ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 1/8 ਸਫ਼ੇ 14-16
  • ਚੰਗੀ ਹਜਾਮਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਚੰਗੀ ਹਜਾਮਤ
  • ਜਾਗਰੂਕ ਬਣੋ!—2000
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਿੱਪੀਆਂ ਤੋਂ ਡਿਸਪੋਸਬਲ ਰੇਜ਼ਰਾਂ ਤਕ ਦਾ ਸਫ਼ਰ
  • ਦਾੜ੍ਹੀ ਰੱਖਣ ਦਾ ਆਉਂਦਾ-ਜਾਂਦਾ ਰਿਵਾਜ
  • ਬਿੱਲੀ ਦੀਆਂ ਮੁੱਛਾਂ ਦੇ ਫ਼ਾਇਦੇ
    ਜਾਗਰੂਕ ਬਣੋ!—2015
  • ਕੀ ਤੁਹਾਨੂੰ ਆਪਣੇ ਵਾਲਾਂ ਦੀ ਚਿੰਤਾ ਹੈ?
    ਜਾਗਰੂਕ ਬਣੋ!—2003
  • ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ
    ਜਾਗਰੂਕ ਬਣੋ!—2001
ਜਾਗਰੂਕ ਬਣੋ!—2000
g00 1/8 ਸਫ਼ੇ 14-16

ਚੰਗੀ ਹਜਾਮਤ

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਜੇ ਇਕ ਆਦਮੀ ਰੋਜ਼ ਸ਼ੇਵ ਕਰਨ ਜਾਂ ਚਿਹਰੇ ਦੀ ਹਜਾਮਤ ਕਰਨ ਵਿਚ ਪੰਜ ਮਿੰਟ ਲਗਾਉਂਦਾ ਹੈ ਅਤੇ ਜੇ ਉਹ 50 ਸਾਲਾਂ ਤਕ ਰੋਜ਼ ਇਸੇ ਤਰ੍ਹਾਂ ਕਰਦਾ ਹੈ, ਤਾਂ ਉਸ ਨੇ ਆਪਣੀ ਜ਼ਿੰਦਗੀ ਦੇ ਲਗਭਗ 63 ਦਿਨ ਸ਼ੇਵ ਕਰਨ ਵਿਚ ਲਗਾਏ ਹੋਣਗੇ! ਇਸ ਨਿੱਤ-ਨੇਮ ਬਾਰੇ ਆਦਮੀ ਕੀ ਕਹਿੰਦੇ ਹਨ?

ਹਾਲ ਹੀ ਵਿਚ ਕੀਤੇ ਗਏ ਇਕ ਗ਼ੈਰ-ਰਸਮੀ ਸਰਵੇਖਣ ਵਿਚ ਆਦਮੀਆਂ ਨੇ ਸ਼ੇਵ ਕਰਨ ਬਾਰੇ ਕਿਹਾ: “ਮੈਨੂੰ ਸ਼ੇਵ ਕਰਨੀ ਬਿਲਕੁਲ ਪਸੰਦ ਨਹੀਂ।” “ਮੈਨੂੰ ਸ਼ੇਵ ਕਰਨ ਨਾਲ ਨਫ਼ਰਤ ਹੈ।” “ਰੋਜ਼-ਰੋਜ਼ ਦਾ ਝੰਜਟ ਹੈ।” “ਲੋੜ ਨਾ ਹੋਣ ਤੇ ਮੈਂ ਸ਼ੇਵ ਨਹੀਂ ਕਰਦਾ।” ਜੇ ਆਦਮੀ ਇਸ ਬਾਰੇ ਇੱਦਾਂ ਸੋਚਦੇ ਹਨ, ਤਾਂ ਉਹ ਸ਼ੇਵ ਕਰਦੇ ਹੀ ਕਿਉਂ ਹਨ? ਆਓ ਪਹਿਲਾਂ ਸ਼ੇਵ ਕਰਨ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲਈਏ। ਇਸ ਨਾਲ ਸ਼ਾਇਦ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇ।

