ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
3-9 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 27-29
“ਯਹੋਵਾਹ ਵਾਂਗ ਨਿਰਪੱਖ ਰਹੋ”
ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
14 ਇਨ੍ਹਾਂ ਪੰਜ ਭੈਣਾਂ ਨੇ ਮੂਸਾ ਨੂੰ ਜਾ ਕੇ ਪੁੱਛਿਆ: “ਸਾਡੇ ਪਿਤਾ ਦਾ ਨਾਉਂ ਉਸ ਦੇ ਟੱਬਰ ਵਿੱਚੋਂ ਪੁੱਤ੍ਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ?” ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ: “ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਮਿਲਖ ਦਿਓ।” ਕੀ ਮੂਸਾ ਨੇ ਇਹ ਜਵਾਬ ਦਿੱਤਾ, ‘ਇਹ ਕਾਨੂੰਨ ਪੱਥਰ ʼਤੇ ਲਕੀਰ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ’? ਨਹੀਂ, ਉਹ “ਉਨ੍ਹਾਂ ਦੇ ਨਿਆਉਂ ਨੂੰ ਯਹੋਵਾਹ ਅੱਗੇ ਲੈ ਗਿਆ।” (ਗਿਣ. 27:2-5) ਯਹੋਵਾਹ ਨੇ ਕੀ ਕੀਤਾ? ਉਸ ਨੇ ਮੂਸਾ ਨੂੰ ਦੱਸਿਆ: “ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜਰੂਰ ਮਿਲਕੱਯਤ ਦੇਹ ਅਰਥਾਤ ਉਨ੍ਹਾਂ ਤੀਕ ਉਨ੍ਹਾਂ ਦੇ ਪਿਤਾ ਦੀ ਮਿਲਖ ਪਹੁੰਚਾ ਦੇਹ।” ਇੰਨਾ ਹੀ ਨਹੀਂ ਯਹੋਵਾਹ ਨੇ ਤਾਂ ਇਕ ਨਵਾਂ ਹੁਕਮ ਬਣਾਇਆ ਅਤੇ ਮੂਸਾ ਨੂੰ ਕਿਹਾ: “ਜੋ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤ੍ਰ ਨਾ ਹੋਵੇ ਤਾਂ ਉਸ ਦੀ ਮਿਲਖ ਉਸ ਦੀ ਧੀ ਤੀਕ ਪਹੁੰਚਾਓ।” (ਗਿਣ. 27:6-8; ਯਹੋ. 17:1-6) ਸੋ ਜੇ ਕਦੇ ਦੁਬਾਰਾ ਇੱਦਾਂ ਦੀ ਮੁਸ਼ਕਲ ਖੜ੍ਹੀ ਹੁੰਦੀ, ਤਾਂ ਇਜ਼ਰਾਈਲੀ ਤੀਵੀਆਂ ਨੂੰ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਮਿਲ ਸਕਦੀ ਸੀ।
ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
15 ਯਹੋਵਾਹ ਨੇ ਕਿੰਨੀ ਦਇਆ ਨਾਲ ਇਨ੍ਹਾਂ ਕੁੜੀਆਂ ਦਾ ਇਨਸਾਫ਼ ਕੀਤਾ! ਇਨ੍ਹਾਂ ਬੇਚਾਰੀਆਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ, ਪਰ ਯਹੋਵਾਹ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਹੋਇਆ। ਜੀ ਹਾਂ, ਉਹ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਇਆ ਜਿਵੇਂ ਉਹ ਸਾਰੇ ਇਜ਼ਰਾਈਲੀਆਂ ਨਾਲ ਪੇਸ਼ ਆਉਂਦਾ ਸੀ। (ਜ਼ਬੂ. 68:5) ਬਾਈਬਲ ਵਿਚ ਅਜਿਹੀਆਂ ਕਈ ਘਟਨਾਵਾਂ ਹਨ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਆਪਣੇ ਕਿਸੇ ਵੀ ਸੇਵਕ ਨਾਲ ਪੱਖਪਾਤ ਨਹੀਂ ਕਰਦਾ।—1 ਸਮੂ. 16:1-13; ਰਸੂ. 10:30-35, 44-48.
ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
16 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਯਾਦ ਰੱਖੋ ਕਿ ਜੇ ਅਸੀਂ ਦਿਲੋਂ ਸਾਰੇ ਲੋਕਾਂ ਨੂੰ ਬਰਾਬਰ ਸਮਝਾਂਗੇ, ਤਾਂ ਹੀ ਅਸੀਂ ਉਨ੍ਹਾਂ ਨਾਲ ਪੱਖਪਾਤ ਕਰਨ ਤੋਂ ਬਚਾਂਗੇ। ਸ਼ਾਇਦ ਸਾਨੂੰ ਲੱਗੇ ਕਿ ਅਸੀਂ ਪੱਖਪਾਤ ਨਹੀਂ ਕਰਦੇ, ਪਰ ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ ਕਿ ਇਹ ਗੱਲ ਸਾਡੇ ਬਾਰੇ ਸੱਚ ਹੈ ਜਾਂ ਨਹੀਂ? ਜਦ ਯਿਸੂ ਜਾਣਨਾ ਚਾਹੁੰਦਾ ਸੀ ਕਿ ਲੋਕ ਉਸ ਬਾਰੇ ਕੀ ਕਹਿ ਰਹੇ ਸਨ, ਤਾਂ ਉਸ ਨੇ ਆਪਣੇ ਦੋਸਤਾਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮਨੁੱਖ ਦਾ ਪੁੱਤਰ ਕੌਣ ਹੈ?” (ਮੱਤੀ 16:13, 14) ਅਸੀਂ ਵੀ ਆਪਣੇ ਅਜਿਹੇ ਕਿਸੇ ਦੋਸਤ ਨਾਲ ਗੱਲ ਕਰ ਸਕਦੇ ਹਾਂ ਜੋ ਸਾਨੂੰ ਸੱਚ-ਸੱਚ ਦੱਸੇਗਾ। ਉਸ ਨੂੰ ਪੁੱਛੋ: ‘ਤੁਸੀਂ ਕੀ ਸੋਚਦੇ ਹੋ, ਕੀ ਮੈਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹਾਂ? ਇਸ ਮਾਮਲੇ ਵਿਚ ਦੂਜੇ ਮੇਰੇ ਬਾਰੇ ਕੀ ਸੋਚਦੇ ਹਨ?’ ਸ਼ਾਇਦ ਉਹ ਤੁਹਾਨੂੰ ਦੱਸੇ ਕਿ ਤੁਸੀਂ ਲੋਕਾਂ ਵਿਚ ਫ਼ਰਕ ਕਰਦੇ ਹੋ ਅਤੇ ਇਕ ਕੌਮ ਦੇ ਲੋਕਾਂ ਨੂੰ ਕਿਸੇ ਹੋਰ ਕੌਮ ਦੇ ਲੋਕਾਂ ਨਾਲੋਂ ਬਿਹਤਰ ਸਮਝਦੇ ਹੋ। ਜਾਂ ਉਹ ਕਹੇ ਕਿ ਤੁਸੀਂ ਅਮੀਰ ਜਾਂ ਪੜ੍ਹੇ-ਲਿਖੇ ਲੋਕਾਂ ਦੀ ਜ਼ਿਆਦਾ ਇੱਜ਼ਤ ਕਰਦੇ ਹੋ। ਫਿਰ ਤੁਸੀਂ ਕੀ ਕਰੋਗੇ? ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਉਸ ਨੂੰ ਬੇਨਤੀ ਕਰੋ ਕਿ ਉਹ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਆਪਣਾ ਰਵੱਈਆ ਬਦਲ ਸਕੋ ਅਤੇ ਉਸ ਦੀ ਰੀਸ ਕਰਦੇ ਹੋਏ ਪੱਖਪਾਤ ਕਰਨ ਤੋਂ ਬਚ ਸਕੋ।—ਮੱਤੀ 7:7; ਕੁਲੁ. 3:10, 11.
ਹੀਰੇ-ਮੋਤੀ
it-2 528 ਪੈਰਾ 5
ਚੜ੍ਹਾਵੇ
ਪੀਣ ਦੀ ਭੇਟਾਂ। ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਵੱਸ ਗਏ, ਤਾਂ ਉਹ ਜ਼ਿਆਦਾਤਰ ਚੜ੍ਹਾਵਿਆਂ ਦੇ ਨਾਲ ਪੀਣ ਦੀਆਂ ਭੇਟਾਂ ਵੀ ਚੜ੍ਹਾਉਣ ਲੱਗ ਪਏ। (ਗਿਣ 15:2, 5, 8-10) ਪੀਣ ਦੀਆਂ ਭੇਟਾਂ ਵਿਚ ਦਾਖਰਸ ਹੁੰਦੀ ਸੀ। ਇਸ ਨੂੰ ਵੇਦੀ ʼਤੇ ਪੂਰੀ ਤਰ੍ਹਾਂ ਡੋਲ੍ਹ ਦਿੱਤਾ ਜਾਂਦਾ ਸੀ। (ਗਿਣ 28:7, 14; ਕੂਚ 30:9 ਅਤੇ ਗਿਣ 15:10 ਵਿਚ ਨੁਕਤਾ ਦੇਖੋ।) ਪੌਲੁਸ ਨੇ ਆਪਣੀ ਚਿੱਠੀ ਵਿਚ ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਕਿਹਾ: “ਪਰ ਜੇ ਮੈਨੂੰ ਪੀਣ ਦੀ ਭੇਟ ਵਾਂਗ ਤੁਹਾਡੀ ਪਵਿੱਤਰ ਸੇਵਾ ਦੇ ਬਲੀਦਾਨ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਖ਼ੁਸ਼ੀਆਂ ਮਨਾਉਂਦਾ ਹਾਂ।” ਇੱਥੇ ਪੌਲੁਸ ਕਹਿ ਰਿਹਾ ਸੀ ਕਿ ਜਿਵੇਂ ਪੀਣ ਦੀ ਭੇਟ ਨੂੰ ਵੇਦੀ ʼਤੇ ਪੂਰੀ ਤਰ੍ਹਾਂ ਡੋਲ੍ਹਿਆ ਜਾਂਦਾ ਸੀ, ਉਸੇ ਤਰ੍ਹਾਂ ਉਹ ਭੈਣਾਂ-ਭਰਾਵਾਂ ਦੀ ਖ਼ਾਤਰ ਆਪਾਂ ਵਾਰਨ ਲਈ ਤਿਆਰ ਹੈ। (ਫ਼ਿਲਿ 2:17) ਉਸ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤਿਮੋਥਿਉਸ ਨੂੰ ਚਿੱਠੀ ਵਿਚ ਲਿਖਿਆ: “ਮੈਨੂੰ ਹੁਣ ਪੀਣ ਦੀ ਭੇਟ ਵਾਂਗ ਡੋਲ੍ਹਿਆ ਜਾ ਰਿਹਾ ਹੈ ਅਤੇ ਮੇਰੇ ਛੁਟਕਾਰੇ ਦਾ ਸਮਾਂ ਨੇੜੇ ਆ ਗਿਆ ਹੈ।”—2 ਤਿਮੋ 4:6.
10-16 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 30-31
“ਆਪਣੀਆਂ ਸੁੱਖਣਾਂ ਪੂਰੀਆਂ ਕਰੋ”
it-2 1162
ਸੁੱਖਣਾ
ਸੁੱਖਣਾ ਪੂਰੀ ਕਰਨੀ ਜ਼ਰੂਰੀ। ਇਜ਼ਰਾਈਲੀ ਆਪਣੀ ਮਰਜ਼ੀ ਨਾਲ ਸੁੱਖਣਾ ਸੁੱਖ ਸਕਦੇ ਸਨ। ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਸੀ। ਪਰ ਪਰਮੇਸ਼ੁਰ ਦੇ ਕਾਨੂੰਨ ਵਿਚ ਮੰਗ ਕੀਤੀ ਗਈ ਸੀ ਕਿ ਜੇ ਕੋਈ ਸੁੱਖਣਾ ਸੁੱਖਦਾ ਹੈ, ਤਾਂ ਉਹ ਉਸ ਨੂੰ ਪੂਰਾ ਵੀ ਕਰੇ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜੇ ਕੋਈ ਸੁੱਖਣਾ ਸੁੱਖਦਾ ਸੀ, ਤਾਂ ਉਹ “ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ” ਯਾਨੀ ਜੇ ਉਹ ਆਪਣੀ ਸੁੱਖਣਾ ਪੂਰੀ ਨਹੀਂ ਕਰਦਾ ਸੀ ਜਾਂ ਸਹੁੰ ਖਾ ਕੇ ਮੁੱਕਰ ਜਾਂਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਦੀ ਸੀ। (ਗਿਣ 30:2; ਰੋਮੀ 1:31, 32 ਵੀ ਦੇਖੋ।) ਇਸ ਲਈ ਬਾਈਬਲ ਵਿਚ ਇਸ ਗੱਲ ʼਤੇ ਜ਼ੋਰ ਦੇ ਕੇ ਦੱਸਿਆ ਗਿਆ ਹੈ ਕਿ ਸੁੱਖਣਾ ਸੁੱਖਣ ਜਾਂ ਸਹੁੰ ਖਾਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਇਸ ਨਾਲ ਸਾਡੇ ʼਤੇ ਕਿਹੜੀਆਂ ਜ਼ਿੰਮੇਵਾਰੀਆਂ ਆ ਸਕਦੀਆਂ ਹਨ ਅਤੇ ਕੀ ਅਸੀਂ ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਹਾਂ। ਕਾਨੂੰਨ ਵਿਚ ਲਿਖਿਆ ਹੈ: “ਜਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਹੋ, ਤਾਂ . . . ਯਹੋਵਾਹ ਤੁਹਾਡੇ ਤੋਂ ਮੰਗ ਕਰੇਗਾ ਕਿ ਤੁਸੀਂ ਆਪਣੀ ਸੁੱਖਣਾ ਪੂਰੀ ਕਰੋ, ਨਹੀਂ ਤਾਂ ਤੁਸੀਂ ਪਾਪੀ ਠਹਿਰੋਗੇ। ਪਰ ਜੇ ਤੁਸੀਂ ਸੁੱਖਣਾ ਨਹੀਂ ਸੁੱਖਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਹੀਂ ਠਹਿਰੋਗੇ।”—ਬਿਵ 23:21, 22.
