ਹਿੰਸਾ ਨੂੰ ਕੌਣ ਖ਼ਤਮ ਕਰੇਗਾ?
ਸਤੰਬਰ 1999 ਵਿਚ, ਸੰਯੁਕਤ ਰਾਸ਼ਟਰ-ਸੰਘ (ਯੂ. ਐੱਨ.) ਦੇ ਸੈਕਟਰੀ-ਜਨਰਲ ਕੋਫੀ ਆਨਾਨ ਨੇ ਜਨਰਲ ਅਸੈਂਬਲੀ ਦੇ 54ਵੇਂ ਸਾਲਾਨਾ ਸੰਮੇਲਨ ਤੇ ਆਏ ਮੈਂਬਰਾਂ ਦਾ ਸੁਆਗਤ ਕੀਤਾ। ਦ ਟੋਰੌਂਟੋ ਸਟਾਰ ਅਖ਼ਬਾਰ ਦੇ ਅਨੁਸਾਰ ਉਸ ਨੇ ਇਨਾਂ ਵੱਖਰੇ ਦੇਸ਼ਾਂ ਦੇ ਮੋਹਰੀਆਂ ਲਈ ਇਕ ਚੁਣੌਤੀ ਪੇਸ਼ ਕੀਤੀ। ਉਸ ਨੇ ਕਿਹਾ: “ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸਾਡੇ ਵੱਲੋਂ ਹਮਦਰਦੀ ਦੇ ਸ਼ਬਦਾਂ ਤੋਂ ਇਲਾਵਾ ਕੁਝ ਹੋਰ ਚਾਹੀਦਾ ਹੈ। ਉਨ੍ਹਾਂ ਨੂੰ ਹਿੰਸਾ ਦੇ ਚੱਕਰਾਂ ਨੂੰ ਖ਼ਤਮ ਕਰਨ ਦੇ ਅਸਲੀ ਵਾਅਦੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦਾ ਭਵਿੱਖ ਚੰਗਾ ਬਣ ਸਕੇ।”
ਪਰ ਕੀ ਯੂ .ਐੱਨ. ਅਤੇ ਇਸ ਦੇ ਮੈਂਬਰ, ਹਿੰਸਾ ਖ਼ਤਮ ਕਰਨ ਦੇ “ਅਸਲੀ ਵਾਅਦੇ” ਪੂਰੇ ਕਰ ਸਕਦੇ ਹਨ? ਇਸੇ ਅਖ਼ਬਾਰ ਦੀ ਰਿਪੋਰਟ ਵਿਚ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੇ ਕਿਹਾ: “ਇਸ ਸਦੀ ਵਿਚ ਇਨੰਾ ਖ਼ੂਨ-ਖ਼ਰਾਬਾ ਦੇਖਣ ਮਗਰੋਂ ਇਹ ਗੱਲ ਕਹਿਣੀ ਸੌਖੀ ਹੈ ਕਿ ‘ਇਸ ਤਰਾਂ ਫਿਰ ਕਦੀ ਨਹੀਂ ਹੋਵੇਗਾ’, ਪਰ ਇਹ ਗੱਲ ਪੂਰੀ ਕਰਨੀ ਔਖੀ ਹੈ।” ਉਸ ਨੇ ਅਗੇ ਕਿਹਾ: “ਅਜਿਹੇ ਵਾਅਦੇ ਕਰਨੇ ਜੋ ਅਸੀਂ ਨਿਭਾ ਨਹੀਂ ਸਕਦੇ ਪਰਵਾਹ ਨਾ ਕਰਨ ਦੇ ਬਰਾਬਰ ਹੈ।”
ਕੁਝ 2,500 ਸਾਲ ਪਹਿਲਾਂ ਯਿਰਮਿਯਾਹ ਨਬੀ ਨੇ ਇਨਸਾਨਾਂ ਦੇ ਜਤਨਾਂ ਬਾਰੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਤਾਂ ਫਿਰ ਕੀ ਹਿੰਸਾ ਕਦੇ ਖ਼ਤਮ ਹੋਵੇਗੀ?
ਯਸਾਯਾਹ 60:18 ਵਿਚ ਪਰਮੇਸ਼ੁਰ ਸਾਨੂੰ ਇਹ ਭਰੋਸਾ ਦਿੰਦਾ ਹੈ: “ਜ਼ੁਲਮ ਤੇਰੇ ਦੇਸ ਵਿੱਚ ਫੇਰ ਸੁਣਿਆ ਨਾ ਜਾਵੇਗਾ, ਨਾ ਤੇਰੀਆਂ ਹੱਦਾਂ ਵਿੱਚ ਬਰਬਾਦੀ ਯਾ ਤਬਾਹੀ।” ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਉਦੋਂ ਹੋਈ ਸੀ ਜਦੋਂ ਪਰਮੇਸ਼ੁਰ ਨੇ ਆਪਣੇ ਕੈਦੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਂਦਾ ਸੀ। ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵੀ ਹੈ ਜਿਸ ਤੋਂ ਅਸੀਂ ਲਾਭ ਉਠਾ ਸਕਦੇ ਹਾਂ। ਯਹੋਵਾਹ ਪਰਮੇਸ਼ੁਰ ਅਜਿਹੇ ਵਾਅਦੇ ਨਹੀਂ ਕਰ ਰਿਹਾ ਜੋ ਉਹ ਨਿਭਾ ਨਹੀਂ ਸਕਦਾ। ਸਰਬਸ਼ਕਤੀਮਾਨ ਅਤੇ ਸਿਰਜਣਹਾਰ ਹੋਣ ਕਰਕੇ, ਉਹ “ਹਿੰਸਾ ਦੇ ਚੱਕਰਾਂ” ਨੂੰ ਖ਼ਤਮ ਕਰ ਸਕਦਾ ਹੈ। ਉਸ ਦੇ ਰਾਜ ਵਿਚ ਸ਼ਾਂਤੀ ਹੋਵੇਗੀ ਅਤੇ ਹਿੰਸਾ ਸਦਾ ਦੇ ਲਈ ਖ਼ਤਮ ਕੀਤੀ ਜਾਵੇਗੀ!—ਦਾਨੀਏਲ 2:44.