ਯਹੋਵਾਹ ਦੀ ਰੀਸ ਕਰੋ—ਨਿਆਉਂ ਅਤੇ ਧਾਰਮਿਕਤਾ ਦੇ ਕੰਮ ਕਰੋ
“ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ।”—ਯਿਰਮਿਯਾਹ 9:24.
1. ਯਹੋਵਾਹ ਨੇ ਕਿਹੜੀ ਵਧੀਆ ਸੰਭਾਵਨਾ ਪੇਸ਼ ਕੀਤੀ ਸੀ?
ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਦਿਨ ਆਵੇਗਾ ਜਦੋਂ ਸਾਰੇ ਜਣੇ ਉਹ ਨੂੰ ਜਾਣਨਗੇ। ਆਪਣੇ ਨਬੀ ਯਸਾਯਾਹ ਰਾਹੀਂ, ਉਸ ਨੇ ਕਿਹਾ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਇਹ ਕਿੰਨੀ ਵਧੀਆ ਸੰਭਾਵਨਾ ਹੈ!
2. ਯਹੋਵਾਹ ਨੂੰ ਜਾਣਨ ਵਿਚ ਕੀ ਸ਼ਾਮਲ ਹੈ? ਕਿਉਂ?
2 ਲੇਕਿਨ, ਯਹੋਵਾਹ ਨੂੰ ਜਾਣਨ ਦਾ ਕੀ ਅਰਥ ਹੈ? ਯਹੋਵਾਹ ਨੇ ਯਿਰਮਿਯਾਹ ਨੂੰ ਸਭ ਤੋਂ ਜ਼ਰੂਰੀ ਗੱਲ ਪ੍ਰਗਟ ਕੀਤੀ: “ਜਿਹੜਾ . . . ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ।” (ਯਿਰਮਿਯਾਹ 9:24) ਇਸ ਲਈ, ਯਹੋਵਾਹ ਨੂੰ ਜਾਣਨ ਵਿਚ ਇਹ ਜਾਣਨਾ ਸ਼ਾਮਲ ਹੈ ਕਿ ਉਹ ਇਨਸਾਫ਼ ਅਤੇ ਧਾਰਮਿਕਤਾ ਦੇ ਕੰਮ ਕਿਵੇਂ ਕਰਦਾ ਹੈ। ਜੇਕਰ ਅਸੀਂ ਇਨ੍ਹਾਂ ਗੁਣਾਂ ਨੂੰ ਅਮਲ ਵਿਚ ਲਿਆਉਂਦੇ ਹਾਂ, ਤਾਂ ਉਹ ਸਾਡੇ ਨਾਲ ਖ਼ੁਸ਼ ਹੋਵੇਗਾ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਪਣੇ ਬਚਨ, ਬਾਈਬਲ ਵਿਚ, ਯਹੋਵਾਹ ਨੇ ਸਦੀਆਂ ਦੌਰਾਨ ਅਪੂਰਣ ਮਨੁੱਖਾਂ ਦੇ ਨਾਲ ਆਪਣੇ ਵਰਤਾਉ ਦੇ ਤਰੀਕਿਆਂ ਦਾ ਰਿਕਾਰਡ ਸੰਭਾਲ ਕੇ ਰੱਖਿਆ ਹੈ। ਉਸ ਦਾ ਅਧਿਐਨ ਕਰਨ ਨਾਲ, ਅਸੀਂ ਯਹੋਵਾਹ ਦੇ ਨਿਆਉਂ ਅਤੇ ਧਾਰਮਿਕਤਾ ਦੇ ਕੰਮ ਕਰਨ ਦੇ ਤਰੀਕੇ ਨੂੰ ਜਾਣ ਕੇ ਉਸ ਦੀ ਰੀਸ ਕਰ ਸਕਦੇ ਹਾਂ।—ਰੋਮੀਆਂ 15:4.
ਨਿਆਂਪੂਰਣ ਪਰ ਦਇਆਵਾਨ
3, 4. ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਵਿਚ ਯਹੋਵਾਹ ਸਹੀ ਕਿਉਂ ਸੀ?
3 ਸਦੂਮ ਅਤੇ ਅਮੂਰਾਹ ਉੱਤੇ ਈਸ਼ਵਰੀ ਨਿਆਉਂ ਇਕ ਉੱਤਮ ਉਦਾਹਰਣ ਹੈ ਜੋ ਯਹੋਵਾਹ ਦੇ ਇਨਸਾਫ਼ ਦੇ ਕਈ ਪਹਿਲੂ ਦਰਸਾਉਂਦੀ ਹੈ। ਯਹੋਵਾਹ ਨੇ ਸਿਰਫ਼ ਲੋੜੀਂਦੀ ਸਜ਼ਾ ਹੀ ਨਹੀਂ ਦਿੱਤੀ ਸੀ ਪਰ ਉਸ ਨੇ ਲਾਇਕ ਵਿਅਕਤੀਆਂ ਲਈ ਮੁਕਤੀ ਦਾ ਪ੍ਰਬੰਧ ਵੀ ਕੀਤਾ। ਕੀ ਉਨ੍ਹਾਂ ਸ਼ਹਿਰਾਂ ਦੀ ਤਬਾਹੀ ਸੱਚ-ਮੁੱਚ ਯੋਗ ਸੀ? ਅਬਰਾਹਾਮ, ਜਿਸ ਨੂੰ ਜ਼ਾਹਰਾ ਤੌਰ ਤੇ ਸਦੂਮ ਦੀ ਦੁਸ਼ਟਤਾ ਦੀ ਹੱਦ ਦਾ ਸੀਮਿਤ ਗਿਆਨ ਸੀ, ਨੇ ਪਹਿਲਾਂ ਇਸ ਤਰ੍ਹਾਂ ਨਹੀਂ ਸਮਝਿਆ ਸੀ। ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿਲਾਇਆ ਕਿ ਜੇ ਸਿਰਫ਼ ਦਸ ਧਰਮੀ ਲੱਭ ਜਾਣ, ਤਾਂ ਉਹ ਉਸ ਸ਼ਹਿਰ ਨੂੰ ਨਸ਼ਟ ਨਹੀਂ ਕਰੇਗਾ। ਬਿਨਾਂ ਸ਼ੱਕ, ਯਹੋਵਾਹ ਦਾ ਨਿਆਉਂ ਕਦੀ ਵੀ ਕਾਹਲਾ ਜਾਂ ਬੇਰਹਿਮ ਨਹੀਂ ਹੁੰਦਾ।—ਉਤਪਤ 18:20-32.
4 ਦੋ ਦੂਤਾਂ ਦੁਆਰਾ ਛਾਣ-ਬੀਣ ਕਰਨ ਨਾਲ ਸਦੂਮ ਦੀ ਨੈਤਿਕ ਗਿਰਾਵਟ ਦਾ ਸਾਫ਼ ਸਬੂਤ ਮਿਲਿਆ। ਜਦੋਂ ਸ਼ਹਿਰ ਦੇ ਮਨੁੱਖਾਂ, ‘ਕੀ ਗਭਰੂਆਂ ਕੀ ਬੁੱਢਿਆਂ’ ਨੂੰ ਪਤਾ ਲੱਗਾ ਕਿ ਦੋ ਮਨੁੱਖ ਲੂਤ ਦੇ ਘਰ ਰਹਿਣ ਆਏ ਸਨ, ਉਨ੍ਹਾਂ ਨੇ ਟੋਲੀ ਬਣਾ ਕੇ ਸਮਲਿੰਗਕਾਮੀ ਬਲਾਤਕਾਰ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਉੱਤੇ ਹਮਲਾ ਕੀਤਾ। ਉਹ ਸੱਚ-ਮੁੱਚ ਭ੍ਰਿਸ਼ਟਤਾ ਵਿਚ ਬਹੁਤ ਹੀ ਡਿੱਗ ਚੁੱਕੇ ਸਨ! ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਸ਼ਹਿਰ ਉੱਤੇ ਯਹੋਵਾਹ ਦਾ ਨਿਆਉਂ ਸਹੀ ਸੀ।—ਉਤਪਤ 19:1-5, 24, 25.
