ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr20 ਅਕਤੂਬਰ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2020
  • ਸਿਰਲੇਖ
  • 5-11 ਅਕਤੂਬਰ
  • 12-18 ਅਕਤੂਬਰ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 33-34
  • 19-25 ਅਕਤੂਬਰ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 35-36
  • 26 ਅਕਤੂਬਰ–1 ਨਵੰਬਰ
  • ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 37-38
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2020
mwbr20 ਅਕਤੂਬਰ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

5-11 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 31-32

“ਮੂਰਤੀ-ਪੂਜਾ ਤੋਂ ਭੱਜੋ”

(ਕੂਚ 32:1) ਜਾਂ ਲੋਕਾਂ ਨੇ ਵੇਖਿਆ ਭਈ ਮੂਸਾ ਨੇ ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ।

w09 5/15 11 ਪੈਰਾ 11

ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”

11 ਔਖਾ ਹੋ ਸਕਦਾ ਹੈ ਜਦੋਂ ਮੁਸ਼ਕਲ ਹਾਲਾਤ ਖੜ੍ਹੇ ਹੋ ਜਾਂਦੇ ਹਨ। ਮਿਸਾਲ ਲਈ, ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਜਲਦੀ ਬਾਅਦ ਇਸਰਾਏਲੀ ਮੂਸਾ ਅੱਗੇ ‘ਬੁੜ-ਬੁੜਾਉਣ ਲੱਗੇ ਅਤੇ ਯਹੋਵਾਹ ਦੀ ਪਰੀਖਿਆ ਲੈਣ ਲੱਗੇ।’ ਕਿਉਂ? ਕਿਉਂਕਿ ਉਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ ਸੀ। (ਕੂਚ 17:1-4, CL) ਉਨ੍ਹਾਂ ਨੇ ਪਰਮੇਸ਼ੁਰ ਨਾਲ ਇਕਰਾਰ ਕੀਤਾ ਸੀ ਕਿ “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ” ਸੀ, ਉਨ੍ਹਾਂ ʼਤੇ ਉਹ ਚੱਲਣਗੇ। ਇਹ ਇਕਰਾਰ ਕੀਤਿਆਂ ਉਨ੍ਹਾਂ ਨੂੰ ਦੋ ਮਹੀਨੇ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਨੇ ਮੂਰਤੀ-ਪੂਜਾ ਬਾਰੇ ਯਹੋਵਾਹ ਦੇ ਹੁਕਮ ਨੂੰ ਤੋੜ ਦਿੱਤਾ। (ਕੂਚ 24:3, 12-18; 32:1, 2, 7-9) ਕੀ ਉਨ੍ਹਾਂ ਨੇ ਡਰਦੇ ਮਾਰੇ ਇੱਦਾਂ ਕੀਤਾ ਸੀ ਕਿਉਂਕਿ ਮੂਸਾ ਨੂੰ ਹੋਰੇਬ ਪਹਾੜ ਉੱਤੇ ਗਏ ਨੂੰ ਕਾਫ਼ੀ ਚਿਰ ਹੋ ਗਿਆ ਸੀ ਜਿੱਥੇ ਪਰਮੇਸ਼ੁਰ ਉਸ ਨੂੰ ਹਿਦਾਇਤਾਂ ਦੇ ਰਿਹਾ ਸੀ? ਕੀ ਸ਼ਾਇਦ ਉਨ੍ਹਾਂ ਨੇ ਇਹ ਸੋਚਿਆ ਹੋਵੇਗਾ ਕਿ ਅਮਾਲੇਕੀ ਉਨ੍ਹਾਂ ਉੱਤੇ ਦੁਬਾਰਾ ਚੜ੍ਹਾਈ ਕਰਨਗੇ ਅਤੇ ਮੂਸਾ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਣਗੇ ਕਿਉਂਕਿ ਪਹਿਲਾਂ ਮੂਸਾ ਦੇ ਹੱਥ ਉਤਾਹਾਂ ਹੋਣ ʼਤੇ ਉਨ੍ਹਾਂ ਨੂੰ ਜਿੱਤ ਮਿਲੀ ਸੀ? (ਕੂਚ 17:8-16) ਇੱਦਾਂ ਹੋ ਸਕਦਾ ਹੈ ਪਰ ਗੱਲ ਜੋ ਮਰਜ਼ੀ ਸੀ, ਇਸਰਾਏਲੀਆਂ ਨੇ ਯਹੋਵਾਹ ਦੇ “ਅਧੀਨ ਹੋਣਾ ਨਾ ਚਾਹਿਆ।” (ਰਸੂ. 7:39-41) ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਪੂਰਾ ਜਤਨ ਕਰਨ ਦੀ ਤਾਕੀਦ ਕੀਤੀ ਕਿ ਉਹ ਉਨ੍ਹਾਂ ‘ਇਸਰਾਏਲੀਆਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪੈਣ’ ਜੋ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਡਰਦੇ ਸਨ।—ਇਬ. 4:3, 11.

(ਕੂਚ 32:4-6) ਤਾਂ ਉਸ ਨੇ ਓਹ ਉਨ੍ਹਾਂ ਦੇ ਹੱਥੋਂ ਲੈ ਲਏ ਅਰ ਉਨ੍ਹਾਂ ਨੂੰ ਢਾਲ ਕੇ ਇੱਕ ਉੱਕਰਨ ਵਾਲੇ ਸੰਦ ਨਾਲ ਘੜ ਕੇ ਉਹ ਦਾ ਇੱਕ ਬੱਛਾ ਬਣਾਇਆ ਤਾਂ ਉਨ੍ਹਾਂ ਨੇ ਆਖਿਆ, ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ। 5 ਜਦ ਹਾਰੂਨ ਨੇ ਏਹ ਡਿੱਠਾ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਭਲਕੇ ਯਹੋਵਾਹ ਦਾ ਪਰਬ ਹੈ। 6 ਤਾਂ ਓਹ ਅਗਲੇ ਦਿਨ ਸਵੇਰ ਨੂੰ ਉੱਠੇ ਅਰ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਰ ਸੁੱਖ ਸਾਂਦ ਦੀਆਂ ਭੇਟਾਂ ਲਿਆਏ ਤਾਂ ਲੋਕ ਖਾ ਪੀ ਕੇ ਬੈਠੇ ਅਰ ਹੱਸਣ ਖੇਲਣ ਨੂੰ ਉੱਠੇ।

w12 10/15 25 ਪੈਰਾ 12

ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਉਸ ਦੇ ਵਾਅਦੇ ਪੂਰੇ ਹੁੰਦੇ ਦੇਖੋ

12 ਆਪਣੇ ਇਕਰਾਰ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਤਾਂ ਤੁਰੰਤ ਕਦਮ ਚੁੱਕਿਆ। ਉਸ ਨੇ ਭਗਤੀ ਲਈ ਡੇਰੇ ਅਤੇ ਪੁਜਾਰੀਆਂ ਦਾ ਪ੍ਰਬੰਧ ਕੀਤਾ ਤਾਂਕਿ ਪਾਪੀ ਇਨਸਾਨ ਉਸ ਨੂੰ ਪ੍ਰਾਰਥਨਾ ਕਰ ਸਕਣ। ਪਰ ਦੂਜੇ ਪਾਸੇ, ਇਜ਼ਰਾਈਲੀ ਛੇਤੀ ਭੁੱਲ ਗਏ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲਣ ਦਾ ਵਾਅਦਾ ਕੀਤਾ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ “ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” (ਜ਼ਬੂ. 78:41) ਮਿਸਾਲ ਲਈ, ਜਦੋਂ ਮੂਸਾ ਯਹੋਵਾਹ ਤੋਂ ਹੋਰ ਹਿਦਾਇਤਾਂ ਲੈਣ ਲਈ ਸੀਨਈ ਪਹਾੜ ਉੱਤੇ ਗਿਆ ਹੋਇਆ ਸੀ, ਤਾਂ ਇਜ਼ਰਾਈਲੀ ਬੇਸਬਰੇ ਹੋ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕਰਨੀ ਛੱਡ ਦਿੱਤੀ ਅਤੇ ਸੋਚਣ ਲੱਗ ਪਏ ਕਿ ਮੂਸਾ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਇਸ ਲਈ ਉਨ੍ਹਾਂ ਨੇ ਸੋਨੇ ਦਾ ਇਕ ਵੱਛਾ ਬਣਾਇਆ ਅਤੇ ਕਿਹਾ: “ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ।” (ਕੂਚ 32:1, 4) ਫਿਰ ਉਹ ਉਸ ਮੂਰਤੀ ਅੱਗੇ ਬਲ਼ੀਆਂ ਚੜ੍ਹਾਉਣ ਲੱਗ ਪਏ ਤੇ ਕਿਹਾ ਕਿ ਉਹ “ਯਹੋਵਾਹ ਦਾ ਪਰਬ” ਮਨਾ ਰਹੇ ਸਨ। ਇਹ ਦੇਖ ਕੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਓਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ।” (ਕੂਚ 32:5, 6, 8) ਦੁੱਖ ਦੀ ਗੱਲ ਹੈ ਕਿ ਉਸ ਸਮੇਂ ਤੋਂ ਇਜ਼ਰਾਈਲੀਆਂ ਦੀ ਇਹ ਆਦਤ ਬਣ ਗਈ ਕਿ ਉਹ ਪਰਮੇਸ਼ੁਰ ਨਾਲ ਵਾਅਦੇ ਕਰਦੇ ਸਨ ਤੇ ਫਿਰ ਉਨ੍ਹਾਂ ਵਾਅਦਿਆਂ ਨੂੰ ਤੋੜ ਦਿੰਦੇ ਸਨ।—ਗਿਣ. 30:2.