ਸਿੱਪੀਆਂ ਤੋਂ ਡਿਸਪੋਸਬਲ ਰੇਜ਼ਰਾਂ ਤਕ ਦਾ ਸਫ਼ਰ

ਕੀ ਤੁਸੀਂ ਸਿੱਪੀ ਨਾਲ ਸ਼ੇਵ ਕਰਨ ਦੀ ਕਦੀ ਕਲਪਨਾ ਕੀਤੀ ਹੈ? ਜਾਂ ਸ਼ਾਰਕ ਦੇ ਦੰਦ ਨਾਲ? ਜਾਂ ਸ਼ਾਇਦ ਪੱਥਰ ਦੇ ਇਕ ਤਿੱਖੇ ਟੁਕੜੇ ਨਾਲ? ਸ਼ੇਵ ਕਰਨ ਲਈ ਚੀਜ਼ਾਂ ਚੁਣਨ ਵਿਚ ਮਨੁੱਖਾਂ ਨੇ ਬਹੁਤ ਹੀ ਮਹਾਰਤ ਦਿਖਾਈ ਹੈ! ਪ੍ਰਾਚੀਨ ਮਿਸਰ ਵਿਚ ਆਦਮੀ ਤਾਂਬੇ ਦੇ ਉਸਤਰੇ ਇਸਤੇਮਾਲ ਕਰਦੇ ਸਨ ਜਿਨ੍ਹਾਂ ਦੀ ਸ਼ਕਲ ਇਕ ਛੋਟੀ ਜਿਹੀ ਕੁਹਾੜੀ ਵਰਗੀ ਹੁੰਦੀ ਸੀ। ਅਠਾਰਵੀਂ ਤੇ ਉੱਨੀਵੀਂ ਸਦੀ ਵਿਚ ਇੰਗਲੈਂਡ ਦੇ ਸ਼ੇਫੀਲਡ ਸ਼ਹਿਰ ਵਿਚ ਇਕ ਖ਼ਾਸ ਕਿਸਮ ਦੇ ਬਹੁਤ ਹੀ ਤਿੱਖੇ ਉਸਤਰੇ ਬਣਾਏ ਗਏ। ਇਨ੍ਹਾਂ ਦਾ ਨਾਂ ਕੱਟਥ੍ਰੋਟ ਸੀ। ਇਹ ਉਸਤਰੇ ਅਕਸਰ ਵੰਨ-ਸੁਵੰਨੇ ਡੀਜ਼ਾਈਨਾਂ ਦੇ ਹੁੰਦੇ ਸਨ ਅਤੇ ਜਦੋਂ ਇਨ੍ਹਾਂ ਨੂੰ ਵਰਤਿਆ ਨਹੀਂ ਜਾਂਦਾ ਸੀ, ਤਾਂ ਬਲੇਡ ਨੂੰ ਮੋੜ ਕੇ ਇਸ ਦੇ ਹੈਂਡਲ ਵਿਚ ਪਾ ਦਿੱਤਾ ਜਾਂਦਾ ਸੀ। ਇਸ ਉਸਤਰੇ ਨੂੰ ਬਹੁਤ ਹੀ ਧਿਆਨ ਨਾਲ ਵਰਤਿਆ ਜਾਂਦਾ ਸੀ। ਇਸ ਨਾਲ ਹਜਾਮਤ ਕਰਨੀ ਸਿੱਖਦੇ ਵੇਲੇ ਬਹੁਤ ਚੀਰੇ ਆਉਂਦੇ ਸਨ ਤੇ ਖ਼ੂਨ ਨਿਕਲਦਾ ਸੀ। ਜਿਹੜਾ ਇਸ ਨੂੰ ਵਰਤਣ ਵਿਚ ਮਾਹਰ ਨਹੀਂ ਸੀ, ਉਸ ਲਈ ਸ਼ੁਰੂ-ਸ਼ੁਰੂ ਵਿਚ ਇਸ ਨਾਲ ਹਜਾਮਤ ਕਰਨੀ ਬਹੁਤ ਦੁਖਦਾਈ ਰਹੀ ਹੋਣੀ। ਪਰ 20ਵੀਂ ਸਦੀ ਵਿਚ ਆਦਮੀਆਂ ਨੂੰ ਕਾਫ਼ੀ ਰਾਹਤ ਮਿਲੀ।

