ਲੰਬੀ ਉਮਰ ਲਈ ਖੋਜ
“ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। ਉਹ ਫੁੱਲ ਵਾਂਙੁ ਨਿੱਕਲਦਾ, ਫੇਰ ਤੋੜਿਆ ਜਾਂਦਾ ਹੈ, ਉਹ ਸਾਯੇ ਵਾਂਙੁ ਢਲ ਜਾਂਦਾ ਅਤੇ ਠਹਿਰਦਾ ਨਹੀਂ।” —ਅੱਯੂਬ 14:1, 2.
ਭਾਵੇਂ ਕਿ ਇਹ ਸ਼ਬਦ ਕੁਝ 3,500 ਸਾਲ ਪਹਿਲਾਂ ਲਿਖੇ ਗਏ ਸਨ, ਕਾਫ਼ੀ ਲੋਕ ਅੱਜ ਵੀ ਇਨ੍ਹਾਂ ਨਾਲ ਸਹਿਮਤ ਹਨ। ਇਨਸਾਨ ਥੋੜ੍ਹੇ ਚਿਰ ਲਈ ਹੀ ਜਵਾਨੀ ਨੂੰ ਛੋਂਹਦਾ ਹੈ ਅਤੇ ਫਿਰ ਬੁੱਢਾ ਹੋ ਕੇ ਮਰ ਜਾਂਦਾ ਹੈ। ਇਸ ਹਕੀਕਤ ਕਰਕੇ ਲੋਕ ਹਮੇਸ਼ਾ ਇਕ ਘਾਟ ਜਿਹੀ ਮਹਿਸੂਸ ਕਰਦੇ ਆਏ ਹਨ। ਤਾਹੀਂ ਇਤਿਹਾਸ ਦੇ ਦੌਰਾਨ ਇਨਸਾਨ ਨੇ ਉਮਰ ਵਧਾਉਣ ਦੇ ਵੰਨਸੁਵੰਨੇ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਅੱਯੂਬ ਦੇ ਜ਼ਮਾਨੇ ਵਿਚ ਮਿਸਰੀ ਲੋਕ ਜਵਾਨੀ ਮੁੜ ਕੇ ਹਾਸਲ ਕਰਨ ਲਈ ਪਸ਼ੂਆਂ ਦੇ ਅੰਡਕੋਸ਼ ਖਾਂਦੇ ਸਨ। ਪਰ ਇਹ ਵਿਅਰਥ ਸਾਬਤ ਹੋਇਆ। ਮੱਧਕਾਲੀ ਨੀਮ-ਹਕੀਮੀ ਦਾ ਇਕ ਮੁੱਖ ਉਦੇਸ਼ ਸੀ ਇਕ ਪ੍ਰਕਾਰ ਦਾ ਅੰਮ੍ਰਿਤ ਬਣਾਉਣਾ ਜੋ ਲੰਬੀ ਉਮਰ ਸੰਭਵ ਕਰ ਸਕੇ। ਕਈ ਨੀਮ-ਹਕੀਮ ਇਹ ਵਿਸ਼ਵਾਸ ਕਰਦੇ ਸੀ ਕਿ ਬਣਾਵਟੀ ਸੋਨਾ ਅਮਰਤਾ ਸੰਭਵ ਕਰਦਾ ਹੈ ਨਾਲੇ ਸੁਨਹਿਰੀ ਥਾਲੀਆਂ ਤੋਂ ਖਾਣ ਨਾਲ ਉਮਰ ਵੱਧ ਸਕਦੀ ਹੈ। ਪ੍ਰਾਚੀਨ ਤਾਓਵਾਦੀ ਚੀਨੇ ਸੋਚਦੇ ਸਨ ਕਿ ਸਮਾਧੀ ਲਾਉਣ, ਸਾਹ ਕੰਟ੍ਰੋਲ ਕਰਨ, ਅਤੇ ਖ਼ੁਰਾਕ ਦੁਆਰਾ ਉਹ ਸਰੀਰ ਦੀ ਬਣਤਰ ਨੂੰ ਬਦਲ ਸਕਦੇ ਸਨ ਅਤੇ ਇਵੇਂ ਇਨਸਾਨ ਅਮਰਤਾ ਹਾਸਲ ਕਰ ਸਕਦੇ ਸਨ।
ਸਪੇਨੀ ਖੋਜਕਾਰ ਹੁਆਨ ਪੌਂਸ ਡ ਲੈਓਨ ਜੀਵਨ ਦੇ ਸੋਮੇ ਦੀ ਖੋਜ ਕਰਨ ਲਈ ਮਸ਼ਹੂਰ ਹੈ। ਅਠਾਰ੍ਹਵੀਂ ਸਦੀ ਦੇ ਇਕ ਡਾਕਟਰ ਨੇ ਹਰਮੀਪਸ ਰੱਡਵਾਈਵਸ ਨਾਂ ਦੀ ਆਪਣੀ ਪੁਸਤਕ ਵਿਚ ਇਹ ਸਲਾਹ ਦਿੱਤੀ ਸੀ ਕਿ ਬਸੰਤ ਦੀ ਰੁੱਤ ਵਿਚ ਛੋਟੀ ਉਮਰ ਦੀਆਂ ਕੁਆਰੀਆਂ ਲੜਕੀਆਂ ਨੂੰ ਇਕ ਕਮਰੇ ਵਿਚ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਸਾਹ ਬੋਤਲਾਂ ਵਿਚ ਇਕੱਠੇ ਕਰ ਕੇ ਉਮਰ ਵਧਾਉਣ ਦੀ ਦਵਾਈ ਵਜੋਂ ਵਰਤੇ ਜਾਣ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਤਰੀਕਾ ਨਹੀਂ ਸਫ਼ਲ ਹੋਇਆ।
