ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 5-6
“ਉਨ੍ਹਾਂ ਤੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ”
ਯਹੋਵਾਹ ਦੇ ਘੋੜੇ ਅਤੇ ਅਗਨੀ ਰਥ
ਸੀਰੀਆ ਦਾ ਰਾਜਾ ਬਨ-ਹਦਦ ਇਜ਼ਰਾਈਲ ʼਤੇ ਵਾਰ-ਵਾਰ ਹਮਲਾ ਕਰਦਾ ਸੀ। ਪਰ ਅਲੀਸ਼ਾ ਨਬੀ ਹਰ ਵਾਰ ਰਾਜੇ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਜਿਸ ਕਰਕੇ ਰਾਜਾ ਬਚ ਜਾਂਦਾ ਸੀ। ਇਸ ਲਈ ਬਨ-ਹਦਦ ਨੇ ਅਲੀਸ਼ਾ ਨੂੰ ਫੜਨ ਬਾਰੇ ਸੋਚਿਆ। ਉਸ ਨੂੰ ਪਤਾ ਲੱਗਾ ਕਿ ਅਲੀਸ਼ਾ ਦਾਥਾਨ ਵਿਚ ਹੈ। ਇਸ ਲਈ ਉਸ ਨੇ ਅਲੀਸ਼ਾ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ।
ਫ਼ੌਜੀ ਰਾਤ ਨੂੰ ਦਾਥਾਨ ਵਿਚ ਆ ਗਏ। ਅਗਲੀ ਸਵੇਰ ਅਲੀਸ਼ਾ ਦੇ ਨੌਕਰ ਨੇ ਦੇਖਿਆ ਕਿ ਵੱਡੀ ਫ਼ੌਜ ਨੇ ਸਾਰੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ। ਉਹ ਡਰ ਗਿਆ ਅਤੇ ਉੱਚੀ-ਉੱਚੀ ਕਹਿਣ ਲੱਗਾ: ‘ਅਲੀਸ਼ਾ, ਅਸੀਂ ਕੀ ਕਰੀਏ?’ ਉਸ ਨੇ ਕਿਹਾ: ‘ਸਾਡੇ ਨਾਲ ਉਨ੍ਹਾਂ ਨਾਲੋਂ ਜ਼ਿਆਦਾ ਜਣੇ ਹਨ।’ ਉਸ ਵੇਲੇ ਯਹੋਵਾਹ ਨੇ ਅਲੀਸ਼ਾ ਦੇ ਨੌਕਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਦੇਖਿਆ ਕਿ ਆਲੇ-ਦੁਆਲੇ ਦੇ ਪਹਾੜਾਂ ʼਤੇ ਘੋੜੇ ਅਤੇ ਅਗਨੀ ਰਥ ਖੜ੍ਹੇ ਸਨ।
ਕੀ ਤੁਸੀਂ ਅਲੀਸ਼ਾ ਵਾਂਗ ਅਗਨ ਦੇ ਰਥ ਦੇਖਦੇ ਹੋ?
ਦੋਥਾਨ ਵਿਚ ਦੁਸ਼ਮਣਾਂ ਨਾਲ ਘਿਰੇ ਹੋਣ ਦੇ ਬਾਵਜੂਦ ਅਲੀਸ਼ਾ ਸ਼ਾਂਤ ਰਿਹਾ। ਕਿਉਂ? ਕਿਉਂਕਿ ਉਸ ਨੂੰ ਯਹੋਵਾਹ ʼਤੇ ਪੱਕੀ ਨਿਹਚਾ ਸੀ। ਸਾਨੂੰ ਵੀ ਅਜਿਹੀ ਨਿਹਚਾ ਦੀ ਲੋੜ ਹੈ। ਇਸ ਲਈ ਆਓ ਆਪਾਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੀਏ ਤਾਂਕਿ ਅਸੀਂ ਨਿਹਚਾ ਅਤੇ ਹੋਰ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਦਿਖਾ ਸਕੀਏ।—ਲੂਕਾ 11:13; ਗਲਾ. 5:22, 23.
it-1 343 ਪੈਰਾ 1
ਅੰਨ੍ਹਾਪਣ
ਪੂਰੀ ਫ਼ੌਜ ਨੂੰ ਸੱਚੀ-ਮੁੱਚੀ ਅੰਨ੍ਹਾ ਨਹੀਂ ਕੀਤਾ ਸੀ। ਜੇ ਫ਼ੌਜੀ ਸੱਚੀ-ਮੁੱਚੀ ਅੰਨ੍ਹੇ ਹੁੰਦੇ, ਤਾਂ ਉਨ੍ਹਾਂ ਨੂੰ ਹੱਥ ਫੜ ਕੇ ਲਿਜਾਣਾ ਪੈਣਾ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਫ਼ੌਜੀਆਂ ਨੂੰ ਮਨ ਤੋਂ ਅੰਨ੍ਹਾ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਅੰਨ੍ਹੇਪਣ ਬਾਰੇ ਮਨੋਵਿਗਿਆਨ ਨਾਲ ਜੁੜੀ ਇਕ ਕਿਤਾਬ ਵਿਚ ਲਿਖਿਆ ਹੈ: ‘ਇਸ ਤਰ੍ਹਾਂ ਦੇ ਅੰਨ੍ਹੇਪਣ ਨਾਲ ਵਿਅਕਤੀ ਦੀਆਂ ਅੱਖਾਂ ʼਤੇ ਨਹੀਂ, ਸਗੋਂ ਉਸ ਦੀ ਸੋਚਣ-ਸਮਝਣ ਦੀ ਕਾਬਲੀਅਤ ʼਤੇ ਅਸਰ ਪੈਂਦਾ ਹੈ।’
ਹੀਰੇ-ਮੋਤੀ
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
5:15, 16—ਅਲੀਸ਼ਾ ਨੇ ਨਅਮਾਨ ਦੀ ਭੇਟ ਕਬੂਲ ਕਿਉਂ ਨਹੀਂ ਕੀਤੀ ਸੀ? ਅਲੀਸ਼ਾ ਨੇ ਇਸ ਲਈ ਇਨਕਾਰ ਕੀਤਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਨਅਮਾਨ ਨੂੰ ਉਸ ਨੇ ਨਹੀਂ, ਸਗੋਂ ਯਹੋਵਾਹ ਨੇ ਚੰਗਾ ਕੀਤਾ ਸੀ। ਅਲੀਸ਼ਾ ਯਹੋਵਾਹ ਦੀ ਸੇਵਾ ਕਰਦਾ ਸੀ ਤੇ ਉਹ ਸੇਵਾ ਦੇ ਇਸ ਸਨਮਾਨ ਤੋਂ ਲਾਭ ਉਠਾਉਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਅਸੀਂ ਵੀ ਅੱਜ ਯਹੋਵਾਹ ਦੀ ਸੇਵਾ ਨੂੰ ਨਫ਼ਾ ਕਮਾਉਣ ਦਾ ਜ਼ਰੀਆ ਨਹੀਂ ਸਮਝਦੇ। ਅਸੀਂ ਯਿਸੂ ਦੀ ਇਹ ਗੱਲ ਸਵੀਕਾਰ ਕਰਦੇ ਹਾਂ: “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।”—ਮੱਤੀ 10:8.
