ਸੁਰੱਖਿਅਤ ਭਵਿੱਖ ਵਾਲੇ ਨੌਜਵਾਨ
“ਬੇਹੱਦ ਘਟੀਆ ਅਤੇ ਘਿਣਾਉਣਾ [ਬਲਾਤਕਾਰ]”—ਇਨ੍ਹਾਂ ਸ਼ਬਦਾਂ ਵਿਚ ਹਾਲ ਹੀ ਵਿਚ ਹੋਏ ਇਕ ਮੁਕੱਦਮੇ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਨੇ ਇਸ ਅਪਰਾਧ ਦਾ ਵਰਣਨ ਕੀਤਾ। 14 ਤੋਂ 18 ਸਾਲ ਦੀ ਉਮਰ ਵਾਲੇ ਅੱਠ ਕਿਸ਼ੋਰਾਂ ਦੇ ਇਕ ਟੋਲੇ ਨੇ ਲੰਡਨ ਦੇ ਅੰਦਰੂਨੀ ਇਲਾਕੇ ਵਿਚ ਇਕ ਸੈਲਾਨੀ ਔਰਤ ਉੱਤੇ ਛੁਪ ਕੇ ਹਮਲਾ ਕਰ ਕੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ, ਅਤੇ ਫਿਰ ਉਸ ਨੂੰ ਨੇੜੇ ਇਕ ਨਹਿਰ ਵਿਚ ਸੁੱਟ ਦਿੱਤਾ ਹਾਲਾਂਕਿ ਉਸ ਨੇ ਕਿਹਾ ਕਿ ਉਹ ਤੈਰ ਨਹੀਂ ਸਕਦੀ ਸੀ। ਸਮਝਣਯੋਗ ਹੈ ਕਿ ਇਨ੍ਹਾਂ ਕਿਸ਼ੋਰਾਂ ਵਿੱਚੋਂ ਇਕ ਦੀ ਮਾਂ ਨੇ ਕਿਹਾ ਕਿ ਜਦੋਂ ਉਸ ਨੇ ਟੀ. ਵੀ. ਉੱਤੇ ਆਪਣੇ ਪੁੱਤਰ ਦੀ ਕਰਤੂਤ ਬਾਰੇ ਖ਼ਬਰ ਸੁਣੀ ਤਾਂ ਉਹ ਬੇਹਾਲ ਹੋ ਗਈ।
ਦੁੱਖ ਦੀ ਗੱਲ ਹੈ, ਇਹ ਘਟਨਾ ਉਹ ਦਿਖਾਉਂਦਾ ਹੈ ਜੋ ਅੱਜ ਸਮਾਜ ਵਿਚ ਹੋ ਰਿਹਾ ਹੈ। ਕਰੂਰਤਾ ਆਮ ਗੱਲ ਬਣ ਗਈ ਹੈ, ਭਾਵੇਂ ਇਹ ਅਪਰਾਧ, ਘਰੇਲੂ ਲੜਾਈ-ਝਗੜੇ, ਜਾਂ ਬਾਲਕਨ, ਕੇਂਦਰੀ ਅਤੇ ਪੱਛਮੀ ਅਫ਼ਰੀਕਾ, ਅਤੇ ਦੂਜੀਆਂ ਥਾਵਾਂ ਦੇ ਨਸਲੀ ਦੰਗਿਆਂ-ਫ਼ਸਾਦਾਂ ਵਿਚ ਹੋਵੇ। ਨੌਜਵਾਨ ਅਜਿਹੇ ਹਾਲਾਤ ਵਿਚ ਪਲਦੇ ਹਨ, ਜਾਂ ਉਹ ਇਨ੍ਹਾਂ ਬਾਰੇ ਅਕਸਰ ਸੁਣਦੇ ਹਨ। ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਹੁਤ ਸਾਰੇ ਨੌਜਵਾਨ ਬੇਰਹਿਮ ਬਣਦੇ ਹਨ, ਅਤੇ ‘ਨਿਰਮੋਹੇ’ ਤੇ “ਅਸੰਜਮੀ” ਹਨ।—2 ਤਿਮੋਥਿਉਸ 3:3.
