ਕੀ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਹੈ?
ਜਦੋਂ ਤੁਸੀਂ ਦੁਖਦਾਈ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਕੀ ਤੁਸੀਂ ਬਿਨਾਂ ਝਿਜਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋ? ਜੇ ਕਰਦੇ ਹੋ, ਤਾਂ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਕ ਵਾਸਤਵਿਕ ਵਿਅਕਤੀ ਨਾਲ ਗੱਲ ਕਰ ਰਹੇ ਹੋ?
ਆਪਣੇ ਸਵਰਗੀ ਪਿਤਾ ਬਾਰੇ ਗੱਲ ਕਰਦੇ ਸਮੇਂ, ਯਿਸੂ ਮਸੀਹ ਨੇ ਕਿਹਾ: “ਜਿਹ ਨੇ ਮੈਨੂੰ ਘੱਲਿਆ ਸੋ ਸੱਚਾ [“ਵਾਸਤਵਿਕ,” ਨਿ ਵ] ਹੈ।” (ਯੂਹੰਨਾ 7:28) ਜੀ ਹਾਂ, ਯਹੋਵਾਹ ਪਰਮੇਸ਼ੁਰ ਵਾਸਤਵਿਕ ਹੈ, ਅਤੇ ਉਸ ਨੂੰ ਪ੍ਰਾਰਥਨਾ ਕਰਨਾ ਇਕ ਬਹੁਤ ਹੀ ਨਜ਼ਦੀਕੀ ਮਨੁੱਖੀ ਦੋਸਤ ਕੋਲ ਮਦਦ ਜਾਂ ਸਲਾਹ ਲਈ ਜਾਣ ਦੇ ਸਮਾਨ ਹੈ। ਬੇਸ਼ੱਕ, ਪ੍ਰਾਰਥਨਾ ਨੂੰ ਮਨਜ਼ੂਰਸ਼ੁਦਾ ਹੋਣ ਲਈ ਕੁਝ ਸ਼ਾਸਤਰ ਸੰਬੰਧੀ ਮੰਗਾਂ ਹਨ, ਅਤੇ ਪਰਮੇਸ਼ੁਰ ਵੱਲੋਂ ਸੁਣੇ ਜਾਣ ਲਈ ਸਾਡੀਆਂ ਪ੍ਰਾਰਥਨਾਵਾਂ ਨੂੰ ਇਨ੍ਹਾਂ ਮੰਗਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ “ਪ੍ਰਾਰਥਨਾ ਦੇ ਸੁਣਨ ਵਾਲੇ” ਨੂੰ ਉਸ ਦੇ ਪੁੱਤਰ, ਯਿਸੂ ਮਸੀਹ ਦੇ ਵਸੀਲੇ ਰਾਹੀਂ ਨਿਮਰਤਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਜ਼ਬੂਰ 65:2; 138:6; ਯੂਹੰਨਾ 14:6.
ਕੁਝ ਸ਼ਾਇਦ ਮਹਿਸੂਸ ਕਰਨ ਕਿ ਪਰਮੇਸ਼ੁਰ ਇਕ ਵਿਅਕਤੀ ਨਹੀਂ ਹੈ ਕਿਉਂ ਜੋ ਉਹ ਦਿੱਸਦਾ ਨਹੀਂ। ਉਨ੍ਹਾਂ ਨੂੰ ਪਰਮੇਸ਼ੁਰ ਸ਼ਾਇਦ ਵਾਸਤਵਿਕ ਨਾ ਜਾਪੇ। ਕੁਝ ਮਸੀਹੀਆਂ ਨੂੰ ਵੀ, ਜਿਨ੍ਹਾਂ ਨੇ ਪਰਮੇਸ਼ੁਰ ਦੇ ਅਦਭੁਤ ਗੁਣਾਂ ਬਾਰੇ ਸਿੱਖਿਆ ਹੈ, ਕਦੀ-ਕਦੀ ਇਹ ਸਮਝਣਾ ਮੁਸ਼ਕਲ ਲੱਗ ਸਕਦਾ ਹੈ ਕਿ ਪਰਮੇਸ਼ੁਰ ਕਿੰਨਾ ਕੁ ਵਾਸਤਵਿਕ ਹੈ। ਕੀ ਤੁਹਾਡਾ ਵੀ ਇਹੋ ਅਨੁਭਵ ਰਿਹਾ ਹੈ? ਜੇਕਰ ਹਾਂ, ਤਾਂ ਯਹੋਵਾਹ ਪਰਮੇਸ਼ੁਰ ਨੂੰ ਇਕ ਵਾਸਤਵਿਕ ਵਿਅਕਤੀ ਵਜੋਂ ਵਿਚਾਰਨ ਵਿਚ ਕਿਹੜੀਆਂ ਚੀਜ਼ਾਂ ਤੁਹਾਡੀ ਮਦਦ ਕਰ ਸਕਦੀਆਂ ਹਨ?
