-
“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
1, 2. 29 ਈਸਵੀ ਦੀ ਪਤਝੜ ਨੂੰ ਯਿਸੂ ਯਹੂਦਿਯਾ ਦੀ ਉਜਾੜ ਵਿਚ ਕਿਵੇਂ ਆਇਆ ਅਤੇ ਇੱਥੇ ਉਸ ਨਾਲ ਕੀ ਹੋਇਆ? (ਪਹਿਲੀ ਤਸਵੀਰ ਦੇਖੋ।)
ਇਹ 29 ਈਸਵੀ ਦੀ ਪਤਝੜ ਦਾ ਸਮਾਂ ਹੈ। ਯਿਸੂ ਯਹੂਦਿਯਾ ਦੀ ਉਜਾੜ ਵਿਚ ਹੈ ਜੋ ਮ੍ਰਿਤ ਸਾਗਰ ਦੇ ਉੱਤਰ ਵੱਲ ਪੈਂਦੀ ਹੈ। ਇੱਥੇ ਆਉਣ ਤੋਂ ਪਹਿਲਾਂ ਉਸ ਦਾ ਬਪਤਿਸਮਾ ਹੋਇਆ ਤੇ ਪਵਿੱਤਰ ਸ਼ਕਤੀ ਰਾਹੀਂ ਉਸ ਨੂੰ ਚੁਣਿਆ ਗਿਆ। ਫਿਰ ਪਵਿੱਤਰ ਸ਼ਕਤੀ ਨੇ ਉਸ ਨੂੰ ਇਸ ਉਜਾੜ ਵਿਚ ਆਉਣ ਲਈ ਪ੍ਰੇਰਿਆ। ਇਹ ਇਲਾਕਾ ਬਹੁਤ ਵਿਰਾਨ ਹੈ ਤੇ ਇਸ ਵਿਚ ਹਰ ਪਾਸੇ ਖੱਡਾਂ ਅਤੇ ਚਟਾਨਾਂ ਹਨ। ਇਸ ਉਜਾੜ ਵਿਚ ਯਿਸੂ 40 ਦਿਨ ਬਿਲਕੁਲ ਇਕੱਲਾ ਰਹਿੰਦਾ ਹੈ। ਇਸ ਦੌਰਾਨ ਉਹ ਵਰਤ ਰੱਖਦਾ, ਪ੍ਰਾਰਥਨਾ ਕਰਦਾ ਅਤੇ ਸੋਚ-ਵਿਚਾਰ ਕਰਦਾ ਹੈ। ਸ਼ਾਇਦ ਇਸ ਸਮੇਂ ਯਹੋਵਾਹ ਆਪਣੇ ਬੇਟੇ ਨਾਲ ਗੱਲ ਕਰ ਕੇ ਉਸ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦਾ ਹੈ।
2 ਹੁਣ ਜਦ ਯਿਸੂ ਭੁੱਖ ਨਾਲ ਬੇਹਾਲ ਹੈ, ਤਾਂ ਸ਼ੈਤਾਨ ਉਸ ਕੋਲ ਆਉਂਦਾ ਹੈ। ਅੱਗੇ ਜੋ ਹੁੰਦਾ ਹੈ, ਉਸ ਨਾਲ ਇਕ ਅਹਿਮ ਮੁੱਦਾ ਸਾਮ੍ਹਣੇ ਆਉਂਦਾ ਹੈ। ਇਸ ਮੁੱਦੇ ਵਿਚ ਸ਼ੁੱਧ ਭਗਤੀ ਕਰਨ ਵਾਲੇ ਸਾਰੇ ਲੋਕ ਸ਼ਾਮਲ ਹਨ ਤੇ ਤੁਸੀਂ ਵੀ ਹੋ।
-
-
“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
3, 4. (ੳ) ਪਹਿਲੀਆਂ ਦੋ ਪਰੀਖਿਆਵਾਂ ਦੇ ਸ਼ੁਰੂ ਵਿਚ ਸ਼ੈਤਾਨ ਕੀ ਕਹਿੰਦਾ ਹੈ ਅਤੇ ਉਹ ਯਿਸੂ ਦੇ ਮਨ ਵਿਚ ਕਿਹੜਾ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ? (ਅ) ਸ਼ੈਤਾਨ ਅੱਜ ਵੀ ਅਜਿਹੀਆਂ ਚਾਲਾਂ ਕਿਵੇਂ ਚੱਲਦਾ ਹੈ?
