ਬਾਈਬਲ ਦਾ ਦ੍ਰਿਸ਼ਟੀਕੋਣ
ਕੁੜੀਆਂ ਦੇ ਮਗਰ ਲੱਗਣਾ ਕਿਉਂ ਗ਼ਲਤ ਹੈ?
ਕੁੜੀਆਂ ਦੇ ਮਗਰ ਲੱਗਣ ਨੂੰ “ਅਸੀਂ ਧੋਖੇਬਾਜ਼ੀ ਜਾਂ ਗ਼ਲਤ ਕਿਉਂ ਸਮਝਦੇ ਹਾਂ? ਇਹ ਧੋਖੇਬਾਜ਼ੀ ਜਾਂ ਗ਼ਲਤ ਨਹੀਂ! ਇਹ ਇਕ ਖੇਡ ਹੈ! ਅਜਿਹੀ ਖੇਡ ਜਿਸ ਵਿਚ ਮੁੰਢਾ ਕੁੜੀ ਦੋਵੇਂ ਲਾਭ ਉਠਾਉਂਦੇ ਹਨ।” —ਨਿਊਯਾਰਕ ਸਿਟੀ ਵਿਚ ਫਲਰਟਿੰਗ ਦੇ ਸਕੂਲ ਦੀ ਨਿਰਦੇਸ਼ਕ, ਸੁਜ਼ਨ ਰਾਬੀਨ।
ਬਹੁਤ ਲੋਕ ਕੁੜੀਆਂ ਦੇ ਮਗਰ ਲੱਗਣ ਨੂੰ ਠੀਕ, ਮਾਮੂਲੀ, ਅਤੇ ਮਾਨਵੀ ਰਿਸ਼ਤਿਆਂ ਨੂੰ ਸ਼ੁਰੂ ਕਰਨ ਅਤੇ ਕਾਇਮ ਰੱਖਣ ਲਈ ਆਵੱਸ਼ਕ ਸਮਝਦੇ ਹਨ। ਅੱਜ-ਕੱਲ੍ਹ, ਪੱਛਮੀ ਦੇਸ਼ਾਂ ਵਿਚ ਉਨ੍ਹਾਂ ਪੁਸਤਕਾਂ, ਰਸਾਲਿਆਂ ਦੇ ਲੇਖਾਂ ਅਤੇ ਖ਼ਾਸ ਕੋਰਸਾਂ ਵਿਚ ਵਾਧਾ ਹੋਇਆ ਹੈ, ਜੋ ਆਪਣੇ ਵੱਲ ਕੁੜੀਆਂ ਨੂੰ ‘ਖਿੱਚਣ ਦੇ ਢੰਗ’ ਲਈ ਆਵੱਸ਼ਕ ਇਸ਼ਾਰੇ, ਉੱਠਣ-ਬੈਠਣ ਦੇ ਢੰਗ, ਅਤੇ ਇਕ ਦੂਸਰੇ ਵੱਲ ਦੇਖਣ ਦੇ ਢੰਗ ਸਿਖਾਉਂਦੇ ਹਨ।
ਇਕ ਸ਼ਬਦ-ਕੋਸ਼ ਇਸ ਵਰਗੇ ਆਚਰਣ ਨੂੰ ‘ਮਜ਼ਾਕਿਆ ਜਾਂ ਲਿੰਗੀ ਤੌਰ ਤੇ ਲਲਚਾਊ’ ਸੱਦਦਾ ਹੈ। ਇਕ ਹੋਰ ਸ਼ਬਦ-ਕੋਸ਼ ਅਜਿਹੇ ਆਚਰਣ ਨੂੰ ‘ਸੱਚੇ-ਵਾਅਦੇ ਤੋਂ ਬਗੈਰ ਰੋਮਾਂਟਿਕ ਹੋਣਾ’ ਕਹਿੰਦਾ ਹੈ। ਆਮ ਤੌਰ ਤੇ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਜਿਹੜੇ ਕੁੜੀਆਂ ਦੇ ਮਗਰ ਲੱਗਦੇ ਹਨ ਉਹ ਅਜਿਹੇ ਮੁੰਡੇ ਹਨ ਜੋ ਰੋਮਾਂਟਿਕ ਦਿਲਚਸਪੀ ਦੇ ਇਸ਼ਾਰੇ ਤਾਂ ਕਰਦੇ ਹਨ ਪਰ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੇ। ਕੀ ਅਜਿਹੇ ਆਚਰਣ ਬਾਰੇ ਇਹ ਸੋਚਣਾ ਚਾਹੀਦਾ ਹੈ ਕਿ ਇਸ ਤੋਂ ਕਿਸੇ ਨੂੰ ਦੁੱਖ ਨਹੀਂ ਪਹੁੰਚੇਗਾ? ਇਸ ਬਾਰੇ ਬਾਈਬਲ ਦਾ ਦ੍ਰਿਸ਼ਟੀਕੋਣ ਕੀ ਹੈ?a
ਭਾਵੇਂ ਅਜਿਹੇ ਚਾਲ-ਚੱਲਣ ਦਾ ਸ਼ਾਸਤਰ ਵਿਚ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਗਿਆ, ਅਸੀਂ ਇਸ ਬਾਰੇ ਪਰਮੇਸ਼ੁਰ ਦਾ ਵਿਚਾਰ ਜਾਣ ਸਕਦੇ ਹਾਂ। ਕਿਸ ਤਰ੍ਹਾਂ? ਉਨ੍ਹਾਂ ਬਾਈਬਲੀ ਸਿਧਾਂਤਾਂ ਦੀ ਜਾਂਚ ਕਰ ਕੇ ਜੋ ਇਸ ਨਾਲ ਸੰਬੰਧ ਰੱਖਦੇ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ‘ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਚ ਕਰਨ’ ਲਈ ਸਾਧਦੇ ਹਾਂ। (ਇਬਰਾਨੀਆਂ 5:14) ਸਭ ਤੋਂ ਪਹਿਲਾਂ ਆਓ ਅਸੀਂ ਇਸ ਉੱਤੇ ਗੌਰ ਕਰੀਏ ਕਿ ਸ਼ਾਦੀ-ਸ਼ੁਦਾ ਆਦਮੀਆਂ ਲਈ ਦੂਸਰੀਆਂ ਔਰਤਾਂ ਨਾਲ ਜਜ਼ਬਾਤੀ ਤੌਰ ਤੇ ਨਜ਼ਦੀਕ ਹੋਣਾ ਗ਼ਲਤ ਹੈ ਜਾਂ ਨਹੀਂ।
ਜੇਕਰ ਤੁਸੀਂ ਸ਼ਾਦੀ-ਸ਼ੁਦਾ ਹੋ
ਸ਼ਾਦੀ-ਸ਼ੁਦਾ ਜੋੜਿਆਂ ਲਈ ਏਕਾਂਤ ਵਿਚ ਇਕ ਦੂਜੇ ਨਾਲ ਕਲੋਲ ਕਰਨਾ, ਜਾਂ ਪਿਆਰ ਕਰਨਾ ਬਿਲਕੁਲ ਠੀਕ ਹੈ। (ਉਤਪਤ 26:8 ਦੀ ਤੁਲਨਾ ਕਰੋ।) ਪਰ ਵਿਆਹ ਤੋਂ ਬਾਹਰ ਦੂਜੀਆਂ ਔਰਤਾਂ ਵੱਲ ਅਜਿਹਾ ਧਿਆਨ ਦੇਣਾ ਪਰਮੇਸ਼ੁਰ ਦੇ ਸਿਧਾਂਤਾਂ ਦੇ ਵਿਰੁੱਧ ਜਾਂਦਾ ਹੈ। ਯਹੋਵਾਹ ਦਾ ਮਕਸਦ ਇਹ ਸੀ ਕਿ ਸ਼ਾਦੀ-ਸ਼ੁਦਾ ਜੋੜੇ ਇਕ ਨਜ਼ਦੀਕ ਅਤੇ ਭਰੋਸੇ ਰੱਖਣ ਵਾਲੇ ਰਿਸ਼ਤੇ ਦਾ ਆਨੰਦ ਮਾਣਨ। (ਉਤਪਤ 2:24; ਅਫ਼ਸੀਆਂ 5:21-33) ਉਹ ਵਿਆਹ ਨੂੰ ਇਕ ਪਵਿੱਤਰ ਅਤੇ ਪੱਕਾ ਸੰਜੋਗ ਸਮਝਦਾ ਹੈ। ਮਲਾਕੀ 2:16 ਤੇ ਪਰਮੇਸ਼ੁਰ ਕਹਿੰਦਾ ਹੈ: “ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।”b
ਕੀ ਕਿਸੇ ਸ਼ਾਦੀ-ਸ਼ੁਦਾ ਆਦਮੀ ਲਈ ਹੋਰ ਔਰਤਾਂ ਨਾਲ ਪਿਆਰ ਜਤਾਉਣਾ ਵਿਆਹ ਬਾਰੇ ਪਰਮੇਸ਼ੁਰ ਦੇ ਵਿਚਾਰ ਅਨੁਸਾਰ ਹੈ? ਬਿਲਕੁਲ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਵਾਲਾ ਸ਼ਾਦੀ-ਸ਼ੁਦਾ ਆਦਮੀ ਵਿਆਹ ਦੀ ਪਵਿੱਤਰਤਾਈ ਲਈ ਨਿਰਾਦਰ ਦਿਖਾਉਂਦਾ ਹੈ, ਜੋ ਕਿ ਪਰਮੇਸ਼ੁਰ ਦਾ ਪ੍ਰਬੰਧ ਹੈ। ਨਾਲੇ, ਅਫ਼ਸੀਆਂ 5:33 ਮਸੀਹੀ ਪਤੀ ਨੂੰ ਹੁਕਮ ਦਿੰਦਾ ਹੈ ਕਿ ਉਹ “ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ” ਅਤੇ ਪਤਨੀ ਨੂੰ ਹੁਕਮ ਦਿੰਦਾ ਹੈ ਕਿ ਉਹ “ਆਪਣੇ ਪਤੀ ਦਾ ਮਾਨ ਕਰੇ।” ਕੀ ਬਿਗਾਨੀਆਂ ਔਰਤਾਂ ਨਾਲ ਦੋਸਤੀ ਰੱਖਣੀ, ਜਿਸ ਤੋਂ ਜਲਣ ਪੈਦਾ ਹੁੰਦੀ ਹੈ, ਤੁਹਾਡੀ ਆਪਣੀ ਪਤਨੀ ਲਈ ਪ੍ਰੇਮ ਜਾਂ ਆਦਰ ਦਿਖਾਉਂਦਾ ਹੈ?