ਸ਼ਾਸਤਰ ਦਾ ਅਧਿਐਨ ਕਰੋ
ਕੀ ਤੁਸੀਂ ਪਵਿੱਤਰ ਸ਼ਾਸਤਰ ਦਾ ਨਿਯਮਿਤ ਤੌਰ ਤੇ ਅਧਿਐਨ ਕਰਦੇ ਹੋ? ਤੁਸੀਂ ਜਿੰਨਾ ਅਕਸਰ ਅਤੇ ਜਿੰਨੀ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰੋਗੇ, ਉੱਨਾ ਹੀ ਯਹੋਵਾਹ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਹੋਵੇਗਾ। ਇਸ ਤਰ੍ਹਾਂ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ, ਅਤੇ ਸਿੱਟੇ ਵਜੋਂ ਇਹ ਤੁਹਾਡੀ ਮਦਦ ਕਰੇਗੀ ਕਿ ਤੁਸੀਂ ‘ਅਲੱਖ ਨੂੰ ਲੱਖ’ ਸਕੋ। (ਇਬਰਾਨੀਆਂ 11:6, 27) ਦੂਜੇ ਪਾਸੇ, ਬਾਈਬਲ ਦਾ ਅਨਿਯਮਿਤ ਤੌਰ ਤੇ ਜਾਂ ਕਦੀ-ਕਦਾਈਂ ਅਧਿਐਨ ਕਰਨਾ, ਤੁਹਾਡੀ ਨਿਹਚਾ ਉੱਤੇ ਕੋਈ ਖ਼ਾਸ ਅਸਰ ਨਹੀਂ ਪਾਏਗਾ।
ਮਿਸਾਲ ਲਈ: ਕਲਪਨਾ ਕਰੋ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਇਕ ਪੁਰਾਣੇ ਫੋੜੇ ਨੂੰ ਠੀਕ ਕਰਨ ਲਈ ਦਿਨ ਵਿਚ ਦੋ ਵਾਰ ਇਕ ਖ਼ਾਸ ਮਲ੍ਹਮ ਲਗਾਉਣ ਲਈ ਕਿਹਾ ਹੈ। ਜੇਕਰ ਤੁਸੀਂ ਮਲ੍ਹਮ ਨੂੰ ਮਹੀਨੇ ਵਿਚ ਕੇਵਲ ਇਕ ਜਾਂ ਦੋ ਵਾਰ ਲਗਾਉਂਦੇ ਹੋ, ਤਾਂ ਕੀ ਤੁਹਾਡਾ ਫੋੜਾ ਠੀਕ ਹੋ ਜਾਵੇਗਾ? ਨਹੀਂ। ਇਸੇ ਤਰ੍ਹਾਂ, ਜ਼ਬੂਰਾਂ ਦੇ ਲਿਖਾਰੀ ਨੇ ਵੀ ਸਾਨੂੰ ਅਧਿਆਤਮਿਕ ਤੰਦਰੁਸਤੀ ਲਈ ਇਕ “ਨੁਸਖ਼ਾ” ਦਿੱਤਾ ਹੈ। ਪਰਮੇਸ਼ੁਰ ਦੇ ਬਚਨ ਨੂੰ ‘ਧੀਮੀ ਆਵਾਜ਼ ਵਿਚ ਪੜ੍ਹੋ।’ (ਜ਼ਬੂਰ 1:1, 2, ਨਿ ਵ) ਇਸ ਤੋਂ ਵਧਦੀ ਮਾਤਰਾ ਵਿਚ ਮਿਲਣ ਵਾਲੇ ਲਾਭ ਦਾ ਆਨੰਦ ਮਾਣਨ ਲਈ, ਸਾਨੂੰ “ਨੁਸਖ਼ੇ” ਦੇ ਅਨੁਸਾਰ ਹਰ ਰੋਜ਼ ਮਸੀਹੀ ਪ੍ਰਕਾਸ਼ਨਾਂ ਦੀ ਮਦਦ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ।—ਯਹੋਸ਼ੁਆ 1:8.