“ਕਰੜੇ”
ਮਸੀਹੀ ਰਸੂਲ ਪੌਲੁਸ ਦੇ ਆਪਣੇ ਸੰਗੀ ਬਜ਼ੁਰਗ ਤਿਮੋਥਿਉਸ ਨੂੰ ਆਪਣੀ ਦੂਜੀ ਪੱਤਰੀ ਲਿਖਣ ਦੇ ਵੇਲੇ ਰੋਮ ਪ੍ਰਬਲ ਵਿਸ਼ਵ ਸ਼ਕਤੀ ਸੀ। ਰੋਮੀ ਅਖਾੜਿਆਂ ਵਿਚ ਕਰੂਰਤਾ ਅਤੇ ਦਰਿੰਦਗੀ ਆਮ ਸੀ। ਫਿਰ ਵੀ, ਪੌਲੁਸ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਸਮੇਂ “ਭੈੜੇ” ਹੋ ਜਾਣਗੇ। (2 ਤਿਮੋਥਿਉਸ 3:1) ਦਿਲਚਸਪੀ ਦੀ ਗੱਲ ਹੈ ਕਿ ਇਨ੍ਹਾਂ ਸਮਿਆਂ ਨੂੰ “ਭੈੜੇ” ਵਰਣਨ ਕਰਨ ਵਾਲਾ ਯੂਨਾਨੀ ਸ਼ਬਦ ਇਨ੍ਹਾਂ ਦੇ “ਕਰੜੇ” ਹੋਣ ਦਾ ਵਿਚਾਰ ਵੀ ਰੱਖਦਾ ਹੈ। 30 ਤੋਂ ਵੱਧ ਸਾਲ ਪਹਿਲਾਂ ਯਿਸੂ ਦੀ ਪਾਰਥਿਵ ਸੇਵਕਾਈ ਦੌਰਾਨ ਦੀ ਇਕ ਘਟਨਾ ਦਿਖਾਉਂਦੀ ਹੈ ਕਿ ਉਹ ਦੇ ਸਮੇਂ ਵਿਚ ਕੁਝ ਵਹਿਸ਼ਤ ਦੇ ਪਿੱਛੇ ਕਿਸ ਦਾ ਹੱਥ ਸੀ।
ਯਿਸੂ ਹੁਣੇ-ਹੁਣੇ ਕਿਸ਼ਤੀ ਵਿਚ ਗਲੀਲ ਦੀ ਝੀਲ ਦੇ ਪੂਰਬੀ ਕੰਢੇ ਤੇ ਪਹੁੰਚਿਆ ਸੀ। ਜਿਉਂ ਹੀ ਉਸ ਨੇ ਕੰਢੇ ਉੱਤੇ ਕਦਮ ਰੱਖਿਆ, ਦੋ ਆਦਮੀ ਉਸ ਦੇ ਸਾਮ੍ਹਣੇ ਆਏ। ਉਨ੍ਹਾਂ ਦੀਆਂ ਜੰਗਲੀ ਸ਼ਕਲਾਂ ਅਤੇ ਚੀਕਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਚ ਕੁਝ ਵੱਡੀ ਖ਼ਰਾਬੀ ਸੀ। ਉਹ “ਐਡੇ ਕਰੜੇ” ਸਨ, ਅਸਲ ਵਿਚ, ਉਨ੍ਹਾਂ ਤੇ ਭੂਤ ਸਵਾਰ ਸਨ।a ਉਨ੍ਹਾਂ ਦੀਆਂ ਚਿਲਾਈਆਂ ਗੱਲਾਂ ਦੁਸ਼ਟ ਆਤਮਾਵਾਂ ਤੋਂ ਆਉਂਦੀਆਂ ਸਨ ਜੋ ਉਨ੍ਹਾਂ ਦੇ ਹਿੰਸਕ ਕੰਮਾਂ ਉੱਤੇ ਕਾਬੂ ਰੱਖਦੀਆਂ ਸਨ। “ਹੇ ਪਰਮੇਸ਼ੁਰ ਦੇ ਪੁੱਤ੍ਰ ਤੇਰਾ ਸਾਡੇ ਨਾਲ ਕੀ ਕੰਮ?” ਆਦਮੀਆਂ ਨੇ ਚਿਲਾਇਆ। “ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ ਐਥੇ ਆਇਆ ਹੈਂ?” ਇਨ੍ਹਾਂ ਦੋਵਾਂ ਨੂੰ ਕਾਬੂ ਕਰਨ ਵਾਲੀਆਂ ਦੁਸ਼ਟ ਆਤਮਾਵਾਂ ਪੂਰੀ ਤਰ੍ਹਾਂ ਜਾਣਦੀਆਂ ਸਨ ਕਿ ਪਰਮੇਸ਼ੁਰ ਨੇ ਪਿਸ਼ਾਚਾਂ ਉੱਤੇ ਆਪਣਾ ਨਿਆਉਂ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਇਕ ਸਮਾਂ ਨਿਸ਼ਚਿਤ ਕਰ ਲਿਆ ਸੀ। ਇਸ ਦਾ ਅਰਥ ਉਨ੍ਹਾਂ ਦਾ ਸਦੀਪਕ ਵਿਨਾਸ਼ ਹੋਵੇਗਾ। ਪਰ ਉਦੋਂ ਤਕ ਉਨ੍ਹਾਂ ਨੇ ਘੋਰ ਹਿੰਸਾ ਫੈਲਾਉਣ ਲਈ ਆਪਣੀਆਂ ਅਲੌਕਿਕ ਯੋਗਤਾਵਾਂ ਨੂੰ ਵਰਤਦੇ ਰਹਿਣਾ ਸੀ। ਇਨ੍ਹਾਂ ਪਿਸ਼ਾਚਾਂ ਨੂੰ ਬਾਹਰ ਕੱਢਣ ਦੀ ਕੇਵਲ ਯਿਸੂ ਦੀ ਚਮਤਕਾਰੀ ਕਾਰਵਾਈ ਹੀ ਨੇ ਇਨ੍ਹਾਂ ਦੋ ਆਦਮੀਆਂ ਨੂੰ ਰਾਹਤ ਦਿੱਤੀ।—ਮੱਤੀ 8:28-32; ਯਹੂਦਾਹ 6.