ਹੋਰ ਵੀ ਚੌਕਸ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਨਾਲ ਰੋਮਾਂਟਿਕ ਦੋਸਤੀ ਰੱਖਣੀ ਜ਼ਨਾਹ ਵੱਲ ਲੈ ਜਾ ਸਕਦੀ ਹੈ, ਅਜਿਹਾ ਪਾਪ ਜਿਸ ਨੂੰ ਯਹੋਵਾਹ ਬਿਲਕੁਲ ਰੱਦ ਕਰਦਾ ਹੈ ਅਤੇ ਧੋਖੇਬਾਜ਼ੀ ਸਮਝਦਾ ਹੈ। (ਕੂਝ 20:14; ਲੇਵੀਆਂ 20:10; ਮਲਾਕੀ 2:14, 15; ਮਰਕਸ 10:17-19) ਵਾਕਈ, ਯਹੋਵਾਹ ਜ਼ਨਾਹ ਨੂੰ ਇੰਨਾ ਗੰਭੀਰ ਵਿਚਾਰਦਾ ਹੈ ਕਿ ਉਹ ਉਸ ਵਿਅਕਤੀ ਨੂੰ ਤਲਾਕ ਦੇਣ ਲਈ ਇਜਾਜ਼ਤ ਦਿੰਦਾ ਹੈ ਜਿਸ ਖ਼ਿਲਾਫ ਬੇਵਫ਼ਾਈ ਕੀਤੀ ਗਈ ਹੈ। (ਮੱਤੀ 5:32) ਤਾਂ ਫਿਰ, ਕੀ ਤੁਹਾਡੇ ਖ਼ਿਆਲ ਵਿਚ ਯਹੋਵਾਹ ਕਿਸੇ ਆਦਮੀ ਦੇ ਦੂਜੀਆਂ ਔਰਤਾਂ ਦੇ ਜਜ਼ਬਾਤਾਂ ਨਾਲ ਖੇਡਣ ਨੂੰ ਪਸੰਦ ਕਰੇਗਾ? ਨਹੀਂ, ਪਰਮੇਸ਼ੁਰ ਇਸ ਨੂੰ ਪਸੰਦ ਨਹੀਂ ਕਰੇਗਾ, ਠੀਕ ਉਸੇ ਤਰ੍ਹਾਂ ਜਿਵੇਂ ਇਕ ਪ੍ਰੇਮਪੂਰਣ ਮਾਤਾ ਜਾਂ ਪਿਤਾ ਆਪਣੇ ਛੋਟੇ ਬੱਚੇ ਦੇ ਕਿਸੇ ਤਿੱਖੇ ਚਾਕੂ ਨਾਲ ਖੇਡਣ ਨੂੰ ਪਸੰਦ ਨਹੀਂ ਕਰੇਗਾ।
ਜ਼ਨਾਹ ਬਾਰੇ ਬਾਈਬਲ ਚੇਤਾਵਨੀ ਦਿੰਦੀ ਹੈ: “ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ? ਕੋਈ ਅੰਗਿਆਰਿਆਂ ਉੱਤੇ ਤੁਰੇ, ਤੇ ਉਹ ਦੇ ਪੈਰ ਨਾ ਝੁਲਸਣ? ਅਜਿਹਾ ਉਹ ਹੈ ਜੋ ਆਪਣੇ ਗੁਆਂਢੀ ਦੀ ਤੀਵੀਂ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨਾ ਡੰਨ ਭੋਗੇ ਨਾ ਛੁੱਟੇਗਾ।” (ਕਹਾਉਤਾਂ 6:27-29) ਪਰ, ਭਾਵੇਂ ਜ਼ਨਾਹ ਨਾ ਵੀ ਕੀਤਾ ਹੋਵੇ, ਇਕ ਸ਼ਾਦੀ-ਸ਼ੁਦਾ ਆਦਮੀ ਜੋ ਬਿਗਾਨੀਆਂ ਔਰਤਾਂ ਦੇ ਮਗਰ ਲੱਗਦਾ ਹੈ ਉਹ ਆਪਣੇ ਆਪ ਨੂੰ ਖ਼ਤਰੇ ਵਿਚ ਪਾਉਂਦਾ ਹੈ, ਯਾਨੀ ਕਿ ਉਸ ਵਿਚ ਫਸ ਜਾਂਦਾ ਹੈ ਜੋ ‘ਦਿਲ ਵਿਚ ਜ਼ਨਾਹ’ ਸੱਦਿਆ ਗਿਆ ਹੈ।
