-
ਸਾਡੇ ਬੱਚੇ ਅਨਮੋਲ ਹੀਰੇ ਹਨਪਹਿਰਾਬੁਰਜ—2005 | ਅਪ੍ਰੈਲ 1
-
-
ਸਾਡੇ ਬੱਚੇ ਅਨਮੋਲ ਹੀਰੇ ਹਨ
“ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇਕ ਇਨਾਮ ਹੈ।”—ਭਜਨ 127:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
1. ਪਹਿਲੇ ਇਨਸਾਨੀ ਬੱਚੇ ਦੇ ਜਨਮ ਬਾਰੇ ਦੱਸੋ।
ਯਹੋਵਾਹ ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਨੂੰ ਔਲਾਦ ਪੈਦਾ ਕਰਨ ਦੀ ਸ਼ਕਤੀ ਨਾਲ ਸਾਜਿਆ ਸੀ। ਜ਼ਰਾ ਸੋਚੋ: ਆਦਮ ਅਤੇ ਹੱਵਾਹ ਨੇ ਮਿਲ ਕੇ ਇਕ ਬੱਚਾ ਬਣਾਇਆ ਜੋ ਇਕ ਸੈੱਲ ਤੋਂ ਸ਼ੁਰੂ ਹੋ ਕੇ ਹੱਵਾਹ ਦੀ ਕੁੱਖ ਵਿਚ ਪਲਿਆ। ਇਸ ਚਮਤਕਾਰ ਦੇ ਨਤੀਜੇ ਵਜੋਂ ਔਰਤ ਦੀ ਕੁੱਖ ਤੋਂ ਪਹਿਲੇ ਇਨਸਾਨੀ ਬੱਚੇ ਨੇ ਜਨਮ ਲਿਆ। (ਉਤਪਤ 4:1) ਅੱਜ ਤਕ ਲੋਕ ਇਕ ਨਵੇਂ ਜੰਮੇ ਬੱਚੇ ਨੂੰ ਦੇਖ ਕੇ ਦੰਗ ਰਹਿ ਜਾਂਦੇ ਹਨ।
2. ਤੁਸੀਂ ਕਿਉਂ ਕਹੋਗੇ ਕਿ ਮਾਂ ਦੀ ਕੁੱਖ ਵਿਚ ਜੋ ਹੁੰਦਾ ਹੈ ਉਹ ਇਕ ਚਮਤਕਾਰ ਦੇ ਬਰਾਬਰ ਹੈ?
2 ਮਾਂ ਦੀ ਕੁੱਖ ਵਿਚਲੇ ਉਸ ਪਹਿਲੇ ਸੈੱਲ ਵਿਚ ਲਗਭਗ 200 ਕਿਸਮ ਦੇ ਸੈੱਲਾਂ ਦੀ ਸਾਰੀ ਜਾਣਕਾਰੀ ਹੁੰਦੀ ਹੈ। ਕੋਈ ਵੀ ਇਨਸਾਨ ਉਸ ਜਾਣਕਾਰੀ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਦਾ। ਇਸ ਜਾਣਕਾਰੀ ਨਾਲ ਤਕਰੀਬਨ 270 ਦਿਨਾਂ ਦੇ ਅੰਦਰ-ਅੰਦਰ ਉਹ ਸੈੱਲ ਖਰਬਾਂ ਸੈੱਲਾਂ ਵਿਚ ਬਦਲ ਕੇ ਇਕ ਬੱਚਾ ਬਣ ਜਾਂਦਾ ਹੈ। ਇਹ ਸਾਰੇ ਗੁੰਝਲਦਾਰ ਸੈੱਲ ਐਨ ਸਹੀ ਵਕਤ ਅਤੇ ਤਰਤੀਬ ਨਾਲ ਬਣਦੇ ਹਨ ਅਤੇ ਇਸ ਤਰ੍ਹਾਂ ਇਕ ਨਵੀਂ ਜਾਨ ਪੈਦਾ ਹੁੰਦੀ ਹੈ!
3. ਕਈ ਲੋਕ ਇਸ ਗੱਲ ਨੂੰ ਕਿਉਂ ਮੰਨਦੇ ਹਨ ਕਿ ਪਰਮੇਸ਼ੁਰ ਇਕ ਬੱਚੇ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਹੈ?
3 ਤੁਹਾਡੇ ਖ਼ਿਆਲ ਵਿਚ ਇਕ ਨਵੇਂ ਜੰਮੇ ਬੱਚੇ ਦਾ ਅਸਲੀ ਜਨਮਦਾਤਾ ਕੌਣ ਹੈ? ਬਾਈਬਲ ਕਹਿੰਦੀ ਹੈ: “ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੇ ਹਾਂ।” (ਜ਼ਬੂਰਾਂ ਦੀ ਪੋਥੀ 100:3) ਸੋ ਬਾਈਬਲ ਦੇ ਮੁਤਾਬਕ ਜੀਵਨਦਾਤਾ ਯਹੋਵਾਹ ਹੈ। ਮਾਪਿਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਆਪਣੀ ਕਿਸੇ ਖ਼ਾਸ ਯੋਗਤਾ ਨਾਲ ਉਸ ਨੰਨ੍ਹੀ ਜਾਨ ਨੂੰ ਪੈਦਾ ਨਹੀਂ ਕੀਤਾ। ਸਿਰਫ਼ ਅਸੀਮ ਬੁੱਧ ਵਾਲਾ ਪਰਮੇਸ਼ੁਰ ਇਕ ਨਵੀਂ ਜੀਉਂਦੀ ਜਾਨ ਪੈਦਾ ਕਰ ਸਕਦਾ ਹੈ। ਹਜ਼ਾਰਾਂ ਸਾਲਾਂ ਲਈ ਲੋਕ ਇਸ ਗੱਲ ਨੂੰ ਮੰਨਦੇ ਆਏ ਹਨ ਕਿ ਅਸਲ ਵਿਚ ਪਰਮੇਸ਼ੁਰ ਹੀ ਇਕ ਬੱਚੇ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਹੈ। ਕੀ ਤੁਸੀਂ ਵੀ ਇਹ ਗੱਲ ਮੰਨਦੇ ਹੋ?—ਜ਼ਬੂਰਾਂ ਦੀ ਪੋਥੀ 139:13-16.
4. ਯਹੋਵਾਹ ਕਿਹੋ ਜਿਹਾ ਪਿਤਾ ਹੈ?
4 ਕੀ ਯਹੋਵਾਹ ਪਰਮੇਸ਼ੁਰ ਨੇ ਤੀਵੀਂ-ਆਦਮੀ ਨੂੰ ਸਿਰਫ਼ ਔਲਾਦ ਪੈਦਾ ਕਰਨ ਵਾਲੀਆਂ ਮਸ਼ੀਨਾਂ ਵਜੋਂ ਬਣਾਇਆ ਹੈ? ਨਹੀਂ, ਜਿਵੇਂ ਉਹ ਇਕ ਪਿਆਰੇ ਪਿਤਾ ਵਜੋਂ ਇਨਸਾਨਾਂ ਨਾਲ ਪਿਆਰ ਕਰਦਾ ਹੈ, ਉਸੇ ਤਰ੍ਹਾਂ ਉਸ ਨੇ ਮਾਂ-ਬਾਪ ਨੂੰ ਬੱਚਿਆਂ ਨਾਲ ਪਿਆਰ ਕਰਨ ਲਈ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 78:38-40) ਭਾਵੇਂ ਕੁਝ ਮਾਂ-ਬਾਪ ਬੱਚਿਆਂ ਨਾਲ ਪਿਆਰ ਨਾ ਵੀ ਕਰਨ, ਪਰ ਭਜਨ 127:3 ਵਿਚ ਲਿਖਿਆ ਹੈ: “ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇਕ ਇਨਾਮ ਹੈ।” ਆਓ ਆਪਾਂ ਦੇਖੀਏ ਕਿ ਵਰਦਾਨ ਦਾ ਕੀ ਅਰਥ ਹੈ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ।
ਵਰਦਾਨ ਅਤੇ ਇਨਾਮ
5. ਬੱਚੇ ਵਰਦਾਨ ਕਿਵੇਂ ਹਨ?
5 ਉਸ ਚੀਜ਼ ਨੂੰ ਵਰਦਾਨ ਸਮਝਿਆ ਜਾਂਦਾ ਜੋ ਇਕ ਸੁਗਾਤ ਵਜੋਂ ਦਿੱਤੀ ਜਾਂਦੀ ਜਾਂ ਵਿਰਾਸਤ ਵਿਚ ਛੱਡੀ ਜਾਂਦੀ ਹੈ। ਮਾਪੇ ਦਿਨ-ਰਾਤ ਮਿਹਨਤ ਕਰ ਕੇ ਆਪਣੇ ਬੱਚਿਆਂ ਲਈ ਕੁਝ ਜੋੜਦੇ ਹਨ। ਮਾਪਿਆਂ ਦਾ ਪਿਆਰ ਅਕਸਰ ਇਸ ਤੋਂ ਦੇਖਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਵਿਰਸੇ ਵਿਚ ਕੀ ਛੱਡ ਕੇ ਜਾਂਦੇ ਹਨ। ਉਹ ਸ਼ਾਇਦ ਪੈਸਾ, ਜਾਇਦਾਦ ਜਾਂ ਕੋਈ ਹੋਰ ਕੀਮਤੀ ਚੀਜ਼ ਛੱਡਣ। ਬਾਈਬਲ ਵਿਚ ਲਿਖਿਆ ਹੈ ਕਿ ਬੱਚੇ ਯਹੋਵਾਹ ਦਾ ਵਰਦਾਨ ਹਨ। ਜੇ ਤੁਸੀਂ ਮਾਂ-ਬਾਪ ਹੋ, ਤਾਂ ਕੀ ਤੁਹਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਵੱਲੋਂ ਮਿਲੀ ਇਸ ਦਾਤ ਦੀ ਕਦਰ ਕਰਦੇ ਹੋ?
6. ਪਰਮੇਸ਼ੁਰ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਯੋਗਤਾ ਕਿਉਂ ਦਿੱਤੀ ਹੈ?
6 ਯਹੋਵਾਹ ਨੇ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਦੀ ਯੋਗਤਾ ਕਿਉਂ ਦਿੱਤੀ ਸੀ? ਤਾਂਕਿ ਧਰਤੀ ਆਦਮ ਅਤੇ ਹੱਵਾਹ ਦੀ ਔਲਾਦ ਨਾਲ ਭਰੀ ਜਾਵੇ। (ਉਤਪਤ 1:27, 28; ਯਸਾਯਾਹ 45:18) ਯਹੋਵਾਹ ਨੇ ਹਰੇਕ ਇਨਸਾਨ ਨੂੰ ਆਪ ਨਹੀਂ ਬਣਾਇਆ ਸੀ ਜਿਸ ਤਰ੍ਹਾਂ ਉਸ ਨੇ ਲੱਖਾਂ ਦੂਤਾਂ ਨੂੰ ਬਣਾਇਆ ਸੀ। (ਇਬਰਾਨੀਆਂ 1:7; ਪਰਕਾਸ਼ ਦੀ ਪੋਥੀ 4:11) ਇਸ ਦੀ ਬਜਾਇ ਉਸ ਨੇ ਇਨਸਾਨਾਂ ਨੂੰ ਅਜਿਹੇ ਬੱਚੇ ਪੈਦਾ ਕਰਨ ਦੀ ਯੋਗਤਾ ਦਿੱਤੀ ਜੋ ਦੇਖਣ ਨੂੰ ਆਪਣੇ ਮਾਂ-ਬਾਪ ਵਰਗੇ ਹੋਣਗੇ। ਮਾਪਿਆਂ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਉਹ ਬੱਚਾ ਪੈਦਾ ਕਰ ਕੇ ਉਸ ਦੀ ਦੇਖ-ਭਾਲ ਕਰਨ। ਮਾਪੇ ਹੋਣ ਦੇ ਨਾਤੇ ਕੀ ਤੁਸੀਂ ਯਹੋਵਾਹ ਦਾ ਧੰਨਵਾਦ ਕਰਦੇ ਹੋ ਜਿਸ ਨੇ ਤੁਹਾਨੂੰ ਇਨ੍ਹਾਂ ਅਨਮੋਲ ਹੀਰਿਆਂ ਦਾ ਵਰਦਾਨ ਦਿੱਤਾ ਹੈ?
