ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 23-24
“ਭੀੜ ਦੇ ਮਗਰ ਨਾ ਲੱਗੋ”
(ਕੂਚ 23:1) ਤੂੰ ਕੂੜ ਦੀ ਗੱਪ ਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ।
ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?
7 ਕੀ ਤੁਹਾਨੂੰ ਆਪਣੇ ਦੋਸਤਾਂ ਨੂੰ ਈ-ਮੇਲ ਜਾਂ ਮੈਸਿਜ ਭੇਜਣੇ ਪਸੰਦ ਹਨ? ਜਦੋਂ ਤੁਸੀਂ ਟੀ. ਵੀ. ਵਗੈਰਾ ʼਤੇ ਕੋਈ ਖ਼ਬਰ ਸੁਣਦੇ ਹੋ, ਤਾਂ ਕੀ ਤੁਸੀਂ ਇਕ ਰਿਪੋਰਟਰ ਵਾਂਗ ਸਭ ਤੋਂ ਪਹਿਲਾਂ ਇਹ ਖ਼ਬਰ ਸਾਰਿਆਂ ਨੂੰ ਦੱਸਣੀ ਚਾਹੁੰਦੇ ਹੋ? ਈ-ਮੇਲ ਜਾਂ ਮੈਸਿਜ ਭੇਜਣ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੈਨੂੰ ਪੱਕਾ ਯਕੀਨ ਹੈ ਕਿ ਇਹ ਖ਼ਬਰ ਸੱਚੀ ਹੈ? ਕੀ ਮੇਰੇ ਕੋਲ ਸਹੀ ਜਾਣਕਾਰੀ ਹੈ?’ ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਖ਼ਬਰ ਸੱਚੀ ਹੈ ਜਾਂ ਝੂਠੀ, ਤਾਂ ਤੁਸੀਂ ਅਣਜਾਣੇ ਵਿਚ ਝੂਠੀ ਖ਼ਬਰ ਫੈਲਾ ਸਕਦੇ ਹੋ। ਇਸ ਕਰਕੇ ਜੇ ਤੁਹਾਨੂੰ ਸ਼ੱਕ ਹੈ, ਤਾਂ ਇਸ ਨੂੰ ਭੇਜਣ ਦੀ ਬਜਾਇ ਮਿਟਾ ਦਿਓ।
8 ਇਕ ਹੋਰ ਕਾਰਨ ਕਰਕੇ ਬਿਨਾਂ ਸੋਚੇ-ਸਮਝੇ ਈ-ਮੇਲ ਜਾਂ ਮੈਸਿਜ ਭੇਜਣੇ ਖ਼ਤਰਨਾਕ ਹਨ। ਕੁਝ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ। ਇਨ੍ਹਾਂ ਦੇਸ਼ਾਂ ਵਿਚ ਸਾਡੇ ਵਿਰੋਧੀ ਸ਼ਾਇਦ ਜਾਣ-ਬੁੱਝ ਕੇ ਝੂਠੀਆਂ ਖ਼ਬਰਾਂ ਫੈਲਾਉਣ ਤਾਂਕਿ ਅਸੀਂ ਡਰ ਜਾਈਏ ਜਾਂ ਇਕ-ਦੂਜੇ ʼਤੇ ਸ਼ੱਕ ਕਰਨ ਲੱਗ ਪਈਏ। ਗੌਰ ਕਰੋ ਕਿ ਸਾਬਕਾ ਸੋਵੀਅਤ ਸੰਘ ਵਿਚ ਕੀ ਹੋਇਆ ਸੀ। ਖੁਫੀਆ ਪੁਲਸ ਨੇ ਅਫ਼ਵਾਹਾਂ ਫੈਲਾਈਆਂ ਕਿ ਕੁਝ ਮੰਨੇ-ਪ੍ਰਮੰਨੇ ਭਰਾਵਾਂ ਨੇ ਯਹੋਵਾਹ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਨ੍ਹਾਂ ਝੂਠੀਆਂ ਖ਼ਬਰਾਂ ʼਤੇ ਭਰੋਸਾ ਕਰ ਲਿਆ ਅਤੇ ਯਹੋਵਾਹ ਦਾ ਸੰਗਠਨ ਛੱਡ ਦਿੱਤਾ। ਬਹੁਤ ਜਣੇ ਵਾਪਸ ਆ ਗਏ, ਪਰ ਕੁਝ ਕਦੀ ਵੀ ਵਾਪਸ ਨਹੀਂ ਆਏ। ਉਨ੍ਹਾਂ ਨੇ ਇਨ੍ਹਾਂ ਝੂਠੀਆਂ ਖ਼ਬਰਾਂ ਕਰਕੇ ਆਪਣੀ ਨਿਹਚਾ ਦੀ ਬੇੜੀ ਡੋਬ ਲਈ। (1 ਤਿਮੋ. 1:19) ਅਸੀਂ ਇਸ ਤਰ੍ਹਾਂ ਦੇ ਬੁਰੇ ਨਤੀਜੇ ਤੋਂ ਕਿਵੇਂ ਬਚ ਸਕਦੇ ਹਾਂ? ਗ਼ਲਤ ਤੇ ਝੂਠੀਆਂ ਖ਼ਬਰਾਂ ਨਾ ਫੈਲਾਓ। ਹਰੇਕ ਸੁਣੀ-ਸੁਣਾਈ ਗੱਲ ʼਤੇ ਯਕੀਨ ਨਾ ਕਰੋ। ਇਸ ਦੀ ਬਜਾਇ, ਚੰਗੀ ਤਰ੍ਹਾਂ ਪਤਾ ਕਰੋ ਕਿ ਤੁਹਾਡੇ ਕੋਲ ਸਹੀ ਜਾਣਕਾਰੀ ਹੈ।
(ਕੂਚ 23:2) ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜੇਹਾ ਉੱਤ੍ਰ ਨਾ ਦੇਹ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਉਂ ਨੂੰ ਉਲੱਦ ਦੇਵੇਂ।
it-1 11 ਪੈਰਾ 3
ਹਾਰੂਨ
ਇਹ ਗੌਰ ਕਰਨ ਵਾਲੀ ਗੱਲ ਹੈ ਕਿ ਹਾਰੂਨ ਤਿੰਨ ਵਾਰ ਭਟਕਿਆ ਸੀ, ਪਰ ਹਰ ਵਾਰ ਉਸ ਨੇ ਆਪ ਜਾਣ-ਬੁੱਝ ਕੇ ਗ਼ਲਤੀ ਨਹੀਂ ਸੀ ਕੀਤੀ। ਇੱਦਾਂ ਲੱਗਦਾ ਹੈ ਕਿ ਉਹ ਹਾਲਾਤਾਂ ਕਰਕੇ ਜਾਂ ਲੋਕਾਂ ਦੇ ਬਹਿਕਾਵੇ ਵਿਚ ਆ ਕੇ ਸਹੀ ਸੋਚ ਨਹੀਂ ਰੱਖ ਪਾਇਆ ਸੀ। ਜਦੋਂ ਉਸ ਤੋਂ ਪਹਿਲੀ ਵਾਰ ਗ਼ਲਤੀ ਹੋਈ, ਤਾਂ ਸ਼ਾਇਦ ਉਹ ਇਸ ਅਸੂਲ ਨੂੰ ਲਾਗੂ ਕਰ ਕੇ ਗ਼ਲਤੀ ਕਰਨ ਤੋਂ ਬਚ ਸਕਦਾ ਸੀ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” (ਕੂਚ 23:2) ਪਰ ਫਿਰ ਵੀ ਅੱਗੇ ਜਾ ਕੇ ਉਸ ਦਾ ਨਾਂ ਬਾਈਬਲ ਵਿਚ ਆਦਰ ਨਾਲ ਵਰਤਿਆ ਗਿਆ ਅਤੇ ਯਿਸੂ ਨੇ ਧਰਤੀ ʼਤੇ ਹੁੰਦਿਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਪੁਜਾਰੀ ਹੋਣ ਨੂੰ ਜਾਇਜ਼ ਮੰਨਿਆ।—ਜ਼ਬੂ 115:10, 12; 118:3; 133:1, 2; 135:19; ਮੱਤੀ 5:17-19; 8:4.