ਦਿਲ ਵਿਚ ਜ਼ਨਾਹ
ਕੁਝ ਲੋਕਾਂ ਨੇ ਆਪਣੇ ਵਿਆਹ ਤੋਂ ਬਾਹਰ ਦੋਸਤੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਲਿੰਗੀ ਸੰਗਮ ਹੋਣ ਤੋਂ ਬਿਨਾਂ ਰੋਮਾਂਟਿਕ ਖ਼ਿਆਲ ਸ਼ੁਰੂ ਹੋ ਗਏ ਹਨ। ਪਰ, ਯਿਸੂ ਨੇ ਚੇਤਾਵਨੀ ਦਿੱਤੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ ਹੈ।” (ਮੱਤੀ 5:28) ਯਿਸੂ ਨੇ ਉਸ ਬੁਰੀ ਇੱਛਿਆ ਦਾ ਵਿਰੋਧ ਕਿਉਂ ਕੀਤਾ ਜੋ ਸਿਰਫ਼ ਦਿਲ ਵਿਚ ਹੀ ਰਹਿੰਦੀ ਹੈ?
ਇਕ ਕਾਰਨ ਇਹ ਹੈ ਕਿ ‘ਜਨਾਕਾਰੀਆਂ ਦਿਲ ਵਿੱਚੋਂ ਨਿੱਕਲਦੀਆਂ ਹਨ।’ (ਮੱਤੀ 15:19) ਭਾਵੇਂ ਅਜਿਹੀ ਦੋਸਤੀ ਜ਼ਨਾਹ ਦੀ ਹੱਦ ਤਕ ਨਹੀਂ ਪਹੁੰਚੀ ਫਿਰ ਵੀ ਇਹ ਠੇਸ ਪਹੁੰਚਾਉਂਦੀ ਹੈ। ਕਿਸ ਤਰ੍ਹਾਂ? ਇਸ ਵਿਸ਼ੇ ਉੱਤੇ ਇਕ ਪੁਸਤਕ ਦੱਸਦੀ ਹੈ: “ਕੋਈ ਵੀ ਕੰਮ ਜਾਂ ਰਿਸ਼ਤਾ ਜੋ ਤੁਹਾਡੇ ਆਪਣੇ ਸਾਥੀ ਨਾਲ ਜੀਵਨ ਤੋਂ ਬਹੁਤ ਜ਼ਿਆਦਾ ਸਮਾਂ ਜਾਂ ਤਾਕਤ ਲੈਂਦਾ ਹੈ, ਉਹ ਇਕ ਤਰ੍ਹਾਂ ਦੀ ਬੇਵਫ਼ਾਈ ਹੈ।” ਜੀ ਹਾਂ, ‘ਦਿਲ ਵਿਚ ਜ਼ਨਾਹ,’ ਉਸ ਸਮੇਂ, ਧਿਆਨ, ਅਤੇ ਪਿਆਰ ਨੂੰ ਚੋਰੀ ਕਰਦਾ ਹੈ ਜੋ ਤੁਹਾਡੇ ਆਪਣੇ ਸਾਥੀ ਵਾਸਤੇ ਹੈ। ਯਿਸੂ ਦੇ ਉਸ ਹੁਕਮ ਨੂੰ ਧਿਆਨ ਵਿਚ ਰੱਖਦਿਆਂ, ਕਿ ਅਸੀਂ ਦੂਜਿਆਂ ਨਾਲ ਉਸ ਤਰ੍ਹਾਂ ਕਰੀਏ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਕਰਨ, ਇਕ ਸ਼ਾਦੀ-ਸ਼ੁਦਾ ਆਦਮੀ ਆਪਣੇ ਆਪ ਨੂੰ ਪੁੱਛ ਸਕਦਾ ਹੈ, ‘ਜੇਕਰ ਮੇਰੀ ਪਤਨੀ ਕਿਸੇ ਹੋਰ ਆਦਮੀ ਦੇ ਮਗਰ ਲੱਗੇ ਤਾਂ ਮੈਨੂੰ ਕਿਸ ਤਰ੍ਹਾਂ ਲੱਗੇਗਾ?’—ਕਹਾਉਤਾਂ 5:15-23; ਮੱਤੀ 7:12.