(ਕੂਚ 32:9, 10) ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਏਹ ਲੋਕ ਹਠੀ ਹਨ। 10 ਹੁਣ ਤੂੰ ਮੈਨੂੰ ਇਕੱਲਾ ਹੋਣ ਦੇਹ ਤਾਂ ਜੋ ਮੇਰਾ ਕਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਰ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੈਥੋਂ ਇੱਕ ਵੱਡੀ ਕੌਮ ਬਣਾਵਾਂਗਾ।

w18.07 20 ਪੈਰਾ 14

“ਕੌਣ ਯਹੋਵਾਹ ਵੱਲ ਹੈ?”

14 ਇਜ਼ਰਾਈਲੀ ਜਾਣਦੇ ਸਨ ਕਿ ਮੂਰਤੀ-ਪੂਜਾ ਕਰਨੀ ਗ਼ਲਤ ਸੀ। (ਕੂਚ 20:3-5) ਪਰ ਉਨ੍ਹਾਂ ਨੇ ਕਿੰਨੀ ਜਲਦੀ ਸੋਨੇ ਦੇ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ! ਭਾਵੇਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਤੋੜਿਆ ਸੀ, ਪਰ ਉਹ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਸਨ ਕਿ ਉਹ ਅਜੇ ਵੀ ਯਹੋਵਾਹ ਵੱਲ ਹਨ। ਹਾਰੂਨ ਨੇ ਵੱਛੇ ਦੀ ਪੂਜਾ ਕਰਨ ਨੂੰ “ਯਹੋਵਾਹ ਦਾ ਪਰਬ” ਕਿਹਾ। ਯਹੋਵਾਹ ਨੇ ਕੀ ਕੀਤਾ? ਉਸ ਨੇ ਮੂਸਾ ਨੂੰ ਕਿਹਾ ਕਿ ਲੋਕ “ਭਰਿਸ਼ਟ ਹੋ ਗਏ ਹਨ।” ਨਾਲੇ ਲੋਕ ‘ਉਸ ਰਾਹ ਤੋਂ ਫਿਰ ਗਏ ਹਨ’ ਜਿਸ ਦਾ ਉਸ ਨੇ “ਉਨ੍ਹਾਂ ਨੂੰ ਹੁਕਮ ਦਿੱਤਾ ਸੀ।” ਯਹੋਵਾਹ ਇੰਨਾ ਜ਼ਿਆਦਾ ਗੁੱਸੇ ਹੋਇਆ ਕਿ ਉਸ ਨੇ ਤਾਂ ਪੂਰੀ ਕੌਮ ਨੂੰ ਨਾਸ਼ ਕਰਨ ਬਾਰੇ ਸੋਚਿਆ।—ਕੂਚ 32:5-10.

ਹੀਰੇ-ਮੋਤੀਆਂ ਦੀ ਖੋਜ ਕਰੋ

(ਕੂਚ 31:17) ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂ ਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸਰਾਮ ਕੀਤਾ ਅਤੇ ਸ਼ਾਂਤ ਪਾਈ।

w19.12 3 ਪੈਰਾ 4

ਕੰਮ ਅਤੇ ਆਰਾਮ ਕਰਨ ਦਾ ‘ਇੱਕ ਸਮਾਂ’ ਹੈ

4 ਕੀ ਯਹੋਵਾਹ ਤੇ ਯਿਸੂ ਦੁਆਰਾ ਸਖ਼ਤ ਮਿਹਨਤ ਕਰਨ ਦੀਆਂ ਰੱਖੀਆਂ ਮਿਸਾਲਾਂ ਦਾ ਮਤਲਬ ਹੈ ਕਿ ਸਾਨੂੰ ਬਿਲਕੁਲ ਵੀ ਆਰਾਮ ਨਹੀਂ ਕਰਨਾ ਚਾਹੀਦਾ? ਬਿਲਕੁਲ ਨਹੀਂ। ਬਾਈਬਲ ਕਹਿੰਦੀ ਹੈ ਕਿ ਸਵਰਗ ਅਤੇ ਧਰਤੀ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ “ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।” (ਕੂਚ 31:17, NW) ਯਹੋਵਾਹ ਕਦੇ ਵੀ ਥੱਕਦਾ ਨਹੀਂ ਜਿਸ ਕਰਕੇ ਉਸ ਨੂੰ ਆਰਾਮ ਕਰਨ ਦੀ ਲੋੜ ਨਹੀਂ ਹੈ। ਪਰ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਚੀਜ਼ਾਂ ਬਣਾਉਣੀਆਂ ਬੰਦ ਕੀਤੀਆਂ ਅਤੇ ਉਸ ਨੇ ਜੋ ਬਣਾਇਆ ਸੀ, ਉਸ ਤੋਂ ਖ਼ੁਸ਼ੀ ਪਾਈ। ਨਾਲੇ ਚਾਹੇ ਧਰਤੀ ʼਤੇ ਹੁੰਦਿਆਂ ਯਿਸੂ ਨੇ ਬਹੁਤ ਮਿਹਨਤ ਕੀਤੀ ਸੀ, ਪਰ ਫਿਰ ਵੀ ਉਸ ਨੇ ਆਰਾਮ ਕਰਨ ਅਤੇ ਆਪਣੇ ਦੋਸਤਾਂ ਨਾਲ ਖਾਣਾ ਖਾਣ ਲਈ ਸਮਾਂ ਕੱਢਿਆ ਸੀ।—ਮੱਤੀ 14:13; ਲੂਕਾ 7:34.

(ਕੂਚ 32:32, 33) ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਰ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੈਂ ਲਿਖੀ ਹੈ ਮੈਨੂੰ ਮਿਟਾ ਸੁੱਟੀਂ। 33 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ।

w87 9/1 29

ਪਾਠਕਾਂ ਵੱਲੋਂ ਸਵਾਲ

ਇਕ ਵਿਅਕਤੀ ਦਾ ਨਾਂ ਯਾਦ ਰੱਖਣ ਲਈ ਉਸ ਦਾ ਨਾਂ “ਜੀਵਨ ਦੀ ਕਿਤਾਬ” ਵਿਚ ਲਿਖੇ ਹੋਣ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ ਯਾਨੀ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦਾ ਨਾਂ ਕਦੀ ਮਿਟਾਇਆ ਨਹੀਂ ਜਾ ਸਕਦਾ। ਇਜ਼ਰਾਈਲੀਆਂ ਬਾਰੇ ਮੂਸਾ ਨੇ ਯਹੋਵਾਹ ਨੂੰ ਪੁੱਛਿਆ: “ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਰ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੈਂ ਲਿਖੀ ਹੈ ਮੈਨੂੰ ਮਿਟਾ ਸੁੱਟੀਂ।” ਪਰਮੇਸ਼ੁਰ ਨੇ ਜਵਾਬ ਵਿਚ ਕਿਹਾ: “ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ।” (ਕੂਚ 32:32, 33) ਜੀ ਹਾਂ, ਭਾਵੇਂ ਪਰਮੇਸ਼ੁਰ ਇਕ ਵਿਅਕਤੀ ਦਾ ਨਾਂ ਆਪਣੀ “ਪੋਥੀ” ਵਿਚ ਲਿਖ ਲਵੇ, ਪਰ ਹੋ ਸਕਦਾ ਹੈ ਕਿ ਅੱਗੇ ਜਾ ਕੇ ਉਹ ਵਿਅਕਤੀ ਪਰਮੇਸ਼ੁਰ ਦੇ ਆਗਿਆਕਾਰ ਨਾ ਰਹੇ ਅਤੇ ਨਿਹਚਾ ਕਰਨੀ ਛੱਡ ਦੇਵੇ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਪਰਮੇਸ਼ੁਰ ‘ਉਸ ਦਾ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦੇਵੇਗਾ।’—ਪ੍ਰਕਾਸ਼ ਦੀ ਕਿਤਾਬ 3:5.