5. ਯਹੋਵਾਹ ਨੇ ਸਦੂਮ ਵਿੱਚੋਂ ਲੂਤ ਅਤੇ ਉਸ ਦੇ ਪਰਿਵਾਰ ਨੂੰ ਕਿਵੇਂ ਬਚਾਇਆ?
5 ਸਦੂਮ ਅਤੇ ਅਮੂਰਾਹ ਦੀ ਤਬਾਹੀ ਨੂੰ ਇਕ ਚੇਤਾਵਨੀ-ਸੂਚਕ ਉਦਾਹਰਣ ਵਜੋਂ ਦੇ ਕੇ, ਪਤਰਸ ਰਸੂਲ ਨੇ ਲਿਖਿਆ: “[ਯਹੋਵਾਹ] ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ . . . ਜਾਣਦਾ ਹੈ!” (2 ਪਤਰਸ 2:6-9) ਇਹ ਬੇਇਨਸਾਫ਼ੀ ਹੁੰਦੀ ਜੇ ਧਰਮੀ ਲੂਤ ਅਤੇ ਉਸ ਦਾ ਪਰਿਵਾਰ ਸਦੂਮ ਦੇ ਅਧਰਮੀ ਲੋਕਾਂ ਦੇ ਨਾਲ ਹੀ ਖ਼ਤਮ ਕੀਤਾ ਜਾਂਦਾ। ਇਸ ਲਈ, ਯਹੋਵਾਹ ਦੇ ਦੂਤਾਂ ਨੇ ਲੂਤ ਨੂੰ ਹੋਣ ਵਾਲੀ ਤਬਾਹੀ ਦੀ ਚੇਤਾਵਨੀ ਦਿੱਤੀ। ਜਦੋਂ ਲੂਤ ਨੇ ਢਿੱਲ ਕੀਤੀ, “ਯਹੋਵਾਹ ਦੀ ਕਿਰਪਾ ਦੇ ਕਾਰਨ” ਦੂਤਾਂ ਨੇ ਉਹ ਨੂੰ, ਉਸ ਦੀ ਪਤਨੀ ਨੂੰ, ਅਤੇ ਉਸ ਦੀਆਂ ਧੀਆਂ ਨੂੰ ਹੱਥੋਂ ਫੜ ਕੇ ਉਸ ਸ਼ਹਿਰ ਤੋਂ ਬਾਹਰ ਲਿਆਂਦਾ। (ਉਤਪਤ 19:12-16) ਅਸੀਂ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਇਸ ਦੁਸ਼ਟ ਵਿਵਸਥਾ ਦੇ ਆਉਣ ਵਾਲੇ ਵਿਨਾਸ਼ ਵਿਚ ਯਹੋਵਾਹ ਧਰਮੀ ਲੋਕਾਂ ਦਾ ਇਸੇ ਤਰ੍ਹਾਂ ਧਿਆਨ ਰੱਖੇਗਾ।
6. ਸਾਨੂੰ ਇਸ ਰੀਤੀ-ਵਿਵਸਥਾ ਦੇ ਆਉਣ ਵਾਲੇ ਵਿਨਾਸ਼ ਦੀ ਵਾਧੂ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?
6 ਭਾਵੇਂ ਕਿ ਇਸ ਵਿਵਸਥਾ ਦਾ ਅੰਤ “ਵੱਟਾ ਲੈਣ” ਦਾ ਸਮਾਂ ਹੋਵੇਗਾ, ਸਾਨੂੰ ਵਾਧੂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। (ਲੂਕਾ 21:22) ਆਰਮਾਗੇਡਨ ਤੇ ਯਹੋਵਾਹ ਜਿਹੜਾ ਨਿਆਉਂ ਕਰੇਗਾ, ਉਹ ‘ਨਿਰਾ ਪੁਰਾ ਧਰਮ’ ਸਾਬਤ ਹੋਵੇਗਾ। (ਜ਼ਬੂਰ 19:9) ਜਿਵੇਂ ਅਬਰਾਹਾਮ ਨੇ ਸਿੱਖਿਆ, ਅਸੀਂ ਯਹੋਵਾਹ ਦੇ ਇਨਸਾਫ਼ ਵਿਚ, ਜੋ ਸਾਡੇ ਇਨਸਾਫ਼ ਨਾਲੋਂ ਕੀਤੇ ਉੱਤਮ ਹੈ, ਪੂਰਾ ਭਰੋਸਾ ਰੱਖ ਸਕਦੇ ਹਾਂ। ਅਬਰਾਹਾਮ ਨੇ ਪੁੱਛਿਆ: “ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” (ਉਤਪਤ 18:26; ਤੁਲਨਾ ਕਰੋ ਅੱਯੂਬ 34:10.) ਜਾਂ ਜਿਵੇਂ ਯਸਾਯਾਹ ਨੇ ਉਚਿਤ ਢੰਗ ਨਾਲ ਕਿਹਾ, “ਕਿਹ ਨੇ . . . ਨਿਆਉਂ ਦਾ ਮਾਰਗ [ਯਹੋਵਾਹ] ਨੂੰ ਸਿਖਾਇਆ?”—ਯਸਾਯਾਹ 40:14.
ਮਨੁੱਖਜਾਤੀ ਨੂੰ ਬਚਾਉਣ ਲਈ ਧਰਮ ਦਾ ਇਕ ਕੰਮ
7. ਪਰਮੇਸ਼ੁਰ ਦੇ ਨਿਆਉਂ ਅਤੇ ਉਸ ਦੇ ਰਹਿਮ ਵਿਚਕਾਰ ਕੀ ਸੰਬੰਧ ਹੈ?