it-2 1162
ਸੁੱਖਣਾ
ਜਦੋਂ ਕੋਈ ਇਜ਼ਰਾਈਲੀ ਪਰਮੇਸ਼ੁਰ ਨਾਲ ਪੂਰੀ ਗੰਭੀਰਤਾ ਨਾਲ ਵਾਅਦਾ ਕਰਦਾ ਸੀ, ਤਾਂ ਉਸ ਨੂੰ ਸੁੱਖਣਾ ਕਿਹਾ ਜਾਂਦਾ ਸੀ। ਉਹ ਚਾਹੇ ਤਾਂ ਚੜ੍ਹਾਵਾ ਚੜ੍ਹਾਉਣ, ਭੇਟ ਦੇਣ, ਕਿਸੇ ਤਰ੍ਹਾਂ ਦੀ ਸੇਵਾ ਕਰਨ ਜਾਂ ਕੁਝ ਅਜਿਹੀਆਂ ਚੀਜ਼ਾਂ ਦਾ ਤਿਆਗ ਕਰਨ ਦਾ ਵਾਅਦਾ ਕਰ ਸਕਦਾ ਸੀ ਜੋ ਕਾਨੂੰਨ ਅਨੁਸਾਰ ਗ਼ਲਤ ਨਹੀਂ ਸਨ। ਸੁੱਖਣਾ ਆਪਣੀ ਮਰਜ਼ੀ ਨਾਲ ਸੁੱਖੀ ਜਾਂਦੀ ਸੀ। ਸੁੱਖਣਾ ਨੂੰ ਸਹੁੰ ਜਿੰਨਾ ਹੀ ਗੰਭੀਰ ਮੰਨਿਆ ਜਾਂਦਾ ਸੀ ਅਤੇ ਕੁਝ ਆਇਤਾਂ ਵਿਚ ਸੁੱਖਣਾ ਅਤੇ ਸਹੁੰ ਦਾ ਇਕੱਠਾ ਜ਼ਿਕਰ ਕੀਤਾ ਗਿਆ ਹੈ। (ਗਿਣ 30:2; ਮੱਤੀ 5:33) “ਸੁੱਖਣਾ” ਸੁੱਖਣ ਦਾ ਮਤਲਬ ਹੈ, ਵਾਅਦਾ ਪੂਰਾ ਕਰਨਾ ਅਤੇ “ਸਹੁੰ” ਖਾਣ ਦਾ ਮਤਲਬ ਹੈ, ਆਪਣੇ ਤੋਂ ਕਿਸੇ ਵੱਡੇ ਦੇ ਨਾਂ ਦੀ ਗਾਰੰਟੀ ਦੇਣੀ ਕਿ ਉਹ ਵਿਅਕਤੀ ਆਪਣਾ ਵਾਅਦਾ ਜ਼ਰੂਰ ਪੂਰਾ ਕਰਾਂਗਾ। ਲੋਕ ਇਕਰਾਰ ਕਰਦੇ ਸਮੇਂ ਅਕਸਰ ਸਹੁੰ ਖਾਂਦੇ ਸਨ।—ਉਤ 26:28; 31:44, 53.
ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
30:6-8—ਕੀ ਇਕ ਮਸੀਹੀ ਭਰਾ ਆਪਣੀ ਪਤਨੀ ਵੱਲੋਂ ਸੁੱਖੀ ਕਿਸੇ ਸੁੱਖਣਾ ਨੂੰ ਰੱਦ ਸਕਦਾ ਹੈ? ਅੱਜ ਯਹੋਵਾਹ ਦੀਆਂ ਨਜ਼ਰਾਂ ਵਿਚ ਸੁੱਖਣਾ ਸੁੱਖਣੀ ਹਰ ਇਕ ਦਾ ਨਿੱਜੀ ਮਾਮਲਾ ਹੈ। ਮਿਸਾਲ ਵਜੋਂ, ਇਕ ਪਤਨੀ ਖ਼ੁਦ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਉਸ ਦੀ ਸੇਵਾ ਕਰਨ ਦੀ ਸੁੱਖਣਾ ਸੁੱਖਦੀ ਹੈ। (ਗਲਾਤੀਆਂ 6:5) ਉਸ ਦਾ ਪਤੀ ਉਸ ਦੀ ਇਸ ਸੁੱਖਣਾ ਨੂੰ ਰੱਦ ਨਹੀਂ ਕਰ ਸਕਦਾ। ਪਰ ਇਕ ਪਤਨੀ ਨੂੰ ਇਸ ਤਰ੍ਹਾਂ ਦੀ ਕੋਈ ਸੁੱਖਣਾ ਨਹੀਂ ਸੁੱਖਣੀ ਚਾਹੀਦੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੋਵੇ ਜਾਂ ਉਸ ਨੂੰ ਆਪਣੇ ਪਤੀ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਤੋਂ ਰੋਕੇ।
ਹੀਰੇ-ਮੋਤੀ
it-2 28 ਪੈਰਾ 1
ਯਿਫਤਾਹ
ਇਜ਼ਰਾਈਲੀ ਮਾਪਿਆਂ ਕੋਲ ਅਧਿਕਾਰ ਸੀ ਕਿ ਉਹ ਆਪਣੇ ਬੱਚਿਆਂ ਨੂੰ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਦੇ ਸਕਦੇ ਸਨ। ਹੰਨਾਹ ਨੇ ਸਮੂਏਲ ਦੇ ਜਨਮ ਤੋਂ ਪਹਿਲਾਂ ਸੁੱਖਣਾ ਸੁੱਖੀ ਸੀ ਕਿ ਜੇ ਉਸ ਦੇ ਘਰ ਮੁੰਡਾ ਹੋਇਆ, ਤਾਂ ਉਹ ਉਸ ਨੂੰ ਪਵਿੱਤਰ ਡੇਰੇ ਵਿਚ ਸੇਵਾ ਕਰਨ ਲਈ ਦੇ ਦੇਵੇਗੀ। ਹੰਨਾਹ ਦਾ ਪਤੀ ਅਲਕਾਨਾਹ ਉਸ ਦੀ ਸੁੱਖਣਾ ਨਾਲ ਸਹਿਮਤ ਸੀ। ਇਸ ਲਈ ਜਦੋਂ ਸਮੂਏਲ ਦਾ ਦੁੱਧ ਛੁਡਾਇਆ ਗਿਆ, ਤਾਂ ਹੰਨਾਹ ਉਸ ਨੂੰ ਪਵਿੱਤਰ ਡੇਰੇ ਵਿਚ ਸੇਵਾ ਕਰਨ ਲਈ ਲੈ ਗਈ। ਉਹ ਆਪਣੇ ਨਾਲ ਇਕ ਜਾਨਵਰ ਵੀ ਬਲ਼ੀ ਚੜ੍ਹਾਉਣ ਲਈ ਲੈ ਗਈ। (1 ਸਮੂ 1:11, 22-28; 2:11) ਸਮਸੂਨ ਨੂੰ ਨਜ਼ੀਰ ਵਜੋਂ ਸੇਵਾ ਕਰਨ ਲਈ ਚੁਣਿਆ ਗਿਆ ਸੀ। (ਨਿਆ 13:2-5, 11-14) ਇਕ ਪਿਤਾ ਨੂੰ ਆਪਣੀ ਕੁੜੀ ʼਤੇ ਕੀ ਅਧਿਕਾਰ ਦਿੱਤਾ ਗਿਆ ਸੀ, ਇਸ ਬਾਰੇ ਗਿਣਤੀ 30:3-5, 16 ਵਿਚ ਸਮਝਾਇਆ ਗਿਆ ਹੈ।
17-23 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 32-33
“ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ . . . ਜ਼ਰੂਰ ਕੱਢ ਦੇਣਾ”
ਕੀ ਤੁਸੀਂ ਜਾਣਦੇ ਹੋ?
ਇਬਰਾਨੀ ਲਿਖਤਾਂ ਵਿਚ ਦੱਸੀਆਂ ਭਗਤੀ ਦੀਆਂ “ਉੱਚੀਆਂ ਥਾਵਾਂ” ਕੀ ਸਨ?
ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਜਿਹੜਾ ਦੇਸ਼ ਦੇਣ ਦਾ ਵਾਅਦਾ ਕੀਤਾ ਸੀ, ਉੱਥੇ ਪਹਿਲਾਂ ਕਨਾਨੀ ਲੋਕ ਰਹਿੰਦੇ ਸਨ। ਕਨਾਨੀਆਂ ਨੇ ਉੱਥੇ ਕਈ ਭਗਤੀ ਦੀਆਂ ਥਾਵਾਂ ਬਣਾਈਆਂ ਹੋਈਆਂ ਸਨ। ਇਸ ਲਈ ਜਦੋਂ ਇਜ਼ਰਾਈਲੀ ਉਸ ਦੇਸ਼ ਵਿਚ ਜਾਣ ਵਾਲੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਤੁਸੀਂ . . . ਉਨ੍ਹਾਂ ਦੀਆਂ ਪੱਥਰ ਅਤੇ ਧਾਤ ਦੀਆਂ ਸਾਰੀਆਂ ਮੂਰਤਾਂ ਨੂੰ ਤੋੜ ਦੇਣਾ ਅਤੇ ਭਗਤੀ ਦੀਆਂ ਸਾਰੀਆਂ ਉੱਚੀਆਂ ਥਾਵਾਂ ਢਹਿ-ਢੇਰੀ ਕਰ ਦੇਣਾ।” (ਗਿਣਤੀ 33:52) ਇਹ ਭਗਤੀ ਦੀਆਂ ਉੱਚੀਆਂ ਥਾਵਾਂ ਸ਼ਾਇਦ ਪਹਾੜਾਂ ʼਤੇ, ਕੁਝ ਥਾਵਾਂ ਦਰਖ਼ਤਾਂ ਦੇ ਥੱਲੇ ਜਾਂ ਸ਼ਹਿਰ ਦੀਆਂ ਉੱਚੀਆਂ ਥਾਵਾਂ ʼਤੇ ਬਣਾਈਆਂ ਗਈਆਂ ਸਨ। (1 ਰਾਜਿਆਂ 14:23; 2 ਰਾਜਿਆਂ 17:29; ਹਿਜ਼ਕੀਏਲ 6:3) ਇਨ੍ਹਾਂ ਭਗਤੀ ਦੀਆਂ ਥਾਵਾਂ ਵਿਚ ਵੇਦੀਆਂ, ਪੂਜਾ-ਥੰਮ੍ਹ, ਪੂਜਾ-ਖੰਭੇ, ਮੂਰਤੀਆਂ, ਧੂਪ ਧੁਖਾਉਣ ਦੀਆਂ ਵੇਦੀਆਂ ਅਤੇ ਪੂਜਾ-ਪਾਠ ਕਰਨ ਦੀਆਂ ਹੋਰ ਚੀਜ਼ਾਂ ਹੁੰਦੀਆਂ ਸਨ।
ਇਜ਼ਰਾਈਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ
ਅੱਜ ਸਾਨੂੰ ਵੀ ਅਜਿਹੀਆਂ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਇਸਰਾਏਲੀਆਂ ਨੇ ਕੀਤਾ ਸੀ। ਅੱਜ ਦੇ ਜ਼ਮਾਨੇ ਵਿਚ ਮੂਰਤੀ ਪੂਜਕਾਂ ਦੀ ਕੋਈ ਘਾਟ ਨਹੀਂ। ਚਾਰੇ ਪਾਸੇ ਦੇਖੋ ਤਾਂ ਕੋਈ ਪੈਸੇ ਨੂੰ ਪੂਜਦਾ ਹੈ ਤੇ ਕੋਈ ਫ਼ਿਲਮੀ ਸਿਤਾਰਿਆਂ ਜਾਂ ਖਿਡਾਰੀਆਂ ਨੂੰ ਰੱਬ ਬਣਾਈ ਬੈਠਾ ਹੈ। ਇਹੀ ਨਹੀਂ, ਸਿਆਸੀ ਅਤੇ ਧਾਰਮਿਕ ਆਗੂਆਂ ਦਾ ਵੀ ਲੋਕਾਂ ਉੱਤੇ ਘੱਟ ਜਾਦੂ ਨਹੀਂ ਛਾਇਆ ਹੋਇਆ। ਹੋਰ ਤਾਂ ਹੋਰ ਕਈ ਲੋਕ ਆਪਣੇ ਪਰਿਵਾਰ ਦੇ ਜੀਆਂ ਦੀ ਵੀ ਆਰਤੀ ਉਤਾਰਦੇ ਹਨ। ਜੇ ਅਸੀਂ ਅਜਿਹੇ ਲੋਕਾਂ ਨਾਲ ਉੱਠਣੀ-ਬੈਠਣੀ ਰੱਖਾਂਗੇ, ਤਾਂ ਯਹੋਵਾਹ ਦੀ ਸੇਵਾ ਤੋਂ ਸਾਡਾ ਧਿਆਨ ਭਟਕ ਸਕਦਾ ਹੈ ਅਤੇ ਉਸ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ।
ਬਆਲ ਦੀ ਪੂਜਾ ਦਾ ਅਹਿਮ ਹਿੱਸਾ ਸੈਕਸ ਸੀ। ਇਹ ਇਸਰਾਏਲੀਆਂ ਲਈ ਇਕ ਫਾਹੀ ਸਾਬਤ ਹੋਇਆ ਜਿਸ ਵਿਚ ਕਈ ਫਸ ਗਏ ਸਨ। ਅੱਜ ਵੀ ਯਹੋਵਾਹ ਦੇ ਕਈ ਸੇਵਕ ਸੈਕਸ ਦੀ ਫਾਹੀ ਵਿਚ ਫਸ ਰਹੇ ਹਨ। ਕਿਵੇਂ? ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨੀ ਨਾਲ ਲੋਕ ਸੈਕਸ ਦੇ ਗੰਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇਕ ਕੰਪਿਊਟਰ ਹੀ ਚਾਹੀਦਾ ਹੈ। ਕੋਈ ਜਾਣੇ-ਅਣਜਾਣੇ ਵਿਚ ਇਕੱਲਾ ਘਰ ਬੈਠਾ ਕੰਪਿਊਟਰ ਦੇ ਕੁਝ ਹੀ ਬਟਨ ਦਬਾਉਣ ਨਾਲ ਤਰ੍ਹਾਂ-ਤਰ੍ਹਾਂ ਦਾ ਅਜਿਹਾ ਗੰਦ-ਮੰਦ ਦੇਖ ਸਕਦਾ ਹੈ ਜੋ ਉਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਵੇਗਾ। ਕਿੰਨੇ ਦੁੱਖ ਦੀ ਗੱਲ ਹੁੰਦੀ ਹੈ ਜਦ ਸਾਡਾ ਕੋਈ ਭੈਣ-ਭਰਾ ਇਸ ਫਾਹੀ ਵਿਚ ਫਸ ਜਾਂਦਾ ਹੈ!