ਕੀ ਤੁਸੀਂ ਆਪਣੇ ਅਧਿਐਨ ਨੂੰ ਜ਼ਿਆਦਾ ਨਿਹਚਾ-ਵਧਾਉ ਬਣਾਉਣਾ ਚਾਹੁੰਦੇ ਹੋ? ਇੱਥੇ ਇਕ ਸੁਝਾਅ ਹੈ: ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਜਾਂ ਕੋਈ ਹੋਰ ਬਾਈਬਲ ਜਿਸ ਵਿਚ ਪ੍ਰਤਿ-ਹਵਾਲੇ (cross-references) ਹੋਣ, ਵਿੱਚੋਂ ਇਕ ਅਧਿਆਇ ਪੜ੍ਹਨ ਮਗਰੋਂ ਇਕ ਦਿਲਚਸਪ ਆਇਤ ਚੁਣੋ ਅਤੇ ਪ੍ਰਤਿ-ਹਵਾਲੇ ਵਿਚ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਪੜ੍ਹੋ। ਇਹ ਤੁਹਾਡੇ ਅਧਿਐਨ ਨੂੰ ਹੋਰ ਲਾਭਦਾਇਕ ਬਣਾਵੇਗਾ, ਅਤੇ ਤੁਸੀਂ ਨਿਸ਼ਚੇ ਹੀ ਬਾਈਬਲ ਦੇ ਅੰਦਰੂਨੀ ਸੁਮੇਲ ਤੋਂ ਪ੍ਰਭਾਵਿਤ ਹੋਵੋਗੇ। ਸਿੱਟੇ ਵਜੋਂ, ਇਸ ਨਾਲ ਬਾਈਬਲ ਦਾ ਲੇਖਕ, ਯਹੋਵਾਹ ਪਰਮੇਸ਼ੁਰ, ਤੁਹਾਡੇ ਲਈ ਹੋਰ ਵੀ ਵਾਸਤਵਿਕ ਬਣ ਜਾਵੇਗਾ।
ਪ੍ਰਤਿ-ਹਵਾਲਿਆਂ ਨੂੰ ਇਸਤੇਮਾਲ ਕਰਨ ਨਾਲ ਤੁਸੀਂ ਬਾਈਬਲ ਭਵਿੱਖਬਾਣੀਆਂ ਅਤੇ ਉਨ੍ਹਾਂ ਦੀਆਂ ਪੂਰਤੀਆਂ ਤੋਂ ਵੀ ਜਾਣੂ ਹੋ ਸਕਦੇ ਹੋ। ਤੁਸੀਂ ਸ਼ਾਇਦ ਮੁੱਖ ਬਾਈਬਲ ਭਵਿੱਖਬਾਣੀਆਂ ਬਾਰੇ ਜਾਣਦੇ ਹੋ, ਜਿਵੇਂ ਕਿ ਬਾਬਲੀਆਂ ਦੁਆਰਾ ਯਰੂਸ਼ਲਮ ਦੇ ਵਿਨਾਸ਼ ਨਾਲ ਸੰਬੰਧਿਤ ਭਵਿੱਖਬਾਣੀਆਂ। ਪਰੰਤੂ, ਬਾਈਬਲ ਵਿਚ ਕਈ ਅੰਤਰ-ਸੰਬੰਧਿਤ ਭਵਿੱਖਬਾਣੀਆਂ ਅਤੇ ਉਨ੍ਹਾਂ ਦੀ ਪੂਰਤੀ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਕੁਝ ਇੰਨੀਆਂ ਜਾਣੀਆਂ-ਪਛਾਣੀਆਂ ਨਹੀਂ ਹਨ।
ਮਿਸਾਲ ਲਈ, ਯਰੀਹੋ ਨੂੰ ਦੁਬਾਰਾ ਬਣਾਉਣ ਦੀ ਸਜ਼ਾ ਬਾਰੇ ਭਵਿੱਖਬਾਣੀ ਨੂੰ ਪੜ੍ਹੋ, ਅਤੇ ਫਿਰ ਇਸ ਦੀ ਪੂਰਤੀ ਉੱਤੇ ਵਿਚਾਰ ਕਰੋ। ਯਹੋਸ਼ੁਆ 6:26 ਕਹਿੰਦਾ ਹੈ: “ਯਹੋਸ਼ੁਆ ਨੇ ਉਸ ਵੇਲੇ ਸੌਂਹ ਖਾਧੀ ਸੀ ਭਈ ਜੋ ਮਨੁੱਖ ਉੱਠ ਕੇ ਏਸ ਸ਼ਹਿਰ ਯਰੀਹੋ ਨੂੰ ਫੇਰ ਬਣਾਵੇ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਉਹ ਆਪਣੇ ਪਲੋਠੇ ਉੱਤੇ ਉਹ ਦੀ ਨਿਉਂ ਰੱਖੇਗਾ ਅਤੇ ਆਪਣੇ ਛੋਟੇ ਪੁੱਤ੍ਰ ਉੱਤੇ ਉਹ ਦਾ ਬੂਹਾ ਲਾਵੇਗਾ।” ਇਸ ਦੀ ਪੂਰਤੀ ਕੁਝ 500 ਸਾਲ ਬਾਅਦ ਹੋਈ, ਕਿਉਂਕਿ ਅਸੀਂ 1 ਰਾਜਿਆਂ 16:34 ਵਿਚ ਪੜ੍ਹਦੇ ਹਾਂ: “[ਰਾਜਾ ਅਹਾਬ] ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਬਣਾਇਆ, ਉਸ ਨੇ ਆਪਣੇ ਪਲੋਠੇ ਪੁੱਤ੍ਰ ਅਬੀਰਾਮ ਉੱਤੇ ਉਹ ਦੀ ਨਿਉਂ ਧਰੀ ਅਤੇ ਆਪਣੇ ਿਨੱਕੇ ਪੁੱਤ੍ਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਏਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।”