7 ਪਰਮੇਸ਼ੁਰ ਦਾ ਨਿਆਉਂ ਗ਼ਲਤੀ ਕਰਨ ਵਾਲਿਆਂ ਨੂੰ ਸਿਰਫ਼ ਸਜ਼ਾ ਦੇਣ ਵਿਚ ਹੀ ਜ਼ਾਹਰ ਨਹੀਂ ਹੁੰਦਾ। ਯਹੋਵਾਹ ਆਪਣਾ ਵਰਣਨ ਇਕ ‘ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤੇ’ ਵਜੋਂ ਕਰਦਾ ਹੈ। (ਯਸਾਯਾਹ 45:21) ਸਾਫ਼ ਤੌਰ ਤੇ, ਪਰਮੇਸ਼ੁਰ ਦੀ ਧਾਰਮਿਕਤਾ, ਜਾਂ ਨਿਆਉਂ, ਅਤੇ ਪਾਪ ਦੇ ਸਿੱਟਿਆਂ ਤੋਂ ਮਨੁੱਖਜਾਤੀ ਨੂੰ ਬਚਾਉਣ ਦੀ ਉਸ ਦੀ ਇੱਛਾ ਵਿਚਕਾਰ, ਇਕ ਗਹਿਰਾ ਸੰਬੰਧ ਹੈ। ਇਸ ਵਿਸ਼ੇ ਉੱਤੇ ਟਿੱਪਣੀ ਕਰਦਿਆਂ, ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ, 1982 ਐਡੀਸ਼ਨ, ਦੱਸਦਾ ਹੈ ਕਿ “ਪਰਮੇਸ਼ੁਰ ਦਾ ਨਿਆਉਂ ਉਸ ਦਾ ਰਹਿਮ ਪ੍ਰਗਟ ਕਰਨ ਅਤੇ ਉਸ ਦੀ ਮੁਕਤੀ ਸਿਰੇ ਚਾੜ੍ਹਨ ਲਈ ਵਿਵਹਾਰਕ ਤਰੀਕੇ ਭਾਲਦਾ ਹੈ।” ਗੱਲ ਇਹ ਨਹੀਂ ਹੈ ਕਿ ਪਰਮੇਸ਼ੁਰ ਦੇ ਨਿਆਉਂ ਨੂੰ ਰਹਿਮ ਨਾਲ ਨਰਮ ਕਰਨ ਦੀ ਜ਼ਰੂਰਤ ਹੈ, ਸਗੋਂ, ਇਹ ਹੈ ਕਿ ਰਹਿਮ ਪਰਮੇਸ਼ੁਰ ਦੇ ਨਿਆਉਂ ਦਾ ਇਕ ਪਹਿਲੂ ਹੈ। ਮਨੁੱਖਜਾਤੀ ਦੀ ਮੁਕਤੀ ਲਈ ਪਰਮੇਸ਼ੁਰ ਵੱਲੋਂ ਰਿਹਾਈ-ਕੀਮਤ ਦਾ ਪ੍ਰਬੰਧ ਈਸ਼ਵਰੀ ਨਿਆਉਂ ਦੇ ਇਸ ਪਹਿਲੂ ਦੀ ਪ੍ਰਮੁੱਖ ਉਦਾਹਰਣ ਹੈ।
8, 9. (ੳ) “ਧਰਮ ਦੇ ਇੱਕ ਕੰਮ” ਵਿਚ ਕੀ ਸ਼ਾਮਲ ਸੀ? ਕਿਉਂ? (ਅ) ਯਹੋਵਾਹ ਸਾਡੇ ਤੋਂ ਕੀ ਮੰਗਦਾ ਹੈ?
8 ਰਿਹਾਈ-ਕੀਮਤ—ਪਰਮੇਸ਼ੁਰ ਦੇ ਇਕਲੌਤੇ ਪੁੱਤਰ, ਯਿਸੂ ਮਸੀਹ ਦੀ ਕੀਮਤੀ ਜਾਨ—ਬਹੁਤ ਜ਼ਿਆਦਾ ਸੀ ਕਿਉਂਕਿ ਯਹੋਵਾਹ ਦੇ ਮਿਆਰ ਸਾਰਿਆਂ ਲਈ ਹਨ, ਅਤੇ ਉਹ ਖ਼ੁਦ ਵੀ ਉਨ੍ਹਾਂ ਦੇ ਅਨੁਸਾਰ ਚੱਲਦਾ ਹੈ। (ਮੱਤੀ 20:28) ਆਦਮ ਆਪਣੀ ਸੰਪੂਰਣ ਜਾਨ ਨੂੰ ਗੁਆ ਬੈਠਾ ਸੀ, ਇਸ ਕਰਕੇ ਆਦਮ ਦੀ ਸੰਤਾਨ ਨੂੰ ਦੁਬਾਰਾ ਜੀਵਨ ਦੇਣ ਲਈ ਇਕ ਸੰਪੂਰਣ ਜਾਨ ਦੀ ਲੋੜ ਸੀ। (ਰੋਮੀਆਂ 5:19-21) ਪੌਲੁਸ ਰਸੂਲ ਨੇ ਯਿਸੂ ਦੇ ਖਰਿਆਈ ਦੇ ਰਸਤੇ ਦਾ, ਜਿਸ ਵਿਚ ਰਿਹਾਈ-ਕੀਮਤ ਦਾ ਮੁੱਲ ਚੁਕਾਉਣਾ ਸ਼ਾਮਲ ਸੀ, “ਧਰਮ ਦੇ ਇੱਕ ਕੰਮ” ਵਜੋਂ ਵਰਣਨ ਕੀਤਾ। (ਰੋਮੀਆਂ 5:18) ਇਹ ਕਿਉਂ? ਕਿਉਂਕਿ ਯਹੋਵਾਹ ਦੇ ਨਜ਼ਰੀਏ ਤੋਂ, ਮਨੁੱਖਜਾਤੀ ਲਈ ਰਿਹਾਈ-ਕੀਮਤ ਦੇਣੀ ਸਹੀ ਅਤੇ ਨਿਆਂਪੂਰਣ ਸੀ, ਭਾਵੇਂ ਕਿ ਇਹ ਉਸ ਨੂੰ ਬਹੁਤ ਮਹਿੰਗੀ ਪਈ। ਆਦਮ ਦੀ ਸੰਤਾਨ ਇਕ “ਲਿਤਾੜੇ ਹੋਏ ਕਾਨੇ” ਵਰਗੀ ਸੀ, ਜਿਸ ਨੂੰ ਪਰਮੇਸ਼ੁਰ ਤੋੜਨਾ ਨਹੀਂ ਸੀ ਚਾਹੁੰਦਾ, ਜਾਂ ਇਕ “ਧੁਖਦੀ ਹੋਈ ਸਣ” ਵਰਗੀ, ਜਿਸ ਨੂੰ ਉਹ ਬੁਝਾਉਣਾ ਨਹੀਂ ਸੀ ਚਾਹੁੰਦਾ। (ਮੱਤੀ 12:20) ਪਰਮੇਸ਼ੁਰ ਨੂੰ ਯਕੀਨ ਸੀ ਕਿ ਆਦਮ ਦੀ ਸੰਤਾਨ ਵਿੱਚੋਂ ਕਈ ਆਦਮੀ ਅਤੇ ਔਰਤਾਂ ਵਫ਼ਾਦਾਰ ਹੋਣਗੇ।—ਤੁਲਨਾ ਕਰੋ ਮੱਤੀ 25:34.
9 ਪ੍ਰੇਮ ਅਤੇ ਨਿਆਉਂ ਦੇ ਇਸ ਸਭ ਤੋਂ ਉੱਤਮ ਕੰਮ ਪ੍ਰਤੀ ਕਦਰ ਦਿਖਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਕ ਚੀਜ਼ ਜੋ ਯਹੋਵਾਹ ਸਾਡੇ ਤੋਂ ਮੰਗਦਾ ਹੈ ਇਹ ਹੈ ਕਿ ਅਸੀਂ ‘ਇਨਸਾਫ਼ ਕਰੀਏ।’ (ਮੀਕਾਹ 6:8) ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਨਿਆਉਂ ਨੂੰ ਭਾਲੋ, ਧਾਰਮਿਕਤਾ ਦੇ ਮਗਰ ਲੱਗੇ ਰਹੋ
10. (ੳ) ਸਾਡੇ ਲਈ ਇਨਸਾਫ਼ ਦੇ ਕੰਮ ਕਰਨ ਦਾ ਇਕ ਤਰੀਕਾ ਕਿਹੜਾ ਹੈ? (ਅ) ਅਸੀਂ ਪਹਿਲਾਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਭਾਲ ਸਕਦੇ ਹਾਂ?