ਯਿਸੂ ਤੋਂ ਸਿੱਖੋ
7. ਕੁਝ ਮਾਪਿਆਂ ਦੇ ਉਲਟ ਯਿਸੂ ਨੇ ਇਨਸਾਨਾਂ ਨਾਲ ਕਿਸ ਤਰ੍ਹਾਂ ਪਿਆਰ ਕੀਤਾ ਸੀ?
7 ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਇਕ ਇਨਾਮ ਨਹੀਂ ਸਮਝਦੇ। ਭਾਵੇਂ ਬਹੁਤੇ ਆਪਣੀ ਔਲਾਦ ਨੂੰ ਪਿਆਰ ਨਹੀਂ ਕਰਦੇ, ਪਰ ਯਹੋਵਾਹ ਉਨ੍ਹਾਂ ਵਰਗਾ ਨਹੀਂ ਹੈ। (ਜ਼ਬੂਰਾਂ ਦੀ ਪੋਥੀ 27:10; ਯਸਾਯਾਹ 49:15) ਜ਼ਰਾ ਵਿਚਾਰ ਕਰੋ ਕਿ ਉਸ ਦਾ ਪੁੱਤਰ ਯਿਸੂ ਬੱਚਿਆਂ ਵਿਚ ਕਿੰਨੀ ਦਿਲਚਸਪੀ ਲੈਂਦਾ ਸੀ। ਧਰਤੀ ਉੱਤੇ ਇਕ ਇਨਸਾਨ ਵਜੋਂ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਸੀ। ਬਾਈਬਲ ਕਹਿੰਦੀ ਹੈ ਕਿ ਉਹ ‘ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸੀ।’ (ਕਹਾਉਤਾਂ 8:31) ਉਹ ਇਨਸਾਨਾਂ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਧਰਤੀ ਤੇ ਆ ਕੇ ਉਨ੍ਹਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ ਤਾਂਕਿ ਉਹ ਹਮੇਸ਼ਾ ਲਈ ਜੀ ਸਕਣ।—ਮੱਤੀ 20:28; ਯੂਹੰਨਾ 10:18.
8. ਯਿਸੂ ਨੇ ਮਾਪਿਆਂ ਲਈ ਇਕ ਚੰਗੀ ਮਿਸਾਲ ਕਿਵੇਂ ਕਾਇਮ ਕੀਤੀ ਸੀ?
8 ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਮਾਪਿਆਂ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ। ਭਾਵੇਂ ਉਹ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ ਅਤੇ ਤਣਾਅ ਮਹਿਸੂਸ ਕਰ ਰਿਹਾ ਸੀ, ਫਿਰ ਵੀ ਉਸ ਨੇ ਬੱਚਿਆਂ ਲਈ ਸਮਾਂ ਕੱਢਿਆ। ਜਦ ਉਸ ਨੇ ਬੱਚਿਆਂ ਨੂੰ ਬਾਜ਼ਾਰ ਵਿਚ ਖੇਡਦੇ ਹੋਏ ਦੇਖਿਆ, ਤਾਂ ਉਸ ਨੇ ਉਨ੍ਹਾਂ ਦੇ ਸੁਭਾਅ ਦੀ ਉਦਾਹਰਣ ਦੇ ਕੇ ਲੋਕਾਂ ਨੂੰ ਸਿੱਖਿਆ ਦਿੱਤੀ ਸੀ। (ਮੱਤੀ 11:16, 17) ਯਰੂਸ਼ਲਮ ਨੂੰ ਆਖ਼ਰੀ ਵਾਰ ਜਾਂਦੇ ਵਕਤ ਜਦ ਲੋਕ ਆਪਣੇ ਨਿਆਣੇ ਉਸ ਕੋਲ ਲਿਆਏ, ਤਾਂ ਯਿਸੂ ਦੇ ਚੇਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਯਿਸੂ ਨੇ ਚੇਲਿਆਂ ਨੂੰ ਝਿੜਕਿਆ। ਕਿਉਂ? ਕਿਉਂਕਿ ਭਾਵੇਂ ਉਹ ਜਾਣਦਾ ਸੀ ਕਿ ਉਹ ਦੁੱਖ ਝੱਲੇਗਾ ਅਤੇ ਮਾਰਿਆ ਜਾਵੇਗਾ, ਫਿਰ ਵੀ ਉਸ ਨੇ ਦਿਖਾਇਆ ਕਿ ਉਹ ਬੱਚਿਆਂ ਨੂੰ ਪਿਆਰ ਕਰਦਾ ਸੀ। ਇਸ ਲਈ ਉਸ ਨੇ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।”—ਮਰਕੁਸ 10:13, 14.
9. ਸਾਡੀ ਕਹਿਣੀ ਨਾਲੋਂ ਸਾਡੀ ਕਰਨੀ ਜ਼ਿਆਦਾ ਜ਼ਰੂਰੀ ਕਿਉਂ ਹੈ?
9 ਅਸੀਂ ਯਿਸੂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦ ਅਸੀਂ ਆਪਣੇ ਕੰਮ ਵਿਚ ਰੁੱਝ ਹੁੰਦੇ ਹਾਂ ਤੇ ਬੱਚੇ ਸਾਡੇ ਕੋਲ ਆਉਂਦੇ ਹਨ, ਤਾਂ ਅਸੀਂ ਕੀ ਕਰਦੇ ਹਾਂ? ਕੀ ਅਸੀਂ ਯਿਸੂ ਦੀ ਰੀਸ ਕਰਦੇ ਹਾਂ? ਬੱਚੇ ਆਪਣੇ ਮਾਪਿਆਂ ਤੋਂ ਇਹੀ ਚਾਹੁੰਦੇ ਹਨ ਕਿ ਉਹ ਉਨ੍ਹਾਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਵੱਲ ਧਿਆਨ ਦੇਣ। ਯਿਸੂ ਇਹ ਦੋਨੋਂ ਚੀਜ਼ਾਂ ਕਰਨ ਲਈ ਤਿਆਰ ਸੀ। ਬੱਚਿਆਂ ਨਾਲ ਲਾਡ-ਪਿਆਰ ਕਰਨਾ ਜ਼ਰੂਰੀ ਹੈ। ਸਾਡੀ ਕਹਿਣੀ ਤੋਂ ਜ਼ਿਆਦਾ ਸਾਡੀ ਕਰਨੀ ਤੋਂ ਪਤਾ ਲੱਗਦਾ ਹੈ ਕਿ ਅਸੀਂ ਬੱਚਿਆਂ ਨਾਲ ਕਿੰਨਾ ਪਿਆਰ ਕਰਦੇ ਹਾਂ। ਤੁਹਾਨੂੰ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ, ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਧੀਰਜ ਰੱਖਣ ਦੀ ਵੀ ਲੋੜ ਹੈ। ਸਾਡੇ ਬੱਚੇ ਹਮੇਸ਼ਾ ਇਕਦਮ ਉਹ ਨਹੀਂ ਕਰਦੇ ਜੋ ਅਸੀਂ ਚਾਹੁੰਦੇ ਹਾਂ। ਯਿਸੂ ਨੇ ਵੀ ਆਪਣੇ ਚੇਲਿਆਂ ਨਾਲ ਧੀਰਜ ਰੱਖਿਆ ਸੀ ਅਤੇ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ।
ਯਿਸੂ ਦਾ ਧੀਰਜ ਅਤੇ ਪਿਆਰ
10. ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਹੋਣ ਦਾ ਕਿਹੜਾ ਸਬਕ ਸਿਖਾਇਆ ਸੀ ਅਤੇ ਕੀ ਉਸ ਦੇ ਚੇਲੇ ਇਹ ਸਬਕ ਇਕਦਮ ਸਿੱਖ ਗਏ ਸਨ?
10 ਯਿਸੂ ਆਪਣੇ ਚੇਲਿਆਂ ਵਿਚਲੀ ਬਹਿਸ ਬਾਰੇ ਜਾਣਦਾ ਸੀ। ਉਹ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ। ਇਕ ਵਾਰ ਜਦ ਯਿਸੂ ਆਪਣੇ ਚੇਲਿਆਂ ਨਾਲ ਕਫ਼ਰਨਾਹੂਮ ਆਇਆ ਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ? ਪਰ ਓਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਏ ਨਾਲ ਇਹ ਬਹਿਸ ਕੀਤੀ ਸੀ ਜੋ ਵੱਡਾ ਕਿਹੜਾ ਹੈ?” ਯਿਸੂ ਨੇ ਗੁੱਸੇ ਹੋ ਕੇ ਉਨ੍ਹਾਂ ਨੂੰ ਤਾੜਿਆ ਨਹੀਂ ਸੀ, ਸਗੋਂ ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਨਿਮਰ ਹੋਣ ਦਾ ਸਬਕ ਸਿਖਾਇਆ। (ਮਰਕੁਸ 9:33-37) ਕੀ ਉਸ ਦੇ ਚੇਲੇ ਸਬਕ ਸਿੱਖ ਗਏ ਸਨ? ਇਕਦਮ ਨਹੀਂ। ਲਗਭਗ ਛੇ ਮਹੀਨੇ ਬਾਅਦ ਯਾਕੂਬ ਅਤੇ ਯੂਹੰਨਾ ਨੇ ਆਪਣੀ ਮਾਂ ਰਾਹੀਂ ਅਰਜ਼ ਕੀਤੀ ਕਿ ਪਰਮੇਸ਼ੁਰ ਦੇ ਰਾਜ ਵਿਚ ਉਹ ਯਿਸੂ ਦੇ ਸੱਜੇ-ਖੱਬੇ ਹੱਥ ਬੈਠਣ। ਇਕ ਵਾਰ ਫਿਰ ਯਿਸੂ ਨੇ ਉਨ੍ਹਾਂ ਦੀ ਸੋਚਣੀ ਨੂੰ ਸੁਧਾਰਿਆ।—ਮੱਤੀ 20:20-28.
11. (ੳ) ਪਸਾਹ ਮਨਾਉਣ ਦੇ ਸਮੇਂ ਯਿਸੂ ਦੇ ਚੇਲਿਆਂ ਨੇ ਕਿਹੜੀ ਸੇਵਾ ਨਹੀਂ ਕੀਤੀ ਸੀ? (ਅ) ਯਿਸੂ ਨੇ ਕੀ ਕੀਤਾ ਸੀ ਅਤੇ ਕੀ ਉਸ ਦੇ ਚੇਲੇ ਸਬਕ ਸਿੱਖ ਗਏ ਸਨ?
11 ਯਿਸੂ ਦੀ ਆਖ਼ਰੀ ਸ਼ਾਮ ਤਕ ਵੀ ਉਸ ਦੇ ਚੇਲੇ ਇਹ ਸਬਕ ਨਹੀਂ ਸਿੱਖ ਸਕੇ ਸਨ। ਜਦ ਪਸਾਹ ਮਨਾਉਣ ਉਹ ਸਾਰੇ ਇਕੱਠੇ ਹੋਏ, ਤਾਂ ਉਨ੍ਹਾਂ ਦੇ ਪੈਰ ਧੋਣ ਲਈ ਘਰ ਵਿਚ ਕੋਈ ਨੌਕਰ ਜਾਂ ਤੀਵੀਂ ਨਹੀਂ ਸੀ। ਯਿਸੂ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਕਿ 12 ਵਿੱਚੋਂ ਇਕ ਰਸੂਲ ਵੀ ਬਾਕੀਆਂ ਦੇ ਪੈਰ ਧੋਣ ਨਹੀਂ ਉੱਠਿਆ ਸੀ। (1 ਸਮੂਏਲ 25:41; 1 ਤਿਮੋਥਿਉਸ 5:10) ਹਾਂ, ਉਸ ਦੇ ਚੇਲੇ ਹਾਲੇ ਵੀ ਨਿਮਰ ਬਣਨਾ ਨਹੀਂ ਸਿੱਖੇ ਸਨ! ਇਸ ਲਈ ਯਿਸੂ ਨੇ ਉਨ੍ਹਾਂ ਸਾਰਿਆਂ ਦੇ ਪੈਰ ਧੋ ਕੇ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਉਹ ਵੀ ਉਸ ਵਾਂਗ ਦੂਸਰਿਆਂ ਦੀ ਸੇਵਾ ਕਰਨ। (ਯੂਹੰਨਾ 13:4-17) ਕੀ ਉਹ ਹੁਣ ਸਬਕ ਸਿੱਖ ਗਏ ਸਨ? ਬਾਈਬਲ ਵਿਚ ਦੱਸਿਆ ਹੈ ਕਿ ਉਸੇ ਰਾਤ ‘ਉਨ੍ਹਾਂ ਵਿੱਚ ਇਹ ਤਕਰਾਰ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ’!—ਲੂਕਾ 22:24.