a ਕੇਵਲ ਇਕ ਵਾਸਤਵਿਕ ਪਰਮੇਸ਼ੁਰ ਹੀ ਅਜਿਹੀਆਂ ਭਵਿੱਖਬਾਣੀਆਂ ਲਿਖਵਾ ਸਕਦਾ ਸੀ ਅਤੇ ਉਨ੍ਹਾਂ ਦੀ ਪੂਰਤੀ ਨੂੰ ਨਿਸ਼ਚਿਤ ਕਰ ਸਕਦਾ ਸੀ।
ਬਾਈਬਲ ਪੜ੍ਹਦੇ ਵੇਲੇ, ਤੁਸੀਂ ਸ਼ਾਇਦ ਕਿਸੇ ਖ਼ਾਸ ਨੁਕਤੇ ਬਾਰੇ ਜਿਗਿਆਸੂ ਹੋਵੋ। ਮਿਸਾਲ ਲਈ, ਤੁਸੀਂ ਸ਼ਾਇਦ ਜਾਣਨਾ ਚਾਹੋ ਕਿ ਕਿਸੇ ਭਵਿੱਖਬਾਣੀ ਅਤੇ ਉਸ ਦੀ ਪੂਰਤੀ ਵਿਚ ਕਿੰਨੇ ਸਾਲਾਂ ਦਾ ਅੰਤਰ ਸੀ। ਕਿਸੇ ਨੂੰ ਪੁੱਛਣ ਦੀ ਬਜਾਇ, ਕਿਉਂ ਨਾ ਤੁਸੀਂ ਖ਼ੁਦ ਜਵਾਬ ਲੱਭਣ ਦੀ ਕੋਸ਼ਿਸ਼ ਕਰੋ? ਚਾਰਟਾਂ ਅਤੇ ਬਾਈਬਲ ਅਧਿਐਨ ਸਹਾਇਕ ਸਾਧਨਾਂ ਨੂੰ ਇਸਤੇਮਾਲ ਕਰਦੇ ਹੋਏ, ਜਵਾਬ ਨੂੰ ਉੱਨੀ ਹੀ ਲਗਨ ਨਾਲ ਲੱਭੋ, ਜਿੰਨੀ ਲਗਨ ਨਾਲ ਤੁਸੀਂ ਖ਼ਜ਼ਾਨੇ ਦੇ ਨਕਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ। (ਕਹਾਉਤਾਂ 2:4, 5) ਜਵਾਬ ਪ੍ਰਾਪਤ ਕਰਨ ਨਾਲ ਤੁਹਾਡੀ ਨਿਹਚਾ ਉੱਤੇ ਡੂੰਘਾ ਅਸਰ ਪਵੇਗਾ ਅਤੇ ਯਹੋਵਾਹ ਪਰਮੇਸ਼ੁਰ ਤੁਹਾਡੇ ਲਈ ਹੋਰ ਵਾਸਤਵਿਕ ਬਣ ਜਾਵੇਗਾ।
ਨਿਯਮਿਤ ਤੌਰ ਤੇ ਅਤੇ ਭਾਵਨਾਪੂਰਵਕ ਪ੍ਰਾਰਥਨਾ ਕਰੋ
ਪ੍ਰਾਰਥਨਾ ਅਤੇ ਨਿਹਚਾ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਾ ਕਰੋ। ਯਿਸੂ ਦੇ ਚੇਲਿਆਂ ਨੇ ਇਹ ਸਿੱਧੀ ਬੇਨਤੀ ਕੀਤੀ: “ਸਾਡੀ ਨਿਹਚਾ ਵਧਾ।” (ਲੂਕਾ 17:5) ਜੇ ਯਹੋਵਾਹ ਤੁਹਾਨੂੰ ਵਾਸਤਵਿਕ ਨਹੀਂ ਲੱਗਦਾ ਹੈ, ਤਾਂ ਕਿਉਂ ਨਾ ਹੋਰ ਜ਼ਿਆਦਾ ਨਿਹਚਾ ਲਈ ਪ੍ਰਾਰਥਨਾ ਕਰੋ? ਪੂਰੇ ਵਿਸ਼ਵਾਸ ਨਾਲ ਆਪਣੇ ਸਵਰਗੀ ਪਿਤਾ ਨੂੰ ਬੇਨਤੀ ਕਰੋ ਕਿ ਉਸ ਨੂੰ ਇਕ ਵਾਸਤਵਿਕ ਵਿਅਕਤੀ ਵਜੋਂ ਵਿਚਾਰਨ ਵਿਚ ਉਹ ਤੁਹਾਡੀ ਮਦਦ ਕਰੇ।
