਪਾਉਣ ਲਈ ਆਪਣੀਆਂ ਫ਼ਸਲਾਂ ਦਾ ਕੁਝ ਹਿੱਸਾ ਭੇਟ ਕੀਤਾ। ਪਰ ਉਸ ਦੇ ਇਰਾਦੇ ਆਪਣੇ ਭਰਾ ਹਾਬਲ ਵਾਂਗ ਨੇਕ ਨਹੀਂ ਸਨ। ਇਹ ਫ਼ਰਕ ਉਦੋਂ ਸਾਫ਼ ਨਜ਼ਰ ਆਇਆ ਜਦੋਂ ਦੋਵਾਂ ਭਰਾਵਾਂ ਨੇ ਆਪਣੀਆਂ-ਆਪਣੀਆਂ ਭੇਟਾਂ ਚੜ੍ਹਾਈਆਂ।
21 ਉਸ ਵੇਲੇ ਯਹੋਵਾਹ ਦੇ ਘੱਲੇ ਹੋਏ ਦੂਤ ਧਰਤੀ ਉੱਤੇ ਸਨ, ਇਸ ਲਈ ਸ਼ਾਇਦ ਆਦਮ ਦੇ ਦੋਵਾਂ ਪੁੱਤਰਾਂ ਨੇ ਦੂਤਾਂ ਤੋਂ ਕੁਝ ਦੂਰੀ ਤੇ ਵੇਦੀ ਬਣਾ ਕੇ ਅੱਗ ਵਿਚ ਆਪਣੀਆਂ ਭੇਟਾਂ ਚੜ੍ਹਾਈਆਂ ਹੋਣੀਆਂ। ਕੀ ਯਹੋਵਾਹ ਨੇ ਉਨ੍ਹਾਂ ਦੀਆਂ ਭੇਟਾਂ ਸਵੀਕਾਰ ਕੀਤੀਆਂ? ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ।” (ਉਤ. 4:4) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਪਰਮੇਸ਼ੁਰ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਸ ਨੂੰ ਹਾਬਲ ਦੀ ਭੇਟ ਮਨਜ਼ੂਰ ਸੀ।
22, 23. ਕਿਸ ਗੱਲ ਕਰਕੇ ਯਹੋਵਾਹ ਹਾਬਲ ਦੀ ਬਲ਼ੀ ਤੋਂ ਖ਼ੁਸ਼ ਸੀ?
22 ਪਰਮੇਸ਼ੁਰ ਹਾਬਲ ਤੋਂ ਕਿਉਂ ਖ਼ੁਸ਼ ਸੀ? ਕੀ ਉਸ ਦੀ ਭੇਟ ਕਰਕੇ? ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਉਸ ਨੇ ਇਕ ਜੀਉਂਦੇ ਜਾਨਵਰ ਦਾ ਕੀਮਤੀ ਲਹੂ ਵਹਾ ਕੇ ਬਲ਼ੀ ਚੜ੍ਹਾਈ ਸੀ। ਕੀ ਉਸ ਨੂੰ ਪਤਾ ਸੀ ਕਿ ਕਿਸੇ ਜੀਉਂਦੇ ਜਾਨਵਰ ਦੀ ਬਲ਼ੀ ਚੜ੍ਹਾਉਣੀ ਕਿੰਨੀ ਅਨਮੋਲ ਸੀ? ਹਾਬਲ ਦੇ ਜ਼ਮਾਨੇ ਤੋਂ ਕਈ ਸਦੀਆਂ ਬਾਅਦ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਨਿਰਦੋਸ਼ ਲੇਲੇ ਦੀ ਬਲ਼ੀ ਚੜ੍ਹਾਇਆ ਕਰਨ। ਯਹੋਵਾਹ ਨੇ ਇਹ ਆਗਿਆ ਇਸ ਲਈ ਦਿੱਤੀ ਸੀ ਕਿਉਂਕਿ ਨਿਰਦੋਸ਼ ਲੇਲਾ ਉਸ ਦੇ ਮੁਕੰਮਲ ਪੁੱਤਰ ਨੂੰ ਦਰਸਾਉਂਦਾ ਸੀ ਜਿਸ ਨੂੰ “ਪਰਮੇਸ਼ੁਰ ਦਾ ਲੇਲਾ” ਵੀ ਕਿਹਾ ਗਿਆ ਹੈ ਤੇ ਉਸ ਦਾ ਲਹੂ ਵਹਾਇਆ ਜਾਣਾ ਸੀ। (ਯੂਹੰ. 1:29; ਕੂਚ 12:5-7) ਪਰ ਇਹ ਜ਼ਿਆਦਾਤਰ ਗੱਲਾਂ ਹਾਬਲ ਦੀ ਸਮਝ ਤੋਂ ਬਾਹਰ ਸਨ।