14-20 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 7-8
“ਯਹੋਵਾਹ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ”
it-1 716-717
ਅਲੀਸ਼ਾ
ਸੀਰੀਆ ਦੇ ਰਾਜੇ ਨੇ ਆਪਣੀ ਫ਼ੌਜ ਨਾਲ ਸਾਮਰਿਯਾ ਨੂੰ ਘੇਰਾ ਪਾ ਲਿਆ। ਇਸ ਕਰਕੇ ਪੂਰੇ ਸ਼ਹਿਰ ਵਿਚ ਵੱਡਾ ਕਾਲ਼ ਪੈ ਗਿਆ। ਉੱਥੇ ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਇਕ ਔਰਤ ਨੇ ਆਪਣੇ ਮੁੰਡੇ ਨੂੰ ਹੀ ਖਾ ਲਿਆ। ਇਹ ਸਾਰਾ ਕੁਝ ਦੇਖ ਕੇ ਅਹਾਬ ਦੇ ਮੁੰਡੇ, ਰਾਜਾ ਯਹੋਰਾਮ ਨੂੰ ਅਲੀਸ਼ਾ ʼਤੇ ਬਹੁਤ ਗੁੱਸਾ ਚੜ੍ਹਿਆ ਤੇ ਉਸ ਨੇ ਉਸ ਨੂੰ ਮਾਰਨ ਦਾ ਇਰਾਦਾ ਕੀਤਾ। ਜਦੋਂ ਉਹ ਆਪਣੇ ਇਕ ਅਧਿਕਾਰੀ ਨਾਲ ਅਲੀਸ਼ਾ ਕੋਲ ਗਿਆ, ਤਾਂ ਅਲੀਸ਼ਾ ਨੇ ਕਿਹਾ ਕਿ ਲੋਕਾਂ ਨੂੰ ਅਗਲੇ ਦਿਨ ਬਹੁਤ ਸਾਰਾ ਖਾਣਾ ਮਿਲੇਗਾ। ਰਾਜੇ ਦੇ ਅਧਿਕਾਰੀ ਨੂੰ ਉਸ ਦੀ ਗੱਲ ʼਤੇ ਵਿਸ਼ਵਾਸ ਨਹੀਂ ਹੋਇਆ। ਅਲੀਸ਼ਾ ਨੇ ਉਸ ਨੂੰ ਕਿਹਾ: “ਤੂੰ ਇਹ ਆਪਣੀ ਅੱਖੀਂ ਦੇਖੇਂਗਾ, ਪਰ ਤੂੰ ਇਸ ਤੋਂ ਖਾ ਨਹੀਂ ਪਾਏਂਗਾ” ਤੇ ਬਿਲਕੁਲ ਇੱਦਾਂ ਹੀ ਹੋਇਆ। ਯਹੋਵਾਹ ਨੇ ਕੁਝ ਅਜਿਹਾ ਕੀਤਾ ਜਿਸ ਕਰਕੇ ਸੀਰੀਆਈ ਫ਼ੌਜੀਆਂ ਵਿਚ ਹਲਚਲ ਮੱਚ ਗਈ। ਉਹ ਸਾਰੇ ਆਪਣੇ ਛਾਉਣੀ ਵਿੱਚੋਂ ਭੱਜ ਗਏ। ਉਨ੍ਹਾਂ ਦਾ ਸਾਰਾ ਸਾਮਾਨ ਤੇ ਖਾਣ-ਪੀਣ ਦੀਆਂ ਚੀਜ਼ਾਂ ਉੱਥੇ ਉੱਦਾਂ ਹੀ ਪਈਆਂ ਸਨ। ਜਦੋਂ ਰਾਜਾ ਯਹੋਰਾਮ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਆਪਣੇ ਉਸ ਅਧਿਕਾਰੀ ਨੂੰ ਸਾਮਰਿਯਾ ਦੇ ਦਰਵਾਜ਼ੇ ʼਤੇ ਨਿਗਰਾਨ ਠਹਿਰਾਇਆ। ਭੁੱਖ ਨਾਲ ਹਾਲੋ-ਬੇਹਾਲ ਹੋਏ ਲੋਕ ਸੀਰੀਆਈ ਛਾਉਣੀ ਵਿਚ ਗਏ। ਜਦੋਂ ਉਹ ਭੱਜ ਕੇ ਆ ਰਹੇ ਸਨ, ਤਾਂ ਉਨ੍ਹਾਂ ਨੇ ਉਸ ਅਧਿਕਾਰੀ ਨੂੰ ਮਿੱਧ-ਮਿੱਧ ਕੇ ਮਾਰ ਸੁੱਟਿਆ। ਇਸ ਤਰ੍ਹਾਂ ਅਲੀਸ਼ਾ ਦੀ ਕਹੀ ਗੱਲ ਪੂਰੀ ਹੋਈ। ਉਹ ਅਧਿਕਾਰੀ ਖਾਣ-ਪੀਣ ਦੀਆਂ ਚੀਜ਼ਾਂ ਦੇਖ ਤਾਂ ਸਕਿਆ, ਪਰ ਖਾ ਨਹੀਂ ਸਕਿਆ।
ਹੀਰੇ-ਮੋਤੀ
it-2 195 ਪੈਰਾ 7
ਦੀਵਾ ਜਾਂ ਚਿਰਾਗ
ਦਾਊਦ ਦੀ ਪੀੜ੍ਹੀ ਵਿੱਚੋਂ ਰਾਜੇ: ਦਾਊਦ ਇਕ ਚੰਗਾ ਤੇ ਬੁੱਧੀਮਾਨ ਰਾਜਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ “ਇਜ਼ਰਾਈਲ ਦਾ ਦੀਵਾ” ਕਿਹਾ। (2 ਸਮੂ 21:17) ਯਹੋਵਾਹ ਨੇ ਦਾਊਦ ਨਾਲ ਰਾਜ ਦਾ ਇਕਰਾਰ ਕੀਤਾ ਅਤੇ ਕਿਹਾ ਕਿ “ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।” ਹੋਰ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਸ ਦਾ “ਦੀਵਾ” ਕਦੇ ਨਹੀਂ ਬੁੱਝੇਗਾ, ਸਗੋਂ ਹਮੇਸ਼ਾ ਬਲ਼ਦਾ ਰਹੇਗਾ। (2 ਸਮੂ 7:11-16) ਇਸ ਤਰ੍ਹਾਂ ਦਾਊਦ ਦਾ ਸ਼ਾਹੀ ਘਰਾਣਾ ਇਜ਼ਰਾਈਲ ਲਈ “ਦੀਵਾ” ਠਹਿਰਿਆ ਜੋ ਉਸ ਦੇ ਪੁੱਤਰ ਸੁਲੇਮਾਨ ਤੋਂ ਆਇਆ।—1 ਰਾਜ 11:36; 15:4; 2 ਰਾਜ 8:19; 2 ਇਤਿ 21:7.
21-27 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 9-10
“ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ”
ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਜਿਸ ਵੇਲੇ ਯੇਹੂ ਨੂੰ ਕੰਮ ਮਿਲਿਆ ਸੀ, ਉਸ ਵੇਲੇ ਇਸਰਾਏਲ ਕੌਮ ਦੀ ਮਾੜੀ ਹਾਲਤ ਸੀ। ਦੇਸ਼ ਉੱਤੇ ਈਜ਼ਬਲ ਦਾ ਬਹੁਤ ਮਾੜਾ ਪ੍ਰਭਾਵ ਸੀ ਜੋ ਅਹਾਬ ਦੀ ਵਿਧਵਾ ਅਤੇ ਰਾਜ ਕਰ ਰਹੇ ਰਾਜੇ ਯੋਰਾਮ ਦੀ ਮਾਤਾ ਸੀ। ਉਸ ਨੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਦੀ ਬਜਾਇ ਬਆਲ ਦੀ ਪੂਜਾ ਕਰਨ ਲਈ ਉਕਸਾਇਆ, ਪਰਮੇਸ਼ੁਰ ਦੇ ਨਬੀਆਂ ਨੂੰ ਮਰਵਾਇਆ ਅਤੇ ਲੋਕਾਂ ਨੂੰ ਆਪਣੀਆਂ “ਜ਼ਨਾਹਕਾਰੀਆਂ” ਅਤੇ “ਜਾਦੂਗਰੀਆਂ” ਨਾਲ ਵਿਗਾੜਿਆ। (2 ਰਾਜ. 9:22; 1 ਰਾਜ. 18:4, 13) ਯਹੋਵਾਹ ਨੇ ਅਹਾਬ ਦੇ ਘਰਾਣੇ ਨੂੰ ਖ਼ਤਮ ਕਰਨ ਦੀ ਸਜ਼ਾ ਸੁਣਾਈ ਜਿਸ ਵਿਚ ਯੋਰਾਮ ਅਤੇ ਈਜ਼ਬਲ ਵੀ ਸਨ। ਯੇਹੂ ਨੇ ਇਸ ਕੰਮ ਵਿਚ ਅਗਵਾਈ ਕਰਨੀ ਸੀ।
ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਦੋ ਹਲਕਾਰਿਆਂ ਨੂੰ ਕੋਈ ਜਵਾਬ ਨਾ ਦੇਣ ਤੋਂ ਬਾਅਦ ਯੇਹੂ, ਰਾਜਾ ਯੋਰਾਮ ਅਤੇ ਉਸ ਦੇ ਮਿੱਤਰ ਯਹੂਦਾਹ ਦੇ ਰਾਜੇ ਅਹਜ਼ਯਾਹ ਨੂੰ ਮਿਲਣ ਆਇਆ ਜੋ ਆਪਣੇ-ਆਪਣੇ ਰਥਾਂ ਵਿਚ ਸਨ। ਯੋਰਾਮ ਨੇ ਸਵਾਲ ਪੁੱਛਿਆ: “ਯੇਹੂ ਸ਼ਾਂਤ ਤਾਂ ਹੈ?” ਉਸ ਨੇ ਜਵਾਬ ਦਿੱਤਾ: “ਜਦ ਤਾਂਈ ਤੇਰੀ ਮਾਂ ਈਜ਼ਬਲ ਦੀਆਂ ਜ਼ਨਾਕਾਰੀਆਂ ਤੇ ਉਹ ਦੀਆਂ ਜਾਦੂਗਰੀਆਂ ਏਨੀਆਂ ਵਧੀਆਂ ਹੋਈਆਂ ਹੋਣ ਤਦ ਤਾਂਈ ਸ਼ਾਂਤ ਕੇਹੀ?” ਇਹ ਜਵਾਬ ਸੁਣ ਕੇ ਯੋਰਾਮ ਇੰਨਾ ਬੌਂਦਲ ਗਿਆ ਕਿ ਉਹ ਭੱਜਣ ਲਈ ਮੁੜਿਆ। ਇਸ ਤੋਂ ਪਹਿਲਾਂ ਕਿ ਉਹ ਭੱਜਦਾ, ਯੇਹੂ ਨੇ ਯੋਰਾਮ ਦੇ ਦਿਲ ਨੂੰ ਤੀਰ ਨਾਲ ਚੀਰ ਦਿੱਤਾ ਤੇ ਰਾਜਾ ਆਪਣੇ ਰਥ ਵਿਚ ਡਿੱਗ ਕੇ ਮਰ ਗਿਆ। ਭਾਵੇਂ ਕਿ ਅਹਜ਼ਯਾਹ ਉਸ ਸਮੇਂ ਭੱਜ ਗਿਆ ਸੀ, ਪਰ ਯੇਹੂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਵੀ ਮਾਰ ਦਿੱਤਾ।—2 ਰਾਜ. 9:22-24, 27.
