-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
11, 12. (ੳ) ਯਹੂਦਾਹ ਦੀ ਬੁਰੀ ਹਾਲਤ ਬਾਰੇ ਦੱਸੋ। (ਅ) ਸਾਨੂੰ ਯਹੂਦਾਹ ਉੱਤੇ ਤਰਸ ਕਿਉਂ ਨਹੀਂ ਖਾਣਾ ਚਾਹੀਦਾ?
11 ਯਸਾਯਾਹ ਨੇ ਯਹੂਦਾਹ ਦੇ ਲੋਕਾਂ ਦੀ ਮੰਦੀ ਹਾਲਤ ਵੱਲ ਧਿਆਨ ਖਿੱਚ ਕੇ ਉਨ੍ਹਾਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: “ਤੁਸੀਂ ਕਿਉਂ ਹੋਰ ਮਾਰ ਖਾਓਗੇ, ਧਰਮ ਤੋਂ ਮੁੱਕਰਦੇ ਜਾਓਗੇ?” ਯਸਾਯਾਹ ਮਾਨੋ ਇਹ ਪੁੱਛ ਰਿਹਾ ਸੀ: ‘ਕੀ ਤੁਸੀਂ ਕਾਫ਼ੀ ਦੁੱਖ ਨਹੀਂ ਭੋਗ ਲਿਆ? ਬਗਾਵਤ ਕਰਦੇ ਰਹਿਣ ਨਾਲ ਤੁਸੀਂ ਆਪਣੇ ਆਪ ਉੱਤੇ ਹੋਰ ਦੁੱਖ ਕਿਉਂ ਲਿਆ ਰਹੇ ਹੋ?’ ਯਸਾਯਾਹ ਨੇ ਅੱਗੇ ਕਿਹਾ: “ਸਾਰਾ ਸਿਰ ਬਿਮਾਰ ਹੈ, ਅਤੇ ਸਾਰਾ ਦਿਲ ਕਮਜ਼ੋਰ ਹੈ। ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ।” (ਯਸਾਯਾਹ 1:5, 6ੳ) ਯਹੂਦਾਹ ਇਕ ਘਿਣਾਉਣੀ, ਰੋਗੀ ਹਾਲਤ ਵਿਚ ਸੀ—ਉਹ ਸਿਰ ਤੋਂ ਲੈ ਕੇ ਪੈਰਾਂ ਤਕ ਰੂਹਾਨੀ ਤੌਰ ਤੇ ਬੀਮਾਰ ਸੀ। ਕਿੰਨੀ ਬੁਰੀ ਹਾਲਤ!
12 ਕੀ ਸਾਨੂੰ ਯਹੂਦਾਹ ਉੱਤੇ ਤਰਸ ਖਾਣਾ ਚਾਹੀਦਾ ਹੈ? ਬਿਲਕੁਲ ਨਹੀਂ! ਸਦੀਆਂ ਪਹਿਲਾਂ ਇਸਰਾਏਲ ਦੀ ਪੂਰੀ ਕੌਮ ਨੂੰ ਅਣਆਗਿਆਕਾਰੀ ਦੀ ਸਜ਼ਾ ਬਾਰੇ ਚੇਤਾਵਨੀ ਦਿੱਤੀ ਗਈ ਸੀ। ਹੋਰ ਗੱਲਾਂ ਦੇ ਨਾਲ-ਨਾਲ ਇਕ ਸਜ਼ਾ ਇਹ ਸੀ ਕਿ “ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸੱਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ।” (ਬਿਵਸਥਾ ਸਾਰ 28:35) ਯਹੂਦਾਹ ਆਪਣੇ ਜ਼ਿੱਦੀ ਚਾਲ-ਚਲਣ ਕਰਕੇ ਇਹ ਦੁਖ ਆਪਣੇ ਆਪ ਉੱਤੇ ਲਿਆ ਰਿਹਾ ਸੀ। ਅਤੇ ਜੇ ਯਹੂਦਾਹ ਦੇ ਲੋਕ ਯਹੋਵਾਹ ਦੇ ਆਗਿਆਕਾਰ ਹੀ ਰਹਿੰਦੇ, ਤਾਂ ਉਹ ਇਨ੍ਹਾਂ ਸਾਰਿਆਂ ਦੁਖਾਂ ਤੋਂ ਬਚ ਸਕਦੇ ਸਨ।
13, 14. (ੳ) ਯਹੂਦਾਹ ਨੂੰ ਕਿਸ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਸੀ? (ਅ) ਕੀ ਯਹੂਦਾਹ ਨੇ ਬੀਮਾਰੀ ਕਾਰਨ ਆਪਣੇ ਵਿਗੜੇ ਚਾਲ-ਚਲਣ ਸੁਧਾਰ ਲਏ ਸਨ?