10 ਸਭ ਤੋਂ ਪਹਿਲਾਂ, ਸਾਨੂੰ ਪਰਮੇਸ਼ੁਰ ਦੇ ਨੈਤਿਕ ਮਿਆਰ ਸਵੀਕਾਰ ਕਰਨੇ ਚਾਹੀਦੇ ਹਨ। ਕਿਉਂਕਿ ਪਰਮੇਸ਼ੁਰ ਦੇ ਮਿਆਰ ਨਿਆਂਪੂਰਣ ਅਤੇ ਧਰਮੀ ਹਨ, ਜਦੋਂ ਅਸੀਂ ਉਨ੍ਹਾਂ ਦੇ ਅਨੁਸਾਰ ਜੀਉਂਦੇ ਹਾਂ ਅਸੀਂ ਇਨਸਾਫ਼ ਦੇ ਕੰਮ ਕਰ ਰਹੇ ਹੁੰਦੇ ਹਾਂ। ਯਹੋਵਾਹ ਆਪਣੇ ਲੋਕਾਂ ਤੋਂ ਇਹੋ ਹੀ ਉਮੀਦ ਰੱਖਦਾ ਹੈ। ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, “ਨੇਕੀ ਸਿੱਖੋ, ਨਿਆਉਂ ਨੂੰ ਭਾਲੋ।” (ਯਸਾਯਾਹ 1:17) ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਅਜਿਹੀ ਸਲਾਹ ਦਿੱਤੀ, ਜਦੋਂ ਉਸ ਨੇ ਉਨ੍ਹਾਂ ਨੂੰ ‘ਪਹਿਲਾਂ ਰਾਜ ਅਤੇ ਪਰਮੇਸ਼ੁਰ ਦੇ ਧਰਮ ਨੂੰ ਭਾਲਣ’ ਦੀ ਸਿੱਖਿਆ ਦਿੱਤੀ ਸੀ। (ਮੱਤੀ 6:33) ਪੌਲੁਸ ਨੇ ਤਿਮੋਥਿਉਸ ਨੂੰ ਇਹ ਉਤਸ਼ਾਹ ਦਿੱਤਾ ਕਿ “ਧਰਮ . . . ਦੇ ਮਗਰ ਲੱਗਾ ਰਹੁ।” (1 ਤਿਮੋਥਿਉਸ 6:11) ਜਦੋਂ ਅਸੀਂ ਚਾਲ-ਚੱਲਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਦੇ ਅਨੁਸਾਰ ਜੀਉਂਦੇ ਹਾਂ ਅਤੇ ਨਵੇਂ ਵਿਅਕਤਿੱਤਵ ਨੂੰ ਪਹਿਨ ਲੈਂਦੇ ਹਾਂ, ਅਸੀਂ ਸੱਚੇ ਨਿਆਉਂ ਅਤੇ ਧਾਰਮਿਕਤਾ ਦੇ ਮਗਰ ਲੱਗੇ ਹੁੰਦੇ ਹਾਂ। (ਅਫ਼ਸੀਆਂ 4:23, 24) ਦੂਸਰੇ ਸ਼ਬਦਾਂ ਵਿਚ, ਪਰਮੇਸ਼ੁਰ ਦੇ ਤਰੀਕੇ ਨਾਲ ਕੰਮ ਕਰਨ ਦੁਆਰਾ ਅਸੀਂ ਨਿਆਉਂ ਨੂੰ ਭਾਲਦੇ ਹਾਂ।
11. ਸਾਨੂੰ ਪਾਪ ਦੀ ਵਾਹ ਵਿਰੁੱਧ ਲੜਾਈ ਕਿਉਂ ਅਤੇ ਕਿਵੇਂ ਲੜਨੀ ਚਾਹੀਦੀ ਹੈ?
11 ਜਿਵੇਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਅਪੂਰਣ ਮਨੁੱਖਾਂ ਲਈ ਨਿਆਂਪੂਰਣ ਅਤੇ ਸਹੀ ਕੰਮ ਕਰਨੇ ਹਮੇਸ਼ਾ ਸੌਖੇ ਨਹੀਂ ਹੁੰਦੇ। (ਰੋਮੀਆਂ 7:14-20) ਪੌਲੁਸ ਨੇ ਰੋਮੀ ਮਸੀਹੀਆਂ ਨੂੰ ਉਤਸ਼ਾਹ ਦਿੱਤਾ ਕਿ ਉਹ ਪਾਪ ਦੀ ਵਾਹ ਵਿਰੁੱਧ ਲੜਨ, ਤਾਂਕਿ ਉਹ ਆਪਣੀਆਂ ਸਮਰਪਿਤ ਦੇਹਾਂ ਨੂੰ ਪਰਮੇਸ਼ੁਰ ਨੂੰ “ਧਰਮ ਦੇ ਹਥਿਆਰ” ਵਜੋਂ ਪੇਸ਼ ਕਰ ਸਕਣ, ਜੋ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਉਹ ਦੇ ਕੰਮ ਆ ਸਕਣ। (ਰੋਮੀਆਂ 6:12-14) ਉਸੇ ਤਰ੍ਹਾਂ, ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰਨ ਅਤੇ ਉਸ ਨੂੰ ਲਾਗੂ ਕਰਨ ਨਾਲ, ਅਸੀਂ “ਪ੍ਰਭੁ ਦੀ ਮੱਤ” ਅਪਣਾ ਸਕਦੇ ਹਾਂ ਅਤੇ ‘ਧਰਮ ਵਿਚ ਗਿਝਾਏ’ ਜਾ ਸਕਦੇ ਹਾਂ।—ਅਫ਼ਸੀਆਂ 6:4; 2 ਤਿਮੋਥਿਉਸ 3:16, 17.