23 ਪਰ ਅਸੀਂ ਇਹ ਗੱਲ ਜ਼ਰੂਰ ਜਾਣਦੇ ਹਾਂ: ਹਾਬਲ ਨੇ ਆਪਣੀ ਸਭ ਤੋਂ ਵਧੀਆ ਚੀਜ਼ ਦੀ ਬਲ਼ੀ ਚੜ੍ਹਾਈ ਸੀ। ਯਹੋਵਾਹ ਨਾ ਸਿਰਫ਼ ਬਲ਼ੀ ਤੋਂ, ਸਗੋਂ ਬਲ਼ੀ ਚੜ੍ਹਾਉਣ ਵਾਲੇ ਤੋਂ ਵੀ ਖ਼ੁਸ਼ ਸੀ। ਹਾਬਲ ਨੇ ਇਸ ਕਰਕੇ ਬਲ਼ੀ ਚੜ੍ਹਾਈ ਸੀ ਕਿਉਂਕਿ ਉਹ ਯਹੋਵਾਹ ਨਾਲ ਪਿਆਰ ਕਰਦਾ ਸੀ ਅਤੇ ਉਸ ਨੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੱਤਾ।
24. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਕਾਇਨ ਦੀ ਭੇਟ ਵਿਚ ਕੋਈ ਖ਼ਰਾਬੀ ਨਹੀਂ ਸੀ? (ਅ) ਕਾਇਨ ਅੱਜ ਦੇ ਕਈ ਲੋਕਾਂ ਵਾਂਗ ਕੀ ਸੋਚਦਾ ਸੀ?
24 ਪਰ ਕਾਇਨ ਬਾਰੇ ਕੀ? ਯਹੋਵਾਹ ਨੇ “ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ।” (ਉਤ. 4:5) ਕਾਇਨ ਦੀ ਭੇਟ ਵਿਚ ਕੋਈ ਖ਼ਰਾਬੀ ਨਹੀਂ ਸੀ ਕਿਉਂਕਿ ਬਾਅਦ ਵਿਚ ਪਰਮੇਸ਼ੁਰ ਨੇ ਮੂਸਾ ਦੇ ਕਾਨੂੰਨ ਵਿਚ ਫ਼ਸਲਾਂ ਦੀ ਭੇਟ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਸੀ। (ਲੇਵੀ. 6:14, 15) ਪਰ ਕਾਇਨ ਬਾਰੇ ਬਾਈਬਲ ਕਹਿੰਦੀ ਹੈ ਕਿ “ਉਸ ਦੇ ਆਪਣੇ ਕੰਮ ਬੁਰੇ ਸਨ।” (1 ਯੂਹੰਨਾ 3:12 ਪੜ੍ਹੋ।) ਅੱਜ ਦੇ ਕਈ ਲੋਕਾਂ ਵਾਂਗ ਕਾਇਨ ਨੇ ਸੋਚਿਆ ਕਿ ਦਿਖਾਵੇ ਲਈ ਪਰਮੇਸ਼ੁਰ ਦੀ ਭਗਤੀ ਕਰਨੀ ਕਾਫ਼ੀ ਸੀ। ਉਸ ਦੇ ਕੰਮਾਂ ਤੋਂ ਜਲਦੀ ਜ਼ਾਹਰ ਹੋ ਗਿਆ ਕਿ ਉਹ ਯਹੋਵਾਹ ਉੱਤੇ ਨਿਹਚਾ ਨਹੀਂ ਕਰਦਾ ਸੀ ਅਤੇ ਉਸ ਨੂੰ ਪਿਆਰ ਨਹੀਂ ਕਰਦਾ ਸੀ।
25, 26. ਯਹੋਵਾਹ ਨੇ ਕਾਇਨ ਨੂੰ ਕਿਹੜੀ ਚੇਤਾਵਨੀ ਦਿੱਤੀ, ਪਰ ਉਸ ਨੇ ਕੀ ਕੀਤਾ?