ਅੱਜ ਜਦੋਂ ਲੋਕ, ਅਤੇ ਨੌਜਵਾਨ ਵੀ, ਪਾਗਲਾਂ ਵਾਂਗ ਵਿਵਹਾਰ ਕਰਦੇ ਹਨ, ਤਾਂ ਅਸੀਂ ਉਸ ਘਟਨਾ ਨੂੰ ਯਾਦ ਕਰ ਸਕਦੇ ਹਾਂ। ਕਿਉਂ? ਕਿਉਂਕਿ ਇਸ 20ਵੀਂ ਸਦੀ ਵਿਚ, ਅਸੀਂ ਇਕ ਸੰਬੰਧਿਤ ਖ਼ਤਰੇ ਦਾ ਸਾਮ੍ਹਣਾ ਕਰਦੇ ਹਾਂ, ਜਿਵੇਂ ਕਿ ਬਾਈਬਲ ਦੀ ਆਖ਼ਰੀ ਪੋਥੀ, ਪਰਕਾਸ਼ ਦੀ ਪੋਥੀ ਸਮਝਾਉਂਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਕਿਰਪਾ ਕਰ ਕੇ ਧਿਆਨ ਦਿਓ ਕਿ ਇਸ ਅਪਮਾਨ ਕਾਰਨ ਸ਼ਤਾਨ ਨੂੰ “ਵੱਡਾ ਕ੍ਰੋਧ” ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਕੋਲ ਥੋੜ੍ਹਾ ਹੀ ਸਮਾਂ ਰਹਿੰਦਾ ਹੈ।
ਹਮਲੇ ਹੇਠ
ਜਿਵੇਂ ਕਿ ਇਸ ਰਸਾਲੇ ਦੇ ਸਫ਼ਿਆਂ ਵਿਚ ਅਕਸਰ ਜ਼ਿਕਰ ਕੀਤਾ ਜਾਂਦਾ ਹੈ, ਸਾਲ 1914 ਵਿਚ ਮਸੀਹ ਯਿਸੂ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸਿੰਘਾਸਣ ਉੱਤੇ ਬੈਠਿਆ। ਯਿਸੂ ਨੇ ਫ਼ੌਰਨ ਪਰਮੇਸ਼ੁਰ ਦੇ ਮੁੱਖ ਵੈਰੀ, ਸ਼ਤਾਨ ਵਿਰੁੱਧ ਕਦਮ ਚੁੱਕੇ। ਇਸ ਤਰ੍ਹਾਂ, ਇਬਲੀਸ ਅਤੇ ਉਸ ਦੇ ਪਿਸ਼ਾਚਾਂ ਨੂੰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ, ਅਤੇ ਉਹ ਹੁਣ ਆਪਣਾ ਪੂਰਾ ਧਿਆਨ ਇਸ ਧਰਤੀ ਉੱਤੇ ਕੇਂਦ੍ਰਿਤ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 12:7-9) ਉਸ ਦੇ ਪ੍ਰਭਾਵ ਦਾ ਖੇਤਰ ਬਹੁਤ ਹੱਦ ਤਕ ਸੀਮਿਤ ਕੀਤੇ ਜਾਣ ਦੇ ਕਾਰਨ, ਸ਼ਤਾਨ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ।” (1 ਪਤਰਸ 5:8) ਕੌਣ ਉਸ ਲਈ ਆਸਾਨੀ ਦੇ ਸ਼ਿਕਾਰ ਹਨ? ਕੀ ਇਹ ਸਮਝਣਯੋਗ ਨਹੀਂ ਕਿ ਖ਼ਾਸ ਤੌਰ ਤੇ ਇਹ ਉਹ ਲੋਕ ਹੋਣਗੇ ਜਿਨ੍ਹਾਂ ਕੋਲ ਜੀਵਨ ਅਤੇ ਮਾਨਵ ਰਿਸ਼ਤਿਆਂ ਵਿਚ ਘੱਟ ਤਜਰਬਾ ਹੈ? ਇਸ ਲਈ ਅੱਜ ਨੌਜਵਾਨ ਲੋਕ ਇਬਲੀਸ ਦੇ ਨਿਸ਼ਾਨੇ ਬਣ ਗਏ ਹਨ। ਆਪਣੇ ਜ਼ਿਆਦਾਤਰ ਸੰਗੀਤ ਅਤੇ ਮੌਜ-ਮਸਤੀ ਦੁਆਰਾ, ਉਹ ਇਸ ਅਦਿੱਖ ਚਲਾਕ ਚਾਲਬਾਜ਼ ਦੇ ਵੱਸ ਵਿਚ ਆ ਜਾਂਦੇ ਹਨ।—ਅਫ਼ਸੀਆਂ 6:11, 12.
ਜਦੋਂ ਨੌਜਵਾਨ ਆਪਣੇ ਜੀਵਨ ਵਿਚ ਸਫ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਉਦੋਂ ਵੀ ਉਹ ਦਿੱਕਤ ਮਹਿਸੂਸ ਕਰਦੇ ਹਨ। ਦੂਸਰੇ ਵਿਸ਼ਵ ਯੁੱਧ ਦੇ ਅੰਤ ਤੋਂ, ਯੁੱਧ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਖ਼ੁਸ਼ਹਾਲ ਜੀਵਨ-ਢੰਗ ਪੇਸ਼ ਕਰਨ ਦੇ ਦੁਆਰਾ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੌਤਿਕ ਸੰਪਤੀ, ਅਰੋਕ ਮੌਜ-ਮਸਤੀ, ਅਤੇ ਮਨੋਰੰਜਨ ਮੁੱਖ ਟੀਚੇ ਬਣ ਗਏ ਹਨ। ਨਤੀਜੇ ਵਜੋਂ, ਅਨੇਕਾਂ ਨੂੰ ਦੁੱਖ ਸਹਾਰਨੇ ਪਏ ਹਨ। “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ,” ਪੌਲੁਸ ਨੇ ਤਿਮੋਥਿਉਸ ਨੂੰ ਚੇਤਾਵਨੀ ਦਿੱਤੀ, ‘ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕਾਂ ਨੇ ਉਹ ਨੂੰ ਲੋਚਦਿਆਂ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।’ (1 ਤਿਮੋਥਿਉਸ 6:9, 10) ਆਮ ਤੌਰ ਤੇ, ਅਸੀਂ ਅੱਜ-ਕੱਲ੍ਹ ਦੇ ਭੌਤਿਕਵਾਦੀ ਸਮਾਜ ਦੇ ਲੋਕਾਂ ਨੂੰ ਆਰਥਿਕ, ਮਾਲੀ, ਅਤੇ ਭਾਵਾਤਮਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹੇ ਹੋਏ ਦੇਖਦੇ ਹਾਂ। ਇਨ੍ਹਾਂ ਵਿਚ ਬਹੁਤ ਸਾਰੇ ਨੌਜਵਾਨ ਹਨ, ਜੋ ਪਰਮੇਸ਼ੁਰ ਦੇ ਮੁੱਖ ਵੈਰੀ ਦੀ ਇਸ ਚਾਲ ਦੇ ਸ਼ਿਕਾਰ ਹਨ।
ਪਰੰਤੂ, ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਖ਼ੁਸ਼ ਖ਼ਬਰੀ ਹੈ। ਅਤੇ ਇਹ ਉਨ੍ਹਾਂ ਨੌਜਵਾਨਾਂ ਨਾਲ ਸੰਬੰਧਿਤ ਹੈ, ਜਿਨ੍ਹਾਂ ਦੇ ਅੱਗੇ ਇਕ ਸੁਰੱਖਿਅਤ ਭਵਿੱਖ ਹੈ। ਇਹ ਕਿਵੇਂ ਹੋ ਸਕਦਾ ਹੈ?