ਜੇਕਰ ਇਕ ਆਦਮੀ ਨੇ ਇਸ ਤਰ੍ਹਾਂ ਦਾ ਗ਼ਲਤ ਜਜ਼ਬਾਤੀ ਰਿਸ਼ਤਾ ਸ਼ੁਰੂ ਕਰ ਲਿਆ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਇਕ ਸ਼ਾਦੀ-ਸ਼ੁਦਾ ਆਦਮੀ ਜਿਸ ਨੇ ਇਸ ਤਰ੍ਹਾਂ ਦਾ ਗ਼ਲਤ ਰਿਸ਼ਤਾ ਜੋੜਿਆ ਹੈ ਅਜਿਹੇ ਡ੍ਰਾਈਵਰ ਵਰਗਾ ਹੈ ਜੋ ਗੱਡੀ ਚਲਾਉਂਦਾ-ਚਲਾਉਂਦਾ ਸੌਂ ਜਾਂਦਾ ਹੈ। ਉਸ ਦੇ ਵਿਆਹ ਅਤੇ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਦੇ ਬਰਬਾਦ ਹੋਣ ਤੋਂ ਪਹਿਲਾਂ, ਉਸ ਨੂੰ ਇਸ ਖ਼ਤਰੇ ਬਾਰੇ ਸਚੇਤ ਹੋਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਰੋਕਣ ਲਈ ਉਸ ਨੂੰ ਜਲਦੀ ਹੀ ਨਿਸ਼ਚਿਤ ਕਦਮ ਚੁੱਕਣੇ ਚਾਹੀਦੇ ਹਨ। ਯਿਸੂ ਨੇ ਅਜਿਹੇ ਕਦਮ ਚੁੱਕਣ ਦੀ ਸਖ਼ਤ ਲੋੜ ਨੂੰ ਦਰਸਾਉਂਦੇ ਹੋਏ ਕਿਹਾ ਕਿ ਇਕ ਅੱਖ ਜਾਂ ਇਕ ਹੱਥ ਵਰਗੀ ਅਨਮੋਲ ਚੀਜ਼ ਨੂੰ ਕੱਢਣਾ ਜਾਂ ਵੱਡਣਾ ਪਵੇਗਾ ਜੇਕਰ ਉਹ ਚੀਜ਼ ਪਰਮੇਸ਼ੁਰ ਦੇ ਅੱਗੇ ਸਾਡੀ ਸ਼ੁੱਧ ਸਥਿਤੀ ਨੂੰ ਨਸ਼ਟ ਕਰਦੀ ਹੈ।—ਮੱਤੀ 5:29, 30.
ਇਸ ਲਈ ਇਸ ਉੱਤੇ ਧਿਆਨ ਰੱਖਣਾ ਚੰਗਾ ਹੋਵੇਗਾ ਕਿ ਤੁਸੀਂ ਦੂਜੇ ਵਿਅਕਤੀ ਨੂੰ ਕਿੱਥੇ ਅਤੇ ਕਿੰਨੀ ਵਾਰ ਮਿਲਦੇ ਹੋ। ਨਿਸ਼ਚੇ ਹੀ ਦੂਜੇ ਵਿਅਕਤੀ ਦੇ ਨਾਲ ਇਕੱਲੇ ਹੋਣ ਤੋਂ ਪਰਹੇਜ਼ ਕਰੋ, ਅਤੇ ਜੇਕਰ ਤੁਸੀਂ ਉਸ ਨਾਲ ਕੰਮ ਕਰਦੇ ਹੋ ਤਾਂ ਆਪਣੀਆਂ ਗੱਲਾਂ-ਬਾਤਾਂ ਬਾਰੇ ਸਾਵਧਾਨ ਹੋਵੋ। ਸ਼ਾਇਦ ਉਸ ਵਿਅਕਤੀ ਨਾਲ ਮਿਲਣਾ-ਜੁਲਣਾ ਬੰਦ ਕਰਨ ਦੀ ਜ਼ਰੂਰਤ ਪਵੇ। ਇਸ ਤੋਂ ਬਾਅਦ, ਆਪਣੀਆਂ ਅੱਖਾਂ, ਆਪਣੇ ਵਿਚਾਰਾਂ, ਅਤੇ ਆਚਰਣ ਦੇ ਸੰਬੰਧ ਵਿਚ ਜ਼ਿਆਦਾ ਆਤਮ-ਸੰਜਮ ਲਾਗੂ ਕਰਨ ਦੀ ਜ਼ਰੂਰਤ ਹੈ। (ਉਤਪਤ 39:7-12; ਜ਼ਬੂਰ 19:14; ਕਹਾਉਤਾਂ 4:23; 1 ਥੱਸਲੁਨੀਕੀਆਂ 4:4-6) ਅੱਯੂਬ, ਜੋ ਸ਼ਾਦੀ-ਸ਼ੁਦਾ ਆਦਮੀ ਸੀ, ਨੇ ਇਕ ਵਧੀਆ ਉਦਾਹਰਣ ਕਾਇਮ ਕੀਤੀ ਜਦੋਂ ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?”—ਅੱਯੂਬ 31:1.