(ਕੂਚ 23:3) ਤੂੰ ਕਿਸੇ ਕੰਗਾਲ ਦੀ ਉਹ ਦੇ ਝਗੜੇ ਵਿੱਚ ਪੱਖ ਨਾ ਕਰ।
it-1 343 ਪੈਰਾ 5
ਅਨਿਆਂ
ਮੂਸਾ ਦੇ ਕਾਨੂੰਨ ਵਿਚ ਨਿਆਈਆਂ ਨੂੰ ਸਾਫ਼ ਹਿਦਾਇਤ ਦਿੱਤੀ ਗਈ ਸੀ ਕਿ ਉਹ ਰਿਸ਼ਵਤ ਨਾ ਲੈਣ, ਨਾ ਕਿਸੇ ਤੋਂ ਤੋਹਫ਼ੇ ਕਬੂਲ ਕਰਨ ਅਤੇ ਨਾ ਹੀ ਕਦੇ ਕਿਸੇ ਨਾਲ ਪੱਖਪਾਤ ਕਰਨ। ਇਹ ਹਿਦਾਇਤ ਇਸ ਲਈ ਦਿੱਤੀ ਗਈ ਸੀ ਕਿਉਂਕਿ ਸ਼ਾਇਦ ਇਹ ਗੱਲਾਂ ਉਨ੍ਹਾਂ ਨੂੰ ਅੰਨ੍ਹਾ ਕਰ ਸਕਦੀਆਂ ਸਨ ਤੇ ਉਹ ਗ਼ਲਤ ਫ਼ੈਸਲੇ ਕਰ ਸਕਦੇ ਸਨ। ਮਿਸਾਲ ਲਈ, ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ: “ਵੱਢੀ [ਜਾਂ ਰਿਸ਼ਵਤ] ਤੇਜ ਨਿਗਾਹ ਵਾਲੇ ਨੂੰ ਅੰਨ੍ਹਾ ਕਰ ਦਿੰਦੀ ਹੈ।” (ਕੂਚ 23:8) “ਵੱਢੀ ਨਾ ਖਾਓ ਕਿਉਂ ਜੋ ਵੱਢੀ ਸਿਆਣਿਆਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ।” (ਬਿਵ 16:19) ਭਾਵੇਂ ਇਕ ਨਿਆਂਕਾਰ ਜਿੰਨਾ ਮਰਜ਼ੀ ਸਹੀ ਤੇ ਸਮਝਦਾਰ ਕਿਉਂ ਨਾ ਹੋਵੇ, ਪਰ ਜੇ ਕੋਈ ਉਸ ਨੂੰ ਤੋਹਫ਼ੇ ਦਿੰਦਾ ਸੀ, ਤਾਂ ਉਹ ਜਾਣੇ-ਅਣਜਾਣੇ ਵਿਚ ਉਸ ਦੀ ਤਰਫ਼ਦਾਰੀ ਕਰ ਸਕਦਾ ਸੀ। ਪਰਮੇਸ਼ੁਰ ਦੇ ਕਾਨੂੰਨ ਵਿਚ ਨਿਆਈਆਂ ਨੂੰ ਤੋਹਫ਼ੇ ਲੈਣ ਤੋਂ ਖ਼ਬਰਦਾਰ ਕੀਤਾ ਗਿਆ ਸੀ ਤੇ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਭਾਵਨਾਵਾਂ ਵਿਚ ਵਹਿ ਕੇ ਕੋਈ ਫ਼ੈਸਲਾ ਨਹੀਂ ਕਰਨਾ ਸੀ। ਨਿਆਈਆਂ ਨੂੰ ਇਹ ਹੁਕਮ ਦਿੱਤਾ ਗਿਆ ਸੀ: “ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ।” (ਲੇਵੀ 19:15) ਇਸ ਕਰਕੇ ਜੇ ਕੋਈ ਨਿਆਈ ਸਿਰਫ਼ ਲੋਕਾਂ ਨੂੰ ਖ਼ੁਸ਼ ਕਰਨ ਲਈ ਅਮੀਰਾਂ ਖ਼ਿਲਾਫ਼ ਫ਼ੈਸਲਾ ਸੁਣਾਉਂਦਾ ਸੀ, ਤਾਂ ਇਹ ਅਨਿਆਂ ਹੁੰਦਾ ਸੀ।—ਕੂਚ 23:2, 3.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 23:9) ਤੂੰ ਪਰਦੇਸੀ ਨੂੰ ਨਾ ਸਤਾ। ਤੁਸੀਂ ਪਰਦੇਸੀ ਦੇ ਜੀਉ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸਾਓ।
“ਅਜਨਬੀਆਂ ਲਈ ਪਿਆਰ ਦਿਖਾਉਣਾ ਨਾ ਭੁੱਲੋ”
4 ਭਾਵੇਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਪਰਦੇਸੀਆਂ ਦਾ ਆਦਰ ਕਰਨ ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਇਹ ਹੁਕਮ ਜ਼ਬਰਦਸਤੀ ਲਾਗੂ ਨਹੀਂ ਕੀਤਾ। ਯਹੋਵਾਹ ਚਾਹੁੰਦਾ ਸੀ ਕਿ ਉਹ ਦਿਲੋਂ ਇਹ ਕਾਨੂੰਨ ਮੰਨਣ ਅਤੇ ਉਹ ਦਿਨ ਯਾਦ ਰੱਖਣ ਜਦੋਂ ਉਹ ਪਰਦੇਸੀ ਸਨ। (ਕੂਚ 23:9 ਪੜ੍ਹੋ।) ਉਨ੍ਹਾਂ ਨੂੰ ਪਤਾ ਸੀ ਕਿ ਪਰਦੇਸੀਆਂ ਵਜੋਂ ਜ਼ਿੰਦਗੀ ਜੀਉਣੀ ਕਿੰਨੀ ਔਖੀ ਹੈ। ਇਜ਼ਰਾਈਲੀਆਂ ਦੇ ਗ਼ੁਲਾਮ ਬਣਨ ਤੋਂ ਪਹਿਲਾਂ ਹੀ ਮਿਸਰੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ। ਉਹ ਆਪਣੀ ਕੌਮ ʼਤੇ ਘਮੰਡ ਕਰਦੇ ਸਨ ਅਤੇ ਇਜ਼ਰਾਈਲੀਆਂ ਨਾਲ ਧਰਮ ਦੇ ਨਾਂ ʼਤੇ ਪੱਖਪਾਤ ਕਰਦੇ ਸਨ। (ਉਤ. 43:32; 46:34; ਕੂਚ 1:11-14) ਪਰਦੇਸੀਆਂ ਵਜੋਂ ਇਜ਼ਰਾਈਲੀਆਂ ਨੇ ਬਹੁਤ ਔਖੀ ਜ਼ਿੰਦਗੀ ਕੱਟੀ ਸੀ। ਇਸ ਲਈ ਯਹੋਵਾਹ ਚਾਹੁੰਦਾ ਸੀ ਕਿ ਇਜ਼ਰਾਈਲੀ ਪਰਦੇਸੀਆਂ ਨੂੰ “ਆਪਣੇ ਵਿੱਚ ਜੰਮਿਆ” ਹੋਇਆਂ ਵਾਂਗ ਸਮਝਣ।—ਲੇਵੀ. 19:33, 34.
(ਕੂਚ 23:20, 21) ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਘੱਲਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਅਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ। 21 ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਏਸ ਲਈ ਭਈ ਮੇਰਾ ਨਾਮ ਉਸ ਵਿੱਚ ਹੈ।
it-2 393
ਮੀਕਾਏਲ
1. ਬਾਈਬਲ ਵਿਚ ਜਬਰਾਏਲ ਤੋਂ ਇਲਾਵਾ ਇਕ ਹੋਰ ਸਵਰਗੀ ਦੂਤ ਦਾ ਨਾਂ ਦੱਸਿਆ ਗਿਆ ਹੈ ਅਤੇ ਉਹ ਹੈ ਮੀਕਾਏਲ। ਸਿਰਫ਼ ਇਸੇ ਦੂਤ ਨੂੰ “ਮਹਾਂ ਦੂਤ” ਕਿਹਾ ਗਿਆ ਹੈ। (ਯਹੂ 9) ਦਾਨੀਏਲ ਦੇ ਦਸਵੇਂ ਅਧਿਆਇ ਵਿਚ ਇਸ ਦੂਤ ਦਾ ਪਹਿਲੀ ਵਾਰ ਜ਼ਿਕਰ ਆਉਂਦਾ ਹੈ। ਇੱਥੇ ਮੀਕਾਏਲ ਨੂੰ “ਪਰਧਾਨਾਂ ਵਿੱਚੋਂ ਵੱਡਾ” ਕਿਹਾ ਗਿਆ ਹੈ। ਜਦੋਂ “ਫਾਰਸ ਦੇ ਰਾਜ ਦੇ ਪਰਧਾਨ” ਨੇ ਯਹੋਵਾਹ ਦੇ ਇਕ ਦੂਤ ਦਾ ਵਿਰੋਧ ਕੀਤਾ, ਤਾਂ ਮੀਕਾਏਲ ਨੇ ਉਸ ਸਵਰਗੀ ਦੂਤ ਦੀ ਮਦਦ ਕੀਤੀ। ਮੀਕਾਏਲ ਨੂੰ “[ਦਾਨੀਏਲ ਦੇ] ਲੋਕਾਂ ਦਾ ਪਰਧਾਨ,” ਵੀ ਕਿਹਾ ਗਿਆ ਹੈ ਨਾਲੇ “ਵੱਡਾ ਸਰਦਾਰ ਜੋ ਤੇਰੇ [ਦਾਨੀਏਲ ਦੇ] ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ।” (ਦਾਨੀ 10:13, 20, 21; 12:1) ਇਸ ਤੋਂ ਲੱਗਦਾ ਹੈ ਕਿ ਮੀਕਾਏਲ ਹੀ ਉਹ ਸਵਰਗੀ ਦੂਤ ਸੀ ਜਿਸ ਨੇ ਇਜ਼ਰਾਈਲੀਆਂ ਦੀ ਉਜਾੜ ਵਿੱਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ ਸੀ। (ਕੂਚ 23:20, 21, 23; 32:34; 33:2) ਅਸੀਂ ਇਹ ਇਸ ਲਈ ਵੀ ਕਹਿ ਸਕਦੇ ਹਾਂ ਕਿਉਂਕਿ “ਮਹਾਂ ਦੂਤ ਮੀਕਾਏਲ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ” ਹੋਈ ਸੀ।—ਯਹੂ 9.
