ਅੱਗੇ “ਕੀ ਹੋਵੇਗਾ,” ਇਸ ਗੱਲ ਨੂੰ ਪਹਿਲਾਂ ਤੋਂ ਹੀ ਤਾੜ ਲੈਣ ਦੀ ਬੁੱਧੀ
“ਇਹ ਲੋਕ ਮੱਤਹੀਣ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਹੈ। ਜੇ ਉਹ ਬੁੱਧੀਮਾਨ ਹੁੰਦੇ, ਤਾਂ ਇਸ ਗੱਲ ਨੂੰ ਸਮਝ ਲੈਂਦੇ ਅਤੇ ਪਹਿਲਾਂ ਤੋਂ ਹੀ ਤਾੜ ਲੈਂਦੇ ਕਿ ਉਨ੍ਹਾਂ ਨਾਲ ਕੀ ਹੋਵੇਗਾ।”—ਬਿਵਸਥਾ ਸਾਰ 32:28, 29, ਬੈੱਕ।
ਇਹ ਸ਼ਬਦ ਮੂਸਾ ਨੇ ਇਸਰਾਏਲੀਆਂ ਨੂੰ ਉਦੋਂ ਕਹੇ ਸਨ ਜਦੋਂ ਉਹ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤੇ ਖੜ੍ਹੇ ਸਨ। ਮੂਸਾ ਉਸ ਸਮੇਂ ਬਾਰੇ ਪਹਿਲਾਂ ਹੀ ਦੱਸ ਰਿਹਾ ਸੀ ਜਦੋਂ ਉਹ ਲੋਕ ਯਹੋਵਾਹ ਨੂੰ ਛੱਡ ਦੇਣਗੇ ਅਤੇ ਆਪਣੇ ਕੰਮਾਂ ਦੇ ਨਤੀਜਿਆਂ ਵੱਲ ਕੋਈ ਧਿਆਨ ਨਹੀਂ ਦੇਣਗੇ। ਉਸ ਤੋਂ ਬਾਅਦ ਦੀਆਂ ਸਦੀਆਂ ਦੌਰਾਨ, ਇਸਰਾਏਲ ਦੀ ਪਰਜਾ ਨੇ ਅਤੇ ਕਈ ਰਾਜਿਆਂ ਨੇ ਵੀ ਪਰਮੇਸ਼ੁਰ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਦਾਹਰਣ ਲਈ, ਸੁਲੇਮਾਨ ਜਾਣਦਾ ਸੀ ਕਿ ਯਹੋਵਾਹ ਨੇ ਇਸਰਾਏਲੀ ਲੋਕਾਂ ਨੂੰ ਯਹੋਵਾਹ ਦੇ ਉਪਾਸਕਾਂ ਤੋਂ ਇਲਾਵਾ ਹੋਰ ਦੇਵਤਿਆਂ ਨੂੰ ਮੰਨਣ ਵਾਲੇ ਲੋਕਾਂ ਨਾਲ ਵਿਆਹ ਨਾ ਕਰਾਉਣ ਦਾ ਹੁਕਮ ਦਿੱਤਾ ਸੀ। (ਬਿਵਸਥਾ ਸਾਰ 7:1-4) ਪਰ ਫਿਰ ਵੀ, ਉਸ ਨੇ “ਬਹੁਤ ਸਾਰੀਆਂ ਓਪਰੀਆਂ ਇਸਤ੍ਰੀਆਂ ਨਾਲ” ਵਿਆਹ ਕੀਤੇ। ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਤਾਂ ਐਉਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।” (1 ਰਾਜਿਆਂ 11:1, 4) ਹਾਲਾਂਕਿ ਸੁਲੇਮਾਨ ਬੁੱਧੀਮਾਨ ਇਨਸਾਨ ਸੀ, ਪਰ ਉਸ ਵਿਚ ਇੰਨੀ ਮੱਤ ਵੀ ਨਹੀਂ ਸੀ ਕਿ ਉਹ ਪਹਿਲਾਂ ਤੋਂ ਹੀ ‘ਤਾੜ ਲੈਂਦਾ’ ਕਿ ਜੇ ਉਹ ਪਰਮੇਸ਼ੁਰ ਦੇ ਹੁਕਮ ਨੂੰ ਤੋੜੇਗਾ ਤਾਂ ਉਸ ਨਾਲ “ਕੀ ਹੋਵੇਗਾ।”
