ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
13-19 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 31
“ਯਾਕੂਬ ਤੇ ਲਾਬਾਨ ਨੇ ਸ਼ਾਂਤੀ ਦਾ ਇਕਰਾਰ ਕੀਤਾ”
(ਉਤਪਤ 31:44-46) ਸੋ ਹੁਣ ਤੂੰ ਆ ਜੋ ਮੈਂ ਅਰ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਰ ਤੇਰੇ ਵਿਚਕਾਰ ਸਾਖ਼ੀ ਹੋਵੇ। 45 ਤਾਂ ਯਾਕੂਬ ਨੇ ਇੱਕ ਪੱਥਰ ਲੈਕੇ ਥੰਮ੍ਹ ਖੜਾ ਕੀਤਾ। 46 ਅਰ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਲੈਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਖਾਧਾ।
it-1 883 ਪੈਰਾ 1
ਗਲੇਦ
ਯਾਕੂਬ ਤੇ ਲਾਬਾਨ ਵਿਚਕਾਰ ਜਿਨ੍ਹਾਂ ਗੱਲਾਂ ʼਤੇ ਝਗੜਾ ਹੋਇਆ ਸੀ, ਉਨ੍ਹਾਂ ਨੇ ਸ਼ਾਂਤੀ ਨਾਲ ਆਪਣਾ ਝਗੜਾ ਸੁਲਝਾਇਆ ਅਤੇ ਉਨ੍ਹਾਂ ਨੇ ਇਕ-ਦੂਜੇ ਨਾਲ ਇਕਰਾਰ ਕੀਤਾ। ਇਸ ਸੰਬੰਧੀ ਯਾਕੂਬ ਨੇ ਪੱਥਰ ਦਾ ਥੰਮ੍ਹ ਖੜ੍ਹਾ ਕੀਤਾ ਅਤੇ ਆਪਣੇ ਭਰਾਵਾਂ ਨੂੰ ਪੱਥਰਾਂ ਦਾ ਢੇਰ ਲਾਉਣ ਨੂੰ ਕਿਹਾ। ਸ਼ਾਇਦ ਉਸ ਨੇ ਇਕ ਮੇਜ਼ ਵਾਂਗ ਪੱਥਰਾਂ ਦਾ ਢੇਰ ਲਾਉਣ ਨੂੰ ਕਿਹਾ ਤਾਂਕਿ ਉਹ ਇਕਰਾਰ ਦਾ ਖਾਣਾ ਖਾ ਸਕਣ। ਇਹ ਢੇਰ ਲਾਉਣ ਤੋਂ ਬਾਅਦ ਲਾਬਾਨ ਨੇ ਇਸ ਦਾ ਅਰਾਮੀ (ਸੀਰੀਆਈ) ਨਾਂ “ਯਗਰ ਸਾਹਦੂਥਾ” ਰੱਖਿਆ, ਪਰ ਯਾਕੂਬ ਨੇ ਇਸ ਦਾ ਨਾਂ ਇਬਰਾਨੀ ਨਾਂ “ਗਲੇਦ” ਰੱਖਿਆ। ਲਾਬਾਨ ਨੇ ਕਿਹਾ: “ਏਹ ਢੇਰ [ਇਬ. ਗਾਲ] ਮੇਰੇ ਅਰ ਤੇਰੇ ਵਿੱਚ ਸਾਖੀ [ਇਬ. ਈਧਹ] ਹੋਵੇ।” (ਉਤ 31:44-48) ਪੱਥਰਾਂ ਦੇ ਇਸ ਢੇਰ (ਅਤੇ ਪੱਥਰ ਦੇ ਇਸ ਥੰਮ੍ਹ) ਨੇ ਆਉਣ-ਜਾਣ ਵਾਲੇ ਲੋਕਾਂ ਲਈ ਗਵਾਹੀ ਦਾ ਕੰਮ ਕਰਨਾ ਸੀ। ਜਿੱਦਾਂ ਆਇਤ 49 ਕਹਿੰਦੀ ਹੈ, “ਮਿਸਪਾਹ” ਯਾਨੀ ਪਹਿਰਾਬੁਰਜ ਪੁਸ਼ਟੀ ਕਰਦਾ ਹੈ ਕਿ ਯਾਕੂਬ ਤੇ ਲਾਬਾਨ ਨੇ ਆਪਣੇ ਤੇ ਆਪਣੇ ਪਰਿਵਾਰਾਂ ਵਿਚ ਸ਼ਾਂਤੀ ਕਾਇਮ ਰੱਖਣ ਦਾ ਇਕਰਾਰ ਕੀਤਾ ਸੀ। (ਉਤ 31:50-53) ਆਉਣ ਵਾਲੇ ਸਮਿਆਂ ਵਿਚ ਕਈ ਮੌਕਿਆਂ ʼਤੇ ਪੱਥਰਾਂ ਨੂੰ ਚੁੱਪ-ਚਾਪ ਗਵਾਹਾਂ ਵਜੋਂ ਵਰਤਿਆ ਗਿਆ।—ਯਹੋ 4:4-7; 24:25-27.
(ਉਤਪਤ 31:47-50) ਤਾਂ ਲਾਬਾਨ ਨੇ ਉਸ ਦਾ ਨਾਉਂ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਉਂ ਗਲੇਦ ਰੱਖਿਆ। 48 ਤਾਂ ਲਾਬਾਨ ਆਖਿਆ ਕਿ ਅੱਜ ਏਹ ਢੇਰ ਮੇਰੇ ਅਰ ਤੇਰੇ ਵਿੱਚ ਸਾਖੀ ਹੋਵੇ, ਏਸ ਕਾਰਨ ਉਸ ਦਾ ਨਾਉਂ ਗਲੇਦ ਰੱਖਿਆ। 49 ਅਰ ਮਿਸਪਾਹ ਵੀ ਏਸ ਲਈ ਕਿ ਓਸ ਆਖਿਆ ਕਿ ਯਹੋਵਾਹ ਮੇਰੀ ਅਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਹਲੇ ਹੋਈਏ ਰਾਖੀ ਕਰੇ। 50 ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਰ ਉਨ੍ਹਾਂ ਤੋਂ ਬਿਨਾਂ ਹੋਰ ਤੀਵੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਪਰ ਵੇਖ ਪਰਮੇਸ਼ੁਰ ਮੇਰੇ ਅਰ ਤੇਰੇ ਵਿੱਚ ਸਾਖੀ ਹੈ।
it-2 1172
ਮਿਸਪਾਹ ਯਾਨੀ ਪਹਿਰਾਬੁਰਜ
ਯਾਕੂਬ ਨੇ ਪੱਥਰਾਂ ਦਾ ਢੇਰ ਲਾਇਆ ਤੇ ਉਸ ਨੂੰ ਗਲੇਦ (ਮਤਲਬ “ਗਵਾਹੀ ਦਾ ਢੇਰ”) ਅਤੇ “ਮਿਸਪਾਹ” ਯਾਨੀ ਪਹਿਰਾਬੁਰਜ ਕਿਹਾ। ਫਿਰ ਲਾਬਾਨ ਨੇ ਕਿਹਾ: “ਯਹੋਵਾਹ ਮੇਰੀ ਅਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਹਲੇ ਹੋਈਏ ਰਾਖੀ ਕਰੇ।” (ਉਤ 31:45-49) ਪੱਥਰਾਂ ਦਾ ਢੇਰ ਇਸ ਗੱਲ ਦਾ ਸਬੂਤ ਸੀ ਕਿ ਯਹੋਵਾਹ ਦੇਖ ਰਿਹਾ ਸੀ ਕਿ ਯਾਕੂਬ ਤੇ ਲਾਬਾਨ ਨੇ ਆਪਣਾ ਸ਼ਾਂਤੀ ਦਾ ਇਕਰਾਰ ਪੂਰਾ ਕੀਤਾ ਸੀ ਕਿ ਨਹੀਂ।
(ਉਤਪਤ 31:51-53) ਨਾਲੇ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਏਹ ਢੇਰ ਅਰ ਵੇਖ ਏਹ ਥੰਮ੍ਹ ਜੋ ਮੈਂ ਆਪਣੇ ਅਰ ਤੇਰੇ ਵਿੱਚ ਖੜਾ ਕੀਤਾ ਹੈ। 52 ਏਹ ਢੇਰ ਸਾਖੀ ਹੈ ਅਰ ਏਹ ਥੰਮ੍ਹ ਸਾਖੀ ਹੈ ਕਿ ਬੁਰਿਆਈ ਲਈ ਮੈਂ ਏਸ ਢੇਰ ਤੋਂ ਤੇਰੀ ਵੱਲ ਨਾ ਲੰਘਾਂ ਅਤੇ ਤੂੰ ਵੀ ਏਸ ਢੇਰ ਅਰ ਏਸ ਥੰਮ੍ਹ ਤੋਂ ਮੇਰੀ ਵੱਲ ਨਾ ਲੰਘੇਂ। 53 ਅਬਰਾਹਾਮ ਦਾ ਪਰਮੇਸ਼ੁਰ ਅਰ ਨਾਹੋਰ ਦਾ ਪਰਮੇਸ਼ੁਰ ਅਰ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਉਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸੌਂਹ ਖਾਧੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 31:19) ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਰ ਰਾਖੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ।