12. ਮਾਪੇ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਨ?
12 ਜਦ ਤੁਹਾਡੇ ਬੱਚੇ ਤੁਹਾਡੀ ਸਲਾਹ ਉੱਤੇ ਨਹੀਂ ਚੱਲਦੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਯਿਸੂ ਉੱਤੇ ਕੀ ਗੁਜ਼ਰੀ ਹੋਵੇਗੀ। ਪਰ ਧਿਆਨ ਦਿਓ ਕਿ ਯਿਸੂ ਨੇ ਹਾਰ ਨਹੀਂ ਮੰਨੀ ਸੀ। ਉਹ ਆਪਣੇ ਰਸੂਲਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਰਿਹਾ। ਅੰਤ ਵਿਚ ਉਸ ਨੂੰ ਆਪਣੇ ਧੀਰਜ ਦਾ ਫਲ ਮਿਲਿਆ। (1 ਯੂਹੰਨਾ 3:14, 18) ਮਾਪਿਓ, ਤੁਹਾਨੂੰ ਯਿਸੂ ਦੇ ਪਿਆਰ ਅਤੇ ਧੀਰਜ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਕਦੀ ਹਾਰ ਨਹੀਂ ਮੰਨਣੀ ਚਾਹੀਦੀ।
13. ਮਾਂ-ਬਾਪ ਨੂੰ ਰੁੱਖੇ ਹੋ ਕੇ ਆਪਣੇ ਬੱਚੇ ਨੂੰ ਪਰੇ ਜਾਣ ਲਈ ਕਿਉਂ ਨਹੀਂ ਕਹਿਣਾ ਚਾਹੀਦਾ?
13 ਬੱਚਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ। ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਚੇਲੇ ਕੀ ਸੋਚਦੇ ਸਨ, ਇਸ ਲਈ ਉਸ ਨੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਤੇ ਸਵਾਲ ਸੁਣੇ। ਉਹ ਉਨ੍ਹਾਂ ਨੂੰ ਕਈ ਵਾਰ ਪੁੱਛਦਾ ਹੁੰਦਾ ਸੀ ਕਿ ਕਿਸੇ ਵਿਸ਼ੇ ਉੱਤੇ ਉਨ੍ਹਾਂ ਦਾ ਕੀ ਖ਼ਿਆਲ ਹੈ। (ਮੱਤੀ 17:25-27) ਜੀ ਹਾਂ, ਚੰਗੀ ਸਿੱਖਿਆ ਦੇਣ ਲਈ ਤੁਹਾਨੂੰ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਜੇ ਤੁਹਾਡਾ ਬੱਚਾ ਤੁਹਾਡੇ ਕੋਲ ਗੱਲ ਕਰਨ ਆਵੇ, ਤਾਂ ਤੁਹਾਨੂੰ ਰੁੱਖੇ ਹੋ ਕੇ ਇਹ ਨਹੀਂ ਕਹਿਣਾ ਚਾਹੀਦਾ: “ਜਾ ਪਰੇ, ਮੈਨੂੰ ਬਹੁਤ ਕੰਮ ਹੈ!” ਜੇ ਤੁਹਾਡੇ ਕੋਲ ਵਾਕਈ ਬਹੁਤ ਕੰਮ ਹੈ, ਤਾਂ ਬੱਚੇ ਨੂੰ ਦੱਸੋ ਕਿ ਤੁਸੀਂ ਬਾਅਦ ਵਿਚ ਉਸ ਨਾਲ ਗੱਲਬਾਤ ਕਰੋਗੇ। ਫਿਰ ਤੁਹਾਨੂੰ ਬਾਅਦ ਵਿਚ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬੱਚੇ ਨੂੰ ਪਤਾ ਲੱਗੇਗਾ ਕਿ ਮਾਂ-ਬਾਪ ਸੱਚ-ਮੁੱਚ ਉਸ ਦੀ ਚਿੰਤਾ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਦੱਸਣ ਲਈ ਤਿਆਰ ਰਹੇਗਾ।
14. ਆਪਣੇ ਬੱਚਿਆਂ ਨਾਲ ਲਾਡ-ਪਿਆਰ ਕਰਨ ਵਿਚ ਮਾਪੇ ਯਿਸੂ ਤੋਂ ਕੀ ਸਿੱਖ ਸਕਦੇ ਹਨ?
14 ਕੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਲਾਵੇ ਵਿਚ ਲੈ ਕੇ ਲਾਡ-ਪਿਆਰ ਕਰਨਾ ਚਾਹੀਦਾ ਹੈ? ਇਸ ਵਿਚ ਵੀ ਮਾਪੇ ਯਿਸੂ ਦੀ ਰੀਸ ਕਰ ਸਕਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ ਉਸ ਨੇ ਬੱਚਿਆਂ ਨੂੰ “ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:16) ਤੁਹਾਡੇ ਖ਼ਿਆਲ ਵਿਚ ਉਨ੍ਹਾਂ ਬੱਚਿਆਂ ਨੂੰ ਇਹ ਗੱਲ ਕਿਵੇਂ ਲੱਗੀ ਹੋਵੇਗੀ? ਉਹ ਜ਼ਰੂਰ ਖ਼ੁਸ਼ ਹੋਏ ਹੋਣੇ ਅਤੇ ਯਿਸੂ ਵੱਲ ਖਿੱਚੇ ਗਏ ਹੋਣੇ! ਜੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਡੂੰਘਾ ਪਿਆਰ ਹੈ, ਤਾਂ ਬੱਚਿਆਂ ਲਈ ਤਾੜਨਾ ਅਤੇ ਸਿਖਲਾਈ ਸਵੀਕਾਰ ਕਰਨੀ ਜ਼ਿਆਦਾ ਸੌਖੀ ਹੋਵੇਗੀ।
ਬੱਚਿਆਂ ਨਾਲ ਕਿੰਨਾ ਸਮਾਂ ਗੁਜ਼ਾਰਨਾ ਜ਼ਰੂਰੀ ਹੈ?
15, 16. ਬੱਚਿਆਂ ਨਾਲ ਸਮਾਂ ਗੁਜ਼ਾਰਨ ਬਾਰੇ ਲੋਕ ਕੀ ਸੋਚਣ ਲੱਗ ਪਏ ਹਨ ਅਤੇ ਇਹ ਵਿਚਾਰ ਕਿਉਂ ਪੈਦਾ ਹੋਇਆ?
15 ਕਈ ਲੋਕ ਸੋਚਦੇ ਹਨ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਬਹੁਤੇ ਸਮੇਂ ਦੀ ਲੋੜ ਨਹੀਂ ਹੈ। ਉਹ ਕਹਿੰਦੇ ਹਨ ਕਿ ਬੱਚਿਆਂ ਨਾਲ ਲੰਬਾ ਸਮਾਂ ਗੁਜ਼ਾਰਨਾ ਜ਼ਰੂਰੀ ਨਹੀਂ, ਪਰ ਜੇ ਉਹ ਥੋੜ੍ਹੇ ਸਮੇਂ ਵਿਚ ਉਨ੍ਹਾਂ ਨਾਲ ਦਿਲਚਸਪ ਕੰਮ ਕਰਨ, ਤਾਂ ਇਹ ਬਥੇਰਾ ਹੈ। ਕੀ ਇਹ ਵਿਚਾਰ ਸਹੀ ਹੈ? ਕੀ ਇਹ ਬੱਚਿਆਂ ਦੀ ਭਲਾਈ ਲਈ ਹੈ? ਲੋਕਾਂ ਨੂੰ ਇਹ ਵਿਚਾਰ ਕਿਵੇਂ ਸੁੱਝਿਆ?
16 ਕਾਲਜ ਦੇ ਇਕ ਪ੍ਰੋਫ਼ੈਸਰ ਅਨੁਸਾਰ ਇਹ ਵਿਚਾਰ ਇਸ ਕਰਕੇ ਪੈਦਾ ਹੋਇਆ ਕਿਉਂਕਿ “ਮਾਪੇ ਦੋਸ਼ੀ ਮਹਿਸੂਸ ਕਰਨ ਲੱਗ ਪਏ ਸਨ ਕਿ ਉਹ ਆਪਣੇ ਬੱਚਿਆਂ ਨਾਲ ਬਹੁਤਾ ਵਕਤ ਨਹੀਂ ਬਿਤਾ ਰਹੇ ਸਨ। ਇਸ ਲਈ ਉਨ੍ਹਾਂ ਨੇ ਇਹ ਗੱਲ ਘੜੀ ਕਿ ਥੋੜ੍ਹੇ ਸਮੇਂ ਨੂੰ ਚੰਗੀ ਤਰ੍ਹਾਂ ਨਾਲ ਗੁਜ਼ਾਰ ਕੇ ਉਹ ਕੰਮ ਸਾਰ ਸਕਦੇ ਸਨ।” ਪਰ ਬੱਚੇ ਆਪਣੇ ਮਾਪਿਆਂ ਤੋਂ ਕੀ ਚਾਹੁੰਦੇ ਹਨ? ਇਕ ਲੇਖਕ ਨੇ ਬਹੁਤ ਸਾਰਿਆਂ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਉਹ ਇਹੀ ਚਾਹੁੰਦੇ ਸਨ ਕਿ ‘ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਜ਼ਿਆਦਾ ਸਮਾਂ ਗੁਜ਼ਾਰਨ, ਉਨ੍ਹਾਂ ਨਾਲ ਖੇਡਣ, ਗੱਲਾਂ ਕਰਨ ਅਤੇ ਬੈਠਣ।’
17. ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਕੀ ਚਾਹੀਦਾ ਹੈ?
17 ਅਸੀਂ ਪੁੱਛ ਸਕਦੇ ਹਾਂ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਕਿੰਨਾ ਸਮਾਂ ਗੁਜ਼ਾਰਨਾ ਚਾਹੀਦਾ ਹੈ? ਬਾਈਬਲ ਇਸ ਸਵਾਲ ਦਾ ਜਵਾਬ ਨਹੀਂ ਦਿੰਦੀ। ਪਰ ਇਸਰਾਏਲੀ ਮਾਪਿਆਂ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਉਹ ਘਰ ਬੈਠਦੇ, ਰਾਹ ਤੁਰਦੇ, ਲੇਟਦੇ ਅਤੇ ਉੱਠਦੇ ਆਪਣੇ ਬੱਚਿਆਂ ਨਾਲ ਗੱਲ ਕਰਨ। (ਬਿਵਸਥਾ ਸਾਰ 6:7) ਇਸ ਦਾ ਮਤਲਬ ਹੈ ਕਿ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨ ਤਾਂਕਿ ਉਹ ਉਨ੍ਹਾਂ ਨੂੰ ਹਰ ਰੋਜ਼ ਸਿੱਖਿਆ ਦੇ ਸਕਣ।
18. ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਲਾਈ ਦੇਣ ਲਈ ਹਰ ਮੌਕੇ ਦਾ ਫ਼ਾਇਦਾ ਕਿਵੇਂ ਉਠਾਇਆ ਸੀ ਅਤੇ ਮਾਪੇ ਇਸ ਤੋਂ ਕੀ ਸਿੱਖ ਸਕਦੇ ਹਨ?