it-1 404 ਪੈਰਾ 2
ਕਨਾਨ
ਪਰਮੇਸ਼ੁਰ ਨੇ ਮੂਸਾ ਰਾਹੀਂ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨੀ ਲੋਕਾਂ ਦਾ ਨਾਸ਼ ਕਰ ਦੇਵੇ। ਯਹੋਸ਼ੁਆ ਨੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ। “ਉਸ ਨੇ ਕੋਈ ਵੀ ਕੰਮ ਅਧੂਰਾ ਨਹੀਂ ਛੱਡਿਆ।” (ਯਹੋ 11:15) ਪਰ ਬਾਅਦ ਵਿਚ ਇਜ਼ਰਾਈਲੀਆਂ ਨੇ ਯਹੋਸ਼ੁਆ ਵਾਂਗ ਨਹੀਂ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਬਚੇ ਹੋਏ ਕਨਾਨੀਆਂ ਨੂੰ ਜਾਨੋਂ ਨਹੀਂ ਮਾਰਿਆ। ਇਨ੍ਹਾਂ ਕਨਾਨੀ ਲੋਕਾਂ ਕਰਕੇ ਬਾਅਦ ਵਿਚ ਇਜ਼ਰਾਈਲ ਦੇਸ਼ ਵਿਚ ਅਪਰਾਧ, ਹਰਾਮਕਾਰੀ ਅਤੇ ਮੂਰਤੀ-ਪੂਜਾ ਹੋਣ ਲੱਗ ਪਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉੱਥੇ ਕਈ ਲੋਕਾਂ ਦੀ ਮੌਤ ਹੋ ਗਈ। ਜੇ ਇਜ਼ਰਾਈਲੀ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਸਾਰੇ ਕਨਾਨੀਆਂ ਦਾ ਨਾਸ਼ ਕਰ ਦਿੰਦੇ, ਤਾਂ ਇੱਦਾਂ ਨਹੀਂ ਹੋਣਾ ਸੀ। (ਗਿਣ 33:55, 56; ਨਿਆ 2:1-3, 11-23; ਜ਼ਬੂ 106:34-43) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਜੇ ਉਹ ਕਨਾਨੀਆਂ ਨਾਲ ਦੋਸਤੀ ਕਰਨਗੇ, ਉਨ੍ਹਾਂ ਨਾਲ ਵਿਆਹ ਕਰਾਉਣਗੇ, ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜ ਅਪਣਾਉਣਗੇ ਅਤੇ ਉਨ੍ਹਾਂ ਵਰਗੇ ਬੁਰੇ ਕੰਮ ਕਰਨਗੇ, ਤਾਂ ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ। ਜਿੱਦਾਂ ਪਰਮੇਸ਼ੁਰ ਨੇ ਕਨਾਨੀਆਂ ਦਾ ਨਾਸ਼ ਕੀਤਾ ਸੀ, ਉਸੇ ਤਰ੍ਹਾਂ ਉਹ ਇਜ਼ਰਾਈਲੀਆਂ ਦਾ ਵੀ ਨਾਸ਼ ਕਰ ਦੇਵੇਗਾ। ਉਹ ਸਜ਼ਾ ਦੇਣ ਲੱਗਿਆਂ ਪੱਖਪਾਤ ਨਹੀਂ ਕਰੇਗਾ। ਉਨ੍ਹਾਂ ਨੂੰ ਵੀ ਉਸ ਦੇਸ਼ ਵਿੱਚੋਂ “ਕੱਢਿਆ ਜਾਵੇਗਾ।”—ਕੂਚ 23:32, 33; 34:12-17; ਲੇਵੀ 18:26-30; ਬਿਵ 7:2-5, 25, 26.
ਹੀਰੇ-ਮੋਤੀ
it-1 359 ਪੈਰਾ 2
ਹੱਦ
ਜਦੋਂ ਇਹ ਫ਼ੈਸਲਾ ਲਿਆ ਗਿਆ ਕਿ ਗੋਤਾਂ ਨੂੰ ਕਿੱਥੇ-ਕਿੱਥੇ ਜ਼ਮੀਨ ਮਿਲਣੀ ਚਾਹੀਦੀ ਸੀ, ਤਾਂ ਇਹ ਤੈਅ ਕੀਤਾ ਗਿਆ ਕਿ ਹਰ ਗੋਤ ਨੂੰ ਕਿੰਨੀ-ਕਿੰਨੀ ਜ਼ਮੀਨ ਮਿਲਣੀ ਚਾਹੀਦੀ ਸੀ। ਇਸ ਲਈ ਇਹ ਦੇਖਿਆ ਗਿਆ ਕਿ ਹਰ ਗੋਤ ਕਿੰਨਾ ਵੱਡਾ ਹੈ। ਯਹੋਵਾਹ ਨੇ ਇਹ ਹਿਦਾਇਤ ਦਿੱਤੀ: “ਤੁਸੀਂ ਗੁਣੇ ਪਾ ਕੇ ਆਪਣੇ ਪਰਿਵਾਰਾਂ ਵਿਚ ਜ਼ਮੀਨ ਵੰਡਣੀ। ਤੁਸੀਂ ਵੱਡੇ ਸਮੂਹਾਂ ਨੂੰ ਵਿਰਾਸਤ ਵਿਚ ਜ਼ਿਆਦਾ ਜ਼ਮੀਨ ਦੇਣੀ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦੇਣੀ। ਤੁਸੀਂ ਗੁਣੇ ਪਾ ਕੇ ਫ਼ੈਸਲਾ ਕਰਨਾ ਕਿ ਕਿਸ ਨੂੰ ਕਿੱਥੇ ਵਿਰਾਸਤ ਮਿਲੇਗੀ।” (ਗਿਣ 33:54) ਹਰ ਗੋਤ ਨੂੰ ਦੇਸ਼ ਵਿਚ ਉੱਥੇ ਹੀ ਜ਼ਮੀਨ ਦਿੱਤੀ ਜਾਣੀ ਸੀ ਜੋ ਗੁਣੇ ਪਾ ਕੇ ਨਿਕਲੀ ਸੀ। ਇਸ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਜਾਣਾ ਸੀ। ਪਰ ਗੋਤ ਵੱਡਾ ਹੈ ਜਾਂ ਛੋਟਾ ਇਹ ਦੇਖ ਕੇ ਉਸ ਨੂੰ ਹੋਰ ਜ਼ਮੀਨ ਦਿੱਤੀ ਜਾ ਸਕਦੀ ਸੀ ਜਾਂ ਵਾਪਸ ਲਈ ਜਾ ਸਕਦੀ ਸੀ। ਇਸ ਕਰਕੇ ਜਦੋਂ ਇਹ ਦੇਖਿਆ ਗਿਆ ਕਿ ਯਹੂਦਾਹ ਨੂੰ ਜ਼ਿਆਦਾ ਜ਼ਮੀਨ ਮਿਲੀ ਹੈ, ਤਾਂ ਉਸ ਦੀ ਜ਼ਮੀਨ ਨੂੰ ਘਟਾ ਦਿੱਤਾ ਗਿਆ। ਫਿਰ ਉਸ ਦੇ ਇਲਾਕੇ ਵਿਚ ਸ਼ਿਮਓਨ ਗੋਤ ਨੂੰ ਕਿਤੇ-ਕਿਤੇ ਜ਼ਮੀਨ ਦਿੱਤੀ ਗਈ।—ਯਹੋ 19:9.
24-30 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 34-36
“ਯਹੋਵਾਹ ਕੋਲ ਪਨਾਹ ਲਓ”
ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?
4 ਪਰ ਉਦੋਂ ਕੀ ਜੇ ਕਿਸੇ ਕੋਲੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਂਦਾ ਸੀ? ਅਣਜਾਣੇ ਵਿਚ ਖ਼ੂਨ ਕਰਨ ਤੇ ਵੀ ਉਹ ਆਦਮੀ ਖ਼ੂਨੀ ਹੁੰਦਾ ਸੀ। (ਉਤ. 9:5) ਪਰ ਇਸ ਮਾਮਲੇ ਵਿਚ ਯਹੋਵਾਹ ਨੇ ਕਿਹਾ ਕਿ ਉਸ ਵਿਅਕਤੀ ʼਤੇ ਦਇਆ ਦਿਖਾਈ ਜਾ ਸਕਦੀ ਸੀ। ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਲਈ ਉਹ ਵਿਅਕਤੀ ਕਿਸੇ ਵੀ ਪਨਾਹ ਨਗਰ ਨੂੰ ਭੱਜ ਸਕਦਾ ਸੀ। ਇਜ਼ਰਾਈਲ ਵਿਚ ਛੇ ਪਨਾਹ ਨਗਰ ਸਨ। ਜੇ ਉਸ ਨੂੰ ਪਨਾਹ ਨਗਰ ਵਿਚ ਰਹਿਣ ਦੀ ਇਜਾਜ਼ਤ ਮਿਲਦੀ ਸੀ, ਤਾਂ ਉਹ ਮਹਿਫੂਜ਼ ਸੀ। ਪਰ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤਕ ਪਨਾਹ ਨਗਰ ਵਿਚ ਰਹਿਣਾ ਪੈਂਦਾ ਸੀ।—ਗਿਣ. 35:15, 28.
ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?