it-2 1087-1088
ਘਰੇਲੂ ਯਾਨੀ ਤਰਾਫੀਮ
ਮਸੋਪੋਤਾਮੀਆ ਅਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਪੁਰਾਤੱਤਵ-ਵਿਗਿਆਨੀਆਂ ਨੂੰ ਕੁਝ ਚੀਜ਼ਾਂ ਮਿਲੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਯਾਨੀ ਤਰਾਫੀਮ ਬੁੱਤਾਂ ʼਤੇ ਲਿਖਿਆ ਹੁੰਦਾ ਸੀ ਕਿ ਪਰਿਵਾਰ ਦੀ ਵਿਰਾਸਤ ਕਿਸ ਨੂੰ ਮਿਲਣੀ ਸੀ। ਨੋਜ਼ੀ ਇਲਾਕੇ ਵਿਚ ਮਿਲੀ ਇਕ ਫੱਟੀ ਅਨੁਸਾਰ, ਕੁਝ ਖ਼ਾਸ ਹਾਲਾਤਾਂ ਹੇਠ ਜੇ ਇਕ ਜਵਾਈ ਕੋਲ ਆਪਣੇ ਮਰੇ ਹੋਏ ਸਹੁਰੇ ਦੇ ਤਰਾਫੀਮ ਬੁੱਤ ਹੋਣ, ਤਾਂ ਉਹ ਉਸ ਦੀ ਜਾਇਦਾਦ ਉੱਤੇ ਆਪਣਾ ਹੱਕ ਜਮਾ ਸਕਦਾ ਸੀ। (Ancient Near Eastern Texts, edited by J. Pritchard, 1974, pp. 219, 220, and ftn 51) ਸ਼ਾਇਦ ਰਾਖੇਲ ਨੇ ਮਨ ਵਿਚ ਸੋਚਿਆ ਹੋਵੇ ਕਿ ਉਹ ਤਰਾਫੀਮ ਲੈ ਕੇ ਸਹੀ ਕਰ ਰਹੀ ਸੀ ਕਿਉਂਕਿ ਉਸ ਦੇ ਪਿਤਾ ਨੇ ਉਸ ਦੇ ਪਤੀ ਯਾਕੂਬ ਨਾਲ ਕਈ ਵਾਰ ਧੋਖਾ ਕੀਤਾ ਸੀ। (ਉਤ 31:14-16 ਵਿਚ ਨੁਕਤਾ ਦੇਖੋ।) ਲਾਬਾਨ ਤਰਾਫੀਮ ਨੂੰ ਵਾਪਸ ਲਿਆਉਣ ਲਈ ਇੰਨਾ ਫ਼ਿਕਰਮੰਦ ਸੀ ਕਿ ਉਹ ਯਾਕੂਬ ਦਾ ਪਿੱਛਾ ਕਰਨ ਲਈ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਗਿਆ ਅਤੇ ਸੱਤ ਦਿਨਾਂ ਤਕ ਉਸ ਦਾ ਪਿੱਛਾ ਕਰਦਾ ਰਿਹਾ। ਇਸ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਤਰਾਫੀਮ ਦਾ ਵਿਰਾਸਤ ਨਾਲ ਸੰਬੰਧ ਸੀ। (ਉਤ 31:19-30) ਬਿਨਾਂ ਸ਼ੱਕ, ਰਾਖੇਲ ਨੇ ਜੋ ਕੀਤਾ ਸੀ, ਉਸ ਬਾਰੇ ਯਾਕੂਬ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਅਤੇ ਇਸ ਗੱਲ ਦਾ ਕੋਈ ਸਬੂਤ ਵੀ ਨਹੀਂ ਮਿਲਦਾ ਕਿ ਉਸ ਨੇ ਲਾਬਾਨ ਦੇ ਪੁੱਤਰਾਂ ਤੋਂ ਵਿਰਾਸਤ ਹਾਸਲ ਕਰਨ ਲਈ ਤਰਾਫੀਮ ਨੂੰ ਵਰਤਿਆ ਹੋਵੇ। (ਉਤ 31:32) ਯਾਕੂਬ ਦਾ ਇਨ੍ਹਾਂ ਬੁੱਤਾਂ ਨਾਲ ਕੋਈ ਵਾਸਤਾ ਨਹੀਂ ਸੀ। ਸ਼ਾਇਦ ਤਰਾਫੀਮ ਉਦੋਂ ਤਬਾਹ ਕਰ ਦਿੱਤੇ ਗਏ ਸਨ ਜਦੋਂ ਯਾਕੂਬ ਦੇ ਘਰਾਣੇ ਦੇ ਲੋਕਾਂ ਨੇ ਸਾਰੇ ਬੁੱਤ ਉਸ ਨੂੰ ਦੇ ਦਿੱਤੇ ਅਤੇ ਉਸ ਨੇ ਸ਼ਕਮ ਦੇ ਨੇੜੇ ਇਨ੍ਹਾਂ ਨੂੰ ਇਕ ਵੱਡੇ ਦਰਖ਼ਤ ਹੇਠ ਦੱਬ ਦਿੱਤਾ ਸੀ।—ਉਤ 35:1-4.
(ਉਤਪਤ 31:41, 42) ਏਹ ਵੀਹ ਵਰਹੇ ਮੈਂ ਤੇਰੇ ਘਰ ਵਿੱਚ ਰਿਹਾ। ਮੈਂ ਚੌਦਾਂ ਵਰਹੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ ਛੇ ਸਾਲ ਤੇਰੀਆਂ ਭੇਡਾਂ ਲਈ ਅਤੇ ਤੈਂ ਦਸ ਵਾਰ ਮੇਰੀ ਤਲਬ ਨੂੰ ਬਦਲਿਆ। 42 ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ੁਰ ਨੇ ਮੇਰਾ ਕਸ਼ਟ ਅਰ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਰ ਕੱਲ ਰਾਤ ਤੈਨੂੰ ਝਿੜਕਿਆ।
(1 ਪਤਰਸ 2:18) ਨੌਕਰ ਆਪਣੇ ਮਾਲਕਾਂ ਦਾ ਆਦਰ ਕਰਦੇ ਹੋਏ ਉਨ੍ਹਾਂ ਦੇ ਅਧੀਨ ਰਹਿਣ, ਸਿਰਫ਼ ਉਨ੍ਹਾਂ ਮਾਲਕਾਂ ਦੇ ਹੀ ਨਹੀਂ ਜਿਹੜੇ ਚੰਗੇ ਅਤੇ ਨਰਮ ਸੁਭਾਅ ਦੇ ਹਨ, ਸਗੋਂ ਉਨ੍ਹਾਂ ਦੇ ਵੀ ਅਧੀਨ ਰਹਿਣ ਜਿਨ੍ਹਾਂ ਨੂੰ ਖ਼ੁਸ਼ ਕਰਨਾ ਔਖਾ ਹੈ।
ਯਹੋਵਾਹ ਸਾਡੇ ਆਸਰੇ ਦੀ ਥਾਂ ਹੈ
8 ਜਦ ਯਾਕੂਬ ਹਾਰਾਨ ਪਹੁੰਚਿਆ, ਤਾਂ ਉਸ ਦੇ ਮਾਮੇ ਲਾਬਾਨ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਤੇ ਬਾਅਦ ਵਿਚ ਆਪਣੀਆਂ ਦੋ ਧੀਆਂ ਦੇ ਵਿਆਹ ਉਸ ਨਾਲ ਕੀਤੇ। ਪਰ ਸਮੇਂ ਦੇ ਬੀਤਣ ਨਾਲ ਲਾਬਾਨ ਨੇ ਯਾਕੂਬ ਦਾ ਨਾਜਾਇਜ਼ ਫ਼ਾਇਦਾ ਉਠਾਇਆ ਤੇ ਉਸ ਦੀ ਮਜ਼ਦੂਰੀ ਦਸ ਵਾਰ ਬਦਲੀ। (ਉਤ. 31:41, 42) ਫਿਰ ਵੀ ਯਾਕੂਬ ਇਨ੍ਹਾਂ ਬੇਇਨਸਾਫ਼ੀਆਂ ਨੂੰ ਸਹਿੰਦਾ ਰਿਹਾ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਦੀ ਦੇਖ-ਭਾਲ ਕਰਦਾ ਰਹੇਗਾ ਤੇ ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਕੁਝ ਸਾਲ ਬਾਅਦ ਜਦ ਪਰਮੇਸ਼ੁਰ ਨੇ ਯਾਕੂਬ ਨੂੰ ਕਨਾਨ ਵਾਪਸ ਜਾਣ ਲਈ ਕਿਹਾ, ਤਾਂ ਉਸ ਕੋਲ “ਬਹੁਤ ਇੱਜੜ ਅਤੇ ਗੋੱਲੀਆਂ ਗੋੱਲੇ ਅਰ ਊਠ ਅਰ ਗਧੇ ਸਨ।” (ਉਤ. 30:43) ਯਾਕੂਬ ਨੇ ਦਿਲੋਂ ਯਹੋਵਾਹ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਵਿਚ ਕਿਹਾ: “ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।”—ਉਤ. 32:10.