18 ਯਿਸੂ ਨੇ ਆਪਣੇ ਚੇਲਿਆਂ ਨਾਲ ਖਾ-ਪੀ ਕੇ, ਸਫ਼ਰ ਕਰ ਕੇ, ਆਰਾਮ ਕਰ ਕੇ ਯਾਨੀ ਸਮਾਂ ਗੁਜ਼ਾਰ ਕੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ। ਇਸ ਤਰ੍ਹਾਂ ਉਸ ਨੇ ਸਿਖਲਾਈ ਦੇਣ ਲਈ ਹਰ ਮੌਕੇ ਦਾ ਫ਼ਾਇਦਾ ਉਠਾਇਆ। (ਮਰਕੁਸ 6:31, 32; ਲੂਕਾ 8:1; 22:14) ਅੱਜ ਵੀ ਮਸੀਹੀ ਮਾਪਿਆਂ ਨੂੰ ਹਰ ਮੌਕੇ ਤੇ ਆਪਣੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।
ਬੱਚਿਆਂ ਨੂੰ ਸਿਖਾਉਣ ਲਈ ਯਹੋਵਾਹ ਦੀਆਂ ਹਿਦਾਇਤਾਂ
19. (ੳ) ਬੱਚਿਆਂ ਨਾਲ ਸਮਾਂ ਗੁਜ਼ਾਰਨ ਤੋਂ ਇਲਾਵਾ ਹੋਰ ਕੀ ਕਰਨਾ ਜ਼ਰੂਰੀ ਹੈ? (ਅ) ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਹੈ?
19 ਅਸੀਂ ਸਿੱਖਿਆ ਹੈ ਕਿ ਬੱਚਿਆਂ ਦੀ ਸਹੀ ਤਰ੍ਹਾਂ ਪਰਵਰਿਸ਼ ਕਰਨ ਲਈ ਉਨ੍ਹਾਂ ਨਾਲ ਸਮਾਂ ਗੁਜ਼ਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਦੇਣ ਦੀ ਵੀ ਲੋੜ ਹੈ। ਪਰ, ਇਸ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਮਾਪੇ ਉਨ੍ਹਾਂ ਨੂੰ ਕੀ ਸਿਖਾ ਰਹੇ ਹਨ। ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ . . . ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ।” “ਏਹ ਗੱਲਾਂ” ਕਿਹੜੀਆਂ ਹਨ ਜੋ ਬੱਚਿਆਂ ਨੂੰ ਸਿਖਲਾਉਣੀਆਂ ਜ਼ਰੂਰੀ ਹਨ? ਇਹੀ ਕਿ “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਬਿਵਸਥਾ ਸਾਰ 6:5-7) ਯਿਸੂ ਨੇ ਕਿਹਾ ਸੀ ਕਿ ਇਹ ਹੁਕਮ ਪਰਮੇਸ਼ੁਰ ਦੇ ਸਾਰੇ ਹੁਕਮਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ। (ਮਰਕੁਸ 12:28-30) ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਾਡੇ ਲਈ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ ਤੇ ਉਸ ਦੀ ਭਗਤੀ ਕਰਨੀ ਕਿਉਂ ਜ਼ਰੂਰੀ ਹੈ।
20. ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣ ਦਾ ਹੁਕਮ ਦਿੱਤਾ ਸੀ?
20 ਪਰ ‘ਇਨ੍ਹਾਂ ਗੱਲਾਂ’ ਵਿਚ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਹੁਕਮ ਤੋਂ ਇਲਾਵਾ ਹੋਰ ਹੁਕਮ ਵੀ ਸ਼ਾਮਲ ਹਨ। ਬਿਵਸਥਾ ਸਾਰ ਦੇ ਪੰਜਵੇਂ ਅਧਿਆਇ ਵਿਚ ਤੁਸੀਂ ਦੇਖੋਗੇ ਕਿ ਮੂਸਾ ਨੇ ਉਨ੍ਹਾਂ ਦਸ ਹੁਕਮਾਂ ਨੂੰ ਦੁਹਰਾਇਆ ਸੀ ਜੋ ਪਰਮੇਸ਼ੁਰ ਨੇ ਪੱਥਰ ਦੀਆਂ ਪੱਟੀਆਂ ਤੇ ਲਿਖੇ ਸਨ। ਇਨ੍ਹਾਂ ਵਿਚ ਝੂਠ ਨਾ ਬੋਲਣ, ਚੋਰੀ, ਖ਼ੂਨ ਅਤੇ ਜ਼ਨਾਹ ਨਾ ਕਰਨ ਦੇ ਹੁਕਮ ਵੀ ਸਨ। (ਬਿਵਸਥਾ ਸਾਰ 5:11-22) ਸੋ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਚਾਲ-ਚੱਲਣ ਬਾਰੇ ਸਿਖਲਾਉਣ। ਅੱਜ ਮਸੀਹੀਆਂ ਨੂੰ ਆਪਣੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂਕਿ ਬੱਚੇ ਆਪਣੀਆਂ ਜ਼ਿੰਦਗੀਆਂ ਵਿਚ ਸੁਖ ਪਾ ਸਕਣ।
21. ਇਬਰਾਨੀ ਬੋਲੀ ਵਿਚ ‘ਸਿਖਲਾਉਣ’ ਸ਼ਬਦ ਦਾ ਕੀ ਮਤਲਬ ਹੈ?
21 ਮਾਪਿਆਂ ਨੂੰ “ਏਹ ਗੱਲਾਂ” ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਲਾਉਣੀਆਂ ਚਾਹੀਦੀਆਂ ਹਨ? ਇਬਰਾਨੀ ਬੋਲੀ ਵਿਚ ‘ਸਿਖਲਾਉਣ’ ਦਾ ਮਤਲਬ ਹੈ ‘ਦੁਹਰਾਉਣਾ,’ ‘ਵਾਰ-ਵਾਰ ਦੱਸਣਾ’ ਅਤੇ ‘ਸਾਫ਼ ਤਰ੍ਹਾਂ ਗੱਲ ਦਿਲ ਵਿਚ ਬਿਠਾਉਣੀ।’ ਪਰਮੇਸ਼ੁਰ ਮਾਪਿਆਂ ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਤੋਂ ਲਗਾਤਾਰ ਸਿੱਖਿਆ ਦੇਣ ਦਾ ਇੰਤਜ਼ਾਮ ਕਰਨ ਜਿਸ ਰਾਹੀਂ ਉਹ ਉਨ੍ਹਾਂ ਦੇ ਮਨਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾ ਸਕਣ।
22. ਇਸਰਾਏਲੀ ਮਾਪਿਆਂ ਨੂੰ ਬਿਵਸਥਾ ਸਾਰ ਵਿਚ ਕੀ ਕਰਨ ਲਈ ਦੱਸਿਆ ਗਿਆ ਸੀ ਅਤੇ ਇਸ ਦਾ ਮਤਲਬ ਕੀ ਹੈ?
22 ਬਿਵਸਥਾ ਸਾਰ ਦੀ ਅਗਲੀ ਗੱਲ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿੱਚੋਂ ਸਿੱਖਿਆ ਦੇਣ ਦਾ ਪ੍ਰੋਗ੍ਰਾਮ ਚਾਲੂ ਕਰਨਾ ਜ਼ਰੂਰੀ ਹੈ। ਬਾਈਬਲ ‘ਇਨ੍ਹਾਂ ਗੱਲਾਂ’ ਜਾਂ ਹੁਕਮਾਂ ਬਾਰੇ ਕਹਿੰਦੀ ਹੈ: “ਤੁਸੀਂ ਓਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਓਹ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ। ਤੁਸੀਂ ਓਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ।” (ਬਿਵਸਥਾ ਸਾਰ 6:8, 9) ਕੀ ਇਸ ਦਾ ਇਹ ਮਤਲਬ ਹੈ ਕਿ ਮਾਪਿਆਂ ਨੂੰ ਸੱਚ-ਮੁੱਚ ਘਰ ਦੀਆਂ ਚੁਗਾਠਾਂ ਅਤੇ ਫਾਟਕਾਂ ਉੱਤੇ ਪਰਮੇਸ਼ੁਰ ਦੇ ਹੁਕਮ ਲਿਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਹੱਥਾਂ ਉੱਤੇ ਬੰਨ੍ਹਣੇ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਵਿਚਕਾਰ ਰੱਖਣੇ ਚਾਹੀਦੇ ਹਨ? ਨਹੀਂ, ਇਸ ਦਾ ਮਤਲਬ ਹੈ ਕਿ ਮਾਪੇ ਪਰਮੇਸ਼ੁਰ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਲਗਾਤਾਰ ਸਿਖਾਉਂਦੇ ਰਹਿਣ। ਮਾਪਿਆਂ ਨੂੰ ਇਸ ਤਰੀਕੇ ਨਾਲ ਸਿੱਖਿਆ ਦਿੰਦੇ ਰਹਿਣਾ ਚਾਹੀਦਾ ਹੈ ਤਾਂਕਿ ਪਰਮੇਸ਼ੁਰ ਦੀ ਸਿੱਖਿਆ ਹਮੇਸ਼ਾ ਬੱਚਿਆਂ ਦੇ ਸਾਮ੍ਹਣੇ ਹੋਵੇ।
23. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
23 ਮਾਪਿਆਂ ਨੂੰ ਹੋਰ ਕਿਹੜੀਆਂ ਖ਼ਾਸ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਹਨ? ਅੱਜ ਇਹ ਜ਼ਰੂਰੀ ਕਿਉਂ ਹੈ ਕਿ ਬੱਚਿਆਂ ਨੂੰ ਆਪਣਾ ਬਚਾਅ ਕਰਨ ਦੀ ਸਿਖਲਾਈ ਦਿੱਤੀ ਜਾਵੇ? ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ ਮਾਪਿਆਂ ਨੂੰ ਕਿਹੜੀ ਮਦਦ ਦਿੱਤੀ ਗਈ ਹੈ? ਇਨ੍ਹਾਂ ਅਤੇ ਹੋਰਨਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
-
-
ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋਪਹਿਰਾਬੁਰਜ—2005 | ਅਪ੍ਰੈਲ 1
-
-
ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋ
“ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ . . . ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।”—ਉਪਦੇਸ਼ਕ ਦੀ ਪੋਥੀ 7:12.
1. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਕ ਦਾਤ ਕਿਉਂ ਸਮਝਣਾ ਚਾਹੀਦਾ ਹੈ?
ਇਕ ਨਵਾਂ ਜੰਮਿਆ ਬੱਚਾ ਦੇਖਣ ਨੂੰ ਅਤੇ ਆਪਣੇ ਸੁਭਾਅ ਵਿਚ ਆਪਣੇ ਮਾਪਿਆਂ ਵਰਗਾ ਹੁੰਦਾ ਹੈ। ਭਾਵੇਂ ਮਾਪਿਆਂ ਨੇ ਇਸ ਨੰਨ੍ਹੀ ਜਾਨ ਨੂੰ ਪੈਦਾ ਕੀਤਾ ਹੈ, ਪਰ ਇਸ ਦਾ ਅਸਲੀ ਜਨਮਦਾਤਾ ਯਹੋਵਾਹ ਹੀ ਹੈ। (ਜ਼ਬੂਰਾਂ ਦੀ ਪੋਥੀ 36:9) ਬਾਈਬਲ ਵਿਚ ਨਿਆਣਿਆਂ ਨੂੰ “ਪ੍ਰਭੂ ਦਾ ਵਰਦਾਨ” ਸੱਦਿਆ ਗਿਆ ਹੈ ਅਤੇ ਉਸ ਨੇ ਇਨ੍ਹਾਂ ਨੂੰ ਮਾਪਿਆਂ ਦੇ ਹੱਥ ਸੌਂਪਿਆ ਹੈ। (ਭਜਨ 127:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਾਪਿਓ, ਇਸ ਕੀਮਤੀ ਦਾਤ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
2. ਜਦ ਮਾਨੋਆਹ ਨੂੰ ਪਤਾ ਲੱਗਾ ਕਿ ਉਹ ਬਾਪ ਬਣਨ ਵਾਲਾ ਹੈ, ਤਾਂ ਉਸ ਨੇ ਕੀ ਕੀਤਾ ਸੀ?
2 ਮਾਪਿਓ, ਤੁਹਾਨੂੰ ਧੰਨਵਾਦੀ ਹੋ ਕੇ ਨਿਮਰਤਾ ਨਾਲ ਇਹ ਦਾਤ ਸਵੀਕਾਰ ਕਰਨੀ ਚਾਹੀਦੀ ਹੈ। ਲਗਭਗ 3,000 ਸਾਲ ਪਹਿਲਾਂ ਮਾਨੋਆਹ ਨਾਂ ਦੇ ਇਕ ਇਸਰਾਏਲੀ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ ਜਦ ਇਕ ਦੂਤ ਨੇ ਉਸ ਦੀ ਪਤਨੀ ਨੂੰ ਦੱਸਿਆ ਕਿ ਉਹ ਇਕ ਬੱਚੇ ਨੂੰ ਜਨਮ ਦੇਵੇਗੀ। ਇਹ ਖ਼ੁਸ਼ ਖ਼ਬਰੀ ਸੁਣ ਕੇ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਹੇ ਪ੍ਰਭੁ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।” (ਨਿਆਈਆਂ 13:8) ਮਾਪਿਓ, ਤੁਸੀਂ ਮਾਨੋਆਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?