13 ਯਸਾਯਾਹ ਨੇ ਯਹੂਦਾਹ ਦੇ ਦਰਦਨਾਕ ਹਾਲ ਬਾਰੇ ਅੱਗੇ ਕਿਹਾ: “ਸੱਟ, ਚੋਟ ਅਤੇ ਕੱਚੇ ਘਾਉ, ਓਹ ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।” (ਯਸਾਯਾਹ 1:6ਅ) ਇੱਥੇ ਨਬੀ ਨੇ ਤਿੰਨ ਤਰ੍ਹਾਂ ਦੇ ਜ਼ਖ਼ਮਾਂ ਬਾਰੇ ਦੱਸਿਆ: ਸੱਟ (ਜਿਵੇਂ ਕਿ ਤਲਵਾਰ ਜਾਂ ਚਾਕੂ ਨਾਲ ਕੱਟੇ ਜਾਣਾ), ਚੋਟ (ਮਾਰ-ਕੁਟਾਈ ਨਾਲ ਪਏ ਨੀਲ ਤੇ ਸੋਜ), ਅਤੇ ਕੱਚੇ ਘਾਉ (ਤਾਜ਼ੇ, ਖੁੱਲ੍ਹੇ ਜ਼ਖ਼ਮ ਜੋ ਇਸ ਤਰ੍ਹਾਂ ਲੱਗਣ ਕਿ ਉਹ ਕਦੇ ਵੀ ਨਹੀਂ ਭਰਨਗੇ)। ਇੱਥੇ ਸਾਨੂੰ ਇਕ ਅਜਿਹੇ ਇਨਸਾਨ ਦਾ ਖ਼ਿਆਲ ਆਉਂਦਾ ਹੈ ਜਿਸ ਨੂੰ ਸਖ਼ਤ ਸਜ਼ਾ ਦਿੱਤੀ ਗਈ ਹੋਵੇ ਅਤੇ ਉਸ ਦਾ ਪੂਰਾ ਸਰੀਰ ਜ਼ਖ਼ਮੀ ਹੈ। ਯਹੂਦਾਹ ਸੱਚ-ਮੁੱਚ ਅਜਿਹੇ ਹੀ ਬੁਰੇ ਹਾਲ ਵਿਚ ਸੀ।
14 ਕੀ ਯਹੂਦਾਹ ਆਪਣੀ ਦੁਖੀ ਹਾਲਤ ਕਾਰਨ ਯਹੋਵਾਹ ਵੱਲ ਮੁੜਿਆ ਸੀ? ਨਹੀਂ! ਉਹ ਕੌਮ, ਕਹਾਉਤਾਂ 29:1 ਦੇ ਵਿਗੜੇ ਹੋਏ ਇਨਸਾਨ ਵਰਗੀ ਸੀ: “ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਉ ਨਾ ਹੋਵੇਗਾ।” ਇਸ ਤਰ੍ਹਾਂ ਲੱਗਦਾ ਸੀ ਕਿ ਕੌਮ ਦਾ ਕੋਈ ਇਲਾਜ ਨਹੀਂ ਹੋ ਸਕਦਾ ਸੀ। ਜਿਵੇਂ ਯਸਾਯਾਹ ਨੇ ਕਿਹਾ, ਉਸ ਦੇ ਜ਼ਖ਼ਮ “ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।”b ਕਿਹਾ ਜਾ ਸਕਦਾ ਹੈ ਕਿ ਯਹੂਦਾਹ ਅਜਿਹੇ ਖੁੱਲ੍ਹੇ ਜ਼ਖ਼ਮ ਵਰਗਾ ਸੀ ਜੋ ਹਰ ਪਾਸੇ ਫੈਲਿਆ ਹੋਇਆ ਹੈ, ਅਤੇ ਜਿਸ ਉੱਤੇ ਕੋਈ ਪੱਟੀ ਨਹੀਂ ਬੰਨ੍ਹੀ ਗਈ।
15. ਅਸੀਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਰੋਗੀ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?