ਬਾਈਬਲ ਪੜ੍ਹਾਈ
(ਉਤਪਤ 31:1-18) ਉਸ ਨੇ ਲਾਬਾਨ ਦੇ ਪੁੱਤ੍ਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਤੋਂ ਏਹ ਸਾਰਾ ਧਨ ਉਹ ਨੇ ਪਾਇਆ ਹੈ। 2 ਫੇਰ ਯਾਕੂਬ ਨੇ ਲਾਬਾਨ ਦਾ ਮੂੰਹ ਡਿੱਠਾ ਤਾਂ ਵੇਖੋ ਉਹ ਅੱਗੇ ਵਾਂਙੁ ਉਹ ਦੀ ਵੱਲ ਨਹੀਂ ਸੀ। 3 ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ ਦਾਦਿਆਂ ਦੇ ਦੇਸ ਨੂੰ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ, ਮੈਂ ਤੇਰੇ ਅੰਗ ਸੰਗ ਹੋਵਾਂਗਾ। 4 ਤਾਂ ਯਾਕੂਬ ਨੇ ਰਾਖੇਲ ਅਰ ਲੇਆਹ ਨੂੰ ਰੜੇ ਵਿੱਚ ਆਪਣੇ ਇੱਜੜ ਕੋਲ ਬੁਲਾ ਘੱਲਿਆ। 5 ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਅੱਗੇ ਵਾਂਙੁ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ ਸੰਗ ਰਿਹਾ। 6 ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਟਹਿਲ ਕੀਤੀ ਹੈ। 7 ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਅਰ ਮੇਰੀ ਤਲਬ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ। 8 ਜੇ ਉਸ ਐਉਂ ਆਖਿਆ ਕਿ ਚਿਤਲੀਆਂ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਚਿਤਲੇ ਹੀ ਬੱਚੇ ਦਿੱਤੇ ਅਤੇ ਜੇ ਉਸ ਆਖਿਆ ਕਿ ਗਦਰੇ ਤੇਰੀ ਮਜੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ। 9 ਸੋ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ। 10 ਅਤੇ ਐਉਂ ਹੋਇਆ ਕਿ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਅਰ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਰ ਚਿਤਲੇ ਅਰ ਚਿਤਕਬਰੇ ਸਨ। 11 ਤਾਂ ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜਰ ਹਾਂ। 12 ਤਦ ਉਸ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਰ ਚਿਤਲੇ ਅਰ ਚਿਤਕਬਰੇ ਹਨ ਕਿਉਂਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ ਸਭ ਡਿੱਠਾ ਹੈ। 13 ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੈਂ ਥੰਮ੍ਹ ਉੱਤੇ ਤੇਲ ਮਲਿਆ ਅਤੇ ਮੇਰੀ ਸੁੱਖਣਾ ਸੁੱਖੀ। ਹੁਣ ਉੱਠ ਅਰ ਏਸ ਦੇਸ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾਹ। 14 ਤਾਂ ਰਾਖੇਲ ਅਰ ਲੇਆਹ ਨੇ ਉੱਤਰ ਦੇਕੇ ਆਖਿਆ, ਕੀ ਅਜੇ ਤੀਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਅਥਵਾ ਅਧੀਕਾਰ ਹੈ? 15 ਕੀ ਅਸੀਂ ਉਹ ਦੇ ਅੱਗੇ ਓਪਰੀਆਂ ਨਹੀਂ ਰਹੀਆਂ ਕਿਉਂਜੋ ਉਸ ਨੇ ਸਾਨੂੰ ਵੇਚ ਲਿਆ ਅਰ ਸਾਡੀ ਚਾਂਦੀ ਵੀ ਖਾ ਗਿਆ। 16 ਅਰ ਸਭ ਧਨ ਜੋ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਲਿਆ ਉਹ ਸਾਡਾ ਅਰ ਸਾਡੇ ਪੁੱਤ੍ਰਾਂ ਦਾ ਹੈ ਅਰ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ ਸੋਈ ਕਰ। 17 ਤਾਂ ਯਾਕੂਬ ਨੇ ਉੱਠ ਕੇ ਆਪਣੇ ਪੁੱਤ੍ਰਾਂ ਅਰ ਤੀਵੀਂਆਂ ਨੂੰ ਊਠਾਂ ਉੱਤੇ ਚੜ੍ਹਾਇਆ। 18 ਅਰ ਆਪਣੇ ਸਾਰੇ ਡੰਗਰਾਂ ਨੂੰ ਅਰ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ ਹੱਕ ਲਏ ਤਾਂਜੋ ਕਨਾਨ ਦੇਸ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਾ ਜਾਵੇ।
20-26 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 32-33
“ਕੀ ਤੁਸੀਂ ਬਰਕਤ ਪਾਉਣ ਲਈ ਘੋਲ ਕਰ ਰਹੇ ਹੋ?”
(ਉਤਪਤ 32:24) ਤਾਂ ਯਾਕੂਬ ਇਕੱਲਾ ਰਹਿ ਗਿਆ ਅਰ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜ੍ਹਾਓ ਤੀਕ ਘੁਲਦਾ ਰਿਹਾ।
ਕੀ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਖੋਜ ਰਹੇ ਹੋ?
ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਯਹੋਵਾਹ ਨੂੰ ਖੋਜਣ ਦੀ ਬੜੀ ਕੋਸ਼ਿਸ਼ ਕੀਤੀ ਸੀ। ਅਜਿਹੀ ਇਕ ਮਿਸਾਲ ਹੈ ਯਾਕੂਬ ਦੀ। ਉਹ ਮਨੁੱਖ ਦੇ ਰੂਪ ਵਿਚ ਆਏ ਇਕ ਦੂਤ ਨਾਲ ਪੂਰੇ ਜ਼ੋਰ ਨਾਲ ਸਵੇਰ ਹੋਣ ਤਕ ਘੁਲਦਾ ਰਿਹਾ। ਨਤੀਜੇ ਵਜੋਂ, ਯਾਕੂਬ ਦਾ ਨਾਂ ਇਸਰਾਏਲ ਰੱਖਿਆ ਗਿਆ ਜਿਸ ਦਾ ਮਤਲਬ ਹੈ ਉਹ ਪਰਮੇਸ਼ੁਰ ਨਾਲ ਘੁਲਿਆ। ਇੱਥੇ “ਘੁਲਣ” ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹ ਲੱਗਾ ਰਿਹਾ, ਸੰਘਰਸ਼ ਕਰਦਾ ਰਿਹਾ ਜਾਂ ਉਸ ਨੇ ਹਾਰ ਨਹੀਂ ਮੰਨੀ। ਅਖ਼ੀਰ ਵਿਚ ਦੂਤ ਨੇ ਯਾਕੂਬ ਨੂੰ ਅਸੀਸ ਦਿੱਤੀ।—ਉਤਪਤ 32:24-30, ਨਵਾਂ ਅਨੁਵਾਦ।
(ਉਤਪਤ 32:25, 26) ਤਾਂ ਜਦ ਓਸ ਵੇਖਿਆ ਕਿ ਮੈਂ ਏਸ ਨੂੰ ਜਿੱਤ ਨਹੀਂ ਸੱਕਦਾ ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਅਰ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘਲਨ ਦੇ ਕਾਰਨ ਨਿੱਕਲ ਗਿਆ। 26 ਤਾਂ ਓਸ ਆਖਿਆ, ਮੈਨੂੰ ਜਾਣ ਦੇਹ ਕਿਉਂਜੋ ਦਿਨ ਚੜ੍ਹ ਗਿਆ ਹੈ। ਓਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ।
it-2 190
ਲੰਗੜਾ, ਲੰਗੜਾਪਨ