12. ਜੇਕਰ ਅਸੀਂ ਉਸ ਤਰ੍ਹਾਂ ਦੂਸਰਿਆਂ ਨਾਲ ਸਲੂਕ ਕਰਨਾ ਹੈ ਜਿਸ ਤਰ੍ਹਾਂ ਅਸੀਂ ਚਾਹੁੰਦਾ ਹਾਂ ਕਿ ਯਹੋਵਾਹ ਸਾਡੇ ਨਾਲ ਕਰੇ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
12 ਦੂਜਾ, ਅਸੀਂ ਉਦੋਂ ਇਨਸਾਫ਼ ਦੇ ਕੰਮ ਕਰਦੇ ਹਾਂ ਜਦੋਂ ਅਸੀਂ ਦੂਸਰਿਆਂ ਨਾਲ ਉਸ ਤਰ੍ਹਾਂ ਸਲੂਕ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਨਾਲ ਕਰੇ। ਦੂਹਰਾ ਅਸੂਲ ਰੱਖਣਾ ਸੌਖਾ ਹੈ—ਆਪਣੇ ਲਈ ਨਰਮ ਅਤੇ ਦੂਸਰਿਆਂ ਲਈ ਸਖ਼ਤ। ਅਸੀਂ ਆਪਣੀਆਂ ਕਮਜ਼ੋਰੀਆਂ ਲਈ ਝਟਪਟ ਬਹਾਨੇ ਬਣਾ ਲੈਂਦੇ ਹਾਂ, ਪਰ ਅਸੀਂ ਦੂਸਰਿਆਂ ਵਿਚ ਗ਼ਲਤੀਆਂ ਛੇਤੀ ਲੱਭ ਲੈਂਦੇ ਹਾਂ, ਜੋ ਸ਼ਾਇਦ ਸਾਡੀਆਂ ਗ਼ਲਤੀਆਂ ਨਾਲੋਂ ਮਾਮੂਲੀ ਹੋਣ। ਯਿਸੂ ਸਾਫ਼-ਸਾਫ਼ ਪੁੱਛਦਾ ਹੈ: “ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ?” (ਮੱਤੀ 7:1-3) ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਕਿ ਜੇ ਯਹੋਵਾਹ ਸਾਡੀਆਂ ਗ਼ਲਤੀਆਂ ਉੱਤੇ ਗੌਰ ਕਰਦਾ, ਤਾਂ ਸਾਡੇ ਵਿੱਚੋਂ ਕੋਈ ਵੀ ਖੜ੍ਹਾ ਨਹੀਂ ਰਹਿ ਸਕਦਾ। (ਜ਼ਬੂਰ 130:3, 4) ਜੇ ਯਹੋਵਾਹ ਦਾ ਨਿਆਉਂ ਉਸ ਨੂੰ ਸਾਡੇ ਭਰਾਵਾਂ ਦੀਆਂ ਕਮਜ਼ੋਰੀਆਂ ਨੂੰ ਬਖ਼ਸ਼ਣ ਦਿੰਦਾ ਹੈ, ਤਾਂ ਅਸੀਂ ਉਨ੍ਹਾਂ ਉੱਤੇ ਦੋਸ਼ ਲਾਉਣ ਵਾਲੇ ਕੌਣ ਹੁੰਦੇ ਹਾਂ?—ਰੋਮੀਆਂ 14:4, 10.
13. ਇਕ ਧਰਮੀ ਮਨੁੱਖ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਆਪਣਾ ਫ਼ਰਜ਼ ਕਿਉਂ ਸਮਝਦਾ ਹੈ?
13 ਤੀਜਾ, ਅਸੀਂ ਉਦੋਂ ਧਰਮੀ ਇਨਸਾਫ਼ ਕਰਦੇ ਹਾਂ ਜਦੋਂ ਅਸੀਂ ਪੂਰੇ ਦਿਲ ਨਾਲ ਪ੍ਰਚਾਰ ਕੰਮ ਵਿਚ ਹਿੱਸਾ ਲੈਂਦੇ ਹਾਂ। ਯਹੋਵਾਹ ਸਾਨੂੰ ਸਲਾਹ ਦਿੰਦਾ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” (ਕਹਾਉਤਾਂ 3:27) ਇਸ ਜੀਵਨ-ਦਾਇਕ ਗਿਆਨ ਨੂੰ, ਜਿਹੜਾ ਪਰਮੇਸ਼ੁਰ ਨੇ ਖੁੱਲ੍ਹੇ ਦਿਲ ਨਾਲ ਸਾਨੂੰ ਦਿੱਤਾ ਹੈ, ਆਪਣੇ ਕੋਲ ਰੱਖਣਾ ਗ਼ਲਤ ਹੋਵੇਗਾ। ਇਹ ਸੱਚ ਹੈ ਕਿ ਕਈ ਲੋਕ ਸ਼ਾਇਦ ਸਾਡਾ ਸੰਦੇਸ਼ ਠੁਕਰਾਉਣ, ਪਰ ਜਿੰਨਾ ਚਿਰ ਪਰਮੇਸ਼ੁਰ ਉਨ੍ਹਾਂ ਲਈ ਦਇਆ ਦਿਖਾਉਂਦਾ ਹੈ, ਸਾਨੂੰ ਉਨ੍ਹਾਂ ਸਾਰਿਆਂ ਨੂੰ “ਤੋਬਾ ਵੱਲ ਮੁੜਨ” ਦਾ ਮੌਕਾ ਦਿੰਦੇ ਰਹਿਣ ਲਈ ਰਾਜ਼ੀ ਹੋਣਾ ਚਾਹੀਦਾ ਹੈ। (2 ਪਤਰਸ 3:9) ਅਤੇ ਯਿਸੂ ਵਾਂਗ, ਅਸੀਂ ਵੀ ਖ਼ੁਸ਼ ਹੁੰਦੇ ਹਾਂ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਨਿਆਉਂ ਅਤੇ ਧਾਰਮਿਕਤਾ ਵੱਲ ਮੁੜਨ ਦੀ ਮਦਦ ਕਰ ਸਕਦੇ ਹਾਂ। (ਲੂਕਾ 15:7) ਸਾਡੇ ਲਈ ਹੁਣ ‘ਧਰਮ ਬੀਜਣ’ ਦਾ ਸਮਾਂ ਚੰਗਾ ਹੈ।—ਹੋਸ਼ੇਆ 10:12.
ਨਿਆਉਂ ਲਈ ਹੀ ਸਰਦਾਰ
14. ਨਿਆਉਂ ਦੇ ਸੰਬੰਧ ਵਿਚ ਬਜ਼ੁਰਗ ਕਿਹੜੀ ਭੂਮਿਕਾ ਅਦਾ ਕਰਦੇ ਹਨ?
14 ਸਾਨੂੰ ਸਾਰਿਆਂ ਨੂੰ ਧਾਰਮਿਕਤਾ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ, ਲੇਕਿਨ ਇਸ ਸੰਬੰਧ ਵਿਚ ਮਸੀਹੀ ਕਲੀਸਿਯਾ ਦੇ ਬਜ਼ੁਰਗਾਂ ਦੀ ਇਕ ਖ਼ਾਸ ਜ਼ਿੰਮੇਵਾਰੀ ਹੈ। ਯਿਸੂ ਦਾ ਰਾਜ ‘ਨਿਆਉਂ ਤੇ ਧਰਮ ਨਾਲ ਸੰਭਾਲਿਆ ਗਿਆ’ ਹੈ। (ਯਸਾਯਾਹ 9:7) ਇਸ ਲਈ, ਬਜ਼ੁਰਗਾਂ ਨੂੰ ਈਸ਼ਵਰੀ ਨਿਆਉਂ ਦੇ ਮਿਆਰ ਅਨੁਸਾਰ ਚੱਲਣਾ ਚਾਹੀਦਾ ਹੈ। ਉਹ ਯਸਾਯਾਹ 32:1 ਦੇ ਭਵਿੱਖ-ਸੂਚਕ ਸ਼ਬਦ ਧਿਆਨ ਵਿਚ ਰੱਖਦੇ ਹਨ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।” ਆਤਮਾ ਦੁਆਰਾ ਨਿਯੁਕਤ ਕੀਤੇ ਗਏ ਨਿਗਾਹਬਾਨਾਂ, ਜਾਂ ‘ਪਰਮੇਸ਼ੁਰ ਦੇ ਮੁਖ਼ਤਿਆਰਾਂ’ ਵਜੋਂ, ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਤਰੀਕੇ ਨਾਲ ਕੰਮ ਕਰਨੇ ਚਾਹੀਦੇ ਹਨ।—ਤੀਤੁਸ 1:7.
