-
‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾਪਹਿਰਾਬੁਰਜ—2004 | ਜੁਲਾਈ 15
-
-
ਕੌਮਾਂ ਡੰਡ ਪਾਉਂਦੀਆਂ ਹਨ
4. ਤੁਸੀਂ ਜ਼ਬੂਰਾਂ ਦੀ ਪੋਥੀ 2:1, 2 ਦੀਆਂ ਮੁੱਖ ਗੱਲਾਂ ਨੂੰ ਸੰਖੇਪ ਵਿਚ ਕਿਵੇਂ ਦੱਸੋਗੇ?
4 ਕੌਮਾਂ ਅਤੇ ਉਨ੍ਹਾਂ ਦੇ ਹਾਕਮਾਂ ਦੇ ਰਵੱਈਏ ਵੱਲ ਧਿਆਨ ਦਿਵਾਉਂਦੇ ਹੋਏ, ਜ਼ਬੂਰਾਂ ਦਾ ਲਿਖਾਰੀ ਇਨ੍ਹਾਂ ਸ਼ਬਦਾਂ ਵਿਚ ਗਾ ਕੇ ਭਜਨ ਲਿਖਣਾ ਸ਼ੁਰੂ ਕਰਦਾ ਹੈ: “ਕੌਮਾਂ ਕਾਹਨੂੰ ਡੰਡ ਪਾਉਂਦੀਆਂ ਹਨ, ਅਤੇ ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਹਨ? ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ।”—ਜ਼ਬੂਰਾਂ ਦੀ ਪੋਥੀ 2:1, 2.a
5, 6. ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’?
5 ਅੱਜ ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’? ਪਰਮੇਸ਼ੁਰ ਦੇ ਮਸਹ ਕੀਤੇ ਹੋਏ ਮਸੀਹਾ ਨੂੰ ਕਬੂਲ ਕਰਨ ਦੀ ਬਜਾਇ, ਕੌਮਾਂ ਇਸੇ ਸੋਚ ਵਿਚ ਪਈਆਂ ਹੋਈਆਂ ਹਨ ਕਿ ਉਹ ਆਪਣੀ ਪਦਵੀ ਨੂੰ ਕਿਵੇਂ ਬਚਾ ਕੇ ਰੱਖ ਸਕਦੀਆਂ ਹਨ। ਦੂਜੇ ਜ਼ਬੂਰ ਦੇ ਇਹ ਸ਼ਬਦ ਪਹਿਲੀ ਸਦੀ ਵਿਚ ਵੀ ਪੂਰੇ ਹੋਏ ਸਨ ਜਦੋਂ ਯਹੂਦੀ ਅਤੇ ਰੋਮੀ ਹਾਕਮਾਂ ਨੇ ਮਿਲ ਕੇ ਪਰਮੇਸ਼ੁਰ ਦੇ ਰਾਜ ਦੇ ਨਿਯੁਕਤ ਕੀਤੇ ਗਏ ਰਾਜੇ ਯਿਸੂ ਮਸੀਹ ਨੂੰ ਮਾਰਿਆ ਸੀ। ਪਰ ਇਨ੍ਹਾਂ ਸ਼ਬਦਾਂ ਦੀ ਵੱਡੀ ਪੂਰਤੀ 1914 ਵਿਚ ਹੋਣੀ ਸ਼ੁਰੂ ਹੋਈ ਜਦੋਂ ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ ਸੀ। ਉਦੋਂ ਤੋਂ ਧਰਤੀ ਦੀ ਕਿਸੇ ਵੀ ਹਕੂਮਤ ਨੇ ਪਰਮੇਸ਼ੁਰ ਵੱਲੋਂ ਠਹਿਰਾਏ ਗਏ ਇਸ ਰਾਜੇ ਨੂੰ ਕਬੂਲ ਨਹੀਂ ਕੀਤਾ।
6 ਜ਼ਬੂਰਾਂ ਦੇ ਲਿਖਾਰੀ ਦੇ ਇਹ ਪੁੱਛਣ ਦਾ ਕੀ ਮਤਲਬ ਸੀ ਕਿ ‘ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਸਨ?’ ਇਸ ਦਾ ਮਤਲਬ ਸੀ ਕਿ ਕੌਮਾਂ ਵਿਅਰਥ ਮਕਸਦ ਰੱਖਦੀਆਂ ਹਨ ਜੋ ਕਦੇ ਪੂਰਾ ਨਹੀਂ ਹੋਵੇਗਾ। ਧਰਤੀ ਉੱਤੇ ਸ਼ਾਂਤੀ ਲਿਆਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਵੀ ਉਹ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਕੰਮ ਕਰਨੋਂ ਨਹੀਂ ਰੁਕਦੀਆਂ। ਦਰਅਸਲ, ਉਹ ਅੱਤ ਮਹਾਨ ਅਤੇ ਉਸ ਦੇ ਮਸਹ ਕੀਤੇ ਹੋਏ ਖ਼ਿਲਾਫ਼ ਉੱਠ ਖੜ੍ਹੀਆਂ ਹੋਈਆਂ ਹਨ ਅਤੇ ਉਨ੍ਹਾਂ ਵਿਰੁੱਧ ਮਤਾ ਪਕਾਉਂਦੀਆਂ ਹਨ। ਉਹ ਕਿੰਨੀ ਮੂਰਖਤਾ ਕਰ ਰਹੀਆਂ ਹਨ!