ਯਾਕੂਬ ਦਾ ਲੰਗੜਾਪਨ। ਜਦੋਂ ਯਾਕੂਬ ਲਗਭਗ 97 ਸਾਲਾਂ ਦਾ ਸੀ, ਤਾਂ ਉਹ ਸਾਰੀ ਰਾਤ ਪਰਮੇਸ਼ੁਰ ਦੇ ਇਕ ਦੂਤ ਨਾਲ ਘੁਲਦਾ ਰਿਹਾ। ਉਸ ਨੇ ਦੂਤ ਨੂੰ ਉਦੋਂ ਤਕ ਜਾਣ ਨਹੀਂ ਦਿੱਤਾ ਜਦ ਤਕ ਦੂਤ ਨੇ ਉਸ ਨੂੰ ਬਰਕਤ ਨਹੀਂ ਦੇ ਦਿੱਤੀ। ਇਸ ਘੋਲ ਦੌਰਾਨ ਦੂਤ ਨੇ ਯਾਕੂਬ ਦੇ ਪੱਟ ਨੂੰ ਹੱਥ ਲਾਇਆ ਅਤੇ ਉਸ ਦੇ ਪੱਟ ਦਾ ਜੋੜ ਹਿਲ ਗਿਆ। ਨਤੀਜੇ ਵਜੋਂ, ਯਾਕੂਬ ਲੰਗੜਾ ਕੇ ਤੁਰਨ ਲੱਗਾ। (ਉਤ 32:24-32; ਹੋਸ਼ੇ 12:2-4) ਇਸ ਤੋਂ ਬਾਅਦ ਯਾਕੂਬ ਲਈ ਇਹ ਗੱਲ ਯਾਦ ਰੱਖਣ ਯੋਗ ਸੀ ਕਿ ਭਾਵੇਂ ਉਹ “ਪਰਮੇਸ਼ੁਰ [ਪਰਮੇਸ਼ੁਰ ਦੇ ਦੂਤ] ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ” ਸੀ, ਪਰ ਉਸ ਨੇ ਅਸਲ ਵਿਚ ਪਰਮੇਸ਼ੁਰ ਦੇ ਦੂਤ ਨੂੰ ਨਹੀਂ ਹਰਾਇਆ ਸੀ। ਸਿਰਫ਼ ਯਹੋਵਾਹ ਦੇ ਮਕਸਦ ਤੇ ਇਜਾਜ਼ਤ ਕਰਕੇ ਯਾਕੂਬ ਨੂੰ ਦੂਤ ਨਾਲ ਘੁਲਣ ਦਿੱਤਾ ਗਿਆ ਤਾਂਕਿ ਇਸ ਤੋਂ ਸਬੂਤ ਮਿਲ ਸਕੇ ਕਿ ਯਾਕੂਬ ਇਸ ਗੱਲ ਦੀ ਕਦਰ ਕਰਦਾ ਸੀ ਕਿ ਉਸ ਨੂੰ ਪਰਮੇਸ਼ੁਰ ਤੋਂ ਬਰਕਤ ਪਾਉਣ ਦੀ ਲੋੜ ਸੀ।
(ਉਤਪਤ 32:27, 28) ਤਾਂ ਓਸ ਉਹ ਨੂੰ ਆਖਿਆ, ਤੇਰਾ ਨਾਉਂ ਕੀ ਹੈ? ਓਸ ਆਖਿਆ, ਯਾਕੂਬ। 28 ਓਸ ਆਖਿਆ, ਤੇਰਾ ਨਾਉਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਏਲ ਕਿਉਂਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ।
it-1 1228
ਇਜ਼ਰਾਈਲ
1. ਜਦੋਂ ਯਾਕੂਬ 97 ਸਾਲਾਂ ਦਾ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਇਹ ਨਾਂ ਦਿੱਤਾ। ਇਹ ਉਸ ਰਾਤ ਦੀ ਗੱਲ ਹੈ ਜਦੋਂ ਯਾਕੂਬ ਯੱਬੋਕ ਵਾਦੀ ਪਾਰ ਕਰ ਕੇ ਆਪਣੇ ਭਰਾ ਏਸਾਓ ਨੂੰ ਮਿਲਣ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਘੋਲ ਕੀਤਾ। ਜਿਸ ਨਾਲ ਉਸ ਨੇ ਘੋਲ ਕੀਤਾ ਉਹ ਅਸਲ ਵਿਚ ਇਕ ਦੂਤ ਸੀ। ਯਾਕੂਬ ਵੱਲੋਂ ਲਗਾਤਾਰ ਸੰਘਰਸ਼ ਕਰਦੇ ਰਹਿਣ ਕਰਕੇ ਪਰਮੇਸ਼ੁਰ ਨੇ ਬਰਕਤ ਵਜੋਂ ਉਸ ਦਾ ਨਾਂ ਬਦਲ ਕੇ ਇਜ਼ਰਾਈਲ ਰੱਖ ਦਿੱਤਾ। ਇਨ੍ਹਾਂ ਘਟਨਾਵਾਂ ਦੀ ਯਾਦ ਵਿਚ ਯਾਕੂਬ ਨੇ ਉਸ ਜਗ੍ਹਾ ਦਾ ਨਾਂ ਪਨੀਏਲ ਰੱਖਿਆ। (ਉਤ 32:22-31) ਬਾਅਦ ਵਿਚ, ਬੈਤਏਲ ਵਿਚ ਪਰਮੇਸ਼ੁਰ ਨੇ ਉਸ ਦੇ ਨਾਂ ਬਦਲੇ ਜਾਣ ਦੀ ਪੁਸ਼ਟੀ ਕੀਤੀ ਅਤੇ ਉਸ ਸਮੇਂ ਤੋਂ ਲੈ ਕੇ ਯਾਕੂਬ ਦੀ ਜ਼ਿੰਦਗੀ ਦੇ ਅਖ਼ੀਰ ਤਕ ਉਸ ਨੂੰ ਇਜ਼ਰਾਈਲ ਨਾਂ ਨਾਲ ਬੁਲਾਇਆ ਗਿਆ। (ਉਤ 35:10, 15; 50:2; 1 ਇਤਿ 1:34) ਬਾਈਬਲ ਵਿਚ ਇਜ਼ਰਾਈਲ ਸ਼ਬਦ 2,500 ਤੋਂ ਜ਼ਿਆਦਾ ਵਾਰ ਆਉਂਦਾ ਹੈ। ਪਰ ਇਹ ਸ਼ਬਦ ਜ਼ਿਆਦਾ ਵਾਰ ਯਾਕੂਬ ਦੇ ਘਰਾਣੇ ਲਈ ਵਰਤਿਆ ਗਿਆ ਹੈ ਜੋ ਕਿ ਇਜ਼ਰਾਈਲ ਕੌਮ ਸੀ।—ਕੂਚ 5:1, 2.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 32:11) ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ।
(ਉਤਪਤ 32:13-15) ਉਹ ਉਸ ਰਾਤ ਉੱਥੇ ਹੀ ਰਿਹਾ ਅਰ ਉਸ ਨੇ ਉਸ ਥਾਂ ਜੋ ਕੁਝ ਉਸ ਦੇ ਹੱਥ ਆਇਆ ਆਪਣੇ ਭਰਾ ਏਸਾਓ ਦੇ ਨਜ਼ਰਾਨੇ ਲਈ ਲਿਆ। 14 ਅਰਥਾਤ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ ਅਰ ਦੋ ਸੌ ਭੇਡਾਂ ਅਤੇ ਵੀਹ ਮੇਂਢੇ। 15 ਅਤੇ ਤੀਹ ਸੂਈਆਂ ਹੋਈਆਂ ਊਠਣੀਆਂ ਬੋਤੀਆਂ ਸਣੇ ਅਰ ਚਾਲੀ ਗਊਆਂ ਅਰ ਦਸ ਸਾਹਨ ਅਤੇ ਵੀਹ ਖੋਤੀਆਂ ਦੱਸ ਬੱਚਿਆਂ ਸਣੇ।
ਚੰਗੀ ਬੋਲ-ਬਾਣੀ ਨਾਲ ਚੰਗੇ ਰਿਸ਼ਤੇ ਬਣਦੇ ਹਨ
10 ਪਿਆਰ ਨਾਲ ਅਤੇ ਸਹੀ ਤਰੀਕੇ ਨਾਲ ਗੱਲਬਾਤ ਕਰਨ ਨਾਲ ਸਾਡੇ ਦੂਜਿਆਂ ਨਾਲ ਸ਼ਾਂਤੀਪੂਰਣ ਰਿਸ਼ਤੇ ਬਣਦੇ ਹਨ ਤੇ ਬਣੇ ਰਹਿੰਦੇ ਹਨ। ਦਰਅਸਲ, ਜੇ ਅਸੀਂ ਹੋਰਨਾਂ ਨਾਲ ਆਪਣੇ ਸੰਬੰਧ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਨ੍ਹਾਂ ਨਾਲ ਹੋਰ ਵੀ ਆਸਾਨੀ ਨਾਲ ਗੱਲ ਕਰ ਪਾਵਾਂਗੇ। ਦੂਜਿਆਂ ਲਈ ਦਿਲੋਂ ਚੰਗੇ ਕੰਮ ਕਰਨ ਨਾਲ ਵੀ ਅਸੀਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ ਜਿਵੇਂ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਭਾਲਣੇ, ਦਿਲੋਂ ਕੋਈ ਤੋਹਫ਼ਾ ਦੇਣਾ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਕਰਨੀ। ਇੱਦਾਂ ਕਰਨ ਨਾਲ ਅਸੀਂ ਕਿਸੇ ਦੇ ਸਿਰ ਉੱਤੇ “ਅੱਗ ਦੇ ਅੰਗਿਆਰਾਂ ਦਾ ਢੇਰ” ਲਾ ਸਕਦੇ ਹਾਂ ਤੇ ਉਸ ਦੇ ਚੰਗੇ ਗੁਣ ਉੱਭਰ ਕੇ ਸਾਮ੍ਹਣੇ ਆ ਸਕਦੇ ਹਨ ਤਾਂਕਿ ਅਸੀਂ ਖੁੱਲ੍ਹ ਕੇ ਗੱਲ ਕਰ ਸਕੀਏ।—ਰੋਮੀ. 12:20, 21.
11 ਯਾਕੂਬ ਇਸ ਗੱਲ ਨੂੰ ਖੂਬ ਸਮਝਦਾ ਸੀ। ਉਸ ਦਾ ਜੁੜਵਾਂ ਭਰਾ ਏਸਾਓ ਉਸ ਨਾਲ ਇੰਨਾ ਗੁੱਸੇ ਸੀ ਕਿ ਯਾਕੂਬ ਡਰਦੇ ਮਾਰੇ ਦੂਰ ਭੱਜ ਗਿਆ ਤਾਂਕਿ ਏਸਾਓ ਉਸ ਨੂੰ ਮਾਰ ਨਾ ਦੇਵੇ। ਬਹੁਤ ਸਾਲਾਂ ਬਾਅਦ ਯਾਕੂਬ ਵਾਪਸ ਆ ਗਿਆ। ਏਸਾਓ 400 ਆਦਮੀਆਂ ਸਣੇ ਉਸ ਨੂੰ ਮਿਲਣ ਆਇਆ। ਯਾਕੂਬ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀ ਮਦਦ ਕਰੇ। ਏਸਾਓ ਨੂੰ ਮਿਲਣ ਤੋਂ ਪਹਿਲਾਂ ਯਾਕੂਬ ਨੇ ਬਹੁਤ ਸਾਰੇ ਪਸ਼ੂ ਤੋਹਫ਼ੇ ਵਜੋਂ ਉਸ ਨੂੰ ਭੇਜੇ। ਤੋਹਫ਼ਾ ਦੇਣ ਨਾਲ ਉਸ ਦਾ ਮਕਸਦ ਪੂਰਾ ਹੋ ਗਿਆ। ਜਦੋਂ ਉਹ ਇਕ-ਦੂਜੇ ਨੂੰ ਮਿਲੇ, ਉਦੋਂ ਏਸਾਓ ਦਾ ਦਿਲ ਪਿਘਲ ਗਿਆ ਸੀ ਤੇ ਉਸ ਨੇ ਨੱਠ ਕੇ ਯਾਕੂਬ ਨੂੰ ਜੱਫੀ ਪਾ ਲਈ।—ਉਤ. 27:41-44; 32:6, 11, 13-15; 33:4, 10.