ਢੂੰਡੋ ਅਤੇ ਤੁਹਾਨੂੰ ਲੱਭੇਗਾ
ਕਈਆਂ ਨੌਜਵਾਨਾਂ ਦੇ ਉੱਚੇ ਆਦਰਸ਼ ਹਨ। ਉਹ ਬਾਲਗਾਂ ਦਰਮਿਆਨ ਆਮ ਵਿਗੜਦੇ ਮਿਆਰਾਂ ਨੂੰ ਠੁਕਰਾਉਂਦੇ ਹਨ। ਉਹ ਤਾਕਤ ਦੇ ਭੁੱਖੇ ਸਿਆਸਤਦਾਨਾਂ ਅਤੇ ਵਪਾਰੀਆਂ ਦੇ ਅਨਿਆਉਂ ਅਤੇ ਕਠੋਰ ਰਵੱਈਏ ਤੋਂ ਘਿਰਣ ਕਰਦੇ ਹਨ। ਜੇਕਰ ਤੁਸੀਂ ਇਕ ਨੌਜਵਾਨ ਹੋ, ਤਾਂ ਸ਼ਾਇਦ ਤੁਸੀਂ ਵੀ ਅਜਿਹਾ ਹੀ ਮਹਿਸੂਸ ਕਰਦੇ ਹੋ।
ਸੇਡ੍ਰਿਕ ਦੀ ਮਿਸਾਲ ਲਓ, ਕਿਸ਼ੋਰ-ਅਵਸਥਾ ਦੇ ਮਗਰਲੇ ਸਾਲਾਂ ਦਾ ਇਕ ਨੌਜਵਾਨ, ਜਿਸ ਦਾ ਅਨੁਭਵ ਹਰਗਿਜ਼ ਅਸਾਧਾਰਣ ਨਹੀਂ ਹੈ।b ਇਕ ਬੱਚੇ ਵਜੋਂ ਉਸ ਨੂੰ ਬਹੁਤ ਸਾਰੇ ਡਰ ਸਨ ਅਤੇ ਮੌਤ ਦਾ ਡਰ ਵੀ। ਉਸ ਨੇ ਜੀਵਨ ਦੇ ਮਕਸਦ ਬਾਰੇ ਸੋਚਿਆ। 15 ਸਾਲ ਦੀ ਉਮਰ ਤਕ ਆਪਣੇ ਸਵਾਲਾਂ ਦੇ ਜਵਾਬ ਨਾ ਪਾਉਣ ਤੇ, ਉਹ ਦੂਜੇ ਆਦਰਸ਼ਵਾਦੀ ਨੌਜਵਾਨਾਂ ਦੀ ਸੰਗਤ ਵਿਚ ਜੀਵਨ ਬਾਰੇ ਸੋਚ-ਵਿਚਾਰ ਕਰਨ ਲੱਗ ਪਿਆ। “ਅਸੀਂ ਨਸ਼ੀਲੀ ਦਵਾਈ ਦੀ ਵਰਤੋਂ ਕਰਦੇ ਅਤੇ ਘੰਟਿਆਂ ਬੱਧੇ ਬੈਠੇ ਗੱਲਾਂ ਮਾਰਦੇ ਰਹਿੰਦੇ ਸੀ,” ਉਹ ਯਾਦ ਕਰਦਾ ਹੈ। “ਸਾਨੂੰ ਇੱਦਾਂ ਲੱਗਦਾ ਸੀ ਕਿ ਸਾਰੇ ਇੱਕੋ ਸਮਾਨ ਸਾਡੇ ਵਰਗੇ ਸੋਚਦੇ ਸਨ, ਪਰ ਜਵਾਬ ਕਿਸੇ ਕੋਲ ਵੀ ਨਹੀਂ ਸੀ।”
ਸੇਡ੍ਰਿਕ, ਬਹੁਤ ਸਾਰੇ ਨੌਜਵਾਨਾਂ ਦੀ ਤਰ੍ਹਾਂ, ਮਜ਼ਿਆਂ ਦੀ ਲਾਲਸਾ ਕਰਦਾ ਸੀ। ਕੇਵਲ ਨਸ਼ੀਲੀਆਂ ਦਵਾਈਆਂ ਤੋਂ ਉਹ ਸੰਤੁਸ਼ਟ ਨਹੀਂ ਸੀ। ਥੋੜ੍ਹੇ ਹੀ ਸਮੇਂ ਵਿਚ ਉਹ ਚੋਰੀ ਅਤੇ ਨਸ਼ੀਲੀਆਂ ਦਵਾਈਆਂ ਦੇ ਧੰਦੇ ਵਿਚ ਲੱਗ ਪਿਆ। ਫਿਰ ਵੀ ਉਸ ਨੇ ਨਵੇਂ ਮਜ਼ਿਆਂ ਦੀ ਭਾਲ ਕੀਤੀ। ਉਹ ਮੰਗਵਾਈਆਂ ਚੀਜ਼ਾਂ ਚੋਰੀ ਕਰਨ ਲੱਗਾ। “ਮੈਨੂੰ ਇਹ ਬਹੁਤ ਮਸਤ ਲੱਗਦਾ ਸੀ,” ਉਹ ਕਬੂਲ ਕਰਦਾ ਹੈ। “ਪਰੰਤੂ ਮੈਂ ਕਦੇ ਕਿਸੇ ਆਮ ਆਦਮੀ ਦੀ ਕੋਈ ਚੀਜ਼ ਨਹੀਂ ਚੁਰਾਈ। ਜੇ ਮੈਂ ਇਕ ਕਾਰ ਚੁਰਾਉਂਦਾ, ਤਾਂ ਮੈਂ ਉਸ ਨੂੰ ਚੰਗੀ ਹਾਲਾਤ ਵਿਚ ਛੱਡ ਦਿੰਦਾ। ਜੇ ਮੈਂ ਕਿਸੇ ਦੁਕਾਨ ਵਿਚ ਚੋਰੀ ਕਰਦਾ ਸੀ, ਤਾਂ ਮੈਂ ਸਿਰਫ਼ ਉੱਥੇ ਹੀ ਕਰਦਾ ਜਿੱਥੇ ਮੈਨੂੰ ਪਤਾ ਹੁੰਦਾ ਕਿ ਉਹ ਬੀਮਾਸ਼ੁਦਾ ਸਨ। ਇਸ ਗੱਲ ਨੇ ਮੇਰੀ ਚੋਰੀ ਨੂੰ ਠੀਕ ਸਿੱਧ ਕਰਨ ਵਿਚ ਮਦਦ ਕੀਤੀ।” ਜਿਵੇਂ ਕਿ ਤੁਸੀਂ ਅਨੁਮਾਨ ਲਗਾਇਆ ਹੋਵੇਗਾ, ਸੇਡ੍ਰਿਕ ਅੰਤ ਵਿਚ ਜੇਲ੍ਹ ਪਹੁੰਚ ਗਿਆ।
ਸੇਡ੍ਰਿਕ ਯਾਦ ਕਰ ਕੇ ਦੱਸਦਾ ਹੈ: “ਇਕ ਸੰਗੀ ਕੈਦੀ, ਮਾਰਕ ਨੇ ਮੇਰੇ ਨਾਲ ਗੱਲ ਕੀਤੀ। ਮੇਰੇ ਡੌਲੇ ਉੱਤੇ ਇਕ ਵੱਡੀ ਸਲੀਬ ਦਾ ਗੋਦਨਾ ਦੇਖ ਕੇ ਉਸ ਨੇ ਇਸ ਦਾ ਕਾਰਨ ਪੁੱਛਿਆ। ਉਸ ਨੇ ਸੋਚਿਆ ਕਿ ਇਹ ਜ਼ਰੂਰ ਮੇਰੇ ਲਈ ਧਾਰਮਿਕ ਮਹੱਤਤਾ ਰੱਖਦਾ ਹੋਣਾ ਸੀ।” ਕੁਝ ਹਫ਼ਤਿਆਂ ਮਗਰੋਂ, ਮਾਰਕ ਨੇ ਸੇਡ੍ਰਿਕ ਨੂੰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੁਸਤਕ ਦੀ ਇਕ ਕਾਪੀ ਦਿੱਤੀ।c “‘ਤੁਸੀਂ ਸਦਾ ਦੇ ਲਈ ਜੀਉਂਦੇ ਰਹਿ ਸਕਦੇ ਹੋ’—ਇਨ੍ਹਾਂ ਕੁਝ ਸ਼ਬਦਾਂ ਨੇ ਮੈਨੂੰ ਇਕਦਮ ਪ੍ਰਭਾਵਿਤ ਕੀਤਾ। ਇਸੇ ਬਾਰੇ ਤਾਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਸੀ, ਪਰੰਤੂ ਅਸੀਂ ਕਦੇ ਵੀ ਇਸ ਦਾ ਭੇਦ ਨਹੀਂ ਜਾਣ ਸਕੇ ਸੀ।” ਜੇਲ੍ਹ ਵਿਚ ਮਿਲਣ ਲਈ ਆਉਣ ਵਾਲੇ ਇਕ ਯਹੋਵਾਹ ਦੇ ਗਵਾਹ ਨਾਲ ਬਹੁਤ ਵਾਰੀ ਚਰਚਾ ਕਰਨ ਮਗਰੋਂ ਸੇਡ੍ਰਿਕ ਨੂੰ ਅਹਿਸਾਸ ਹੋਇਆ ਕਿ ਉਹ ਚੀਜ਼ ਹਾਸਲ ਕੀਤੀ ਜਾ ਸਕਦੀ ਸੀ ਜਿਸ ਦੀ ਉਹ ਅਭਿਲਾਸ਼ਾ ਕਰਦਾ ਸੀ—ਪਰੰਤੂ ਕੇਵਲ ਪਰਮੇਸ਼ੁਰ ਦੇ ਤਰੀਕੇ ਨਾਲ।
“ਆਪਣੇ ਪੁਰਾਣੇ ਦੋਸਤਾਂ ਨਾਲ ਸੰਗਤ ਛੱਡਣ ਤੋਂ ਬਾਅਦ, ਮੈਂ ਛੇਤੀ ਤਰੱਕੀ ਕੀਤੀ,” ਸੇਡ੍ਰਿਕ ਟਿੱਪਣੀ ਕਰਦਾ ਹੈ। ਸੱਚਾਈ ਨੂੰ ਸਮਝਣ ਅਤੇ ਖ਼ੁਸ਼ੀ ਪਾਉਣ ਵਿਚ ਉਸ ਦੀ ਤਰੱਕੀ ਆਸਾਨ ਨਹੀਂ ਰਹੀ ਹੈ। “ਮੈਂ ਹਾਲੇ ਵੀ ਕੋਸ਼ਿਸ਼ ਕਰ ਰਿਹਾ ਹਾਂ,” ਉਹ ਕਹਿੰਦਾ ਹੈ। “ਮੈਨੂੰ ਆਪਣੇ ਸੋਚਣ ਦੇ ਤਰੀਕੇ ਬਾਰੇ ਸਾਵਧਾਨ ਰਹਿਣਾ ਪੈਂਦਾ ਹੈ।” ਜੀ ਹਾਂ, ਸੇਡ੍ਰਿਕ ਨੂੰ ਹੁਣ ਅਹਿਸਾਸ ਹੈ ਕਿ ਆਦਰਸ਼ਵਾਦੀ ਹੋਣ ਦੇ ਕਾਰਨ ਉਹ ਇਬਲੀਸ ਦੇ ਫੰਦੇ ਵਿਚ ਫੱਸਿਆ, ਇਹ ਸੋਚਦੇ ਹੋਏ ਕਿ ਉਸ ਦੇ ਟੀਚੇ ਕੇਵਲ ਉਹ ਹੀ ਕੰਮ ਕਰਨ ਦੁਆਰਾ ਹਾਸਲ ਕੀਤੇ ਜਾ ਸਕਦੇ ਹਨ ਜੋ ਮਜ਼ਿਆਂ ਉੱਤੇ ਕੇਂਦ੍ਰਿਤ ਹਨ।
