-
“ਮੇਰਾ ਚੇਲਾ ਬਣ ਜਾ”—ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?‘ਆਓ ਮੇਰੇ ਚੇਲੇ ਬਣੋ’
-
-
ਅਧਿਆਇ 1
“ਮੇਰਾ ਚੇਲਾ ਬਣ ਜਾ”—ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?
“ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”
1, 2. ਸਾਨੂੰ ਸਾਰਿਆਂ ਨੂੰ ਕਿਹੜਾ ਸੱਦਾ ਮਿਲਿਆ ਹੈ ਅਤੇ ਸਾਨੂੰ ਖ਼ੁਦ ਨੂੰ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
ਉਹ ਦਿਨ ਯਾਦ ਕਰੋ ਜਦੋਂ ਤੁਹਾਨੂੰ ਆਪਣੇ ਕਿਸੇ ਦੋਸਤ ਦੇ ਵਿਆਹ ʼਤੇ ਬੁਲਾਇਆ ਗਿਆ, ਤਾਂ ਤੁਸੀਂ ਕਿੰਨੇ ਖ਼ੁਸ਼ ਹੋਏ ਸੀ। ਜਾਂ ਸ਼ਾਇਦ ਤੁਹਾਨੂੰ ਕੋਈ ਖ਼ਾਸ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ, ਤਾਂ ਤੁਸੀਂ ਇਸ ਨੂੰ ਕਿੰਨੇ ਸਨਮਾਨ ਦੀ ਗੱਲ ਸਮਝਿਆ ਸੀ। ਪਰ ਇਸ ਤੋਂ ਵੀ ਕਿਤੇ ਵੱਧ ਕੇ ਤੁਹਾਨੂੰ ਇਕ ਖ਼ਾਸ ਸੱਦਾ ਮਿਲਿਆ ਹੈ। ਇਹ ਸੱਦਾ ਤੁਹਾਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਮਿਲਿਆ ਹੈ। ਜੇ ਅਸੀਂ ਇਸ ਸੱਦੇ ਨੂੰ ਕਬੂਲ ਕਰਦੇ ਹਾਂ, ਤਾਂ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਅਹਿਮ ਫ਼ੈਸਲਾ ਹੋਵੇਗਾ।
2 ਇਹ ਸੱਦਾ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਤੋਂ ਹੈ। ਮਰਕੁਸ 10:21 ਵਿਚ ਯਿਸੂ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਹੈ: ‘ਆ ਮੇਰਾ ਚੇਲਾ ਬਣ ਜਾ।’ ਇਸ ਲਈ ਚੰਗਾ ਹੋਵੇਗਾ ਜੇ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛੀਏ, ‘ਕੀ ਮੈਂ ਇਹ ਸੱਦਾ ਕਬੂਲ ਕਰਾਂਗਾ?’ ਸ਼ਾਇਦ ਤੁਸੀਂ ਸੋਚੋ ਕਿ ਅਜਿਹੇ ਸੱਦੇ ਨੂੰ ਕੌਣ ਠੁਕਰਾ ਸਕਦਾ ਹੈ? ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਕਬੂਲ ਨਹੀਂ ਕਰਦੇ। ਪਰ ਕਿਉਂ?
3, 4. (ੳ) ਉਸ ਆਦਮੀ ਕੋਲ ਕਿਹੜੀਆਂ ਤਿੰਨ ਚੀਜ਼ਾਂ ਸਨ ਜਿਨ੍ਹਾਂ ਨੂੰ ਲੋਕ ਜ਼ਰੂਰੀ ਸਮਝਦੇ ਹਨ? (ਅ) ਇਸ ਅਮੀਰ ਨੌਜਵਾਨ ਵਿਚ ਯਿਸੂ ਨੇ ਕਿਹੜੀ ਖੂਬੀ ਦੇਖੀ?
