‘ਪਰਮੇਸ਼ੁਰ ਦੀ ਸ਼ਰਨੀ ਮੈਂ ਆਇਆ ਹਾਂ’
ਇਨ੍ਹਾਂ ‘ਭੈੜੇ ਸਮਿਆਂ’ ਵਿਚ ਪਰਤਾਵੇ ਅਤੇ ਦਬਾਉ ਵੱਧਦੇ ਜਾ ਰਹੇ ਹਨ। ਮਿਸਾਲ ਲਈ, ਸ਼ਾਇਦ ਕੰਮ ਤੇ ਸਾਡੀ ਈਮਾਨਦਾਰੀ ਪਰਖੀ ਜਾਵੇ। ਸਹਿਪਾਠੀਆਂ ਵਿਚਕਾਰ ਸਾਡੀ ਪਵਿੱਤਰਤਾ ਸ਼ਾਇਦ ਪਰਖੀ ਜਾਵੇ। ਅਤੇ ਨੈਤਿਕ ਦ੍ਰਿਸ਼ਟੀ ਤੋਂ ਭ੍ਰਿਸ਼ਟ ਦੁਨੀਆਂ ਦੁਆਰਾ ਅਕਸਰ ਸਾਡੀ ਖਰਿਆਈ ਪਰਖੀ ਜਾਂਦੀ ਹੈ।—2 ਤਿਮੋਥਿਉਸ 3:1-5.
ਬਾਈਬਲ ਲਿਖਾਰੀ ਆਸਾਫ਼ ਵੀ ਅਜਿਹੇ ਸਮਿਆਂ ਵਿਚ ਰਹਿੰਦਾ ਸੀ ਜਦੋਂ ਦੁਸ਼ਟਤਾ ਵਧਦੀ-ਫੁੱਲਦੀ ਸੀ। ਉਸ ਦੇ ਕੁਝ ਸਮਕਾਲੀ ਆਪਣੇ ਅਧਰਮੀ ਆਚਰਣ ਬਾਰੇ ਸ਼ੇਖ਼ੀ ਵੀ ਮਾਰਦੇ ਸਨ। “ਘੁਮੰਡ ਉਨ੍ਹਾਂ ਦੇ ਗਲੇ ਦੀ ਜੰਜੀਰੀ ਹੈ,” ਆਸਾਫ਼ ਨੇ ਲਿਖਿਆ। “ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ। ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ।” (ਜ਼ਬੂਰ 73:6, 8) ਕੀ ਇਹ ਰਵੱਈਆ ਜਾਣਿਆ-ਪਛਾਣਿਆ ਲੱਗਦਾ ਹੈ?
ਸਿੱਧੀ ਚਾਲ ਚੱਲਣ ਦੀ ਇੱਛਾ ਰੱਖਣ ਵਾਲਿਆਂ ਲਈ ਅਜਿਹਾ ਆਚਰਣ ਦੁੱਖ ਦੇਣ ਵਾਲਾ ਹੁੰਦਾ ਹੈ, ਅਤੇ ਨਿਰਾਸ਼ਾਜਨਕ ਵੀ। “ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ,” ਆਸਾਫ਼ ਨੇ ਸੋਗ ਕੀਤਾ। “ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ।” (ਜ਼ਬੂਰ 73:14, 16) ਤੁਸੀਂ ਵੀ ਸ਼ਾਇਦ ਇੰਜ ਮਹਿਸੂਸ ਕਰੋ, ਪਰ ਹਿੰਮਤ ਨਾ ਹਾਰੋ! ਆਸਾਫ਼ ਆਪਣੇ ਦਿਨ ਦੀ ਦੁਸ਼ਟਤਾ ਨਾਲ ਮੁਕਾਬਲਾ ਕਰ ਸਕਿਆ ਸੀ, ਅਤੇ ਤੁਸੀਂ ਵੀ ਕਰ ਸਕਦੇ ਹੋ। ਪਰ ਕਿਵੇਂ?
ਆਸਾਫ਼ ਨੂੰ ਸਮਝ ਆ ਗਈ ਸੀ ਕਿ ਮਨੁੱਖ ਦੇ ਅਪੂਰਣ ਰਾਜ ਦੇ ਹੇਠ ਸਹੀ ਨਿਆਉਂ ਪ੍ਰਾਪਤ ਕਰਨਾ ਲਗਭਗ ਅਸੰਭਵ ਹੈ। (ਜ਼ਬੂਰ 146:3, 4; ਕਹਾਉਤਾਂ 17:23) ਇਸ ਲਈ ਆਪਣੇ ਆਲੇ-ਦੁਆਲੇ ਦੀ ਦੁਸ਼ਟਤਾ ਖ਼ਤਮ ਕਰਨ ਵਿਚ ਆਪਣਾ ਕੀਮਤੀ ਸਮਾਂ, ਬਲ, ਅਤੇ ਸਾਧਨ ਫਜ਼ੂਲਖਰਚ ਕਰਨ ਦੀ ਬਜਾਇ, ਉਸ ਨੇ ਪਰਮੇਸ਼ੁਰ ਨਾਲ ਆਪਣੇ ਸੰਬੰਧ ਉੱਤੇ ਧਿਆਨ ਦਿੱਤਾ। ਆਸਾਫ਼ ਨੇ ਬਿਆਨ ਕੀਤਾ: “ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।”—ਜ਼ਬੂਰ 73:28.
ਅੱਜ, ਜੋ ਭ੍ਰਿਸ਼ਟ ਕਾਰੋਬਾਰੀ ਕੰਮ ਕਰਦੇ ਹਨ ਉਹ ਅਕਸਰ ਭੌਤਿਕ ਫ਼ਾਇਦਿਆਂ ਦਾ ਆਨੰਦ ਮਾਣਦੇ ਹਨ। ਬਥੇਰੇ ਲੋਕ ਪਰਮੇਸ਼ੁਰ ਦੇ ਨੈਤਿਕ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਸ਼ੇਖ਼ੀ ਮਾਰਦੇ ਹਨ। ਪਰ ਉਹ ਹਮੇਸ਼ਾ ਸਫ਼ਲ ਨਹੀਂ ਹੋਣਗੇ। “ਸੱਚ ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਂਵਾਂ ਵਿੱਚ ਰੱਖਦਾ ਹੈਂ,” ਆਸਾਫ਼ ਨੇ ਰਾਇ ਦਿੱਤੀ। “ਤੂੰ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ।”—ਜ਼ਬੂਰ 73:18.
ਜੀ ਹਾਂ, ਪਰਮੇਸ਼ੁਰ ਦੇ ਨਿਸ਼ਚਿਤ ਸਮੇਂ ਤੇ, ਚਾਲਬਾਜ਼ੀ, ਹਿੰਸਾ, ਅਤੇ ਭ੍ਰਿਸ਼ਟਾਚਾਰ, ਅਤੇ ਬਾਕੀ ਸਾਰੇ ਅਧਰਮੀ ਅਭਿਆਸ ਜਿਨ੍ਹਾਂ ਤੋਂ ਮਸੀਹੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ, ਖ਼ਤਮ ਕੀਤੇ ਜਾਣਗੇ। ਬਾਈਬਲ ਵਾਅਦਾ ਕਰਦੀ ਹੈ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰ 37:9) ਇਸ ਸਮੇਂ ਦੇ ਦੌਰਾਨ, ਆਓ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨੂੰ ਦੁਹਰਾਈਏ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ।”—ਜ਼ਬੂਰ 18:2.