25 ਜਦੋਂ ਕਾਇਨ ਨੇ ਦੇਖਿਆ ਕਿ ਯਹੋਵਾਹ ਨੇ ਉਸ ਉੱਤੇ ਮਿਹਰ ਨਹੀਂ ਕੀਤੀ, ਤਾਂ ਕੀ ਉਸ ਨੇ ਹਾਬਲ ਦੀ ਮਿਸਾਲ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ? ਨਹੀਂ। ਉਹ ਆਪਣੇ ਭਰਾ ਲਈ ਨਫ਼ਰਤ ਦੀ ਅੱਗ ਵਿਚ ਸੜ-ਬਲ਼ ਗਿਆ। ਯਹੋਵਾਹ ਜਾਣਦਾ ਸੀ ਕਿ ਕਾਇਨ ਦੇ ਮਨ ਵਿਚ ਕੀ ਚੱਲ ਰਿਹਾ ਸੀ ਅਤੇ ਉਸ ਨੇ ਧੀਰਜ ਨਾਲ ਉਸ ਨੂੰ ਸਮਝਾਇਆ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਉਹ ਗ਼ਲਤ ਰਾਹ ʼਤੇ ਚੱਲ ਰਿਹਾ ਸੀ ਜਿਸ ਕਰਕੇ ਉਹ ਗੰਭੀਰ ਪਾਪ ਕਰ ਬੈਠੇਗਾ। ਉਸ ਨੇ ਕਾਇਨ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਆਪਣੇ ਤੌਰ-ਤਰੀਕਿਆਂ ਨੂੰ ਬਦਲੇ, ਤਾਂ ਉਸ ਨੂੰ “ਉਤਾਹਾਂ” ਯਾਨੀ ਉੱਚਾ ਕੀਤਾ ਜਾਵੇਗਾ।—ਉਤ. 4:6, 7.
26 ਕਾਇਨ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੀ ਬਜਾਇ, ਉਹ ਆਪਣੇ ਛੋਟੇ ਭਰਾ ਨੂੰ ਖੇਤ ਵਿਚ ਲੈ ਗਿਆ ਜੋ ਉਸ ਉੱਤੇ ਭਰੋਸਾ ਕਰਦਾ ਸੀ। ਉੱਥੇ ਕਾਇਨ ਨੇ ਹਾਬਲ ʼਤੇ ਜ਼ੋਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। (ਉਤ. 4:8) ਕਿਹਾ ਜਾ ਸਕਦਾ ਹੈ ਕਿ ਹਾਬਲ ਪਹਿਲਾ ਸ਼ਹੀਦ ਸੀ ਜਿਸ ਨੂੰ ਰੱਬ ਦੀ ਭਗਤੀ ਕਰਨ ਕਰਕੇ ਮਾਰਿਆ ਗਿਆ। ਪਰ ਕੀ ਹਾਬਲ ਦੀ ਕਹਾਣੀ ਇੱਥੇ ਹੀ ਖ਼ਤਮ ਹੋ ਗਈ?
