-
“ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ”ਪਹਿਰਾਬੁਰਜ—2002 | ਸਤੰਬਰ 1
-
-
14. ਸਾਮਰੀ ਗੁਆਂਢੀ ਦੀ ਕਹਾਣੀ ਵਿਚ ਇਹ ਗੱਲ ਅਹਿਮ ਕਿਉਂ ਹੈ ਕਿ ਯਿਸੂ ਨੇ ਉਸ ਰਸਤੇ ਬਾਰੇ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦਾ ਸੀ?
14 ਦੂਜੀ, ਸਾਮਰੀ ਗੁਆਂਢੀ ਦੀ ਕਹਾਣੀ ਨੂੰ ਯਾਦ ਕਰੋ। ਯਿਸੂ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ: “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ।” (ਲੂਕਾ 10:30) ਇਹ ਗੱਲ ਅਹਿਮ ਹੈ ਕਿ ਯਿਸੂ ਨੇ ਉਸ ਰਸਤੇ ਦੀ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦਾ ਸੀ। ਜਦੋਂ ਯਿਸੂ ਇਹ ਕਹਾਣੀ ਦੱਸ ਰਿਹਾ ਸੀ, ਤਾਂ ਉਹ ਯਹੂਦਿਯਾ ਵਿਚ ਸੀ ਜੋ ਯਰੂਸ਼ਲਮ ਦੇ ਨੇੜੇ ਸੀ। ਇਸ ਲਈ ਸੰਭਵ ਹੈ ਕਿ ਉਸ ਦੇ ਸੁਣਨ ਵਾਲੇ ਇਸ ਰਸਤੇ ਨੂੰ ਜਾਣਦੇ ਸਨ। ਇਹ ਰਸਤਾ ਕਾਫ਼ੀ ਖ਼ਤਰਨਾਕ ਸੀ, ਖ਼ਾਸ ਕਰਕੇ ਜੇ ਇਕੱਲਾ ਮੁਸਾਫ਼ਰ ਉੱਧਰੋਂ ਦੀ ਲੰਘਦਾ ਹੋਵੇ। ਇਸ ਰਸਤੇ ਵਿਚ ਬਹੁਤ ਮੋੜ-ਘੇੜ ਸਨ ਤੇ ਇਹ ਵਿਰਾਨ ਜਗ੍ਹਾ ਵਿੱਚੋਂ ਦੀ ਲੰਘਦਾ ਸੀ, ਇਸ ਲਈ ਡਾਕੂਆਂ ਲਈ ਲੁਕਣ ਵਾਸਤੇ ਕਾਫ਼ੀ ਥਾਂ ਸੀ।
15. ਸਾਮਰੀ ਗੁਆਂਢੀ ਦੇ ਦ੍ਰਿਸ਼ਟਾਂਤ ਵਿਚ ਕੋਈ ਵੀ ਵਿਅਕਤੀ ਜਾਜਕ ਅਤੇ ਲੇਵੀ ਦੇ ਹੱਕ ਵਿਚ ਸਫ਼ਾਈ ਕਿਉਂ ਨਹੀਂ ਪੇਸ਼ ਕਰ ਸਕਦਾ ਸੀ?
15 “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦੇ ਰਸਤੇ ਬਾਰੇ ਇਕ ਹੋਰ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਹਾਣੀ ਦੇ ਅਨੁਸਾਰ ਪਹਿਲਾਂ ਇਕ ਜਾਜਕ, ਫਿਰ ਇਕ ਲੇਵੀ ਉਸ ਰਸਤਿਓਂ ਉਤਰਿਆ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਬੰਦੇ ਦੀ ਮਦਦ ਨਹੀਂ ਕੀਤੀ ਸੀ। (ਲੂਕਾ 10:31, 32) ਜਾਜਕ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰਦੇ ਸਨ ਅਤੇ ਲੇਵੀ ਉਨ੍ਹਾਂ ਦੀ ਸਹਾਇਤਾ ਕਰਦੇ ਸਨ। ਕਈ ਜਾਜਕ ਅਤੇ ਲੇਵੀ ਯਰੀਹੋ ਵਿਚ ਰਹਿੰਦੇ ਸਨ ਜਦੋਂ ਉਹ ਹੈਕਲ ਵਿਚ ਸੇਵਾ ਨਹੀਂ ਕਰ ਰਹੇ ਹੁੰਦੇ ਸਨ ਕਿਉਂਕਿ ਯਰੀਹੋ ਯਰੂਸ਼ਲਮ ਤੋਂ ਸਿਰਫ਼ 23 ਕਿਲੋਮੀਟਰ ਦੂਰ ਸੀ। ਇਸ ਲਈ ਉਹ ਅਕਸਰ ਇਸ ਰਸਤਿਓਂ ਲੰਘਦੇ ਸਨ। ਇਹ ਵੀ ਧਿਆਨ ਦਿਓ ਕਿ ਜਾਜਕ ਅਤੇ ਲੇਵੀ “ਯਰੂਸ਼ਲਮ ਤੋਂ” ਆ ਰਹੇ ਸਨ ਮਤਲਬ ਕਿ ਉਹ ਹੈਕਲ ਤੋਂ ਵਾਪਸ ਆ ਰਹੇ ਸਨ।b (ਟੇਢੇ ਟਾਈਪ ਸਾਡੇ।) ਇਸ ਲਈ ਉਨ੍ਹਾਂ ਦੀ ਲਾਪਰਵਾਹੀ ਦੇ ਸੰਬੰਧ ਵਿਚ ਕੋਈ ਇਹ ਨਹੀਂ ਕਹਿ ਸਕਦਾ ਕਿ ‘ਇਹ ਬੰਦੇ ਉਸ ਜ਼ਖਮੀ ਆਦਮੀ ਤੋਂ ਇਸ ਲਈ ਦੂਰ ਰਹੇ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਦਮੀ ਮਰਿਆ ਪਿਆ ਸੀ ਅਤੇ ਜੇ ਉਹ ਲਾਸ਼ ਨੂੰ ਹੱਥ ਲਾ ਦਿੰਦੇ, ਤਾਂ ਉਹ ਸੱਤਾਂ ਦਿਨਾਂ ਲਈ ਅਸ਼ੁੱਧ ਹੋਣ ਕਰਕੇ ਹੈਕਲ ਵਿਚ ਸੇਵਾ ਨਾ ਕਰ ਪਾਉਂਦੇ।’ (ਲੇਵੀਆਂ 21:1; ਗਿਣਤੀ 19:11, 16) ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਦ੍ਰਿਸ਼ਟਾਂਤ ਵਿਚ ਉਹ ਗੱਲਾਂ ਸਨ ਜੋ ਉਸ ਦੇ ਸੁਣਨ ਵਾਲੇ ਜਾਣਦੇ ਸਨ।
-
-
“ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ”ਪਹਿਰਾਬੁਰਜ—2002 | ਸਤੰਬਰ 1
-
-
b ਯਰੂਸ਼ਲਮ ਯਰੀਹੋ ਤੋਂ ਉਚਾਈ ਤੇ ਸੀ। ਇਸ ਲਈ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਣ ਵਾਲੇ ਮੁਸਾਫ਼ਰ ਨੂੰ ਹੇਠਾਂ ‘ਉਤਰਨਾ’ ਪੈਂਦਾ ਸੀ।
-