3 ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਇਹ ਸੱਦਾ ਇਕ ਮੰਨੇ-ਪ੍ਰਮੰਨੇ ਆਦਮੀ ਨੂੰ ਦਿੱਤਾ ਸੀ। ਬਾਈਬਲ ਦੱਸਦੀ ਹੈ ਕਿ ਇਹ “ਨੌਜਵਾਨ” ਇਕ ‘ਬਹੁਤ ਅਮੀਰ ਆਗੂ’ ਸੀ। (ਮੱਤੀ 19:20; ਲੂਕਾ 18:18, 23) ਉਸ ਕੋਲ ਉਹ ਤਿੰਨ ਚੀਜ਼ਾਂ ਸਨ ਜੋ ਲੋਕ ਜ਼ਰੂਰੀ ਸਮਝਦੇ ਹਨ—ਜਵਾਨੀ, ਧਨ-ਦੌਲਤ ਤੇ ਤਾਕਤ। ਪਰ ਉਸ ਵਿਚ ਖ਼ਾਸ ਗੱਲ ਇਹ ਸੀ ਕਿ ਉਸ ਨੇ ਮਹਾਨ ਗੁਰੂ ਯਿਸੂ ਬਾਰੇ ਜੋ ਕੁਝ ਸੁਣਿਆ ਸੀ, ਉਸ ਨੂੰ ਚੰਗਾ ਲੱਗਾ ਸੀ।
4 ਉਸ ਜ਼ਮਾਨੇ ਦੇ ਜ਼ਿਆਦਾਤਰ ਆਗੂ ਯਿਸੂ ਦਾ ਆਦਰ ਨਹੀਂ ਕਰਦੇ ਸਨ। (ਯੂਹੰਨਾ 7:48; 12:42) ਪਰ ਇਹ ਆਗੂ ਉਨ੍ਹਾਂ ਤੋਂ ਵੱਖਰਾ ਸੀ। ਬਾਈਬਲ ਦੱਸਦੀ ਹੈ: “ਜਦੋਂ [ਯਿਸੂ] ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਆਦਮੀ ਉਸ ਕੋਲ ਭੱਜਾ ਆਇਆ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪੁੱਛਿਆ: ‘ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?’” (ਮਰਕੁਸ 10:17) ਧਿਆਨ ਦਿਓ ਕਿ ਇਹ ਆਦਮੀ ਯਿਸੂ ਨਾਲ ਗੱਲ ਕਰਨ ਲਈ ਕਿੰਨਾ ਉਤਾਵਲਾ ਸੀ! ਉਹ ਸਾਰਿਆਂ ਦੇ ਸਾਮ੍ਹਣੇ ਯਿਸੂ ਕੋਲ ਭੱਜਾ ਆਇਆ, ਜਿਵੇਂ ਗ਼ਰੀਬ ਤੇ ਆਮ ਲੋਕ ਆਉਂਦੇ ਸਨ। ਫਿਰ ਉਸ ਨੇ ਮਸੀਹ ਦੇ ਅੱਗੇ ਆਦਰ ਨਾਲ ਗੋਡੇ ਟੇਕੇ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਕੁਝ ਹੱਦ ਤਕ ਨਿਮਰ ਸੀ ਅਤੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣਾ ਚਾਹੁੰਦਾ ਸੀ। ਇਹ ਦੇਖ ਕੇ ਯਿਸੂ ਬਹੁਤ ਖ਼ੁਸ਼ ਹੋਇਆ। (ਮੱਤੀ 5:3; 18:4) ਇਸੇ ਕਰਕੇ “ਯਿਸੂ ਦਾ ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ।” (ਮਰਕੁਸ 10:21) ਪਰ ਯਿਸੂ ਨੇ ਉਸ ਆਦਮੀ ਦੇ ਸਵਾਲ ਦਾ ਕੀ ਜਵਾਬ ਦਿੱਤਾ?