ਅਹਾਬ ਦੇ ਘਰਾਣੇ ਦਾ ਅਗਲਾ ਮੈਂਬਰ ਸੀ ਰਾਣੀ ਈਜ਼ਬਲ ਜਿਸ ਨੂੰ ਮਾਰਿਆ ਜਾਣਾ ਸੀ। ਯੇਹੂ ਨੇ ਠੀਕ ਹੀ ਕਿਹਾ ਸੀ ਕਿ ਉਹ “ਸਰਾਪੀ ਤੀਵੀਂ” ਸੀ। ਯੇਹੂ ਜਿਉਂ ਹੀ ਯਿਜ਼ਰਏਲ ਵਿਚ ਦਾਖ਼ਲ ਹੋਇਆ, ਤਾਂ ਉਸ ਨੇ ਦੇਖਿਆ ਕਿ ਈਜ਼ਬਲ ਮਹਿਲ ਦੀ ਤਾਕੀ ਵਿੱਚੋਂ ਦੀ ਥੱਲੇ ਦੇਖ ਰਹੀ ਸੀ। ਯੇਹੂ ਨੇ ਬਿਨਾਂ ਦੇਰ ਕੀਤਿਆਂ ਦਰਬਾਰੀ ਅਫ਼ਸਰਾਂ ਨੂੰ ਹੁਕਮ ਦਿੱਤਾ ਕਿ ਉਹ ਈਜ਼ਬਲ ਨੂੰ ਤਾਕੀ ਵਿੱਚੋਂ ਥੱਲੇ ਸੁੱਟ ਦੇਣ। ਫਿਰ ਯੇਹੂ ਨੇ ਆਪਣੇ ਘੋੜਿਆਂ ਦੇ ਪੈਰਾਂ ਥੱਲੇ ਈਜ਼ਬਲ ਨੂੰ ਕੁਚਲ ਦਿੱਤਾ ਜਿਸ ਨੇ ਸਾਰੇ ਇਸਰਾਏਲ ਨੂੰ ਵਿਗਾੜਿਆ ਸੀ। ਇਸ ਤੋਂ ਬਾਅਦ ਯੇਹੂ ਦੁਸ਼ਟ ਅਹਾਬ ਦੇ ਘਰਾਣੇ ਦੇ ਦਰਜਨਾਂ ਹੀ ਹੋਰਨਾਂ ਮੈਂਬਰਾਂ ਨੂੰ ਮਾਰਨ ਲਈ ਨਿਕਲ ਤੁਰਿਆ।—2 ਰਾਜ. 9:30-34; 10:1-14.
ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਇਹ ਸੱਚ ਹੈ ਕਿ ਯੇਹੂ ਨੇ ਬਹੁਤ ਲਹੂ ਵਹਾਇਆ। ਫਿਰ ਵੀ ਬਾਈਬਲ ਉਸ ਨੂੰ ਦਲੇਰ ਬੰਦੇ ਵਜੋਂ ਪੇਸ਼ ਕਰਦੀ ਹੈ ਜਿਸ ਨੇ ਇਸਰਾਏਲ ਨੂੰ ਈਜ਼ਬਲ ਅਤੇ ਉਸ ਦੇ ਪਰਿਵਾਰ ਦੀ ਜ਼ਾਲਮਾਨਾ ਹਕੂਮਤ ਤੋਂ ਛੁਟਕਾਰਾ ਦਿਵਾਇਆ। ਜੇ ਇਸਰਾਏਲ ਦੇ ਕਿਸੇ ਵੀ ਆਗੂ ਨੇ ਇਸ ਕੰਮ ਵਿਚ ਕਾਮਯਾਬ ਹੋਣਾ ਸੀ, ਤਾਂ ਉਸ ਨੂੰ ਦਲੇਰ, ਮਨ ਦਾ ਪੱਕਾ ਅਤੇ ਜੋਸ਼ੀਲਾ ਹੋਣ ਦੀ ਜ਼ਰੂਰਤ ਸੀ। ਇਕ ਬਾਈਬਲ ਕੋਸ਼ ਕਹਿੰਦਾ ਹੈ: “ਇਹ ਬਹੁਤ ਔਖਾ ਕੰਮ ਸੀ ਜਿਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਜੇ ਇੰਨੇ ਠੋਸ ਕਦਮ ਨਾ ਉਠਾਏ ਜਾਂਦੇ, ਤਾਂ ਇਸਰਾਏਲ ਵਿੱਚੋਂ ਬਆਲ ਦੀ ਪੂਜਾ ਦਾ ਨਾਮੋ-ਨਿਸ਼ਾਨ ਨਹੀਂ ਮਿਟਣਾ ਸੀ।”
ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਸੀਹੀ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰਦੇ ਹਨ, ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਯੇਹੂ ਵਰਗੇ ਕੁਝ ਗੁਣ ਦਿਖਾਉਣ ਦੀ ਲੋੜ ਹੈ। ਮਿਸਾਲ ਲਈ, ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਡਾ ਮਨ ਕੋਈ ਅਜਿਹਾ ਕੰਮ ਕਰਨ ਨੂੰ ਕਰਦਾ ਹੈ ਜਿਸ ਨੂੰ ਯਹੋਵਾਹ ਨਿੰਦਦਾ ਹੈ? ਸਾਨੂੰ ਫਟਾਫਟ ਦਲੇਰੀ ਅਤੇ ਜੋਸ਼ ਦਿਖਾਉਂਦੇ ਹੋਏ ਉਸ ਕੰਮ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ। ਜਦੋਂ ਭਗਤੀ ਦੀ ਗੱਲ ਆਉਂਦੀ ਹੈ, ਤਾਂ ਅਸੀਂ ਯਹੋਵਾਹ ਲਈ ਜੋਸ਼ ਦਿਖਾਵਾਂਗੇ ਤੇ ਉਸ ਦੇ ਖ਼ਿਲਾਫ਼ ਕੋਈ ਗ਼ਲਤ ਕੰਮ ਬਰਦਾਸ਼ਤ ਨਹੀਂ ਕਰਾਂਗੇ।
ਹੀਰੇ-ਮੋਤੀ
ਯੇਹੂ ਸੱਚੀ ਭਗਤੀ ਦਾ ਹਿਮਾਇਤੀ
ਯੇਹੂ ਨੇ ਸੋਚਿਆ ਹੋਣਾ ਕਿ ਵੱਖਰਾ ਧਰਮ ਹੋਣ ਨਾਲ ਇਸਰਾਏਲ ਦਾ ਰਾਜ ਯਹੂਦਾਹ ਤੋਂ ਵੱਖਰਾ ਰਹਿਣਾ ਸੀ। ਇਸ ਲਈ ਇਸਰਾਏਲ ਦੇ ਪਹਿਲੇ ਰਾਜਿਆਂ ਵਾਂਗ ਉਸ ਨੇ ਵੱਛੇ ਦੀ ਪੂਜਾ ਜਾਰੀ ਰੱਖ ਕੇ ਲੋਕਾਂ ਨੂੰ ਯਹੂਦਾਹ ਤੋਂ ਵੱਖਰੇ ਰੱਖਿਆ। ਪਰ ਇੱਦਾਂ ਕਰ ਕੇ ਉਸ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ਉੱਤੇ ਇੰਨੀ ਨਿਹਚਾ ਨਹੀਂ ਸੀ ਜਿਸ ਨੇ ਉਸ ਨੂੰ ਰਾਜਾ ਬਣਾਇਆ ਸੀ।
ਯੇਹੂ ਨੇ ‘ਉਹ ਕੰਮ ਕਰਕੇ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ ਭਲਿਆਈ ਕੀਤੀ,’ ਇਸ ਲਈ ਯਹੋਵਾਹ ਨੇ ਉਸ ਦੀ ਸ਼ਲਾਘਾ ਕੀਤੀ। ਪਰ ਯੇਹੂ ਨੇ “ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦਾ ਗੌਹ ਨਾ ਕੀਤਾ।” (2 ਰਾਜ. 10:30, 31) ਯੇਹੂ ਨੇ ਪਹਿਲਾਂ ਜੋ ਕੁਝ ਕੀਤਾ ਸੀ, ਉਸ ਬਾਰੇ ਸੋਚ ਕੇ ਤੁਸੀਂ ਸ਼ਾਇਦ ਹੈਰਾਨ ਤੇ ਦੁਖੀ ਹੋਵੋ। ਪਰ ਇਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਦੇ ਵੀ ਐਵੇਂ ਨਹੀਂ ਸਮਝਾਂਗੇ। ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ, ਇਸ ਉੱਤੇ ਮਨਨ ਕਰ ਕੇ ਅਤੇ ਆਪਣੇ ਸਵਰਗੀ ਪਿਤਾ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਸਾਨੂੰ ਉਸ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਇਸ ਲਈ ਆਓ ਆਪਾਂ ਬੜੇ ਧਿਆਨ ਨਾਲ ਦਿਲੋਂ ਯਹੋਵਾਹ ਦੇ ਕਾਇਦੇ-ਕਾਨੂੰਨਾਂ ਮੁਤਾਬਕ ਚੱਲੀਏ।—1 ਕੁਰਿੰ. 10:12.
