‘ਹੇ ਯਹੋਵਾਹ, ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ’
“ਹੇ ਯਹੋਵਾਹ ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿੱਚ ਧੋਵਾਂਗਾ, ਸੋ ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ।” (ਜ਼ਬੂਰ 26:6) ਇਨ੍ਹਾਂ ਲਫ਼ਜ਼ਾਂ ਨਾਲ ਪੁਰਾਣੇ ਸਮੇਂ ਦੇ ਰਾਜਾ ਦਾਊਦ ਨੇ ਦੱਸਿਆ ਕਿ ਉਹ ਯਹੋਵਾਹ ਦੀ ਭਗਤੀ ਕਰਦਾ ਹੈ। ਪਰ ਉਹ ਯਹੋਵਾਹ ਦੀ ਜਗਵੇਦੀ ਦੀ “ਪਰਦੱਖਣਾ” ਕਿਉਂ ਤੇ ਕਿਸ ਤਰ੍ਹਾਂ ਕਰੇਗਾ?
ਦਾਊਦ ਲਈ ਯਹੋਵਾਹ ਦੀ ਭਗਤੀ ਦੀ ਇੱਕੋ-ਇਕ ਥਾਂ ਡੇਹਰਾ ਤੇ ਉਸ ਦੀ ਜਗਵੇਦੀ ਸੀ ਜਿਸ ਉੱਤੇ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਇਸ ਉੱਤੇ ਤਾਂਬੇ ਦੀ ਪਰਤ ਚੜ੍ਹੀ ਹੋਈ ਸੀ। ਉਸ ਦੇ ਰਾਜ ਦੌਰਾਨ ਇਹ ਜਗਵੇਦੀ ਯਰੂਸ਼ਲਮ ਦੇ ਉੱਤਰ ਵੱਲ ਗਿਬਓਨ ਵਿਚ ਸੀ। (1 ਰਾਜਿਆਂ 3:4) ਇਸ ਜਗਵੇਦੀ ਦਾ ਆਕਾਰ ਸਿਰਫ਼ ਸੱਤ ਵਰਗ ਫੁੱਟ ਸੀ। ਸੁਲੇਮਾਨ ਦੇ ਮੰਦਰ ਦੇ ਵਿਹੜੇ ਵਿਚ ਜੋ ਸ਼ਾਨਦਾਰ ਜਗਵੇਦੀ ਬਣੀ ਸੀ ਉਸ ਤੋਂ ਇਹ ਕਾਫ਼ੀ ਛੋਟੀ ਸੀ।a ਫਿਰ ਵੀ ਦਾਊਦ ਡੇਹਰੇ ਅਤੇ ਇਸ ਦੀ ਜਗਵੇਦੀ ਨਾਲ ਬੜਾ ਪਿਆਰ ਕਰਦਾ ਸੀ ਕਿਉਂਕਿ ਇਹ ਇਸਰਾਏਲ ਵਿਚ ਸੱਚੀ ਭਗਤੀ ਦਾ ਇੱਕੋ-ਇਕ ਕੇਂਦਰ ਸੀ।—ਜ਼ਬੂਰ 26:8.
ਇਸ ਜਗਵੇਦੀ ਉੱਤੇ ਹੋਮ ਬਲੀਆਂ, ਸੁਖ ਸਾਂਦ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਹਰ ਸਾਲ ਪ੍ਰਾਸਚਿਤ ਦੇ ਦਿਨ ਤੇ ਸਾਰੀ ਕੌਮ ਲਈ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਜਗਵੇਦੀ ਅਤੇ ਇਸ ਉੱਤੇ ਚੜ੍ਹਾਈਆਂ ਜਾਂਦੀਆਂ ਬਲੀਆਂ ਅੱਜ ਮਸੀਹੀਆਂ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਪੌਲੁਸ ਰਸੂਲ ਨੇ ਦੱਸਿਆ ਕਿ ਜਗਵੇਦੀ, ਯਹੋਵਾਹ ਦੀ ਇੱਛਾ ਨੂੰ ਦਰਸਾਉਂਦੀ ਹੈ ਜਿਸ ਦੇ ਆਧਾਰ ਤੇ ਉਸ ਨੇ ਮਨੁੱਖਜਾਤੀ ਦੀ ਰਿਹਾਈ ਲਈ ਇਕ ਸਹੀ ਬਲੀਦਾਨ ਮਨਜ਼ੂਰ ਕੀਤਾ। ਪੌਲੁਸ ਨੇ ਕਿਹਾ: “ਉਸੇ ਇੱਛਿਆ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ।”—ਇਬਰਾਨੀਆਂ 10:5-10.