ਬਾਈਬਲ ਪੜ੍ਹਾਈ
14-20 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 25-26
“ਡੇਰੇ ਵਿਚ ਸਭ ਤੋਂ ਅਹਿਮ ਚੀਜ਼”
(ਕੂਚ 25:9) ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਹਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ।
it-1 165
ਨੇਮ ਦਾ ਸੰਦੂਕ
ਨਮੂਨਾ ਅਤੇ ਬਣਾਵਟ। ਜਦੋਂ ਯਹੋਵਾਹ ਮੂਸਾ ਨੂੰ ਡੇਰਾ ਬਣਾਉਣ ਬਾਰੇ ਹਿਦਾਇਤ ਦੇ ਰਿਹਾ ਸੀ, ਤਾਂ ਉਸ ਨੇ ਸਭ ਤੋਂ ਪਹਿਲਾ ਉਸ ਨੂੰ ਦੱਸਿਆ ਕਿ ਸੰਦੂਕ ਕਿਵੇਂ ਬਣਾਇਆ ਜਾਣਾ ਚਾਹੀਦਾ ਸੀ। ਇਹ ਹਿਦਾਇਤ ਇਸ ਲਈ ਦਿੱਤੀ ਗਈ ਸੀ ਕਿਉਂਕਿ ਨੇਮ ਦਾ ਸੰਦੂਕ ਡੇਰੇ ਵਿਚ ਅਤੇ ਪੂਰੇ ਇਜ਼ਰਾਈਲੀਆਂ ਦੀ ਸਾਰੀ ਛਾਉਣੀ ਵਿਚ ਸਭ ਤੋਂ ਅਹਿਮ ਅਤੇ ਮੁੱਖ ਹਿੱਸਾ ਸੀ। ਸੰਦੂਕ ਦੀ ਲੰਬਾਈ ਢਾਈ ਹੱਥ, ਚੌੜਾਈ ਤੇ ਉਚਾਈ ਡੇਢ-ਡੇਢ ਹੱਥ ਸੀ। (ਤਕਰੀਬਨ 111 × 67 × 67 ਸੈਂਟੀਮੀਟਰ.; 44 × 26 × 26 ਇੰਚ) ਇਹ ਕਿੱਕਰ ਦੀ ਲੱਕੜੀ ਨਾਲ ਬਣਾਇਆ ਗਿਆ ਸੀ ਅਤੇ ਅੰਦਰੋਂ-ਬਾਹਰੋਂ ਖਾਲਸ ਸੋਨੇ ਨਾਲ ਮੜ੍ਹਿਆ ਹੋਇਆ ਸੀ। ਇਸ ʼਤੇ “ਸੋਨੇ ਦੀ ਬਨੇਰੀ ਚੁਫੇਰੇ ਬਣਾਈਂ” ਗਈ ਸੀ। ਸੰਦੂਕ ਦਾ ਸਰਪੋਸ਼ ਯਾਨੀ ਢੱਕਣ ਲੱਕੜੀ ਦਾ ਨਹੀਂ, ਸਗੋਂ ਖ਼ਾਲਸ ਸੋਨੇ ਦਾ ਬਣਿਆ ਹੋਇਆ ਸੀ। ਇਸ ਦੀ ਲੰਬਾਈ ਤੇ ਚੌੜਾਈ ਸੰਦੂਕ ਦੇ ਬਰਾਬਰ ਸੀ। ਸੰਦੂਕ ਦੇ ਢੱਕਣ ਦੇ ਦੋਹਾਂ ਸਿਰਿਆਂ ʼਤੇ ਸੋਨੇ ਦੇ ਦੋ ਕਰੂਬੀ ਬਣਾਏ ਗਏ ਸਨ। ਦੋਵੇਂ ਕਰੂਬੀ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ ਅਤੇ ਇਨ੍ਹਾਂ ਦੇ ਮੂੰਹ ਢੱਕਣ ਵੱਲ ਥੱਲੇ ਨੂੰ ਝੁਕੇ ਹੋਏ ਸਨ। ਉਨ੍ਹਾਂ ਨੇ ਆਪਣੇ ਦੋਵੇਂ ਖੰਭਾਂ ਨੂੰ ਉੱਪਰ ਨੂੰ ਖਿਲਾਰਿਆ ਹੋਇਆ ਸੀ ਅਤੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢਕਿਆ ਹੋਇਆ ਸੀ। (ਕੂਚ 25:10, 11, 17-22; 37:6-9) ਸੰਦੂਕ ਦੇ ਢੱਕਣ ਨੂੰ “ਪਰਾਸਚਿਤ ਦਾ ਸਰਪੋਸ਼” ਜਾਂ “ਢੱਕਣ” ਵੀ ਕਿਹਾ ਜਾਂਦਾ ਸੀ।—ਕੂਚ 25:17; ਇਬ 9:5, ਫੁਟਨੋਟ।
(ਕੂਚ 25:21) ਅਤੇ ਤੂੰ ਪਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।
it-1 166 ਪੈਰਾ 2
ਨੇਮ ਦਾ ਸੰਦੂਕ
ਸੰਦੂਕ ਵਿਚ ਯਹੋਵਾਹ ਵੱਲੋਂ ਦਿੱਤੀਆਂ ਹਿਦਾਇਤਾਂ ਜਾਂ ਪਵਿੱਤਰ ਸਾਖੀਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਇਸ ਵਿਚ ਦੋ ਫੱਟੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ʼਤੇ ਦਸ ਹੁਕਮ ਲਿਖੇ ਗਏ ਸਨ। ਇਨ੍ਹਾਂ ਨੂੰ ਸਾਖੀ ਦੀਆਂ ਫੱਟੀਆਂ ਵੀ ਕਿਹਾ ਜਾਂਦਾ ਸੀ। (ਕੂਚ 25:16) ਨਾਲੇ ਇਸ ਸੰਦੂਕ ਵਿਚ “ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ ਅਤੇ ਹਾਰੂਨ ਦਾ ਡੰਡਾ ਜਿਸ ਉੱਤੇ ਡੋਡੀਆਂ ਨਿਕਲ ਆਈਆਂ ਸਨ” ਵੀ ਰੱਖਿਆ ਗਿਆ ਸੀ, ਪਰ ਬਾਅਦ ਵਿਚ ਸੁਲੇਮਾਨ ਦੇ ਮੰਦਰ ਦੀ ਉਸਾਰੀ ਤੋਂ ਕੁਝ ਸਮਾਂ ਪਹਿਲਾਂ ਇਨ੍ਹਾਂ ਨੂੰ ਕੱਢ ਦਿੱਤਾ ਗਿਆ। (ਇਬ 9:4; ਕੂਚ 16:32-34; ਗਿਣ 17:10; 1ਰਾਜ 8:9; 2ਇਤ 5:10) ਮੂਸਾ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ “ਬਿਵਸਥਾ ਦੀ ਪੋਥੀ” ਦੀ ਇਕ ਨਕਲ ਲੇਵੀ ਪੁਜਾਰੀਆਂ ਨੂੰ ਦਿੱਤੀ। ਨਾਲੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਇਸ ਨੂੰ ਸੰਦੂਕ ਵਿਚ ਨਾ ਰੱਖਿਆ ਜਾਵੇ, ਸਗੋਂ ਇਸ ਨੂੰ “ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ ਤਾਂ ਜੋ ਉਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ।”—ਬਿਵ 31:24-26.
(ਕੂਚ 25:22) ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।
it-1 166 ਪੈਰਾ 3
ਨੇਮ ਦਾ ਸੰਦੂਕ
ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਸੰਦੂਕ ਸ਼ੁਰੂ ਤੋਂ ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਆਇਆ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ: “ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾਂ ਕਰਾਂਗਾ।” “ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ।” (ਕੂਚ 25:22; ਲੇਵੀ 16:2) ਸਮੂਏਲ ਨੇ ਲਿਖਿਆ ਕਿ ਯਹੋਵਾਹ “ਕਰੂਬੀਆਂ ਦੇ ਵਿਚਕਾਰ ਟਿਕਦਾ ਹੈ।” (1ਸਮੂ 4:4) ਨਾਲੇ ਕਰੂਬੀ ਯਹੋਵਾਹ ਦੇ “ਰੱਥ ਤੇ ਨਮੂਨੇ” ਨੂੰ ਦਰਸਾਉਂਦੇ ਸਨ। (1ਇਤ 28:18) ਇਸ ਕਰਕੇ, “ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਉਹ [ਯਹੋਵਾਹ] ਦੇ ਨਾਲ ਬੋਲਣ ਲਈ ਵੜਿਆ ਤਾਂ ਉਸ ਨੇ ਉਸ ਅਵਾਜ਼ ਨੂੰ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਉਹ ਉਸ ਦੇ ਨਾਲ ਬੋਲਿਆ।” (ਗਿਣ 7: 89) ਬਾਅਦ ਵਿਚ ਯਹੋਸ਼ੁਆ ਅਤੇ ਮਹਾਂ ਪੁਜਾਰੀ ਫ਼ੀਨਹਾਸ ਵੀ ਸੰਦੂਕ ਦੇ ਸਾਮ੍ਹਣੇ ਯਹੋਵਾਹ ਨਾਲ ਗੱਲ ਕਰਨ ਜਾਂਦੇ ਹੁੰਦੇ ਸਨ। (ਯਹੋ 7: 6-10; ਨਿਆ 20:27, 28) ਦਰਅਸਲ ਮਹਾਂ ਪੁਜਾਰੀ ਹੀ ਸਾਲ ਵਿਚ ਇਕ ਵਾਰ ਅੱਤ ਪਵਿੱਤਰ ਕਮਰੇ ਅੰਦਰ ਦਾਖ਼ਲ ਹੋ ਸਕਦਾ ਸੀ ਅਤੇ ਸੰਦੂਕ ਨੂੰ ਦੇਖ ਸਕਦਾ ਸੀ, ਪਰ ਉਹ ਪ੍ਰਾਸਚਿਤ ਦੇ ਦਿਨ ਦੀ ਰਸਮ ਪੂਰੀ ਕਰਨ ਲਈ ਜਾਂਦਾ ਸੀ ਨਾ ਕਿ ਯਹੋਵਾਹ ਨਾਲ ਗੱਲ ਕਰਨ ਲਈ।—ਲੇਵੀ 16:2, 3, 13, 15, 17; ਇਬ 9:7.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 25:20) ਓਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਏ ਹੋਣ ਅਤੇ ਓਹ ਆਪਣੇ ਖੰਭਾਂ ਨਾਲ ਪਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਰ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਕਰੂਬੀਆਂ ਦੇ ਮੂੰਹ ਪਰਾਸਚਿਤ ਦੇ ਸਰਪੋਸ਼ ਵੱਲ ਹੋਣ।
it-1 432 ਪੈਰਾ 1
ਕਰੂਬੀ
ਉਜਾੜ ਵਿਚ ਬਣੇ ਡੇਰੇ ਦੇ ਸਾਮਾਨ ਵਿਚ ਕਰੂਬੀ ਦਿਖਾਈ ਦਿੰਦੇ ਸਨ। ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਸੋਨੇ ਦੇ ਦੋ ਕਰੂਬੀ ਬਣਾਏ ਗਏ ਸਨ। ਇਹ ਕਰੂਬੀ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ ਅਤੇ ਇਨ੍ਹਾਂ ਕਰੂਬੀਆਂ ਦੇ ਮੂੰਹ ਢੱਕਣ ਵੱਲ ਥੱਲੇ ਨੂੰ ਇੱਦਾਂ ਝੁਕੇ ਹੋਏ ਸਨ ਜਿਵੇਂ ਉਹ ਯਹੋਵਾਹ ਦੀ ਭਗਤੀ ਕਰ ਰਹੇ ਹੋਣ। ਹਰੇਕ ਦੇ ਦੋ-ਦੋ ਖੰਭ ਸਨ ਜੋ ਉਨ੍ਹਾਂ ਨੇ ਉੱਪਰ ਵੱਲ ਫੈਲਾਏ ਹੋਏ ਸਨ ਤੇ ਸਰਪੋਸ਼ ਯਾਨੀ ਢੱਕਣ ਨੂੰ ਇੱਦਾਂ ਢਕਿਆ ਹੋਇਆ ਸੀ ਜਿਵੇਂ ਉਸ ਦੀ ਰਾਖੀ ਕਰ ਰਹੇ ਹੋਣ। (ਕੂਚ 25:10-21; 37:7-9) ਇਸ ਤੋਂ ਇਲਾਵਾ, ਪਵਿੱਤਰ ਡੇਰੇ ਨੂੰ ਢਕਣ ਲਈ ਅੰਦਰਲੇ ਪਾਸੇ ਕੱਪੜਾ ਲਗਾਇਆ ਗਿਆ ਸੀ ਅਤੇ ਪਵਿੱਤਰ ਤੇ ਅੱਤ ਪਵਿੱਤਰ ਕਮਰੇ ਵਿਚਕਾਰ ਜੋ ਪਰਦਾ ਸੀ ਉਸ ʼਤੇ ਕਢਾਈ ਕਰਕੇ ਕਰੂਬੀ ਬਣਾਏ ਹੋਏ ਸਨ।—ਕੂਚ 26:1, 31; 36:8, 35.