ਖ਼ੁਸ਼ੀ ਦੀ ਗੱਲ ਹੈ ਕਿ ਸੇਡ੍ਰਿਕ ਨੂੰ ਕੈਦ ਤੋਂ ਛੁੱਟੇ ਕਾਫ਼ੀ ਸਮਾਂ ਹੋ ਗਿਆ ਹੈ, ਅਤੇ ਉਹ ਅਜਿਹੇ ਲੋਕਾਂ ਨਾਲ ਬਾਕਾਇਦਾ ਭਾਈਬੰਦੀ ਦਾ ਆਨੰਦ ਮਾਣਦਾ ਹੈ ਜਿਨ੍ਹਾਂ ਨੇ ਉਹ ਚੀਜ਼ ਪਾ ਲਈ ਹੈ ਜਿਸ ਦੀ ਉਹ ਭਾਲ ਕਰ ਰਹੇ ਸਨ। ਉਹ ਹੁਣ ਯਹੋਵਾਹ ਦਾ ਇਕ ਗਵਾਹ ਹੈ ਅਤੇ ਉਨ੍ਹਾਂ ਦੀ ਤਰ੍ਹਾਂ ਧਰਤੀ ਉੱਤੇ ਪਰਾਦੀਸ ਵਿਚ ਜੀਉਣ ਦੀ ਉਮੀਦ ਰੱਖਦਾ ਹੈ। ਉਹ ਸ਼ਤਾਨੀ ਪ੍ਰਭਾਵ ਦੇ ਸਾਰੇ ਢੌਂਗ ਦੇ ਅੰਤ ਦੀ ਵੀ ਉਤਸ਼ਾਹ ਨਾਲ ਉਡੀਕ ਕਰਦਾ ਹੈ।
ਨਿਰਸੰਦੇਹ, ਕੇਵਲ ਸੇਡ੍ਰਿਕ ਵਰਗੇ ਨੌਜਵਾਨਾਂ ਦਾ ਹੀ ਸੁਰੱਖਿਅਤ ਭਵਿੱਖ ਨਹੀਂ ਹੈ; ਅਜਿਹੇ ਦੂਸਰੇ ਵੀ ਹਨ ਜਿਨ੍ਹਾਂ ਦੀ ਪਾਲਣਾ ਧਾਰਮਿਕ ਮਾਪਿਆਂ ਨੇ ਕੀਤੀ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਸੱਚਾਈ ਲਈ ਪ੍ਰੇਮ ਬਿਠਾਇਆ ਹੈ।
ਈਸ਼ਵਰੀ ਸਿਖਲਾਈ ਪ੍ਰਤਿਫਲ ਲਿਆਉਂਦਾ ਹੈ
“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ,” ਪ੍ਰਾਚੀਨ ਸਮੇਂ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ ਸੀ। (ਕਹਾਉਤਾਂ 22:6) ਇਹ ਗੱਲ ਬਹੁਤ ਸਾਰੇ ਇਕ-ਚਿੱਤ ਨੌਜਵਾਨਾਂ ਦੇ ਸੰਬੰਧ ਵਿਚ ਸੱਚ ਸਾਬਤ ਹੋਈ ਹੈ, ਜਿਨ੍ਹਾਂ ਨੇ ਬਾਈਬਲ ਦੇ ਮਿਆਰ ਦੀ ਪੈਰਵੀ ਕਰਨੀ ਚੁਣੀ ਹੈ।
ਸ਼ੀਲਾ, ਗੌਰਡਨ, ਅਤੇ ਸੈਰਾਹ ਨੇ ਇਹੋ ਕੀਤਾ। ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦੇ ਮਾਪੇ ਮਸੀਹ ਦੇ ਇਸ ਹੁਕਮ ਦੀ ਪਾਲਣਾ ਕਰਨ ਨੂੰ ਬਹੁਤ ਮਹੱਤਤਾ ਦਿੰਦੇ ਸਨ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੁਆਰਾ ‘ਜਾ ਕੇ ਚੇਲੇ ਬਣਾਓ।’ (ਮੱਤੀ 24:14; 28:19, 20) “ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ, ਮੈਂ ਅਤੇ ਮਾਂ ਇਕ ਦੂਜੇ ਨੂੰ ਕਹਿੰਦੀਆਂ ਹੁੰਦੀਆਂ ਸੀ, ‘ਇਹ ਪ੍ਰਚਾਰ ਕੰਮ ਉੱਤੇ ਕਿੱਦਾਂ ਅਸਰ ਪਾਏਗਾ?’” ਸ਼ੀਲਾ ਯਾਦ ਕਰ ਕੇ ਦੱਸਦੀ ਹੈ। “ਇਸ ਤਰਕ ਦੇ ਸਿੱਟੇ ਵਜੋਂ ਅਸੀਂ ਕਈ ਯੋਜਨਾਵਾਂ ਨੂੰ ਛੱਡਿਆ ਹੈ,” ਉਹ ਸਵੀਕਾਰ ਕਰਦੀ ਹੈ, ਅਤੇ ਅੱਗੇ ਕਹਿੰਦੀ ਹੈ, “ਪਰੰਤੂ ਸਾਨੂੰ ਕਿੰਨੀਆਂ ਬਰਕਤਾਂ ਮਿਲੀਆਂ!” ਲੋਕਾਂ ਨੂੰ ਘਰ-ਘਰ ਖ਼ੁਸ਼ ਖ਼ਬਰੀ ਦਿੰਦੇ ਹੋਏ ਪੂਰਾ ਦਿਨ ਬਤੀਤ ਕਰਨ ਮਗਰੋਂ ਵੀ, ਥਕਾਵਟ ਦੇ ਬਾਵਜੂਦ ਸ਼ੀਲਾ ਅਤੇ ਉਸ ਦੀ ਮਾਂ ਗਾਣਾ ਗਾਉਂਦੀਆਂ ਘਰ ਜਾਂਦੀਆਂ ਸੀ। “ਮੈਨੂੰ ਬੜਾ ਆਨੰਦ ਮਿਲਿਆ,” ਉਹ ਕਹਿੰਦੀ ਹੈ। “ਮੈਂ ਹਾਲੇ ਵੀ ਇਸ ਨੂੰ ਮਹਿਸੂਸ ਕਰ ਸਕਦੀ ਹਾਂ।”