ਬਾਈਬਲ ਪੜ੍ਹਾਈ

(ਕੂਚ 32:15-35)

12-18 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 33-34

“ਯਹੋਵਾਹ ਦੇ ਵਧੀਆ ਗੁਣ”

(ਕੂਚ 34:5) ਯਹੋਵਾਹ ਬੱਦਲ ਵਿੱਚ ਉੱਤਰਿਆ ਅਰ ਉੱਥੇ ਉਸ ਦੇ ਨਾਲ ਖਲੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ।

it-2 466-467

ਨਾਂ

ਸ੍ਰਿਸ਼ਟੀ ਦੀ ਰਚਨਾ ਤੋਂ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ, ਪਰ ਸ੍ਰਿਸ਼ਟੀ ਪਰਮੇਸ਼ੁਰ ਦਾ ਨਾਂ ਜ਼ਾਹਰ ਨਹੀਂ ਕਰਦੀ। (ਜ਼ਬੂ 19:1; ਰੋਮੀ 1:20) ਪਰਮੇਸ਼ੁਰ ਦਾ ਨਾਂ ਜਾਣਨ ਦਾ ਸਿਰਫ਼ ਇਹ ਮਤਲਬ ਨਹੀਂ ਕਿ ਸਾਨੂੰ ਉਸ ਦਾ ਨਾਂ ਪਤਾ ਹੋਵੇ, (2 ਇਤ 6:33) ਸਗੋਂ ਇਸ ਵਿਚ ਪਰਮੇਸ਼ੁਰ ਬਾਰੇ, ਉਸ ਦੇ ਮਕਸਦਾਂ ਬਾਰੇ, ਉਸ ਦੇ ਕੰਮਾਂ ਬਾਰੇ ਅਤੇ ਗੁਣਾਂ ਬਾਰੇ ਜਾਣਨਾ ਸ਼ਾਮਲ ਹੈ ਜੋ ਉਸ ਦੇ ਬਚਨ ਵਿਚ ਦੱਸੇ ਗਏ ਹਨ। (1 ਰਾਜ 8:41-43; 9:3, 7; ਨਹ 9:10 ਤੁਲਨਾ ਕਰੋ) ਇਹ ਗੱਲ ਮੂਸਾ ਦੇ ਮਾਮਲੇ ਵਿਚ ਦੇਖੀ ਜਾ ਸਕਦੀ ਹੈ ਜਿਸ ਨੂੰ ਯਹੋਵਾਹ ਉਸ ਦੇ ‘ਨਾਂ ਤੋਂ ਜਾਣਦਾ’ ਸੀ ਯਾਨੀ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। (ਕੂਚ 33:12) ਮੂਸਾ ਲਈ ਯਹੋਵਾਹ ਦੀ ਮਹਿਮਾ ਦੇਖਣੀ ਅਤੇ ‘ਯਹੋਵਾਹ ਦੇ ਨਾਮ ਦਾ ਐਲਾਨ ਸੁਣਨਾ’ ਕਿੰਨੇ ਹੀ ਮਾਣ ਦੀ ਗੱਲ ਸੀ। (ਕੂਚ 34:5) ਇਸ ਐਲਾਨ ਵਿਚ ਸਿਰਫ਼ ਯਹੋਵਾਹ ਦਾ ਨਾਂ ਦੁਹਰਾਉਣਾ ਹੀ ਕਾਫ਼ੀ ਨਹੀਂ ਸੀ, ਸਗੋਂ ਇਸ ਵਿਚ ਪਰਮੇਸ਼ੁਰ ਦੇ ਗੁਣ ਅਤੇ ਕੰਮ ਦੱਸਣੇ ਵੀ ਸ਼ਾਮਲ ਸਨ। “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ।” (ਕੂਚ 34:6, 7) ਇਸੇ ਤਰ੍ਹਾਂ ਮੂਸਾ ਨੇ ਵੀ ਆਪਣੇ ਗੀਤ ਵਿਚ ਇਹ ਸ਼ਬਦ ਕਹੇ “ਮੈਂ ਤਾਂ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ।” ਉਸ ਨੇ ਇਸ ਗੀਤ ਵਿਚ ਦੱਸਿਆ ਕਿ ਪਰਮੇਸ਼ੁਰ ਇਜ਼ਰਾਈਲੀਆਂ ਨਾਲ ਕਿਵੇਂ ਪੇਸ਼ ਆਇਆ, ਨਾਲੇ ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਵੀ ਸਮਝਾਇਆ।—ਬਿਵ 32:3-44.

(ਕੂਚ 34:6) ਅਰ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਐਉਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।

w09 10/1 28 ਪੈਰੇ 3-5

ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ

ਯਹੋਵਾਹ ਪਹਿਲਾਂ ਆਪਣੇ ਬਾਰੇ ਕਹਿੰਦਾ ਹੈ ਕਿ ਉਹ “ਦਿਆਲੂ ਅਤੇ ਕਿਰਪਾਲੂ” ਹੈ। (ਆਇਤ 6) ਇਕ ਵਿਦਵਾਨ ਦੇ ਮੁਤਾਬਕ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਦਿਆਲੂ” ਕੀਤਾ ਗਿਆ ਹੈ ਉਹ ਇਹੋ ਜਿਹੇ ਪਰਮੇਸ਼ੁਰ ਬਾਰੇ ਦੱਸਦਾ ਹੈ ਜੋ “ਇਕ ਪਿਤਾ ਵਾਂਗ ਆਪਣੇ ਬੱਚਿਆਂ ʼਤੇ ਤਰਸ ਕਰਦਾ ਹੈ।” “ਕਿਰਪਾਲੂ” ਸ਼ਬਦ ਇਕ ਹੋਰ ਸ਼ਬਦ ਨਾਲ ਮੇਲ ਖਾਂਦਾ ਹੈ ਜਿਸ ਦਾ ਮਤਲਬ ਹੈ “ਕਿਸੇ ਦਾ ਦੁੱਖ ਦੂਰ ਕਰਨ ਦੀ ਦਿਲੋਂ ਕੋਸ਼ਿਸ਼ ਕਰਨੀ।” ਯਹੋਵਾਹ ਆਪਣੇ ਸੇਵਕਾਂ ਦੀ ਇਵੇਂ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਪਿਆਰ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।—ਜ਼ਬੂਰਾਂ ਦੀ ਪੋਥੀ 103:8, 13.

ਅੱਗੇ ਯਹੋਵਾਹ ਦੱਸਦਾ ਹੈ ਕਿ ਉਹ “ਕਰੋਧ ਵਿੱਚ ਧੀਰਜੀ” ਹੈ। (ਆਇਤ 6) ਉਹ ਛੇਤੀ ਹੀ ਆਪਣੇ ਸੇਵਕਾਂ ਨਾਲ ਗੁੱਸੇ ਨਹੀਂ ਹੁੰਦਾ। ਇਸ ਦੇ ਉਲਟ ਉਹ ਉਨ੍ਹਾਂ ਨਾਲ ਧੀਰਜ ਰੱਖਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਆਪ ਵਿਚ ਸੁਧਾਰ ਕਰਨ ਲਈ ਸਮਾਂ ਦਿੰਦਾ ਹੈ।—2 ਪਤਰਸ 3:9.

ਯਹੋਵਾਹ ਇਹ ਵੀ ਕਹਿੰਦਾ ਹੈ ਕਿ ਉਹ “ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਆਇਤ 6) ਯਹੋਵਾਹ ਆਪਣੇ ਲੋਕਾਂ ਨਾਲ ਹਮੇਸ਼ਾ ਭਲਿਆਈ ਕਰਦਾ ਹੈ। ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ʼਤੇ ਦਇਆ ਕਰਦਾ ਹੈ। ਆਪਣੇ ਲੋਕਾਂ ਨਾਲ ਯਹੋਵਾਹ ਦਾ ਰਿਸ਼ਤਾ ਇੰਨਾ ਪੱਕਾ ਹੈ ਕਿ ਉਹ ਕਦੀ ਟੁੱਟੇਗਾ ਨਹੀਂ। (ਬਿਵਸਥਾ ਸਾਰ 7:9) ਇਸ ਦੇ ਨਾਲ-ਨਾਲ ਯਹੋਵਾਹ ਸੱਚਾਈ ਦਾ ਸੋਮਾ ਹੈ। ਉਹ ਨਾ ਕਿਸੇ ਨੂੰ ਧੋਖਾ ਦਿੰਦਾ ਹੈ ਅਤੇ ਨਾ ਕਿਸੇ ਤੋਂ ਧੋਖਾ ਖਾਂਦਾ ਹੈ। “ਸਚਿਆਈ ਦੇ ਪਰਮੇਸ਼ੁਰ” ਵਜੋਂ ਅਸੀਂ ਉਸ ਦੀ ਹਰ ਇਕ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ, ਆਉਣ ਵਾਲੇ ਭਵਿੱਖ ਦੇ ਵਾਅਦਿਆਂ ਉੱਤੇ ਵੀ।—ਜ਼ਬੂਰਾਂ ਦੀ ਪੋਥੀ 31:5.

(ਕੂਚ 34:7) ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ।

w09 10/1 28 ਪੈਰਾ 6

ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ

ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ “ਕੁਧਰਮ ਅਪਰਾਧ ਅਰ ਪਾਪ” ਨੂੰ ਬਖ਼ਸ਼ਦਾ ਹੈ। (ਆਇਤ 7) ਉਹ ਤੋਬਾ ਕਰਨ ਵਾਲੇ ਪਾਪੀਆਂ ਨੂੰ “ਮਾਫ਼ ਕਰਨ” ਲਈ ਤਿਆਰ ਹੈ। (ਭਜਨ 86:5, CL) ਫਿਰ ਵੀ ਯਹੋਵਾਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਤੋਂ ਆਪਣੀਆਂ ਅੱਖਾਂ ਨਹੀਂ ਮੀਟਦਾ। ਉਹ ਦੱਸਦਾ ਹੈ ਕਿ ਉਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਆਇਤ 7) ਸਾਡਾ ਪਵਿੱਤਰ ਪਰਮੇਸ਼ੁਰ ਹਮੇਸ਼ਾ ਨਿਆਂ ਕਰਦਾ ਹੈ ਅਤੇ ਉਹ ਉਨ੍ਹਾਂ ਪਾਪੀਆਂ ਨੂੰ ਜ਼ਰੂਰ ਸਜ਼ਾ ਦੇਵੇਗਾ ਜੋ ਜਾਣ-ਬੁੱਝ ਕੇ ਪਾਪ ਕਰਦੇ ਹਨ। ਉਨ੍ਹਾਂ ਨੂੰ ਕਿਸੇ-ਨ-ਕਿਸੇ ਦਿਨ ਆਪਣੀ ਕੀਤੀ ਦਾ ਫਲ ਭੁਗਤਣਾ ਪਵੇਗਾ।