ਪਰਮੇਸ਼ੁਰ ਦੀ ਮਦਦ ਦੀ ਲੋੜ
3. ਅੱਜ ਬੱਚਿਆਂ ਦੀ ਪਰਵਰਿਸ਼ ਕਰਨ ਲਈ ਪਰਮੇਸ਼ੁਰ ਦੀ ਮਦਦ ਕਿਉਂ ਜ਼ਰੂਰੀ ਹੈ?
3 ਅੱਗੇ ਨਾਲੋਂ ਜ਼ਿਆਦਾ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। ਕਿਉਂ? ਕਿਉਂਕਿ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਸਵਰਗੋਂ ਧਰਤੀ ਉੱਤੇ ਸੁੱਟੇ ਗਏ ਹਨ। ਇਸ ਲਈ ਬਾਈਬਲ ਕਹਿੰਦੀ ਹੈ: “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:7-9, 12) ਬਾਈਬਲ ਸਮਝਾਉਂਦੀ ਹੈ ਕਿ ਸ਼ਤਾਨ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਆਮ ਤੌਰ ਤੇ ਸ਼ੇਰ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ ਜੋ ਕਮਜ਼ੋਰ ਜਾਂ ਛੋਟੇ ਹੁੰਦੇ ਹਨ। ਇਸ ਲਈ ਮਸੀਹੀ ਮਾਂ-ਬਾਪ ਆਪਣੇ ਬੱਚਿਆਂ ਨੂੰ ਸ਼ਤਾਨ ਤੋਂ ਬਚਾਉਣ ਲਈ ਬੁੱਧੀਮਤਾ ਨਾਲ ਯਹੋਵਾਹ ਦੀ ਅਗਵਾਈ ਭਾਲਦੇ ਹਨ। ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕਿੰਨੀ ਕੁ ਵਾਹ ਲਾ ਰਹੇ ਹੋ?
4. (ੳ) ਮਾਪਿਓ, ਜੇ ਤੁਹਾਡੇ ਗੁਆਂਢ ਵਿਚ ਇਕ ਸ਼ੇਰ ਘੁੰਮਦਾ-ਫਿਰਦਾ ਹੋਵੇ, ਤਾਂ ਤੁਸੀਂ ਕੀ ਕਰੋਗੇ? (ਅ) ਬਚਾਅ ਵਾਸਤੇ ਬੱਚਿਆਂ ਨੂੰ ਕਿਸ ਚੀਜ਼ ਦੀ ਲੋੜ ਹੈ?
4 ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਗੁਆਂਢ ਵਿਚ ਇਕ ਸ਼ੇਰ ਘੁੰਮਦਾ-ਫਿਰਦਾ ਹੈ, ਤਾਂ ਤੁਸੀਂ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਜ਼ਰੂਰ ਕੁਝ ਕਰੋਗੇ। ਸ਼ਤਾਨ ਇਕ ਸ਼ਿਕਾਰੀ ਜਾਨਵਰ ਵਰਗਾ ਹੈ ਅਤੇ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਕਿਰਪਾ ਨਾ ਰਹੇ। (ਅੱਯੂਬ 2:1-7; 1 ਯੂਹੰਨਾ 5:19) ਬੱਚਿਆਂ ਦਾ ਸ਼ਿਕਾਰ ਕਰਨਾ ਤਾਂ ਉਸ ਦੇ ਖੱਬੇ ਹੱਥ ਦੀ ਖੇਡ ਹੈ। ਸ਼ਤਾਨ ਦੇ ਪੰਜੇ ਤੋਂ ਬਚਣ ਲਈ ਬੱਚਿਆਂ ਲਈ ਯਹੋਵਾਹ ਨੂੰ ਜਾਣਨਾ ਅਤੇ ਉਸ ਦੇ ਆਖੇ ਲੱਗਣਾ ਬਹੁਤ ਜ਼ਰੂਰੀ ਹੈ। ਇਸ ਲਈ ਬਾਈਬਲ ਦਾ ਗਿਆਨ ਲੈਣਾ ਲਾਜ਼ਮੀ ਹੈ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਬੁੱਧ ਦੀ ਲੋੜ ਹੈ ਤਾਂਕਿ ਉਹ ਗਿਆਨ ਨੂੰ ਸਮਝ ਸਕਣ ਅਤੇ ਉਸ ਉੱਤੇ ਅਮਲ ਕਰ ਸਕਣ। ਯਾਦ ਰੱਖੋ ਕਿ “ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਇਸ ਲਈ ਮਾਪਿਓ ਤੁਹਾਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਚੰਗੀ ਤਰ੍ਹਾਂ ਸਿਖਾਉਣ ਦੀ ਲੋੜ ਹੈ ਤਾਂਕਿ ਇਹ ਉਨ੍ਹਾਂ ਦੇ ਦਿਲਾਂ ਵਿਚ ਸਮਾ ਜਾਣ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ?
5. (ੳ) ਬੁੱਧ ਦੇਣ ਲਈ ਕੀ ਜ਼ਰੂਰੀ ਹੈ? (ਅ) ਕਹਾਉਤਾਂ ਦੀ ਪੋਥੀ ਵਿਚ ਬੁੱਧ ਬਾਰੇ ਕੀ ਕਿਹਾ ਗਿਆ ਹੈ?
5 ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾ ਸਕਦੇ ਹੋ ਅਤੇ ਤੁਹਾਨੂੰ ਇਸ ਤਰ੍ਹਾਂ ਕਰਨਾ ਵੀ ਚਾਹੀਦਾ ਹੈ। ਪਰ ਜੇ ਬੱਚਿਆਂ ਨੇ ਯਹੋਵਾਹ ਨਾਲ ਪਿਆਰ ਕਰਨਾ ਹੈ ਅਤੇ ਉਸ ਦੇ ਆਖੇ ਲੱਗਣਾ ਹੈ, ਤਾਂ ਉਨ੍ਹਾਂ ਨੂੰ ਸਮਝ ਦੀ ਵੀ ਲੋੜ ਹੈ। ਮਿਸਾਲ ਲਈ: ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੋ ਕਿ ਉਹ ਸੜਕ ਪਾਰ ਕਰਨ ਤੋਂ ਪਹਿਲਾਂ ਖੱਬੇ-ਸੱਜੇ ਦੋਹਾਂ ਪਾਸੇ ਦੇਖਣ। ਫਿਰ ਵੀ, ਕਈ ਬੱਚੇ ਇਸ ਤਰ੍ਹਾਂ ਨਹੀਂ ਕਰਦੇ। ਕਿਉਂ ਨਹੀਂ? ਕਿਉਂਕਿ ਬੱਚਿਆਂ ਦੇ ਮਨ ਵਿਚ “ਮੂਰਖਤਾਈ” ਬੱਧੀ ਹੋਈ ਹੁੰਦੀ ਹੈ, ਇਸ ਲਈ ਤੁਹਾਨੂੰ ਠੀਕ ਤਰ੍ਹਾਂ ਤੇ ਕਈ ਵਾਰ ਸਮਝਾਉਣਾ ਪੈਂਦਾ ਹੈ ਕਿ ਕਾਰ ਲੱਗਣ ਦਾ ਨਤੀਜਾ ਕੀ ਹੋ ਸਕਦਾ ਹੈ ਅਤੇ ਇਸ ਦਾ ਕਿੰਨਾ ਖ਼ਤਰਾ ਹੈ। ਬੱਚਿਆਂ ਨੂੰ ਬੁੱਧ ਦੇਣ ਲਈ ਵਕਤ ਲੱਗਦਾ ਹੈ ਅਤੇ ਧੀਰਜ ਦੀ ਲੋੜ ਹੁੰਦੀ ਹੈ। ਪਰ ਇਹ ਬੁੱਧ ਕਿੰਨੀ ਲਾਭਦਾਇਕ ਹੈ! ਬੁੱਧ ਬਾਰੇ ਬਾਈਬਲ ਕਹਿੰਦੀ ਹੈ: “ਉਹ ਦੇ ਰਾਹ ਮਨ ਭਾਉਂਦੇ ਅਤੇ ਉਹ ਦੇ ਸਾਰੇ ਪਹੇ ਸ਼ਾਂਤੀ ਦੇ ਹਨ। ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”—ਕਹਾਉਤਾਂ 3:13-18; 22:15.
ਬੁੱਧ ਦੇਣ ਵਾਲੀ ਸਿੱਖਿਆ
6. (ੳ) ਕਈ ਵਾਰ ਬੱਚੇ ਗ਼ਲਤ ਕੰਮ ਕਿਉਂ ਕਰਦੇ ਹਨ? (ਅ) ਕਿਹੜੀ ਜੰਗ ਲੜੀ ਜਾ ਰਹੀ ਹੈ?
6 ਕਈ ਵਾਰ ਬੱਚੇ ਗ਼ਲਤ ਕੰਮ ਕਿਉਂ ਕਰਦੇ ਹਨ? ਇਸ ਲਈ ਨਹੀਂ ਕਿ ਉਨ੍ਹਾਂ ਨੂੰ ਸਿਖਾਇਆ ਨਹੀਂ ਗਿਆ ਕਿ ਕੀ ਸਹੀ ਹੈ ਤੇ ਕੀ ਗ਼ਲਤ, ਬਲਕਿ ਇਸ ਲਈ ਕਿ ਇਹ ਸਿੱਖਿਆ ਉਨ੍ਹਾਂ ਦੇ ਦਿਲਾਂ ਵਿਚ ਸਮਾਈ ਨਹੀਂ ਹੈ। ਸ਼ਤਾਨ ਬੱਚਿਆਂ ਦੇ ਦਿਲ ਜਿੱਤਣ ਦੀ ਜੰਗ ਲੜ ਰਿਹਾ ਹੈ। ਉਹ ਨੌਜਵਾਨਾਂ ਨੂੰ ਵਿਗਾੜਨ ਦੀਆਂ ਸਕੀਮਾਂ ਬਣਾਉਂਦਾ ਹੈ। ਉਹ ਇਸ ਗੱਲ ਦਾ ਪੂਰਾ ਲਾਭ ਉਠਾਉਂਦਾ ਹੈ ਕਿ ਪਾਪ ਕਰਨ ਦੀ ਇੱਛਾ ਉਨ੍ਹਾਂ ਦੇ ਦਿਲ ਵਿਚ ਸਮਾਈ ਹੋਈ ਹੈ। (ਉਤਪਤ 8:21; ਜ਼ਬੂਰਾਂ ਦੀ ਪੋਥੀ 51:5) ਮਾਪਿਓ, ਖ਼ਬਰਦਾਰ ਰਹੋ, ਇਹ ਜੰਗ ਅਸਲੀ ਹੈ! ਇਸ ਨੂੰ ਤੁਸੀਂ ਨਾ ਹਾਰਿਓ!
7. ਬੱਚਿਆਂ ਨੂੰ ਦੱਸਣਾ ਕਿ ਕੀ ਸਹੀ ਤੇ ਕੀ ਗ਼ਲਤ ਹੈ, ਕਾਫ਼ੀ ਕਿਉਂ ਨਹੀਂ ਹੈ?
7 ਜਦ ਮਾਪੇ ਆਪਣੇ ਬੱਚਿਆਂ ਨੂੰ ਦੱਸਦੇ ਹਨ ਕਿ ਕੀ ਸਹੀ ਤੇ ਕੀ ਗ਼ਲਤ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ ਤੇ ਬੱਚੇ ਨੇਕ ਚਾਲ-ਚਲਣ ਸਿੱਖ ਗਏ ਹਨ। ਉਹ ਸ਼ਾਇਦ ਦੱਸਣ ਕਿ ਝੂਠ ਬੋਲਣਾ, ਚੋਰੀ ਕਰਨੀ ਜਾਂ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ। ਪਰ ਇਹ ਗੱਲਾਂ ਦੱਸਣੀਆਂ ਕਾਫ਼ੀ ਨਹੀਂ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਦੇ ਆਖੇ ਲੱਗਣ ਲਈ ਹੋਰ ਕਾਰਨ ਵੀ ਚਾਹੀਦੇ ਹਨ। ਉਨ੍ਹਾਂ ਨੂੰ ਇਹ ਵੀ ਸਮਝਾਉਣ ਦੀ ਲੋੜ ਹੈ ਕਿ ਇਹ ਹੁਕਮ ਯਹੋਵਾਹ ਵੱਲੋਂ ਹਨ। ਬੱਚਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਸਿਰਫ਼ ਬੁੱਧੀਮਤਾ ਦੀ ਗੱਲ ਨਹੀਂ, ਪਰ ਇਹ ਉਨ੍ਹਾਂ ਦੇ ਭਲੇ ਲਈ ਵੀ ਹੈ।—ਕਹਾਉਤਾਂ 6:16-19; ਇਬਰਾਨੀਆਂ 13:4.