ਮੂਸਾ ਦੁਆਰਾ ਅੱਯੂਬ ਦੇ ਸ਼ਬਦ ਲਿਖੇ ਜਾਣ ਤੋਂ ਕੁਝ 3,500 ਸਾਲ ਬਾਅਦ, ਅੱਜ ਇਨਸਾਨ ਚੰਦ ਉੱਤੇ ਤੁਰ-ਫਿਰ ਚੁੱਕੇ ਹਨ, ਉਨ੍ਹਾਂ ਨੇ ਕਾਰਾਂ ਅਤੇ ਕੰਪਿਊਟਰ ਬਣਾਏ ਹਨ, ਅਤੇ ਉਨ੍ਹਾਂ ਨੇ ਐਟਮ ਅਤੇ ਸੈੱਲ ਬਾਰੇ ਵੀ ਸਟੱਡੀ ਕੀਤੀ ਹੈ। ਫਿਰ ਵੀ, ਐਸੀਆਂ ਤਕਨਾਲੋਜੀ-ਸੰਬੰਧੀ ਤਰੱਕੀਆਂ ਦੇ ਬਾਵਜੂਦ, ਅਸੀਂ ‘ਥੋੜਿਆਂ ਦਿਨਾਂ ਦੇ ਹਾਂ ਅਤੇ ਬਿਪਤਾ ਨਾਲ ਭਰੇ ਹੋਏ ਹਾਂ।’ ਇਹ ਗੱਲ ਸੱਚ ਹੈ ਕਿ ਅਮੀਰ ਦੇਸ਼ਾਂ ਵਿਚ ਲੋਕਾਂ ਦੀ ਉਮਰ ਪਿਛਲੀ ਸਦੀ ਨਾਲੋਂ ਹੁਣ ਜ਼ਿਆਦਾ ਲੰਬੀ ਹੈ। ਪਰ ਇਹ ਬਿਹਤਰ ਸਿਹਤ-ਸੰਬੰਧੀ ਪ੍ਰਬੰਧਾਂ, ਬਿਹਤਰ ਸਫ਼ਾਈ, ਅਤੇ ਬਿਹਤਰ ਖ਼ੁਰਾਕ ਦੇ ਕਾਰਨ ਹੈ। ਮਿਸਾਲ ਲਈ, 19ਵੀਂ ਸਦੀ ਦੇ ਮੱਧ ਤੋਂ ਲੈ ਕੇ 1990 ਦੇ ਸ਼ੁਰੂ ਤਕ, ਸਵੀਡਨ ਵਿਚ ਆਦਮੀਆਂ ਦੀ ਔਸਤ ਉਮਰ 40 ਤੋਂ 75 ਸਾਲ ਵਧੀ ਅਤੇ ਔਰਤਾਂ ਦੀ ਉਮਰ 44 ਤੋਂ 80 ਸਾਲ ਵਧੀ। ਪਰ ਕੀ ਇਸ ਦਾ ਇਹ ਅਰਥ ਹੈ ਕਿ ਇਨਸਾਨ ਦੀ ਲੰਬੀ ਉਮਰ ਦੀ ਖਾਹਸ਼ ਹੁਣ ਪੂਰੀ ਹੋ ਚੁੱਕੀ ਹੈ?
ਨਹੀਂ, ਭਾਵੇਂ ਕਿ ਕੁਝ ਦੇਸ਼ਾਂ ਵਿਚ ਜ਼ਿਆਦਾ ਲੋਕ ਬੁਢਾਪੇ ਤਕ ਜੀਉਂਦੇ ਰਹਿੰਦੇ ਹਨ, ਕਈ ਸਾਲ ਪਹਿਲਾਂ ਲਿਖੇ ਗਏ ਮੂਸਾ ਦੇ ਬਚਨ ਹਾਲੇ ਵੀ ਸੱਚ ਹਨ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, . . . ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰ 90:10) ਕੀ ਅਸੀਂ ਆਉਣ ਵਾਲੇ ਸਮੇਂ ਵਿਚ ਇਕ ਤਬਦੀਲੀ ਦੇਖਾਂਗੇ? ਕੀ ਇਨਸਾਨ ਦੀ ਉਮਰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਲੰਬੀ ਹੋਵੇਗੀ? ਅਗਲਾ ਲੇਖ ਅਜਿਹਿਆਂ ਸਵਾਲਾਂ ਦੇ ਜਵਾਬ ਦੇਵੇਗਾ।