ਹੀਰੇ-ਮੋਤੀਆਂ ਦੀ ਖੋਜ ਕਰੋ

(ਕੂਚ 33:11) ਤਾਂ ਯਹੋਵਾਹ ਮੂਸਾ ਨਾਲ ਆਹਮੋ ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸਜਣ ਨਾਲ ਬੋਲਦਾ ਹੈ ਅਤੇ ਉਹ ਫੇਰ ਡੇਰੇ ਨੂੰ ਮੁੜ ਜਾਂਦਾ ਸੀ ਪਰ ਉਸ ਦਾ ਇੱਕ ਗਭਰੂ ਸੇਵਾਦਾਰ ਨੂਨ ਦਾ ਪੁੱਤ੍ਰ ਯਹੋਸ਼ੁਆ ਤੰਬੂ ਦੇ ਵਿੱਚੋਂ ਨਾ ਹਿੱਲਦਾ ਸੀ।

(ਕੂਚ 33:20) ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸੱਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।

w04 3/15 27 ਪੈਰਾ 5

ਕੂਚ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਕੂਚ 33:11, 20—ਯਹੋਵਾਹ ਨੇ ਮੂਸਾ ਨਾਲ “ਆਹਮੋ ਸਾਹਮਣੇ” ਕਿਸ ਤਰ੍ਹਾਂ ਗੱਲਾਂ ਕੀਤੀਆਂ ਸਨ? ਇਹ ਸ਼ਬਦ ਉਸ ਗੱਲਬਾਤ ਅਤੇ ਗੱਲ ਕਰਨ ਦੇ ਢੰਗ ਨੂੰ ਸੰਕੇਤ ਕਰਦਾ ਹੈ ਜੋ ਦੋਸਤਾਂ ਦੇ ਆਪਸ ਵਿਚ ਹੁੰਦਾ ਹੈ। ਪਰ ਯਹੋਵਾਹ ਨੇ ਸਿੱਧੇ ਤੌਰ ਤੇ ਮੂਸਾ ਨਾਲ ਗੱਲ ਨਹੀਂ ਕੀਤੀ ਸੀ। ਮੂਸਾ ਨੂੰ ਯਹੋਵਾਹ ਦੇ ਇਕ ਦੂਤ ਰਾਹੀਂ ਮੂੰਹ-ਜ਼ਬਾਨੀ ਪਰਮੇਸ਼ੁਰ ਦੀ ਹਿਦਾਇਤ ਦਿੱਤੀ ਜਾਂਦੀ ਸੀ। ਮੂਸਾ ਨੇ ਯਹੋਵਾਹ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸੀ ਕਿਉਂਕਿ ‘ਕੋਈ ਆਦਮੀ ਪਰਮੇਸ਼ੁਰ ਨੂੰ ਵੇਖ ਕੇ ਜੀ ਨਹੀਂ ਸੱਕਦਾ।’ ਗਲਾਤੀਆਂ 3:19 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਰਾ “ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ” ਇਨਸਾਨਾਂ ਨੂੰ ਦਿੱਤੀ ਗਈ ਸੀ।

(ਕੂਚ 34:23, 24) ਵਰਹੇ ਵਿੱਚ ਤਿੰਨ ਵਾਰੀ ਤੇਰੇ ਸਾਰੇ ਨਰ ਪ੍ਰਭੁ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਵਿਖਲਾਈ ਦੇਣ। 24 ਕਿਉਂ ਜੋ ਮੈਂ ਤੇਰੇ ਅੱਗੋਂ ਕੌਮਾਂ ਨੂੰ ਕੱਢਾਂਗਾ ਅਤੇ ਤੇਰੀਆਂ ਹੱਦਾਂ ਨੂੰ ਵਧਾਵਾਂਗਾ ਅਤੇ ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਵਿਖਲਾਈ ਦੇਵੇਂ।

w98 9/1 20 ਪੈਰਾ 5

ਜ਼ਰੂਰੀ ਗੱਲਾਂ ਨੂੰ ਪਹਿਲ ਦਿਓ!

ਦੇਸ਼ ਦੇ ਹਰ ਇਜ਼ਰਾਈਲੀ ਆਦਮੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਆਦਮੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਸਾਲ ਵਿਚ ਤਿੰਨ ਵਾਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ। ਉਹ ਜਾਣਦੇ ਸਨ ਕਿ ਅਜਿਹੇ ਮੌਕਿਆਂ ʼਤੇ ਸਾਰੇ ਪਰਿਵਾਰ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋਣਾ ਸੀ। ਇਸ ਲਈ ਕਈ ਪਰਿਵਾਰਾਂ ਦੇ ਮੁਖੀਆਂ ਨੇ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਪ੍ਰਬੰਧ ਕੀਤਾ। ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਅਤੇ ਖੇਤਾਂ ਦੀ ਦੁਸ਼ਮਣਾਂ ਦੇ ਹਮਲੇ ਤੋਂ ਕਿਸ ਨੇ ਰਾਖੀ ਕਰਨੀ ਸੀ? ਯਹੋਵਾਹ ਨੇ ਵਾਅਦਾ ਕੀਤਾ ਸੀ: “ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਵਿਖਲਾਈ ਦੇਵੇਂ।” (ਕੂਚ 34:24) ਇਸ ਵਾਅਦੇ ʼਤੇ ਭਰੋਸਾ ਕਰਨ ਲਈ ਇਜ਼ਰਾਈਲੀਆਂ ਨੂੰ ਨਿਹਚਾ ਕਰਨ ਦੀ ਲੋੜ ਸੀ ਕਿ ਜੇ ਉਹ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣਗੇ, ਤਾਂ ਉਨ੍ਹਾਂ ਦਾ ਆਰਥਿਕ ਤੌਰ ਤੇ ਕੋਈ ਨੁਕਸਾਨ ਨਹੀਂ ਹੋਵੇਗਾ। ਕੀ ਯਹੋਵਾਹ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ? ਜੀ ਹਾਂ!

ਬਾਈਬਲ ਪੜ੍ਹਾਈ

(ਕੂਚ 33:1-16)

19-25 ਅਕਤੂਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 35-36

“ਯਹੋਵਾਹ ਦਾ ਕੰਮ ਕਰਨ ਦੇ ਕਾਬਲ ਬਣਾਏ ਗਏ”

(ਕੂਚ 35:25, 26) ਅਤੇ ਸਾਰੀਆਂ ਚਤਰੀਆਂ ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ ਅਤੇ ਜੋ ਕੱਤਿਆ ਉਹ ਲੈ ਆਇਆਂ, ਅਰਥਾਤ ਨੀਲਾ ਬੈਂਗਣੀ ਅਰ ਕਿਰਮਚੀ ਮਹੀਨ ਕਤਾਨ। 26 ਅਤੇ ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ।

w14 12/15 4 ਪੈਰਾ 4

ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ

ਇੰਨਾ ਸਾਰਾ ਦਾਨ ਦੇਖ ਕੇ ਯਹੋਵਾਹ ਨੂੰ ਖ਼ੁਸ਼ੀ ਹੋਈ, ਪਰ ਉਸ ਨੂੰ ਇਸ ਗੱਲ ਤੋਂ ਜ਼ਿਆਦਾ ਖ਼ੁਸ਼ੀ ਹੋਈ ਕਿ ਲੋਕ ਸੱਚੀ ਭਗਤੀ ਲਈ ਆਪਣੀ ਖ਼ੁਸ਼ੀ ਨਾਲ ਦਾਨ ਲੈ ਕੇ ਆਏ ਸਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਡੇਰੇ ਦਾ ਸਾਮਾਨ ਬਣਾਉਣ ਵਿਚ ਮਿਹਨਤ ਵੀ ਕੀਤੀ। ਬਾਈਬਲ ਦੱਸਦੀ ਹੈ: “ਸਾਰੀਆਂ ਚਤਰੀਆਂ [ਯਾਨੀ ਹੁਨਰਮੰਦ] ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ।” ਜੀ ਹਾਂ, “ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ।” ਇਸ ਤੋਂ ਇਲਾਵਾ, ਯਹੋਵਾਹ ਨੇ ਬਸਲਏਲ ਨੂੰ “ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ।” ਬਸਲਏਲ ਅਤੇ ਆਹਾਲੀਆਬ ਨੂੰ ਡੇਰੇ ਦਾ ਕੰਮ ਕਰਨ ਲਈ ਜਿਹੜੇ ਵੀ ਹੁਨਰ ਦੀ ਲੋੜ ਸੀ, ਯਹੋਵਾਹ ਨੇ ਉਨ੍ਹਾਂ ਨੂੰ ਉਹ ਹੁਨਰ ਸਿੱਖਣ ਦੀ ਸਮਝ ਦਿੱਤੀ।—ਕੂਚ 35:25, 26, 30-35.