15, 16. (ੳ) ਬਜ਼ੁਰਗ ਯਿਸੂ ਦੀ ਉਦਾਹਰਣ ਉੱਤੇ ਚੱਲ ਕੇ ਵਫ਼ਾਦਾਰ ਅਯਾਲੀ ਦੀ ਰੀਸ ਕਿਵੇਂ ਕਰਦੇ ਹਨ? (ਅ) ਅਧਿਆਤਮਿਕ ਤੌਰ ਤੇ ਗੁਆਚੇ ਵਿਅਕਤੀਆਂ ਬਾਰੇ ਬਜ਼ੁਰਗ ਕਿਵੇਂ ਮਹਿਸੂਸ ਕਰਦੇ ਹਨ?
15 ਯਿਸੂ ਨੇ ਦਿਖਾਇਆ ਕਿ ਯਹੋਵਾਹ ਦਾ ਨਿਆਉਂ ਦਇਆਵਾਨ, ਦਿਆਲੂ, ਅਤੇ ਉਚਿਤ ਸੀ। ਮੁੱਖ ਤੌਰ ਤੇ, ਯਿਸੂ ਨੇ “ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ” ਦੇ ਨਾਲ-ਨਾਲ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਸਮੱਸਿਆਵਾਂ ਸਨ। (ਲੂਕਾ 19:10) ਯਿਸੂ ਦੀ ਉਦਾਹਰਣ ਵਿਚ ਉਸ ਅਯਾਲੀ ਵਾਂਗ, ਜੋ ਗੁਆਚੀ ਹੋਈ ਭੇਡ ਨੂੰ ਲੱਭਣ ਤਕ ਥੱਕਦਾ ਨਹੀਂ, ਬਜ਼ੁਰਗ ਅਧਿਆਤਮਿਕ ਤੌਰ ਤੇ ਗੁਮਰਾਹ ਵਿਅਕਤੀਆਂ ਨੂੰ ਲੱਭਦੇ ਹਨ ਅਤੇ ਉਨ੍ਹਾਂ ਨੂੰ ਵਾੜੇ ਵਿਚ ਵਾਪਸ ਲਿਆਉਣ ਦਾ ਜਤਨ ਕਰਦੇ ਹਨ।—ਮੱਤੀ 18:12, 13.
16 ਗੰਭੀਰ ਪਾਪ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਇ, ਬਜ਼ੁਰਗ ਉਨ੍ਹਾਂ ਨੂੰ ਚੰਗਾ ਕਰਨ ਅਤੇ ਤੋਬਾ ਵੱਲ ਲਿਜਾਣ ਦਾ ਜਤਨ ਕਰਦੇ ਹਨ, ਜੇ ਇਹ ਸੰਭਵ ਹੋਵੇ। ਉਹ ਖ਼ੁਸ਼ੀ ਮਨਾਉਂਦੇ ਹਨ ਜਦੋਂ ਉਹ ਕਿਸੇ ਗੁਮਰਾਹ ਵਿਅਕਤੀ ਦੀ ਮਦਦ ਕਰ ਸਕਦੇ ਹਨ। ਲੇਕਿਨ, ਜਦੋਂ ਗ਼ਲਤੀ ਕਰਨ ਵਾਲਾ ਤੋਬਾ ਨਹੀਂ ਕਰਦਾ, ਤਾਂ ਉਹ ਉਦਾਸ ਹੁੰਦੇ ਹਨ। ਫਿਰ ਪਰਮੇਸ਼ੁਰ ਦੇ ਧਰਮੀ ਮਿਆਰ ਲੋੜਦੇ ਹਨ ਕਿ ਉਸ ਅਪਸ਼ਚਾਤਾਪੀ ਵਿਅਕਤੀ ਨੂੰ ਛੇਕਿਆ ਜਾਵੇ। ਉਦੋਂ ਵੀ, ਉਜਾੜੂ ਪੁੱਤਰ ਦੇ ਪਿਤਾ ਵਾਂਗ, ਉਹ ਆਸ ਰੱਖਦੇ ਹਨ ਕਿ ਕਿਸੇ ਦਿਨ ਗ਼ਲਤੀ ਕਰਨ ਵਾਲਾ ‘ਸੁਰਤ ਵਿੱਚ ਆਵੇਗਾ।’ (ਲੂਕਾ 15:17, 18) ਇਸ ਲਈ, ਬਜ਼ੁਰਗ ਛੇਕੇ ਹੋਏ ਵਿਅਕਤੀਆਂ ਨੂੰ ਯਾਦ ਦਿਲਾਉਣ ਲਈ ਕਿ ਉਹ ਯਹੋਵਾਹ ਦੇ ਸੰਗਠਨ ਨੂੰ ਕਿਵੇਂ ਵਾਪਸ ਆ ਸਕਦੇ ਹਨ, ਉਨ੍ਹਾਂ ਨੂੰ ਮਿਲਣ ਵਿਚ ਪਹਿਲ ਕਰਦੇ ਹਨ।a
17. ਪਾਪ ਦੇ ਮਾਮਲਿਆਂ ਨੂੰ ਨਿਪਟਾਉਂਦੇ ਸਮੇਂ ਬਜ਼ੁਰਗਾਂ ਦਾ ਕੀ ਟੀਚਾ ਹੈ, ਅਤੇ ਇਹ ਟੀਚਾ ਹਾਸਲ ਕਰਨ ਲਈ ਕਿਹੜਾ ਗੁਣ ਮਦਦ ਕਰੇਗਾ?
17 ਬਜ਼ੁਰਗਾਂ ਨੂੰ ਖ਼ਾਸ ਕਰਕੇ ਪਾਪ ਦੇ ਮਾਮਲਿਆਂ ਨੂੰ ਨਿਪਟਾਉਂਦੇ ਸਮੇਂ ਯਹੋਵਾਹ ਦੇ ਨਿਆਉਂ ਦੀ ਰੀਸ ਕਰਨੀ ਚਾਹੀਦੀ ਹੈ। ਪਾਪੀ, ਯਿਸੂ “ਦੇ ਨੇੜੇ ਆਉਂਦੇ ਸਨ” ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਉਹ ਉਨ੍ਹਾਂ ਨੂੰ ਸਮਝੇਗਾ ਅਤੇ ਉਨ੍ਹਾਂ ਦੀ ਮਦਦ ਕਰੇਗਾ। (ਲੂਕਾ 15:1; ਮੱਤੀ 9:12, 13) ਨਿਸ਼ਚੇ ਹੀ, ਯਿਸੂ ਨੇ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਯਿਸੂ ਦੇ ਨਾਲ ਇਕ ਵਾਰ ਭੋਜਨ ਖਾਣ ਤੋਂ ਬਾਅਦ, ਬਦਨਾਮ ਲੁਟੇਰਾ, ਜ਼ੱਕੀ, ਤੋਬਾ ਕਰਨ ਅਤੇ ਦੂਸਰਿਆਂ ਦੇ ਕੀਤੇ ਨੁਕਸਾਨ ਨੂੰ ਚੁਕਾਉਣ ਲਈ ਪ੍ਰੇਰਿਤ ਹੋਇਆ। (ਲੂਕਾ 19:8-10) ਅੱਜ ਆਪਣੀਆਂ ਨਿਆਇਕ ਸੁਣਵਾਈਆਂ ਤੇ ਬਜ਼ੁਰਗਾਂ ਦਾ ਇਹੋ ਟੀਚਾ ਹੈ—ਗ਼ਲਤੀ ਕਰਨ ਵਾਲੇ ਨੂੰ ਤੋਬਾ ਵੱਲ ਲਿਜਾਣਾ। ਜੇਕਰ ਉਹ ਯਿਸੂ ਵਾਂਗ ਮਿਲਣਸਾਰ ਹੋਣ, ਤਾਂ ਕਈ ਗ਼ਲਤੀ ਕਰਨ ਵਾਲਿਆਂ ਲਈ ਉਨ੍ਹਾਂ ਤੋਂ ਮਦਦ ਮੰਗਣੀ ਹੋਰ ਸੌਖੀ ਹੋ ਜਾਵੇਗੀ।
18. ਕਿਹੜੀ ਚੀਜ਼ ਬਜ਼ੁਰਗਾਂ ਨੂੰ “ਪੌਣ ਤੋਂ ਲੁੱਕਣ ਦੇ ਥਾਂ” ਵਰਗੇ ਬਣਨ ਦੇਵੇਗੀ?