8. ਕਿਹੋ ਜਿਹੀ ਸਿੱਖਿਆ ਬੱਚਿਆਂ ਨੂੰ ਬੁੱਧੀਮਤਾ ਨਾਲ ਚੱਲਣ ਦੀ ਮਦਦ ਦੇ ਸਕਦੀ ਹੈ?
8 ਬ੍ਰਹਿਮੰਡ ਦੀ ਵਿਸ਼ਾਲਤਾ, ਜੀਉਂਦੀਆਂ ਚੀਜ਼ਾਂ ਦੀ ਵੰਨ-ਸੁਵੰਨਤਾ ਅਤੇ ਬਦਲਦੇ ਮੌਸਮ ਵੱਲ ਬੱਚਿਆਂ ਦਾ ਧਿਆਨ ਖਿੱਚੋ। ਇਹ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਵਾਕਈ ਕਿਸੇ ਨੇ ਇਹ ਸਭ ਕੁਝ ਬਣਾਇਆ ਤੇ ਉਹ ਸੱਚ-ਮੁੱਚ ਬੁੱਧੀਮਾਨ ਹੈ। (ਰੋਮੀਆਂ 1:20; ਇਬਰਾਨੀਆਂ 3:4) ਇਸ ਤੋਂ ਇਲਾਵਾ ਬੱਚਿਆਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੇ ਪੁੱਤਰ ਦੇ ਬਲੀਦਾਨ ਰਾਹੀਂ ਉਨ੍ਹਾਂ ਲਈ ਹਮੇਸ਼ਾ ਲਈ ਜੀਉਣ ਦਾ ਰਾਹ ਖੋਲ੍ਹਿਆ ਹੈ। ਬੱਚਿਆਂ ਨੂੰ ਸਿਖਾਓ ਕਿ ਜੇ ਉਹ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣਗੇ, ਤਾਂ ਉਹ ਉਨ੍ਹਾਂ ਨਾਲ ਖ਼ੁਸ਼ ਹੋਵੇਗਾ। ਫਿਰ ਹੋ ਸਕਦਾ ਹੈ ਕਿ ਬੱਚੇ ਯਹੋਵਾਹ ਦੀ ਸੇਵਾ ਕਰਨੀ ਚਾਹੁਣ, ਭਾਵੇਂ ਸ਼ਤਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ।—ਕਹਾਉਤਾਂ 22:6; 27:11; ਯੂਹੰਨਾ 3:16.
9. (ੳ) ਬੱਚਿਆਂ ਨੂੰ ਸਿੱਖਿਆ ਦੇਣ ਲਈ ਕੀ-ਕੀ ਕਰਨਾ ਜ਼ਰੂਰੀ ਹੈ? (ਅ) ਪਿਤਾਵਾਂ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ ਅਤੇ ਇਸ ਦਾ ਕੀ ਮਤਲਬ ਹੈ?
9 ਅਜਿਹੀ ਸਿੱਖਿਆ ਦੇਣ ਲਈ ਜੋ ਬੱਚਿਆਂ ਦੀ ਰਾਖੀ ਕਰੇਗੀ ਅਤੇ ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰੇਗੀ, ਸਮਾਂ ਲੱਗਦਾ ਹੈ। ਇਹ ਕਰਨ ਲਈ ਤੁਹਾਨੂੰ ਧਿਆਨ ਲਾ ਕੇ ਤਿਆਰੀ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਮਾਪੇ ਪਰਮੇਸ਼ੁਰ ਦੀ ਸੇਧ ਸਵੀਕਾਰ ਕਰਨ। ਬਾਈਬਲ ਵਿਚ ਲਿਖਿਆ ਹੈ: ‘ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।’ (ਅਫ਼ਸੀਆਂ 6:4) ਇਸ ਦਾ ਕੀ ਮਤਲਬ ਹੈ? ਯੂਨਾਨੀ ਭਾਸ਼ਾ ਵਿਚ ‘ਮੱਤ ਦੇਣ’ ਦਾ ਅਰਥ ਹੈ: “ਵਿਚ ਮਨ ਪਾਉਣਾ।” ਇਸ ਲਈ ਪਿਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਵਿਚ ਯਹੋਵਾਹ ਪਰਮੇਸ਼ੁਰ ਦਾ ਮਨ ਪਾਉਣ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਰਾਖੀ ਜ਼ਰੂਰ ਹੋਵੇਗੀ। ਜੇ ਬੱਚਿਆਂ ਦੇ ਮਨ ਵਿਚ ਪਰਮੇਸ਼ੁਰ ਦੀ ਸੋਚਣੀ ਹੋਵੇਗੀ, ਤਾਂ ਬੱਚੇ ਗ਼ਲਤ ਕੰਮ ਨਹੀਂ ਕਰਨਗੇ।
ਪਿਆਰ ਨਾਲ ਆਪਣੇ ਬੱਚਿਆਂ ਨੂੰ ਸਿਖਾਓ
10. ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿੱਖਿਆ ਦੇਣ ਲਈ ਤੁਹਾਡੇ ਲਈ ਕੀ ਜਾਣਨਾ ਜ਼ਰੂਰੀ ਹੈ?
10 ਜੇ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਿਆਰ ਨਾਲ ਉਨ੍ਹਾਂ ਨੂੰ ਸਿੱਖਿਆ ਦੇਣੀ ਪਵੇਗੀ। ਤੁਹਾਨੂੰ ਆਪਣੇ ਬੱਚਿਆਂ ਨਾਲ ਗੱਲਬਾਤ ਕਰਨੀ ਪਵੇਗੀ। ਪਤਾ ਕਰੋ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਸੋਚ-ਵਿਚਾਰ ਕੀ ਹਨ। ਆਰਾਮ ਨਾਲ ਬੈਠ ਕੇ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ। ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਕੋਈ ਗੱਲ ਸੁਣ ਕੇ ਹੈਰਾਨ ਹੋਵੋ। ਪਰ ਗੁੱਸੇ ਨਾ ਹੋਵੋ। ਹਮਦਰਦੀ ਅਤੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੋ।
11. ਮਾਪੇ ਆਪਣੇ ਬੱਚਿਆਂ ਵਿਚ ਪਰਮੇਸ਼ੁਰ ਦਾ ਮਨ ਕਿਸ ਤਰ੍ਹਾਂ ਪਾ ਸਕਦੇ ਹਨ?
11 ਇਹ ਸੱਚ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਵਿੱਚੋਂ ਬਦਚਲਣੀ ਨਾ ਕਰਨ ਬਾਰੇ ਪਰਮੇਸ਼ੁਰ ਦੇ ਹੁਕਮ ਕਈ ਵਾਰ ਪੜ੍ਹ ਕੇ ਸੁਣਾਏ ਹੋਣ। (1 ਕੁਰਿੰਥੀਆਂ 6:18; ਅਫ਼ਸੀਆਂ 5:5) ਇਹ ਸੁਣ ਕੇ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਯਹੋਵਾਹ ਨੂੰ ਕੀ ਮਨਜ਼ੂਰ ਹੈ ਤੇ ਕੀ ਨਹੀਂ। ਪਰ ਆਪਣੇ ਬੱਚਿਆਂ ਵਿਚ ਯਹੋਵਾਹ ਦੀ ਸੋਚਣੀ ਪਾਉਣ ਲਈ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਹੈ। ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਯਹੋਵਾਹ ਦੇ ਹੁਕਮ ਲਾਭਦਾਇਕ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਸ ਦੇ ਹੁਕਮ ਸਹੀ ਹੀ ਨਹੀਂ, ਪਰ ਸਾਡੇ ਭਲੇ ਲਈ ਵੀ ਹਨ ਅਤੇ ਉਨ੍ਹਾਂ ਨੂੰ ਮੰਨਣਾ ਸਭ ਤੋਂ ਵਧੀਆ ਗੱਲ ਹੈ। ਜੇ ਤੁਸੀਂ ਬਾਈਬਲ ਤੋਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਓਗੇ ਅਤੇ ਉਹ ਪਰਮੇਸ਼ੁਰ ਦੀ ਸੋਚਣੀ ਮੰਨ ਲੈਣਗੇ, ਤਾਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਦਾ ਮਨ ਉਨ੍ਹਾਂ ਵਿਚ ਪਾਇਆ ਹੈ।
12. ਮਾਪੇ ਸੈਕਸ ਬਾਰੇ ਯਹੋਵਾਹ ਦੇ ਹੁਕਮ ਸਿਖਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?
12 ਸੈਕਸ ਬਾਰੇ ਗੱਲ ਕਰਦੇ ਹੋਏ ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ, “ਤੇਰੇ ਖ਼ਿਆਲ ਵਿਚ ਕੀ ਸੈਕਸ ਬਾਰੇ ਯਹੋਵਾਹ ਦੇ ਹੁਕਮ ਮੰਨਣੇ ਔਖੇ ਹਨ? ਕੀ ਯਹੋਵਾਹ ਸਾਨੂੰ ਮਜ਼ਾ ਲੈਣ ਤੋਂ ਰੋਕ ਰਿਹਾ ਹੈ?” ਉਸ ਨੂੰ ਡਰਨ ਜਾਂ ਸ਼ਰਮਾਉਣ ਤੋਂ ਬਗੈਰ ਜਵਾਬ ਦੇਣ ਲਈ ਕਹੋ। ਫਿਰ ਗੱਲ ਕਰੋ ਕਿ ਯਹੋਵਾਹ ਨੇ ਬੱਚੇ ਪੈਦਾ ਕਰਨ ਲਈ ਕਿਹੜਾ ਇੰਤਜ਼ਾਮ ਕੀਤਾ ਹੈ। ਅੱਗੇ ਪੁੱਛੋ: “ਕੀ ਸਾਡਾ ਪਿਆਰਾ ਪਰਮੇਸ਼ੁਰ ਯਹੋਵਾਹ ਸਾਡੀ ਖ਼ੁਸ਼ੀ ਖੋਹਣ ਲਈ ਕਦੇ ਕੋਈ ਹੁਕਮ ਦਿੰਦਾ ਹੈ ਜਾਂ ਕੀ ਉਸ ਦੇ ਹੁਕਮ ਸਾਡੀ ਰਾਖੀ ਲਈ ਹਨ? ਕੀ ਉਹ ਸਾਨੂੰ ਖ਼ੁਸ਼ ਨਹੀਂ ਦੇਖਣਾ ਚਾਹੁੰਦਾ ਹੈ?” (ਜ਼ਬੂਰਾਂ ਦੀ ਪੋਥੀ 119:1, 2; ਯਸਾਯਾਹ 48:17) ਇਨ੍ਹਾਂ ਸਵਾਲਾਂ ਦੇ ਜ਼ਰੀਏ ਪਤਾ ਕਰੋ ਕਿ ਤੁਹਾਡਾ ਬੱਚਾ ਕੀ ਸੋਚਦਾ ਹੈ। ਫਿਰ ਤੁਸੀਂ ਉਦਾਹਰਣ ਦੇ ਕੇ ਇਹ ਗੱਲ ਸਮਝਾ ਸਕਦੇ ਹੋ ਕਿ ਬਦਚਲਣੀ ਦੇ ਕਾਰਨ ਕਈ ਲੋਕ ਕਿੰਨੇ ਦੁਖੀ ਹੋਏ ਹਨ ਅਤੇ ਕਿੰਨੀ ਮੁਸੀਬਤ ਵਿਚ ਵੀ ਪਏ ਹਨ। (2 ਸਮੂਏਲ 13:1-33) ਅਜਿਹੀ ਗੱਲਬਾਤ ਰਾਹੀਂ ਜੇ ਤੁਹਾਡਾ ਬੱਚਾ ਪਰਮੇਸ਼ੁਰ ਦੀ ਸੋਚਣੀ ਸਮਝ ਜਾਵੇ ਅਤੇ ਸਵੀਕਾਰ ਕਰ ਲਵੇ, ਤਾਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਉਸ ਵਿਚ ਪਰਮੇਸ਼ੁਰ ਦਾ ਮਨ ਪਾ ਦਿੱਤਾ ਹੈ। ਪਰ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ।
13. ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਕੀ ਸਿਖਾ ਸਕਦੇ ਹੋ ਤਾਂਕਿ ਉਹ ਉਸ ਦੇ ਆਖੇ ਲੱਗਣਾ ਚਾਹੁਣਗੇ?