ਸਪੱਸ਼ਟ ਤੌਰ ਤੇ, ਕਿਸੇ ਸ਼ਾਦੀ-ਸ਼ੁਦਾ ਆਦਮੀ ਲਈ ਬਿਗਾਨੀਆਂ ਔਰਤਾਂ ਦੇ ਮਗਰ ਲੱਗਣਾ ਖ਼ਤਰਨਾਕ ਅਤੇ ਸ਼ਾਸਤਰ-ਵਿਰੋਧੀ ਹੈ। ਪਰ ਫਿਰ, ਅਣਵਿਆਹਿਆਂ ਦੇ ਅਜਿਹੇ ਚਾਲ-ਚੱਲਣ ਬਾਰੇ ਬਾਈਬਲ ਦਾ ਕੀ ਵਿਚਾਰ ਹੈ? ਕੀ ਅਜਿਹਾ ਚਾਲ-ਚੱਲਣ ਕੁੜੀਆਂ ਨਾਲ ਦੋਸਤੀ ਸ਼ੁਰੂ ਕਰਨ ਲਈ ਠੀਕ, ਮਾਮੂਲੀ, ਜਾਂ ਆਵੱਸ਼ਕ ਸਮਝਿਆ ਗਿਆ ਹੈ? ਕੀ ਇਸ ਤੋਂ ਕੋਈ ਦੁੱਖ ਆ ਸਕਦਾ ਹੈ?
ਅਣਵਿਆਹਿਆਂ ਬਾਰੇ ਕੀ?
ਅਣਵਿਆਹਿਆਂ ਲਈ ਇਕ ਦੂਜੇ ਵਿਚ ਰੋਮਾਂਟਿਕ ਦਿਲਚਸਪੀ ਰੱਖਣੀ ਗ਼ਲਤ ਨਹੀਂ ਹੈ, ਜੇ ਉਹ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਨ, ਅਤੇ ਜੇ ਉਹ ਅਸ਼ੁੱਧ ਆਚਰਣ ਤੋਂ ਪਰਹੇਜ਼ ਕਰਦੇ ਹਨ। (ਗਲਾਤੀਆਂ 5:19-21) ਅਜਿਹੀ ਦਿਲਚਸਪੀ ਸ਼ਾਇਦ ਇਕ ਦੂਜੇ ਨੂੰ ਜਾਣਨ ਦੇ ਮੁਢਲੇ ਸਮੇਂ ਦੇ ਦੌਰਾਨ ਹੋ ਸਕਦੀ ਹੈ ਜਦੋਂ ਉਨ੍ਹਾਂ ਨੇ ਵਿਆਹ ਬਾਰੇ ਅਜੇ ਇੰਨਾ ਸੋਚਿਆ ਵੀ ਨਹੀਂ ਹੈ। ਅਜਿਹੀ ਰੋਮਾਂਟਿਕ ਦਿਲਚਸਪੀ ਗ਼ਲਤ ਨਹੀਂ ਹੈ ਜਦੋਂ ਇਰਾਦੇ ਚੰਗੇ ਹੁੰਦੇ ਹਨ।
ਪਰ ਉਦੋਂ ਕੀ ਜਦੋਂ ਅਣਵਿਆਹੇ ਮੁੰਡੇ-ਕੁੜੀਆਂ ਸਿਰਫ਼ ਹਾਸੇ ਮਜ਼ਾਕ ਲਈ ਇਕ ਦੂਜੇ ਨੂੰ ਰੋਮਾਂਟਿਕ ਇਸ਼ਾਰੇ ਦੇਣ? ਸ਼ਾਇਦ ਇਸ ਤਰ੍ਹਾਂ ਲੱਗੇ ਕਿ ਇਸ ਵਿਚ ਕੋਈ ਗ਼ਲਤੀ ਨਹੀਂ ਹੈ ਕਿਉਂਕਿ ਉਹ ਦੋਨੋਂ ਸ਼ਾਦੀ-ਸ਼ੁਦਾ ਨਹੀਂ ਹਨ। ਪਰ, ਜ਼ਰਾ ਜਜ਼ਬਾਤੀ ਦੁੱਖ ਦੀ ਸੰਭਾਵਨਾ ਉੱਤੇ ਗੌਰ ਕਰੋ। ਜੇਕਰ ਇਸ ਤਰ੍ਹਾਂ ਕਰਨ ਵਾਲੇ ਦੇ ਹਾਸੇ ਮਜ਼ਾਕ ਨੂੰ ਸੱਚ ਮੰਨਿਆ ਜਾਵੇ, ਤਾਂ ਇਸ ਦਾ ਨਤੀਜਾ ਬਹੁਤ ਹੀ ਦੁਖਦਾਇਕ ਹੋ ਸਕਦਾ ਹੈ। ਕਹਾਉਤਾਂ 13:12 ਦੇ ਸ਼ਬਦ ਕਿੰਨੇ ਸੱਚੇ ਹਨ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ।” ਭਾਵੇਂ ਦੋਵੇਂ ਵਿਅਕਤੀ ਦਾਅਵਾ ਕਰਨ ਕਿ ਉਹ ਸਮਝਦੇ ਹਨ ਕਿ ਉਹ ਇਕ ਦੂਜੇ ਨਾਲ ਵਿਆਹ ਕਰਨ ਦੀ ਦਿਲਚਸਪੀ ਨਹੀਂ ਰੱਖਦੇ, ਪਰ ਕੀ ਉਨ੍ਹਾਂ ਵਿੱਚੋਂ ਕੋਈ ਵੀ ਨਿਸ਼ਚਿਤ ਕਰ ਸਕਦਾ ਹੈ ਕਿ ਦੂਜਾ ਵਿਅਕਤੀ ਸੱਚ-ਮੁੱਚ ਕੀ ਸੋਚ ਅਤੇ ਮਹਿਸੂਸ ਕਰ ਰਿਹਾ ਹੈ? ਬਾਈਬਲ ਜਵਾਬ ਦਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ . . . ਉਹ ਨੂੰ ਕੌਣ ਜਾਣ ਸੱਕਦਾ ਹੈ?”—ਯਿਰਮਿਯਾਹ 17:9; ਫ਼ਿਲਿੱਪੀਆਂ 2:4 ਦੀ ਤੁਲਨਾ ਕਰੋ।
ਜ਼ਨਾਹ ਕਰਨ ਦੇ ਖ਼ਤਰੇ ਉੱਤੇ ਵੀ ਗੌਰ ਕਰੋ, ਜਿਸ ਦੇ ਨਤੀਜੇ ਸ਼ਾਇਦ ਰੋਗ ਜਾਂ ਨਾਜਾਇਜ਼ ਗਰਭ ਹੋ ਸਕਦੇ ਹਨ। ਸ਼ਾਸਤਰ ਵਿਚ ਜ਼ਨਾਹ ਮਨ੍ਹਾ ਕੀਤਾ ਜਾਂਦਾ ਹੈ, ਅਤੇ ਜਾਣ-ਬੁੱਝ ਕੇ ਜ਼ਨਾਹ ਕਰਨ ਵਾਲੇ ਪਰਮੇਸ਼ੁਰ ਦੀ ਕਿਰਪਾ ਹਾਸਲ ਨਹੀਂ ਕਰਨਗੇ। ਪੌਲੁਸ ਰਸੂਲ ਨੇ ਸਿਆਣੀ ਤਰ੍ਹਾਂ ਮਸੀਹੀਆਂ ਨੂੰ ਖ਼ਬਰਦਾਰ ਕੀਤਾ ਕਿ ਪਰਤਾਵਿਆਂ ਤੋਂ ਪਰਹੇਜ਼ ਕਰਨ ਲਈ, ਉਨ੍ਹਾਂ ਨੂੰ ਆਪਣੇ ‘ਅੰਗਾਂ ਨੂੰ . . . ਮਾਰ ਸੁੱਟਣਾ,’ “ਅਰਥਾਤ ਹਰਾਮਕਾਰੀ” ਅਤੇ “ਕਾਮ ਦੀ ਵਾਸ਼ਨਾ” ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਜ਼ਨਾਹ ਵੱਲ ਲੈ ਜਾਂਦੀਆਂ ਹਨ। (ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3-5) ਅਫ਼ਸੀਆਂ 5:3 ਤੇ, ਉਹ ਸਾਨੂੰ ਸਲਾਹ ਦਿੰਦਾ ਹੈ ਕਿ ਜ਼ਨਾਹ ਦੀ “ਚਰਚਾ ਨਹੀਂ ਹੋਣੀ ਚਾਹੀਦੀ,” ਯਾਨੀ ਕਿ, ਅਜਿਹੇ ਤਰੀਕੇ ਵਿਚ ਜੋ ਗ਼ਲਤ ਇੱਛਾ ਨੂੰ ਜਗਾਵੇ। (ਪਵਿੱਤਰ ਬਾਈਬਲ ਨਵਾਂ ਅਨੁਵਾਦ) ਗ਼ਲਤ ਰੋਮਾਂਟਿਕ ਦਿਲਚਸਪੀ ਇਸ ਸਲਾਹ ਦੇ ਨਾਲ ਮੇਲ ਨਹੀਂ ਖਾਂਦੀ। ਪਰਮੇਸ਼ੁਰ ਸੈਕਸ ਬਾਰੇ ਗੰਦੀਆਂ ਗੱਲਾਂ-ਬਾਤਾਂ ਨੂੰ ਵੀ ਮਨ੍ਹਾ ਕਰਦਾ ਹੈ।
ਬਾਈਬਲ ਸਿਧਾਂਤ ਦਿਖਾਉਂਦੇ ਹਨ ਕਿ ਕੁੜੀਆਂ ਦੇ ਮਗਰ ਲੱਗਣਾ ਅਤੇ ਗ਼ਲਤ ਰੋਮਾਂਟਿਕ ਦਿਲਚਸਪੀ ਰੱਖਣੀ, ਸਾਡੇ ਸੰਗੀ ਮਨੁੱਖਾਂ ਲਈ ਦੁਖਦਾਇਕ ਹੋ ਸਕਦਾ ਹੈ ਅਤੇ ਇਹ ਯਹੋਵਾਹ ਲਈ, ਜੋ ਵਿਆਹ ਦਾ ਆਰੰਭਕਰਤਾ ਹੈ, ਨਿਰਾਦਰ ਦਿਖਾਉਂਦਾ ਹੈ। ਅਜਿਹੇ ਗ਼ਲਤ ਚਾਲ-ਚੱਲਣ ਬਾਰੇ ਬਾਈਬਲ ਦੀ ਸਲਾਹ ਨਿਸ਼ਚੇ ਹੀ ਪ੍ਰੇਮਪੂਰਣ ਅਤੇ ਉਚਿਤ ਹੈ, ਕਿਉਂ ਜੋ ਉਹ ਲੋਕਾਂ ਨੂੰ ਦੁੱਖ ਤੋਂ ਬਚਾਉਂਦੀ ਹੈ। ਇਸ ਲਈ ਪਰਮੇਸ਼ੁਰ ਦੇ ਪ੍ਰੇਮੀ ਅਜਿਹੇ ਆਚਰਣ ਤੋਂ ਦੂਰ ਰਹਿਣਗੇ ਜੋ ‘ਦਿਲ ਵਿਚ ਜ਼ਨਾਹ’ ਕਰਨ ਵੱਲ ਲੈ ਜਾ ਸਕਦਾ ਹੈ। ਆਦਮੀ ਅਤੇ ਔਰਤਾਂ ਇਕ ਦੂਜੇ ਦੇ ਜਜ਼ਬਾਤਾਂ ਨਾਲ ਖੇਡਣ ਦੀ ਬਜਾਇ ਇਕ ਦੂਜੇ ਨਾਲ ਪਵਿੱਤਰਤਾਈ ਅਤੇ ਆਦਰਮਾਨ ਵਰਤਾਉ ਕਰਨਗੇ।—1 ਤਿਮੋਥਿਉਸ 2:9, 10; 5:1, 2.
[ਫੁਟਨੋਟ]
a ਚੰਗੇ ਇਰਾਦੇ ਵਾਲੀ ਦੋਸਤੀ ਦਾ ‘ਕੁੜੀਆਂ ਦੇ ਮਗਰ ਲੱਗਣ’ ਨਾਲ ਭੁਲੇਖਾ ਨਹੀਂ ਖਾਣਾ ਚਾਹੀਦਾ।
b ਜਾਗਰੂਕ ਬਣੋ! (ਅੰਗ੍ਰੇਜ਼ੀ), ਫਰਵਰੀ 8, 1994, ਦੇ ਅੰਕ ਵਿਚ, ਲੇਖ “ਪਰਮੇਸ਼ੁਰ ਕਿਸ ਤਰ੍ਹਾਂ ਦੇ ਤਲਾਕ ਤੋਂ ਘਿਣ ਕਰਦਾ ਹੈ?” ਦੇਖੋ।
[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
©The Curtis Publishing Company