(ਕੂਚ 35:30-35) ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਵੇਖੋ ਬਸਲਏਲ ਹੂਰ ਦੇ ਪੋਤ੍ਰੇ ਅਤੇ ਊਰੀ ਦੇ ਪੁੱਤ੍ਰ ਨੂੰ ਜਿਹੜਾ ਯਹੂਦਾਹ ਦੇ ਗੋਤ ਦਾ ਹੈ ਯਹੋਵਾਹ ਨੇ ਨਾਉਂ ਲੈ ਕੇ ਬੁਲਾਇਆ ਹੈ। 31 ਅਤੇ ਉਸ ਨੇ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ। 32 ਕਿ ਉਹ ਚਤਰਾਈ ਦਾ ਕੰਮ ਕੱਢੇ ਅਤੇ ਸੋਨੇ ਚਾਂਦੀ ਅਰ ਪਿੱਤਲ ਦਾ ਕੰਮ ਕਰੇ। 33 ਅਤੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਰਥਾਤ ਸਭ ਪਰਕਾਰ ਦੀ ਚਤਰਾਈ ਦਾ ਕੰਮ ਕਰੇ। 34 ਅਤੇ ਉਸ ਨੇ ਸਿਖਲਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਕ ਦੇ ਪੁੱਤ੍ਰ ਆਹਾਲੀਆਬ ਨੂੰ ਦਿੱਤੀ। 35 ਉਸ ਨੇ ਉਨ੍ਹਾਂ ਦੇ ਮਨਾਂ ਨੂੰ ਬੁੱਧ ਨਾਲ ਭਰਪੂਰ ਕੀਤਾ ਕਿ ਓਹ ਹਰ ਪਰਕਾਰ ਦਾ ਕਾਰੀਗਰੀ ਦਾ ਕੰਮ ਕਰਨ ਅਰਥਾਤ ਉੱਕਰਾਵੇ ਦਾ ਚਤੇਰੇ ਦਾ ਅਤੇ ਕਸੀਦੇਕਾਰ ਦਾ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਅਤੇ ਜੁਲਾਹੇ ਦਾ ਅਰ ਸਾਰੀ ਕਾਰੀਗਰੀ ਦੇ ਕਰਨ ਵਾਲਿਆਂ ਦਾ ਅਤੇ ਚਤਰਾਈ ਦੇ ਕੰਮ ਦੇ ਕਰਿੰਦਿਆਂ ਦਾ ਕੰਮ।

w11 12/15 19 ਪੈਰਾ 6

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ

6 ਮੂਸਾ ਦੇ ਦਿਨਾਂ ਵਿਚ ਰਹਿ ਰਹੇ ਇਕ ਹੋਰ ਸੇਵਕ ਬਸਲਏਲ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ। (ਕੂਚ 35:30-35 ਪੜ੍ਹੋ।) ਬਸਲਏਲ ਨੂੰ ਤੰਬੂ ਦਾ ਸਾਰਾ ਸਾਮਾਨ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਸੌਂਪੀ ਗਈ ਸੀ। ਕੀ ਉਸ ਨੂੰ ਇਸ ਕੰਮ ਲਈ ਕਾਰੀਗਰੀ ਦਾ ਕੋਈ ਤਜਰਬਾ ਸੀ? ਸ਼ਾਇਦ ਹੋਵੇ, ਪਰ ਇਹ ਸੰਭਵ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਉਹ ਮਿਸਰੀਆਂ ਲਈ ਇੱਟਾਂ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ। (ਕੂਚ 1:13, 14) ਸੋ ਬਸਲਏਲ ਤੰਬੂ ਬਣਾਉਣ ਦਾ ਇੰਨਾ ਵੱਡਾ ਕੰਮ ਕਿਵੇਂ ਕਰ ਸਕਿਆ? ਯਹੋਵਾਹ ਨੇ ਉਸ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ “ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ।” ਬਸਲਏਲ ਵਿਚ ਕੁਦਰਤੀ ਤੌਰ ਤੇ ਜੋ ਵੀ ਕਾਬਲੀਅਤ ਸੀ, ਉਸ ਨੂੰ ਪਵਿੱਤਰ ਸ਼ਕਤੀ ਨੇ ਹੋਰ ਵਧਾਇਆ। ਪਵਿੱਤਰ ਸ਼ਕਤੀ ਨੇ ਆਹਾਲੀਆਬ ਦੀ ਵੀ ਇਸੇ ਤਰ੍ਹਾਂ ਮਦਦ ਕੀਤੀ ਸੀ। ਬਸਲਏਲ ਅਤੇ ਆਹਾਲੀਆਬ ਨੇ ਸਾਰੇ ਕੰਮ ਚੰਗੀ ਤਰ੍ਹਾਂ ਸਿੱਖੇ ਹੋਣੇ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਆਪਣੇ ਕੰਮ ਚੰਗੀ ਤਰ੍ਹਾਂ ਕੀਤੇ ਸਨ, ਸਗੋਂ ਦੂਸਰਿਆਂ ਨੂੰ ਵੀ ਇਹ ਕੰਮ ਕਰਨੇ ਸਿਖਾਏ। ਜੀ ਹਾਂ, ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਨੂੰ ਪ੍ਰੇਰਿਆ ਕਿ ਉਹ ਦੂਸਰਿਆਂ ਨੂੰ ਸਿਖਾਉਣ।

(ਕੂਚ 36:1, 2) ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ। ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਓਹ ਜਾਣਨ ਭਈ ਪਵਿੱਤ੍ਰ ਅਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ। 2 ਫੇਰ ਮੂਸਾ ਨੇ ਬਸਲਏਲ ਅਰ ਆਹਾਲੀਆਬ ਅਰ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਭਈ ਓਹ ਨੇੜੇ ਆਕੇ ਏਹ ਕੰਮ ਕਰਨ।

w11 12/15 19 ਪੈਰਾ 7

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ

7 ਪਵਿੱਤਰ ਸ਼ਕਤੀ ਦੁਆਰਾ ਬਸਲਏਲ ਤੇ ਆਹਾਲੀਆਬ ਦੀ ਮਦਦ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਨ੍ਹਾਂ ਦਾ ਬਣਾਇਆ ਸਾਮਾਨ ਬਹੁਤ ਲੰਬੇ ਸਮੇਂ ਤਕ ਵਧੀਆ ਹਾਲਤ ਵਿਚ ਰਿਹਾ। ਉਨ੍ਹਾਂ ਦਾ ਬਣਾਇਆ ਸਾਮਾਨ ਤਕਰੀਬਨ 500 ਸਾਲ ਤਕ ਇਸਤੇਮਾਲ ਹੁੰਦਾ ਰਿਹਾ। (2 ਇਤ. 1:2-6) ਅੱਜ ਦੇ ਕਾਰੀਗਰਾਂ ਤੋਂ ਉਲਟ ਬਸਲਏਲ ਅਤੇ ਆਹਾਲੀਆਬ ਨੇ ਆਪਣੇ ਕੰਮ ਰਾਹੀਂ ਆਪਣੇ ਆਪ ਨੂੰ ਵਡਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਜੋ ਵੀ ਕੀਤਾ, ਉਸ ਨਾਲ ਯਹੋਵਾਹ ਦੀ ਵਡਿਆਈ ਹੋਈ।—ਕੂਚ 36:1, 2.

ਹੀਰੇ-ਮੋਤੀਆਂ ਦੀ ਖੋਜ ਕਰੋ

(ਕੂਚ 35:1-3) ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਆਖਿਆ, ਏਹ ਗੱਲਾਂ ਹਨ ਜਿਨ੍ਹਾਂ ਦੇ ਕਰਨ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। 2 ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡਾ ਵਿਸਰਾਮ ਦਾ ਪਵਿੱਤ੍ਰ ਸਬਤ ਯਹੋਵਾਹ ਲਈ ਹੋਵੇ। ਜੋ ਕੋਈ ਉਸ ਵਿੱਚ ਕੰਮ ਕਰੇ ਉਹ ਮਾਰਿਆ ਜਾਵੇ। 3 ਤੁਸਾਂ ਆਪਣੇ ਵਾਸਾਂ ਵਿੱਚ ਸਬਤ ਦੇ ਦਿਨ ਅੱਗ ਨਾ ਬਾਲਣੀ।

w05 5/15 23 ਪੈਰਾ 14

ਯਹੋਵਾਹ ਦੇ ਰਾਹਾਂ ਨੂੰ ਜਾਣਨਾ

14 ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ। ਆਪਣੀਆਂ ਲੋੜਾਂ ਪੂਰੀਆਂ ਕਰਦੇ ਹੋਏ ਇਸਰਾਏਲੀਆਂ ਨੂੰ ਯਹੋਵਾਹ ਦੀ ਸੇਵਾ ਕਰਨੀ ਨਹੀਂ ਭੁੱਲਣੀ ਚਾਹੀਦੀ ਸੀ। ਇਸਰਾਏਲੀਆਂ ਨੂੰ ਆਪਣੀ ਜ਼ਿੰਦਗੀ ਸਿਰਫ਼ ਆਪਣੇ ਕੰਮਾਂ ਵਿਚ ਨਹੀਂ ਲਾਉਣੀ ਚਾਹੀਦੀ ਸੀ। ਯਹੋਵਾਹ ਨੇ ਹਫ਼ਤੇ ਦੇ ਇਕ ਦਿਨ ਨੂੰ ਪਵਿੱਤਰ ਠਹਿਰਾਇਆ ਸੀ ਜਿਸ ਦਿਨ ਇਸਰਾਏਲੀਆਂ ਨੂੰ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਸਿਵਾਇ ਹੋਰ ਕੁਝ ਨਹੀਂ ਕਰਨਾ ਚਾਹੀਦਾ ਸੀ। (ਕੂਚ 35:1-3; ਗਿਣਤੀ 15:32-36) ਉਨ੍ਹਾਂ ਨੂੰ ਹਰ ਸਾਲ ਪਵਿੱਤਰ ਪਰਬ ਮਨਾਉਣ ਲਈ ਵੀ ਸਮਾਂ ਕੱਢਣਾ ਚਾਹੀਦਾ ਸੀ। (ਲੇਵੀਆਂ 23:4-44) ਇਨ੍ਹਾਂ ਮੌਕਿਆਂ ਤੇ ਲੋਕਾਂ ਨੂੰ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਤੇ ਉਸ ਦੇ ਰਾਹਾਂ ਬਾਰੇ ਯਾਦ ਕਰਾਇਆ ਜਾਣਾ ਸੀ ਅਤੇ ਉਹ ਯਹੋਵਾਹ ਦੀ ਭਲਾਈ ਲਈ ਉਸ ਦਾ ਧੰਨਵਾਦ ਕਰ ਸਕਦੇ ਸਨ। ਇਸ ਤਰ੍ਹਾਂ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਭੈ ਅਤੇ ਪਿਆਰ ਵਧਣਾ ਸੀ ਅਤੇ ਇਹ ਉਨ੍ਹਾਂ ਦੀ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਵਿਚ ਮਦਦ ਕਰ ਸਕਦਾ ਸੀ। (ਬਿਵਸਥਾ ਸਾਰ 10:12, 13) ਯਹੋਵਾਹ ਦੇ ਸੇਵਕ ਅੱਜ ਇਨ੍ਹਾਂ ਹੁਕਮਾਂ ਵਿਚ ਪਾਏ ਜਾਂਦੇ ਚੰਗੇ ਸਿਧਾਂਤਾਂ ਉੱਤੇ ਚੱਲ ਕੇ ਲਾਭ ਹਾਸਲ ਕਰਦੇ ਹਨ।—ਇਬਰਾਨੀਆਂ 10:24, 25.