ਜਗਵੇਦੀ ਉੱਤੇ ਸੇਵਾ ਕਰਨ ਤੋਂ ਪਹਿਲਾਂ ਜਾਜਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਰੀਤ ਅਨੁਸਾਰ ਆਪਣੇ ਹੱਥ ਪਾਣੀ ਨਾਲ ਧੋਂਦੇ ਸਨ। ਇਸੇ ਤਰ੍ਹਾਂ ਰਾਜਾ ਦਾਊਦ ਨੇ ‘ਜਗਵੇਦੀ ਦੀ ਪਰਦੱਖਣਾ’ ਕਰਨ ਤੋਂ ਪਹਿਲਾਂ ਆਪਣੇ ਹੱਥ “ਨਿਰਮਲਤਾਈ” ਨਾਲ ਧੋਤੇ। ਉਸ ਨੇ “ਮਨ ਦੀ ਸਚਿਆਈ ਤੇ ਧਰਮ ਨਾਲ” ਕੰਮ ਕੀਤਾ। (1 ਰਾਜਿਆਂ 9:4) ਜੇ ਉਹ ਇਸ ਤਰੀਕੇ ਨਾਲ ਆਪਣੇ ਹੱਥ ਨਾ ਧੋਂਦਾ, ਤਾਂ ਉਸ ਦੀ ਭਗਤੀ ਯਾਨੀ ‘ਜਗਵੇਦੀ ਦੀ ਪਰਦੱਖਣਾ’ ਨਾ-ਮਨਜ਼ੂਰ ਹੋ ਸਕਦੀ ਸੀ। ਬੇਸ਼ੱਕ ਦਾਊਦ ਲੇਵੀ ਗੋਤ ਵਿੱਚੋਂ ਨਹੀਂ ਸੀ ਅਤੇ ਨਾ ਹੀ ਉਸ ਨੂੰ ਜਗਵੇਦੀ ਤੇ ਜਾਜਕ ਦੇ ਤੌਰ ਤੇ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਸੀ। ਭਾਵੇਂ ਉਹ ਇਕ ਰਾਜਾ ਸੀ, ਪਰ ਉਸ ਨੂੰ ਡੇਹਰੇ ਦੇ ਵਿਹੜੇ ਵਿਚ ਵੀ ਆਉਣ ਦੀ ਇਜਾਜ਼ਤ ਨਹੀਂ ਸੀ। ਪਰ ਵਫ਼ਾਦਾਰ ਇਸਰਾਏਲੀ ਹੋਣ ਦੇ ਨਾਤੇ ਉਸ ਨੇ ਮੂਸਾ ਦੀ ਬਿਵਸਥਾ ਨੂੰ ਮੰਨਿਆ ਅਤੇ ਉਹ ਨਿਯਮਿਤ ਤੌਰ ਤੇ ਜਗਵੇਦੀ ਉੱਤੇ ਆਪਣੀਆਂ ਭੇਟਾਂ ਚੜ੍ਹਾਉਣ ਲਈ ਆਉਂਦਾ ਸੀ। ਆਪਣੀ ਜ਼ਿੰਦਗੀ ਵਿਚ ਸੱਚੀ ਭਗਤੀ ਨੂੰ ਪਹਿਲੀ ਥਾਂ ਦੇ ਕੇ ਉਸ ਨੇ ਜਗਵੇਦੀ ਦੀ ਪਰਦੱਖਣਾ ਕੀਤੀ ਜਾਂ ਉਸ ਦੇ ਆਲੇ-ਦੁਆਲੇ ਘੁੰਮਿਆ।
ਕੀ ਅੱਜ ਅਸੀਂ ਦਾਊਦ ਦੀ ਇਸ ਮਿਸਾਲ ਤੋਂ ਕੁਝ ਸਿੱਖ ਸਕਦੇ ਹਾਂ? ਜੀ ਹਾਂ। ਜੇ ਅਸੀਂ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਾਂ ਅਤੇ ‘ਹੱਥ ਪਾਕ ਅਤੇ ਮਨ ਪਵਿੱਤਰ’ ਕਰ ਕੇ ਯਹੋਵਾਹ ਦੀ ਪੂਰੇ ਦਿਲ ਨਾਲ ਸੇਵਾ ਕਰਦੇ ਹਾਂ, ਤਾਂ ਅਸੀਂ ਵੀ ਆਪਣੇ ਹੱਥ ਨਿਰਮਲਤਾਈ ਵਿਚ ਧੋ ਕੇ ਪਰਮੇਸ਼ੁਰ ਦੀ ਜਗਵੇਦੀ ਦੀ ਪਰਦੱਖਣਾ ਕਰ ਸਕਦੇ ਹਾਂ।—ਜ਼ਬੂਰ 24:4.
[ਫੁਟਨੋਟ]
a ਇਸ ਜਗਵੇਦੀ ਦਾ ਆਕਾਰ ਕੁਝ 30 ਵਰਗ ਫੁੱਟ ਸੀ।
[ਸਫ਼ੇ 23 ਉੱਤੇ ਤਸਵੀਰ]
ਜਗਵੇਦੀ ਯਹੋਵਾਹ ਦੀ ਇੱਛਾ ਨੂੰ ਦਰਸਾਉਂਦੀ ਹੈ ਜਿਸ ਦੇ ਰਾਹੀਂ ਉਹ ਮਨੁੱਖਜਾਤੀ ਦੀ ਰਿਹਾਈ ਲਈ ਇਕ ਸਹੀ ਬਲੀਦਾਨ ਮਨਜ਼ੂਰ ਕਰਦਾ ਹੈ