13 ਬੁੱਧੀਮਤਾ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਇਹੀ ਨਹੀਂ ਦੱਸੋਗੇ ਕਿ ਯਹੋਵਾਹ ਦੇ ਆਖੇ ਨਾ ਲੱਗਣ ਦੇ ਨਤੀਜੇ ਬੁਰੇ ਨਿਕਲਦੇ ਹਨ, ਸਗੋਂ ਇਹ ਵੀ ਦੱਸੋਗੇ ਕਿ ਅਸੀਂ ਜੋ ਵੀ ਕਰਦੇ ਹਾਂ ਉਸ ਦਾ ਯਹੋਵਾਹ ਉੱਤੇ ਅਸਰ ਪੈਂਦਾ ਹੈ। ਬਾਈਬਲ ਵਿੱਚੋਂ ਦਿਖਾਓ ਕਿ ਜਦ ਅਸੀਂ ਉਸ ਦੀ ਮਰਜ਼ੀ ਪੂਰੀ ਨਹੀਂ ਕਰਦੇ, ਤਾਂ ਯਹੋਵਾਹ ਨੂੰ ਦੁੱਖ ਲੱਗਦਾ ਹੈ। (ਜ਼ਬੂਰਾਂ ਦੀ ਪੋਥੀ 78:41) ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ, “ਕੀ ਤੂੰ ਯਹੋਵਾਹ ਨੂੰ ਦੁੱਖ ਦੇਣਾ ਚਾਹੁੰਦਾ ਹੈਂ?” ਫਿਰ ਸਮਝਾਓ: “ਪਰਮੇਸ਼ੁਰ ਦਾ ਦੁਸ਼ਮਣ ਸ਼ਤਾਨ ਕਹਿੰਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਸਗੋਂ ਅਸੀਂ ਸਿਰਫ਼ ਆਪਣੇ ਮਤਲਬ ਲਈ ਉਸ ਦੀ ਸੇਵਾ ਕਰਦੇ ਹਾਂ।” ਇਹ ਵੀ ਸਮਝਾਓ ਕਿ ਵਫ਼ਾਦਾਰ ਰਹਿ ਕੇ ਅੱਯੂਬ ਨੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ ਸੀ ਅਤੇ ਸ਼ਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕੀਤਾ ਸੀ। (ਅੱਯੂਬ 1:9-11; 27:5) ਤੁਹਾਡੇ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੇ ਕੰਮਾਂ-ਕਾਰਾਂ ਰਾਹੀਂ ਉਹ ਯਹੋਵਾਹ ਨੂੰ ਖ਼ੁਸ਼ ਜਾਂ ਉਦਾਸ ਕਰ ਸਕਦੇ ਹਨ। (ਕਹਾਉਤਾਂ 27:11) ਇਹ ਅਤੇ ਹੋਰ ਕਈ ਸਬਕ ਅੰਗ੍ਰੇਜ਼ੀ ਦੀ ਮਹਾਨ ਸਿੱਖਿਅਕ ਤੋਂ ਸਿੱਖੋ ਪੁਸਤਕ ਇਸਤੇਮਾਲ ਕਰਕੇ ਸਿਖਾਏ ਜਾ ਸਕਦੇ ਹਨ।a
ਚੰਗੇ ਨਤੀਜੇ
14, 15. (ੳ) ਮਹਾਨ ਸਿੱਖਿਅਕ ਪੁਸਤਕ ਦੇ ਕਿਹੜੇ ਅਧਿਆਵਾਂ ਨੇ ਬੱਚਿਆਂ ਉੱਤੇ ਅਸਰ ਕੀਤਾ ਹੈ? (ਅ) ਇਸ ਪੁਸਤਕ ਨੂੰ ਇਸਤੇਮਾਲ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ ਹਨ? (ਸਫ਼ੇ 18-19 ਉੱਤੇ ਡੱਬੀ ਦੇਖੋ।)
14 ਕ੍ਰੋਏਸ਼ੀਆ ਵਿਚ ਇਕ ਆਦਮੀ ਆਪਣੇ ਸੱਤ ਸਾਲਾਂ ਦੇ ਪੋਤੇ ਨਾਲ ਮਹਾਨ ਸਿੱਖਿਅਕ ਪੁਸਤਕ ਪੜ੍ਹਦਾ ਹੈ। ਉਸ ਨੇ ਲਿਖਿਆ ਕਿ ਮੁੰਡੇ ਨੇ ਉਸ ਨੂੰ ਇਹ ਗੱਲ ਦੱਸੀ: “ਮੰਮੀ ਨੇ ਮੈਨੂੰ ਕੋਈ ਕੰਮ ਕਰਨ ਨੂੰ ਕਿਹਾ, ਪਰ ਮੈਂ ਕਰਨਾ ਨਹੀਂ ਚਾਹੁੰਦਾ ਸੀ। ਫਿਰ ਮੈਨੂੰ ਯਾਦ ਆਇਆ ਕਿ ਅਸੀਂ ਉਹ ਅਧਿਆਇ ਪੜ੍ਹਿਆ ਸੀ ਕਿ ‘ਆਖੇ ਲੱਗਣ ਨਾਲ ਤੁਹਾਡੀ ਰਾਖੀ ਹੁੰਦੀ ਹੈ’, ਇਸ ਲਈ ਮੈਂ ਮੰਮੀ ਨੂੰ ਦੱਸਿਆ ਕਿ ਮੈਂ ਉਸ ਦੇ ਆਖੇ ਲੱਗਾਂਗਾ।” ਫ਼ਲੋਰਿਡਾ, ਅਮਰੀਕਾ ਵਿਚ ਇਕ ਮਾਂ-ਬਾਪ ਨੇ “ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ” ਨਾਂ ਦੇ ਅਧਿਆਇ ਬਾਰੇ ਲਿਖਿਆ: “ਇਸ ਵਿਚ ਅਜਿਹੇ ਸਵਾਲ ਪੁੱਛੇ ਗਏ ਹਨ ਜੋ ਬੱਚਿਆਂ ਨੂੰ ਦਿਲ ਖੋਲ੍ਹ ਕੇ ਜਵਾਬ ਦੇਣ ਲਈ ਪ੍ਰੇਰਦੇ ਹਨ ਅਤੇ ਉਹ ਸ਼ਾਇਦ ਅਜਿਹੀਆਂ ਗੱਲਾਂ ਦੱਸਣ ਜੋ ਉੱਦਾਂ ਉਹ ਨਾ ਦੱਸਦੇ।”
15 ਮਹਾਨ ਸਿੱਖਿਅਕ ਪੁਸਤਕ ਵਿਚ 230 ਤਸਵੀਰਾਂ ਹਨ ਅਤੇ ਹਰੇਕ ਦਾ ਸਿਰਲੇਖ ਦਿੱਤਾ ਗਿਆ ਹੈ। ਇਕ ਮਾਂ ਇਸ ਪੁਸਤਕ ਲਈ ਬਹੁਤ ਧੰਨਵਾਦੀ ਹੈ। ਉਸ ਨੇ ਦੱਸਿਆ: “ਮੇਰਾ ਬੇਟਾ ਤਸਵੀਰਾਂ ਨੂੰ ਬੜੇ ਧਿਆਨ ਨਾਲ ਦੇਖਦਾ ਹੈ ਅਤੇ ਮੈਨੂੰ ਪੰਨਾ ਨਹੀਂ ਉਲਟਾਉਣ ਦਿੰਦਾ। ਇਹ ਤਸਵੀਰਾਂ ਸਿਰਫ਼ ਦੇਖਣ ਨੂੰ ਹੀ ਸੋਹਣੀਆਂ ਨਹੀਂ ਲੱਗਦੀਆਂ, ਪਰ ਇਹ ਬੱਚਿਆਂ ਨੂੰ ਕਈ ਕੁਝ ਸਿਖਾਉਂਦੀਆਂ ਵੀ ਹਨ ਅਤੇ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਪ੍ਰੇਰਦੀਆਂ ਹਨ। ਇਕ ਤਸਵੀਰ ਵਿਚ ਇਕ ਬੱਚਾ ਹਨੇਰੇ ਵਿਚ ਬੈਠਾ ਟੈਲੀਵਿਯਨ ਦੇਖ ਰਿਹਾ ਹੈ। ਮੇਰੇ ਬੇਟੇ ਨੇ ਪੁੱਛਿਆ, ‘ਮੰਮੀ, ਇਹ ਮੁੰਡਾ ਕੀ ਕਰ ਰਿਹਾ ਹੈ?’ ਉਸ ਦੇ ਪੁੱਛਣ ਦੇ ਢੰਗ ਤੋਂ ਪਤਾ ਲੱਗਦਾ ਸੀ ਕਿ ਉਹ ਸਮਝ ਗਿਆ ਕਿ ਉਹ ਮੁੰਡਾ ਕੁਝ ਗ਼ਲਤ ਕਰ ਰਿਹਾ ਸੀ।” ਇਸ ਤਸਵੀਰ ਦਾ ਸਿਰਲੇਖ ਪੁੱਛਦਾ ਹੈ: “ਸਾਨੂੰ ਹਰ ਵਕਤ ਕੌਣ ਦੇਖ ਸਕਦਾ ਹੈ?”
ਅੱਜ ਲਈ ਜ਼ਰੂਰੀ ਸਿੱਖਿਆ
16. ਅੱਜ ਬੱਚਿਆਂ ਨਾਲ ਕਿਸ ਵਿਸ਼ੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਿਉਂ?
16 ਬੱਚਿਆਂ ਨੂੰ ਗੁਪਤ ਅੰਗਾਂ ਦੀ ਸਹੀ ਅਤੇ ਗ਼ਲਤ ਵਰਤੋਂ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਪਰ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਸੌਖੀ ਨਹੀਂ ਹੈ। ਅਖ਼ਬਾਰ ਦੀ ਇਕ ਲੇਖਕ ਨੇ ਦੱਸਿਆ ਕਿ ਜਦ ਉਹ ਵੱਡੀ ਹੋ ਰਹੀ ਸੀ, ਤਾਂ ਗੁਪਤ ਅੰਗਾਂ ਦੀ ਗੱਲ ਕਰਨ ਨੂੰ ਬੁਰਾ ਸਮਝਿਆ ਜਾਂਦਾ ਸੀ। ਹੁਣ ਉਸ ਦੇ ਆਪਣੇ ਬੱਚੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਸਿੱਖਿਆ ਦੇਣ ਬਾਰੇ ਉਸ ਨੇ ਕਿਹਾ: “ਭਾਵੇਂ ਮੈਨੂੰ ਸ਼ਰਮ ਆਉਂਦੀ ਹੈ, ਫਿਰ ਵੀ ਮੈਂ ਆਪਣਾ ਮਨ ਬਣਾ ਲਿਆ ਹੈ ਕਿ ਮੈਂ ਗੱਲ ਜ਼ਰੂਰ ਕਰਾਂਗੀ।” ਜਦ ਮਾਪੇ ਸ਼ਰਮ ਦੇ ਮਾਰੇ ਸੈਕਸ ਬਾਰੇ ਗੱਲ ਨਹੀਂ ਕਰਦੇ, ਤਾਂ ਬੱਚਿਆਂ ਦੀ ਰਾਖੀ ਨਹੀਂ ਹੁੰਦੀ। ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਲੋਕ ਇਸੇ ਗੱਲ ਦਾ ਫ਼ਾਇਦਾ ਉਠਾਉਂਦੇ ਹਨ ਕਿ ਬੱਚਿਆਂ ਨੂੰ ਸੈਕਸ ਬਾਰੇ ਕੁਝ ਪਤਾ ਨਹੀਂ ਹੁੰਦਾ। ਮਹਾਨ ਸਿੱਖਿਅਕ ਪੁਸਤਕ ਵਿਚ ਇਸ ਵਿਸ਼ੇ ਨੂੰ ਸਹੀ ਢੰਗ ਨਾਲ ਸਮਝਾਇਆ ਗਿਆ ਹੈ। ਬੱਚਿਆਂ ਨੂੰ ਸੈਕਸ ਬਾਰੇ ਦੱਸਣ ਨਾਲ ਉਨ੍ਹਾਂ ਦੀ ਮਾਸੂਮੀਅਤ ਉੱਤੇ ਬੁਰਾ ਅਸਰ ਨਹੀਂ ਪੈਂਦਾ, ਪਰ ਜੇ ਤੁਸੀਂ ਇਨ੍ਹਾਂ ਗੱਲਾਂ ਬਾਰੇ ਉਨ੍ਹਾਂ ਨੂੰ ਨਾ ਦੱਸਿਆ, ਤਾਂ ਉਨ੍ਹਾਂ ਦੀ ਮਾਸੂਮੀਅਤ ਖੋਹ ਲਈ ਜਾ ਸਕਦੀ ਹੈ।
17. ਮਾਪਿਆਂ ਨੇ ਮਹਾਨ ਸਿੱਖਿਅਕ ਪੁਸਤਕ ਵਰਤ ਕੇ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਕਿਵੇਂ ਸਿਖਾਇਆ ਹੈ?
