“ਬੁੱਧ ਆਪਣੇ ਕਰਮਾਂ ਤੋਂ ਧਰਮੀ ਸਿੱਧ ਹੁੰਦੀ ਹੈ”
ਬੁੱਧੀਮਾਨ ਰਾਜਾ ਸੁਲੇਮਾਨ ਨੇ ਇਕ ਅਜਿਹੇ ਇਨਸਾਨ ਦੀ ਕਹਾਣੀ ਸੁਣਾਈ ਜੋ ਨਿਮਰ ਹੀ ਨਹੀਂ, ਸਗੋਂ ਸਿਆਣਾ ਵੀ ਸੀ। ਹਾਲਾਂਕਿ ਉਸ ਦੀ ਵਜ੍ਹਾ ਨਾਲ ਹੀ ਸਾਰਾ ਸ਼ਹਿਰ ਤਬਾਹ ਹੋਣੋ ਬਚਿਆ ਸੀ, ਪਰ ਬੜੇ ਦੁੱਖ ਦੀ ਗੱਲ ਹੈ ਕਿ “ਕਿਸੇ ਆਦਮੀ ਨੇ ਉਸ ਮਸਕੀਨ ਨੂੰ ਚੇਤੇ ਨਾ ਕੀਤਾ।” ਇਸ ਕਹਾਣੀ ਦੇ ਆਖ਼ਰ ਵਿਚ ਸੁਲੇਮਾਨ ਨੇ ਕਿਹਾ: “ਮਸਕੀਨ ਦੀ ਬੁੱਧ ਤੁੱਛ ਸਮਝੀ ਜਾਂਦੀ ਹੈ ਅਤੇ ਉਹ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ।”—ਉਪਦੇਸ਼ਕ ਦੀ ਪੋਥੀ 9:14-16.
ਇਹ ਵੇਖਿਆ ਗਿਆ ਹੈ ਕਿ ਗ਼ਰੀਬ ਇਨਸਾਨ ਭਾਵੇਂ ਕਿੰਨੇ ਵੀ ਚੰਗੇ ਕੰਮ ਕਿਉਂ ਨਾ ਕਰਨ, ਲੋਕ ਉਨ੍ਹਾਂ ਨੂੰ ਤੁੱਛ ਹੀ ਸਮਝਦੇ ਹਨ। ਯਿਸੂ ਨਾਲ ਵੀ ਏਦਾਂ ਹੀ ਹੋਇਆ ਸੀ। ਯਸਾਯਾਹ ਨੇ ਉਸ ਬਾਰੇ ਭਵਿੱਖਬਾਣੀ ਕੀਤੀ ਸੀ: “ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ।” (ਯਸਾਯਾਹ 53:3) ਕਈ ਲੋਕਾਂ ਨੇ ਯਿਸੂ ਨੂੰ ਤੁੱਛ ਇਸ ਲਈ ਜਾਣਿਆ ਕਿਉਂਕਿ ਉਸ ਕੋਲ ਉਸ ਸਮੇਂ ਦੇ ਮੰਨੇ-ਪ੍ਰਮੰਨੇ ਆਗੂਆਂ ਵਾਂਗ ਉੱਚਾ ਰੁਤਬਾ ਨਹੀਂ ਸੀ। ਪਰ, ਉਸ ਕੋਲ ਅਜਿਹੀ ਬੁੱਧ ਸੀ ਜੋ ਕਿਸੇ ਪਾਪੀ ਇਨਸਾਨ ਕੋਲ ਨਹੀਂ ਸੀ। ਯਿਸੂ “ਤਰਖਾਣ ਦਾ ਪੁੱਤ੍ਰ” ਸੀ ਜਿਸ ਕਰਕੇ ਯਿਸੂ ਦੇ ਜੱਦੀ ਸ਼ਹਿਰ ਦੇ ਲੋਕਾਂ ਨੇ ਉਸ ਦੀ ਬੁੱਧ ਅਤੇ ਉਸ ਦੀਆਂ ਕਰਾਮਾਤਾਂ ਦੀ ਕੋਈ ਕਦਰ ਨਾ ਕੀਤੀ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਸੀ, ਕਿਉਂਕਿ ਬਿਰਤਾਂਤ ਅੱਗੇ ਦੱਸਦਾ ਹੈ ਕਿ ਯਿਸੂ ਨੇ “ਉਨ੍ਹਾਂ ਦੀ ਬੇਪਰਤੀਤੀ ਦੇ ਕਾਰਨ ਉੱਥੇ ਬਹੁਤ ਕਰਾਮਾਤਾਂ ਨਾ ਕੀਤੀਆਂ।” ਇੰਜ ਲੋਕਾਂ ਨੇ ਆਪਣਾ ਹੀ ਨੁਕਸਾਨ ਕੀਤਾ!—ਮੱਤੀ 13:54-58.
ਆਓ ਆਪਾਂ ਅਜਿਹੀ ਗ਼ਲਤੀ ਕਦੇ ਨਾ ਕਰੀਏ। ਯਿਸੂ ਨੇ ਕਿਹਾ: “ਬੁੱਧ ਆਪਣੇ ਕਰਮਾਂ ਤੋਂ ਧਰਮੀ ਸਿੱਧ ਹੁੰਦੀ ਹੈ।” ਇੰਜ ਪਰਮੇਸ਼ੁਰ ਦਾ ਗਿਆਨ ਦੇਣ ਵਾਲੇ ਲੋਕ ਰੁਤਬੇ ਜਾਂ ਸ਼ਾਨੋ-ਸ਼ੌਕਤ ਤੋਂ ਨਹੀਂ, ਸਗੋਂ ਆਪਣੇ ਚੰਗੇ ਫਲਾਂ ਯਾਨੀ ਆਪਣੀ ਬਾਈਬਲ ਆਧਾਰਿਤ ਨਿਹਚਾ ਤੋਂ ਅਤੇ ਕੰਮਾਂ ਤੋਂ ਪਛਾਣੇ ਜਾਂਦੇ ਹਨ।—ਮੱਤੀ 7:18-20, ਨਿ ਵ; 11:19.