(ਉਤਪਤ 33:20) ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਨੂੰ ਏਲ ਏਲੋਹੇ ਇਸਰਾਏਲ ਸੱਦਿਆ।
it-1 980
ਏਲ ਏਲੋਹੇ ਇਸਰਾਏਲ
ਪਨੀਏਲ ਵਿਚ ਯਹੋਵਾਹ ਦੇ ਦੂਤ ਦਾ ਸਾਮ੍ਹਣਾ ਕਰਨ ਕਰਕੇ ਯਾਕੂਬ ਨੂੰ ਇਜ਼ਰਾਈਲ ਨਾਂ ਦਿੱਤਾ ਗਿਆ। ਨਾਲੇ ਆਪਣੇ ਭਰਾ ਏਸਾਓ ਨਾਲ ਸ਼ਾਂਤੀ ਕਾਇਮ ਕਰਨ ਤੋਂ ਬਾਅਦ ਉਹ ਸੁੱਕੋਥ ਤੇ ਫਿਰ ਸ਼ਕਮ ਵਿਚ ਰਹਿਣ ਲੱਗ ਪਿਆ। ਉੱਥੇ ਉਸ ਨੇ ਹਮੋਰ ਦੇ ਪੁੱਤਰਾਂ ਤੋਂ ਜ਼ਮੀਨ ਖ਼ਰੀਦੀ ਤੇ ਉੱਥੇ ਤੰਬੂ ਲਾਏ। (ਉਤ 32:24-30; 33:1-4, 17-19) “ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਨੂੰ ਏਲ ਏਲੋਹੇ ਇਸਰਾਏਲ” ਯਾਨੀ “ਪਰਮੇਸ਼ੁਰ ਇਜ਼ਰਾਈਲ ਦਾ ਪਰਮੇਸ਼ੁਰ” ਸੱਦਿਆ। (ਉਤ 33:20) ਯਾਕੂਬ ਨੇ ਵੇਦੀ ਦਾ ਨਾਂ ਇਜ਼ਰਾਈਲ ਰੱਖ ਕੇ ਆਪਣੀ ਪਛਾਣ ਨਵੇਂ ਨਾਂ ਨਾਲ ਕਰਾਈ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਸ ਨੂੰ ਇਹ ਨਾਂ ਕਬੂਲ ਸੀ ਤੇ ਇਸ ਲਈ ਸ਼ੁਕਰਗੁਜ਼ਾਰ ਸੀ। ਨਾਲੇ ਉਹ ਇਸ ਗੱਲ ਲਈ ਸ਼ੁਕਰਗੁਜ਼ਾਰ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਸਹੀ-ਸਲਾਮਤ ਵਾਅਦਾ ਕੀਤੇ ਹੋਏ ਦੇਸ਼ ਵਿਚ ਵਾਪਸ ਲਿਆਂਦਾ ਸੀ। ਬਾਈਬਲ ਵਿਚ ਇਹ ਸ਼ਬਦ ਸਿਰਫ਼ ਇਕ ਵਾਰ ਹੀ ਆਉਂਦੇ ਹਨ।
ਬਾਈਬਲ ਪੜ੍ਹਾਈ
(ਉਤਪਤ 32:1-21) ਯਾਕੂਬ ਆਪਣੇ ਰਾਹ ਪੈ ਗਿਆ ਤਾਂ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ। 2 ਅਰ ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਏਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਰ ਉਸ ਥਾਂ ਦਾ ਨਾਉਂ ਮਹਨਾਯਿਮ ਰੱਖਿਆ। 3 ਤਾਂ ਯਾਕੂਬ ਨੇ ਆਪਣੇ ਅੱਗੇ ਸੰਦੇਸੀਆਂ ਨੂੰ ਆਪਣੇ ਭਰਾ ਏਸਾਓ ਕੋਲ ਸ਼ੇਈਰ ਦੀ ਧਰਤੀ ਅਰ ਅਦੋਮ ਦੇ ਮਦਾਨ ਵਿੱਚ ਘੱਲਿਆ। 4 ਅਰ ਉਨ੍ਹਾਂ ਨੂੰ ਹੁਕਮ ਦੇਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਆਖੋ, ਤੁਹਾਡਾ ਦਾਸ ਯਾਕੂਬ ਏਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਟਿਕਿਆ ਅਰ ਹੁਣ ਤੀਕ ਉੱਥੇ ਹੀ ਰਿਹਾ। 5 ਮੇਰੇ ਕੋਲ ਬਲਦ ਗਧੇ ਇੱਜੜ ਅਰ ਗੋੱਲੇ ਗੋੱਲੀਆਂ ਹਨ ਅਰ ਮੈਂ ਆਪਣੇ ਸਵਾਮੀ ਨੂੰ ਏਹ ਦੱਸਣ ਲਈ ਇਨ੍ਹਾਂ ਨੂੰ ਘੱਲਿਆ ਹੈ ਭਈ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਇਆ ਹੋਵੇ। 6 ਤਾਂ ਯਾਕੂਬ ਦੇ ਸੰਦੇਸੀਆਂ ਨੇ ਮੁੜ ਆਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸਾਂ। ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ। 7 ਤਾਂ ਯਾਕੂਬ ਅੱਤ ਭੈਮਾਨ ਹੋਇਆ ਅਤੇ ਘਾਬਰਿਆ ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ ਬਲਦਾਂ ਅਰ ਊਠਾਂ ਨੂੰ ਲੈਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ। 8 ਅਰ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਆਣ ਪਵੇ ਅਤੇ ਉਸ ਨੂੰ ਮਾਰ ਸੁੱਟੇ ਤਾਂ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ। 9 ਤਾਂ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਰ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ। 10 ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ। 11 ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ। 12 ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬੁਹਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ। 13 ਉਹ ਉਸ ਰਾਤ ਉੱਥੇ ਹੀ ਰਿਹਾ ਅਰ ਉਸ ਨੇ ਉਸ ਥਾਂ ਜੋ ਕੁਝ ਉਸ ਦੇ ਹੱਥ ਆਇਆ ਆਪਣੇ ਭਰਾ ਏਸਾਓ ਦੇ ਨਜ਼ਰਾਨੇ ਲਈ ਲਿਆ। 14 ਅਰਥਾਤ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ ਅਰ ਦੋ ਸੌ ਭੇਡਾਂ ਅਤੇ ਵੀਹ ਮੇਂਢੇ। 15 ਅਤੇ ਤੀਹ ਸੂਈਆਂ ਹੋਈਆਂ ਊਠਣੀਆਂ ਬੋਤੀਆਂ ਸਣੇ ਅਰ ਚਾਲੀ ਗਊਆਂ ਅਰ ਦਸ ਸਾਹਨ ਅਤੇ ਵੀਹ ਖੋਤੀਆਂ ਦੱਸ ਬੱਚਿਆਂ ਸਣੇ। 16 ਅਰ ਉਨ੍ਹਾਂ ਦੇ ਵੱਗ ਵੱਖਰੇ ਵੱਖਰੇ ਕਰ ਕੇ ਆਪਣੇ ਟਹਿਲੂਆਂ ਦੇ ਹੱਥ ਦਿੱਤੇ ਅਰ ਆਪਣੇ ਟਹਿਲੂਆਂ ਨੂੰ ਆਖਿਆ ਤੁਸੀਂ ਮੇਰੇ ਅੱਗੇ ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜਾ ਥੋੜਾ ਫਾਸਲਾ ਰੱਖੋ। 17 ਸਭ ਤੋਂ ਅੱਗੇ ਜਾਣ ਵਾਲੇ ਨੂੰ ਓਸ ਏਹ ਹੁਕਮ ਦਿੱਤਾ ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਰ ਪੁੱਛੇ ਤੂੰ ਕਿਹ ਦਾ ਹੈਂ ਅਰ ਕਿਧਰ ਚੱਲਦਾ ਹੈਂ ਅਰ ਏਹ ਤੇਰੇ ਅਗਲੇ ਕਿਹ ਦੇ ਹਨ? 18 ਤਾਂ ਤੂੰ ਆਖੀਂ ਏਹ ਤੁਹਾਡੇ ਦਾਸ ਯਾਕੂਬ ਦੇ ਹਨ। ਏਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਘੱਲਿਆ ਹੈ ਅਤੇ ਵੇਖੋ ਉਹ ਵੀ ਸਾਡੇ ਪਿੱਛੇ ਹੈ। 