17 ਮਹਾਨ ਸਿੱਖਿਅਕ ਪੁਸਤਕ ਦੇ 10ਵੇਂ ਅਧਿਆਇ ਵਿਚ ਬੁਰੇ ਦੂਤਾਂ ਬਾਰੇ ਗੱਲ ਕੀਤੀ ਗਈ ਹੈ ਜੋ ਸਵਰਗੋਂ ਉੱਤਰ ਕੇ ਧਰਤੀ ਉੱਤੇ ਤੀਵੀਆਂ ਨਾਲ ਬੱਚੇ ਪੈਦਾ ਕਰਨ ਆਏ ਸਨ। ਬੱਚਿਆਂ ਨੂੰ ਸਵਾਲ ਪੁੱਛਿਆ ਗਿਆ ਹੈ: “ਤੁਸੀਂ ਸੈਕਸ ਬਾਰੇ ਕੀ ਜਾਣਦੇ ਹੋ?” ਫਿਰ ਪੁਸਤਕ ਵਿਚ ਸੈਕਸ ਬਾਰੇ ਸੌਖਾ ਤੇ ਸਹੀ ਜਵਾਬ ਦਿੱਤਾ ਗਿਆ ਹੈ। ਇਸ ਤੋਂ ਬਾਅਦ 32ਵੇਂ ਅਧਿਆਇ ਵਿਚ ਸਮਝਾਇਆ ਗਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ। ਕਈ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਸਿੱਖਿਆ ਕਿੰਨੀ ਜ਼ਰੂਰੀ ਹੈ। ਇਕ ਚਿੱਠੀ ਵਿਚ ਲਿਖਿਆ ਗਿਆ: “ਪਿੱਛਲੇ ਹਫ਼ਤੇ ਮੈਂ ਆਪਣੇ ਪੁੱਤਰ ਜੇਵਨ ਨੂੰ ਡਾਕਟਰਨੀ ਕੋਲ ਲੈ ਕੇ ਗਈ। ਡਾਕਟਰਨੀ ਨੇ ਪੁੱਛਿਆ ਕਿ ਕੀ ਅਸੀਂ ਗੁਪਤ ਅੰਗਾਂ ਦੀ ਵਰਤੋਂ ਬਾਰੇ ਉਸ ਨਾਲ ਗੱਲ ਕੀਤੀ ਹੈ। ਉਹ ਬਹੁਤ ਖ਼ੁਸ਼ ਹੋਈ ਜਦ ਮੈਂ ਕਿਹਾ ਕਿ ਅਸੀਂ ਆਪਣੀ ਨਵੀਂ ਕਿਤਾਬ ਰਾਹੀਂ ਇਸ ਬਾਰੇ ਉਸ ਨੂੰ ਸਮਝਾ ਚੁੱਕੇ ਹਾਂ।”
18. ਮਹਾਨ ਸਿੱਖਿਅਕ ਪੁਸਤਕ ਵਿਚ ਦੇਸ਼-ਭਗਤੀ ਦੇ ਸੰਬੰਧ ਵਿਚ ਕਿਹੜੀ ਸਿੱਖਿਆ ਦਿੱਤੀ ਜਾਂਦੀ ਹੈ?
18 ਇਕ ਹੋਰ ਅਧਿਆਇ ਵਿਚ ਬਾਈਬਲ ਤੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨਾਂ ਦੇ ਤਿੰਨ ਇਬਰਾਨੀ ਮੁੰਡਿਆਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਨੇ ਬਾਬਲੀ ਸਾਮਰਾਜ ਦਰਸਾਉਣ ਵਾਲੀ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ ਸੀ। (ਦਾਨੀਏਲ 3:1-30) ਮਹਾਨ ਸਿੱਖਿਅਕ ਕਿਤਾਬ ਵਿਚ ਮੂਰਤੀ ਨੂੰ ਮੱਥਾ ਟੇਕਣਾ ਝੰਡੇ ਨੂੰ ਸਲੂਟ ਮਾਰਨ ਦੇ ਬਰਾਬਰ ਦੱਸਿਆ ਗਿਆ ਹੈ। ਪਰ ਕਈ ਲੋਕ ਸ਼ਾਇਦ ਇਸ ਗੱਲ ਨੂੰ ਨਾ ਮੰਨਣ। ਫਿਰ ਵੀ, ਧਿਆਨ ਦਿਓ ਕਿ ਇਕ ਲੇਖਕ ਨੇ ਅਮਰੀਕੀ ਕੈਥੋਲਿਕ ਰਸਾਲੇ ਨੂੰ ਇੰਟਰਵਿਊ ਵਿਚ ਕੀ ਕਿਹਾ ਸੀ। ਉਸ ਨੇ ਦੱਸਿਆ ਕਿ ਸਕੂਲ ਦੇ ਪਹਿਲੇ ਦਿਨ ਤੋਂ ਬਾਅਦ ਜਦ ਉਸ ਦੀ ਧੀ ਘਰ ਆਈ, ਤਾਂ ਉਸ ਨੇ ਕਿਹਾ ਕਿ ਉਹ ਅੱਜ “ਸਕੂਲ ਵਿਚ ਨਵੀਂ ਪ੍ਰਾਰਥਨਾ” ਸਿੱਖ ਕੇ ਆਈ ਹੈ। ਉਸ ਦੇ ਪਿਤਾ ਨੇ ਉਸ ਨੂੰ ਉਹ ਪ੍ਰਾਰਥਨਾ ਸੁਣਾਉਣ ਲਈ ਕਿਹਾ। ਉਹ ਦੱਸਦਾ ਹੈ: “ਆਪਣੀ ਛਾਤੀ ਤੇ ਹੱਥ ਰੱਖ ਕੇ ਉਹ ਫ਼ਖ਼ਰ ਨਾਲ ਕਹਿਣ ਲੱਗੀ ‘ਮੈਂ ਝੰਡੇ ਦੀ ਭਗਤੀ ਕਰਾਂਗੀ।’” ਉਸ ਦੇ ਪਿਤਾ ਨੇ ਅੱਗੇ ਕਿਹਾ: “ਮੇਰੇ ਮਨ ਵਿਚ ਇਕਦਮ ਇਕ ਗੱਲ ਆਈ। ਯਹੋਵਾਹ ਦੇ ਗਵਾਹ ਬਿਲਕੁਲ ਸਹੀ ਹਨ। ਸਕੂਲਾਂ ਵਿਚ ਛੋਟੇ ਹੁੰਦਿਆਂ ਹੀ ਸਾਡੇ ਬੱਚਿਆਂ ਨੂੰ ਦੇਸ਼-ਭਗਤੀ ਕਰਨੀ ਸਿਖਾਈ ਜਾਂਦੀ ਹੈ।”
ਮਿਹਨਤ ਕਰਨ ਦੇ ਲਾਭ
19. ਬੱਚਿਆਂ ਨੂੰ ਸਿੱਖਿਆ ਦੇਣ ਦੇ ਕਿਹੜੇ ਲਾਭ ਹੁੰਦੇ ਹਨ?
19 ਮਾਪਿਓ, ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਆਪਣੀ ਪੂਰੀ ਵਾਹ ਲਾਓ। ਤੁਹਾਡੀ ਮਿਹਨਤ ਵਿਅਰਥ ਨਹੀਂ ਹੋਵੇਗੀ। ਅਮਰੀਕਾ ਵਿਚ ਰਹਿੰਦੀ ਇਕ ਮਾਂ ਦੀਆਂ ਅੱਖਾਂ ਭਰ ਆਈਆਂ ਜਦ ਉਸ ਨੇ ਆਪਣੇ ਮੁੰਡੇ ਤੋਂ ਇਹ ਚਿੱਠੀ ਪੜ੍ਹੀ: “ਮੈਂ ਕਿੰਨਾ ਖ਼ੁਸ਼ ਹਾਂ ਕਿ ਤੁਸੀਂ ਮੇਰੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ। ਤੁਸੀਂ ਮੈਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿਖਾਇਆ। ਮੈਂ ਤੁਹਾਨੂੰ ਇਸ ਗੱਲ ਦੀ ਦਾਦ ਦਿੰਦਾ ਹਾਂ।” (ਕਹਾਉਤਾਂ 31:28) ਮਹਾਨ ਸਿੱਖਿਅਕ ਪੁਸਤਕ ਦੀ ਮਦਦ ਨਾਲ ਹੋਰ ਮਾਪੇ ਵੀ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਨ ਅਤੇ ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰ ਸਕਦੇ ਹਨ।
20. ਮਾਪਿਆਂ ਨੂੰ ਹਮੇਸ਼ਾ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਉਨ੍ਹਾਂ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?
20 ਸਾਡੇ ਬੱਚੇ ਅਨਮੋਲ ਹਨ! ਧਿਆਨ ਨਾਲ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਸਮਾਂ ਲਾਉਣਾ ਅਤੇ ਮਿਹਨਤ ਕਰਨੀ ਜ਼ਰੂਰੀ ਹੈ। ਉਹ ਬਹੁਤ ਜਲਦੀ ਵੱਡੇ ਹੋ ਜਾਂਦੇ ਹਨ। ਉਨ੍ਹਾਂ ਨਾਲ ਸਮਾਂ ਗੁਜ਼ਾਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉਠਾਓ। ਇਸ ਤਰ੍ਹਾਂ ਕਰ ਕੇ ਤੁਸੀਂ ਕਦੀ ਨਹੀਂ ਪਛਤਾਓਗੇ। ਉਹ ਤੁਹਾਨੂੰ ਪਿਆਰ ਕਰਨਗੇ। ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੱਚੇ ਪਰਮੇਸ਼ੁਰ ਦਾ ਵਰਦਾਨ ਹਨ। (ਜ਼ਬੂਰਾਂ ਦੀ ਪੋਥੀ 127:3-5) ਉਨ੍ਹਾਂ ਨਾਲ ਇਸ ਤਰ੍ਹਾਂ ਸਲੂਕ ਕਰੋ ਜਿਵੇਂ ਕਿ ਤੁਸੀਂ ਉਨ੍ਹਾਂ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ ਕਿਉਂਕਿ ਹਕੀਕਤ ਇਹ ਹੈ ਕਿ ਤੁਸੀਂ ਉਨ੍ਹਾਂ ਲਈ ਜ਼ਿੰਮੇਵਾਰ ਹੋ।
[ਫੁਟਨੋਟ]
a ਇਹ ਪੁਸਤਕ (Learn From the Great Teacher) ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਇਸ ਦੇ 40ਵੇਂ ਅਧਿਆਇ ਦਾ ਵਿਸ਼ਾ ਹੈ “ਯਹੋਵਾਹ ਨੂੰ ਖ਼ੁਸ਼ ਕਿਵੇਂ ਕੀਤਾ ਜਾ ਸਕਦਾ ਹੈ।”
-