(ਕੂਚ 35:21) ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ।

w00 11/1 29 ਪੈਰਾ 2

ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ

ਸੋਚੋ ਕਿ ਇਸਰਾਏਲੀਆਂ ਨੇ ਕਿੱਦਾਂ ਮਹਿਸੂਸ ਕੀਤਾ ਹੋਵੇਗਾ। ਕਈ ਪੀੜ੍ਹੀਆਂ ਤੋਂ ਉਨ੍ਹਾਂ ਨੇ ਗ਼ੁਲਾਮੀ ਅਤੇ ਤੰਗਹਾਲੀ ਦੀ ਬਦਤਰ ਜ਼ਿੰਦਗੀ ਬਿਤਾਈ ਸੀ। ਪਰ ਹੁਣ ਉਹ ਆਜ਼ਾਦ ਸਨ ਤੇ ਉਨ੍ਹਾਂ ਕੋਲ ਚੋਖਾ ਮਾਲ-ਧਨ ਸੀ। ਉਸ ਮਾਲ-ਧਨ ਦਾ ਕੁਝ ਹਿੱਸਾ ਕਿਸੇ ਨੂੰ ਦੇਣ ਲੱਗਿਆਂ ਉਨ੍ਹਾਂ ਨੂੰ ਕਿੱਦਾਂ ਦਾ ਲੱਗ ਸਕਦਾ ਸੀ? ਉਹ ਸੋਚ ਸਕਦੇ ਸੀ ਕਿ ਇਹ ਮਾਲ-ਧਨ ਉਨ੍ਹਾਂ ਨੇ ਕਮਾਇਆ ਸੀ ਤੇ ਇਸ ਨੂੰ ਆਪਣੇ ਕੋਲ ਰੱਖਣ ਦਾ ਉਨ੍ਹਾਂ ਨੂੰ ਅਧਿਕਾਰ ਸੀ। ਪਰ, ਜਦੋਂ ਉਨ੍ਹਾਂ ਨੂੰ ਸੱਚੀ ਭਗਤੀ ਲਈ ਚੰਦਾ ਦੇਣ ਨੂੰ ਕਿਹਾ ਗਿਆ, ਤਾਂ ਉਹ ਨਾ ਤਾਂ ਹਿਚਕਿਚਾਏ ਤੇ ਨਾ ਹੀ ਉਨ੍ਹਾਂ ਨੇ ਕੰਜੂਸੀ ਦਿਖਾਈ! ਉਹ ਇਹ ਗੱਲ ਨਹੀਂ ਭੁੱਲੇ ਕਿ ਯਹੋਵਾਹ ਦੀ ਮਿਹਰ ਨਾਲ ਹੀ ਉਨ੍ਹਾਂ ਨੂੰ ਇਹ ਸਭ ਚੀਜ਼ਾਂ ਮਿਲੀਆਂ ਸਨ। ਇਸ ਲਈ, ਉਨ੍ਹਾਂ ਨੇ ਸੋਨਾ, ਚਾਂਦੀ ਅਤੇ ਆਪਣੇ ਇੱਜੜ ਦਿਲ ਖੋਲ੍ਹ ਕੇ ਦਿੱਤੇ। ਉਨ੍ਹਾਂ ਨੇ “ਮਨ ਦੀ ਭਾਉਣੀ” ਮੁਤਾਬਕ ਦਿੱਤਾ। ਉਨ੍ਹਾਂ ਦੇ “ਮਨਾਂ ਨੇ” ਉਨ੍ਹਾਂ ਨੂੰ ਦੇਣ ਲਈ ਉਕਸਾਇਆ। ਸੱਚੀਂ ਉਹ “ਯਹੋਵਾਹ ਲਈ ਖ਼ੁਸ਼ੀ ਦੀਆਂ ਭੇਟਾਂ ਲਿਆਏ।”—ਕੂਚ 25:1-9; 35:2-9; 35:18-29; 36:1-7.

ਬਾਈਬਲ ਪੜ੍ਹਾਈ

(ਕੂਚ 35:1-24)

26 ਅਕਤੂਬਰ–1 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 37-38

“ਡੇਰੇ ਦੀਆਂ ਜਗਵੇਦੀਆਂ ਅਤੇ ਸੱਚੀ ਭਗਤੀ ਵਿਚ ਉਨ੍ਹਾਂ ਦੀ ਭੂਮਿਕਾ”

(ਕੂਚ 37:25) ਉਸ ਨੇ ਸ਼ਿੱਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ। ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੁੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਙ ਉਸੇ ਤੋਂ ਸਨ।

it-1 82 ਪੈਰਾ 3

ਜਗਵੇਦੀ

ਧੂਪ ਦੀ ਜਗਵੇਦੀ। ਧੂਪ ਦੀ ਜਗਵੇਦੀ (ਜਿਸ ਨੂੰ “ਸੋਨੇ ਦੀ ਜਗਵੇਦੀ” ਵੀ ਕਿਹਾ ਜਾਂਦਾ ਹੈ [ਕੂਚ 39:38]) ਨੂੰ ਕਿੱਕਰ ਦੀ ਲੱਕੜੀ ਨਾਲ ਬਣਾਇਆ ਗਿਆ ਸੀ ਜਿਸ ਦਾ ਉੱਪਰਲਾ ਹਿੱਸਾ ਤੇ ਚਾਰੇ ਪਾਸਿਆਂ ਨੂੰ ਸੋਨੇ ਨਾਲ ਮੜ੍ਹਿਆ ਗਿਆ ਸੀ ਅਤੇ ਉੱਪਰਲੇ ਪਾਸੇ ʼਤੇ ਸੋਨੇ ਦੀ ਬਨੇਰੀ ਬਣਾਈ ਗਈ ਸੀ। ਜਗਵੇਦੀ ਚੌਰਸ ਸੀ ਤੇ ਇਸ ਦੀ ਲੰਬਾਈ ਇਕ ਹੱਥ (44.5 ਸੈਂਟੀਮੀਟਰ [17.5 ਇੰਚ]), ਉਚਾਈ ਦੋ ਹੱਥ (89 ਸੈਂਟੀਮੀਟਰ [2.9 ਫੁੱਟ]) ਅਤੇ ਚਾਰੇ ਕੋਨਿਆਂ ʼਤੇ ਇਕ-ਇਕ ਸਿੰਗ ਸੀ। ਸੋਨੇ ਦੇ ਦੋ ਕੜੇ ਬਣਾਏ ਗਏ ਤਾਂਕਿ ਜਗਵੇਦੀ ਨੂੰ ਚੁੱਕਣ ਲਈ ਡੰਡੇ ਇਨ੍ਹਾਂ ਵਿਚ ਪਾਏ ਜਾ ਸਕਣ। ਇਨ੍ਹਾਂ ਡੰਡਿਆਂ ਨੂੰ ਕਿੱਕਰ ਦੀ ਲੱਕੜੀ ਨਾਲ ਬਣਾਇਆ ਗਿਆ ਸੀ ਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਗਿਆ ਸੀ। ਨਾਲੇ ਇਨ੍ਹਾਂ ਕੜਿਆਂ ਨੂੰ ਜਗਵੇਦੀ ਦੇ ਦੂਸਰੇ ਪਾਸੇ ਬਨੇਰੀ ਦੇ ਹੇਠ ਲਾਇਆ ਗਿਆ ਸੀ। (ਕੂਚ 30:1-5; 37:25-28) ਇਸ ਜਗਵੇਦੀ ʼਤੇ ਹਰ ਰੋਜ਼ ਇਕ ਖ਼ਾਸ ਕਿਸਮ ਦਾ ਧੂਪ ਸਵੇਰੇ-ਸ਼ਾਮ ਧੁਖਾਇਆ ਜਾਂਦਾ ਸੀ। (ਕੂਚ 30:7-9, 34-38) ਕਈ ਥਾਵਾਂ ਤੇ ਧੂਪਦਾਨ ਦੀ ਵਰਤੋਂ ਧੂਪ ਧੁਖਾਉਣ ਲਈ ਕੀਤੀ ਜਾਂਦੀ ਸੀ। ਪਰ ਲੱਗਦਾ ਹੈ ਕਿ ਜਗਵੇਦੀ ʼਤੇ ਧੂਪ ਧੁਖਾਉਣ ਲਈ ਵੀ ਇਸ ਨੂੰ ਵਰਤਿਆ ਜਾਂਦਾ ਸੀ। (ਲੇਵੀ 16:12, 13; ਇਬ 9:4; ਪ੍ਰਕਾ 8:5; 2 ਇਤ 26:16, 19 ਤੁਲਨਾ ਕਰੋ।) ਧੂਪ ਦੀ ਜਗਵੇਦੀ ਨੂੰ ਤੰਬੂ ਵਿਚ ਅੱਤ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਰੱਖਿਆ ਗਿਆ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ “ਸਾਖੀ ਦੇ ਸੰਦੂਕ ਦੇ ਅੱਗੇ” ਸੀ।—ਕੂਚ 30:1, 6; 40:5, 26, 27.