6 ਜੇ ਕੋਈ ਇਜ਼ਰਾਈਲੀ ਅਣਜਾਣੇ ਵਿਚ ਕਿਸੇ ਦਾ ਖ਼ੂਨ ਕਰ ਦਿੰਦਾ ਸੀ, ਤਾਂ ਜ਼ਰੂਰੀ ਸੀ ਕਿ ਉਹ ਕਿਸੇ ਪਨਾਹ ਨਗਰ ਨੂੰ ਭੱਜ ਜਾਵੇ। ਉਸ ਨੂੰ “ਆਪਣੀ ਗੱਲ” ਨਗਰ ਦੇ ਫਾਟਕ ਤੋਂ ਹੀ ਬਜ਼ੁਰਗਾਂ ਨੂੰ ਦੱਸਣੀ ਪੈਂਦੀ ਸੀ। ਨਗਰ ਦੇ ਬਜ਼ੁਰਗ ਉਸ ਵਿਅਕਤੀ ਦਾ ਪਿਆਰ ਨਾਲ ਸੁਆਗਤ ਕਰਦੇ ਸਨ। (ਯਹੋ. 20:4) ਕੁਝ ਸਮੇਂ ਬਾਅਦ ਬਜ਼ੁਰਗ ਉਸ ਨੂੰ ਵਾਪਸ ਉਸ ਸ਼ਹਿਰ ਭੇਜਦੇ ਸਨ ਜਿੱਥੇ ਖ਼ੂਨ ਹੋਇਆ ਸੀ। ਉਸ ਸ਼ਹਿਰ ਦੇ ਬਜ਼ੁਰਗ ਉਸ ਦਾ ਨਿਆਂ ਕਰਦੇ ਸਨ। (ਗਿਣਤੀ 35:24, 25 ਪੜ੍ਹੋ।) ਜੇ ਬਜ਼ੁਰਗਾਂ ਨੂੰ ਲੱਗਦਾ ਸੀ ਕਿ ਖ਼ੂਨ ਅਣਜਾਣੇ ਵਿਚ ਹੋਇਆ ਸੀ, ਤਾਂ ਉਹ ਭਗੌੜੇ ਨੂੰ ਪਨਾਹ ਨਗਰ ਵਾਪਸ ਭੇਜ ਦਿੰਦੇ ਸਨ।
ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?
13 ਜਦ ਤਕ ਭਗੌੜਾ ਨਗਰ ਵਿਚ ਹੁੰਦਾ ਸੀ, ਤਦ ਤਕ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ ਹੁੰਦਾ। ਯਹੋਵਾਹ ਨੇ ਉਨ੍ਹਾਂ ਨਗਰਾਂ ਬਾਰੇ ਕਿਹਾ: ‘ਓਹ ਤੁਹਾਡੀ ਪਨਾਹ ਲਈ ਹੋਣਗੇ।’ (ਯਹੋ. 20:2, 3) ਯਹੋਵਾਹ ਨਹੀਂ ਚਾਹੁੰਦਾ ਸੀ ਕਿ ਭਗੌੜੇ ʼਤੇ ਕਾਰਵਾਈ ਵਾਰ-ਵਾਰ ਕੀਤੀ ਜਾਵੇ। ਨਾਲੇ ਪਰਮੇਸ਼ੁਰ ਨੇ ਖ਼ੂਨ ਦਾ ਬਦਲਾ ਲੈਣ ਵਾਲੇ ਨੂੰ ਨਗਰ ਅੰਦਰ ਪੈਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਦ ਤਕ ਭਗੌੜਾ ਨਗਰ ਦੇ ਅੰਦਰ ਹੁੰਦਾ ਸੀ ਤਦ ਤਕ ਉਹ ਯਹੋਵਾਹ ਦੀ ਸੁਰੱਖਿਆ ਹੇਠ ਹੁੰਦਾ ਸੀ। ਉਹ ਕਿਸੇ ਕੈਦ ਵਿਚ ਨਹੀਂ ਸੀ ਹੁੰਦਾ, ਸਗੋਂ ਉਹ ਵਧੀਆ ਜ਼ਿੰਦਗੀ ਜੀ ਸਕਦਾ ਸੀ। ਨਗਰ ਵਿਚ ਉਹ ਆਪਣਾ ਕੰਮ ਕਰ ਸਕਦਾ ਸੀ, ਦੂਜਿਆਂ ਦੀ ਮਦਦ ਕਰ ਸਕਦਾ ਸੀ ਅਤੇ ਸ਼ਾਂਤੀ ਨਾਲ ਯਹੋਵਾਹ ਦੀ ਭਗਤੀ ਕਰ ਸਕਦਾ ਸੀ।
ਹੀਰੇ-ਮੋਤੀ
w91 2/15 13 ਪੈਰਾ 13
ਸਾਰੇ ਲੋਕਾਂ ਲਈ ਰਿਹਾਈ ਦੀ ਪੂਰੀ ਕੀਮਤ
13 ਰਿਹਾਈ ਦੀ ਕੀਮਤ ਦਾ ਫ਼ਾਇਦਾ ਆਦਮ ਅਤੇ ਹੱਵਾਹ ਨੂੰ ਨਹੀਂ ਮਿਲੇਗਾ। ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ, “ਜੇ ਕੋਈ ਖ਼ੂਨੀ ਮੌਤ ਦੀ ਸਜ਼ਾ ਦੇ ਲਾਇਕ ਹੈ, ਤਾਂ ਉਸ ਦੀ ਜਾਨ ਦੀ ਰਿਹਾਈ ਦੀ ਕੀਮਤ ਨਾ ਲਈ ਜਾਵੇ।” (ਗਿਣਤੀ 35:31) ਆਦਮ ਨੇ ਧੋਖੇ ਵਿਚ ਆ ਕੇ ਨਹੀਂ, ਸਗੋਂ ਜਾਣ-ਬੁੱਝ ਕੇ ਪਾਪ ਕੀਤਾ ਸੀ। (1 ਤਿਮੋਥਿਉਸ 2:14) ਆਦਮ ਅਤੇ ਹੱਵਾਹ ਨੇ ਮੁਕੰਮਲ ਹੋਣ ਦੇ ਬਾਵਜੂਦ ਪਰਮੇਸ਼ੁਰ ਦਾ ਕਾਨੂੰਨ ਜਾਣ-ਬੁੱਝ ਕੇ ਤੋੜਿਆ ਸੀ। ਇਸ ਲਈ ਉਹ ਮੌਤ ਦੀ ਸਜ਼ਾ ਦੇ ਲਾਇਕ ਸਨ। ਆਦਮ ਅਤੇ ਹੱਵਾਹ ਕਰਕੇ ਉਨ੍ਹਾਂ ਦੀ ਸੰਤਾਨ ਨਾਮੁਕੰਮਲ ਹੋਈ ਅਤੇ ਉਨ੍ਹਾਂ ʼਤੇ ਮੌਤ ਆਉਣ ਲੱਗੀ। ਉਨ੍ਹਾਂ ਸਾਰਿਆਂ ਦੀ ਮੌਤ ਲਈ ਆਦਮ ਅਤੇ ਹੱਵਾਹ ਜ਼ਿੰਮੇਵਾਰ ਸਨ ਯਾਨੀ ਉਹ ਖ਼ੂਨੀ ਸਨ। ਇਸ ਲਈ ਯਹੋਵਾਹ ਆਦਮ ਅਤੇ ਹੱਵਾਹ ਨੂੰ ਰਿਹਾਈ ਦੀ ਕੀਮਤ ਦੇ ਪ੍ਰਬੰਧ ਦਾ ਫ਼ਾਇਦਾ ਨਹੀਂ ਦਿਵਾਏਗਾ। ਆਦਮ ਅਤੇ ਹੱਵਾਹ ਨੂੰ ਪਾਪ ਦੀ ਮਜ਼ਦੂਰੀ ਯਾਨੀ ਮੌਤ ਦਿੱਤੀ ਗਈ। ਪਰ ਉਸ ਦੀ ਸੰਤਾਨ ਨੂੰ ਜੋ ਮੌਤ ਦੀ ਸਜ਼ਾ ਦਿੱਤੀ ਗਈ, ਉਸ ਨੂੰ ਪਰਮੇਸ਼ੁਰ ਨੇ ਰੱਦ ਕਰ ਦਿੱਤਾ। (ਰੋਮੀਆਂ 5:16) ਯਿਸੂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ “ਸਾਰਿਆਂ ਵਾਸਤੇ” ਯਾਨੀ ਆਦਮ ਦੀ ਹਰ ਸੰਤਾਨ ਲਈ “ਮੌਤ ਦਾ ਸੁਆਦ ਚੱਖਿਆ।” ਉਸ ਦੀ ਰਿਹਾਈ ਦੀ ਕੀਮਤ ਸਾਰੇ ਇਨਸਾਨਾਂ ਨੂੰ ਮੌਤ ਤੋਂ ਛੁਟਕਾਰਾ ਦਿਵਾ ਸਕਦੀ ਹੈ।—ਇਬਰਾਨੀਆਂ 2:9; 2 ਕੁਰਿੰਥੀਆਂ 5:21; 1 ਪਤਰਸ 2:24.
31 ਮਈ–6 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 1-2
“ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ”
w96 3/15 23 ਪੈਰਾ 1
ਯਹੋਵਾਹ—ਧਰਮ ਅਤੇ ਨਿਆਂ ਨੂੰ ਪਿਆਰ ਕਰਨ ਵਾਲਾ
ਮੰਡਲੀ ਦੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਗੰਭੀਰ ਮਾਮਲਿਆਂ ਦਾ ਨਿਆਂ ਕਰਨ। (1 ਕੁਰਿੰਥੀਆਂ 5:12, 13) ਇੱਦਾਂ ਕਰਦੇ ਸਮੇਂ ਉਹ ਯਾਦ ਰੱਖਦੇ ਹਨ ਕਿ ਯਹੋਵਾਹ ਨਿਆਂ ਕਰਦੇ ਸਮੇਂ ਦਇਆ ਦਿਖਾਉਂਦਾ ਹੈ। ਜਦੋਂ ਕੋਈ ਪਾਪੀ ਤੋਬਾ ਨਹੀਂ ਕਰਦਾ, ਤਾਂ ਉਦੋਂ ਦਇਆ ਨਹੀਂ ਦਿਖਾਈ ਜਾ ਸਕਦੀ। ਪਰ ਬਜ਼ੁਰਗ ਕਿਸੇ ਪਾਪੀ ਨੂੰ ਸਜ਼ਾ ਦੇਣ ਲਈ ਮੰਡਲੀ ਵਿੱਚੋਂ ਨਹੀਂ ਛੇਕਦੇ। ਉਹ ਉਮੀਦ ਰੱਖਦੇ ਹਨ ਕਿ ਛੇਕਿਆ ਗਿਆ ਵਿਅਕਤੀ ਇਕ ਦਿਨ ਆਪਣੇ ਰਾਹਾਂ ਤੋਂ ਜ਼ਰੂਰ ਮੁੜ ਆਵੇਗਾ। (ਹਿਜ਼ਕੀਏਲ 18:23 ਵਿਚ ਨੁਕਤਾ ਦੇਖੋ।) ਮਸੀਹ ਦੀ ਅਗਵਾਈ ਅਧੀਨ ਬਜ਼ੁਰਗ ਨਿਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਵਿਚ “ਹਨੇਰੀ ਤੋਂ ਲੁਕਣ ਦੀ ਥਾਂ” ਬਣਨਾ ਵੀ ਸ਼ਾਮਲ ਹੈ। (ਯਸਾਯਾਹ 32:1, 2) ਇਸ ਲਈ ਉਨ੍ਹਾਂ ਨੂੰ ਨਿਰਪੱਖਤਾ ਅਤੇ ਕੋਮਲਤਾ ਦਿਖਾਉਣ ਦੀ ਲੋੜ ਹੈ।—ਬਿਵਸਥਾ ਸਾਰ 1:16, 17.
ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ
4 ਪਰ ਇਕ ਨਿਆਈ ਨੂੰ ਬਿਵਸਥਾ ਦਾ ਗਿਆਨ ਹਾਸਲ ਕਰਨ ਨਾਲੋਂ ਜ਼ਿਆਦਾ ਕੁਝ ਕਰਨ ਦੀ ਲੋੜ ਸੀ। ਨਾਮੁਕੰਮਲ ਹੋਣ ਕਰਕੇ ਬਜ਼ੁਰਗਾਂ ਨੂੰ ਇੱਦਾਂ ਦਾ ਕੋਈ ਵੀ ਬੁਰਾ ਝੁਕਾਅ ਤੋਂ ਬਚਣਾ ਚਾਹੀਦਾ ਸੀ ਜਿਸ ਕਾਰਨ ਉਹ ਸ਼ਾਇਦ ਗ਼ਲਤ ਨਿਆਂ ਕਰ ਸਕਦੇ ਸਨ ਜਿਵੇਂ ਸੁਆਰਥ, ਪੱਖਪਾਤ ਤੇ ਲਾਲਚ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਨਿਆਉਂ ਕਰਨ ਦੇ ਵੇਲੇ ਕਿਸੇ ਦੀ ਪੱਖ ਪਾਤ ਨਾ ਕਰਿਓ। ਤੁਸੀਂ ਵੱਡੇ ਛੋਟੇ ਦੀ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ ਕਿਉਂ ਜੋ ਨਿਆਉਂ ਪਰਮੇਸ਼ੁਰ ਦਾ ਹੈ।” (ਟੇਢੇ ਟਾਈਪ ਸਾਡੇ।) ਜੀ ਹਾਂ, ਇਸਰਾਏਲ ਦੇ ਨਿਆਈ ਪਰਮੇਸ਼ੁਰ ਵੱਲੋਂ ਨਿਆਂ ਕਰਦੇ ਸਨ। ਉਨ੍ਹਾਂ ਲਈ ਇਹ ਕਿੰਨਾ ਵਧੀਆ ਸਨਮਾਨ ਸੀ!—ਬਿਵਸਥਾ ਸਾਰ 1:16, 17.