27. (ੳ) ਸਾਨੂੰ ਕਿਉਂ ਭਰੋਸਾ ਹੈ ਕਿ ਹਾਬਲ ਨੂੰ ਜੀਉਂਦਾ ਕੀਤਾ ਜਾਵੇਗਾ? (ਅ) ਹਾਬਲ ਨੂੰ ਮਿਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
27 ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਹਾਬਲ ਦਾ ਲਹੂ ਚੀਕ-ਚੀਕ ਕੇ ਇਨਸਾਫ਼ ਦੀ ਦੁਹਾਈ ਦੇ ਰਿਹਾ ਸੀ। ਪਰਮੇਸ਼ੁਰ ਨੇ ਦੁਸ਼ਟ ਕਾਇਨ ਨੂੰ ਸਜ਼ਾ ਦੇ ਕੇ ਹਾਬਲ ਦੇ ਖ਼ੂਨ ਦਾ ਬਦਲਾ ਲਿਆ। (ਉਤ. 4:9-12) ਨਾਲੇ ਸਾਡੇ ਲਈ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਅਸੀਂ ਹਾਬਲ ਦੀ ਬੇਮਿਸਾਲ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਹ ਸ਼ਾਇਦ ਤਕਰੀਬਨ 100 ਸਾਲ ਜੀਉਂਦਾ ਰਿਹਾ ਜੋ ਕਿ ਉਸ ਜ਼ਮਾਨੇ ਦੇ ਲੋਕਾਂ ਲਈ ਬਹੁਤ ਘੱਟ ਉਮਰ ਸੀ। ਪਰ ਹਾਬਲ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਜੋ ਵੀ ਕੀਤਾ, ਉਸ ਤੋਂ ਯਹੋਵਾਹ ਦਾ ਦਿਲ ਬਹੁਤ ਖ਼ੁਸ਼ ਹੋਇਆ। ਉਹ ਮਰਦੇ ਵੇਲੇ ਜਾਣਦਾ ਸੀ ਕਿ ਉਸ ਦਾ ਸਵਰਗੀ ਪਿਤਾ ਯਹੋਵਾਹ ਉਸ ਨਾਲ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। (ਇਬ. 11:4) ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਉਸ ਨੂੰ ਅਜੇ ਤਕ ਭੁੱਲਿਆ ਨਹੀਂ ਹੈ ਅਤੇ ਉਸ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕਰੇਗਾ। (ਯੂਹੰ. 5:28, 29) ਕੀ ਤੁਸੀਂ ਹਾਬਲ ਨੂੰ ਉੱਥੇ ਮਿਲੋਗੇ? ਹਾਂ, ਜੇ ਤੁਸੀਂ ਹਾਬਲ ਤੋਂ ਸਿੱਖ ਕੇ ਉਸ ਦੀ ਪੱਕੀ ਨਿਹਚਾ ਦੀ ਰੀਸ ਕਰਦੇ ਹੋ, ਤਾਂ ਤੁਸੀਂ ਜ਼ਰੂਰ ਮਿਲੋਗੇ।
a “ਦੁਨੀਆਂ ਦੀ ਨੀਂਹ” ਸ਼ਬਦਾਂ ਦਾ ਮਤਲਬ “ਬੀ ਖਿਲਾਰਨਾ” ਹੈ ਯਾਨੀ ਬੱਚੇ ਨੂੰ ਜਨਮ ਦੇਣਾ। ਤਾਂ ਫਿਰ, ਇਨ੍ਹਾਂ ਸ਼ਬਦਾਂ ਦਾ ਸੰਬੰਧ ਸਭ ਤੋਂ ਪਹਿਲੀ ਇਨਸਾਨੀ ਔਲਾਦ ਨਾਲ ਹੈ। ਪਰ ਯਿਸੂ ਨੇ ਸਭ ਤੋਂ ਪਹਿਲਾਂ ਪੈਦਾ ਹੋਏ ਇਨਸਾਨ ਕਾਇਨ ਨਾਲ “ਦੁਨੀਆਂ ਦੀ ਨੀਂਹ” ਦਾ ਸੰਬੰਧ ਜੋੜਨ ਦੀ ਬਜਾਇ ਹਾਬਲ ਨਾਲ ਕਿਉਂ ਜੋੜਿਆ ਸੀ? ਕਿਉਂਕਿ ਕਾਇਨ ਦੇ ਫ਼ੈਸਲਿਆਂ ਤੇ ਕੰਮਾਂ ਤੋਂ ਜ਼ਾਹਰ ਸੀ ਕਿ ਉਸ ਨੇ ਜਾਣ-ਬੁੱਝ ਕੇ ਯਹੋਵਾਹ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਇਸ ਲਈ ਇਹ ਕਹਿਣਾ ਸਹੀ ਹੈ ਕਿ ਆਪਣੇ ਮਾਪਿਆਂ ਵਾਂਗ ਕਾਇਨ ਨੂੰ ਨਾ ਤਾਂ ਦੁਬਾਰਾ ਜ਼ਿੰਦਗੀ ਮਿਲੇਗੀ ਤੇ ਨਾ ਹੀ ਪਾਪ ਦੀ ਗ਼ੁਲਾਮੀ ਤੋਂ ਛੁਟਕਾਰਾ।