ਸਾਡੇ ਬਾਰੇ ਕੀ? ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਪਹਿਲਾਂ ਤੋਂ ਹੀ ਕਾਫ਼ੀ ਸੋਚ-ਸਮਝ ਕੇ ਕਰੀਏ ਤਾਂ ਅਸੀਂ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦੇ ਹਾਂ। ਉਦਾਹਰਣ ਲਈ, ਮਸੀਹੀਆਂ ਨੂੰ ਨਸੀਹਤ ਦਿੱਤੀ ਗਈ ਹੈ ਕਿ ਉਹ “ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ” ਕਰਨ। (2 ਕੁਰਿੰਥੀਆਂ 7:1) ਇਹ ਬੁੱਧੀਮਾਨੀ ਦੀ ਗੱਲ ਹੈ, ਪਰ ਬਹੁਤ ਸਾਰੇ ਲੋਕਾਂ ਕੋਲ ਇੰਨੀ ਵੀ ਮੱਤ ਨਹੀਂ ਕਿ ਉਹ ਪਹਿਲਾਂ ਤੋਂ ਹੀ ਤਾੜ ਲੈਣ ਕਿ ਜੇਕਰ ਉਹ ਪੌਲੁਸ ਦੀ ਸਲਾਹ ਵੱਲ ਧਿਆਨ ਨਹੀਂ ਦੇਣਗੇ ਤਾਂ ਕੀ ਹੋ ਸਕਦਾ ਹੈ। ਉਦਾਹਰਣ ਲਈ, ਬਹੁਤ ਸਾਰੇ ਨੌਜਵਾਨ ਤਮਾਖੂ ਦਾ ਸੇਵਨ ਕਰ ਕੇ ਆਪਣੇ ਸਰੀਰਾਂ ਨੂੰ ਦੂਸ਼ਿਤ ਕਰਦੇ ਹਨ, ਇਹ ਸੋਚਦੇ ਹੋਏ ਕਿ ਇਸ ਤਰ੍ਹਾਂ ਕਰਨ ਨਾਲ ਉਹ ਜ਼ਿਆਦਾ ਦੁਨੀਆਂਦਾਰ ਅਤੇ ਵੱਡੇ ਦਿਖਾਈ ਦਿੰਦੇ ਹਨ। ਨਤੀਜੇ ਵਜੋਂ, ਉਦੋਂ ਕਿੰਨਾ ਦੁੱਖ ਹੁੰਦਾ ਹੈ ਜਦੋਂ ਇਨ੍ਹਾਂ ਵਿੱਚੋਂ ਕਈ ਲੋਕ ਬਾਅਦ ਵਿਚ ਦਿਲ ਦੀਆਂ ਬੀਮਾਰੀਆਂ, ਫੇਫੜਿਆਂ ਦਾ ਕੈਂਸਰ ਜਾਂ ਐਮਫ਼ੀਜ਼ੀਮਾ (ਫੇਫੜਿਆਂ ਦੀ ਸੋਜ) ਤੋਂ ਪੀੜਿਤ ਹੁੰਦੇ ਹਨ!
ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਅਤੇ ਕੰਮਾਂ ਦੇ ਨਤੀਜਿਆਂ ਉੱਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰੀਏ। ਇਸੇ ਲਈ ਪੌਲੁਸ ਨੇ ਲਿਖਿਆ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।”—ਗਲਾਤੀਆਂ 6:7, 8.