ਸਾਲ 1901 ਵਿਚ ਅਮਰੀਕਾ ਦੇ ਕਿੰਗ ਕੈਂਪ ਜਿਲੈਟ ਨਾਂ ਦੇ ਇਕ ਆਦਮੀ ਨੇ ਸੇਫ਼ਟੀ ਰੇਜ਼ਰ ਦੀ ਕਾਢ ਕੱਢੀ ਜਿਸ ਦਾ ਬਲੇਡ ਬਦਲਿਆ ਜਾ ਸਕਦਾ ਸੀ। ਪੂਰੀ ਦੁਨੀਆਂ ਵਿਚ ਉਸ ਦਾ ਰੇਜ਼ਰ ਮਸ਼ਹੂਰ ਹੋ ਗਿਆ ਅਤੇ ਬਾਅਦ ਵਿਚ ਵੰਨ-ਸੁਵੰਨੇ ਡੀਜ਼ਾਈਨਾਂ ਦੇ ਰੇਜ਼ਰ ਬਣਾਏ ਗਏ। ਕਈ ਰੇਜ਼ਰਾਂ ਦੇ ਹੈਂਡਲਾਂ ਉੱਤੇ ਸੋਨੇ ਜਾਂ ਚਾਂਦੀ ਦਾ ਪਾਣੀ ਚੜ੍ਹਾਇਆ ਹੁੰਦਾ ਸੀ। ਹੁਣ ਹਾਲ ਹੀ ਵਿਚ ਅਜਿਹੇ ਰੇਜ਼ਰ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਕੁਝ ਦਿਨ ਵਰਤ ਕੇ ਸੁੱਟਿਆ ਜਾ ਸਕਦਾ ਹੈ। ਕਈ ਰੇਜ਼ਰਾਂ ਵਿਚ ਦੋ ਜਾਂ ਤਿੰਨ ਬਲੇਡ ਲੱਗੇ ਹੁੰਦੇ ਹਨ ਅਤੇ ਕਈ ਰੇਜ਼ਰਾਂ ਦੇ ਬਲੇਡ ਘੁੰਮਣਯੋਗ ਹੁੰਦੇ ਹਨ।

ਸਾਨੂੰ ਇਲੈਕਟ੍ਰਿਕ ਰੇਜ਼ਰ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੋ 1931 ਵਿਚ ਪਹਿਲੀ ਵਾਰ ਬਾਜ਼ਾਰ ਵਿਚ ਵਿੱਕਰੀ ਲਈ ਆਇਆ ਸੀ। ਇਸ ਦੀ ਕੁਸ਼ਲਤਾ ਤੇ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ, ਪਰ ਕਈ ਆਦਮੀ ਅਜੇ ਵੀ ਤੇਜ਼ ਧਾਰ ਵਾਲੇ ਬਲੇਡ ਪਸੰਦ ਕਰਦੇ ਹਨ ਜਿਸ ਨਾਲ ਵਧੀਆ ਸ਼ੇਵ ਹੁੰਦੀ ਹੈ।

ਦਾੜ੍ਹੀ ਰੱਖਣ ਦਾ ਆਉਂਦਾ-ਜਾਂਦਾ ਰਿਵਾਜ

ਸਦੀਆਂ ਤੋਂ ਆਦਮੀ ਦਾੜ੍ਹੀ ਕੱਟਦਾ-ਰੱਖਦਾ ਆਇਆ ਹੈ। ਪ੍ਰਾਚੀਨ ਮਿਸਰ ਵਿਚ ਰੋਜ਼ਾਨਾ ਜ਼ਿੰਦਗੀ (ਅੰਗ੍ਰੇਜ਼ੀ) ਨਾਮਕ ਕਿਤਾਬ ਦੱਸਦੀ ਹੈ ਕਿ ਪ੍ਰਾਚੀਨ ਮਿਸਰੀ “ਆਪਣੇ ਸਰੀਰ ਉੱਤੇ ਵਾਲ ਨਹੀਂ ਰੱਖਦੇ ਸਨ ਤੇ ਉਹ ਹਜਾਮਤ ਕਰਨ ਵਿਚ ਮਾਣ ਮਹਿਸੂਸ ਕਰਦੇ ਸਨ। ਉਹ ਵਧੀਆ ਕਿਸਮ ਦੇ ਉਸਤਰੇ ਇਸਤੇਮਾਲ ਕਰਦੇ ਸਨ ਜਿਨ੍ਹਾਂ ਨੂੰ ਉਹ ਚਮੜੇ ਦੇ ਸੋਹਣੇ-ਸੋਹਣੇ ਬੈਗਾਂ ਵਿਚ ਰੱਖਦੇ ਸਨ।” ਸ਼ਾਇਦ ਉਨ੍ਹਾਂ ਦੇ ਇਸ ਰਿਵਾਜ ਕਰਕੇ ਹੀ ਇਬਰਾਨੀ ਕੈਦੀ, ਯੂਸੁਫ਼ ਨੂੰ ਫ਼ਿਰਊਨ ਦੇ ਸਾਮ੍ਹਣੇ ਲਿਆਉਣ ਤੋਂ ਪਹਿਲਾਂ ਉਸ ਦੀ ਹਜਾਮਤ ਕੀਤੀ ਗਈ ਸੀ।​—ਉਤਪਤ 41:14.