(ਕੂਚ 37:29) ਉਸ ਨੇ ਮਸਹ ਕਰਨ ਦਾ ਪਵਿੱਤ੍ਰ ਤੇਲ ਅਤੇ ਨਿਰੋਲ ਸੁਗੰਧੀ ਧੂਪ ਨੂੰ ਗਾਂਧੀ ਦੇ ਕੰਮ ਅਨੁਸਾਰ ਬਣਾਇਆ।

it-1 1195

ਧੂਪ

ਪਵਿੱਤਰ ਡੇਰੇ ਵਿਚ ਵਰਤਿਆ ਜਾਂਦਾ ਪਵਿੱਤਰ ਧੂਪ ਮਹਿੰਗੀਆਂ ਚੀਜ਼ਾਂ ਨਾਲ ਬਣਾਇਆ ਜਾਂਦਾ ਸੀ। ਇਹ ਚੀਜ਼ਾਂ ਇਜ਼ਰਾਈਲੀ ਦਾਨ ਕਰਦੇ ਸਨ। (ਕੂਚ 25:1, 2, 6; 35:4, 5, 8, 27-29) ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਇਹ ਧੂਪ ਕਿਹੜੀਆਂ ਚਾਰ ਚੀਜ਼ਾਂ ਬਣਾਇਆ ਜਾਣਾ ਚਾਹੀਦਾ ਸੀ। ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੋਬਾਨ— ਏਹ ਇੱਕੋ ਵਜਨ ਦੇ ਹੋਣ। ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ। ਸਲੂਣੀ ਨਿਰੋਲ ਅਤੇ ਪਵਿੱਤ੍ਰ ਹੋਵੇ। ਤੂੰ ਉਸ ਵਿੱਚੋਂ ਕੁਝ ਅੱਤ ਮਹੀਨ ਪੀਹ ਕੇ ਉਹ ਨੂੰ ਸਾਖੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ ਜਿੱਥੇ ਮੈਂ ਤੈਨੂੰ ਮਿਲਾਂਗਾ। ਏਹ ਤੁਹਾਡੇ ਲਈ ਅੱਤ ਪਵਿੱਤ੍ਰ ਹੋਵੇ।” ਫਿਰ ਧੂਪ ਨੂੰ ਵੱਖਰਾ ਅਤੇ ਪਵਿੱਤਰ ਰੱਖਣ ਦੀ ਅਹਿਮੀਅਤ ਨੂੰ ਸਮਝਾਉਣ ਲਈ ਯਹੋਵਾਹ ਨੇ ਅੱਗੇ ਕਿਹਾ: “ਜਿਹੜਾ ਮਨੁੱਖ ਉਸ ਵਾਂਙੁ ਸੁੰਘਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ। ਉਸ ਨੇ ਮਸਹ ਕਰਨ ਦਾ ਪਵਿੱਤ੍ਰ ਤੇਲ ਅਤੇ ਨਿਰੋਲ ਸੁਗੰਧੀ ਧੂਪ ਨੂੰ ਗਾਂਧੀ ਦੇ ਕੰਮ ਅਨੁਸਾਰ ਬਣਾਇਆ।”—ਕੂਚ 30:34-38; 37:29.

(ਕੂਚ 38:1) ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲੱਕੜੀ ਦੀ ਬਣਾਈ। ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੁੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਰ ਉਸ ਦੀ ਉਚਾਈ ਤਿੰਨ ਹੱਥ ਸੀ।

it-1 82 ਪੈਰਾ 1

ਜਗਵੇਦੀ

ਡੇਰੇ ਦੀਆਂ ਜਗਵੇਦੀਆਂ। ਡੇਰਾ ਬਣਾਉਣ ਵੇਲੇ ਪਰਮੇਸ਼ੁਰ ਦੁਆਰਾ ਦਿੱਤੇ ਨਮੂਨੇ ਮੁਤਾਬਕ ਦੋ ਜਗਵੇਦੀਆਂ ਵੀ ਬਣਾਈਆਂ ਗਈਆਂ ਸਨ। ਹੋਮਬਲੀ ਦੀ ਜਗਵੇਦੀ (ਜਿਸ ਨੂੰ “ਪਿੱਤਲ ਦੀ ਜਗਵੇਦੀ” [ਕੂਚ 39:39] ਵੀ ਕਿਹਾ ਜਾਂਦਾ ਹੈ) ਇਹ ਇਕ ਬਕਸੇ ਵਰਗੀ ਸੀ ਜਿਸ ਨੂੰ ਕਿੱਕਰ ਦੀ ਲੱਕੜ ਨਾਲ ਬਣਾਇਆ ਗਿਆ ਸੀ ਅਤੇ ਇਸ ਦਾ ਢੱਕਣ ਤੇ ਥੱਲਾ ਨਹੀਂ ਸੀ। ਇਸ ਦੀ ਲੰਬਾਈ ਅਤੇ ਚੌੜਾਈ 2.2 ਮੀਟਰ (7.3 ਫੁੱਟ) ਸੀ ਅਤੇ ਉਚਾਈ 1.3 ਮੀਟਰ (4.4 ਫੁੱਟ) ਸੀ। ਇਸ ਦੇ ਉਪਰਲੇ ਚਾਰ ਕੋਨਿਆਂ ʼਤੇ “ਸਿੰਙ” ਬਣਾਏ ਗਏ ਸਨ। ਇਸ ਦੇ ਸਾਰੇ ਪਾਸਿਆਂ ਨੂੰ ਤਾਂਬੇ ਨਾਲ ਮੜ੍ਹਿਆ ਗਿਆ ਸੀ। ਇਕ ਤਾਂਬੇ ਦੀ ਜਾਲ਼ੀ ਬਣਾ ਕੇ ਜਗਵੇਦੀ ਦੇ “ਗੱਭੇ” ਲਾਈ ਗਈ ਸੀ। ਚਾਰੇ ਕੋਨਿਆਂ ʼਤੇ ਜਾਲ਼ੀ ਦੇ ਨੇੜੇ ਚਾਰ ਕੜੇ ਲਾਏ ਗਏ। ਲੱਗਦਾ ਹੈ ਕਿ ਇਨ੍ਹਾਂ ਕੜਿਆਂ ਵਿਚ ਕਿੱਕਰ ਦੀ ਲੱਕੜੀ ਦੇ ਡੰਡਿਆਂ ਨੂੰ ਪਾ ਕੇ ਜਗਵੇਦੀ ਨੂੰ ਚੁੱਕਿਆ ਜਾਂਦਾ ਸੀ। ਇਹ ਡੰਡੇ ਤਾਂਬੇ ਨਾਲ ਮੜ੍ਹੇ ਗਏ ਸਨ। ਇਸ ਦਾ ਮਤਲਬ ਹੈ ਕਿ ਜਗਵੇਦੀ ਦੇ ਦੋ ਪਾਸਿਆਂ ਨੂੰ ਕੱਟ ਕੇ ਜਾਲ਼ੀ ਪਾਉਣ ਲਈ ਜਗ੍ਹਾ ਬਣਾਈ ਗਈ ਸੀ ਅਤੇ ਦੋਵੇਂ ਪਾਸਿਆਂ ʼਤੇ ਬਾਹਰ ਨੂੰ ਕੜੇ ਲਾਏ ਗਏ ਸਨ। ਇਸ ਬਾਰੇ ਵਿਦਵਾਨਾਂ ਦੇ ਕਾਫ਼ੀ ਵੱਖੋ-ਵੱਖਰੇ ਵਿਚਾਰ ਹਨ। ਕਈਆਂ ਮੁਤਾਬਕ ਇਨ੍ਹਾਂ ਦੋ ਕੜਿਆਂ ਤੋਂ ਇਲਾਵਾ ਹੋਰ ਕੜੇ ਲਾਏ ਗਏ ਸਨ ਜਿਨ੍ਹਾਂ ਵਿਚ ਡੰਡੇ ਪਾ ਕੇ ਜਗਵੇਦੀ ਨੂੰ ਚੁੱਕਿਆ ਜਾਂਦਾ ਸੀ। ਇਸ ਦੇ ਨਾਲ-ਨਾਲ ਸੁਆਹ ਚੁੱਕਣ ਲਈ ਬਾਲ਼ਟੀਆਂ ਅਤੇ ਬੇਲਚੇ, ਜਾਨਵਰਾਂ ਦਾ ਲਹੂ ਪਾਉਣ ਲਈ ਕੌਲ਼ੀਆਂ ਅਤੇ ਮਾਸ ਚੁੱਕਣ ਲਈ ਕਾਂਟੇ ਅਤੇ ਅੱਗ ਚੁੱਕਣ ਲਈ ਕੜਛੇ ਬਣਾਏ ਗਏ ਸਨ। ਇਹ ਸਭ ਕੁਝ ਤਾਂਬੇ ਦਾ ਬਣਾਇਆ ਗਿਆ ਸੀ।—ਕੂਚ 27:1-8; 38:1-7, 30; ਗਿਣ 4:14.