19 ਅਰ ਉਸ ਨੇ ਦੂਜੇ ਅਰ ਤੀਜੇ ਅਰ ਸਾਰਿਆਂ ਨੂੰ ਜਿਹੜੇ ਵੱਗ ਦੇ ਪਿੱਛੇ ਆਉਂਦੇ ਸਨ ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਏਵੇਂ ਹੀ ਬੋਲੋ। 20 ਅਰ ਆਖਿਓ, ਵੇਖੋ ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ ਹੈ ਕਿਉਂਜੋ ਓਸ ਆਖਿਆ ਕਿ ਏਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ ਜਾਂਦਾ ਹੈ ਓਸ ਦੀਆਂ ਅੱਖਾਂ ਠੰਡੀਆਂ ਕਰਾਂਗਾ ਅਰ ਏਸ ਦੇ ਮਗਰੋਂ ਉਹ ਦਾ ਮੂੰਹ ਵੇਖਾਂਗਾ ਸ਼ਾਇਤ ਉਹ ਮੈਨੂੰ ਕਬੂਲ ਕਰੇ। 21 ਸੋ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਰ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ।
27 ਅਪ੍ਰੈਲ–3 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 34-35
“ਮਾੜੀ ਸੰਗਤੀ ਦੇ ਭੈੜੇ ਨਤੀਜੇ”
(ਉਤਪਤ 34:1) ਫੇਰ ਲੇਆਹ ਦੀ ਧੀ ਦੀਨਾਹ ਜਿਹੜੀ ਉਹ ਯਾਕੂਬ ਤੋਂ ਜਣੀ ਉਸ ਦੇਸ ਦੀਆਂ ਧੀਆਂ ਵੇਖਣ ਨੂੰ ਬਾਹਰ ਗਈ।
ਸ਼ਕਮ—ਵਾਦੀ ਵਿਚ ਵੱਸਿਆ ਸ਼ਹਿਰ
ਉਸ ਸ਼ਹਿਰ ਦੇ ਨੌਜਵਾਨ ਇਸ ਕੁਆਰੀ ਕੁੜੀ ਨੂੰ ਕਿਸ ਨਜ਼ਰ ਨਾਲ ਦੇਖਦੇ ਸਨ ਜੋ ਉਨ੍ਹਾਂ ਦੇ ਸ਼ਹਿਰ ਵਿਚ ਵਾਰ-ਵਾਰ ਤੇ ਸ਼ਾਇਦ ਇਕੱਲੀ ਆਉਂਦੀ ਸੀ? ਪ੍ਰਧਾਨ ਦੇ ਮੁੰਡੇ ਨੇ “ਉਹ ਨੂੰ ਡਿੱਠਾ ਅਤੇ ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ।” ਦੀਨਾਹ ਨੇ ਅਨੈਤਿਕ ਜ਼ਿੰਦਗੀ ਜੀਉਣ ਵਾਲੇ ਕਨਾਨੀਆਂ ਨਾਲ ਸੰਗਤੀ ਕਰ ਕੇ ਆਪਣੇ ਆਪ ਨੂੰ ਖ਼ਤਰੇ ਵਿਚ ਕਿਉਂ ਪਾਇਆ? ਕੀ ਇਸ ਕਰਕੇ ਕਿ ਉਸ ਨੂੰ ਲੱਗਾ ਕਿ ਉਸ ਨੂੰ ਆਪਣੀ ਉਮਰ ਦੀਆਂ ਕੁੜੀਆਂ ਨਾਲ ਸੰਗਤੀ ਕਰਨ ਦੀ ਲੋੜ ਸੀ? ਕੀ ਉਹ ਆਪਣੇ ਕੁਝ ਭਰਾਵਾਂ ਵਾਂਗ ਢੀਠ ਤੇ ਆਜ਼ਾਦ ਖ਼ਿਆਲਾਂ ਵਾਲੀ ਸੀ? ਉਤਪਤ ਦਾ ਬਿਰਤਾਂਤ ਪੜ੍ਹੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪਣੀ ਧੀ ਦੇ ਸ਼ਕਮ ਨੂੰ ਵਾਰ-ਵਾਰ ਮਿਲਣ ਜਾਣ ਦੇ ਨਿਕਲੇ ਭੈੜੇ ਨਤੀਜਿਆਂ ਕਰਕੇ ਯਾਕੂਬ ਤੇ ਲੇਆਹ ਨੂੰ ਕਿੰਨੀ ਬੇਇੱਜ਼ਤੀ ਤੇ ਸ਼ਰਮਿੰਦਗੀ ਹੋਈ ਹੋਣੀ।—ਉਤਪਤ 34:1-31; 49:5-7; ਪਹਿਰਾਬੁਰਜ 15 ਜੂਨ 1985 (ਅੰਗ੍ਰੇਜ਼ੀ) ਦਾ ਸਫ਼ਾ 31 ਵੀ ਦੇਖੋ।
(ਉਤਪਤ 34:2) ਅਤੇ ਹਮੋਰ ਹਿੱਵੀ ਦੇ ਪੁੱਤ੍ਰ ਸ਼ਕਮ ਓਸ ਦੇਸ ਦੇ ਸਜਾਦੇ ਨੇ ਉਹ ਨੂੰ ਡਿੱਠਾ ਅਤੇ ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ।
“ਹਰਾਮਕਾਰੀ ਤੋਂ ਭੱਜੋ”
14 ਦੀਨਾਹ ਨੇ ਸ਼ਕਮ ਨਾਲ ਹਮਬਿਸਤਰ ਹੋਣ ਬਾਰੇ ਕਦੇ ਸੋਚਿਆ ਵੀ ਨਹੀਂ ਹੋਣਾ। ਪਰ ਸ਼ਕਮ ਨੇ ਉਹੀ ਕੀਤਾ ਜੋ ਆਮ ਤੌਰ ਤੇ ਜ਼ਿਆਦਾਤਰ ਕਨਾਨੀ ਆਦਮੀ ਸੋਹਣੀ ਕੁੜੀ ਨੂੰ ਦੇਖ ਕੇ ਕਰਦੇ ਸਨ। ਸ਼ਕਮ “ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ।” ਦੀਨਾਹ ਨੇ ਜੇ ਉਸ ਵੇਲੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੋਣੀ, ਤਾਂ ਉਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਭਾਵੇਂ ਸ਼ਕਮ ਬਾਅਦ ਵਿਚ ਦੀਨਾਹ ਨਾਲ ‘ਪ੍ਰੇਮ ਕਰਨ’ ਲੱਗ ਪਿਆ ਸੀ, ਪਰ ਇਸ ਨਾਲ ਦੀਨਾਹ ਦੇ ਪੱਲੇ ʼਤੇ ਲੱਗਿਆ ਦਾਗ਼ ਨਹੀਂ ਮਿੱਟ ਸਕਦਾ ਸੀ। (ਉਤਪਤ 34:1-4 ਪੜ੍ਹੋ।) ਇਸ ਬੇਵਕੂਫ਼ੀ ਕਰਕੇ ਦੀਨਾਹ ਨੇ ਸਿਰਫ਼ ਆਪਣੀ ਹੀ ਇੱਜ਼ਤ ਨਹੀਂ ਗੁਆਈ, ਸਗੋਂ ਆਪਣੇ ਪਰਿਵਾਰ ਦੀ ਇੱਜ਼ਤ ਵੀ ਮਿੱਟੀ ਵਿਚ ਰੋਲੀ।—ਉਤਪਤ 34:7, 25-31; ਗਲਾਤੀਆਂ 6:7, 8.
(ਉਤਪਤ 34:7) ਅਤੇ ਯਾਕੂਬ ਦੇ ਪੁੱਤ੍ਰ ਸੁਣਦਿਆਂ ਹੀ ਰੜ ਤੋਂ ਆਏ ਅਰ ਓਹ ਮਨੁੱਖ ਅੱਤ ਹਿਰਖ ਅਰ ਰੋਹ ਵਿੱਚ ਆਏ ਕਿਉਂਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਹ ਯਾਕੂਬ ਦੀ ਧੀ ਨਾਲ ਲੇਟਿਆ ਜੋ ਨਹੀਂ ਕਰਨਾ ਚਾਹੀਦਾ ਸੀ।
(ਉਤਪਤ 34:25) ਐਉਂ ਹੋਇਆ ਕਿ ਤੀਜੇ ਦਿਹਾੜੇ ਜਦ ਓਹ ਦੁਖ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤ੍ਰ ਸ਼ਿਮਓਨ ਅਰ ਲੇਵੀ ਦੀਨਾਹ ਦੇ ਭਰਾ ਆਪਣੀਆਂ ਤੇਗਾਂ ਲੈਕੇ ਉਸ ਨਗਰ ਉੱਤੇ ਨਿਡਰ ਹੋਕੇ ਆਣ ਪਏ ਅਤੇ ਸਰਬੱਤ ਨਰਾਂ ਨੂੰ ਵੱਢ ਸੁੱਟਿਆ।
ਅਦਲੇ ਦਾ ਬਦਲਾ ਲੈਣਾ—ਕੀ ਇਹ ਠੀਕ ਹੈ?
ਕਈ ਵਾਰ ਲੋਕ ਇਸ ਲਈ ਬਦਲਾ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਜਦ ਪਰਮੇਸ਼ੁਰ ਦੇ ਸੇਵਕ ਯਾਕੂਬ ਦੇ ਪੁੱਤਰਾਂ ਨੂੰ ਪਤਾ ਲੱਗਿਆ ਕਿ ਕਨਾਨ ਵਿਚ ਰਹਿਣ ਵਾਲੇ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਦੀ ਇੱਜ਼ਤ ਲੁੱਟੀ ਸੀ, ਤਾਂ ਉਹ “ਗੁੱਸੇ ਨਾਲ ਭਰ ਗਏ।” (ਉਤਪਤ 34:1-7, ERV) ਆਪਣੀ ਭੈਣ ਦਾ ਬਦਲਾ ਲੈਣ ਲਈ ਯਾਕੂਬ ਦੇ ਦੋ ਪੁੱਤਰਾਂ ਨੇ ਸ਼ਕਮ ਤੇ ਉਸ ਦੇ ਘਰਾਣੇ ਖ਼ਿਲਾਫ਼ ਸਾਜ਼ਸ਼ ਘੜੀ। ਸ਼ਿਮਓਨ ਅਰ ਲੇਵੀ ਕਨਾਨੀ ਲੋਕਾਂ ਨੂੰ ਧੋਖਾ ਦੇ ਕੇ ਸ਼ਹਿਰ ਵਿਚ ਵੜ ਗਏ ਤੇ ਉਨ੍ਹਾਂ ਨੇ ਸ਼ਕਮ ਦੇ ਨਾਲ-ਨਾਲ ਹਰ ਇਕ ਬੰਦੇ ਨੂੰ ਮਾਰ ਸੁੱਟਿਆ।—ਉਤਪਤ 34:13-27.