ਅੱਸ਼ੂਰੀ ਆਦਮੀ ਬੜੀ ਸ਼ਾਨ ਨਾਲ ਦਾੜ੍ਹੀ ਰੱਖਦੇ ਸਨ। ਉਨ੍ਹਾਂ ਨੂੰ ਆਪਣੀ ਦਾੜ੍ਹੀ ਤੇ ਬੜਾ ਮਾਣ ਸੀ ਤੇ ਉਹ ਆਪਣੀ ਦਾੜ੍ਹੀ ਦੀ ਹੱਦੋਂ-ਵੱਧ ਦੇਖ-ਭਾਲ ਕਰਦੇ ਸੀ। ਉਹ ਇਨ੍ਹਾਂ ਵਿਚ ਕੁੰਡਲ ਪਾਉਂਦੇ ਸਨ, ਉਨ੍ਹਾਂ ਨੂੰ ਗੁੰਦਦੇ ਸਨ ਤੇ ਅਲੱਗ-ਅਲੱਗ ਤਰੀਕਿਆਂ ਨਾਲ ਵਾਹੁੰਦੇ ਸਨ।

ਪੁਰਾਣੇ ਸਮੇਂ ਦੇ ਇਸਰਾਏਲੀ ਆਦਮੀ ਠੀਕ-ਠੀਕ ਲੰਬਾਈ ਦੀ ਦਾੜ੍ਹੀ ਰੱਖਦੇ ਸਨ ਤੇ ਉਹ ਦਾੜ੍ਹੀ ਦੀ ਖਤ ਕਰਨ ਲਈ ਉਸਤਰੇ ਇਸਤੇਮਾਲ ਕਰਦੇ ਸਨ। ਤਾਂ ਫਿਰ ਬਿਵਸਥਾ ਵਿਚ ਇਸਰਾਏਲੀ ਆਦਮੀਆਂ ਨੂੰ ‘ਆਪਣਿਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਵਾਣ’ ਜਾਂ ‘ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਨਾ ਵਿਗਾੜਣ’ ਦਾ ਹੁਕਮ ਕਿਉਂ ਦਿੱਤਾ ਗਿਆ ਸੀ? ਇਹ ਵਾਲ ਜਾਂ ਦਾੜ੍ਹੀ ਨੂੰ ਕਟਵਾਉਣ ਦੇ ਵਿਰੁੱਧ ਹੁਕਮ ਨਹੀਂ ਸੀ। ਬਲਕਿ ਇਸ ਨਾਲ ਇਸਰਾਏਲੀ ਆਦਮੀਆਂ ਨੂੰ ਝੂਠੇ ਧਰਮਾਂ ਨੂੰ ਮੰਨਣ ਵਾਲੀਆਂ ਗੁਆਂਢੀ ਕੌਮਾਂ ਦੇ ਧਾਰਮਿਕ ਰੀਤੀ-ਰਿਵਾਜਾਂ ਦੀ ਰੀਸ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ।a​—ਲੇਵੀਆਂ 19:27; ਯਿਰਮਿਯਾਹ 9:25, 26; 25:23; 49:32.

ਪ੍ਰਾਚੀਨ ਯੂਨਾਨੀ ਸਮਾਜ ਵਿਚ ਆਮ ਤੌਰ ਤੇ ਸਾਰੇ ਆਦਮੀ ਦਾੜ੍ਹੀਆਂ ਰੱਖਦੇ ਸਨ। ਪਰ ਵੱਡੇ-ਵੱਡੇ ਘਰਾਣਿਆਂ ਵਿਚ ਆਦਮੀ ਦਾੜ੍ਹੀਆਂ ਨਹੀਂ ਰੱਖਦੇ ਸਨ। ਉਹ ਆਪਣੇ ਚਿਹਰੇ ਦੀ ਹਜਾਮਤ ਕਰਦੇ ਸਨ। ਲੱਗਦਾ ਹੈ ਕਿ ਰੋਮ ਵਿਚ ਚਿਹਰੇ ਦੀ ਹਜਾਮਤ ਕਰਨ ਦਾ ਰਿਵਾਜ ਦੂਸਰੀ ਸਦੀ ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ ਅਤੇ ਇਸ ਤੋਂ ਬਾਅਦ ਕਈ ਸਦੀਆਂ ਤਕ ਇਹ ਰਿਵਾਜ ਚੱਲਦਾ ਰਿਹਾ।