ਹੀਰੇ-ਮੋਤੀਆਂ ਦੀ ਖੋਜ ਕਰੋ

(ਕੂਚ 37:1) ਬਸਲਏਲ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਹ ਦੀ ਲੰਬਾਈ ਢਾਈ ਹੱਥ ਚੁੜਾਈ ਡੁਢ ਹੱਥ ਅਤੇ ਉਚਾਈ ਡੂਢ ਹੱਥ ਸੀ।

(ਕੂਚ 37:10) ਉਸ ਨੇ ਸ਼ਿੱਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈ। ਉਸ ਦੀ ਲੰਬਾਈ ਦੋ ਹੱਥ ਅਰ ਉਸ ਦੀ ਚੁੜਾਈ ਇੱਕ ਹੱਥ ਅਰ ਉਸ ਦੀ ਉਚਾਈ ਡੂਢ ਹੱਥ ਸੀ।

(ਕੂਚ 37:25) ਉਸ ਨੇ ਸ਼ਿੱਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ। ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੁੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਙ ਉਸੇ ਤੋਂ ਸਨ।

it-1 36

ਕਿੱਕਰ ਦਾ ਦਰਖ਼ਤ

ਕਿੱਕਰ ਦੀਆਂ ਟਾਹਣੀਆਂ ਕਾਫ਼ੀ ਫੈਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ʼਤੇ ਲੰਬੇ-ਲੰਬੇ ਕੰਢੇ ਲੱਗੇ ਹੁੰਦੇ ਹਨ। ਅਕਸਰ ਇਸ ਦੀਆਂ ਟਾਹਣੀਆਂ ਨੇੜਲੇ ਕਿੱਕਰ ਦੇ ਦਰਖ਼ਤਾਂ ਵਿਚ ਫਸ ਕੇ ਇਕ ਗੁੰਝਲਦਾਰ ਝਾੜ ਬਣਾ ਲੈਂਦੀਆਂ ਹਨ। ਇਸ ਲਈ ਬਾਈਬਲ ਵਿਚ ਕਈ ਥਾਵਾਂ ʼਤੇ ਹਰ ਵਾਰ ਕਿੱਕਰ ਲਈ ਬਹੁਵਚਨ ਸ਼ਬਦ ਸ਼ਿੱਟੀਮ ਵਰਤਿਆ ਗਿਆ ਹੈ। ਕਿੱਕਰ ਦਾ ਦਰਖ਼ਤ 6 ਤੋਂ 8 ਮੀਟਰ (20 ਤੋਂ 26 ਫੁੱਟ) ਉੱਚਾ ਵਧ ਸਕਦਾ ਹੈ, ਪਰ ਇਹ ਅਕਸਰ ਝਾੜ ਵਰਗਾ ਦਿਖਾਈ ਦਿੰਦਾ ਹੈ। ਇਸ ਦੇ ਪੱਤੇ ਖੰਭਾਂ ਵਰਗੇ ਮੁਲਾਇਮ ਹੁੰਦੇ ਹਨ ਅਤੇ ਇਸ ਨੂੰ ਖ਼ੁਸ਼ਬੂਦਾਰ ਪੀਲੇ ਰੰਗ ਦੇ ਫੁੱਲ ਲੱਗਦੇ ਹਨ ਜੋ ਤੁੱਕਿਆਂ ਦੇ ਰੂਪ ਵਿੱਚ ਫਲਦੇ ਹਨ। ਇਸ ਦਰਖ਼ਤ ਦੀ ਸੱਕ ਕਾਲੇ ਰੰਗ ਦੀ ਤੇ ਖੁਰਦਰੀ ਹੁੰਦੀ ਹੈ। ਇਸ ਦੀ ਲੱਕੜ ਸਖ਼ਤ ਤੇ ਭਾਰੀ ਹੁੰਦੀ ਹੈ ਤੇ ਇਸ ਨੂੰ ਕੀੜਾ ਨਹੀਂ ਲੱਗਦਾ। ਕਿੱਕਰ ਦੇ ਦਰਖ਼ਤ ਵਿਚ ਇਹ ਸਾਰੀਆਂ ਖ਼ਾਸੀਅਤਾਂ ਸਨ ਅਤੇ ਇਹ ਉਜਾੜ ਵਿਚ ਵੀ ਆਸਾਨੀ ਨਾਲ ਮਿਲ ਜਾਂਦਾ ਸੀ ਜਿਸ ਕਰਕੇ ਇਸ ਦੀ ਲੱਕੜ ਨੂੰ ਡੇਰਾ ਅਤੇ ਇਸ ਦੀਆਂ ਚੀਜ਼ਾਂ ਬਣਾਉਣ ਲਈ ਵਰਤਣਾ ਬਿਲਕੁਲ ਸਹੀ ਸੀ। ਇਸ ਦੀ ਲੱਕੜ ਤੋਂ ਨੇਮ ਦਾ ਸੰਦੂਕ (ਕੂਚ 25:10; 37:1), ਚੜ੍ਹਾਵੇ ਦੀਆਂ ਰੋਟੀਆਂ ਵਾਲਾ ਮੇਜ਼ (ਕੂਚ 25:23; 37:10), ਜਗਵੇਦੀਆਂ (ਕੂਚ 27:1; 37:25; 38:1), ਇਨ੍ਹਾਂ ਚੀਜ਼ਾਂ ਨੂੰ ਚੁੱਕਣ ਲਈ ਚੋਬਾਂ ਯਾਨੀ ਡੰਡੇ (ਕੂਚ 25:13, 28; 27:6; 30:5; 37:4, 15, 28; 38:6), ਓਟ ਯਾਨੀ ਪਰਦੇ ਲਈ ਥੰਮ੍ਹੀਆਂ (ਕੂਚ 26:32, 37; 36:36), ਫੱਟੇ (ਕੂਚ 26:15; 36:20) ਅਤੇ ਜੋੜਨ ਲਈ ਹੋੜੇ (ਕੂਚ 26:26; 36:31) ਬਣਾਏ ਗਏ ਸਨ।

(ਕੂਚ 38:8) ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵੱਜੇ ਦੀਆਂ ਸੇਵਾ ਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ।

w15 4/1 15 ਪੈਰਾ 4

ਕੀ ਤੁਸੀਂ ਜਾਣਦੇ ਹੋ?

ਬਾਈਬਲ ਦੇ ਜ਼ਮਾਨੇ ਵਿਚ ਸ਼ੀਸ਼ੇ ਧਾਤ ਦੇ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਅਕਸਰ ਕਾਂਸੀ ਨਾਲ ਚਮਕਾਇਆ ਜਾਂਦਾ ਸੀ, ਪਰ ਸੰਭਵ ਹੈ ਕਿ ਇਨ੍ਹਾਂ ਨੂੰ ਚਮਕਾਉਣ ਲਈ ਤਾਂਬਾ, ਚਾਂਦੀ, ਸੋਨਾ ਜਾਂ ਸੋਨੇ-ਚਾਂਦੀ ਦੀ ਇਕ ਮਿਸ਼੍ਰਿਤ ਧਾਤ ਵੀ ਵਰਤੀ ਜਾਂਦੀ ਸੀ। ਪਰ ਇਹ ਸ਼ੀਸ਼ੇ ਅੱਜ ਦੇ ਜ਼ਮਾਨੇ ਦੇ ਸ਼ੀਸ਼ਿਆਂ ਵਰਗੇ ਨਹੀਂ ਹੁੰਦੇ ਸਨ। ਬਾਈਬਲ ਵਿਚ ਸ਼ੀਸ਼ਿਆਂ ਦਾ ਪਹਿਲੀ ਵਾਰ ਜ਼ਿਕਰ ਡੇਰੇ ਦੀ ਉਸਾਰੀ ਵੇਲੇ ਕੀਤਾ ਗਿਆ ਹੈ। ਇਹ ਡੇਰਾ ਇਜ਼ਰਾਈਲੀਆਂ ਲਈ ਭਗਤੀ ਦੀ ਮੁੱਖ ਥਾਂ ਸੀ। ਤਾਂਬੇ ਦਾ ਹੌਦ ਤੇ ਇਸ ਦੀ ਚੌਂਕੀ ਤਿਆਰ ਕਰਨ ਲਈ ਔਰਤਾਂ ਵੱਲੋਂ ਦਾਨ ਕੀਤੇ ਧਾਤ ਦੇ ਸ਼ੀਸ਼ੇ ਵਰਤੇ ਗਏ ਸਨ। (ਕੂਚ 38:8) ਸੰਭਵ ਹੈ ਕਿ ਇਨ੍ਹਾਂ ਨੂੰ ਬਣਾਉਣ ਲਈ ਸ਼ੀਸ਼ਿਆਂ ਨੂੰ ਪਿਘਲਾਇਆ ਜਾਂਦਾ ਸੀ।

ਬਾਈਬਲ ਪੜ੍ਹਾਈ

(ਕੂਚ 37:1-24)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