(ਕੂਚ 25:30) ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ।
it-2 936
ਚੜ੍ਹਾਵੇ ਦੀਆਂ ਰੋਟੀਆਂ
ਪਵਿੱਤਰ ਡੇਰੇ ਤੇ ਬਾਅਦ ਵਿਚ ਮੰਦਰ ਦੇ ਪਵਿੱਤਰ ਸਥਾਨ ਵਿਚ ਮੇਜ਼ ʼਤੇ 12 ਰੋਟੀਆਂ ਰੱਖੀਆਂ ਜਾਂਦੀਆਂ ਸਨ ਅਤੇ ਹਰ ਸਬਤ ʼਤੇ ਇਨ੍ਹਾਂ ਰੋਟੀਆਂ ਦੀ ਥਾਂ ਤਾਜ਼ੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ। (ਕੂਚ 35:13; 39:36; 1ਰਾਜ 7:48; 2ਇਤ 13:11; ਨਹ 10:32, 33) ਜਿਨ੍ਹਾਂ ਇਬਰਾਨੀ ਸ਼ਬਦਾਂ ਦਾ ਅਨੁਵਾਦ “ਹਜ਼ੂਰੀ ਦੀਆਂ ਰੋਟੀਆਂ” ਕੀਤਾ ਗਿਆ ਹੈ, ਉਸ ਦਾ ਸ਼ਬਦ-ਬ-ਸ਼ਬਦ ਮਤਲਬ ਹੈ “ਚਿਹਰੇ ਦੀ ਰੋਟੀ।” ਸ਼ਬਦ “ਚਿਹਰਾ” ਕਈ ਵਾਰ ‘ਹਜ਼ੂਰੀ’ ਨੂੰ ਦਰਸਾਉਂਦਾ ਹੈ। (2ਰਾਜ 13:23) ਇਸ ਲਈ ਰੋਟੀਆਂ ਯਹੋਵਾਹ ਦੇ ਚਿਹਰੇ ਸਾਮ੍ਹਣੇ ਚੜ੍ਹਾਵੇ ਵਜੋਂ ਹਮੇਸ਼ਾ ਪਈਆਂ ਰਹਿੰਦੀਆਂ ਸਨ। (ਕੂਚ 25:30) ਇਨ੍ਹਾਂ ਰੋਟੀਆਂ ਨੂੰ “ਹਮੇਸ਼ਗੀ ਦੀ ਰੋਟੀ” (2ਇਤ 2:4), “ਚੜ੍ਹਾਵੇ ਦੀਆਂ ਰੋਟੀਆਂ” (ਮਰ 2:26), ਜਾਂ ਸਿਰਫ਼ “ਰੋਟੀਆਂ” ਵੀ ਕਿਹਾ ਜਾਂਦਾ ਸੀ। (ਇਬ 9:2)
ਬਾਈਬਲ ਪੜ੍ਹਾਈ
21-27 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 27-28
“ਪੁਜਾਰੀ ਦੇ ਬਸਤਰਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?”
(ਕੂਚ 28:30) ਤੂੰ ਨਿਆਉਂ ਦੇ ਸੀਨੇ ਬੰਦ ਵਿੱਚ ਊਰੀਮ ਅਰ ਤੁੰਮੀਮ ਪਾਵੀਂ ਅਰ ਐਉਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਰ ਹਾਰੂਨ ਇਸਰਾਏਲ ਦੇ ਪੁੱਤ੍ਰਾਂ ਦਾ ਨਿਆਉਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ।
it-2 1143
ਊਰੀਮ ਅਤੇ ਤੁੰਮੀਮ
ਬਾਈਬਲ ਦੇ ਕਈ ਵਿਦਵਾਨ ਮੰਨਦੇ ਹਨ ਕਿ ਊਰੀਮ ਅਤੇ ਤੁੰਮੀਮ ਗੁਣੇ ਸਨ। ਜੇਮਜ਼ ਮੌਫ਼ਟ ਬਾਈਬਲ ਵਿਚ ਕੂਚ 28:30 ਵਿਚ ਇਨ੍ਹਾਂ ਨੂੰ “ਪਵਿੱਤਰ ਗੁਣੇ” ਕਿਹਾ ਗਿਆ ਹੈ। ਕਈ ਸੋਚਦੇ ਹਨ ਕਿ ਤਿੰਨ ਗੁਣੇ ਸਨ। ਇਕ ʼਤੇ ਸ਼ਬਦ “ਹਾਂ” ਉੱਕਰਿਆ ਹੋਇਆ ਸੀ, ਦੂਸਰੇ ʼਤੇ “ਨਾਂਹ” ਅਤੇ ਤੀਸਰਾ ਖਾਲੀ ਸੀ। ਕਿਸੇ ਸਵਾਲ ਦਾ ਜਵਾਬ ਜਾਣਨ ਲਈ ਗੁਣੇ ਪਾਏ ਜਾਂਦੇ ਸਨ। ਇਸ ਲਈ ਜੋ ਗੁਣਾ ਨਿਕਲਦਾ ਸੀ, ਉਹ ਸਵਾਲ ਦਾ ਜਵਾਬ ਹੁੰਦਾ ਸੀ, ਪਰ ਜਦੋਂ ਖਾਲੀ ਹਿੱਸਾ ਨਿਕਲਦਾ ਸੀ, ਤਾਂ ਇਸ ਦਾ ਮਤਲਬ ਸੀ ਕੋਈ ਜਵਾਬ ਨਹੀਂ ਆਇਆ। ਕਈ ਹੋਰ ਲੋਕ ਮੰਨਦੇ ਹਨ ਕਿ ਊਰੀਮ ਅਤੇ ਤੁੰਮੀਮ ਦੋ ਚਪਟੇ ਪੱਥਰ ਸਨ। ਇਨ੍ਹਾਂ ਦਾ ਇਕ ਪਾਸਾ ਕਾਲਾ ਤੇ ਦੂਸਰਾ ਚਿੱਟਾ ਸੀ। ਉਨ੍ਹਾਂ ਦੋਹਾਂ ਨੂੰ ਥੱਲੇ ਸੁੱਟਣ ਤੇ ਜੇ ਦੋਨੋਂ ਪੱਥਰਾਂ ਦਾ ਚਿੱਟਾ ਪਾਸਾ ਆਉਂਦਾ ਸੀ, ਤਾਂ ਇਸ ਦਾ ਮਤਲਬ “ਹਾਂ” ਸੀ ਅਤੇ ਜੇ ਦੋਹਾਂ ਪੱਥਰਾਂ ਦਾ ਕਾਲਾ ਪਾਸਾ ਆਉਂਦਾ ਸੀ, ਤਾਂ ਇਸ ਦਾ ਮਤਲਬ “ਨਾਂਹ” ਸੀ। ਪਰ ਜੇ ਇਕ ਪਾਸਾ ਕਾਲਾ ਅਤੇ ਇਕ ਚਿੱਟਾ ਆਉਂਦਾ ਸੀ, ਤਾਂ ਇਸ ਦਾ ਮਤਲਬ ਸੀ ਕਿ ਕੋਈ ਜਵਾਬ ਨਹੀਂ ਆਇਆ। ਇਕ ਸਮੇਂ ʼਤੇ ਜਦੋਂ ਸ਼ਾਊਲ ਨੇ ਪੁਜਾਰੀ ਰਾਹੀਂ ਯਹੋਵਾਹ ਤੋਂ ਪੁੱਛਿਆ ਕਿ ਉਸ ਨੂੰ ਫਲਿਸਤੀਆਂ ʼਤੇ ਹਮਲਾ ਕਰਨਾ ਚਾਹੀਦਾ ਜਾਂ ਨਹੀਂ, ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਤਾਂ ਫਿਰ ਉਸ ਨੇ ਸੋਚਿਆ ਕਿ ਉਸ ਦੇ ਆਦਮੀਆਂ ਵਿੱਚੋਂ ਕਿਸੇ ਨੇ ਪਾਪ ਕੀਤਾ ਹੋਣਾ। ਇਸ ਲਈ ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ “ਹੇ ਯਹੋਵਾਹ! ਇਸਰਾਏਲ ਦੇ ਪਰਮੇਸ਼ੁਰ! . . . ਉਰੀਮ ਪਾ।” ਪਰ ਉੱਥੇ ਮੌਜੂਦ ਲੋਕਾਂ ਵਿੱਚੋਂ ਸ਼ਾਊਲ ਅਤੇ ਯੋਨਾਥਾਨ ਦਾ ਨਾਂ ਨਿਕਲਿਆ ਅਤੇ ਫਿਰ ਇਹ ਜਾਣਨ ਲਈ ਗੁਣੇ ਪਾਏ ਗਏ ਕਿ ਉਨ੍ਹਾਂ ਦੋਹਾਂ ਵਿੱਚੋਂ ਕੌਣ ਕਸੂਰਵਾਰ ਸੀ। ਇਸ ਬਿਰਤਾਂਤ ਵਿਚ “ਉਰੀਮ ਪਾ” ਸ਼ਬਦਾਂ ਤੋਂ ਲੱਗਦਾ ਹੈ ਕਿ ਇੱਥੇ ਸ਼ਾਊਲ ਗੁਣੇ ਪਾਉਣ ਦੀ ਗੱਲ ਨਹੀਂ ਕਰ ਰਿਹਾ ਸੀ, ਪਰ ਹੋ ਸਕਦਾ ਹੈ ਕਿ ਗੁਣੇ ਪਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਵਰਤਿਆ ਜਾਂਦਾ ਸੀ।—1 ਸਮੂ 14:36-42, ERV.