ਪਰ ਰੋਮੀ ਸਾਮਰਾਜ ਦੇ ਡਿੱਗ ਜਾਣ ਨਾਲ ਦਾੜ੍ਹੀ ਰੱਖਣ ਦਾ ਰਿਵਾਜ ਇਕ ਵਾਰ ਫਿਰ ਸ਼ੁਰੂ ਹੋ ਗਿਆ ਅਤੇ ਅਗਲੇ 1000 ਸਾਲ ਤਕ ਜਾਰੀ ਰਿਹਾ। 17ਵੀਂ ਸਦੀ ਦੇ ਦੂਜੇ ਅੱਧ ਵਿਚ ਹਜਾਮਤ ਕਰਨ ਦਾ ਰਿਵਾਜ ਫਿਰ ਸ਼ੁਰੂ ਹੋ ਗਿਆ। ਪੂਰੀ 18ਵੀਂ ਸਦੀ ਵਿਚ ਦਾੜ੍ਹੀ ਨਾ ਰੱਖਣ ਦਾ ਰਿਵਾਜ ਰਿਹਾ। ਪਰ ਫਿਰ 19ਵੀਂ ਸਦੀ ਦੇ ਮੱਧ ਤੋਂ ਲੈ ਕੇ ਸਦੀ ਦੇ ਅਖ਼ੀਰ ਤਕ ਦੁਬਾਰਾ ਦਾੜ੍ਹੀ ਰੱਖਣ ਦਾ ਰਿਵਾਜ ਸ਼ੁਰੂ ਹੋ ਗਿਆ। ਇਸ ਲਈ ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ, ਸੀ. ਟੀ. ਰਸਲ ਤੇ ਉਸ ਦੇ ਮਸੀਹੀ ਸਾਥੀ ਡਬਲਯੂ. ਈ. ਵੈਨ ਐਮਬਰਗ ਦੀਆਂ ਫ਼ੋਟੋਆਂ ਵਿਚ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਉਸ ਸਮੇਂ ਦੇ ਰਿਵਾਜ ਮੁਤਾਬਕ ਚੰਗੀ ਤਰ੍ਹਾਂ ਖਤ ਕੀਤੀਆਂ ਹੋਈਆਂ ਫ਼ੈਸ਼ਨਦਾਰ ਦਾੜ੍ਹੀਆਂ ਰੱਖੀਆਂ ਹੋਈਆਂ ਸਨ। ਪਰ 20ਵੀਂ ਸਦੀ ਦੇ ਸ਼ੁਰੂ ਵਿਚ ਚਿਹਰੇ ਦੀ ਹਜਾਮਤ ਕਰਨ ਦਾ ਰਿਵਾਜ ਫਿਰ ਮਸ਼ਹੂਰ ਹੋ ਗਿਆ ਜੋ ਅੱਜ ਤਕ ਜ਼ਿਆਦਾਤਰ ਦੇਸ਼ਾਂ ਵਿਚ ਪ੍ਰਚਲਿਤ ਹੈ।