15 ਯਹੂਦਾਹ ਤੋਂ ਸਬਕ ਸਿੱਖਦੇ ਹੋਏ, ਸਾਨੂੰ ਵੀ ਰੂਹਾਨੀ ਤੌਰ ਤੇ ਰੋਗੀ ਹੋਣ ਤੋਂ ਚੌਕਸ ਰਹਿਣਾ ਚਾਹੀਦਾ ਹੈ। ਸਰੀਰਕ ਬੀਮਾਰੀ ਵਾਂਗ, ਰੂਹਾਨੀ ਬੀਮਾਰੀ ਸਾਡੇ ਵਿੱਚੋਂ ਕਿਸੇ ਨੂੰ ਵੀ ਲੱਗ ਸਕਦੀ ਹੈ। ਆਖ਼ਰਕਾਰ, ਸਾਡੇ ਵਿੱਚੋਂ ਕਿਹੜਾ ਹੈ ਜਿਸ ਉੱਤੇ ਕਾਮਨਾ ਦਾ ਪ੍ਰਭਾਵ ਨਹੀਂ ਪੈਂਦਾ? ਸਾਡੇ ਦਿਲਾਂ ਵਿਚ ਲਾਲਚ ਅਤੇ ਹੱਦੋਂ ਵੱਧ ਐਸ਼ ਕਰਨ ਦੀ ਇੱਛਾ ਜੜ੍ਹ ਫੜ ਸਕਦੀ ਹੈ। ਇਸ ਲਈ, ਸਾਨੂੰ ਇਹ ਸਲਾਹ ਲਾਗੂ ਕਰਨ ਦੀ ਜ਼ਰੂਰਤ ਹੈ ਕਿ “ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।” (ਰੋਮੀਆਂ 12:9) ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਪਰਮੇਸ਼ੁਰ ਦੀ ਆਤਮਾ, ਜਾਂ ਸ਼ਕਤੀ, ਦੇ ਫਲ ਪੈਦਾ ਕਰਨ ਦੀ ਵੀ ਲੋੜ ਹੈ। (ਗਲਾਤੀਆਂ 5:22, 23) ਇਸ ਤਰ੍ਹਾਂ ਕਰਨ ਨਾਲ, ਅਸੀਂ ਉਸ ਹਾਲਤ ਤੋਂ ਬਚਾਂਗੇ ਜਿਸ ਨੇ ਯਹੂਦਾਹ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਰੂਹਾਨੀ ਤੌਰ ਤੇ ਰੋਗੀ ਕੀਤਾ ਸੀ।
-
-
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
b ਯਸਾਯਾਹ ਦੇ ਸ਼ਬਦ ਉਸ ਦੇ ਜ਼ਮਾਨੇ ਦੇ ਡਾਕਟਰੀ ਇਲਾਜ ਬਾਰੇ ਸਾਨੂੰ ਕੁਝ ਦੱਸਦੇ ਹਨ। ਬਾਈਬਲ ਦਾ ਇਕ ਖੋਜਕਾਰ ਨੋਟ ਕਰਦਾ ਹੈ: “ਜ਼ਖਮ ਵਿੱਚੋਂ ਪਾਕ ਕੱਢਣ ਲਈ ਸਭ ਤੋਂ ਪਹਿਲਾਂ ਉਸ ਨੂੰ ‘ਢੱਕਿਆ’ ਜਾਂ ‘ਘੁੱਟਿਆ’ ਜਾਂਦਾ ਸੀ; ਫਿਰ, ਜਿਵੇਂ ਹਿਜ਼ਕੀਯਾਹ ਨਾਲ ਕੀਤਾ ਗਿਆ ਸੀ (ਅਧਿ. 38, ਆਇਤ 21) ਉਸ ਦਾ ਫੋੜਾ ਕਿਸੇ ਲੇਪ ਨਾਲ ‘ਬੰਨ੍ਹਿਆ’ ਗਿਆ ਸੀ। ਉਸ ਤੋਂ ਬਾਅਦ ਤੇਲ ਜਾਂ ਮਲ੍ਹਮ ਨਾਲ ਫੋੜੇ ਨੂੰ ਸਾਫ਼ ਕੀਤਾ ਗਿਆ ਸੀ। ਜਿਵੇਂ ਲੂਕਾ 10:34 ਵਿਚ ਦੱਸਿਆ ਗਿਆ ਹੈ, ਸ਼ਾਇਦ ਤੇਲ ਅਤੇ ਮੈ ਵਰਤੇ ਗਏ ਸਨ।”
-