ਯਹੋਵਾਹ ਦਾ ਜੇਤੂ ਰਾਜਾ
7. ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਪ੍ਰਾਰਥਨਾ ਵਿਚ ਜ਼ਬੂਰਾਂ ਦੀ ਪੋਥੀ 2:1, 2 ਦੇ ਸ਼ਬਦ ਕਿਵੇਂ ਲਾਗੂ ਕੀਤੇ ਸਨ?
7 ਯਿਸੂ ਦੇ ਚੇਲਿਆਂ ਨੇ ਜ਼ਬੂਰਾਂ ਦੀ ਪੋਥੀ 2:1, 2 ਦੇ ਸ਼ਬਦ ਯਿਸੂ ਤੇ ਲਾਗੂ ਕੀਤੇ ਸਨ। ਆਪਣੀ ਨਿਹਚਾ ਦੀ ਖ਼ਾਤਰ ਸਤਾਏ ਜਾਣ ਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਹੇ ਮਾਲਕ [ਯਹੋਵਾਹ] ਤੂੰਏਂ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ। ਤੈਂ ਪਵਿੱਤ੍ਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖਿਆ, ਕੌਮਾਂ ਕਾਹ ਨੂੰ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਕੀਤੀਆਂ ਹਨ? ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਇਕੱਠੇ ਹੋਏ, ਪ੍ਰਭੁ ਅਰ ਉਹ ਦੇ ਮਸੀਹ ਦੇ ਵਿਰੁੱਧ। ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਵਿਰੁੱਧ ਜਿਹ ਨੂੰ ਤੈਂ ਮਸਹ ਕੀਤਾ ਹੇਰੋਦੇਸ ਅਰ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਸਣੇ ਇਕੱਠੇ ਹੋਏ।” (ਰਸੂਲਾਂ ਦੇ ਕਰਤੱਬ 4:23-27; ਲੂਕਾ 23:1-12)b ਜੀ ਹਾਂ, ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕ ਯਿਸੂ ਖ਼ਿਲਾਫ਼ ਸਾਜ਼ਸ਼ ਰਚੀ ਗਈ ਸੀ। ਪਰ ਸਦੀਆਂ ਬਾਅਦ ਇਸ ਜ਼ਬੂਰ ਦੀ ਇਕ ਹੋਰ ਪੂਰਤੀ ਵੀ ਹੋਣੀ ਸੀ।
8. ਜ਼ਬੂਰਾਂ ਦੀ ਪੋਥੀ 2:3 ਦੇ ਸ਼ਬਦ ਅੱਜ ਦੀਆਂ ਕੌਮਾਂ ਉੱਤੇ ਕਿਵੇਂ ਲਾਗੂ ਹੁੰਦੇ ਹਨ?