ਕੀ ਤੁਸੀਂ ਵੀ ਉਨ੍ਹਾਂ ਕਰੋੜਾਂ ਆਦਮੀਆਂ ਵਿੱਚੋਂ ਇਕ ਹੋ ਜਿਹੜੇ ਹਰ ਰੋਜ਼ ਸ਼ੀਸ਼ੇ ਦੇ ਸਾਮ੍ਹਣੇ ਸ਼ੇਵ ਕਰਨ ਲਈ ਬਲੇਡ ਇਸਤੇਮਾਲ ਕਰਦੇ ਹਨ? ਜੇ ਹਾਂ, ਤਾਂ ਤੁਸੀਂ ਜ਼ਰੂਰ ਚਾਹੋਗੇ ਕਿ ਸ਼ੇਵ ਕਰਦੇ ਸਮੇਂ ਦੁੱਖ ਨਾ ਲੱਗੇ, ਖ਼ੂਨ ਨਾ ਨਿਕਲੇ ਤੇ ਸ਼ੇਵ ਚੰਗੇ ਤਰੀਕੇ ਨਾਲ ਹੋਵੇ। ਇਸ ਲਈ ਤੁਹਾਨੂੰ “ਬਲੇਡ ਨਾਲ ਸ਼ੇਵ ਕਰਨ ਸੰਬੰਧੀ ਕੁਝ ਸੁਝਾਅ” ਨਾਮਕ ਡੱਬੀ ਵਿਚ ਦਿੱਤੇ ਗਏ ਸੁਝਾਵਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਸ਼ਾਇਦ ਤੁਸੀਂ ਇਨ੍ਹਾਂ ਵਿੱਚੋਂ ਕੁਝ ਸੁਝਾਵਾਂ ਉੱਤੇ ਪਹਿਲਾਂ ਤੋਂ ਹੀ ਅਮਲ ਕਰ ਰਹੇ ਹੋ। ਪਰ ਜੋ ਵੀ ਹੈ—ਚੰਗੀ ਤਰ੍ਹਾਂ ਨਾਲ ਸ਼ੇਵ ਕਰਨ ਦਾ ਆਨੰਦ ਮਾਣੋ!

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਦੇ ਪਹਿਲੇ ਖੰਡ ਦੇ ਸਫ਼ੇ 266 ਤੇ 1021 ਦੇਖੋ।

[ਸਫ਼ਾ 15 ਉੱਤੇ ਡੱਬੀ/​ਤਸਵੀਰਾਂ]

ਬਲੇਡ ਨਾਲ ਸ਼ੇਵ ਕਰਨ ਸੰਬੰਧੀ ਕੁਝ ਸੁਝਾਅ

ਕਿਤਾਬ ਆਦਮੀਆਂ ਦੇ ਵਾਲ (ਅੰਗ੍ਰੇਜ਼ੀ) ਬਲੇਡ ਨਾਲ ਚੰਗੀ ਤਰ੍ਹਾਂ ਸ਼ੇਵ ਕਰਨ ਸੰਬੰਧੀ ਕੁਝ ਸੁਝਾਅ ਦਿੰਦੀ ਹੈ।b

1. ਆਪਣੇ ਦਾੜ੍ਹੀ-ਮੁੱਛਾਂ ਦੇ ਵਾਲਾਂ ਨੂੰ ਨਰਮ ਕਰਨਾ: ਚਿਹਰੇ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਨਰਮ ਕਰਨ ਦਾ ਇੱਕੋ-ਇਕ ਤਰੀਕਾ ਹੈ ਆਪਣੇ ਚਿਹਰੇ ਤੇ ਬਹੁਤ ਸਾਰਾ ਗਰਮ ਪਾਣੀ ਲਾਉਣਾ। ਜੇ ਹੋ ਸਕੇ, ਤਾਂ ਨਹਾਉਣ ਤੋਂ ਬਾਅਦ ਸ਼ੇਵ ਕਰੋ ਕਿਉਂਕਿ ਨਹਾਉਂਦੇ ਵੇਲੇ ਪਾਣੀ ਨਾਲ ਵਾਲ ਜ਼ਿਆਦਾ ਨਰਮ ਹੋ ਜਾਂਦੇ ਹਨ।

2. ਸ਼ੇਵ ਕਰਨ ਤੋਂ ਪਹਿਲਾਂ ਚਿਹਰੇ ਤੇ ਕੁਝ ਲਗਾਉਣਾ: ਵੱਖਰੇ-ਵੱਖਰੇ ਸਾਬਣਾਂ, ਕ੍ਰੀਮਾਂ ਅਤੇ ਜੈੱਲ ਵਰਤਣ ਨਾਲ ਤਿੰਨ ਜ਼ਰੂਰੀ ਕੰਮ ਹੁੰਦੇ ਹਨ। (1) ਇਹ ਨਮੀ ਨੂੰ ਵਾਲਾਂ ਦੇ ਅੰਦਰ ਹੀ ਰੱਖਦੇ ਹਨ। (2) ਇਹ ਵਾਲਾਂ ਨੂੰ ਸਿੱਧਾ ਰੱਖਦੇ ਹਨ ਅਤੇ (3) ਇਹ ਚਮੜੀ ਨੂੰ ਮੁਲਾਇਮ ਬਣਾਉਂਦੇ ਹਨ, ਤਾਂਕਿ ਰੇਜ਼ਰ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇ। ਉਹੀ ਕ੍ਰੀਮ ਜਾਂ ਜੈੱਲ ਵਰਤੋ ਜਿਸ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ। ਕੀ ਤੁਸੀਂ ਕਦੀ ਹੇਅਰ ਕੰਡੀਸ਼ਨਰ ਵਰਤਿਆ ਹੈ? ਇਹ ਵੀ ਵਾਲਾਂ ਨੂੰ ਨਰਮ ਕਰਨ ਲਈ ਬਣਾਇਆ ਗਿਆ ਹੈ।

