-
ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?ਪਹਿਰਾਬੁਰਜ (ਸਟੱਡੀ)—2021 | ਮਈ
-
-
(3) ਯਿਸੂ ਨੇ ਯਹੂਦੀ ਰੀਤੀ-ਰਿਵਾਜਾਂ ਨੂੰ ਠੁਕਰਾਇਆ
ਬਹੁਤ ਸਾਰੇ ਲੋਕਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ ਕਿਉਂਕਿ ਯਿਸੂ ਨੇ ਯਹੂਦੀ ਰੀਤੀ-ਰਿਵਾਜਾਂ ਨੂੰ ਠੁਕਰਾਇਆ। ਅੱਜ ਵੀ ਲੋਕ ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਸਾਡੀ ਗੱਲ ਨਾ ਸੁਣਨ। (ਪੈਰਾ 13 ਦੇਖੋ)d
13. ਕਈ ਲੋਕਾਂ ਨੇ ਯਿਸੂ ʼਤੇ ਨਿਹਚਾ ਕਿਉਂ ਨਹੀਂ ਕੀਤੀ?
13 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਯਿਸੂ ਦੇ ਚੇਲੇ ਵਰਤ ਕਿਉਂ ਨਹੀਂ ਰੱਖਦੇ। ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਜਦ ਤਕ ਉਹ ਜੀਉਂਦਾ ਹੈ ਉਨ੍ਹਾਂ ਨੂੰ ਵਰਤ ਰੱਖਣ ਦੀ ਲੋੜ ਨਹੀਂ ਹੈ। (ਮੱਤੀ 9:14-17) ਫ਼ਰੀਸੀ ਅਤੇ ਯਿਸੂ ਦੇ ਵਿਰੋਧੀ ਖ਼ੁਸ਼ ਨਹੀਂ ਸਨ ਕਿ ਉਹ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਨਹੀਂ ਮੰਨਦਾ। ਨਾਲੇ ਉਹ ਇਸ ਗੱਲੋਂ ਵੀ ਭੜਕੇ ਹੋਏ ਸਨ ਕਿ ਯਿਸੂ ਸਬਤ ਵਾਲੇ ਦਿਨ ਬੀਮਾਰਾਂ ਨੂੰ ਠੀਕ ਕਰਦਾ ਸੀ। (ਮਰ. 3:1-6; ਯੂਹੰ. 9:16) ਇਕ ਪਾਸੇ ਤਾਂ ਉਹ ਸਬਤ ਦੇ ਕਾਨੂੰਨ ਨੂੰ ਮੰਨਣ ਦਾ ਦਾਅਵਾ ਕਰਦੇ ਸਨ ਅਤੇ ਦੂਜੇ ਪਾਸੇ ਉਹ ਮੰਦਰ ਵਿਚ ਵਪਾਰ ਹੋਣ ਦਿੰਦੇ ਸਨ। ਜਦੋਂ ਯਿਸੂ ਨੇ ਇਸ ਗੱਲ ਕਰਕੇ ਉਨ੍ਹਾਂ ਨੂੰ ਫਿਟਕਾਰਿਆ, ਤਾਂ ਉਨ੍ਹਾਂ ਨੂੰ ਗੁੱਸਾ ਚੜ੍ਹ ਗਿਆ। (ਮੱਤੀ 21:12, 13, 15) ਫਿਰ ਜਦੋਂ ਨਾਸਰਤ ਦੇ ਸਭਾ ਘਰ ਵਿਚ ਯਿਸੂ ਨੇ ਲੋਕਾਂ ਨੂੰ ਪ੍ਰਚਾਰ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਵਾਂਗ ਹਨ ਜੋ ਸੁਆਰਥੀ ਸਨ ਅਤੇ ਜਿਨ੍ਹਾਂ ਵਿਚ ਨਿਹਚਾ ਦੀ ਘਾਟ ਸੀ। (ਲੂਕਾ 4:16, 25-30) ਇਹ ਸੁਣ ਕੇ ਉਹ ਗੁੱਸੇ ਨਾਲ ਲਾਲ-ਪੀਲੇ ਹੋ ਗਏ। ਯਿਸੂ ਨੇ ਹਮੇਸ਼ਾ ਉੱਦਾਂ ਨਹੀਂ ਕੀਤਾ, ਜਿੱਦਾਂ ਲੋਕ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ।—ਮੱਤੀ 11:16-19.
14. ਯਿਸੂ ਨੇ ਇਨਸਾਨੀ ਰੀਤੀ-ਰਿਵਾਜਾਂ ਨੂੰ ਠੁਕਰਾ ਕੇ ਸਹੀ ਕਿਉਂ ਕੀਤਾ?