ਹੀਰੇ-ਮੋਤੀ
ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ʼਤੇ ਭਰੋਸਾ ਰੱਖੋ
9 ਜਦ ਇਜ਼ਰਾਈਲੀ 40 ਸਾਲਾਂ ਲਈ ਖ਼ਤਰਨਾਕ ਉਜਾੜ ਵਿਚ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਹੀਂ ਦੱਸਿਆ ਸੀ ਕਿ ਉਹ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਅਗਵਾਈ, ਹਿਫਾਜ਼ਤ ਅਤੇ ਦੇਖ-ਭਾਲ ਕਰੇਗਾ। ਫਿਰ ਵੀ ਉਸ ਨੇ ਵਾਰ-ਵਾਰ ਦਿਖਾਇਆ ਕਿ ਇਜ਼ਰਾਈਲੀ ਉਸ ʼਤੇ ਭਰੋਸਾ ਰੱਖ ਸਕਦੇ ਸਨ। ਦਿਨ ਵੇਲੇ ਬੱਦਲ ਦਾ ਥੰਮ੍ਹ ਤੇ ਰਾਤ ਵੇਲੇ ਅੱਗ ਦਾ ਥੰਮ੍ਹ ਦੇਖ ਕੇ ਉਨ੍ਹਾਂ ਨੂੰ ਯਾਦ ਆਉਂਦਾ ਸੀ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਅਤੇ ਔਖੇ ਸਫ਼ਰ ਵਿਚ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇੱਦਾਂ ਉਨ੍ਹਾਂ ਕੋਲ ਪਰਮੇਸ਼ੁਰ ਦੇ ਹੁਕਮਾਂ ʼਤੇ ਚੱਲਣ ਦੇ ਬਹੁਤ ਸਾਰੇ ਕਾਰਨ ਸਨ। (ਬਿਵ. 1:19; ਕੂਚ 40:36-38) ਪਰਮੇਸ਼ੁਰ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। ਨਾ ਤਾਂ ‘ਉਨ੍ਹਾਂ ਦੇ ਕੱਪੜੇ ਪੁਰਾਨੇ ਹੋਏ ਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।’ ਜੀ ਹਾਂ, ‘ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਹੋਈ।’—ਨਹ. 9:19-21.
7-13 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 3-4
“ਯਹੋਵਾਹ ਦੇ ਕਾਨੂੰਨਾਂ ਤੋਂ ਬੁੱਧ ਅਤੇ ਨਿਆਂ ਝਲਕਦਾ ਹੈ”
it-2 1140 ਪੈਰਾ 5
ਸਮਝ
ਜਿਹੜਾ ਵਿਅਕਤੀ ਪਰਮੇਸ਼ੁਰ ਦੇ ਬਚਨ ਦਾ ਚੰਗੀ ਤਰ੍ਹਾਂ ਅਧਿਐਨ ਕਰੇਗਾ ਅਤੇ ਪਰਮੇਸ਼ੁਰ ਦੀਆਂ ਆਗਿਆਵਾਂ ਦਾ ਪਾਲਣ ਕਰੇਗਾ, ਉਸ ਨੂੰ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਸਮਝ ਮਿਲ ਸਕਦੀ ਹੈ ਜੋ ਉਮਰ ਵਿਚ ਉਸ ਤੋਂ ਵੱਡੇ ਹਨ ਜਾਂ ਜਿਨ੍ਹਾਂ ਨੇ ਉਸ ਨੂੰ ਪਹਿਲਾਂ ਸਿਖਾਇਆ ਸੀ। (ਜ਼ਬੂ 119:99, 100, 130; ਲੂਕਾ 2:46, 47 ਵਿਚ ਨੁਕਤਾ ਦੇਖੋ।) ਪਰਮੇਸ਼ੁਰ ਨੇ ਸਾਨੂੰ ਅਜਿਹੇ ਕਾਨੂੰਨ ਦਿੱਤੇ ਹਨ ਜਿਨ੍ਹਾਂ ਨੂੰ ਮੰਨ ਕੇ ਅਸੀਂ ਬੁੱਧੀਮਾਨ ਬਣ ਸਕਦੇ ਹਾਂ। ਜੇ ਇਜ਼ਰਾਈਲੀ ਹਮੇਸ਼ਾ ਲਈ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ, ਤਾਂ ਨੇੜੇ-ਤੇੜੇ ਦੇ ਲੋਕਾਂ ਨੇ ਜ਼ਰੂਰ ਕਹਿਣਾ ਸੀ ਕਿ ਉਹ “ਬੁੱਧੀਮਾਨ ਅਤੇ ਸਮਝਦਾਰ” ਹਨ। (ਬਿਵ 4:5-8; ਜ਼ਬੂ 111:7, 8, 10; 1 ਰਾਜ 2:3 ਵਿਚ ਨੁਕਤਾ ਦੇਖੋ।) ਸਮਝਦਾਰ ਇਨਸਾਨ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕੋਈ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਪਰਮੇਸ਼ੁਰ ਦੇ ਮੁਤਾਬਕ ਕੰਮ ਕਰਨੇ ਚਾਹੀਦੇ ਹਨ ਅਤੇ ਇਹ ਕੰਮ ਕਰਨ ਲਈ ਉਸ ਨੂੰ ਪਰਮੇਸ਼ੁਰ ਤੋਂ ਮਦਦ ਮੰਗਣੀ ਚਾਹੀਦੀ ਹੈ। (ਜ਼ਬੂ 119:169) ਉਹ ਕੋਸ਼ਿਸ਼ ਕਰਦਾ ਹੈ ਕਿ ਪਰਮੇਸ਼ੁਰ ਦੀਆਂ ਗੱਲਾਂ ਦਾ ਉਸ ʼਤੇ ਗਹਿਰਾ ਅਸਰ ਪਵੇ। (ਮੱਤੀ 13:19-23) ਉਹ ਪਰਮੇਸ਼ੁਰ ਦੀਆਂ ਗੱਲਾਂ ਨੂੰ ਆਪਣੇ “ਦਿਲ ਦੀ ਫੱਟੀ” ਉੱਤੇ ਲਿਖ ਲੈਂਦਾ ਹੈ (ਕਹਾ 3:3-6; 7:1-4) ਅਤੇ “ਹਰ ਬੁਰੇ ਰਾਹ ਤੋਂ ਨਫ਼ਰਤ” ਕਰਦਾ ਹੈ। (ਜ਼ਬੂ 119:104) ਜਦੋਂ ਪਰਮੇਸ਼ੁਰ ਦਾ ਪੁੱਤਰ ਧਰਤੀ ਉੱਤੇ ਸੀ, ਤਾਂ ਉਸ ਨੇ ਸਮਝ ਤੋਂ ਕੰਮ ਲਿਆ। ਪਰਮੇਸ਼ੁਰ ਦੇ ਬਚਨ ਵਿਚ ਉਸ ਬਾਰੇ ਜੋ ਲਿਖਿਆ ਸੀ, ਉਸ ਨੂੰ ਪੂਰਾ ਕਰਨ ਲਈ ਉਹ ਸੂਲ਼ੀ ਉੱਤੇ ਵੀ ਮਰਨ ਲਈ ਤਿਆਰ ਸੀ। ਉਸ ਨੇ ਮੌਤ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕੀਤੀ—ਮੱਤੀ 26:51-54.
ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ
ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਹੈਰਾਨ ਹੋ ਕੇ ਉਸ ਨੂੰ ਨਿਮਰਤਾ ਨਾਲ ਕਿਹਾ: “ਧੰਨ ਹਨ ਏਹ ਤੇਰੇ ਟਹਿਲੂਏ ਜਿਹੜੇ ਸਦਾ ਤੇਰੇ ਸਨਮੁਖ ਖਲੋਤੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ।” (1 ਰਾਜਿਆਂ 10:4-8) ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਨਹੀਂ ਕਿਹਾ ਕਿ ਉਹ ਇੰਨੀ ਸ਼ਾਨੋ-ਸ਼ੌਕਤ ਵਾਲੇ ਮਹਿਲ ਵਿਚ ਸੇਵਾ ਕਰਦੇ ਸਨ। ਇਸ ਦੀ ਬਜਾਇ, ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਕਿਹਾ ਕਿਉਂਕਿ ਉਹ ਸੁਲੇਮਾਨ ਦੀ ਪਰਮੇਸ਼ੁਰ-ਦਿੱਤ ਬੁੱਧੀ ਨੂੰ ਲਗਾਤਾਰ ਸੁਣ ਸਕਦੇ ਸਨ। ਅੱਜ ਯਹੋਵਾਹ ਦੇ ਲੋਕਾਂ ਲਈ ਸ਼ਬਾ ਦੀ ਰਾਣੀ ਇਕ ਕਿੰਨੀ ਵਧੀਆ ਮਿਸਾਲ ਹੈ, ਜਿਹੜੇ ਸ੍ਰਿਸ਼ਟੀਕਰਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਬੁੱਧੀ ਨੂੰ ਸੁਣਨ ਦਾ ਆਨੰਦ ਮਾਣਦੇ ਹਨ!
ਸ਼ਬਾ ਦੀ ਰਾਣੀ ਦੁਆਰਾ ਸੁਲੇਮਾਨ ਨੂੰ ਕਹੀ ਗਈ ਅਗਲੀ ਗੱਲ ਵੀ ਧਿਆਨ ਦੇਣ ਯੋਗ ਹੈ: “ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ।” (1 ਰਾਜਿਆਂ 10:9) ਉਸ ਨੇ ਜ਼ਰੂਰ ਸੁਲੇਮਾਨ ਦੀ ਬੁੱਧੀ ਅਤੇ ਖ਼ੁਸ਼ਹਾਲੀ ਪਿੱਛੇ ਯਹੋਵਾਹ ਦਾ ਹੱਥ ਦੇਖਿਆ ਹੋਵੇਗਾ। ਇਹ ਠੀਕ ਉਸੇ ਵਾਅਦੇ ਅਨੁਸਾਰ ਸੀ ਜੋ ਯਹੋਵਾਹ ਨੇ ਇਸਰਾਏਲ ਨਾਲ ਪਹਿਲਾਂ ਕੀਤਾ ਸੀ। ਉਸ ਨੇ ਕਿਹਾ ਸੀ, ‘ਮੇਰੀਆਂ ਬਿਧੀਆਂ ਨੂੰ ਮੰਨਣਾ ਤੁਹਾਡੀ ਬੁੱਧੀ ਅਤੇ ਸਮਝ ਹੈ ਉਨ੍ਹਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਏਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।’—ਬਿਵਸਥਾ ਸਾਰ 4:5-7.
ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?
13 ਯਹੋਵਾਹ ਆਪਣੇ ਭਗਤਾਂ ਨੂੰ ਹਮੇਸ਼ਾ ਵਧੀਆ ਤੋਂ ਵਧੀਆ ਚੀਜ਼ ਦਿੰਦਾ ਹੈ। (ਯਾਕੂਬ 1:17) ਮਿਸਾਲ ਲਈ, ਯਹੋਵਾਹ ਨੇ ਇਸਰਾਏਲੀਆਂ ਨੂੰ ਜਿਹੜੀ ਜ਼ਮੀਨ ਦਿੱਤੀ ਸੀ, ਉਸ ਵਿਚ “ਦੁੱਧ ਅਤੇ ਸ਼ਹਿਤ ਵਗਦਾ ਸੀ।” ਹਾਲਾਂਕਿ ਮਿਸਰ ਦੇਸ਼ ਬਾਰੇ ਵੀ ਇਹ ਗੱਲ ਕਹੀ ਜਾਂਦੀ ਸੀ, ਪਰ ਪਰਮੇਸ਼ੁਰ ਵੱਲੋਂ ਦਿੱਤੇ ਦੇਸ਼ ਬਾਰੇ ਇਕ ਗੱਲ ਨਿਰਾਲੀ ਸੀ। ਜਿਵੇਂ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ, ਇਹ ਉਹ ਦੇਸ਼ ਸੀ ‘ਜਿਹ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਸੀ।’ ਇਸ ਦਾ ਮਤਲਬ ਸੀ ਕਿ ਇਸਰਾਏਲੀ ਵਧਣ-ਫੁੱਲਣਗੇ ਕਿਉਂਕਿ ਯਹੋਵਾਹ ਉਨ੍ਹਾਂ ਦਾ ਖ਼ਿਆਲ ਰੱਖੇਗਾ। ਉਹ ਜਿੰਨਾ ਚਿਰ ਯਹੋਵਾਹ ਦੇ ਵਫ਼ਾਦਾਰ ਰਹੇ, ਉੱਨਾ ਚਿਰ ਉਸ ਨੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ। ਹੋਰਨਾਂ ਕੌਮਾਂ ਦੀ ਤੁਲਨਾ ਵਿਚ ਇਸਰਾਏਲੀਆਂ ਨੇ ਚੰਗੀ ਜ਼ਿੰਦਗੀ ਦਾ ਮਜ਼ਾ ਲਿਆ। ਜੀ ਹਾਂ, ਯਹੋਵਾਹ ਦੀ ਬਰਕਤ ਵਾਕਈ “ਧਨੀ ਬਣਾਉਂਦੀ ਹੈ”!—ਗਿਣਤੀ 16:13; ਬਿਵਸਥਾ ਸਾਰ 4:5-8; 11:8-15.