ਇਕ ਸ਼ਾਨਦਾਰ ਸੱਦਾ
5. ਯਿਸੂ ਨੇ ਉਸ ਨੌਜਵਾਨ ਨੂੰ ਕੀ ਜਵਾਬ ਦਿੱਤਾ? ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਇਕ ਇਨਸਾਨ ਨੂੰ ਆਪਣਾ ਸਾਰਾ ਕੁਝ ਵੇਚ ਦੇਣਾ ਚਾਹੀਦਾ ਹੈ? (ਫੁਟਨੋਟ ਦੇਖੋ।)
5 ਯਿਸੂ ਨੇ ਉਸ ਆਦਮੀ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਿਆ। ਉਸ ਨੇ ਸਮਝਾਇਆ ਕਿ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਨ ਦੀ ਲੋੜ ਹੈ। ਤਦ ਨੌਜਵਾਨ ਨੇ ਕਿਹਾ ਕਿ ਉਹ ਇਸ ਮੁਤਾਬਕ ਵਫ਼ਾਦਾਰੀ ਨਾਲ ਚੱਲ ਰਿਹਾ ਸੀ। ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਯਿਸੂ ਦੇਖ ਸਕਿਆ ਕਿ ਉਸ ਦੇ ਦਿਲ ਵਿਚ ਕੀ ਸੀ। (ਯੂਹੰਨਾ 2:25) ਉਸ ਨੇ ਇਸ ਨੌਜਵਾਨ ਵਿਚ ਇਕ ਗੱਲ ਦੇਖੀ ਜਿਸ ਕਰਕੇ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਰਿਹਾ ਸੀ। ਯਿਸੂ ਨੇ ਕਿਹਾ: “ਤੇਰੇ ਵਿਚ ਇਕ ਗੱਲ ਦੀ ਘਾਟ ਹੈ।” ਉਹ ਕਿਹੜੀ ਗੱਲ ਸੀ? ਯਿਸੂ ਨੇ ਸਮਝਾਇਆ: “ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸੇ ਗ਼ਰੀਬਾਂ ਵਿਚ ਵੰਡ ਦੇ।” (ਮਰਕੁਸ 10:21) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਇਕ ਇਨਸਾਨ ਨੂੰ ਆਪਣਾ ਸਾਰਾ ਕੁਝ ਵੇਚ ਦੇਣਾ ਚਾਹੀਦਾ ਹੈ? ਨਹੀਂ।a ਯਿਸੂ ਇਕ ਬਹੁਤ ਜ਼ਰੂਰੀ ਗੱਲ ਵੱਲ ਧਿਆਨ ਦਿਵਾ ਰਿਹਾ ਸੀ। ਆਓ ਦੇਖੀਏ ਇਹ ਕਿਹੜੀ ਗੱਲ ਸੀ।
6. ਯਿਸੂ ਨੇ ਅਮੀਰ ਆਗੂ ਨੂੰ ਕਿਹੜਾ ਸੱਦਾ ਦਿੱਤਾ ਅਤੇ ਉਸ ਵਿਚ ਕਿਸ ਗੱਲ ਦੀ ਘਾਟ ਸੀ?
6 ਯਿਸੂ ਨੇ ਉਸ ਆਦਮੀ ਨੂੰ ਇਹ ਸ਼ਾਨਦਾਰ ਸੱਦਾ ਦਿੱਤਾ: “ਆ ਕੇ ਮੇਰਾ ਚੇਲਾ ਬਣ ਜਾ।” ਜ਼ਰਾ ਸੋਚੋ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ਨੇ ਖ਼ੁਦ ਉਸ ਆਦਮੀ ਨੂੰ ਉਸ ਦਾ ਚੇਲਾ ਬਣਨ ਲਈ ਕਿਹਾ! ਇਸ ਤੋਂ ਇਲਾਵਾ ਯਿਸੂ ਨੇ ਵਾਅਦਾ ਕੀਤਾ ਕਿ ਉਸ ਨੂੰ ਬਹੁਤ ਵੱਡਾ ਇਨਾਮ ਮਿਲੇਗਾ। ਯਿਸੂ ਨੇ ਕਿਹਾ: “ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ।” ਕੀ ਇਸ ਅਮੀਰ ਆਗੂ ਨੇ ਇਸ ਸੱਦੇ ਨੂੰ ਕਬੂਲ ਕੀਤਾ? ਬਾਈਬਲ ਕਹਿੰਦੀ ਹੈ: “ਉਹ ਆਦਮੀ ਉਸ ਦੀ ਗੱਲ ਸੁਣ ਕੇ ਬਹੁਤ ਉਦਾਸ ਹੋਇਆ ਅਤੇ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।” (ਮਰਕੁਸ 10:21, 22) ਹਾਂ, ਅਫ਼ਸੋਸ ਦੀ ਗੱਲ ਹੈ ਕਿ ਉਹ ਯਿਸੂ ਤੇ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਨਹੀਂ ਸੀ ਕਰਦਾ, ਸਗੋਂ ਉਸ ਨੂੰ ਆਪਣੀ ਧਨ-ਦੌਲਤ ਨਾਲ ਜ਼ਿਆਦਾ ਪਿਆਰ ਸੀ ਅਤੇ ਆਪਣੀ ਤਾਕਤ ਤੇ ਰੁਤਬੇ ਉੱਤੇ ਬੜਾ ਮਾਣ ਸੀ। ਉਸ ਵਿਚ ਇਸੇ “ਗੱਲ ਦੀ ਘਾਟ” ਸੀ। ਇਸ ਕਰਕੇ ਉਸ ਨੇ ਯਿਸੂ ਦੇ ਸੱਦੇ ਨੂੰ ਠੁਕਰਾ ਦਿੱਤਾ! ਪਰ ਕੀ ਇਹ ਸੱਦਾ ਤੁਹਾਨੂੰ ਵੀ ਦਿੱਤਾ ਗਿਆ ਹੈ?
7. ਅਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਹਾਂ ਕਿ ਯਿਸੂ ਨੇ ਸਾਨੂੰ ਵੀ ਉਸ ਦੇ ਚੇਲੇ ਬਣਨ ਦਾ ਸੱਦਾ ਦਿੱਤਾ ਹੈ?
7 ਯਿਸੂ ਨੇ ਇਹ ਸੱਦਾ ਸਿਰਫ਼ ਉਸ ਆਦਮੀ ਨੂੰ ਹੀ ਨਹੀਂ ਦਿੱਤਾ ਸੀ। ਉਸ ਨੇ ਕਿਹਾ: ‘ਜੇ ਕੋਈ ਚਾਹੁੰਦਾ ਹੈ, ਤਾਂ ਉਹ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ।’ (ਲੂਕਾ 9:23) ਹਾਂ, ਕੋਈ ਵੀ ਯਿਸੂ ਦਾ ਚੇਲਾ ਬਣ ਸਕਦਾ ਹੈ ਜੇ ਉਹ ਦਿਲੋਂ ਬਣਨਾ ਚਾਹੁੰਦਾ ਹੈ। ਪਰਮੇਸ਼ੁਰ ਨੇਕਦਿਲ ਲੋਕਾਂ ਨੂੰ ਆਪਣੇ ਪੁੱਤਰ ਵੱਲ ਖਿੱਚਦਾ ਹੈ। (ਯੂਹੰਨਾ 6:44) ਨਾਲੇ ਯਿਸੂ ਨੇ ਇਹ ਸੱਦਾ ਸਿਰਫ਼ ਉਸ ਜ਼ਮਾਨੇ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਦਿੱਤਾ ਹੈ। ਸੋ ਯਿਸੂ ਦਾ ਇਹ ਸੱਦਾ ‘ਆ ਮੇਰਾ ਚੇਲਾ ਬਣ ਜਾ’ ਅਮੀਰ, ਗ਼ਰੀਬ, ਹਰ ਕੌਮ ਅਤੇ ਨਸਲ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਹਾਂ, ਇਹ ਸੱਦਾ ਤੁਹਾਨੂੰ ਵੀ ਦਿੱਤਾ ਗਿਆ ਹੈ। ਤੁਹਾਨੂੰ ਮਸੀਹ ਦੇ ਪਿੱਛੇ-ਪਿੱਛੇ ਚੱਲਣ ਦੀ ਕਿਉਂ ਲੋੜ ਹੈ? ਅਤੇ ਇਸ ਦਾ ਕੀ ਮਤਲਬ ਹੈ?
-
-
“ਮੇਰਾ ਚੇਲਾ ਬਣ ਜਾ”—ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?‘ਆਓ ਮੇਰੇ ਚੇਲੇ ਬਣੋ’
-
-
a ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਨਹੀਂ ਕਿਹਾ ਸੀ। ਉਸ ਨੇ ਇਹ ਜ਼ਰੂਰ ਕਿਹਾ ਸੀ ਕਿ ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ, ਪਰ ਉਸ ਨੇ ਇਹ ਵੀ ਕਿਹਾ ਕਿ ‘ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।’ (ਮਰਕੁਸ 10:23, 27) ਕੁਝ ਅਮੀਰ ਲੋਕ ਵੀ ਯਿਸੂ ਦੇ ਚੇਲੇ ਬਣੇ ਸਨ। ਉਨ੍ਹਾਂ ਨੂੰ ਧਨ-ਦੌਲਤ ਬਾਰੇ ਖ਼ਾਸ ਸਲਾਹ ਮਿਲੀ ਸੀ, ਪਰ ਉਨ੍ਹਾਂ ਨੂੰ ਆਪਣੀ ਸਾਰੀ ਧਨ-ਦੌਲਤ ਗ਼ਰੀਬਾਂ ਵਿਚ ਵੰਡਣ ਲਈ ਨਹੀਂ ਕਿਹਾ ਗਿਆ ਸੀ।—1 ਤਿਮੋਥਿਉਸ 6:17.
-