18 ਈਸ਼ਵਰੀ ਨਿਆਉਂ, ਜੋ ਨਿਰਦਈ ਜਾਂ ਕਠੋਰ ਨਹੀਂ, ਨੂੰ ਲਾਗੂ ਕਰਨ ਵਿਚ ਕੋਮਲ ਦਿਲ ਬਜ਼ੁਰਗਾਂ ਦੀ ਮਦਦ ਕਰੇਗਾ। ਦਿਲਚਸਪੀ ਦੀ ਗੱਲ ਹੈ ਕਿ ਅਜ਼ਰਾ ਨੇ ਇਸਰਾਏਲੀਆਂ ਨੂੰ ਇਨਸਾਫ਼ ਸਿਖਾਉਣ ਲਈ, ਆਪਣੇ ਮਨ ਦੇ ਨਾਲ-ਨਾਲ ਆਪਣਾ ਦਿਲ ਵੀ ਲਾਇਆ ਸੀ। (ਅਜ਼ਰਾ 7:10) ਇਕ ਹਮਦਰਦ ਦਿਲ ਬਜ਼ੁਰਗਾਂ ਨੂੰ ਢੁਕਵੇਂ ਸ਼ਾਸਤਰ-ਸੰਬੰਧੀ ਸਿਧਾਂਤ ਲਾਗੂ ਕਰਨ ਅਤੇ ਹਰ ਵਿਅਕਤੀ ਦੇ ਹਾਲਾਤ ਧਿਆਨ ਵਿਚ ਰੱਖਣ ਦੇਵੇਗਾ। ਜਦੋਂ ਯਿਸੂ ਨੇ ਉਸ ਔਰਤ ਨੂੰ ਚੰਗਾ ਕੀਤਾ ਜਿਸ ਦਾ ਲਹੂ ਵੱਗਦਾ ਸੀ, ਉਸ ਨੇ ਦਿਖਾਇਆ ਕਿ ਯਹੋਵਾਹ ਦੇ ਨਿਆਉਂ ਦਾ ਮਤਲਬ ਹੈ ਬਿਵਸਥਾ ਦੇ ਸ਼ਬਦਾਂ ਦੇ ਨਾਲ-ਨਾਲ ਉਸ ਦੇ ਅਸਲੀ ਅਰਥ ਨੂੰ ਸਮਝਣਾ। (ਲੂਕਾ 8:43-48) ਉਹ ਬਜ਼ੁਰਗ ਜੋ ਦਇਆ ਨਾਲ ਨਿਆਉਂ ਲਾਗੂ ਕਰਦੇ ਹਨ, ਉਨ੍ਹਾਂ ਲੋਕਾਂ ਲਈ “ਪੌਣ ਤੋਂ ਲੁੱਕਣ ਦੇ ਥਾਂ” ਵਜੋਂ ਦਰਸਾਏ ਜਾ ਸਕਦੇ ਹਨ ਜਿਨ੍ਹਾਂ ਨੂੰ ਆਪਣੀਆਂ ਕਮਜ਼ੋਰੀਆਂ ਜਾਂ ਇਸ ਦੁਸ਼ਟ ਵਿਵਸਥਾ ਜਿਸ ਵਿਚ ਅਸੀਂ ਰਹਿੰਦੇ ਹਾਂ, ਤੋਂ ਸੱਟ ਲੱਗੀ ਹੈ।—ਯਸਾਯਾਹ 32:2.
19. ਜਦੋਂ ਈਸ਼ਵਰੀ ਨਿਆਉਂ ਇਕ ਭੈਣ ਉੱਤੇ ਲਾਗੂ ਕੀਤਾ ਗਿਆ ਤਾਂ ਉਸ ਦਾ ਕੀ ਰਵੱਈਆ ਸੀ?
19 ਇਕ ਭੈਣ, ਜਿਸ ਨੇ ਗੰਭੀਰ ਪਾਪ ਕੀਤਾ ਸੀ, ਨੂੰ ਖ਼ੁਦ ਈਸ਼ਵਰੀ ਨਿਆਉਂ ਦੀ ਕਦਰ ਕਰਨ ਦਾ ਮੌਕਾ ਮਿਲਿਆ। “ਦਰਅਸਲ, ਮੈਂ ਬਜ਼ੁਰਗਾਂ ਕੋਲ ਜਾਣ ਤੋਂ ਡਰਦੀ ਸੀ,” ਉਸ ਨੇ ਸਵੀਕਾਰ ਕੀਤਾ। “ਪਰ ਉਨ੍ਹਾਂ ਨੇ ਮੈਨੂੰ ਦਇਆ ਅਤੇ ਕਦਰ ਦਿਖਾਈ। ਕਠੋਰ ਜੱਜਾਂ ਵਾਂਗ ਹੋਣ ਦੀ ਬਜਾਇ ਉਹ ਪਿਤਾ ਸਮਾਨ ਸਨ। ਉਨ੍ਹਾਂ ਨੇ ਸਮਝਾਇਆ ਕਿ ਯਹੋਵਾਹ ਮੈਨੂੰ ਰੱਦ ਨਹੀਂ ਕਰੇਗਾ ਜੇ ਮੈਂ ਆਪਣੇ ਰਾਹਾਂ ਨੂੰ ਸੁਧਾਰਨ ਦਾ ਪੱਕਾ ਇਰਾਦਾ ਕਰਾਂ। ਮੈਂ ਨਿੱਜੀ ਤੌਰ ਤੇ ਸਿੱਖਿਆ ਕਿ ਯਹੋਵਾਹ ਇਕ ਪਿਆਰੇ ਪਿਤਾ ਵਾਂਗ ਸਾਨੂੰ ਕਿਵੇਂ ਅਨੁਸ਼ਾਸਨ ਦਿੰਦਾ ਹੈ। ਮੈਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕੀ, ਇਸ ਭਰੋਸੇ ਨਾਲ ਕਿ ਉਹ ਮੇਰੀ ਬੇਨਤੀ ਸੁਣੇਗਾ। ਬੀਤੇ ਸਮੇਂ ਨੂੰ ਯਾਦ ਕਰ ਕੇ, ਮੈਂ ਸੱਚ-ਮੁੱਚ ਕਹਿ ਸਕਦੀ ਹਾਂ ਕਿ ਸੱਤ ਸਾਲ ਪਹਿਲਾਂ ਬਜ਼ੁਰਗਾਂ ਨਾਲ ਉਹ ਮੁਲਾਕਾਤ ਯਹੋਵਾਹ ਵੱਲੋਂ ਇਕ ਬਰਕਤ ਸੀ। ਉਸ ਸਮੇਂ ਤੋਂ, ਯਹੋਵਾਹ ਨਾਲ ਮੇਰਾ ਰਿਸ਼ਤਾ ਜ਼ਿਆਦਾ ਮਜ਼ਬੂਤ ਰਿਹਾ ਹੈ।”
ਇਨਸਾਫ਼ ਦੀ ਪਾਲਣਾ ਕਰੋ ਅਤੇ ਧਰਮ ਵਰਤੋ
20. ਨਿਆਉਂ ਅਤੇ ਧਾਰਮਿਕਤਾ ਨੂੰ ਸਮਝਣ ਅਤੇ ਇਨ੍ਹਾਂ ਦੇ ਕੰਮ ਕਰਨ ਦੇ ਕੀ ਲਾਭ ਹਨ?