ਜੇਕਰ ਕਿਸੇ ਸਮੱਸਿਆ ਕਾਰਨ ਤੁਸੀਂ ਬਹੁਤ ਪਰੇਸ਼ਾਨ ਹੋ, ਤਾਂ ਦਿਲ ਖੋਲ੍ਹ ਕੇ ਆਪਣੇ ਸਵਰਗੀ ਮਿੱਤਰ ਨੂੰ ਪੂਰੀ ਗੱਲ ਦੱਸਣ ਲਈ ਲੋੜੀਂਦਾ ਸਮਾਂ ਕੱਢੋ। ਜਦੋਂ ਯਿਸੂ ਦੀ ਮੌਤ ਨੇੜੇ ਸੀ, ਤਾਂ ਉਸ ਨੇ ਤੀਬਰ ਭਾਵਨਾ ਨਾਲ ਪ੍ਰਾਰਥਨਾ ਕੀਤੀ। ਹਾਲਾਂਕਿ ਉਸ ਨੇ ਦਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਨ ਦੇ ਧਾਰਮਿਕ ਰਿਵਾਜ ਦੀ ਨਿਖੇਧੀ ਕੀਤੀ ਸੀ, ਉਸ ਨੇ ਆਪਣੇ 12 ਰਸੂਲਾਂ ਨੂੰ ਚੁਣਨ ਤੋਂ ਪਹਿਲਾਂ ਪੂਰੀ ਰਾਤ ਨਿੱਜੀ ਪ੍ਰਾਰਥਨਾ ਕੀਤੀ। (ਮਰਕੁਸ 12:38-40; ਲੂਕਾ 6:12-16) ਅਸੀਂ ਹੰਨਾਹ ਤੋਂ ਵੀ ਸਬਕ ਸਿੱਖ ਸਕਦੇ ਹਾਂ, ਜਿਸ ਦਾ ਪੁੱਤਰ ਬਾਅਦ ਵਿਚ ਨਬੀ ਸਮੂਏਲ ਬਣਿਆ। ਪੁੱਤਰ ਦੀ ਤਾਂਘ ਵਿਚ, “ਹੰਨਾਹ ਪ੍ਰਭੂ ਅਗੇ ਕਾਫ਼ੀ ਸਮੇਂ ਤਕ ਪ੍ਰਾਰਥਨਾ ਕਰਦੀ ਰਹੀ।”—1 ਸਮੂਏਲ 1:12, ਪੰਜਾਬੀ ਬਾਈਬਲ ਨਵਾਂ ਅਨੁਵਾਦ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਕਿਹੜਾ ਬੁਨਿਆਦੀ ਸਬਕ ਮਿਲਦਾ ਹੈ? ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ, ਤਾਂ ਤੁਹਾਨੂੰ ਮਨੋਂ ਤਨੋਂ, ਭਾਵਨਾਪੂਰਵਕ, ਲਗਾਤਾਰ—ਅਤੇ ਨਿਰਸੰਦੇਹ, ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ—ਪ੍ਰਾਰਥਨਾ ਕਰਨੀ ਪਵੇਗੀ। (ਲੂਕਾ 22:44; ਰੋਮੀਆਂ 12:12; 1 ਥੱਸਲੁਨੀਕੀਆਂ 5:17; 1 ਯੂਹੰਨਾ 5:13-15) ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਬਣ ਜਾਵੇਗਾ।
ਸ੍ਰਿਸ਼ਟੀ ਨੂੰ ਦੇਖੋ
ਇਕ ਚਿੱਤਰਕਾਰ ਦੀ ਚਿੱਤਰਕਾਰੀ ਉਸ ਦੇ ਵਿਅਕਤਿੱਤਵ ਨੂੰ ਪ੍ਰਗਟ ਕਰ ਸਕਦੀ ਹੈ। ਇਸੇ ਤਰ੍ਹਾਂ, ਵਿਸ਼ਵ ਦੇ ਡੀਜ਼ਾਈਨਕਾਰ ਅਤੇ ਸ੍ਰਿਸ਼ਟੀਕਰਤਾ, ਯਹੋਵਾਹ ਦਾ “ਅਣਡਿੱਠ ਸੁਭਾਉ” ਉਸ ਦੀ ਸ੍ਰਿਸ਼ਟੀ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ। (ਰੋਮੀਆਂ 1:20) ਜਦੋਂ ਅਸੀਂ ਯਹੋਵਾਹ ਦੀ ਕਾਰੀਗਰੀ ਨੂੰ ਧਿਆਨ ਨਾਲ ਦੇਖਦੇ ਹਾਂ, ਤਾਂ ਅਸੀਂ ਉਸ ਦੇ ਵਿਅਕਤਿੱਤਵ ਦੀ ਬਿਹਤਰ ਸਮਝ ਪ੍ਰਾਪਤ ਕਰਦੇ ਹਾਂ, ਅਤੇ ਇਸ ਤਰ੍ਹਾਂ ਉਹ ਸਾਡੇ ਲਈ ਹੋਰ ਵੀ ਵਾਸਤਵਿਕ ਬਣ ਜਾਂਦਾ ਹੈ।