(ਕੂਚ 28:36) “ਤੂੰ ਖ਼ਾਲਸ ਸੋਨੇ ਦਾ ਇੱਕ ਚਮਕੀਲਾ ਪੱਤ੍ਰਾ ਬਣਾਈਂ ਅਤੇ ਉਹ ਦੇ ਉੱਤੇ ਛਾਪ ਦੀ ਉਕਰਾਈ ਵਰਗਾ ਏਹ ਉੱਕਰੀਂ ‘ਯਹੋਵਾਹ ਲਈ ਪਵਿੱਤ੍ਰਤਾਈ।’”
it-1 849 ਪੈਰਾ 3
ਮੱਥਾ
ਇਜ਼ਰਾਈਲ ਦਾ ਮਹਾਂ ਪੁਜਾਰੀ। ਇਜ਼ਰਾਈਲ ਦੇ ਮਹਾਂ ਪੁਜਾਰੀ ਦੀ ਪਗੜੀ ਦੇ ਅਗਲੇ ਪਾਸੇ ਯਾਨੀ ਮੱਥੇ ʼਤੇ ਸੋਨੇ ਦੀ ਪੱਤਰੀ ਬੰਨ੍ਹੀ ਹੁੰਦੀ ਸੀ, “ਜੋ ਸਮਰਪਣ ਦੀ ਨਿਸ਼ਾਨੀ” ਹੁੰਦੀ ਸੀ। ਇਸ ਉੱਤੇ ਇਹ ਸ਼ਬਦ ਉੱਕਰੇ ਹੋਏ ਸਨ: “ਯਹੋਵਾਹ ਲਈ ਪਵਿੱਤ੍ਰਤਾਈ।” (ਕੂਚ 28:36-38; 39:30, NW) ਯਹੋਵਾਹ ਦੀ ਭਗਤੀ ਕਰਨ ਲਈ ਮਹਾਂ ਪੁਜਾਰੀ ਲੋਕਾਂ ਦਾ ਮੁੱਖ ਆਗੂ ਹੁੰਦਾ ਸੀ। ਇਸ ਕਰਕੇ ਇਹ ਬਹੁਤ ਜ਼ਰੂਰੀ ਸੀ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੋਵੇ। ਨਾਲੇ ਉੱਕਰੇ ਹੋਏ ਇਹ ਸ਼ਬਦ ਇਜ਼ਰਾਈਲੀਆਂ ਨੂੰ ਯਾਦ ਕਰਾਉਂਦੇ ਸਨ ਕਿ ਯਹੋਵਾਹ ਦੇ ਸੇਵਕਾਂ ਨੂੰ ਹਮੇਸ਼ਾ ਪਵਿੱਤਰ ਰਹਿਣਾ ਚਾਹੀਦਾ। ਸੋਨੇ ਦੀ ਪੱਤਰੀ ʼਤੇ ਉੱਕਰੇ ਇਹ ਸ਼ਬਦ ਯਿਸੂ ਮਸੀਹ ʼਤੇ ਵੀ ਬਿਲਕੁਲ ਸਹੀ ਢੁਕਦੇ ਹੁੰਦੇ ਹਨ ਜਿਸ ਨੂੰ ਯਹੋਵਾਹ ਨੇ ਸਭ ਤੋਂ ਉੱਤਮ ਮਹਾਂ ਪੁਜਾਰੀ ਵਜੋਂ ਨਿਯੁਕਤ ਕੀਤਾ ਅਤੇ ਉਹ ਯਹੋਵਾਹ ਵਾਂਗ ਪਵਿੱਤਰ ਹੈ।—ਇਬ 7:26.
(ਕੂਚ 28:42, 43) ਤੂੰ ਉਨ੍ਹਾਂ ਲਈ ਕਤਾਨ ਦੀ ਕੱਛ ਉਨ੍ਹਾਂ ਦੇ ਨੰਗੇਜ ਦੇ ਕੱਜਣ ਲਈ ਬਣਾਈਂ। ਉਹ ਲੱਕ ਤੋਂ ਪੱਟਾਂ ਤੀਕ ਹੋਵੇ। 43 ਅਤੇ ਉਹ ਹਾਰੂਨ ਅਤੇ ਉਹ ਦੇ ਪੁੱਤ੍ਰਾਂ ਉੱਤੇ ਹੋਵੇ ਜਦ ਓਹ ਮੰਡਲੀ ਦੇ ਤੰਬੂ ਵਿੱਚ ਵੜਨ ਯਾ ਜਗਵੇਦੀ ਕੋਲ ਜਾਣ ਭਈ ਓਹ ਪਵਿੱਤ੍ਰ ਅਸਥਾਨ ਵਿੱਚ ਉਪਾਸਨਾ ਕਰਨ ਅਜੇਹਾ ਨਾ ਹੋਵੇ ਭਈ ਓਹ ਅਪਰਾਧੀ ਹੋਕੇ ਮਰਨ। ਏਹ ਉਹ ਦੇ ਲਈ ਅਤੇ ਉਹ ਦੇ ਪਿੱਛੋਂ ਉਹ ਦੀ ਅੰਸ ਲਈ ਸਦਾ ਦੀ ਬਿਧੀ ਹੋਵੇ।
ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ
17 ਯਹੋਵਾਹ ਦੀ ਭਗਤੀ ਕਰਨ ਸਮੇਂ ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ। ਉਪਦੇਸ਼ਕ ਦੀ ਪੋਥੀ 5:1 ਵਿਚ ਲਿਖਿਆ ਹੈ: “ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ।” ਮੂਸਾ ਅਤੇ ਯਹੋਸ਼ੁਆ ਦੋਹਾਂ ਨੂੰ ਪਵਿੱਤਰ ਜਗ੍ਹਾ ਵਿਚ ਹੋਣ ਕਰਕੇ ਪੈਰੋਂ ਜੁੱਤੀ ਲਾਉਣ ਲਈ ਕਿਹਾ ਗਿਆ ਸੀ। (ਕੂਚ 3:5; ਯਹੋ. 5:15) ਇਹ ਪਰਮੇਸ਼ੁਰ ਦਾ ਆਦਰ ਕਰਨ ਲਈ ਸੀ। ਲੇਵੀ ਜਾਜਕਾਂ ਨੂੰ ਆਪਣਾ ‘ਨੰਗੇਜ ਕੱਜਣ ਲਈ’ ਕਤਾਨ ਦੇ ਕਛਹਿਰੇ ਪਾਉਣ ਨੂੰ ਕਿਹਾ ਗਿਆ ਸੀ। (ਕੂਚ 28:42, 43) ਇਸ ਤਰ੍ਹਾਂ ਚੱਜ ਦੇ ਕੱਪੜੇ ਪਾ ਕੇ ਉਹ ਪਰਮੇਸ਼ੁਰ ਦਾ ਆਦਰ ਕਰਦੇ ਸਨ। ਜਾਜਕਾਂ ਦੇ ਪਰਿਵਾਰਾਂ ਦੇ ਹਰ ਮੈਂਬਰ ਨੂੰ ਵੀ ਚੱਜ ਦੇ ਕੱਪੜੇ ਪਾਉਣੇ ਪੈਂਦੇ ਸਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 28:15-21) ਤੂੰ ਇੱਕ ਨਿਆਉਂ ਦਾ ਸੀਨਾ ਬੰਦ ਕਾਰੀਗਰ ਦੀ ਬਣਤ ਦਾ ਬਣਾਈਂ। ਏਫੋਦ ਦੇ ਕੰਮ ਵਾਂਙੁ ਉਹ ਨੂੰ ਬਣਾਈਂ ਅਰਥਾਤ ਸੋਨੇ ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਉਹ ਨੂੰ ਬਣਾਈਂ। 16 ਓਹ ਚੌਰਸ ਅਤੇ ਦੋਹਰਾ ਹੋਵੇ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੁੜਾਈ ਇੱਕ ਗਿੱਠ ਹੋਵੇ। 17 ਤੂੰ ਉਸ ਵਿੱਚ ਪੱਥਰਾਂ ਲਈ ਖ਼ਾਨੇ ਰੱਖੀਂ ਅਤੇ ਪੱਥਰਾਂ ਦੀਆਂ ਚਾਰ ਪਾਲਾਂ ਜੜੀਂ। ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਜ਼ਬਰਜਦ, ਅਰਥਾਤ ਏਹ ਪਹਿਲੀ ਪਾਲ ਹੈ। 18 ਦੂਜੀ ਪਾਲ ਵਿੱਚ ਪੱਨਾ, ਨੀਲਮ, ਦੂਧੀਯਾ ਬਿਲੌਰ। 19 ਤੀਜੀ ਪਾਲ ਵਿੱਚ ਜ਼ਰਕਨ, ਹਰੀ ਅਕੀਕ, ਕਟਹਿਲਾ। 20 ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ, ਯਸ਼ੁਬ। ਏਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੜੇ ਜਾਣ। 21 ਓਹ ਪੱਥਰ ਇਸਰਾਏਲ ਦੇ ਪੁੱਤ੍ਰਾਂ ਦੇ ਨਾਮਾਂ ਅਨੁਸਾਰ ਹੋਣਗੇ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉਕਰਾਈ ਵਾਂਙੁ ਹਰ ਇੱਕ ਦੇ ਨਾਉਂ ਦੇ ਅਨੁਸਾਰ ਓਹ ਬਾਰਾਂ ਗੋਤਾਂ ਲਈ ਹੋਣਗੇ।
ਕੀ ਤੁਸੀਂ ਜਾਣਦੇ ਹੋ?