ਹੀਰੇ-ਮੋਤੀ
ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
4:15-20, 23, 24—ਕੀ ਮੂਰਤੀ ਬਣਾਉਣ ਦੀ ਮਨਾਹੀ ਦਾ ਇਹ ਮਤਲਬ ਹੈ ਕਿ ਸਜਾਵਟ ਲਈ ਵੀ ਮੂਰਤੀ ਬਣਾਉਣੀ ਗ਼ਲਤ ਹੈ? ਨਹੀਂ। ਅਸਲ ਵਿਚ ‘ਮਥਾ ਟੇਕਣ ਅਤੇ ਪੂਜਾ ਕਰਨ’ ਵਾਸਤੇ ਕੋਈ ਵੀ ਮੂਰਤੀ ਬਣਾਉਣ ਤੇ ਪਾਬੰਦੀ ਲਗਾਈ ਗਈ ਸੀ। ਸਜਾਵਟ ਵਾਸਤੇ ਮੂਰਤੀ ਜਾਂ ਤਸਵੀਰ ਬਣਾਉਣ ਤੋਂ ਬਾਈਬਲ ਮਨ੍ਹਾ ਨਹੀਂ ਕਰਦੀ।—1 ਰਾਜਿਆਂ 7:18, 25.
14-20 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 5-6
“ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ”
ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ
11 ਇਸ ਸੰਬੰਧ ਵਿਚ ਬਿਵਸਥਾ ਸਾਰ 6:5-7 ਦਾ ਹਵਾਲਾ ਸਾਡੀ ਮਦਦ ਕਰ ਸਕਦਾ ਹੈ। ਆਪਣੀ ਬਾਈਬਲ ਖੋਲ੍ਹ ਕੇ ਇਨ੍ਹਾਂ ਆਇਤਾਂ ਨੂੰ ਪੜ੍ਹੋ। ਧਿਆਨ ਦਿਓ ਕਿ ਮਾਪਿਆਂ ਨੂੰ ਪਹਿਲਾਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਯਹੋਵਾਹ ਦੀਆਂ ਗੱਲਾਂ ਉਨ੍ਹਾਂ ਦੇ ਦਿਲ ਵਿਚ ਹੋਣੀਆਂ ਚਾਹੀਦੀਆਂ ਹਨ। ਜੀ ਹਾਂ, ਮਾਪਿਓ, ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ। ਬਾਈਬਲ ਨੂੰ ਬਾਕਾਇਦਾ ਪੜ੍ਹੋ ਅਤੇ ਉਸ ਉੱਤੇ ਮਨਨ ਕਰੋ ਤਾਂਕਿ ਤੁਸੀਂ ਯਹੋਵਾਹ ਦੇ ਰਾਹਾਂ, ਸਿਧਾਂਤਾਂ ਅਤੇ ਹੁਕਮਾਂ ਨੂੰ ਸਮਝ ਸਕੋ ਅਤੇ ਉਨ੍ਹਾਂ ਨਾਲ ਪਿਆਰ ਕਰੋ। ਨਤੀਜੇ ਵਜੋਂ ਤੁਹਾਡੇ ਦਿਲ ਯਹੋਵਾਹ ਪ੍ਰਤੀ ਸ਼ਰਧਾ ਤੇ ਪਿਆਰ ਨਾਲ ਭਰ ਜਾਣਗੇ। ਫਿਰ ਤੁਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾ ਸਕੋਗੇ।—ਲੂਕਾ 6:45.
ਮੈਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਕਿਵੇਂ ਦੇ ਸਕਦਾ ਹਾਂ?
ਤੁਹਾਡੀਆਂ ਗੱਲਾਂ ਤੋਂ ਹੀ ਨਹੀਂ, ਸਗੋਂ ਤੁਹਾਡੇ ਕੰਮਾਂ ਤੋਂ ਵੀ ਤੁਹਾਡੀਆਂ ਇੱਛਾਵਾਂ, ਅਸੂਲਾਂ ਤੇ ਰੁਚੀਆਂ ਦਾ ਪਤਾ ਲੱਗਦਾ ਹੈ। (ਰੋਮੀਆਂ 2:21, 22) ਬਚਪਨ ਤੋਂ ਹੀ ਬੱਚੇ ਆਪਣੇ ਮਾਪਿਆਂ ਵੱਲ ਧਿਆਨ ਨਾਲ ਦੇਖਦੇ ਹਨ ਤੇ ਸਿੱਖਦੇ ਹਨ। ਬੱਚੇ ਜਾਣ ਜਾਂਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਲਈ ਕਿਹੜੀਆਂ ਚੀਜ਼ਾਂ ਅਹਿਮ ਹਨ ਅਤੇ ਇਹ ਚੀਜ਼ਾਂ ਉਨ੍ਹਾਂ ਲਈ ਵੀ ਅਹਿਮ ਬਣ ਜਾਂਦੀਆਂ ਹਨ। ਜੇ ਤੁਸੀਂ ਦਿਲੋਂ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਬੱਚੇ ਤੁਹਾਡੇ ਕੰਮਾਂ ਤੋਂ ਇਹ ਦੇਖ ਲੈਣਗੇ। ਉਦਾਹਰਣ ਲਈ, ਉਹ ਦੇਖਣਗੇ ਕਿ ਤੁਸੀਂ ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਨੂੰ ਅਹਿਮੀਅਤ ਦਿੰਦੇ ਹੋ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਹੋ। (ਮੱਤੀ 6:33) ਜੇ ਤੁਸੀਂ ਬਾਕਾਇਦਾ ਸਭਾਵਾਂ ਵਿਚ ਜਾਵੋਗੇ ਅਤੇ ਪ੍ਰਚਾਰ ਦਾ ਕੰਮ ਕਰੋਗੇ, ਤਾਂ ਉਹ ਦੇਖ ਸਕਣਗੇ ਕਿ ਯਹੋਵਾਹ ਦੀ ਭਗਤੀ ਤੁਹਾਡੇ ਲਈ ਸਭ ਤੋਂ ਅਹਿਮ ਹੈ।—ਮੱਤੀ 28:19, 20; ਇਬਰਾਨੀਆਂ 10:24, 25.
ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ
14 ਮਾਪਿਓ, ਜਿਸ ਤਰ੍ਹਾਂ ਬਿਵਸਥਾ ਸਾਰ 6:7 ਵਿਚ ਦੱਸਿਆ ਗਿਆ ਹੈ, ਤੁਸੀਂ ਕਈ ਮੌਕਿਆਂ ਤੇ ਆਪਣੇ ਬੱਚਿਆਂ ਨਾਲ ਰੂਹਾਨੀ ਗੱਲਾਂ ਕਰ ਸਕਦੇ ਹੋ। ਸਫ਼ਰ ਕਰਦੇ ਸਮੇਂ, ਘਰ ਦੇ ਕੰਮ-ਕਾਜ ਕਰਦੇ ਹੋਏ ਜਾਂ ਆਰਾਮ ਕਰਨ ਵੇਲੇ ਤੁਸੀਂ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰ ਸਕਦੇ ਹੋ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਰ ਵਕਤ ਉਨ੍ਹਾਂ ਨੂੰ ਬਾਈਬਲ ਉੱਤੇ ਭਾਸ਼ਣ ਦਿੰਦੇ ਰਹੋ। ਇਸ ਦੀ ਬਜਾਇ, ਆਪਣੀਆਂ ਗੱਲਾਂ-ਬਾਤਾਂ ਰਾਹੀਂ ਉਨ੍ਹਾਂ ਦਾ ਹੌਸਲਾ ਵਧਾਓ। ਮਿਸਾਲ ਲਈ, ਜਾਗਰੂਕ ਬਣੋ! ਰਸਾਲੇ ਵਿਚ ਕਈ ਵਿਸ਼ਿਆਂ ਉੱਤੇ ਲੇਖ ਹੁੰਦੇ ਹਨ। ਇਨ੍ਹਾਂ ਲੇਖਾਂ ਰਾਹੀਂ ਤੁਸੀਂ ਜਾਨਵਰਾਂ, ਕੁਦਰਤ ਦੇ ਸ਼ਾਨਦਾਰ ਨਜ਼ਾਰਿਆਂ ਅਤੇ ਵੱਖ-ਵੱਖ ਲੋਕਾਂ ਦੇ ਸਭਿਆਚਾਰ ਬਾਰੇ ਗੱਲਬਾਤ ਕਰ ਸਕਦੇ ਹੋ। ਇਨ੍ਹਾਂ ਗੱਲਾਂ-ਬਾਤਾਂ ਤੋਂ ਪ੍ਰੇਰਿਤ ਹੋ ਕੇ ਸ਼ਾਇਦ ਬੱਚੇ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਗਏ ਹੋਰ ਪ੍ਰਕਾਸ਼ਨ ਪੜ੍ਹਨੇ ਚਾਹੁਣ।—ਮੱਤੀ 24:45-47.
ਹੀਰੇ-ਮੋਤੀ
ਪੁਰਾਣੇ ਇਜ਼ਰਾਈਲ ਵਿਚ ਪਿਆਰ ਅਤੇ ਨਿਆਂ
11 ਸਬਕ: ਯਹੋਵਾਹ ਇਨਸਾਨ ਦਾ ਬਾਹਰੀ ਰੂਪ ਨਹੀਂ ਦੇਖਦਾ। ਉਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। (1 ਸਮੂ. 16:7) ਕੋਈ ਵੀ ਸੋਚ, ਭਾਵਨਾ ਜਾਂ ਕੰਮ ਉਸ ਤੋਂ ਲੁਕਾਇਆ ਨਹੀਂ ਜਾ ਸਕਦਾ। ਪਰਮੇਸ਼ੁਰ ਸਾਡੇ ਵਿਚ ਚੰਗੇ ਗੁਣ ਦੇਖਦਾ ਹੈ ਅਤੇ ਸਾਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਬੁਰਾ ਕੰਮ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੀਆਂ ਗ਼ਲਤ ਸੋਚਾਂ ਨੂੰ ਪਛਾਣੀਏ ਅਤੇ ਇਨ੍ਹਾਂ ʼਤੇ ਕਾਬੂ ਪਾਈਏ।—2 ਇਤ. 16:9; ਮੱਤੀ 5:27-30.
21-27 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ-ਸਾਰ 7-8
“ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ”
ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਉਂ ਕਿਹਾ ਸੀ ਕਿ ਉਹ ਸਿਰਫ਼ ਉਸ ਦੀ ਭਗਤੀ ਕਰਨ ਵਾਲਿਆਂ ਨਾਲ ਵਿਆਹ ਕਰਵਾਉਣ?
ਯਹੋਵਾਹ ਜਾਣਦਾ ਸੀ ਕਿ ਸ਼ੈਤਾਨ ਉਸ ਦੇ ਲੋਕਾਂ ਨੂੰ ਝੂਠੀ ਭਗਤੀ ਵਿਚ ਫਸਾ ਕੇ ਉਨ੍ਹਾਂ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰੇਗਾ। ਯਹੋਵਾਹ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਝੂਠੀ ਭਗਤੀ ਕਰਨ ਵਾਲੇ ‘ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਲੈਣਗੇ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੇ।’ ਜੇ ਇਜ਼ਰਾਈਲੀ ਦੂਸਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ, ਤਾਂ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਣਾ ਸੀ। ਯਹੋਵਾਹ ਨੇ ਨਾ ਤਾਂ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਸਨ ਅਤੇ ਨਾ ਹੀ ਉਨ੍ਹਾਂ ਦੀ ਰਾਖੀ ਕਰਨੀ ਸੀ। ਫਿਰ ਦੁਸ਼ਮਣਾਂ ਨੇ ਆ ਕੇ ਉਨ੍ਹਾਂ ਦਾ ਨਾਸ਼ ਕਰ ਦੇਣਾ ਸੀ ਅਤੇ ਮਸੀਹ ਨੇ ਉਸ ਕੌਮ ਵਿਚ ਪੈਦਾ ਨਹੀਂ ਹੋਣਾ ਸੀ। ਸ਼ੈਤਾਨ ਇਹ ਸਭ ਕੁਝ ਜਾਣਦਾ ਸੀ। ਇਸ ਲਈ ਸ਼ੈਤਾਨ ਨੇ ਉਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਝੂਠੀ ਭਗਤੀ ਕਰਨ ਵਾਲਿਆਂ ਨਾਲ ਵਿਆਹ ਕਰਵਾ ਲੈਣ।
“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ?