ਜੇ ਤੁਸੀਂ ਪਰਮੇਸ਼ੁਰ ਦੁਆਰਾ ਸ੍ਰਿਸ਼ਟ ਕੀਤੀਆਂ ਗਈਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਤੁਸੀਂ ਸ਼ਾਇਦ ਉਸ ਦੇ ਗੁਣਾਂ ਦੀ ਵਾਸਤਵਿਕਤਾ ਤੋਂ ਬਹੁਤ ਪ੍ਰਭਾਵਿਤ ਹੋਵੋਗੇ। ਮਿਸਾਲ ਵਜੋਂ, ਪੰਛੀਆਂ ਦੀ ਰਾਹ ਲੱਭਣ ਦੀ ਯੋਗਤਾ ਬਾਰੇ ਜਾਣਕਾਰੀ, ਯਹੋਵਾਹ ਦੀ ਬੁੱਧੀ ਪ੍ਰਤੀ ਤੁਹਾਡੀ ਕਦਰ ਨੂੰ ਵਧਾ ਸਕਦੀ ਹੈ। ਬ੍ਰਹਿਮੰਡ ਬਾਰੇ ਪੜ੍ਹਦੇ ਸਮੇਂ, ਤੁਸੀਂ ਸ਼ਾਇਦ ਸਿੱਖੋ ਕਿ ਆਕਾਸ਼-ਗੰਗਾ, ਜਿਸ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਜਾਣ ਲਈ 1,00,000 ਪ੍ਰਕਾਸ਼ ਸਾਲ ਲੱਗਦੇ ਹਨ, ਪੂਰੇ ਪੁਲਾੜ ਵਿਚ ਅਰਬਾਂ ਗਲੈਕਸੀਆਂ ਵਿੱਚੋਂ ਕੇਵਲ ਇਕ ਹੀ ਹੈ। ਕੀ ਇਹ ਸਾਡੇ ਉੱਤੇ ਪਰਮੇਸ਼ੁਰ ਦੀ ਬੁੱਧੀ ਦੀ ਵਾਸਤਵਿਕਤਾ ਦਾ ਡੂੰਘਾ ਪ੍ਰਭਾਵ ਨਹੀਂ ਪਾਉਂਦਾ ਹੈ?
ਯਕੀਨਨ, ਯਹੋਵਾਹ ਦੀ ਬੁੱਧੀ ਵਾਸਤਵਿਕ ਹੈ! ਪਰ ਇਹ ਤੁਹਾਡੇ ਲਈ ਕੀ ਅਰਥ ਰੱਖਦਾ ਹੈ? ਇਹੋ ਕਿ ਅਸੀਂ ਉਸ ਨੂੰ ਪ੍ਰਾਰਥਨਾ ਵਿਚ ਆਪਣੀਆਂ ਜੋ ਵੀ ਸਮੱਸਿਆਵਾਂ ਦੱਸਦੇ ਹਾਂ, ਇਹ ਉਸ ਨੂੰ ਉਲਝਣ ਵਿਚ ਨਹੀਂ ਪਾ ਸਕਦੀਆਂ ਹਨ। ਜੀ ਹਾਂ, ਸ੍ਰਿਸ਼ਟੀ ਬਾਰੇ ਥੋੜ੍ਹਾ ਬਹੁਤ ਗਿਆਨ ਹੋਣ ਨਾਲ ਵੀ ਯਹੋਵਾਹ ਤੁਹਾਡੇ ਲਈ ਹੋਰ ਵਾਸਤਵਿਕ ਬਣ ਸਕਦਾ ਹੈ।
ਯਹੋਵਾਹ ਦੇ ਨਾਲ-ਨਾਲ ਚਲੋ
ਕੀ ਤੁਸੀਂ ਨਿੱਜੀ ਤੌਰ ਤੇ ਅਨੁਭਵ ਕਰ ਸਕਦੇ ਹੋ ਕਿ ਯਹੋਵਾਹ ਕਿੰਨਾ ਵਾਸਤਵਿਕ ਹੈ? ਹਾਂ, ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਵਫ਼ਾਦਾਰ ਕੁਲ-ਪਿਤਾ ਨੂਹ ਵਰਗੇ ਹੋ। ਉਹ ਹਮੇਸ਼ਾ ਯਹੋਵਾਹ ਦੀ ਆਗਿਆ ਮੰਨਦਾ ਸੀ, ਇੱਥੋਂ ਤਕ ਕਿ ਇਹ ਕਿਹਾ ਜਾ ਸਕਦਾ ਸੀ: “ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:9) ਨੂਹ ਨੇ ਇਸ ਤਰ੍ਹਾਂ ਜੀਵਨ ਬਤੀਤ ਕੀਤਾ ਜਿਵੇਂ ਕਿ ਯਹੋਵਾਹ ਉਸ ਦੇ ਨਾਲ ਖਲੋਤਾ ਸੀ। ਤੁਹਾਡੇ ਲਈ ਵੀ ਪਰਮੇਸ਼ੁਰ ਇੰਨਾ ਵਾਸਤਵਿਕ ਹੋ ਸਕਦਾ ਹੈ।
ਜੇ ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲ ਰਹੇ ਹੋ, ਤਾਂ ਤੁਸੀਂ ਸ਼ਾਸਤਰ ਵਿਚ ਦਿੱਤੇ ਵਾਅਦਿਆਂ ਵਿਚ ਭਰੋਸਾ ਰੱਖੋਗੇ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋਗੇ। ਮਿਸਾਲ ਲਈ, ਤੁਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਉੱਤੇ ਵਿਸ਼ਵਾਸ ਕਰੋਗੇ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ [ਭੌਤਿਕ ਲੋੜਾਂ] ਵੀ ਦਿੱਤੀਆਂ ਜਾਣਗੀਆਂ।” (ਮੱਤੀ 6:25-33) ਇਹ ਸੱਚ ਹੈ ਕਿ ਯਹੋਵਾਹ ਸ਼ਾਇਦ ਤੁਹਾਡੀਆਂ ਲੋੜਾਂ ਨੂੰ ਹਮੇਸ਼ਾ ਉਸ ਤਰੀਕੇ ਨਾਲ ਪੂਰਾ ਨਾ ਕਰੇ ਜਿਵੇਂ ਤੁਸੀਂ ਆਸ ਕੀਤੀ ਸੀ। ਫਿਰ ਵੀ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਅਤੇ ਫਿਰ ਪਰਮੇਸ਼ੁਰ ਦੀ ਮਦਦ ਅਨੁਭਵ ਕਰਦੇ ਹੋ, ਤਾਂ ਉਹ ਤੁਹਾਡੇ ਲਈ ਉੱਨਾ ਹੀ ਵਾਸਤਵਿਕ ਹੋਵੇਗਾ ਜਿੰਨਾ ਕਿ ਤੁਹਾਡੇ ਨਾਲ ਖਲੋਤਾ ਕੋਈ ਵਿਅਕਤੀ।
ਯਹੋਵਾਹ ਨਾਲ ਅਜਿਹਾ ਇਕ ਨਜ਼ਦੀਕੀ ਰਿਸ਼ਤਾ ਉਦੋਂ ਕਾਇਮ ਹੁੰਦਾ ਹੈ ਜਦੋਂ ਇਕ ਵਿਅਕਤੀ ਦ੍ਰਿੜ੍ਹਤਾ ਨਾਲ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਹਿੰਦਾ ਹੈ। ਸਪੇਨੀ ਭਾਸ਼ਾ ਬੋਲਣ ਵਾਲੀ ਇਕ ਗਵਾਹ, ਮਾਨਵੇਲਾ ਉੱਤੇ ਗੌਰ ਕਰੋ, ਜਿਸ ਨੇ ਕਈ ਅਜ਼ਮਾਇਸ਼ਾਂ ਸਹਾਰੀਆਂ ਹਨ। ਉਹ ਕਹਿੰਦੀ ਹੈ: “ਜਦੋਂ ਵੀ ਮੈਂ ਪਰੇਸ਼ਾਨ ਹੁੰਦੀ ਹਾਂ ਜਾਂ ਮੈਨੂੰ ਮਦਦ ਦੀ ਲੋੜ ਹੁੰਦੀ ਹੈ, ਤਾਂ ਮੈਂ ਕਹਾਉਤਾਂ 18:10 ਵਿਚ ਪਾਏ ਜਾਂਦੇ ਸਿਧਾਂਤ ਨੂੰ ਲਾਗੂ ਕਰਦੀ ਹਾਂ। ਮੈਂ ਮਦਦ ਲਈ ਯਹੋਵਾਹ ਕੋਲ ਭੱਜ ਕੇ ਜਾਂਦੀ ਹਾਂ। ਉਹ ਮੇਰੇ ਲਈ ਹਮੇਸ਼ਾ ‘ਇੱਕ ਪੱਕਾ ਬੁਰਜ’ ਸਿੱਧ ਹੋਇਆ ਹੈ।” ਮਾਨਵੇਲਾ ਇਹ ਇਸ ਲਈ ਕਹਿ ਸਕੀ ਕਿਉਂਕਿ ਉਸ ਨੇ 36 ਸਾਲਾਂ ਤੋਂ ਯਹੋਵਾਹ ਉੱਤੇ ਭਰੋਸਾ ਕੀਤਾ ਹੈ ਅਤੇ ਉਸ ਦੇ ਸਮਰਥਨ ਨੂੰ ਅਨੁਭਵ ਕੀਤਾ ਹੈ।
ਕੀ ਤੁਸੀਂ ਹਾਲ ਹੀ ਵਿਚ ਯਹੋਵਾਹ ਉੱਤੇ ਭਰੋਸਾ ਕਰਨਾ ਸ਼ੁਰੂ ਕੀਤਾ ਹੈ? ਜੇ ਉਸ ਨਾਲ ਤੁਹਾਡਾ ਰਿਸ਼ਤਾ ਅਜੇ ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਤੁਸੀਂ ਚਾਹੁੰਦੇ ਹੋ, ਤਾਂ ਨਿਰਾਸ਼ ਨਾ ਹੋਵੋ। ਇਕ ਅਜਿਹੇ ਵਿਅਕਤੀ ਵਜੋਂ ਹਰ ਦਿਨ ਬਿਤਾਓ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਹੈ। ਜਿਉਂ-ਜਿਉਂ ਤੁਸੀਂ ਵਫ਼ਾਦਾਰੀ ਨਾਲ ਜੀਵਨ ਬਤੀਤ ਕਰਨਾ ਸਿੱਖਦੇ ਹੋ, ਤੁਸੀਂ ਯਹੋਵਾਹ ਨਾਲ ਇਕ ਜ਼ਿਆਦਾ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣੋਗੇ।—ਜ਼ਬੂਰ 25:14; ਕਹਾਉਤਾਂ 3:26, 32.
ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਇਕ ਹੋਰ ਤਰੀਕਾ ਹੈ ਉਸ ਦੀ ਸੇਵਾ ਵਿਚ ਰੁੱਝ ਜਾਣਾ। ਜਦੋਂ ਤੁਸੀਂ ਰਾਜ-ਪ੍ਰਚਾਰ ਕਾਰਜ ਵਿਚ ਭਾਗ ਲੈਂਦੇ ਹੋ, ਤਾਂ ਤੁਸੀਂ ਕੰਮ ਕਰਨ ਵਿਚ ਯਹੋਵਾਹ ਦੇ ਸਾਂਝੀ ਹੁੰਦੇ ਹੋ। (1 ਕੁਰਿੰਥੀਆਂ 3:9) ਇਸ ਗੱਲ ਨੂੰ ਯਾਦ ਰੱਖਣ ਨਾਲ ਪਰਮੇਸ਼ੁਰ ਤੁਹਾਡੇ ਲਈ ਬਹੁਤ ਹੀ ਵਾਸਤਵਿਕ ਬਣ ਜਾਵੇਗਾ।
ਜ਼ਬੂਰਾਂ ਦਾ ਲਿਖਾਰੀ ਤਾਕੀਦ ਕਰਦਾ ਹੈ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” (ਜ਼ਬੂਰ 37:5) ਤੁਹਾਡੇ ਉੱਤੇ ਭਾਵੇਂ ਜੋ ਵੀ ਬੋਝ ਹੈ ਜਾਂ ਤੁਹਾਨੂੰ ਕੋਈ ਵੀ ਚਿੰਤਾ ਹੈ, ਉਸ ਨੂੰ ਪਰਮੇਸ਼ੁਰ ਦੇ ਗੋਚਰੇ ਕਰੋ। ਉਸ ਦੀ ਮਦਦ ਅਤੇ ਅਗਵਾਈ ਨੂੰ ਭਾਲਦੇ ਰਹੋ। ਜੇ ਤੁਸੀਂ ਪ੍ਰਾਰਥਨਾਪੂਰਵਕ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹੋ ਅਤੇ ਹਮੇਸ਼ਾ ਉਸ ਵਿਚ ਪੂਰਾ ਭਰੋਸਾ ਰੱਖਦੇ ਹੋ, ਤਾਂ ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ। ਕੀ ਤੁਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋ ਜਦੋਂ ਤੁਸੀਂ ਆਪਣੀਆਂ ਨਿੱਜੀ ਚਿੰਤਾਵਾਂ ਬਾਰੇ ਪ੍ਰਾਰਥਨਾ ਕਰਦੇ ਹੋ? ਤੁਸੀਂ ਉਸ ਉੱਤੇ ਪੂਰਾ ਭਰੋਸਾ ਰੱਖੋਗੇ—ਜੇ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਹੈ।
[ਫੁਟਨੋਟ]
a ਇਕ ਹੋਰ ਮਿਸਾਲ ਵਜੋਂ, 1 ਰਾਜਿਆਂ 13:1-3 ਵਿਚ ਯਾਰਾਬੁਆਮ ਦੀ ਜਗਵੇਦੀ ਦੀ ਪਲੀਤੀ ਦੀ ਭਵਿੱਖਬਾਣੀ ਬਾਰੇ ਪੜ੍ਹੋ। ਫਿਰ 2 ਰਾਜਿਆਂ 23:16-18 ਵਿਚ ਦਰਜ ਇਸ ਦੀ ਪੂਰਤੀ ਉੱਤੇ ਗੌਰ ਕਰੋ।
[ਸਫ਼ੇ 30 ਉੱਤੇ ਤਸਵੀਰ]
ਆਪਣੇ ਅਧਿਐਨ ਨੂੰ ਨਿਹਚਾ-ਵਧਾਉ ਬਣਾਓ
[ਸਫ਼ੇ 31 ਉੱਤੇ ਤਸਵੀਰ]
ਨਿਯਮਿਤ, ਭਾਵਨਾਪੂਰਣ ਪ੍ਰਾਰਥਨਾ ਲਈ ਸਮਾਂ ਕੱਢੋ
[ਸਫ਼ੇ 32 ਉੱਤੇ ਤਸਵੀਰਾਂ]
ਦੇਖੋ ਕਿ ਸ੍ਰਿਸ਼ਟੀ ਕਿਵੇਂ ਪਰਮੇਸ਼ੁਰ ਦੇ ਗੁਣਾਂ ਨੂੰ ਪ੍ਰਗਟ ਕਰਦੀ ਹੈ
[ਕ੍ਰੈਡਿਟ ਲਾਈਨਾਂ]
Hummingbird: U.S. Fish and Wildlife Service, Washington, D.C./Dean Biggins; stars: Photo: Copyright IAC/RGO 1991, Dr. D. Malin et al, Isaac Newton Telescope, Roque de los Muchachos Observatory, La Palma, Canary Islands