ਕੀ ਇਸ ਖ਼ੂਨ-ਖ਼ਰਾਬੇ ਨਾਲ ਗੱਲ ਨਿਬੇੜੀ ਗਈ ਸੀ? ਜਦ ਯਾਕੂਬ ਨੂੰ ਪਤਾ ਲੱਗਿਆ ਕਿ ਉਸ ਦੇ ਪੁੱਤਰਾਂ ਨੇ ਕੀ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਤਾੜਿਆ: ‘ਤੁਸਾਂ ਮੈਨੂੰ ਔਖਾ ਕੀਤਾ ਅਰ ਏਸ ਦੇਸ ਦੇ ਵਸਨੀਕਾਂ ਵਿੱਚ ਤੁਸਾਂ ਮੈਨੂੰ ਘਿਣਾਉਣਾ ਕੀਤਾ ਸੋ ਓਹ ਮੇਰੇ ਵਿਰੁੱਧ ਇਕੱਠੇ ਹੋਕੇ ਮੈਨੂੰ ਮਾਰਨਗੇ ਸੋ ਮੇਰਾ ਅਰ ਮੇਰੇ ਘਰ ਦਾ ਸੱਤਿਆ ਨਾਸ ਹੋ ਜਾਵੇਗਾ।’ (ਉਤਪਤ 34:30) ਗੱਲ ਨਜਿੱਠਣ ਦੀ ਬਜਾਇ ਬਦਲਾ ਲੈਣ ਨਾਲ ਉਨ੍ਹਾਂ ʼਤੇ ਹੋਰ ਮੁਸੀਬਤਾਂ ਆਈਆਂ। ਯਾਕੂਬ ਦੇ ਪਰਿਵਾਰ ਨੂੰ ਹੁਣ ਇਹ ਡਰ ਸੀ ਕਿ ਉਨ੍ਹਾਂ ਦੇ ਨਾਰਾਜ਼ ਗੁਆਂਢੀ ਕਿਤੇ ਉਨ੍ਹਾਂ ਤੇ ਹਮਲਾ ਨਾ ਕਰ ਦੇਣ। ਸ਼ਾਇਦ ਇਸ ਖ਼ਤਰੇ ਤੋਂ ਬਚਾਉਣ ਲਈ ਪਰਮੇਸ਼ੁਰ ਨੇ ਯਾਕੂਬ ਅਤੇ ਉਸ ਦੇ ਪਰਿਵਾਰ ਨੂੰ ਉਸ ਇਲਾਕੇ ਤੋਂ ਬੈਤਏਲ ਨਾਂ ਦੀ ਜਗ੍ਹਾ ਜਾਣ ਲਈ ਕਿਹਾ।—ਉਤਪਤ 35:1, 5.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 35:8) ਤਾਂ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਰ ਉਹ ਬੈਤਏਲ ਦੇ ਹੇਠ ਬਲੂਤ ਦੇ ਰੁੱਖ ਥਲੇ ਦਫਨਾਈ ਗਈ ਤਾਂ ਉਸ ਦਾ ਨਾਉਂ ਅੱਲੋਨ ਬਾਕੂਥ ਰੱਖਿਆ ਗਿਆ।
it-1 600 ਪੈਰਾ 4
ਦਬੋਰਾਹ
1. ਰਿਬਕਾਹ ਦੀ ਦਾਈ। ਜਦੋਂ ਰਿਬਕਾਹ ਆਪਣੇ ਪਿਤਾ ਬਥੂਏਲ ਦਾ ਘਰ ਛੱਡ ਕੇ ਇਸਹਾਕ ਨਾਲ ਵਿਆਹ ਕਰਾਉਣ ਲਈ ਫਲਸਤੀਨ ਨੂੰ ਗਈ, ਤਾਂ ਦਬੋਰਾਹ ਉਸ ਨਾਲ ਗਈ ਸੀ। (ਉਤ 24:59) ਇਸਹਾਕ ਦੇ ਪਰਿਵਾਰ ਲਈ ਕਾਫ਼ੀ ਸਾਲ ਕੰਮ ਕਰਨ ਤੋਂ ਬਾਅਦ ਦਬੋਰਾਹ ਯਾਕੂਬ ਦੇ ਪਰਿਵਾਰ ਵਿਚ ਆ ਗਈ, ਸ਼ਾਇਦ ਰਿਬਕਾਹ ਦੀ ਮੌਤ ਤੋਂ ਬਾਅਦ। ਲੱਗਦਾ ਹੈ ਕਿ ਰਿਬਕਾਹ ਦੇ ਇਸਹਾਕ ਨਾਲ ਵਿਆਹ ਕਰਾਉਣ ਤੋਂ ਲਗਭਗ 125 ਸਾਲ ਬਾਅਦ ਦਬੋਰਾਹ ਦੀ ਮੌਤ ਹੋਈ ਅਤੇ ਉਸ ਨੂੰ ਬੈਤਏਲ ਵਿਚ ਵੱਡੇ ਦਰਖ਼ਤ ਹੇਠ ਦੱਬਿਆ ਗਿਆ। ਉਸ ਦਰਖ਼ਤ ਨੂੰ ਦਿੱਤੇ ਨਾਂ (ਅੱਲੋਨ ਬਾਕੂਥ, ਮਤਲਬ “ਰੋਣ ਲਈ ਵੱਡਾ ਦਰਖ਼ਤ”) ਤੋਂ ਪਤਾ ਲੱਗਦਾ ਹੈ ਕਿ ਯਾਕੂਬ ਤੇ ਉਸ ਦਾ ਪਰਿਵਾਰ ਉਸ ਨੂੰ ਕਿੰਨਾ ਪਿਆਰ ਕਰਦਾ ਸੀ।—ਉਤ 35:8.
(ਉਤਪਤ 35:22-26) ਤਾਂ ਐਉਂ ਹੋਇਆ ਕਿ ਜਦ ਇਸਰਾਏਲ ਉਸ ਧਰਤੀ ਵਿੱਚ ਵੱਸਦਾ ਸੀ ਤਾਂ ਰਊਬੇਨ ਜਾਕੇ ਆਪਣੇ ਪਿਤਾ ਦੀ ਸੁਰੇਤ ਬਿਲਹਾਹ ਨਾਲ ਲੇਟਿਆ ਅਰ ਇਸਰਾਏਲ ਨੇ ਸੁਣਿਆ। 23 ਯਾਕੂਬ ਦੇ ਬਾਰਾਂ ਪੁੱਤ੍ਰ ਸਨ। ਲੇਆਹ ਦੇ ਏਹ ਸਨ ਯਾਕੂਬ ਦਾ ਪਲੋਠਾ ਰਊਬੇਨ ਅਰ ਸ਼ਿਮਓਨ ਅਰ ਲੇਵੀ ਅਰ ਯਹੂਦਾਹ ਅਰ ਯਿੱਸ਼ਾਕਾਰ ਅਰ ਜਬੁਲੂਨ। 24 ਰਾਖੇਲ ਦੇ ਪੁੱਤ੍ਰ ਯੂਸੁਫ਼ ਅਰ ਬਿਨਯਾਮੀਨ। 25 ਅਰ ਰਾਖੇਲ ਦੀ ਗੋੱਲੀ ਬਿਲਹਾਹ ਦੇ ਪੁੱਤ੍ਰ ਦਾਨ ਅਰ ਨਫਤਾਲੀ ਸਨ। 26 ਅਰ ਲੇਆਹ ਦੀ ਗੋੱਲੀ ਜ਼ਿਲਪਾਹ ਦੇ ਪੁੱਤ੍ਰ ਗਾਦ ਅਰ ਆਸ਼ੇਰ। ਯਾਕੂਬ ਦੇ ਪੁੱਤ੍ਰ ਜਿਹੜੇ ਪਦਨ ਅਰਾਮ ਵਿੱਚ ਉਹ ਦੇ ਲਈ ਜੰਮੇ ਏਹੋ ਸਨ।
ਪਾਠਕਾਂ ਵੱਲੋਂ ਸਵਾਲ
ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ?
ਸਾਡੇ ਪ੍ਰਕਾਸ਼ਨਾਂ ਵਿਚ ਕਈ ਵਾਰੀ ਸਮਝਾਇਆ ਗਿਆ ਸੀ ਕਿ ਯਿਸੂ ਦੇ ਸਾਰੇ ਪੂਰਵਜ ਆਪੋ-ਆਪਣੇ ਪਰਿਵਾਰਾਂ ਵਿੱਚੋਂ ਜੇਠੇ ਸਨ। ਕਿਉਂ? ਕਿਉਂਕਿ ਇਹ ਗੱਲ ਇਬਰਾਨੀਆਂ 12:16 ਦੀ ਆਇਤ ਮੁਤਾਬਕ ਸਹੀ ਲੱਗਦੀ ਸੀ। ਇਸ ਆਇਤ ਵਿਚ ਲਿਖਿਆ ਹੈ ਕਿ ਏਸਾਓ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ ਅਤੇ “ਇਕ ਡੰਗ ਦੀ ਰੋਟੀ ਦੇ ਵੱਟੇ [ਯਾਕੂਬ ਨੂੰ] ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।” ਇਸ ਗੱਲ ਤੋਂ ਲੱਗਦਾ ਸੀ ਕਿ ਜਦੋਂ ਯਾਕੂਬ ਨੂੰ “ਜੇਠੇ ਹੋਣ ਦਾ ਹੱਕ” ਮਿਲਿਆ, ਤਾਂ ਭਵਿੱਖ ਵਿਚ ਉਸ ਨੇ ਮਸੀਹ ਦਾ ਪੂਰਵਜ ਬਣਨਾ ਸੀ।—ਮੱਤੀ 1:2, 16; ਲੂਕਾ 3:23, 34.