3 ਮੱਤੀ 4:1-7 ਪੜ੍ਹੋ। ਸ਼ੈਤਾਨ ਨੇ ਪਹਿਲੀਆਂ ਦੋ ਪਰੀਖਿਆਵਾਂ ਵੇਲੇ ਚਲਾਕੀ ਨਾਲ ਕਿਹਾ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਕੀ ਸ਼ੈਤਾਨ ਨੂੰ ਸ਼ੱਕ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ? ਨਹੀਂ। ਇਹ ਬਗਾਵਤੀ ਦੂਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਿਸੂ ਹੀ ਪਰਮੇਸ਼ੁਰ ਦਾ ਜੇਠਾ ਪੁੱਤਰ ਹੈ। (ਕੁਲੁ. 1:15) ਬਿਨਾਂ ਸ਼ੱਕ, ਸ਼ੈਤਾਨ ਉਹ ਸ਼ਬਦ ਚੰਗੀ ਤਰ੍ਹਾਂ ਜਾਣਦਾ ਸੀ ਜੋ ਯਹੋਵਾਹ ਨੇ ਯਿਸੂ ਦੇ ਬਪਤਿਸਮੇ ਸਮੇਂ ਸਵਰਗੋਂ ਕਹੇ ਸਨ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17) ਸ਼ਾਇਦ ਸ਼ੈਤਾਨ ਯਿਸੂ ਦੇ ਮਨ ਵਿਚ ਸ਼ੱਕ ਪਾਉਣਾ ਚਾਹੁੰਦਾ ਸੀ ਕਿ ਉਸ ਦਾ ਪਿਤਾ ਭਰੋਸੇ ਦੇ ਲਾਇਕ ਹੈ ਜਾਂ ਨਹੀਂ ਅਤੇ ਉਹ ਸੱਚ-ਮੁੱਚ ਉਸ ਦੀ ਪਰਵਾਹ ਕਰਦਾ ਹੈ ਜਾਂ ਨਹੀਂ। ਜਦੋਂ ਸ਼ੈਤਾਨ ਨੇ ਪਹਿਲੀ ਪਰੀਖਿਆ ਲੈਂਦਿਆਂ ਉਸ ਨੂੰ ਪੱਥਰਾਂ ਨੂੰ ਰੋਟੀਆਂ ਬਣਾਉਣ ਲਈ ਕਿਹਾ, ਤਾਂ ਉਹ ਅਸਲ ਵਿਚ ਕਹਿ ਰਿਹਾ ਸੀ: ‘ਤੂੰ ਤਾਂ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਫਿਰ ਤੇਰਾ ਪਿਤਾ ਤੈਨੂੰ ਇਸ ਉਜਾੜ ਵਿਚ ਰੋਟੀ ਕਿਉਂ ਨਹੀਂ ਖਿਲਾਉਂਦਾ?’ ਜਦੋਂ ਉਸ ਨੇ ਦੂਜੀ ਪਰੀਖਿਆ ਲੈਂਦੇ ਹੋਏ ਯਿਸੂ ਨੂੰ ਮੰਦਰ ਦੀ ਉੱਚੀ ਕੰਧ ਤੋਂ ਛਾਲ ਮਾਰਨ ਲਈ ਕਿਹਾ, ਤਾਂ ਉਹ ਅਸਲ ਵਿਚ ਕਹਿ ਰਿਹਾ ਸੀ: ‘ਤੂੰ ਤਾਂ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਫਿਰ ਕੀ ਤੈਨੂੰ ਪੂਰਾ ਭਰੋਸਾ ਹੈ ਕਿ ਤੇਰਾ ਪਿਤਾ ਤੈਨੂੰ ਬਚਾ ਲਵੇਗਾ?’
-