14 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਕਿਹਾ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ, ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ; ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ʼਤੇ ਉਹ ਮੇਰੇ ਤੋਂ ਡਰਦੇ ਹਨ।” (ਯਸਾ. 29:13) ਯਿਸੂ ਨੇ ਇਨਸਾਨੀ ਰੀਤੀ-ਰਿਵਾਜਾਂ ਨੂੰ ਠੁਕਰਾ ਕੇ ਸਹੀ ਕੀਤਾ ਜੋ ਧਰਮ-ਗ੍ਰੰਥ ਮੁਤਾਬਕ ਗ਼ਲਤ ਸਨ। ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਇਨਸਾਨੀ ਰੀਤੀ-ਰਿਵਾਜ ਧਰਮ-ਗ੍ਰੰਥ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੇ ਸਨ, ਉਨ੍ਹਾਂ ਨੇ ਯਹੋਵਾਹ ਨੂੰ ਅਤੇ ਉਸ ਵੱਲੋਂ ਭੇਜੇ ਮਸੀਹ ਨੂੰ ਠੁਕਰਾ ਦਿੱਤਾ ਸੀ।
-
-
ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?ਪਹਿਰਾਬੁਰਜ (ਸਟੱਡੀ)—2021 | ਮਈ
-
-
(4) ਯਿਸੂ ਉਸ ਵੇਲੇ ਆਪਣੀ ਸਰਕਾਰ ਨਹੀਂ ਲਿਆਇਆ
ਬਹੁਤ ਸਾਰੇ ਲੋਕਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ ਕਿਉਂਕਿ ਯਿਸੂ ਨੇ ਰਾਜਨੀਤਿਕ ਮਸਲਿਆਂ ਵਿਚ ਕੋਈ ਦਿਲਚਸਪੀ ਨਹੀਂ ਲਈ। ਅੱਜ ਵੀ ਲੋਕ ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਸਾਡੀ ਗੱਲ ਨਾ ਸੁਣਨ। (ਪੈਰਾ 17 ਦੇਖੋ)e
17. ਯਿਸੂ ਦੇ ਜ਼ਮਾਨੇ ਦੇ ਲੋਕਾਂ ਨੂੰ ਮਸੀਹ ਤੋਂ ਕੀ ਉਮੀਦ ਸੀ?
17 ਉਸ ਜ਼ਮਾਨੇ ਦੇ ਕੁਝ ਲੋਕਾਂ ਨੂੰ ਉਮੀਦ ਸੀ ਕਿ ਮਸੀਹ ਆ ਕੇ ਉਨ੍ਹਾਂ ਨੂੰ ਰੋਮੀ ਸਰਕਾਰ ਦੇ ਜ਼ੁਲਮਾਂ ਤੋਂ ਆਜ਼ਾਦ ਕਰਾਵੇਗਾ। ਪਰ ਜਦੋਂ ਲੋਕਾਂ ਨੇ ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਇੱਦਾਂ ਨਹੀਂ ਕਰਨ ਦਿੱਤਾ। (ਯੂਹੰ. 6:14, 15) ਦੂਜੇ ਪਾਸੇ, ਰੋਮੀ ਸਰਕਾਰ ਨੇ ਪੁਜਾਰੀਆਂ ਅਤੇ ਹੋਰ ਲੋਕਾਂ ਨੂੰ ਕੁਝ ਅਧਿਕਾਰ ਦਿੱਤੇ ਸਨ। ਇਸ ਕਰਕੇ ਉਨ੍ਹਾਂ ਨੂੰ ਡਰ ਸੀ ਕਿ ਜੇ ਯਿਸੂ ਦੀ ਸਰਕਾਰ ਆ ਗਈ, ਤਾਂ ਰੋਮੀ ਸਰਕਾਰ ਗੁੱਸੇ ਹੋ ਕੇ ਉਨ੍ਹਾਂ ਤੋਂ ਸਾਰੇ ਅਧਿਕਾਰ ਖੋਹ ਲਵੇਗੀ। ਇਨ੍ਹਾਂ ਗੱਲਾਂ ਕਰਕੇ ਕਈ ਲੋਕਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ।
18. ਮਸੀਹ ਬਾਰੇ ਬਹੁਤ ਸਾਰੇ ਲੋਕਾਂ ਦੀ ਸੋਚ ਗ਼ਲਤ ਕਿਉਂ ਸੀ?
18 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਭਾਵੇਂ ਕਿ ਧਰਮ-ਗ੍ਰੰਥ ਵਿਚ ਅਜਿਹੀਆਂ ਕਈ ਭਵਿੱਖਬਾਣੀਆਂ ਸਨ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਰਾਜਾ ਬਣੇਗਾ ਅਤੇ ਜਿੱਤ ਹਾਸਲ ਕਰੇਗਾ। ਪਰ ਅਜਿਹੀਆਂ ਵੀ ਕਈ ਭਵਿੱਖਬਾਣੀਆਂ ਸਨ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਨੂੰ ਪਹਿਲਾਂ ਸਾਡੇ ਪਾਪਾਂ ਲਈ ਮਰਨਾ ਪਵੇਗਾ। (ਯਸਾ. 53:9, 12) ਤਾਂ ਫਿਰ ਮਸੀਹ ਬਾਰੇ ਲੋਕਾਂ ਦੀ ਸੋਚ ਗ਼ਲਤ ਕਿਉਂ ਸੀ? ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਫਟਾਫਟ ਹੋ ਜਾਵੇ। ਇਸ ਲਈ ਬਹੁਤ ਸਾਰੇ ਲੋਕਾਂ ਨੇ ਕੁਝ ਹੀ ਭਵਿੱਖਬਾਣੀਆਂ ਵੱਲ ਧਿਆਨ ਦਿੱਤਾ।—ਯੂਹੰ. 6:26, 27.
-