“ਡੂੰਘੇ ਪਾਣੀ” ਨੂੰ ਕੱਢਣਾ
ਇਕ ਬਾਈਬਲ ਕਹਾਵਤ ਕਹਿੰਦੀ ਹੈ: “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” (ਕਹਾਉਤਾਂ 20:5) ਬਾਈਬਲ ਸਮਿਆਂ ਵਿਚ ਪਾਣੀ ਪ੍ਰਾਪਤ ਕਰਨਾ ਅੱਜ ਕਈ ਦੇਸ਼ਾਂ ਵਿਚ ਪਾਣੀ ਪ੍ਰਾਪਤ ਕਰਨ ਨਾਲੋਂ ਕਿਤੇ ਹੀ ਜ਼ਿਆਦਾ ਮੁਸ਼ਕਲ ਸੀ। ਜਦੋਂ ਯਿਸੂ ਨੇ ਸਾਮਰੀ ਤੀਵੀਂ ਨਾਲ ਗੱਲ ਕੀਤੀ, ਤਾਂ ਉਹ ਯਾਕੂਬ ਦੇ ਖੂਹ ਵਿੱਚੋਂ ਪਾਣੀ ਕੱਢ ਰਹੀ ਸੀ, ਜੋ ਲਗਭਗ 23 ਮੀਟਰ ਡੂੰਘਾ ਸੀ!—ਯੂਹੰਨਾ 4:5-15.
ਜਿਵੇਂ ਕਹਾਉਤਾਂ 20:5 ਸੰਕੇਤ ਕਰਦਾ ਹੈ, ਕਿਸੇ ਵਿਅਕਤੀ ਦੇ ਦਿਲ ਵਿੱਚੋਂ ਡੂੰਘੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕੱਢਣ ਲਈ ਜਿਸ ਸਮਝ ਦੀ ਲੋੜ ਹੈ, ਉਹ ਕਾਫ਼ੀ ਹੱਦ ਤਕ ਖੂਹ ਵਿੱਚੋਂ ਪਾਣੀ ਕੱਢਣ ਲਈ ਲੋੜੀਂਦੇ ਜਤਨ ਦੇ ਸਮਾਨ ਹੈ। ਇਹ ਜੀਵਨ ਦੇ ਜ਼ਿਆਦਾਤਰ ਖੇਤਰਾਂ ਵਿਚ ਸੱਚ ਹੈ। ਉਦਾਹਰਣ ਲਈ, ਸੰਭਵ ਹੈ ਕਿ ਤੁਸੀਂ ਉਨ੍ਹਾਂ ਵਿਅਕਤੀਆਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੇ ਕਈ ਸਾਲਾਂ ਦੌਰਾਨ ਗਿਆਨ ਅਤੇ ਤਜਰਬਿਆਂ ਦਾ ਧਨ ਇਕੱਠਾ ਕੀਤਾ ਹੈ। ਜੇਕਰ ਇਹ ਵਿਅਕਤੀ ਬਿਨਾਂ ਮੰਗੇ ਸਲਾਹ ਦੇਣ ਵੱਲ ਝੁਕਾਉ ਨਹੀਂ ਰੱਖਦੇ ਹਨ, ਤਾਂ ਤੁਹਾਨੂੰ ਸ਼ਾਇਦ ਉਨ੍ਹਾਂ ਵਿੱਚੋਂ ਸਲਾਹਾਂ ਕੱਢਣ ਦੀ ਲੋੜ ਪਵੇ। ਰੁਚੀ ਦਿਖਾਉਣ ਦੁਆਰਾ, ਸਵਾਲ ਪੁੱਛਣ ਦੁਆਰਾ, ਅਤੇ ਸਮਝਦਾਰੀ ਨਾਲ ਪੁੱਛ-ਗਿੱਛ ਕਰਨ ਦੁਆਰਾ, ਤੁਸੀਂ ਮਾਨੋ ਆਪਣੀ ਬਾਲਟੀ ਬੁੱਧ ਦੇ ਡੂੰਘੇ ਖੂਹ ਵਿਚ ਉਤਾਰੋਗੇ।
ਕਹਾਉਤਾਂ 20:5 ਦੀ ਸਲਾਹ ਪਰਿਵਾਰ ਵਿਚ ਵੀ ਲਾਗੂ ਹੁੰਦੀ ਹੈ। ਅਕਸਰ, ਪਤਨੀਆਂ ਇਹ ਕਹਿੰਦੀਆਂ ਹੋਈਆਂ ਸੁਣੀਆਂ ਗਈਆਂ ਹਨ: “ਮੇਰਾ ਪਤੀ ਮੈਨੂੰ ਨਹੀਂ ਦੱਸਦਾ ਹੈ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ!” ਇਕ ਪਤੀ ਸ਼ਾਇਦ ਕਹੇ: “ਮੇਰੀ ਪਤਨੀ ਮੇਰੇ ਨਾਲ ਗੱਲ ਕਰਨੀ ਛੱਡ ਦਿੰਦੀ ਹੈ!” ਅਜਿਹੀਆਂ ਹਾਲਤਾਂ ਵਿਚ, ਵਿਆਹੁਤਾ ਸਾਥੀ ਦੇ ਦਿਲ ਦੀ ਡੂੰਘਾਈ ਵਿਚ ਵਸੇ ਵਿਚਾਰਾਂ ਨੂੰ ਕੱਢਣ ਲਈ ਸਮਝ ਦੀ ਲੋੜ ਪੈਂਦੀ ਹੈ। ਸਮਝਦਾਰੀ ਭਰੇ ਸਵਾਲ (ਕੀ ਤੁਹਾਡਾ ਦਿਨ ਔਖਾ ਰਿਹਾ? ਕੀ ਹੋਇਆ? ਮੈਂ ਕਿਸ ਤਰ੍ਹਾਂ ਮਦਦ ਕਰ ਸਕਦਾ ਹਾਂ?) ਅਕਸਰ ਦਿਲੀ ਸੰਚਾਰ ਸ਼ੁਰੂ ਕਰ ਸਕਦੇ ਹਨ। ਅਜਿਹੀ ਸਮਝਦਾਰੀ ਵਿਆਹ ਬੰਧਨ ਨੂੰ ਮਜ਼ਬੂਤ ਕਰੇਗੀ, ਜੋ ਦੋਵੇਂ ਪਤੀ ਅਤੇ ਪਤਨੀ ਦੇ ਫ਼ਾਇਦੇ ਲਈ ਹੋਵੇਗੀ।