28 ਨਵੰਬਰ–4 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 11-12
“ਚੌਧਰ ਕਰਨ ਦੀ ਲਾਲਸਾ ਰੱਖਣ ਵਾਲੀ ਇਕ ਦੁਸ਼ਟ ਔਰਤ ਸਜ਼ਾ ਤੋਂ ਨਹੀਂ ਬਚ ਸਕੀ”
ਯਹੋਯਾਦਾ ਦੀ ਦਲੇਰੀ
ਈਜ਼ਬਲ ਦੀ ਇਕ ਕੁੜੀ ਦਾ ਨਾਂ ਅਥਲਯਾਹ ਸੀ ਜੋ ਉਸ ਤੋਂ ਵੀ ਜ਼ਿਆਦਾ ਦੁਸ਼ਟ ਸੀ। ਅਥਲਯਾਹ ਦਾ ਵਿਆਹ ਯਹੂਦਾਹ ਦੇ ਇਕ ਰਾਜੇ ਨਾਲ ਹੋਇਆ ਸੀ। ਪਤੀ ਦੀ ਮੌਤ ਤੋਂ ਬਾਅਦ ਉਸ ਦਾ ਮੁੰਡਾ ਰਾਜ ਕਰਨ ਲੱਗਾ। ਪਰ ਮੁੰਡੇ ਦੀ ਮੌਤ ਤੋਂ ਬਾਅਦ ਅਥਲਯਾਹ ਖ਼ੁਦ ਯਹੂਦਾਹ ʼਤੇ ਰਾਜ ਕਰਨ ਲੱਗ ਪਈ। ਫਿਰ ਅਥਲਯਾਹ ਨੇ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜੋ ਉਸ ਦੀ ਜਗ੍ਹਾ ਰਾਜ ਕਰ ਸਕਦੇ ਸਨ। ਇੱਥੋਂ ਤਕ ਕਿ ਉਸ ਨੇ ਆਪਣੇ ਪੋਤਿਆਂ ਨੂੰ ਵੀ ਮਰਵਾ ਦਿੱਤਾ। ਸਾਰੇ ਉਸ ਤੋਂ ਡਰਦੇ ਸਨ।
ਮਹਾਂ ਪੁਜਾਰੀ ਯਹੋਯਾਦਾ ਅਤੇ ਉਸ ਦੀ ਪਤਨੀ ਯਹੋਸ਼ਬਾ ਜਾਣਦੇ ਸਨ ਕਿ ਅਥਲਯਾਹ ਬਹੁਤ ਬੁਰਾ ਕਰ ਰਹੀ ਸੀ। ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਅਥਲਯਾਹ ਦੇ ਇਕ ਪੋਤੇ, ਯੋਆਸ਼, ਨੂੰ ਲੁਕੋ ਲਿਆ। ਉਨ੍ਹਾਂ ਨੇ ਮੰਦਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।
ਯਹੋਯਾਦਾ ਦੀ ਦਲੇਰੀ
ਜਦੋਂ ਯੋਆਸ਼ ਸੱਤਾਂ ਸਾਲਾਂ ਦਾ ਸੀ, ਤਾਂ ਯਹੋਯਾਦਾ ਨੇ ਸਾਰੇ ਸਰਦਾਰਾਂ ਅਤੇ ਲੇਵੀਆਂ ਨੂੰ ਇਕੱਠਾ ਕਰ ਕੇ ਕਿਹਾ: ‘ਮੰਦਰ ਦੇ ਦਰਵਾਜ਼ਿਆਂ ʼਤੇ ਖੜ੍ਹੇ ਰਹੋ ਅਤੇ ਕਿਸੇ ਨੂੰ ਅੰਦਰ ਨਾ ਆਉਣ ਦਿਓ।’ ਫਿਰ ਯਹੋਯਾਦਾ ਨੇ ਯੋਆਸ਼ ਨੂੰ ਯਹੂਦਾਹ ਦਾ ਰਾਜਾ ਬਣਾਇਆ ਅਤੇ ਉਸ ਦੇ ਸਿਰ ʼਤੇ ਤਾਜ ਰੱਖਿਆ। ਯਹੂਦਾਹ ਦੇ ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਰਾਜਾ ਜੀਉਂਦਾ ਰਹੇ!’
ਰਾਣੀ ਅਥਲਯਾਹ ਨੇ ਭੀੜ ਦਾ ਰੌਲ਼ਾ ਸੁਣਿਆ ਅਤੇ ਉਹ ਮੰਦਰ ਵੱਲ ਭੱਜੀ। ਜਦੋਂ ਉਸ ਨੇ ਨਵਾਂ ਰਾਜਾ ਦੇਖਿਆ, ਤਾਂ ਉਸ ਨੇ ਉੱਚੀ ਦੇਣੀ ਕਿਹਾ: “ਧੋਖਾ! ਧੋਖਾ!” ਸਰਦਾਰਾਂ ਨੇ ਦੁਸ਼ਟ ਰਾਣੀ ਨੂੰ ਫੜ ਲਿਆ, ਉਸ ਨੂੰ ਉੱਥੋਂ ਲਿਜਾ ਕੇ ਮਾਰ ਦਿੱਤਾ। ਪਰ ਉਸ ਨੇ ਦੇਸ਼ ʼਤੇ ਜੋ ਬੁਰਾ ਪ੍ਰਭਾਵ ਪਾਇਆ ਸੀ, ਉਸ ਬਾਰੇ ਕੀ?
ਹੀਰੇ-ਮੋਤੀ
it-1 1265-1266
ਯੋਆਸ਼
ਮਹਾਂ ਪੁਜਾਰੀ ਦੀ ਮੌਤ ਤੋਂ ਬਾਅਦ ਰਾਜਾ ਯੋਆਸ਼ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਪਰ ਯਹੋਵਾਹ ਨੇ ਉਸ ਨੂੰ ਜੀਉਣ ਦਿੱਤਾ ਤਾਂਕਿ ਉਸ ਦੇ ਬੱਚੇ ਹੋਣ। ਜੇ ਯਹੋਵਾਹ ਉਸ ਨੂੰ ਮਾਰ ਦਿੰਦਾ, ਤਾਂ ਦਾਊਦ ਦੀ ਪੀੜ੍ਹੀ ਖ਼ਤਮ ਹੋ ਜਾਣੀ ਜਿਸ ਵਿੱਚੋਂ ਮਸੀਹ ਨੇ ਆਉਣਾ ਸੀ।—2 ਰਾਜ 12:1-3; 2 ਇਤਿ 24:1-3; 25:1.
5-11 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 13-15
“ਦਿਲੋਂ ਜਤਨ ਕਰਨ ਨਾਲ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ”
ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ?
11 ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੀ ਅਹਿਮੀਅਤ ਸਮਝਣ ਲਈ ਆਓ ਆਪਾਂ ਇਕ ਘਟਨਾ ਉੱਤੇ ਗੌਰ ਕਰੀਏ ਜੋ ਇਸਰਾਏਲ ਦੇ ਰਾਜਾ ਯੋਆਸ਼ ਦੀ ਜ਼ਿੰਦਗੀ ਵਿਚ ਘਟੀ ਸੀ। ਉਹ ਇਸ ਗੱਲੋਂ ਫ਼ਿਕਰਮੰਦ ਸੀ ਕਿ ਇਸਰਾਏਲ ਅਰਾਮ ਦੇਸ਼ ਦੇ ਹੱਥੋਂ ਹਾਰ ਜਾਵੇਗਾ। ਯੋਆਸ਼ ਰੋਂਦਾ-ਰੋਂਦਾ ਅਲੀਸ਼ਾ ਕੋਲ ਆਇਆ। ਅਲੀਸ਼ਾ ਨਬੀ ਨੇ ਉਸ ਨੂੰ ਕਿਹਾ ਕਿ ਉਹ ਖਿੜਕੀ ਵਿੱਚੋਂ ਦੀ ਅਰਾਮ ਵੱਲ ਤੀਰ ਮਾਰੇ ਜੋ ਇਸ ਗੱਲ ਦਾ ਸੰਕੇਤ ਸੀ ਕਿ ਯਹੋਵਾਹ ਯੋਆਸ਼ ਨੂੰ ਅਰਾਮ ਦੇਸ਼ ਉੱਤੇ ਜਿੱਤ ਦਿਵਾਏਗਾ। ਇਹ ਜਾਣ ਕੇ ਯੋਆਸ਼ ਦੀ ਜਾਨ ਵਿਚ ਜਾਨ ਆ ਗਈ ਹੋਣੀ! ਫਿਰ ਅਲੀਸ਼ਾ ਨੇ ਯੋਆਸ਼ ਨੂੰ ਕਿਹਾ ਕਿ ਆਪਣੇ ਤੀਰ ਲੈ ਕੇ ਉਨ੍ਹਾਂ ਨੂੰ ਧਰਤੀ ਉੱਤੇ ਮਾਰ। ਯੋਆਸ਼ ਨੇ ਤਿੰਨ ਵਾਰ ਧਰਤੀ ʼਤੇ ਤੀਰ ਮਾਰੇ। ਇਹ ਦੇਖ ਕੇ ਅਲੀਸ਼ਾ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਧਰਤੀ ਉੱਤੇ ਪੰਜ-ਛੇ ਵਾਰ ਤੀਰ ਮਾਰਨ ਦਾ ਮਤਲਬ ਸੀ ਕਿ ਯੋਆਸ਼ “ਅਰਾਮ ਨੂੰ ਐਨਾ ਮਾਰਦਾ ਭਈ ਉਹ ਨੂੰ ਨਾਸ ਕਰ ਦਿੰਦਾ।” ਹੁਣ ਯੋਆਸ਼ ਨੂੰ ਸਿਰਫ਼ ਤਿੰਨ ਜਿੱਤਾਂ ਹੀ ਮਿਲਣੀਆਂ ਸਨ। ਸੋ ਜੋਸ਼ ਦੀ ਘਾਟ ਕਾਰਨ ਉਸ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ। (2 ਰਾਜ. 13:14-19) ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਹੋਵਾਹ ਸਾਨੂੰ ਤਾਂ ਹੀ ਭਰਪੂਰ ਬਰਕਤਾਂ ਦੇਵੇਗਾ ਜੇ ਅਸੀਂ ਉਸ ਦਾ ਕੰਮ ਦਿਲੋਂ ਅਤੇ ਜੋਸ਼ ਨਾਲ ਕਰਾਂਗੇ।
‘ਉਹ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ’
ਯਹੋਵਾਹ ਕਿਨ੍ਹਾਂ ਨੂੰ ਇਨਾਮ ਦਿੰਦਾ ਹੈ? ਇਕ ਬਾਈਬਲ ਮੁਤਾਬਕ ਇਸ ਆਇਤ ਵਿਚ ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ‘ਆਪਣੇ ਖੋਜਣ ਵਾਲਿਆਂ’ ਨੂੰ ਫਲ ਦਿੰਦਾ ਹੈ। ਬਾਈਬਲ ਦੇ ਅਨੁਵਾਦਕਾਂ ਲਈ ਇਕ ਕਿਤਾਬ ਦੱਸਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਖੋਜਣ” ਕੀਤਾ ਗਿਆ ਹੈ, ਉਸ ਦਾ ਮਤਲਬ “ਕਿਤੇ ਲੱਭਣ ਜਾਣਾ” ਨਹੀਂ ਹੈ। ਇਸ ਦਾ ਮਤਲਬ ਹੈ ਪਰਮੇਸ਼ੁਰ ਦੀ “ਭਗਤੀ” ਕਰਨ ਲਈ ਜਤਨ ਕਰਨਾ। ਇਕ ਹੋਰ ਕਿਤਾਬ ਦੱਸਦੀ ਹੈ ਕਿ ਇਸ ਯੂਨਾਨੀ ਕ੍ਰਿਆ ਦਾ ਮਤਲਬ ਹੈ ਕਿਸੇ ਚੀਜ਼ ਨੂੰ ਜੀ-ਜਾਨ ਲਾ ਕੇ ਜਾਂ ਵੱਡੇ ਜਤਨ ਨਾਲ ਲੱਭਣਾ। ਜੀ ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਇਨਾਮ ਦਿੰਦਾ ਹੈ ਜਿਨ੍ਹਾਂ ਦੀ ਨਿਹਚਾ ਉਨ੍ਹਾਂ ਨੂੰ ਉਸ ਦੀ ਭਗਤੀ ਪਿਆਰ ਤੇ ਜੋਸ਼ ਨਾਲ ਕਰਨ ਲਈ ਪ੍ਰੇਰਦੀ ਹੈ।—ਮੱਤੀ 22:37.
ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਿਹੜਾ ਇਨਾਮ ਦਿੰਦਾ ਹੈ? ਉਸ ਨੇ ਉਨ੍ਹਾਂ ਨੂੰ ਸੁਨਹਿਰਾ ਭਵਿੱਖ ਯਾਨੀ ਸੋਹਣੀ ਧਰਤੀ ਉੱਤੇ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਖੁੱਲ੍ਹ-ਦਿਲਾ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। (ਪ੍ਰਕਾਸ਼ ਦੀ ਕਿਤਾਬ 21:3, 4) ਯਹੋਵਾਹ ਦੀ ਜੀ-ਜਾਨ ਨਾਲ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੁਣ ਵੀ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਪਰਮੇਸ਼ੁਰ ਦੇ ਲੋਕ ਉਸ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਦੀ ਮਦਦ ਨਾਲ ਜ਼ਿੰਦਗੀ ਦੇ ਜਿਸ ਰਾਹ ʼਤੇ ਚੱਲ ਰਹੇ ਹਨ, ਉਸ ਕਰਕੇ ਉਹ ਖ਼ੁਸ਼ ਤੇ ਸੰਤੁਸ਼ਟ ਹਨ।—ਜ਼ਬੂਰਾਂ ਦੀ ਪੋਥੀ 144:15; ਮੱਤੀ 5:3.
ਹੀਰੇ-ਮੋਤੀ
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
13:20, 21—ਕੀ ਇਸ ਕਰਾਮਾਤ ਤੋਂ ਸਾਨੂੰ ਧਾਰਮਿਕ ਚੀਜ਼ਾਂ ਦੀ ਪੂਜਾ ਕਰਨ ਦੀ ਪ੍ਰੇਰਣਾ ਮਿਲਦੀ ਹੈ? ਨਹੀਂ। ਬਾਈਬਲ ਇਹ ਨਹੀਂ ਕਹਿੰਦੀ ਕਿ ਅਲੀਸ਼ਾ ਦੀਆਂ ਅਸਥੀਆਂ ਦੀ ਪੂਜਾ ਕੀਤੀ ਜਾਂਦੀ ਸੀ। ਇਹ ਕਰਾਮਾਤ ਯਹੋਵਾਹ ਦੀ ਸ਼ਕਤੀ ਨਾਲ ਹੋਈ ਸੀ ਜਿਵੇਂ ਅਲੀਸ਼ਾ ਨੇ ਜ਼ਿੰਦਾ ਹੁੰਦਿਆਂ ਸਾਰੀਆਂ ਕਰਾਮਾਤਾਂ ਯਹੋਵਾਹ ਦੀ ਸ਼ਕਤੀ ਨਾਲ ਕੀਤੀਆਂ ਸਨ।
12-18 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 16-17
“ਯਹੋਵਾਹ ਦੇ ਧੀਰਜ ਦੀ ਇਕ ਹੱਦ ਹੈ”
it-2 908 ਪੈਰਾ 5
ਸ਼ਲਮਨਸਰ
ਇਜ਼ਰਾਈਲ ʼਤੇ ਦਬਦਬਾ। ਜਦੋਂ ਹੋਸ਼ੇਆ ਇਜ਼ਰਾਈਲ ਦਾ ਰਾਜਾ ਸੀ (758-740 ਈ. ਪੂ.), ਉਦੋਂ ਅੱਸ਼ੂਰ ਦਾ ਰਾਜਾ ਸ਼ਲਮਨਸਰ ਪੰਜਵਾਂ ਸਾਮਰਿਯਾ ਨਾਲ ਲੜਨ ਆਇਆ। ਇਸ ਦਾ ਨਤੀਜਾ ਇਹ ਹੋਇਆ ਕਿ ਹੋਸ਼ੇਆ ਉਸ ਦੇ ਅਧੀਨ ਹੋ ਗਿਆ ਅਤੇ ਉਸ ਨੂੰ ਸਾਲਾਨਾ ਟੈਕਸ ਦੇਣ ਲੱਗ ਪਿਆ। (2 ਰਾਜ 17:1-3) ਪਰ ਕੁਝ ਸਮੇਂ ਬਾਅਦ ਹੋਸ਼ੇਆ ਨੇ ਮਿਸਰ ਦੇ ਰਾਜੇ ਨਾਲ ਮਿਲ ਕੇ ਸਾਜ਼ਸ਼ ਰਚੀ ਅਤੇ ਅੱਸ਼ੂਰ ਦੇ ਰਾਜੇ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ। ਇਸ ਕਰਕੇ ਸ਼ਲਮਨਸਰ ਨੇ ਹੋਸ਼ੇਆ ਨੂੰ ਕੈਦਖ਼ਾਨੇ ਵਿਚ ਸੁੱਟ ਦਿੱਤਾ ਅਤੇ ਸਾਮਰਿਯਾ ਨੂੰ ਤਿੰਨ ਸਾਲਾਂ ਤਕ ਘੇਰੀ ਰੱਖਿਆ। ਉਸ ਨੇ ਤਿੰਨ ਸਾਲਾਂ ਬਾਅਦ ਸਾਮਰਿਯਾ ʼਤੇ ਕਬਜ਼ਾ ਕਰ ਲਿਆ ਅਤੇ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ।—2 ਰਾਜ 17:4-6; 18:9-12; ਹੋਸ਼ੇ 7:11; ਹਿਜ਼ 23:4-10 ਵਿਚ ਨੁਕਤਾ ਦੇਖੋ।
it-1 414-415
ਗ਼ੁਲਾਮ ਬਣਾਏ ਗਏ
ਅਖ਼ੀਰ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮ ਬਣਾ ਲਿਆ ਗਿਆ। ਦੋਵਾਂ ਕੌਮਾਂ ਨਾਲ ਜੋ ਹੋਇਆ, ਉਸ ਪਿੱਛੇ ਇਕ ਕਾਰਨ ਸੀ। ਉਹ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਝੂਠੇ ਦੇਵੀ-ਦੇਵਤਿਆਂ ਨੂੰ ਪੂਜਣ ਲੱਗ ਪਏ। (ਬਿਵ 28:15, 62-68; 2 ਰਾਜ 17:7-18; 21:10-15) ਯਹੋਵਾਹ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਵਾਰ-ਵਾਰ ਆਪਣੇ ਨਬੀ ਭੇਜੇ, ਪਰ ਉਨ੍ਹਾਂ ਨੇ ਨਬੀਆਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। (2 ਰਾਜ 17:13) ਇਜ਼ਰਾਈਲ ਦੇ ਕਿਸੇ ਵੀ ਰਾਜੇ ਨੇ ਝੂਠੀ ਭਗਤੀ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਿਸ ਦੀ ਸ਼ੁਰੂਆਤ ਪਹਿਲੇ ਰਾਜੇ ਯਾਰਾਬੁਆਮ ਨੇ ਕੀਤੀ ਸੀ। ਜੇ ਯਹੂਦਾਹ ਦੀ ਗੱਲ ਕਰੀਏ, ਤਾਂ ਉਸ ਨੇ ਵੀ ਯਹੋਵਾਹ ਤੋਂ ਮਿਲਣ ਵਾਲੀ ਚੇਤਾਵਨੀ ਵੱਲ ਨਾ ਤਾਂ ਕੋਈ ਧਿਆਨ ਦਿੱਤਾ ਅਤੇ ਤੇ ਨਾ ਹੀ ਇਜ਼ਰਾਈਲ ਨੂੰ ਗ਼ੁਲਾਮੀ ਵਿਚ ਦੇਖ ਕੇ ਕੋਈ ਸਬਕ ਸਿੱਖਿਆ।—ਯਿਰ 3:6-10.