3. ਸਹੀ ਰੇਜ਼ਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ: ਤਿੱਖਾ ਰੇਜ਼ਰ ਸਹੀ ਰੇਜ਼ਰ ਹੁੰਦਾ ਹੈ। ਖੁੰਢੇ ਰੇਜ਼ਰ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਸੇ ਪਾਸੇ ਨੂੰ ਸ਼ੇਵ ਕਰੋ ਜਿਸ ਪਾਸੇ ਨੂੰ ਵਾਲ ਉੱਗਦੇ ਹਨ। ਵਾਲਾਂ ਤੋਂ ਉਲਟ ਪਾਸੇ ਨੂੰ ਰੇਜ਼ਰ ਚਲਾਉਣ ਨਾਲ ਸ਼ੇਵ ਤਾਂ ਵਧੀਆ ਹੋਵੇਗੀ, ਪਰ ਇਸ ਨਾਲ ਵਾਲ ਚਮੜੀ ਦੇ ਅੰਦਰੋਂ ਕੱਟੇ ਜਾ ਸਕਦੇ ਹਨ। ਇਸ ਨਾਲ ਵਾਲ ਚਮੜੀ ਦੇ ਮੁਸਾਮਾਂ ਵਿੱਚੋਂ ਉੱਗਣ ਦੀ ਬਜਾਇ ਚਮੜੀ ਦੇ ਅੰਦਰ-ਅੰਦਰ ਹੀ ਉੱਗਦੇ ਹਨ। ਕੁਝ ਸੋਮਿਆਂ ਮੁਤਾਬਕ ਆਦਮੀਆਂ ਤੇ ਤੀਵੀਆਂ ਦੀਆਂ ਲਾਪਰਵਾਹੀ ਨਾਲ ਸ਼ੇਵ ਕਰਨ ਦੀਆਂ ਆਦਤਾਂ ਨਾਲ ਵਾਇਰਲ ਇਨਫੇਕਸ਼ਨ ਹੋ ਸਕਦਾ ਹੈ ਜਿਸ ਨਾਲ ਮੁਹਕੇ ਨਿਕਲ ਸਕਦੇ ਹਨ।

4. ਸ਼ੇਵ ਕਰਨ ਤੋਂ ਬਾਅਦ ਚਿਹਰੇ ਦੀ ਦੇਖ-ਭਾਲ: ਹਰ ਵਾਰੀ ਜਦੋਂ ਤੁਸੀਂ ਸ਼ੇਵ ਕਰਦੇ ਹੋ, ਤਾਂ ਤੁਸੀਂ ਚਮੜੀ ਦੀ ਇਕ ਮਹੀਨ ਪਰਤ ਲਾਹ ਦਿੰਦੇ ਹੋ ਜਿਸ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਪਹਿਲਾਂ ਚਿਹਰਾ ਗਰਮ ਪਾਣੀ ਨਾਲ ਧੋਵੋ, ਫਿਰ ਮੁਸਾਮ ਬੰਦ ਕਰਨ ਅਤੇ ਨਮੀ ਨੂੰ ਚਮੜੀ ਵਿਚ ਹੀ ਰੱਖਣ ਲਈ ਠੰਢੇ ਪਾਣੀ ਨਾਲ ਧੋਵੋ। ਜੇ ਤੁਸੀਂ ਚਾਹੁੰਦੇ ਹੋ, ਤਾਂ ਆਪਣੀ ਚਮੜੀ ਦੀ ਰੱਖਿਆ ਲਈ ਅਤੇ ਤਾਜ਼ਗੀ ਲਈ ਸ਼ੇਵ ਤੋਂ ਬਾਅਦ ਕੋਈ ਨਮੀਦਾਰ ਲੋਸ਼ਨ ਲਾ ਸਕਦੇ ਹੋ।