8 ਪੁਰਾਣੇ ਜ਼ਮਾਨੇ ਵਿਚ ਜਦੋਂ ਇਸਰਾਏਲ ਵਿਚ ਰਾਜਾ ਦਾਊਦ ਵਰਗੇ ਰਾਜੇ ਹਕੂਮਤ ਕਰਦੇ ਸਨ, ਤਾਂ ਗੁਆਂਢੀ ਕੌਮਾਂ ਅਤੇ ਉਨ੍ਹਾਂ ਦੇ ਹਾਕਮ ਪਰਮੇਸ਼ੁਰ ਅਤੇ ਉਸ ਦੇ ਠਹਿਰਾਏ ਹੋਏ ਰਾਜੇ ਦਾ ਵਿਰੋਧ ਕਰਦੇ ਸਨ। ਪਰ ਅੱਜ ਸਾਡੇ ਜ਼ਮਾਨੇ ਬਾਰੇ ਕੀ ਕਿਹਾ ਜਾ ਸਕਦਾ ਹੈ? ਅੱਜ ਦੀਆਂ ਕੌਮਾਂ ਯਹੋਵਾਹ ਅਤੇ ਮਸੀਹ ਦੀਆਂ ਮੰਗਾਂ ਅਨੁਸਾਰ ਨਹੀਂ ਚੱਲਣਾ ਚਾਹੁੰਦੀਆਂ। ਇਸ ਲਈ, ਇਨ੍ਹਾਂ ਮੰਗਾਂ ਨੂੰ ਠੁਕਰਾ ਕੇ ਮਾਨੋ ਉਹ ਕਹਿ ਰਹੀਆਂ ਹਨ: “ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।” (ਜ਼ਬੂਰਾਂ ਦੀ ਪੋਥੀ 2:3) ਜੀ ਹਾਂ, ਪਰਮੇਸ਼ੁਰ ਅਤੇ ਉਸ ਦੇ ਮਸੀਹ ਵੱਲੋਂ ਲਾਈ ਕਿਸੇ ਵੀ ਬੰਦਸ਼ ਦਾ ਇਹ ਹਾਕਮ ਅਤੇ ਕੌਮਾਂ ਵਿਰੋਧ ਕਰਨਗੇ। ਪਰ ਇਨ੍ਹਾਂ ਬੰਧਨਾਂ ਅਤੇ ਰੱਸੀਆਂ ਨੂੰ ਆਪਣੇ ਦੁਆਲਿਓਂ ਲਾਹੁਣ ਦੀ ਕੋਸ਼ਿਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
-
-
‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾਪਹਿਰਾਬੁਰਜ—2004 | ਜੁਲਾਈ 15
-
-
a ਪੁਰਾਣੇ ਜ਼ਮਾਨੇ ਵਿਚ ਰਾਜਾ ਦਾਊਦ ਪਰਮੇਸ਼ੁਰ ਦਾ “ਮਸੀਹ” ਯਾਨੀ ਮਸਹ ਕੀਤਾ ਹੋਇਆ ਰਾਜਾ ਸੀ ਅਤੇ “ਧਰਤੀ ਦੇ ਰਾਜੇ” ਫਲਿਸਤੀਨ ਦੇ ਹਾਕਮ ਸਨ ਜਿਨ੍ਹਾਂ ਨੇ ਆਪਣੀਆਂ ਫ਼ੌਜਾਂ ਦਾਊਦ ਦੇ ਵਿਰੁੱਧ ਇਕੱਠੀਆਂ ਕੀਤੀਆਂ ਸਨ।
b ਮਸੀਹੀ ਯੂਨਾਨੀ ਸ਼ਾਸਤਰ ਦੇ ਹੋਰ ਹਵਾਲੇ ਵੀ ਦਿਖਾਉਂਦੇ ਹਨ ਕਿ ਯਿਸੂ ਹੀ ਦੂਜੇ ਜ਼ਬੂਰ ਵਿਚ ਜ਼ਿਕਰ ਕੀਤਾ ਪਰਮੇਸ਼ੁਰ ਦਾ ਮਸੀਹਾ ਹੈ। ਜ਼ਬੂਰਾਂ ਦੀ ਪੋਥੀ 2:7 ਦੀ ਤੁਲਨਾ ਰਸੂਲਾਂ ਦੇ ਕਰਤੱਬ 13:32, 33 ਅਤੇ ਇਬਰਾਨੀਆਂ 1:5; 5:5 ਨਾਲ ਕਰਨ ਤੇ ਵੀ ਇਹ ਗੱਲ ਸਪੱਸ਼ਟ ਹੁੰਦੀ ਹੈ। ਜ਼ਬੂਰਾਂ ਦੀ ਪੋਥੀ 2:9 ਅਤੇ ਪਰਕਾਸ਼ ਦੀ ਪੋਥੀ 2:27 ਵੀ ਦੇਖੋ।
-