ਬਾਈਬਲ ਵਿਚ ਯਹੋਵਾਹ ਅਜੇ ਵੀ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਪ੍ਰਭੂ ਵਿਚ ਹੀ ਵਿਆਹ ਕਰਾਈਏ। ਪਰ ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਸਾਡੀ ਭਲਾਈ ਕਿਸ ਵਿਚ ਹੈ ਅਤੇ ਉਹ ਸਾਨੂੰ ਮੁਸ਼ਕਲਾਂ ਤੋਂ ਬਚਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਕੋਈ ਗ਼ਲਤ ਫ਼ੈਸਲਾ ਕਰੀਏ ਜਿਸ ਕਰਕੇ ਅਸੀਂ ਦੁਖੀ ਹੋਈਏ ਜਾਂ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਨਾ ਰਹਿਣ। ਨਹਮਯਾਹ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀਆਂ ਨੇ ਉਨ੍ਹਾਂ ਔਰਤਾਂ ਨਾਲ ਵਿਆਹ ਕਰਾਇਆ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੀਆਂ ਸਨ। ਇਸ ਲਈ ਨਹਮਯਾਹ ਨੇ ਸੁਲੇਮਾਨ ਦੀ ਬੁਰੀ ਮਿਸਾਲ ਬਾਰੇ ਲਿਖਿਆ। ਸੁਲੇਮਾਨ “ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਹ ਨੂੰ ਸਾਰੇ ਇਸਰਾਏਲ ਉੱਤੇ ਪਾਤਸ਼ਾਹੀ ਦਿੱਤੀ ਤਾਂ ਵੀ ਓਪਰੀਆਂ ਤੀਵੀਆਂ ਨੇ ਉਸ ਕੋਲੋਂ ਪਾਪ ਕਰਵਾਇਆ।” (ਨਹ. 13:23-26) ਯਹੋਵਾਹ ਜਾਣਦਾ ਹੈ ਕਿ ਉਸ ਦੀਆਂ ਸਲਾਹਾਂ ਸਾਡੇ ਫ਼ਾਇਦੇ ਲਈ ਹਨ। ਇਸ ਲਈ ਉਸ ਨੇ ਮਸੀਹੀਆਂ ਨੂੰ ਕਿਹਾ ਹੈ ਕਿ ਉਹ ਸਿਰਫ਼ ਪ੍ਰਭੂ ਵਿਚ ਹੀ ਵਿਆਹ ਕਰਨ। (ਜ਼ਬੂ. 19:7-10; ਯਸਾ. 48:17, 18) ਅਸੀਂ ਬਹੁਤ ਧੰਨਵਾਦੀ ਹਾਂ ਕਿ ਉਹ ਸਾਨੂੰ ਪਿਆਰ ਨਾਲ ਸਲਾਹ ਦਿੰਦਾ ਹੈ ਤੇ ਉਸ ਦੀ ਸਲਾਹ ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦੀ ਹੈ। ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਅਸੀਂ ਕਬੂਲ ਕਰਦੇ ਹਾਂ ਕਿ ਉਸ ਦਾ ਹੀ ਹੱਕ ਬਣਦਾ ਹੈ ਕਿ ਉਹ ਸਾਨੂੰ ਦੱਸੇ ਕਿ ਅਸੀਂ ਕੀ ਕਰੀਏ।—ਕਹਾ. 1:5.
ਆਖ਼ਰੀ ਦਿਨਾਂ ਵਿਚ ਬੁਰੀ ਸੰਗਤ ਤੋਂ ਬਚ ਕੇ ਰਹੋ
12 ਜਿਹੜੇ ਮਸੀਹੀ ਵਿਆਹ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਕਿਨ੍ਹਾਂ ਨਾਲ ਮਿਲਦੇ-ਗਿਲ਼ਦੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਖ਼ਬਰਦਾਰ ਕਰਦਾ ਹੈ: “ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ। ਕਿਉਂਕਿ ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ? ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ?” (2 ਕੁਰਿੰ. 6:14) ਬਾਈਬਲ ਪਰਮੇਸ਼ੁਰ ਦੇ ਸੇਵਕਾਂ ਨੂੰ ਸਿਰਫ਼ “ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਵਾਉਣ ਲਈ ਕਹਿੰਦੀ ਹੈ ਜਿਸ ਨੇ ਸਮਰਪਣ ਕਰ ਕੇ ਬਪਤਿਸਮਾ ਲਿਆ ਹੋਵੇ ਅਤੇ ਜੋ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਦਾ ਹੋਵੇ। (1 ਕੁਰਿੰ. 7:39) ਜਦੋਂ ਤੁਸੀਂ ਯਹੋਵਾਹ ਨਾਲ ਪਿਆਰ ਕਰਨ ਵਾਲੇ ਕਿਸੇ ਵਿਅਕਤੀ ਨਾਲ ਵਿਆਹ ਕਰਾਓਗੇ, ਤਾਂ ਉਹ ਤੁਹਾਡੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਰੇਗਾ।
ਹੀਰੇ-ਮੋਤੀ
ਯਹੋਵਾਹ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ
4 ਰੋਜ਼ ਦੀ ਰੋਟੀ ਲਈ ਪ੍ਰਾਰਥਨਾ ਕਰਦੇ ਹੋਏ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਹਰ ਰੋਜ਼ ਰੂਹਾਨੀ ਖ਼ੁਰਾਕ ਦੀ ਵੀ ਲੋੜ ਹੈ। ਇਕ ਵਾਰ ਲੰਬਾ ਵਰਤ ਰੱਖਣ ਤੋਂ ਬਾਅਦ ਯਿਸੂ ਨੂੰ ਜ਼ੋਰਾਂ ਦੀ ਭੁੱਖ ਲੱਗੀ ਸੀ। ਫਿਰ ਵੀ, ਜਦ ਸ਼ਤਾਨ ਨੇ ਉਸ ਨੂੰ ਭਰਮਾਉਂਦੇ ਹੋਏ ਪੱਥਰ ਨੂੰ ਰੋਟੀ ਵਿਚ ਬਦਲਣ ਲਈ ਕਿਹਾ, ਤਾਂ ਯਿਸੂ ਨੇ ਉੱਤਰ ਦਿੱਤਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਯਿਸੂ ਨੇ ਇੱਥੇ ਮੂਸਾ ਨਬੀ ਦੇ ਸ਼ਬਦ ਦੁਹਰਾਏ ਸਨ ਜਿਸ ਨੇ ਇਸਰਾਏਲੀਆਂ ਨੂੰ ਕਿਹਾ ਸੀ: “[ਯਹੋਵਾਹ] ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮੰਨ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ ਆਦਮੀ ਜੀਉਂਦਾ ਰਹੇਗਾ।” (ਬਿਵਸਥਾ ਸਾਰ 8:3) ਜਿਸ ਤਰੀਕੇ ਨਾਲ ਯਹੋਵਾਹ ਨੇ ਇਸਰਾਏਲੀਆਂ ਲਈ “ਮੰਨ” ਨਾਮਕ ਰੋਟੀ ਦਾ ਪ੍ਰਬੰਧ ਕੀਤਾ ਸੀ, ਉਸ ਤੋਂ ਉਹ ਕਈ ਸਬਕ ਸਿੱਖ ਸਕਦੇ ਸਨ। ਪਹਿਲਾ ਤਾਂ ਇਹ ਗੱਲ ਸੀ ਕਿ ਉਨ੍ਹਾਂ ਨੇ ‘ਇੱਕ ਦਿਨ ਦਾ ਸੀਧਾ ਉਸੇ ਦਿਨ ਵਿੱਚ ਇਕੱਠਾ ਕਰਨਾ ਸੀ।’ ਜਦੋਂ ਉਨ੍ਹਾਂ ਨੇ ਉਸ ਦਿਨ ਦੀ ਲੋੜ ਤੋਂ ਵੱਧ ਚੁੱਕਿਆ, ਤਾਂ ਮੰਨ ਵਿਚ ਕੀੜੇ ਪੈ ਜਾਂਦੇ ਸਨ ਤੇ ਉਸ ਵਿੱਚੋਂ ਬੋ ਆਉਣ ਲੱਗ ਜਾਂਦੀ ਸੀ। (ਕੂਚ 16:4, 20) ਪਰ ਛੇਵੇਂ ਦਿਨ ਤੇ ਇਸ ਤਰ੍ਹਾਂ ਨਹੀਂ ਹੁੰਦਾ ਸੀ ਜਦ ਉਨ੍ਹਾਂ ਨੇ ਸੱਤਵੇਂ ਦਿਨ ਯਾਨੀ ਸਬਤ ਦੇ ਦਿਨ ਲਈ ਵੀ ਇਕੱਠਾ ਕਰਨਾ ਸੀ। (ਕੂਚ 16:5, 23, 24) ਇਸ ਤਰ੍ਹਾਂ, ਉਨ੍ਹਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਹੋਣਾ ਕਿ ਉਨ੍ਹਾਂ ਲਈ ਆਗਿਆਕਾਰ ਹੋਣਾ ਕਿੰਨਾ ਜ਼ਰੂਰੀ ਸੀ ਅਤੇ ਉਨ੍ਹਾਂ ਦੀਆਂ ਜਾਨਾਂ ਸਿਰਫ਼ ਰੋਟੀ ਤੇ ਹੀ ਨਹੀਂ, ਸਗੋਂ ‘ਯਹੋਵਾਹ ਦੇ ਮੂੰਹੋਂ ਨਿੱਕਲੇ ਹਰ ਇੱਕ ਵਾਕ’ ਤੇ ਨਿਰਭਰ ਸਨ।
28 ਜੂਨ–4 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 9-10
“ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਤੋਂ ਹੋਰ ਕੀ ਚਾਹੁੰਦਾ ਹੈ?”
ਯਹੋਵਾਹ ਸਾਥੋਂ ਕੀ ਚਾਹੁੰਦਾ ਹੈ?
ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਸਾਨੂੰ ਕਿਹੜੀ ਗੱਲ ਪ੍ਰੇਰ ਸਕਦੀ ਹੈ? ਮੂਸਾ ਨੇ ਇਕ ਗੱਲ ਦੱਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ।” (ਆਇਤ 12) ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਪਰਮੇਸ਼ੁਰ ਵੱਲੋਂ ਸਜ਼ਾ ਭੋਗਣ ਦਾ ਡਰ ਹੋਣਾ ਚਾਹੀਦਾ, ਸਗੋਂ ਅਸੀਂ ਉਸ ਲਈ ਸ਼ਰਧਾ ਰੱਖਦੇ ਹਾਂ ਕਿਉਂਕਿ ਉਸ ਦੇ ਰਾਹ ਸਹੀ ਹਨ। ਜਦੋਂ ਅਸੀਂ ਅਜਿਹਾ ਭੈ ਰੱਖਦੇ ਹਾਂ, ਤਾਂ ਅਸੀਂ ਉਸ ਨੂੰ ਨਾਰਾਜ਼ ਨਹੀਂ ਕਰਾਂਗੇ।
ਪਰ ਸਾਨੂੰ ਸਿਰਫ਼ ਭੈ ਰੱਖਣ ਕਰਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਾ ਚਾਹੀਦਾ। ਮੂਸਾ ਨੇ ਲਿਖਿਆ ਕਿ ਯਹੋਵਾਹ “ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।” (ਆਇਤ 12) ਪਰਮੇਸ਼ੁਰ ਨੂੰ ਪਿਆਰ ਕਰਨ ਵਿਚ ਸਿਰਫ਼ ਸਾਡੇ ਜਜ਼ਬਾਤ ਨਹੀਂ ਸ਼ਾਮਲ। ਇਸ ਬਾਰੇ ਇਕ ਕਿਤਾਬ ਕਹਿੰਦੀ ਹੈ: “ਇਬਰਾਨੀ ਭਾਸ਼ਾ ਵਿਚ ਜਜ਼ਬਾਤਾਂ ਲਈ ਵਰਤੀਆਂ ਗਈਆਂ ਕ੍ਰਿਆਵਾਂ ਕਦੇ-ਕਦੇ ਕੰਮਾਂ ਨੂੰ ਵੀ ਸੰਕੇਤ ਕਰਦੀਆਂ ਹਨ।” ਇਹੀ ਕਿਤਾਬ ਕਹਿੰਦੀ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਹੈ ਉਸ ਲਈ ਆਪਣਾ “ਪਿਆਰ ਜ਼ਾਹਰ ਕਰਨਾ।” ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਪਰਮੇਸ਼ੁਰ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਉਹੀ ਕੰਮ ਕਰਾਂਗੇ ਜੋ ਉਸ ਨੂੰ ਮਨਜ਼ੂਰ ਹਨ।—ਕਹਾਉਤਾਂ 27:11.
ਯਹੋਵਾਹ ਸਾਥੋਂ ਕੀ ਚਾਹੁੰਦਾ ਹੈ?
ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨ ਕੇ ਸਾਨੂੰ ਬਰਕਤਾਂ ਮਿਲਣਗੀਆਂ। ਮੂਸਾ ਨੇ ਲਿਖਿਆ ਕਿ ਉਨ੍ਹਾਂ “ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।” (ਆਇਤ 13) ਹਾਂ, ਯਹੋਵਾਹ ਦੇ ਸਾਰੇ ਹੁਕਮ ਯਾਨੀ ਜੋ ਵੀ ਉਹ ਸਾਥੋਂ ਮੰਗਦਾ ਹੈ, ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦਾ ਹੈ। ਕੀ ਬਾਈਬਲ ਇਹ ਨਹੀਂ ਕਹਿੰਦੀ ਕਿ “ਪਰਮੇਸ਼ੁਰ ਪ੍ਰੇਮ ਹੈ”? (1 ਯੂਹੰਨਾ 4:8) ਸੋ ਉਸ ਦੇ ਹੁਕਮ ਸਾਡੇ ਫ਼ਾਇਦੇ ਲਈ ਹੀ ਹੋਣਗੇ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ। (ਯਸਾਯਾਹ 48:17) ਜੇ ਅਸੀਂ ਉਹੀ ਕਰਦੇ ਰਹਾਂਗੇ ਜੋ ਪਰਮੇਸ਼ੁਰ ਕਹਿੰਦਾ ਹੈ, ਤਾਂ ਸਾਨੂੰ ਘੱਟ ਮੁਸ਼ਕਲਾਂ ਆਉਣਗੀਆਂ ਅਤੇ ਉਸ ਦੇ ਰਾਜ ਅਧੀਨ ਅਸੀਂ ਬੇਅੰਤ ਖ਼ੁਸ਼ੀਆਂ ਪਾਵਾਂਗੇ।
ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ?
2 ਅਬਰਾਹਾਮ ਨੇ ਯਹੋਵਾਹ ਨਾਲ ਅਜਿਹੀ ਨਜ਼ਦੀਕੀ ਮਹਿਸੂਸ ਕੀਤੀ ਸੀ। ਯਹੋਵਾਹ ਨੇ ਉਸ ਬਜ਼ੁਰਗ ਨੂੰ ਆਪਣਾ “ਦੋਸਤ” ਸੱਦਿਆ ਸੀ। (ਯਸਾਯਾਹ 41:8) ਜੀ ਹਾਂ, ਯਹੋਵਾਹ ਅਬਰਾਹਾਮ ਨੂੰ ਆਪਣਾ ਜਿਗਰੀ ਦੋਸਤ ਸਮਝਦਾ ਸੀ। ਅਬਰਾਹਾਮ ਨੂੰ ਯਹੋਵਾਹ ਦਾ ਮਿੱਤਰ ਕਿਉਂ ਸੱਦਿਆ ਗਿਆ ਸੀ? ਕਿਉਂਕਿ ਉਸ ਨੇ “ਪਰਮੇਸ਼ੁਰ ਦੀ ਪਰਤੀਤ ਕੀਤੀ” ਸੀ। (ਯਾਕੂਬ 2:23) ਅੱਜ-ਕੱਲ੍ਹ ਵੀ ਯਹੋਵਾਹ ਉਨ੍ਹਾਂ ਲੋਕਾਂ ‘ਨਾਲ ਪਰਸੰਨ ਹੁੰਦਾ ਹੈ’ ਜੋ ਪਿਆਰ ਨਾਲ ਉਸ ਦੀ ਸੇਵਾ ਕਰਦੇ ਹਨ। (ਬਿਵਸਥਾ ਸਾਰ 10:15) ਬਾਈਬਲ ਸਾਨੂੰ ਅਰਜ਼ ਕਰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਇਨ੍ਹਾਂ ਲਫ਼ਜ਼ਾਂ ਵਿਚ ਸਾਨੂੰ ਇਕ ਸੱਦਾ ਦਿੱਤਾ ਗਿਆ ਹੈ ਅਤੇ ਸਾਡੇ ਨਾਲ ਇਕ ਵਾਅਦਾ ਵੀ ਕੀਤਾ ਗਿਆ ਹੈ।
ਹੀਰੇ-ਮੋਤੀ
it-1 103
ਅਨਾਕੀ ਲੋਕ
ਅਨਾਕੀ ਇਕ ਕੌਮ ਦਾ ਨਾਂ ਹੈ ਜਿਸ ਦੇ ਲੋਕ ਹੱਦ ਤੋਂ ਜ਼ਿਆਦਾ ਲੰਬੇ-ਚੌੜੇ ਹੁੰਦੇ ਸਨ। ਉਹ ਕਨਾਨ ਦੇਸ਼ ਦੇ ਪਹਾੜੀ ਇਲਾਕਿਆਂ ਅਤੇ ਸਮੁੰਦਰੀ ਕਿਨਾਰਿਆਂ ਦੇ ਇਲਾਕਿਆਂ ਵਿਚ ਰਹਿੰਦੇ ਸਨ, ਖ਼ਾਸ ਕਰਕੇ ਦੱਖਣ ਵਿਚ। ਇਕ ਸਮੇਂ ʼਤੇ ਅਨਾਕੀ ਲੋਕਾਂ ਦੇ ਤਿੰਨ ਖ਼ਾਸ ਆਦਮੀ ਹਬਰੋਨ ਵਿਚ ਰਹਿੰਦੇ ਸਨ। ਉਨ੍ਹਾਂ ਦੇ ਨਾਂ ਸਨ, ਅਹੀਮਾਨ, ਸ਼ੇਸ਼ਈ ਅਤੇ ਤਲਮਈ। (ਗਿਣ 13:22) ਇੱਥੇ ਹੀ 12 ਇਜ਼ਰਾਈਲੀ ਜਾਸੂਸਾਂ ਨੇ ਪਹਿਲੀ ਵਾਰ ਅਨਾਕੀ ਲੋਕਾਂ ਨੂੰ ਦੇਖਿਆ ਸੀ। 12 ਵਿੱਚੋਂ 10 ਜਾਸੂਸਾਂ ਨੇ ਜਾ ਕੇ ਇਜ਼ਰਾਈਲੀਆਂ ਨੂੰ ਅਨਾਕੀ ਲੋਕਾਂ ਬਾਰੇ ਦੱਸ ਕੇ ਡਰਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਅਨਾਕੀ ਲੋਕ ਨੈਫ਼ਲਿਮ ਦੇ ਵੰਸ਼ ਵਿੱਚੋਂ ਹਨ ਜੋ ਜਲ-ਪਰਲੋ ਤੋਂ ਪਹਿਲਾਂ ਧਰਤੀ ʼਤੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਸਾਮ੍ਹਣੇ ਅਸੀਂ ਇਜ਼ਰਾਈਲੀ ਲੋਕ “ਟਿੱਡੀਆਂ” ਵਰਗੇ ਲੱਗ ਰਹੇ ਸੀ। (ਗਿਣ 13:28-33; ਬਿਵ 1:28) ਏਮੀ ਅਤੇ ਰਫ਼ਾਈਮੀ ਲੋਕ ਵੀ ਬਹੁਤ ਲੰਬੇ-ਚੌੜੇ ਹੁੰਦੇ ਸਨ ਅਤੇ ਉਨ੍ਹਾਂ ਬਾਰੇ ਵੀ ਇਹ ਕਿਹਾ ਜਾ ਸਕਦਾ ਸੀ ਕਿ ਉਹ ਅਨਾਕੀ ਲੋਕਾਂ ਵਰਗੇ ਦਿਖਦੇ ਸਨ। ਪੁਰਾਣੇ ਜ਼ਮਾਨੇ ਵਿਚ ਅਨਾਕੀ ਲੋਕਾਂ ਤੋਂ ਹੋਰ ਕੌਮਾਂ ਡਰਦੀਆਂ ਕਹਿੰਦੀਆਂ ਸਨ: “ਕੌਣ ਅਨਾਕੀ ਲੋਕਾਂ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?”—ਬਿਵ 2:10, 11, 20, 21; 9:1-3.
ਪ੍ਰਚਾਰ ਵਿਚ ਮਾਹਰ ਬਣੋ
ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਯੁੱਧਾਂ ਵਿਚ ਜਿੱਤਾਂ ਦਿਵਾਈਆਂ
ਮਸੀਹੀ ਧਰਮ ਸ਼ੁਰੂ ਹੋਣ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਆਪਣੀ ਕੌਮ ਚੁਣਿਆ ਸੀ। ਯਹੋਵਾਹ ਉਨ੍ਹਾਂ ਨੂੰ ਕਦੀ-ਕਦੀ ਦੂਜੇ ਦੇਸ਼ਾਂ ਨਾਲ ਯੁੱਧ ਕਰਨ ਲਈ ਕਹਿੰਦਾ ਸੀ। ਮਿਸਾਲ ਲਈ, ਜਦੋਂ ਇਜ਼ਰਾਈਲੀ ਕਨਾਨ ਦੇਸ਼ ਵਿਚ ਜਾਣ ਵਾਲੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ “ਤੁਹਾਡਾ ਪਰਮੇਸ਼ੁਰ ਯਹੋਵਾਹ [ਸੱਤ] ਕੌਮਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਓਗੇ ਤੁਸੀਂ ਜ਼ਰੂਰ ਉਨ੍ਹਾਂ ਦਾ ਨਾਸ਼ ਕਰ ਦੇਣਾ। ਤੁਸੀਂ ਉਨ੍ਹਾਂ ਨਾਲ ਨਾ ਤਾਂ ਕੋਈ ਇਕਰਾਰ ਕਰਨਾ ਅਤੇ ਨਾ ਹੀ ਉਨ੍ਹਾਂ ʼਤੇ ਤਰਸ ਖਾਣਾ।” (ਬਿਵਸਥਾ ਸਾਰ 7:1, 2) ਇਜ਼ਰਾਈਲੀਆਂ ਦੇ ਸੈਨਾਪਤੀ ਯਹੋਸ਼ੁਆ ਨੇ ਉਨ੍ਹਾਂ ਕੌਮਾਂ ਦਾ ਨਾਸ਼ ਕਰ ਦਿੱਤਾ “ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਹੁਕਮ ਦਿੱਤਾ ਸੀ।”—ਯਹੋਸ਼ੁਆ 10:40.
ਕੀ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਇਹ ਕਿਹਾ ਸੀ ਕਿ ਉਹ ਬਿਨਾਂ ਕਿਸੇ ਕਾਰਨ ਦੇ ਦੂਸਰੀਆਂ ਕੌਮਾਂ ʼਤੇ ਹਮਲਾ ਕਰਨ, ਉਨ੍ਹਾਂ ਦਾ ਸਾਰਾ ਕੁਝ ਲੁੱਟ ਲੈਣ ਅਤੇ ਅੰਨ੍ਹੇਵਾਹ ਉਨ੍ਹਾਂ ਦਾ ਨਾਸ਼ ਕਰ ਦੇਣ? ਨਹੀਂ। ਉਨ੍ਹਾਂ ਜਾਤੀਆਂ ਨੂੰ ਨਾਸ਼ ਕਰਨ ਦਾ ਇਕ ਕਾਰਨ ਸੀ। ਉਨ੍ਹਾਂ ਨੇ ਕਨਾਨ ਦੇਸ਼ ਨੂੰ ਮੂਰਤੀ-ਪੂਜਾ ਨਾਲ ਭਰ ਦਿੱਤਾ ਸੀ। ਜਿੱਥੇ ਦੇਖੋ ਉੱਥੇ ਖ਼ੂਨ-ਖ਼ਰਾਬਾ ਅਤੇ ਅਨੈਤਿਕ ਕੰਮ ਕੀਤੇ ਜਾਂਦੇ ਸਨ। ਨਾਲੇ ਉਹ ਆਪਣੇ ਬੱਚਿਆਂ ਨੂੰ ਅੱਗ ਵਿਚ ਬਲ਼ੀ ਚੜ੍ਹਾਉਂਦੇ ਸਨ। (ਗਿਣਤੀ 33:52; ਯਿਰਮਿਯਾਹ 7:31) ਪਰਮੇਸ਼ੁਰ ਪਵਿੱਤਰ ਹੈ, ਉਹ ਨਿਆਂ ਨਾਲ ਅਤੇ ਆਪਣੇ ਲੋਕਾਂ ਨਾਲ ਪਿਆਰ ਕਰਦਾ ਹੈ। ਇਸ ਲਈ ਪਰਮੇਸ਼ੁਰ ਨੇ ਦੇਸ਼ ਵਿੱਚੋਂ ਬੁਰੇ ਕੰਮ ਕਰਨ ਵਾਲੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਹੁਕਮ ਦਿੱਤਾ। ਪਰ ਯਹੋਵਾਹ ਨੇ ਇਹ ਵੀ ਦੇਖਿਆ ਕਿ ਕਨਾਨ ਦੇ ਲੋਕਾਂ ਵਿੱਚੋਂ ਕਿਸ ਦਾ ਦਿਲ ਚੰਗਾ ਹੈ ਜੋ ਕਿ ਕੋਈ ਵੀ ਸੈਨਾਪਤੀ ਨਹੀਂ ਦੇਖ ਸਕਦਾ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਜੋ ਲੋਕ ਬੁਰੇ ਕੰਮ ਛੱਡ ਕੇ ਉਸ ਦੀ ਭਗਤੀ ਕਰਨ ਲਈ ਤਿਆਰ ਹੋਣਗੇ ਉਨ੍ਹਾਂ ਦਾ ਨਾਸ਼ ਨਾ ਕੀਤਾ ਜਾਵੇ।