ਹੀਰੇ-ਮੋਤੀ
it-2 847
ਸਾਮਰੀ
ਬਾਈਬਲ ਵਿਚ “ਸਾਮਰੀਆਂ” ਸ਼ਬਦ ਦਾ ਜ਼ਿਕਰ ਸਭ ਤੋਂ ਪਹਿਲਾਂ 2 ਰਾਜਿਆਂ 17:29 ਵਿਚ ਆਉਂਦਾ ਹੈ। ਇਸ ਆਇਤ ਵਿਚ 740 ਈਸਵੀ ਪੂਰਵ ਦੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜਦੋਂ ਅੱਸ਼ੂਰ ਨੇ ਸਾਮਰਿਯਾ ʼਤੇ ਕਬਜ਼ਾ ਕਰ ਲਿਆ ਸੀ। ਭਾਵੇਂ ਕਿ ਅੱਸ਼ੂਰ ਨੇ ਉੱਥੇ ਹੋਰ ਕੌਮਾਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਸੀ, ਪਰ ਸ਼ੁਰੂ-ਸ਼ੁਰੂ ਵਿਚ ‘ਸਾਮਰੀ’ ਸਿਰਫ਼ ਉਨ੍ਹਾਂ ਇਜ਼ਰਾਈਲੀਆਂ ਨੂੰ ਕਿਹਾ ਜਾਂਦਾ ਸੀ ਜੋ ਦਸ-ਗੋਤੀ ਰਾਜ ਵਿਚ ਰਹਿੰਦੇ ਸਨ। ਬਾਅਦ ਵਿਚ ਉਸ ਇਲਾਕੇ ਵਿਚ ਰਹਿਣ ਵਾਲੇ ਇਜ਼ਰਾਈਲੀਆਂ ਤੇ ਪਰਦੇਸੀਆਂ ਨੂੰ ਸਾਮਰੀ ਕਿਹਾ ਜਾਣ ਲੱਗਾ। ਨਾਲੇ ਸਮੇਂ ਦੇ ਬੀਤਣ ਨਾਲ ਇਜ਼ਰਾਈਲੀ ਹੋਰ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਨ ਲੱਗੇ ਅਤੇ ਉਨ੍ਹਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਸਾਮਰੀ ਕਿਹਾ ਜਾਣ ਲੱਗਾ। ਪਰ ਯਿਸੂ ਦੇ ਜ਼ਮਾਨੇ ਵਿਚ ਇਹ ਨਾਂ ਕਿਸੇ ਖ਼ਾਸ ਵਰਗ ਜਾਂ ਕੌਮ ਦੇ ਲੋਕਾਂ ਲਈ ਨਹੀਂ ਵਰਤਿਆ ਜਾਂਦਾ ਸੀ, ਸਗੋਂ ਇਹ ਅਕਸਰ ਉਸ ਧਾਰਮਿਕ ਪੰਥ ਦੇ ਲੋਕਾਂ ਨੂੰ ਦਰਸਾਉਂਦਾ ਸੀ ਜੋ ਸਾਮਰਿਯਾ ਵਿਚ ਰਹਿੰਦੇ ਸਨ। ਇਸ ਪੰਥ ਦੇ ਲੋਕਾਂ ਦੀਆਂ ਕੁਝ ਸਿੱਖਿਆਵਾਂ ਯਹੂਦੀ ਧਰਮ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਅਲੱਗ ਸਨ।—ਯੂਹੰ 4:9.
19-25 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 18-19
“ਸਾਡੇ ਵਿਰੋਧੀ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦੇ ਹਨ?”
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
18:19-21, 25—ਕੀ ਹਿਜ਼ਕੀਯਾਹ ਨੇ ਮਿਸਰ ਤੋਂ ਮਦਦ ਮੰਗੀ ਸੀ? ਨਹੀਂ। ਰਬਸ਼ਾਕੇਹ ਦਾ ਲਾਇਆ ਇਹ ਦੋਸ਼ ਝੂਠਾ ਸੀ, ਠੀਕ ਜਿਵੇਂ ਉਸ ਦਾ ਇਹ ਦਾਅਵਾ ਵੀ ਝੂਠਾ ਸੀ ਕਿ ‘ਯਹੋਵਾਹ ਨੇ ਆਪੇ ਉਸ ਨੂੰ ਆਖਿਆ ਭਈ ਏਸ ਦੇਸ਼ ਤੇ ਚੜ੍ਹਾਈ ਕਰ।’ ਵਫ਼ਾਦਾਰ ਰਾਜਾ ਹਿਜ਼ਕੀਯਾਹ ਨੇ ਯਹੋਵਾਹ ਤੇ ਪੂਰਾ ਭਰੋਸਾ ਰੱਖਿਆ ਸੀ।
“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”
ਲੋਕਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜਣ ਲਈ ਰਬਸ਼ਾਕੇਹ ਨੇ ਚਲਾਕੀ ਭਰੀਆਂ ਗੱਲਾਂ ਕੀਤੀਆਂ। ਉਸ ਨੇ ਕਿਹਾ: ‘ਕੀ ਯਹੋਵਾਹ ਉਹੀਓ ਨਹੀਂ ਹੈ ਜਿਹ ਦਿਆਂ ਉੱਚਿਆਂ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ? ਯਹੋਵਾਹ ਨੇ ਆਪੇ ਮੈਨੂੰ ਆਖਿਆ ਭਈ ਏਸ ਦੇਸ ਤੇ ਚੜ੍ਹਾਈ ਕਰ ਕੇ ਏਸ ਨੂੰ ਨਾਸ ਕਰ ਦੇਹ!’ (2 ਰਾਜ. 18:22, 25) ਇਸ ਤਰ੍ਹਾਂ ਰਬਸ਼ਾਕੇਹ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਲਈ ਨਹੀਂ ਲੜੇਗਾ ਕਿਉਂਕਿ ਉਹ ਉਨ੍ਹਾਂ ਤੋਂ ਨਾਰਾਜ਼ ਸੀ। ਪਰ ਇਹ ਸੱਚ ਨਹੀਂ ਸੀ। ਯਹੋਵਾਹ ਹਿਜ਼ਕੀਯਾਹ ਅਤੇ ਯਹੂਦੀਆਂ ਤੋਂ ਖ਼ੁਸ਼ ਸੀ ਜਿਹੜੇ ਸੱਚੀ ਭਗਤੀ ਕਰਨ ਲੱਗ ਪਏ ਸਨ।—2 ਰਾਜ. 18:3-7.
ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?
14 ਅੱਸ਼ੂਰ ਦੇ ਰਾਜੇ ਅਤੇ ਉਸ ਦੀ ਫ਼ੌਜ ਨੇ ਯਰੂਸ਼ਲਮ ਦੇ ਦੱਖਣੀ-ਪੱਛਮੀ ਲਕੀਸ਼ ਵੱਲ ਡੇਰਾ ਲਾਇਆ। ਉੱਥੋਂ ਉਸ ਨੇ ਤਿੰਨ ਰਾਜਦੂਤ ਘੱਲੇ ਤੇ ਯਰੂਸ਼ਲਮ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਹਾਰ ਮੰਨ ਲੈਣ। ਰਾਜੇ ਦੇ ਖ਼ਾਸ ਰਾਜਦੂਤ ਰਬਸ਼ਾਕੇਹ ਨੇ ਲੋਕਾਂ ਦਾ ਹੌਸਲਾ ਢਾਹੁਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਵਰਤੀਆਂ। ਪਹਿਲਾਂ, ਉਸ ਨੇ ਲੋਕਾਂ ਨੂੰ ਉਨ੍ਹਾਂ ਦੀ ਇਬਰਾਨੀ ਭਾਸ਼ਾ ਵਿਚ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਿਜ਼ਕੀਯਾਹ ਦਾ ਨਹੀਂ, ਸਗੋਂ ਅੱਸ਼ੂਰੀਆਂ ਦਾ ਕਹਿਣਾ ਮੰਨਣ। ਫਿਰ ਉਸ ਨੇ ਝੂਠਾ ਵਾਅਦਾ ਕੀਤਾ ਕਿ ਅੱਸ਼ੂਰੀ ਉਨ੍ਹਾਂ ਨੂੰ ਇਕ ਅਜਿਹੇ ਵਧੀਆ ਦੇਸ਼ ਲੈ ਜਾਣਗੇ ਜਿੱਥੇ ਉਹ ਸੁੱਖ-ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਣਗੇ। (2 ਰਾਜਿਆਂ 18:31, 32 ਪੜ੍ਹੋ।) ਨਾਲੇ ਰਬਸ਼ਾਕੇਹ ਨੇ ਦਾਅਵਾ ਕੀਤਾ ਕਿ ਜਿੱਦਾਂ ਦੂਜੀਆਂ ਕੌਮਾਂ ਦੇ ਦੇਵੀ-ਦੇਵਤੇ ਆਪਣੇ ਭਗਤਾਂ ਨੂੰ ਨਹੀਂ ਬਚਾ ਸਕੇ, ਉੱਦਾਂ ਹੀ ਯਹੋਵਾਹ ਯਹੂਦੀਆਂ ਨੂੰ ਅੱਸ਼ੂਰੀਆਂ ਦੇ ਹੱਥੋਂ ਨਹੀਂ ਬਚਾ ਸਕੇਗਾ। ਲੋਕਾਂ ਨੇ ਉਸ ਦੀਆਂ ਝੂਠੀਆਂ ਗੱਲਾਂ ਦਾ ਕੋਈ ਜਵਾਬ ਨਾ ਦੇ ਕੇ ਅਕਲਮੰਦੀ ਦਿਖਾਈ। ਅੱਜ ਯਹੋਵਾਹ ਦੇ ਲੋਕ ਵੀ ਯਹੂਦੀਆਂ ਦੀ ਮਿਸਾਲ ʼਤੇ ਚੱਲਦੇ ਹਨ।—2 ਰਾਜਿਆਂ 18:35, 36 ਪੜ੍ਹੋ।
yb74 177 ਪੈਰਾ 1
ਭਾਗ 2—ਜਰਮਨੀ