ਇਜ਼ਰਾਈਲ ਦੇ ਮਹਾਂ ਪੁਜਾਰੀ ਦੇ ਸੀਨਾਬੰਦ ʼਤੇ ਲੱਗੇ ਅਨਮੋਲ ਪੱਥਰ ਸ਼ਾਇਦ ਕਿੱਥੋਂ ਆਏ ਸਨ?
ਜਦੋਂ ਇਜ਼ਰਾਈਲੀ ਉਜਾੜ ਵਿਚ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਮਹਾਂ ਪੁਜਾਰੀ ਦਾ ਸੀਨਾਬੰਦ ਬਣਾਉਣ ਦਾ ਹੁਕਮ ਦਿੱਤਾ ਸੀ। (ਕੂਚ 28:15-21) ਸੀਨਾਬੰਦ ʼਤੇ ਲਾਲ ਅਕੀਕ, ਸੁਨਹਿਲਾ, ਜ਼ਬਰਜਦ, ਪੱਨਾ, ਨੀਲਮ, ਦੂਧੀਯਾ ਬਿਲੌਰ, ਜ਼ਰਕਨ, ਹਰੀ ਅਕੀਕ, ਕਟਹਿਲਾ, ਬੈਰੂਜ਼, ਸੁਲੇਮਾਨੀ ਅਤੇ ਯਸ਼ੁਬ ਜੜੇ ਹੋਏ ਸਨ। ਇਜ਼ਰਾਈਲੀਆਂ ਨੂੰ ਇਹ ਪੱਥਰ ਕਿੱਥੋਂ ਮਿਲੇ ਸਨ?
ਬਾਈਬਲ ਸਮਿਆਂ ਵਿਚ ਲੋਕ ਕੀਮਤੀ ਪੱਥਰਾਂ ਨੂੰ ਬਹੁਤ ਅਨਮੋਲ ਸਮਝਦੇ ਸਨ ਅਤੇ ਉਨ੍ਹਾਂ ਦਾ ਵਪਾਰ ਕਰਦੇ ਸਨ। ਮਿਸਰੀ ਲੋਕ ਹੀਰੇ-ਜਵਾਹਰਾਤ ਖ਼ਰੀਦਣ ਲਈ ਦੂਰ-ਦੂਰ ਦੇ ਦੇਸ਼ਾਂ ਵਿਚ ਜਾਂਦੇ ਸਨ ਜਿਵੇਂ ਈਰਾਨ, ਅਫ਼ਗਾਨਿਸਤਾਨ ਅਤੇ ਸ਼ਾਇਦ ਭਾਰਤ ਵਿਚ ਵੀ। ਮਿਸਰ ਦੀਆਂ ਖਾਣਾਂ ਵਿੱਚੋਂ ਵੱਖੋ-ਵੱਖਰੀ ਕਿਸਮ ਦੇ ਕੀਮਤੀ ਪੱਥਰ ਕੱਢੇ ਜਾਂਦੇ ਸਨ। ਜਿਹੜੇ ਇਲਾਕੇ ਮਿਸਰ ਦੇ ਰਾਜਿਆਂ ਦੇ ਅਧੀਨ ਆਉਂਦੇ ਸਨ ਉੱਥੋਂ ਦੀਆਂ ਖਾਣਾਂ ਵਿੱਚੋਂ ਨਿਕਲਦੇ ਕੀਮਤੀ ਪੱਥਰਾਂ ʼਤੇ ਸਿਰਫ਼ ਰਾਜਿਆਂ ਦਾ ਹੱਕ ਹੁੰਦਾ ਸੀ। ਅੱਯੂਬ ਨੇ ਵੀ ਦੱਸਿਆ ਸੀ ਕਿ ਉਸ ਦੇ ਜ਼ਮਾਨੇ ਦੇ ਲੋਕ ਨੀਲਮ, ਸੁਨਹਿਲਾ ਅਤੇ ਹੋਰ ਵੱਖੋ-ਵੱਖਰੇ ਕਿਸਮ ਦੇ ਪੱਥਰਾਂ ਦੀ ਭਾਲ ਕਰਨ ਲਈ ਖਾਣਾਂ ਤੇ ਸੁਰੰਗਾਂ ਖੋਦਦੇ ਸਨ।—ਅੱਯੂਬ 28:1-11, 19.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਿਸਰ ਵਿੱਚੋਂ ਨਿਕਲਣ ਤੋਂ ਪਹਿਲਾਂ ਇਜ਼ਰਾਈਲੀਆਂ ਨੇ “ਮਿਸਰੀਆਂ ਨੂੰ ਲੁੱਟ ਲਿਆ” ਯਾਨੀ ਉਨ੍ਹਾਂ ਦੀਆਂ ਕੀਮਤੀ ਚੀਜ਼ਾਂ ਲੈ ਲਈਆਂ। (ਕੂਚ 12:35, 36) ਇਸ ਲਈ ਹੋ ਸਕਦਾ ਹੈ ਕਿ ਇਜ਼ਰਾਈਲੀਆਂ ਨੇ ਮਹਾਂ ਪੁਜਾਰੀ ਦੇ ਸੀਨੇਬੰਦ ʼਤੇ ਜੜੇ ਕੀਮਤੀ ਪੱਥਰ ਮਿਸਰ ਤੋਂ ਲਿਆਂਦੇ ਹੋਣ।
(ਕੂਚ 28:38) ਐਉਂ ਉਹ ਹਾਰੂਨ ਦੇ ਮਸਤਕ ਉੱਤੇ ਹੋਵੇ ਤਾਂ ਜੋ ਹਾਰੂਨ ਪਵਿੱਤ੍ਰ ਵਸਤਾਂ ਦੇ ਦੋਸ਼ ਨੂੰ ਚੁੱਕੇ ਜਿਹੜੀਆਂ ਇਸਰਾਏਲੀ ਪਵਿੱਤ੍ਰ ਕਰਨ ਅਰਥਾਤ ਉਨ੍ਹਾਂ ਦੇ ਸਾਰੇ ਪਵਿੱਤ੍ਰ ਪੁਨ ਦਾਨ, ਅਤੇ ਉਹ ਉਸ ਦੇ ਮਸਤਕ ਉੱਤੇ ਸਦਾ ਲਈ ਹੋਵੇ ਤਾਂ ਜੋ ਯਹੋਵਾਹ ਦੇ ਸਨਮੁਖ ਉਨ੍ਹਾਂ ਦੀ ਮਨਜੂਰੀ ਹੋਵੇ।
it-1 1130 ਪੈਰਾ 2
ਪਵਿੱਤਰਤਾ
ਜਾਨਵਰ ਅਤੇ ਪੈਦਾਵਾਰ। ਬਲਦਾਂ, ਭੇਡਾਂ ਅਤੇ ਬੱਕਰੀਆਂ ਦੇ ਜੇਠੇ ਯਹੋਵਾਹ ਲਈ ਪਵਿੱਤਰ ਸਨ ਅਤੇ ਉਨ੍ਹਾਂ ਨੂੰ ਛੁਡਾਇਆ ਨਹੀਂ ਜਾਂਦਾ ਸੀ। ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾਂਦੀ ਸੀ ਅਤੇ ਇਕ ਹਿੱਸਾ ਪਵਿੱਤਰ ਕੀਤੇ ਪੁਜਾਰੀ ਨੂੰ ਦਿੱਤਾ ਜਾਂਦਾ ਸੀ। (ਗਿਣ 18:17-19) ਪਵਿੱਤਰ ਸਥਾਨ ਵਿਚ ਸੇਵਾ ਲਈ ਭੇਟ ਕੀਤੀਆਂ ਪਵਿੱਤਰ ਚੀਜ਼ਾਂ ਅਤੇ ਬਲ਼ੀਆਂ ਵਾਂਗ ਪਹਿਲਾ ਫਲ ਅਤੇ ਦਸਵਾਂ ਹਿੱਸਾ ਵੀ ਪਵਿੱਤਰ ਸੀ। (ਕੂਚ 28:38) ਯਹੋਵਾਹ ਲਈ ਸਾਰੀਆਂ ਪਵਿੱਤਰ ਚੀਜ਼ਾਂ ਸ਼ੁੱਧ ਸਨ। ਇਨ੍ਹਾਂ ਨੂੰ ਮਾਮੂਲੀ ਨਹੀਂ ਸਮਝਿਆ ਜਾਂਦਾ ਸੀ ਅਤੇ ਇਹ ਆਮ ਵਰਤੋਂ ਲਈ ਨਹੀਂ ਸਨ। ਮਿਸਾਲ ਲਈ, ਦਸਵੇਂ ਹਿੱਸੇ ਦੇ ਸੰਬੰਧ ਵਿਚ ਦਿੱਤੇ ਕਾਨੂੰਨ ਮੁਤਾਬਕ ਜੇ ਕਿਸੇ ਆਦਮੀ ਨੇ ਆਪਣੀ ਕਣਕ ਦੀ ਫ਼ਸਲ ਦਾ ਦਸਵਾਂ ਹਿੱਸਾ ਵੱਖਰਾ ਰੱਖਿਆ ਸੀ, ਪਰ ਫਿਰ ਉਹ ਜਾਂ ਉਸ ਦੇ ਘਰ ਦਾ ਕੋਈ ਜੀਅ ਜਾਣੇ-ਅਣਜਾਣੇ ਵਿਚ ਉਸ ਦੀ ਵਰਤੋਂ ਘਰ ਵਿਚ ਕਰ ਲੈਂਦਾ ਸੀ ਜਿਵੇਂ ਕਿ ਖਾਣਾ ਬਣਾਉਣ ਲਈ, ਤਾਂ ਉਹ ਆਦਮੀ ਦੋਸ਼ੀ ਠਹਿਰਦਾ ਸੀ ਕਿਉਂਕਿ ਉਸ ਨੇ ਪਵਿੱਤਰ ਚੀਜ਼ਾਂ ਬਾਰੇ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਕਾਨੂੰਨ ਵਿਚ ਮੰਗ ਕੀਤੀ ਗਈ ਸੀ ਕਿ ਉਹ ਉਸ ਚੀਜ਼ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਹਰਜਾਨੇ ਵਜੋਂ ਦੇਵੇ, ਨਾਲੇ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆ ਕੇ ਬਲ਼ੀ ਵਜੋਂ ਚੜ੍ਹਾਉਣ ਲਈ ਦੇਵੇ। ਇਸ ਤਰ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਯਹੋਵਾਹ ਲਈ ਪਵਿੱਤਰ ਚੀਜ਼ਾਂ ਦੀ ਅਹਿਮੀਅਤ ਬਣੀ ਰਹਿਣੀ ਸੀ।—ਲੇਵੀ 5:14-16.