ਪਰ ਬਾਈਬਲ ਦੇ ਕੁਝ ਬਿਰਤਾਂਤਾਂ ਦੀ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਮਸੀਹ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਨਹੀਂ ਸਨ। ਆਓ ਆਪਾਂ ਕੁਝ ਸਬੂਤਾਂ ʼਤੇ ਗੌਰ ਕਰੀਏ:
ਯਾਕੂਬ (ਇਜ਼ਰਾਈਲ) ਦੀ ਪਹਿਲੀ ਪਤਨੀ ਲੇਆਹ ਤੋਂ ਉਸ ਦਾ ਜੇਠਾ ਪੁੱਤਰ ਰਊਬੇਨ ਹੋਇਆ। ਬਾਅਦ ਵਿਚ ਉਸ ਦੀ ਦੂਸਰੀ ਪਤਨੀ ਰਾਕੇਲ, ਜਿਸ ਨੂੰ ਯਾਕੂਬ ਲੇਆਹ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ, ਨੇ ਆਪਣੇ ਪਹਿਲੇ ਮੁੰਡੇ ਯੂਸੁਫ਼ ਨੂੰ ਜਨਮ ਦਿੱਤਾ। ਪਰ ਜਦੋਂ ਰਊਬੇਨ ਨੇ ਗ਼ਲਤ ਕੰਮ ਕੀਤਾ, ਤਾਂ ਉਸ ਦੇ ਜੇਠੇ ਹੋਣ ਦਾ ਹੱਕ ਉਸ ਦੇ ਭਰਾ ਯੂਸੁਫ਼ ਨੂੰ ਚਲਾ ਗਿਆ। (ਉਤ. 29:31-35; 30:22-25; 35:22-26; 49:22-26; 1 ਇਤਿ. 5:1, 2) ਪਰ ਮਸੀਹ ਨਾ ਤਾਂ ਰਊਬੇਨ ਦੀ ਪੀੜ੍ਹੀ ਵਿੱਚੋਂ ਆਇਆ ਤੇ ਨਾ ਹੀ ਯੂਸੁਫ਼ ਦੀ ਪੀੜ੍ਹੀ ਵਿੱਚੋਂ, ਸਗੋਂ ਮਸੀਹ ਯਾਕੂਬ ਅਤੇ ਲੇਆਹ ਦੇ ਚੌਥੇ ਮੁੰਡੇ ਯਹੂਦਾਹ ਦੀ ਪੀੜ੍ਹੀ ਵਿੱਚੋਂ ਆਇਆ।—ਉਤ. 49:10.
ਬਾਈਬਲ ਪੜ੍ਹਾਈ
(ਉਤਪਤ 34:1-19) ਫੇਰ ਲੇਆਹ ਦੀ ਧੀ ਦੀਨਾਹ ਜਿਹੜੀ ਉਹ ਯਾਕੂਬ ਤੋਂ ਜਣੀ ਉਸ ਦੇਸ ਦੀਆਂ ਧੀਆਂ ਵੇਖਣ ਨੂੰ ਬਾਹਰ ਗਈ। 2 ਅਤੇ ਹਮੋਰ ਹਿੱਵੀ ਦੇ ਪੁੱਤ੍ਰ ਸ਼ਕਮ ਓਸ ਦੇਸ ਦੇ ਸਜਾਦੇ ਨੇ ਉਹ ਨੂੰ ਡਿੱਠਾ ਅਤੇ ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ। 3 ਤਾਂ ਉਸ ਦਾ ਜੀਉ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਰ ਉਹ ਨੇ ਉਸ ਛੋਕਰੀ ਨਾਲ ਪ੍ਰੇਮ ਕੀਤਾ ਅਰ ਉਸ ਛੋਕਰੀ ਦੇ ਨਾਲ ਮਿੱਠੇ ਬੋਲ ਬੋਲੇ। 4 ਉਪਰੰਤ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਏਸ ਛੋਕਰੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ। 5 ਤਾਂ ਯਾਕੂਬ ਨੇ ਸੁਣਿਆ ਕਿ ਉਸ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਪਰ ਉਹ ਦੇ ਪੁੱਤ੍ਰ ਉਹ ਦੇ ਡੰਗਰਾਂ ਨਾਲ ਰੜ ਨੂੰ ਗਏ ਹੋਏ ਸਨ ਸੋ ਯਾਕੂਬ ਓਹਨਾਂ ਦੇ ਆਉਣ ਤੀਕ ਚੁੱਪ ਰਿਹਾ। 6 ਫੇਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ। 7 ਅਤੇ ਯਾਕੂਬ ਦੇ ਪੁੱਤ੍ਰ ਸੁਣਦਿਆਂ ਹੀ ਰੜ ਤੋਂ ਆਏ ਅਰ ਓਹ ਮਨੁੱਖ ਅੱਤ ਹਿਰਖ ਅਰ ਰੋਹ ਵਿੱਚ ਆਏ ਕਿਉਂਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਹ ਯਾਕੂਬ ਦੀ ਧੀ ਨਾਲ ਲੇਟਿਆ ਜੋ ਨਹੀਂ ਕਰਨਾ ਚਾਹੀਦਾ ਸੀ। 8 ਤਾਂ ਹਮੋਰ ਨੇ ਉਨ੍ਹਾਂ ਦੇ ਨਾਲ ਏਹ ਗੱਲ ਕੀਤੀ ਕਿ ਮੇਰੇ ਪੁੱਤ੍ਰ ਸ਼ਕਮ ਦਾ ਜੀਉ ਤੁਹਾਡੀ ਧੀ ਦੇ ਨਾਲ ਲੱਗ ਗਿਆ ਹੈ। ਉਹ ਨੂੰ ਏਹ ਦੇ ਨਾਲ ਵਿਆਹ ਦਿਓ। 9 ਅਤੇ ਸਾਡੇ ਨਾਲ ਸਾਕ ਨਾਤਾ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਓ ਅਰ ਆਪਣੇ ਲਈ ਸਾਡੀਆਂ ਧੀਆਂ ਲੈ ਲਓ ਅਤੇ ਸਾਡੇ ਨਾਲ ਵੱਸੋ ਅਰ ਏਹ ਧਰਤੀ ਤੁਹਾਡੇ ਅੱਗੇ ਹੈ। 10 ਵੱਸੋ ਅਰ ਬਣਜ ਬੁਪਾਰ ਕਰੋ ਅਰ ਉਸ ਦੇ ਵਿੱਚ ਪੱਤੀਆਂ ਬਣਾਓ। 11 ਤਾਂ ਸ਼ਕਮ ਨੇ ਉਹ ਦੇ ਪਿਤਾ ਅਰ ਉਹ ਦੇ ਭਰਾਵਾਂ ਨੂੰ ਆਖਿਆ ਕਿ ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ ਸੋ ਮੈਂ ਦਿਆਂਗਾ। 12 ਜਿੰਨਾ ਵੀ ਦਾਜ ਅਰ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਏਹ ਛੋਕਰੀ ਮੇਰੇ ਨਾਲ ਵਿਆਹ ਦਿਓ। 13 ਤਾਂ ਯਾਕੂਬ ਦੇ ਪੁੱਤ੍ਰਾਂ ਨੇ ਸ਼ਕਮ ਅਰ ਉਹ ਦੇ ਪਿਤਾ ਹਮੋਰ ਨੂੰ ਧੋਹ ਨਾਲ ਉੱਤਰ ਦਿੱਤਾ ਅਰ ਏਸ ਲਈ ਕਿ ਉਸ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ। 14 ਏਹ ਉਨ੍ਹਾਂ ਨੂੰ ਆਖਿਆ ਕਿ ਏਹ ਗੱਲ ਅਸੀਂ ਨਹੀਂ ਕਰ ਸੱਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂਜੋ ਏਸ ਤੋਂ ਸਾਡੀ ਬਦਨਾਮੀ ਹੋਊਗੀ। 15 ਕੇਵਲ ਏਸ ਤੋਂ ਅਸੀਂ ਤੁਹਾਡੀ ਗੱਲ ਮੰਨਾਂਗੇ ਜੇ ਤੁਸੀਂ ਸਾਡੇ ਵਾਂਗਰ ਹੋ ਜਾਓ ਅਰ ਤੁਹਾਡੇ ਵਿੱਚ ਹਰ ਇੱਕ ਨਰ ਦੀ ਸੁੰਨਤ ਕਰਾਈ ਜਾਏ। 16 ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ ਅਰ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣਾਂਗੇ। 17 ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈਕੇ ਚੱਲੇ ਜਾਵਾਂਗੇ। 18 ਤਾਂ ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਰ ਹਮੋਰ ਦੇ ਪੁੱਤ੍ਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ। 19 ਅਰ ਉਸ ਗਭਰੂ ਨੇ ਏਹ ਗੱਲ ਕਰਨ ਵਿੱਚ ਏਸ ਲਈ ਦੇਰੀ ਨਾ ਕੀਤੀ ਕਿ ਉਹ ਯਾਕੂਬ ਦੀ ਧੀ ਤੋਂ ਪਰਸਿੰਨ ਸੀ ਅਰ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਵੱਡਾ ਪਤਵੰਤ ਸੀ।