ਗੌਰਡਨ ਨੂੰ ਅਨੇਕ ਸਿਨੱਚਰਵਾਰ ਦੀਆਂ ਆਨੰਦਮਈ ਸ਼ਾਮਾਂ ਯਾਦ ਹਨ। “ਮੈਨੂੰ ਕਲੀਸਿਯਾ ਦੇ ਬਜ਼ੁਰਗਾਂ ਦੇ ਘਰ ਸੱਦਿਆ ਜਾਂਦਾ ਸੀ, ਜਿੱਥੇ ਅਸੀਂ ਲਾਭਦਾਇਕ ਬੁਝਾਰਤਾਂ ਅਤੇ ਚਰਚਿਆਂ ਦਾ ਆਨੰਦ ਮਾਣਦੇ ਸੀ। ਸਾਨੂੰ ਮੂੰਹਜ਼ਬਾਨੀ ਬਾਈਬਲੀ ਆਇਤਾਂ ਯਾਦ ਕਰਨ, ਸ਼ਾਸਤਰ-ਸੰਬੰਧੀ ਵਿਸ਼ਿਆਂ ਉੱਤੇ ਖੁੱਲ੍ਹ ਕੇ ਗੱਲ ਕਰਨ, ਪ੍ਰਚਾਰ ਕੰਮ ਦੇ ਅਨੁਭਵ ਸੁਣਾਉਣ, ਅਤੇ ਰਾਜ ਕਾਰਜ ਕਿਵੇਂ ਵੱਧ ਰਿਹਾ ਹੈ ਨੂੰ ਜਾਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ,” ਗੌਰਡਨ ਚੇਤੇ ਕਰਦਾ ਹੈ। “ਇਨ੍ਹਾਂ ਸਾਰੀਆਂ ਗੱਲਾਂ ਨੇ ਇਕ ਚੰਗੀ ਨੀਂਹ ਧਰਣ ਅਤੇ ਯਹੋਵਾਹ ਪਰਮੇਸ਼ੁਰ ਵਾਸਤੇ ਪ੍ਰੇਮ ਵਧਾਉਣ ਵਿਚ ਮੇਰੀ ਮਦਦ ਕੀਤੀ।”
ਸੈਰਾਹ ਕੋਲ ਉਹ ਦੇ ਘਰ ਆਉਣ ਵਾਲੇ ਗਵਾਹਾਂ ਦੇ ਨਾਲ ਬਿਤਾਈਆਂ ਸ਼ਾਮਾਂ ਦੀਆਂ ਚੰਗੀਆਂ ਯਾਦਾਂ ਹਨ। “ਅਸੀਂ ਇਕੱਠੇ ਮਿਲ ਕੇ ਖਾਣਾ ਖਾਂਦੇ। ਫਿਰ ਸਮਾਪਤੀ ਵਿਚ, ਪਰਮੇਸ਼ੁਰ ਦੇ ਰਾਜ ਬਾਰੇ ਗੀਤ ਗਾਉਣ ਵਾਲਿਆਂ ਨੂੰ ਸਾਥ ਦਿੰਦੇ ਹੋਏ, ਅਸੀਂ ਪਿਆਨੋ ਵਜਾਉਂਦੇ। ਸੰਗੀਤ ਨੇ ਸੱਚੀ-ਮੁੱਚੀ ਸਾਡੀ ਬਹੁਤ ਮਦਦ ਕੀਤੀ ਹੈ, ਖ਼ਾਸ ਤੌਰ ਤੇ ਸਾਡੇ ਸਕੂਲੀ ਵਰ੍ਹਿਆਂ ਦੌਰਾਨ, ਕਿਉਂਕਿ ਇਸ ਨੇ ਸਾਨੂੰ ਇਕ ਪਰਿਵਾਰ ਵਜੋਂ ਇਕੱਠੇ ਹੋਣ ਦੇ ਮੌਕੇ ਦਿੱਤੇ।”
ਬੇਸ਼ੱਕ, ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਨੌਜਵਾਨਾਂ ਕੋਲ ਠੀਕ ਪਰਿਵਾਰਕ ਹਾਲਾਤ ਨਹੀਂ ਹੁੰਦੇ ਹਨ। ਫਿਰ ਵੀ, ਕਲੀਸਿਯਾ ਦੇ ਦੂਜੇ ਗਵਾਹਾਂ ਦੇ ਪਰਿਵਾਰਾਂ ਨਾਲ ਨਜ਼ਦੀਕੀ ਸੰਗਤ ਉਨ੍ਹਾਂ ਨੂੰ ਸੁਰੱਖਿਆ ਅਤੇ ਅਪਣੱਤ ਦੀ ਭਾਵਨਾ ਪ੍ਰਦਾਨ ਕਰਦੀ ਹੈ।
ਅਗਾਹਾਂ ਲਈ ਇਕ ਸੁਰੱਖਿਅਤ ਨੀਂਹ ਧਰੋ