ਨਾਜ਼ੀ ਜਰਮਨੀ ਦੇ ਅਧਿਕਾਰੀ (ਐੱਸ.ਐੱਸ ਗਾਰਡ) ਗਵਾਹਾਂ ਤੋਂ ਇਕ ਅਜਿਹੇ ਦਸਤਾਵੇਜ਼ ʼਤੇ ਦਸਤਖਤ ਕਰਾਉਣਾ ਚਾਹੁੰਦੇ ਸਨ ਜਿਸ ਵਿਚ ਲਿਖਿਆ ਹੁੰਦਾ ਸੀ ਕਿ ਉਹ ਹੁਣ ਤੋਂ ਯਹੋਵਾਹ ਦੇ ਗਵਾਹ ਨਹੀਂ ਹਨ। ਇਸ ਲਈ ਉਹ ਬਹੁਤ ਹੀ ਬੁਰੀਆਂ ਚਾਲਾਂ ਚੱਲਦੇ ਸਨ। ਜਿਵੇਂ ਉਹ ਕਹਿੰਦੇ ਸਨ ਕਿ ਜੇ ਉਸ ਇਸ ਦਸਤਾਵੇਜ਼ ʼਤੇ ਦਸਤਖਤ ਕਰ ਦੇਣ, ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇ ਕੋਈ ਉਸ ਦਸਤਾਵੇਜ਼ ʼਤੇ ਦਸਤਖਤ ਕਰ ਦਿੰਦਾ ਸੀ, ਤਾਂ ਅਧਿਕਾਰੀ ਉਸ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਸਲੂਕ ਕਰਦੇ ਸਨ। ਭਰਾ ਕਾਰਲ ਕਰਸ਼ਟ ਨੇ ਵੀ ਦੱਸਿਆ: “ਜਿੰਨਾ ਜ਼ਿਆਦਾ ਯਹੋਵਾਹ ਦੇ ਗਵਾਹਾਂ ʼਤੇ ਜ਼ੁਲਮ ਕੀਤਾ ਗਿਆ, ਹੋਰ ਕਿਸੇ ʼਤੇ ਨਹੀਂ ਕੀਤਾ ਗਿਆ। ਅਧਿਕਾਰੀਆਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਕਰਨ ਕਰਕੇ ਗਵਾਹ ਦਸਤਖਤ ਕਰ ਦੇਣਗੇ। ਇਸ ਲਈ ਉਹ ਵਾਰ-ਵਾਰ ਸਾਡੇ ʼਤੇ ਦਸਤਖਤ ਕਰਨ ਦਾ ਦਬਾਅ ਪਾਉਂਦੇ ਸਨ। ਭਾਵੇਂ ਕੁਝ ਜਣਿਆਂ ਨੇ ਦਸਤਖਤ ਕਰ ਦਿੱਤੇ ਸਨ, ਪਰ ਕਈ ਵਾਰ ਦੇਖਿਆ ਗਿਆ ਕਿ ਉਨ੍ਹਾਂ ਨੂੰ ਆਜ਼ਾਦ ਹੋਣ ਲਈ ਇਕ ਸਾਲ ਜਾਂ ਜ਼ਿਆਦਾ ਸਮਾਂ ਉਡੀਕ ਕਰਨੀ ਪੈਂਦੀ ਸੀ। ਇਸ ਦੌਰਾਨ ਅਧਿਕਾਰੀ ਉਨ੍ਹਾਂ ਨੂੰ ਪਖੰਡੀ ਅਤੇ ਡਰਪੋਕ ਕਹਿ ਕੇ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਸਨ। ਨਾਲੇ ਅਕਸਰ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬਾਕੀ ਭਰਾਵਾਂ ਦੇ ਅੱਗਿਓ ਲੰਘਣ ਲਈ ਕਿਹਾ ਜਾਂਦਾ ਸੀ। ਇਸ ਤਰ੍ਹਾਂ ਉਹ ਉਨ੍ਹਾਂ ਦੀ ਹੋਰ ਬੇਇੱਜ਼ਤੀ ਕਰਦੇ ਸਨ।”
ਹੀਰੇ-ਮੋਤੀ
it-1 155 ਪੈਰਾ 4
ਪੁਰਾਤੱਤਵ ਖੋਜ
ਬਾਈਬਲ ਵਿਚ ਲਿਖਿਆ ਹੈ ਕਿ ਅੱਸ਼ੂਰ ਦੇ ਰਾਜੇ ਸਨਹੇਰੀਬ ਨੂੰ ਉਸ ਦੇ ਦੋਵੇਂ ਪੁੱਤਰਾਂ, ਅਦਰਮਲਕ ਅਤੇ ਸ਼ਰਾਸਰ, ਨੇ ਮਾਰ ਦਿੱਤਾ ਅਤੇ ਫਿਰ ਉਸ ਦਾ ਇਕ ਹੋਰ ਪੁੱਤਰ ਏਸਰ-ਹੱਦੋਨ ਉਸ ਦੀ ਜਗ੍ਹਾ ਰਾਜਾ ਬਣ ਗਿਆ। (2 ਰਾਜ 19:36, 37) ਪਰ ਬਾਬਲ ਦੀ ਖੁਦਾਈ ਵਿੱਚੋਂ ਮਿਲੇ ਪੱਥਰਾਂ ʼਤੇ ਲਿਖਿਆ ਸੀ ਕਿ ਸਨਹੇਰੀਬ ਨੂੰ ਉਸ ਦੇ ਇਕ ਪੁੱਤਰ ਨੇ ਹੀ ਮਾਰਿਆ ਸੀ। ਇਹੀ ਗੱਲ ਤੀਜੀ ਸਦੀ ਈਸਵੀ ਪੂਰਵ ਦੇ ਬਾਬਲ ਦੇ ਇਕ ਪੁਜਾਰੀ ਬੇਰੋਸਸ ਅਤੇ ਛੇਵੀਂ ਸਦੀ ਦੇ ਬਾਬਲ ਦੇ ਰਾਜੇ ਨਬੋਨਾਈਡਸ ਨੇ ਵੀ ਕਹੀ ਸੀ। ਪਰ ਹਾਲ ਹੀ ਵਿਚ ਹੋਈ ਖੁਦਾਈ ਵਿੱਚੋਂ ਇਕ ਹੋਰ ਪੱਥਰ ਮਿਲਿਆ ਜਿਸ ਅਨੁਸਾਰ ਸਨਹੇਰੀਬ ਦੇ ਪੁੱਤਰ ਰਾਜਾ ਏਸਰ-ਹੱਦੋਨ ਨੇ ਸਾਫ਼-ਸਾਫ਼ ਕਿਹਾ ਸੀ ਕਿ ਉਸ ਦੇ ਭਰਾਵਾਂ ਨੇ ਆਪਣੇ ਪਿਤਾ ਖ਼ਿਲਾਫ਼ ਬਗਾਵਤ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਉਹ ਉੱਥੋਂ ਭੱਜ ਗਏ। ਇਸ ਬਾਰੇ ਇਕ ਇਤਿਹਾਸਕਾਰ ਨੇ ਕਿਹਾ: “ਬਾਬਲ ਦੀ ਖੁਦਾਈ ਵਿਚ ਜੋ ਪੱਥਰ ਮਿਲਿਆ ਸੀ, ਉਸ ʼਤੇ ਜੋ ਲਿਖਿਆ ਸੀ ਅਤੇ ਨਬੋਨਾਈਡਸ ਅਤੇ ਬੇਰੋਸਸ ਨੇ ਜੋ ਕਿਹਾ ਸੀ, ਉਹ ਗ਼ਲਤ ਹੈ। ਬਾਈਬਲ ਵਿਚ ਜੋ ਦੱਸਿਆ ਗਿਆ ਹੈ, ਉਹ ਸਹੀ ਹੈ। ਵਧੀਆ ਹੋਇਆ ਕਿ ਖੁਦਾਈ ਵਿਚ ਏਸਰ-ਹੱਦੋਨ ਦਾ ਪੱਥਰ ਮਿਲ ਗਿਆ। ਉਸ ਤੋਂ ਇਹ ਸਾਬਤ ਹੋਇਆ ਕਿ ਬਾਈਬਲ ਵਿਚ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਵੀ ਸੱਚ ਹੈ ਅਤੇ ਬਾਬਲ ਦੀ ਖੁਦਾਈ ਤੋਂ ਜੋ ਜਾਣਕਾਰੀ ਮਿਲੀ, ਉਸ ਤੋਂ ਜ਼ਿਆਦਾ ਭਰੋਸੇਯੋਗ ਬਾਈਬਲ ਹੈ। ਇਹ ਬਹੁਤ ਅਹਿਮ ਗੱਲ ਹੈ। ਬਾਈਬਲ ਵਿਚ ਲਿਖੀਆਂ ਘਟਨਾਵਾਂ ਜਿਸ ਸਮੇਂ ਘਟੀਆਂ, ਉਸ ਸਮੇਂ ਬਾਰੇ ਜੇ ਸਾਨੂੰ ਕੋਈ ਹੋਰ ਜਾਣਕਾਰੀ ਮਿਲਦੀ ਹੈ, ਤਾਂ ਸਾਨੂੰ ਉਸ ਜਾਣਕਾਰੀ ʼਤੇ ਐਵੇਂ ਹੀ ਯਕੀਨ ਨਹੀਂ ਕਰ ਲੈਣਾ ਚਾਹੀਦਾ।”
26 ਦਸੰਬਰ–1 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 20-21
“ਪ੍ਰਾਰਥਨਾ ਨੇ ਯਹੋਵਾਹ ਨੂੰ ਕਦਮ ਚੁੱਕਣ ਲਈ ਉਕਸਾਇਆ”
ip-1 394 ਪੈਰਾ 23
ਇਕ ਰਾਜੇ ਦੀ ਨਿਹਚਾ ਦਾ ਫਲ
23 ਜਦੋਂ ਸਨਹੇਰੀਬ ਪਹਿਲੀ ਵਾਰ ਯਹੂਦਾਹ ਦੇ ਵਿਰੁੱਧ ਆਇਆ, ਤਾਂ ਹਿਜ਼ਕੀਯਾਹ ਬਹੁਤ ਬੀਮਾਰ ਸੀ। ਯਸਾਯਾਹ ਨੇ ਉਸ ਨੂੰ ਦੱਸਿਆ ਸੀ ਕਿ ਉਹ ਮਰ ਜਾਵੇਗਾ। (ਯਸਾਯਾਹ 38:1) ਰਾਜਾ ਜੋ ਸਿਰਫ਼ 39 ਸਾਲਾਂ ਦਾ ਸੀ, ਬਹੁਤ ਉਦਾਸ ਹੋਇਆ। ਉਸ ਨੂੰ ਸਿਰਫ਼ ਆਪਣੀ ਸਿਹਤ ਦੀ ਹੀ ਨਹੀਂ, ਬਲਕਿ ਲੋਕਾਂ ਦੇ ਭਵਿੱਖ ਦੀ ਵੀ ਚਿੰਤਾ ਸੀ। ਯਰੂਸ਼ਲਮ ਅਤੇ ਯਹੂਦਾਹ ਨੂੰ ਅੱਸ਼ੂਰੀਆਂ ਦੇ ਹਮਲੇ ਦਾ ਖ਼ਤਰਾ ਸੀ। ਜੇ ਹਿਜ਼ਕੀਯਾਹ ਮਰ ਜਾਂਦਾ, ਤਾਂ ਲੜਾਈ ਵਿਚ ਅਗਵਾਈ ਕੌਣ ਕਰ ਸਕਦਾ ਸੀ? ਉਸ ਸਮੇਂ ਹਿਜ਼ਕੀਯਾਹ ਦਾ ਕੋਈ ਪੁੱਤਰ ਵੀ ਨਹੀਂ ਸੀ ਜੋ ਰਾਜ ਸੰਭਾਲ ਸਕਦਾ ਸੀ। ਪੂਰੇ ਦਿਲ ਨਾਲ ਪ੍ਰਾਰਥਨਾ ਕਰਦੇ ਹੋਏ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਮਿੰਨਤ ਕੀਤੀ ਕਿ ਉਹ ਉਸ ਉੱਤੇ ਦਇਆ ਕਰੇ।—ਯਸਾਯਾਹ 38:2, 3.