20 ਸ਼ੁਕਰ ਹੈ ਕਿ ਈਸ਼ਵਰੀ ਨਿਆਉਂ ਦਾ ਅਰਥ ਹਰ ਇਨਸਾਨ ਨੂੰ ਉਸ ਦੇ ਕੀਤੇ ਦਾ ਫਲ ਦੇਣ ਨਾਲੋਂ ਕੁਝ ਵੱਧ ਹੈ। ਯਹੋਵਾਹ ਦੇ ਨਿਆਉਂ ਨੇ ਉਸ ਉੱਤੇ ਨਿਹਚਾ ਕਰਨ ਵਾਲਿਆਂ ਨੂੰ ਸਦੀਪਕ ਜੀਵਨ ਦੇਣ ਲਈ ਪ੍ਰੇਰਿਤ ਕੀਤਾ ਹੈ। (ਜ਼ਬੂਰ 103:10; ਰੋਮੀਆਂ 5:15, 18) ਪਰਮੇਸ਼ੁਰ ਸਾਡੇ ਨਾਲ ਇਸ ਤਰ੍ਹਾਂ ਵਰਤਾਉ ਇਸ ਲਈ ਕਰਦਾ ਹੈ ਕਿਉਂਕਿ ਉਸ ਦਾ ਨਿਆਉਂ ਸਾਡੇ ਹਾਲਾਤ ਧਿਆਨ ਵਿਚ ਰੱਖਦਾ ਹੈ, ਅਤੇ ਦੋਸ਼ੀ ਠਹਿਰਾਉਣ ਦੀ ਬਜਾਇ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਸੱਚ-ਮੁੱਚ ਹੀ, ਯਹੋਵਾਹ ਦੇ ਨਿਆਉਂ ਦੀ ਹੱਦ ਦੀ ਬਿਹਤਰ ਸਮਝ ਸਾਨੂੰ ਉਸ ਦੇ ਹੋਰ ਨੇੜੇ ਲਿਆਉਂਦੀ ਹੈ। ਅਤੇ ਜਿਉਂ-ਜਿਉਂ ਅਸੀਂ ਉਸ ਦੇ ਵਿਅਕਤਿੱਤਵ ਦੇ ਇਸ ਪਹਿਲੂ ਦੀ ਰੀਸ ਕਰਨ ਦੀ ਸਖ਼ਤ ਕੋਸ਼ਿਸ਼ ਕਰਦੇ ਹਾਂ, ਸਾਡੇ ਅਤੇ ਦੂਜਿਆਂ ਦੇ ਜੀਵਨ ਭਰਪੂਰ ਬਰਕਤਾਂ ਪਾਉਣਗੇ। ਸਾਡਾ ਸਵਰਗੀ ਪਿਤਾ ਇਨਸਾਫ਼ ਦੀ ਸਾਡੀ ਭਾਲ ਨੂੰ ਧਿਆਨ ਵਿਚ ਰੱਖਦਾ ਹੈ। ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ: “ਇਨਸਾਫ਼ ਦੀ ਪਾਲਨਾ ਕਰੋ ਅਤੇ ਧਰਮ ਵਰਤੋ, ਕਿਉਂ ਜੋ ਮੇਰਾ ਛੁਟਕਾਰਾ ਨੇੜੇ ਆਉਣ ਵਾਲਾ ਹੈ, ਅਤੇ ਮੇਰਾ ਧਰਮ ਪਰਗਟ ਹੋਣ ਵਾਲਾ ਹੈ। ਧੰਨ ਹੈ ਉਹ ਮਨੁੱਖ ਜੋ ਏਹ ਕਰਦਾ ਹੈ।”—ਯਸਾਯਾਹ 56:1, 2.
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ) ਅਪ੍ਰੈਲ 15, 1991, ਸਫ਼ੇ 22-3 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਸਦੂਮ ਅਤੇ ਅਮੂਰਾਹ ਦੀ ਤਬਾਹੀ ਯਹੋਵਾਹ ਦੇ ਨਿਆਉਂ ਬਾਰੇ ਸਾਨੂੰ ਕੀ ਸਿਖਾਉਂਦੀ ਹੈ?
◻ ਰਿਹਾਈ-ਕੀਮਤ ਪਰਮੇਸ਼ੁਰ ਦੇ ਇਨਸਾਫ਼ ਅਤੇ ਪ੍ਰੇਮ ਦਾ ਇਕ ਪ੍ਰਮੁੱਖ ਪ੍ਰਗਟਾਵਾ ਕਿਉਂ ਹੈ?
◻ ਅਸੀਂ ਕਿਹੜੇ ਤਿੰਨ ਤਰੀਕਿਆਂ ਵਿਚ ਇਨਸਾਫ਼ ਦੇ ਕੰਮ ਕਰ ਸਕਦੇ ਹਾਂ?
◻ ਬਜ਼ੁਰਗ ਕਿਹੜੇ ਇਕ ਖ਼ਾਸ ਤਰੀਕੇ ਨਾਲ ਈਸ਼ਵਰੀ ਨਿਆਉਂ ਦੀ ਰੀਸ ਕਰ ਸਕਦੇ ਹਨ?
[ਸਫ਼ੇ 16 ਉੱਤੇ ਤਸਵੀਰਾਂ]
ਆਪਣੇ ਪ੍ਰਚਾਰ ਕੰਮ ਦੁਆਰਾ, ਅਸੀਂ ਧਰਮੀ ਨਿਆਉਂ ਪ੍ਰਗਟ ਕਰਦੇ ਹਾਂ
[ਸਫ਼ੇ 17 ਉੱਤੇ ਤਸਵੀਰ]
ਜਦੋਂ ਬਜ਼ੁਰਗ ਧਰਮੀ ਨਿਆਉਂ ਪ੍ਰਗਟ ਕਰਦੇ ਹਨ, ਤਾਂ ਉਨ੍ਹਾਂ ਵਿਅਕਤੀਆਂ ਲਈ, ਜਿਨ੍ਹਾਂ ਨੂੰ ਸਮੱਸਿਆਵਾਂ ਹਨ, ਬਜ਼ੁਰਗਾਂ ਕੋਲੋਂ ਮਦਦ ਪ੍ਰਾਪਤ ਕਰਨੀ ਹੋਰ ਸੌਖੀ ਹੋ ਜਾਂਦੀ ਹੈ