[ਫੁਟਨੋਟ]

b ਇਸ ਲੇਖ ਵਿਚ ਆਦਮੀਆਂ ਦੁਆਰਾ ਸ਼ੇਵ ਕਰਨ ਬਾਰੇ ਚਰਚਾ ਕੀਤੀ ਗਈ ਹੈ। ਬਹੁਤ ਸਾਰੇ ਦੇਸ਼ਾਂ ਵਿਚ ਤੀਵੀਆਂ ਵੀ ਆਪਣੇ ਸਰੀਰ ਦੇ ਵਾਲਾਂ ਨੂੰ ਸ਼ੇਵ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਇਸ ਲੇਖ ਵਿਚ ਦੱਸੇ ਗਏ ਕੁਝ ਸੁਝਾਵਾਂ ਤੋਂ ਫ਼ਾਇਦਾ ਹੋ ਸਕਦਾ ਹੈ।

[ਸਫ਼ਾ 16 ਉੱਤੇ ਡੱਬੀ/​ਤਸਵੀਰ]

ਦਾੜ੍ਹੀ-ਮੁੱਛਾਂ ਕੀ ਹਨ?

ਦਾੜ੍ਹੀ-ਮੁੱਛਾਂ ਚਿਹਰੇ ਉੱਤੇ ਉੱਗਣ ਵਾਲੇ ਵਾਲ ਹਨ। ਇਹ ਕੈਰਾਟਿਨ ਨਾਲ ਅਤੇ ਇਸ ਤਰ੍ਹਾਂ ਦੇ ਹੋਰ ਕਈ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਕੈਰਾਟਿਨ ਰੇਸ਼ੇਦਾਰ ਪ੍ਰੋਟੀਨ ਹੈ ਜਿਸ ਵਿਚ ਗੰਧਕ ਹੁੰਦੀ ਹੈ। ਇਹ ਇਨਸਾਨਾਂ ਤੇ ਜਾਨਵਰਾਂ ਦੋਵਾਂ ਦੇ ਸਰੀਰ ਵਿਚ ਬਣਦਾ ਹੈ ਅਤੇ ਵਾਲ, ਨਹੁੰ, ਖੰਭ, ਖੁਰ ਅਤੇ ਸਿੰਗ ਇਸੇ ਨਾਲ ਬਣਦੇ ਹਨ। ਇਨਸਾਨ ਦੇ ਸਰੀਰ ਉੱਤੇ ਜਿੰਨੇ ਵਾਲ ਹੁੰਦੇ ਹਨ, ਉਨ੍ਹਾਂ ਵਿੱਚੋਂ ਦਾੜ੍ਹੀ-ਮੁੱਛਾਂ ਦੇ ਵਾਲ ਸਭ ਤੋਂ ਸਖ਼ਤ ਅਤੇ ਮਜ਼ਬੂਤ ਹੁੰਦੇ ਹਨ। ਇਨ੍ਹਾਂ ਨੂੰ ਕੱਟਣਾ ਉੱਨਾ ਹੀ ਮੁਸ਼ਕਲ ਹੁੰਦਾ ਹੈ ਜਿੰਨਾ ਕਿ ਬਰਾਬਰ ਮੋਟਾਈ ਵਾਲੀ ਤਾਂਬੇ ਦੀ ਤਾਰ ਨੂੰ ਕੱਟਣਾ। ਇਕ ਆਦਮੀ ਦੇ ਚਿਹਰੇ ਉੱਤੇ ਔਸਤ 25,000 ਵਾਲ ਹੁੰਦੇ ਹਨ ਅਤੇ ਉਹ ਹਰ 24 ਘੰਟੇ ਵਿਚ ਲਗਭਗ ਅੱਧਾ ਮਿਲੀਮੀਟਰ ਵਧਦੇ ਹਨ।

[ਕ੍ਰੈਡਿਟ ਲਾਈਨ]

Men: A Pictorial Archive from Nineteenth-Century Sources/Dover Publications, Inc.

[ਸਫ਼ਾ 16 ਉੱਤੇ ਤਸਵੀਰਾਂ]

ਦਾੜ੍ਹੀ ਕੱਟਣ-ਰੱਖਣ ਦਾ ਰਿਵਾਜ ਆਉਂਦਾ-ਜਾਂਦਾ ਰਿਹਾ ਹੈ

ਅੱਸ਼ੂਰੀ

ਮਿਸਰੀ

ਰੋਮੀ

[ਕ੍ਰੈਡਿਟ ਲਾਈਨਾਂ]

Museo Egizio di Torino

Photographs taken by courtesy of the British Museum

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