ਬਾਈਬਲ ਪੜ੍ਹਾਈ
28 ਸਤੰਬਰ-4 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 29-30
“ਯਹੋਵਾਹ ਲਈ ਚੜ੍ਹਾਵਾ”
(ਕੂਚ 30:11, 12) ਯਹੋਵਾਹ ਮੂਸਾ ਨੂੰ ਬੋਲਿਆ ਕਿ 12 ਜਦ ਤੂੰ ਇਸਰਾਏਲੀਆਂ ਦੀ ਗਿਣਤੀ ਉਨ੍ਹਾਂ ਦੇ ਸ਼ੁਮਾਰ ਅਨੁਸਾਰ ਕਰੇਂ ਤਾਂ ਹਰ ਮਨੁੱਖ ਆਪਣੇ ਪਰਾਣਾਂ ਲਈ ਯਹੋਵਾਹ ਨੂੰ ਜਦ ਉਨ੍ਹਾਂ ਦੀ ਗਿਣਤੀ ਹੋਵੇ ਨਸਤਾਰੇ ਦਾ ਮੁੱਲ ਦੇਵੇ ਤਾਂ ਜੋ ਉਨ੍ਹਾਂ ਵਿੱਚ ਕੋਈ ਬਵਾ ਨਾ ਪਵੇ ਜਦ ਤੂੰ ਉਨ੍ਹਾਂ ਦੀ ਗਿਣਤੀ ਕਰੇਂ।
it-2 764-765
ਮਰਦਮਸ਼ੁਮਾਰੀ
ਸੀਨਈ ਦੀ ਉਜਾੜ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦੂਜੇ ਸਾਲ ਦੇ ਦੂਜੇ ਮਹੀਨੇ ਸੀਨਈ ਦੀ ਉਜਾੜ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਉਹ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਦੀ ਗਿਣਤੀ ਕਰੇ। ਇਸ ਜ਼ਿੰਮੇਵਾਰੀ ਨੂੰ ਚੁੱਕਣ ਵਿਚ ਮੂਸਾ ਦੀ ਮਦਦ ਕਰਨ ਲਈ ਹਰ ਗੋਤ ਵਿੱਚੋਂ ਇਕ ਆਦਮੀ ਨੂੰ ਚੁਣਿਆ ਗਿਆ ਜਿਸ ਨੇ ਆਪਣੇ-ਆਪਣੇ ਗੋਤ ਦੀ ਗਿਣਤੀ ਕਰਨੀ ਸੀ। ਉਨ੍ਹਾਂ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਬਣਾਈ ਗਈ ਜਿਨ੍ਹਾਂ ਦੀ ਉਮਰ 20 ਸਾਲ ਜਾਂ ਇਸ ਤੋਂ ਵੱਧ ਸੀ ਅਤੇ ਇਹ ਆਦਮੀ ਇਜ਼ਰਾਈਲ ਦੀ ਫ਼ੌਜ ਵਿਚ ਭਰਤੀ ਹੋਣ ਦੇ ਕਾਬਲ ਸਨ। ਨਾਲੇ ਇਨ੍ਹਾਂ ਆਦਮੀਆਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਡੇਰੇ ਵਿਚ ਹੁੰਦੇ ਸੇਵਾ ਦੇ ਕੰਮ ਲਈ ਅੱਧਾ ਸ਼ਕਲ (ਲਗਭਗ 85 ਰੁਪਏ) ਦਾਨ ਦੇਣ। (ਕੂਚ 30:11-16; ਗਿਣ 1:1-16, 18, 19) ਇਸ ਸੂਚੀ ਮੁਤਾਬਕ ਇਨ੍ਹਾਂ ਆਦਮੀਆਂ ਦੀ ਕੁੱਲ ਗਿਣਤੀ 6,03,550 ਸੀ। ਪਰ ਇਸ ਵਿਚ ਲੇਵੀਆਂ ਦੀ ਗਿਣਤੀ ਸ਼ਾਮਲ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਗੋਤਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਦਿੱਤੀ ਜਾਂਦੀ ਸੀ। ਡੇਰੇ ਵਿਚ ਹੁੰਦੇ ਸੇਵਾ ਦੇ ਕੰਮ ਲਈ ਲੇਵੀਆਂ ਨੂੰ ਦਾਨ ਦੇਣ ਤੇ ਫ਼ੌਜ ਵਿਚ ਭਰਤੀ ਹੋਣ ਦੀ ਲੋੜ ਨਹੀਂ ਸੀ।—ਗਿਣ 1:44-47; 2:32, 33; 18:20, 24.
(ਕੂਚ 30:13-15) ਸਾਰੇ ਜਿਹੜੇ ਗਿਣਿਆਂ ਹੋਇਆਂ ਵਿੱਚ ਰਲਣ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣ (ਸ਼ਕਲ ਵਿੱਚ ਵੀਹ ਜੀਰੇ ਹਨ) ਸੋ ਏਹ ਅੱਠ ਆਨੇ ਯਹੋਵਾਹ ਲਈ ਚੁੱਕਣ ਦੀ ਭੇਟ ਹੋਵੇਗੀ। 14 ਸਾਰੇ ਜਿਹੜੇ ਗਿਣਿਆਂ ਹੋਇਆਂ ਵਿੱਚ ਰਲਣ ਵੀਹ ਵਰਹੇ ਦੇ ਅਰ ਉੱਤੇ ਦੇ ਹੋਣ ਯੋਹਵਾਹ ਨੂੰ ਚੁੱਕਣ ਦੀ ਭੇਟ ਦੇਣ। 15 ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪਰਾਣਾਂ ਦੇ ਪਰਾਸਚਿਤ ਲਈ ਯੋਹਵਾਹ ਦੀ ਚੁੱਕਣ ਦੀ ਭੇਟ ਦੇਣ।
it-1 502
ਦਾਨ
ਕਾਨੂੰਨ ਮੁਤਾਬਕ ਇਜ਼ਰਾਈਲੀਆਂ ਲਈ ਕਈ ਮੌਕਿਆਂ ʼਤੇ ਦਾਨ ਦੇਣਾ ਜ਼ਰੂਰੀ ਹੁੰਦਾ ਸੀ। ਜਦੋਂ ਮੂਸਾ ਨੇ ਇਜ਼ਰਾਈਲੀਆਂ ਦੀ ਮਰਦਮਸ਼ੁਮਾਰੀ ਕੀਤੀ, ਤਾਂ ਜਿਨ੍ਹਾਂ ਆਦਮੀਆਂ ਦੀ ਉਮਰ 20 ਸਾਲ ਜਾਂ ਇਸ ਤੋਂ ਵੱਧ ਸੀ, ਉਨ੍ਹਾਂ ਸਾਰਿਆਂ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਲਈ “ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣਾ” (ਲਗਭਗ 85 ਰੁਪਏ) ਸੀ। ਇਹ ਰਕਮ “ਯਹੋਵਾਹ ਲਈ ਚੁੱਕਣ ਦੀ ਭੇਟ” ਯਾਨੀ ਯਹੋਵਾਹ ਲਈ ਦਾਨ ਸੀ। ਇਹ ਦਾਨ ਉਨ੍ਹਾਂ ਦੀਆਂ ਜਾਨਾਂ ਦਾ ਪ੍ਰਾਸਚਿਤ ਹੁੰਦਾ ਸੀ ਅਤੇ “ਮੰਡਲੀ ਦੇ ਤੰਬੂ ਦੇ ਕੰਮ ਲਈ” ਵਰਤਿਆ ਜਾਂਦਾ ਸੀ। (ਕੂਚ 30:11-16) ਯਹੂਦੀ ਇਤਿਹਾਸਕਾਰ ਜੋਸੀਫ਼ਸ ਮੁਤਾਬਕ (The Jewish War, VII, 218 [vi, 6]), ਇਹ “ਮਸੂਲ” ਯਾਨੀ ਟੈਕਸ ਹਰ ਸਾਲ ਦਿੱਤਾ ਜਾਣ ਲੱਗਾ।—2 ਇਤਿ 24:6-10; ਮੱਤੀ 17:24.
(ਕੂਚ 30:16) ਸੋ ਤੂੰ ਇਸਰਾਏਲੀਆਂ ਤੋਂ ਪਰਾਸਚਿਤ ਦੀ ਚਾਂਦੀ ਲੈਕੇ ਉਹ ਨੂੰ ਮੰਡਲੀ ਦੇ ਤੰਬੂ ਦੇ ਕੰਮ ਲਈ ਵਰਤੀਂ ਅਤੇ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗੀਰੀ ਹੋਵੇ ਤਾਂ ਜੋ ਤੁਹਾਡਿਆਂ ਪਰਾਣਾਂ ਲਈ ਪਰਾਸਚਿਤ ਹੋਵੇ।
ਕੀ ਤੁਸੀਂ ਜਾਣਦੇ ਹੋ?
ਯਰੂਸ਼ਲਮ ਵਿਚ ਯਹੋਵਾਹ ਦੇ ਮੰਦਰ ਵਿਚ ਕੀਤੀ ਜਾਂਦੀ ਸੇਵਾ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਸੀ?