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
16 ਬਾਅਦ ਵਿਚ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਮਰਨ ਕਿਨਾਰੇ ਪਹੁੰਚ ਗਿਆ। ਇਸ ਮੁਸ਼ਕਲ ਘੜੀ ਵਿਚ ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਦੀ ਵਫ਼ਾਦਾਰੀ ਨੂੰ ਚੇਤੇ ਕਰੇ ਅਤੇ ਉਸ ਦੀ ਮਦਦ ਕਰੇ। (2 ਰਾਜਿਆਂ 20:1-3 ਪੜ੍ਹੋ।) ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਠੀਕ ਕੀਤਾ। ਸਾਨੂੰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਅੱਜ ਅਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਸਾਡੀ ਬੀਮਾਰੀ ਨੂੰ ਠੀਕ ਕਰੇਗਾ ਜਾਂ ਸਾਡੀ ਉਮਰ ਲੰਬੀ ਕਰੇਗਾ। ਪਰ ਹਿਜ਼ਕੀਯਾਹ ਵਾਂਗ ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ। ਅਸੀਂ ਉਸ ਨੂੰ ਕਹਿ ਸਕਦੇ ਹਾਂ: “ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਭਈ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ।” ਕੀ ਤੁਸੀਂ ਭਰੋਸਾ ਰੱਖਦੇ ਹੋ ਕਿ ਯਹੋਵਾਹ ਹਮੇਸ਼ਾ ਤੁਹਾਡੀ ਦੇਖ-ਭਾਲ ਕਰੇਗਾ, ਉਦੋਂ ਵੀ ਜਦੋਂ ਤੁਸੀਂ ਬੀਮਾਰ ਹੋਵੋ?—ਜ਼ਬੂ. 41:3.
ਕੀ ਰੱਬ ਦਖ਼ਲ ਦੇ ਕੇ ਸਾਡੇ ਲਈ ਕੁਝ ਕਰੇਗਾ?
ਅੱਠਵੀਂ ਸਦੀ ਸਾ.ਯੁ.ਪੂ. ਵਿਚ ਯਹੂਦਾਹ ਦੇ 39 ਸਾਲ ਦੇ ਬਾਦਸ਼ਾਹ ਹਿਜ਼ਕੀਯਾਹ ਨੂੰ ਪਤਾ ਚੱਲਿਆ ਕਿ ਉਸ ਨੂੰ ਅਜਿਹੀ ਬੀਮਾਰੀ ਲੱਗੀ ਸੀ ਜਿਸ ਕਾਰਨ ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ। ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਠੀਕ ਹੋਣ ਲਈ ਰੱਬ ਅੱਗੇ ਅਰਦਾਸ ਕਰਨ ਲੱਗਾ। ਪਰਮੇਸ਼ੁਰ ਨੇ ਆਪਣੇ ਨਬੀ ਰਾਹੀਂ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ।”—ਯਸਾਯਾਹ 38:1-5.
ਹੀਰੇ-ਮੋਤੀ
it-2 240 ਪੈਰਾ 1
ਸਾਹਲ
ਸਾਹਲ ਦੀ ਵਰਤੋਂ ਇਕ ਇਮਾਰਤ ਬਣਾਉਣ ਲਈ ਜਾਂ ਇਹ ਦੇਖਣ ਲਈ ਕੀਤੀ ਜਾਂਦੀ ਹੈ ਕਿ ਕੋਈ ਇਮਾਰਤ ਟਿਕੀ ਰਹੇਗੀ ਜਾਂ ਨਹੀਂ। ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ, “ਮੈਂ ਯਰੂਸ਼ਲਮ ਨੂੰ ਉਸ ਰੱਸੀ ਨਾਲ ਨਾਪਾਂਗਾ ਜਿਸ ਨਾਲ ਸਾਮਰਿਯਾ ਨੂੰ ਨਾਪਿਆ ਗਿਆ ਸੀ ਅਤੇ ਉਹ ਸਾਹਲ ਵਰਤਾਂਗਾ ਜੋ ਅਹਾਬ ਦੇ ਘਰਾਣੇ ਲਈ ਵਰਤਿਆ ਗਿਆ ਸੀ।” ਯਹੋਵਾਹ ਨੇ ਸਾਮਰਿਯਾ ਨੂੰ ਪਹਿਲਾਂ ਹੀ ਨਾਪਿਆ ਸੀ ਅਤੇ ਦੇਖਿਆ ਸੀ ਕਿ ਰਾਜਾ ਅਹਾਬ ਦਾ ਘਰਾਣਾ ਨੈਤਿਕ ਤੌਰ ʼਤੇ ਬਹੁਤ ਜ਼ਿਆਦਾ ਡਿਗ ਚੁੱਕ ਸੀ। ਇਸ ਲਈ ਉਸ ਨੇ ਸਾਮਰਿਯਾ ਅਤੇ ਰਾਜਾ ਅਹਾਬ ਦੇ ਪੂਰੇ ਘਰਾਣੇ ਨੂੰ ਨਾਸ਼ ਕਰ ਦਿੱਤਾ ਸੀ। ਇਸੇ ਤਰ੍ਹਾਂ ਹੁਣ ਯਹੋਵਾਹ ਯਰੂਸ਼ਲਮ ਤੇ ਉਸ ਦੇ ਰਾਜਿਆਂ ਦਾ ਨਿਆਂ ਕਰਨ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਦੁਸ਼ਟ ਕੰਮਾਂ ਦਾ ਪਰਦਾਫ਼ਾਸ਼ ਕਰਨ ਵਾਲਾ ਸੀ। ਇਸ ਕਰਕੇ ਉਹ ਸ਼ਹਿਰ ਦਾ ਸਫ਼ਾਇਆ ਕਰਨ ਵਾਲਾ ਸੀ। (2 ਰਾਜ 21:10-13; 10:11) ਇਹ ਕਦਮ ਚੁੱਕਣ ਤੋਂ ਪਹਿਲਾਂ ਯਹੋਵਾਹ ਨੇ ਯਸਾਯਾਹ ਤੋਂ ਕਹਾਇਆ ਸੀ: “ਮੈਂ ਇਨਸਾਫ਼ ਨੂੰ ਨਾਪਣ ਵਾਲੀ ਰੱਸੀ ਅਤੇ ਧਾਰਮਿਕਤਾ ਨੂੰ ਸਾਹਲ ਬਣਾਵਾਂਗਾ।” ਯਹੋਵਾਹ ਦੇ ਨਿਆਂ ਦੇ ਮਿਆਰਾਂ ਤੋਂ ਇਹ ਸਾਬਤ ਹੋ ਜਾਣਾ ਸੀ ਕਿ ਕੌਣ ਵਾਕਈ ਉਸ ਦੇ ਸੇਵਕ ਸਨ ਤੇ ਕੌਣ ਨਹੀਂ। ਇਸ ਦਾ ਨਤੀਜਾ ਇਹ ਹੋਇਆ ਕਿ ਯਰੂਸ਼ਲਮ ਦੇ ਲੋਕ ਜਾਂ ਤਾਂ ਜੀਉਂਦੇ ਬਚਦੇ ਜਾਂ ਨਾਸ਼ ਹੋ ਜਾਂਦੇ।—ਯਸਾ 28:14-19.