ਅੱਜ ਨੌਜਵਾਨਾਂ ਕੋਲ ਇਕ ਚੋਣ ਹੈ। ਉਹ ਇਸ ਦੁਸ਼ਟ ਸੰਸਾਰ ਦਾ ਸਾਥ ਦੇਣਾ ਜਾਰੀ ਰੱਖ ਸਕਦੇ ਹਨ ਜਿਉਂ-ਜਿਉਂ ਇਹ ਯਿਸੂ ਦੁਆਰਾ ਦੱਸੇ ਗਏ ਉਸ ਆਉਣ ਵਾਲੇ ‘ਵੱਡੇ ਕਸ਼ਟ’ ਵਿਚ ਵਿਨਾਸ਼ ਵੱਲ ਵਧਦਾ ਜਾਂਦਾ ਹੈ। ਜਾਂ ਉਹ ‘ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖ ਸਕਦੇ ਹਨ, ਅਤੇ ਉਸ ਦੇ ਹੁਕਮਾਂ ਦੀ ਰਾਖੀ ਕਰ’ ਸਕਦੇ ਹਨ, ਜਿਵੇਂ ਜ਼ਬੂਰਾਂ ਦੇ ਪ੍ਰੇਰਿਤ ਲਿਖਾਰੀ ਆਸਾਫ਼ ਨੇ ਗਾਇਆ ਸੀ। ਪਰਮੇਸ਼ੁਰ ਪ੍ਰਤੀ ਆਗਿਆਕਾਰਤਾ ਉਨ੍ਹਾਂ ਨੂੰ “ਇੱਕ ਕੱਬੀ ਤੇ ਆਕੀ ਪੀੜ੍ਹੀ” ਬਣਨ ਤੋਂ ਬਚਾਈ ਰੱਖੇਗਾ, “ਅਜੇਹੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ, ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ੍ਹ ਨਾ ਰਿਹਾ।”—ਮੱਤੀ 24:21; ਜ਼ਬੂਰ 78:6-8.
ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਦੀਆਂ 80,000 ਤੋਂ ਵੱਧ ਕਲੀਸਿਯਾਵਾਂ ਵਿਚ, ਤੁਸੀਂ ਬਹੁਤ ਸਾਰੇ ਅਜਿਹੇ ਨੌਜਵਾਨਾਂ ਨੂੰ ਮਿਲੋਗੇ ਜਿਨ੍ਹਾਂ ਦੀ ਤੁਸੀਂ ਸ਼ਲਾਘਾ ਕਰ ਸਕਦੇ ਹੋ। ਉਨ੍ਹਾਂ ਨੇ ਨੌਜਵਾਨ ਤਿਮੋਥਿਉਸ ਨੂੰ ਪੌਲੁਸ ਦੀ ਸਲਾਹ ਨੂੰ ਲਾਗੂ ਕੀਤਾ ਹੈ ਕਿ “ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ। ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨ।” ਨਤੀਜੇ ਵਜੋਂ, ਉਨ੍ਹਾਂ ਨੇ ਹੁਣ ‘ਉਸ ਜੀਵਨ ਨੂੰ ਫੜ ਲਿਆ ਹੈ ਜਿਹੜਾ ਅਸਲ ਜੀਵਨ ਹੈ।’ (1 ਤਿਮੋਥਿਉਸ 6:18, 19) ਇਨ੍ਹਾਂ ਸੱਚੇ ਮਸੀਹੀਆਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦੁਆਰਾ ਇਨ੍ਹਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰੋ। ਫਿਰ ਤੁਸੀਂ ਵੀ ਇਕ ਸੁਰੱਖਿਅਤ ਭਵਿੱਖ ਦੀ ਉਮੀਦ ਰੱਖ ਸਕੋਗੇ।
[ਫੁਟਨੋਟ]
a ਮੱਤੀ 8:28 ਅਤੇ 2 ਤਿਮੋਥਿਉਸ 3:1 ਵਿਚ ਵਰਤਿਆ ਗਿਆ ਇੱਕੋ ਯੂਨਾਨੀ ਸ਼ਬਦ ਦਾ ਅਨੁਵਾਦ “ਕਰੜੇ” ਹੈ।
b ਨਾਂ ਬਦਲ ਦਿੱਤੇ ਗਏ ਹਨ।
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 7 ਉੱਤੇ ਤਸਵੀਰ]
ਯਿਸੂ ਵੱਲੋਂ ਚੰਗੇ ਕੀਤੇ ਗਏ “ਐਡੇ ਕਰੜੇ” ਆਦਮੀਆਂ ਦੇ ਪਿੱਛੇ ਦੁਸ਼ਟ ਆਤਮਾਵਾਂ ਦਾ ਹੱਥ ਸੀ
[ਸਫ਼ੇ 8 ਉੱਤੇ ਤਸਵੀਰ]
“ਅਗਾਹਾਂ ਲਈ ਇੱਕ ਚੰਗੀ ਨੀਂਹ” ਧਰਨਾ