ਮੰਦਰ ਵਿਚ ਕੀਤੀ ਜਾਂਦੀ ਸੇਵਾ ਦਾ ਖ਼ਰਚਾ ਚਲਾਉਣ ਲਈ ਇਜ਼ਰਾਈਲੀਆਂ ਨੂੰ ਟੈਕਸ ਦੇਣਾ ਪੈਂਦਾ ਸੀ। ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੀ ਸਨ, ਪਰ ਇਸ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਦਿੰਦੇ ਸਨ। ਮਿਸਾਲ ਲਈ, ਜਦੋਂ ਪਵਿੱਤਰ ਡੇਰਾ ਬਣਾਇਆ ਜਾ ਰਿਹਾ ਸੀ, ਤਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਹਰੇਕ ਇਜ਼ਰਾਈਲੀ ਜਿਸ ਦੀ ਗਿਣਤੀ ਹੋਈ ਸੀ ਉਹ ਚਾਂਦੀ ਦਾ ਅੱਧਾ ਸ਼ਕਲ “ਯਹੋਵਾਹ ਲਈ ਚੁੱਕਣ ਦੀ ਭੇਟ” ਯਾਨੀ ਯਹੋਵਾਹ ਲਈ ਦਾਨ ਵਜੋਂ ਦੇਵੇ।—ਕੂਚ 30:12-16.
ਲੱਗਦਾ ਹੈ ਕਿ ਹਰੇਕ ਯਹੂਦੀ ਲਈ ਹਰ ਸਾਲ ਚਾਂਦੀ ਦਾ ਅੱਧਾ ਸ਼ਕਲ ਮੰਦਰ ਦੇ ਟੈਕਸ ਵਜੋਂ ਦੇਣ ਦੀ ਰੀਤ ਬਣ ਗਈ ਸੀ। ਇਹ ਉਹੀ ਟੈਕਸ ਸੀ ਜੋ ਯਿਸੂ ਨੇ ਪਤਰਸ ਨੂੰ ਮੱਛੀ ਦੇ ਮੂੰਹ ਵਿੱਚੋਂ ਮਿਲੇ ਸਿੱਕੇ ਨਾਲ ਭਰਨ ਲਈ ਕਿਹਾ ਸੀ।—ਮੱਤੀ 17:24-27.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 29:10) ਮੰਡਲੀ ਦੇ ਤੰਬੂ ਦੇ ਅੱਗੇ ਤੂੰ ਵਹਿੜੇ ਨੂੰ ਨੇੜੇ ਲਿਆਵੀਂ ਅਤੇ ਹਾਰੂਨ ਅਰ ਉਸ ਦੇ ਪੁੱਤ੍ਰ ਆਪਣੇ ਹੱਥ ਵਹਿੜੇ ਦੇ ਸਿਰ ਉੱਤੇ ਰੱਖਣ।
it-1 1029 ਪੈਰਾ 4
ਹੱਥ
ਹੱਥ ਰੱਖਣੇ। ਕਿਸੇ ਵਿਅਕਤੀ ਜਾਂ ਚੀਜ਼ ʼਤੇ ਹੱਥ ਰੱਖਣ ਦੇ ਕਈ ਮਤਲਬ ਹੁੰਦੇ ਸਨ। ਜਿਵੇਂ ਕਿ ਕਿਸੇ ਨੂੰ ਖ਼ਾਸ ਕੰਮ ਲਈ ਚੁਣਨਾ, ਅਸੀਸ ਦੇਣੀ, ਚੰਗਾ ਕਰਨਾ ਜਾਂ ਪਵਿੱਤਰ ਸ਼ਕਤੀ ਦੀ ਦਾਤ ਦੇਣਾ। ਕਈ ਵਾਰ ਜਾਨਵਰਾਂ ਦੀ ਬਲ਼ੀ ਦੇਣ ਤੋਂ ਪਹਿਲਾਂ ਉਨ੍ਹਾਂ ʼਤੇ ਹੱਥ ਰੱਖੇ ਜਾਂਦੇ ਸਨ। ਜਦੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਆਪਣੇ ਹੱਥ ਇਕ ਬਲਦ ਅਤੇ ਦੋ ਭੇਡੂਆਂ ਦੇ ਸਿਰ ʼਤੇ ਰੱਖੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਜ਼ਾਹਰ ਕੀਤਾ ਕਿ ਇਨ੍ਹਾਂ ਜਾਨਵਰਾਂ ਦੀ ਬਲ਼ੀ ਦਿੱਤੀ ਜਾਣੀ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਪੁਜਾਰੀਆਂ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਹੋਣਾ ਸੀ। (ਕੂਚ 29:10, 15, 19; ਲੇਵੀ 8:14, 18, 22) ਜਦੋਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਯਹੋਸ਼ੁਆ ਨੂੰ ਇਜ਼ਰਾਈਲੀਆਂ ਦਾ ਅਗਲਾ ਆਗੂ ਚੁਣੇ, ਤਾਂ ਮੂਸਾ ਨੇ ਯਹੋਸ਼ੁਆ ʼਤੇ ਆਪਣਾ ਹੱਥ ਰੱਖਿਆ। ਇਸ ਕਰਕੇ ਉਹ “ਬੁੱਧੀ ਦੇ ਆਤਮਾ ਨਾਲ ਭਰਪੂਰ” ਹੋ ਗਿਆ ਅਤੇ ਇਜ਼ਰਾਈਲੀਆਂ ਦੀ ਚੰਗੀ ਤਰ੍ਹਾਂ ਅਗਵਾਈ ਕਰਨ ਦੇ ਕਾਬਲ ਬਣ ਗਿਆ। (ਬਿਵ 34:9) ਕਿਸੇ ਨੂੰ ਅਸੀਸ ਦੇਣ ਵੇਲੇ ਵੀ ਉਸ ʼਤੇ ਹੱਥ ਰੱਖਿਆ ਜਾਂਦਾ ਸੀ। (ਉਤ 48:14; ਮਰ 10:16) ਯਿਸੂ ਮਸੀਹ ਨੇ ਕਈਆਂ ਨੂੰ ਚੰਗਾ ਕਰਨ ਲਈ ਉਨ੍ਹਾਂ ਨੂੰ ਛੂਹਿਆ ਜਾਂ ਉਨ੍ਹਾਂ ʼਤੇ ਆਪਣੇ ਹੱਥ ਰੱਖੇ। (ਮੱਤੀ 8:3; ਮਰ 6:5; ਲੂਕਾ 13:13) ਕਈ ਵਾਰ ਰਸੂਲਾਂ ਨੇ ਪਵਿੱਤਰ ਸ਼ਕਤੀ ਦੀ ਦਾਤ ਦੇਣ ਲਈ ਲੋਕਾਂ ʼਤੇ ਹੱਥ ਰੱਖੇ।—ਰਸੂ 8:14-20; 19:6.
(ਕੂਚ 30:31-33) ਤੂੰ ਇਸਰਾਏਲੀਆਂ ਨੂੰ ਬੋਲੀਂ ਭੀ ਏਹ ਮਲਣ ਦਾ ਪਵਿੱਤ੍ਰ ਤੇਲ ਮੇਰੇ ਲਈ ਤੁਹਾਡੀਆਂ ਪੀੜ੍ਹੀਆਂ ਤੀਕ ਹੋਵੇ। 32 ਏਹ ਆਦਮੀ ਦੇ ਪਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮੱਗਰੀ ਤੋਂ ਹੋਰ ਕਿਸੇ ਪਰਕਾਰ ਦਾ ਤੇਲ ਤੁਸੀਂ ਨਾ ਬਣਾਇਓ। ਏਹ ਪਵਿੱਤ੍ਰ ਹੈ ਅਤੇ ਤੁਹਾਡੇ ਲਈ ਪਵਿੱਤ੍ਰ ਰਹੇ। 33 ਜਿਹੜਾ ਮਨੁੱਖ ਉਸ ਵਰਗੀ ਮਲਾਉਟ ਕਰੇ ਅਤੇ ਉਸ ਵਿੱਚੋਂ ਕਿਸੇ ਓਪਰੇ ਉੱਤੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’”
it-1 114 ਪੈਰਾ 1
ਚੁਣੇ ਹੋਏ, ਚੁਣਨਾ
ਯਹੋਵਾਹ ਨੇ ਮੂਸਾ ਨੂੰ ਜੋ ਕਾਨੂੰਨ ਦਿੱਤਾ ਸੀ ਉਸ ਵਿਚ ਉਸ ਨੇ ਪਵਿੱਤਰ ਤੇਲ ਬਣਾਉਣ ਦਾ ਤਰੀਕਾ ਦੱਸਿਆ ਸੀ। ਇਹ ਵਧੀਆਂ ਤੋਂ ਵਧੀਆ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਸੀ, ਜਿਵੇਂ ਮੁਰ, ਦਾਲਚੀਨੀ, ਕੁਸ਼ਾ, ਤੱਜ ਅਤੇ ਜ਼ੈਤੂਨ ਦਾ ਤੇਲ। (ਕੂਚ 30:22-25) ਜੇ ਕੋਈ ਇਨ੍ਹਾਂ ਮਸਾਲਿਆਂ ਨਾਲ ਤੇਲ ਬਣਾਉਂਦਾ ਸੀ ਅਤੇ ਕਿਸੇ ਮਾਮੂਲੀ ਕੰਮ ਲਈ ਜਾਂ ਨਾਜਾਇਜ਼ ਤਰੀਕੇ ਨਾਲ ਵਰਤਦਾ ਸੀ, ਤਾਂ ਉਹ ਮੌਤ ਦੀ ਸਜ਼ਾ ਦੇ ਲਾਇਕ ਹੁੰਦਾ ਸੀ। (ਕੂਚ 30:31-33) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪਵਿੱਤਰ ਤੇਲ ਨਾਲ ਕਿਸੇ ਨੂੰ ਚੁਣਨਾ ਯਹੋਵਾਹ ਦੀ ਨਜ਼ਰ ਵਿਚ ਕਿੰਨੀ ਅਹਿਮ ਗੱਲ ਸੀ।
ਬਾਈਬਲ ਪੜ੍ਹਾਈ