ਪਾਠਕਾਂ ਵੱਲੋਂ ਸਵਾਲ
ਯਿਸੂ ਨੇ ਤਾਕੀਦ ਕੀਤੀ: “ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਵੱਡਾ ਜਤਨ ਕਰੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ।” (ਲੂਕਾ 13:24) ਉਸ ਦਾ ਕੀ ਅਰਥ ਸੀ, ਅਤੇ ਇਹ ਅੱਜ ਕਿਵੇਂ ਲਾਗੂ ਹੁੰਦਾ ਹੈ?
ਅਸੀਂ ਇਸ ਦਿਲਚਸਪ ਸ਼ਾਸਤਰਵਚਨ ਦੀਆਂ ਇਰਦ-ਗਿਰਦ ਘਟਨਾਵਾਂ ਉੱਤੇ ਗੌਰ ਕਰਨ ਦੁਆਰਾ ਇਸ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਾਂ। ਆਪਣੀ ਮੌਤ ਤੋਂ ਕੁਝ ਛੇ ਮਹੀਨੇ ਪਹਿਲਾਂ, ਯਿਸੂ ਹੈਕਲ ਦੇ ਪੁਨਰ-ਸਮਰਪਣ ਦੇ ਵਰ੍ਹੇ-ਗੰਢ ਦੌਰਾਨ ਯਰੂਸ਼ਲਮ ਵਿਚ ਸੀ। ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਭੇਡਾਂ ਦਾ ਅਯਾਲੀ ਆਖਿਆ, ਪਰ ਇਹ ਸਪੱਸ਼ਟ ਕੀਤਾ ਕਿ ਆਮ ਤੌਰ ਤੇ ਯਹੂਦੀ ਇਨ੍ਹਾਂ ਭੇਡਾਂ ਵਿਚ ਸ਼ਾਮਲ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਉਸ ਨੇ ਕਿਹਾ ਕਿ ਉਹ ਅਤੇ ਉਸ ਦਾ ਪਿਤਾ “ਇੱਕੋ” ਹਨ, ਤਾਂ ਯਹੂਦੀਆਂ ਨੇ ਉਸ ਨੂੰ ਪਥਰਾਉ ਕਰਨ ਲਈ ਪੱਥਰ ਚੁੱਕ ਲਏ। ਉਹ ਯਰਦਨ ਦੇ ਪਾਰ, ਪੀਰਿਆ ਨੂੰ ਭੱਜ ਗਿਆ।—ਯੂਹੰਨਾ 10:1-40.
ਉੱਥੇ ਇਕ ਆਦਮੀ ਨੇ ਪੁੱਛਿਆ: “ਪ੍ਰਭੁ ਜੀ ਜਿਹੜੇ ਮੁਕਤੀ ਪਾਉਂਦੇ ਕੀ ਓਹ ਵਿਰਲੇ ਹਨ?” (ਲੂਕਾ 13:23) ਉਸ ਦਾ ਇਹ ਸਵਾਲ ਪੁੱਛਣਾ ਉਚਿਤ ਸੀ, ਕਿਉਂਕਿ ਉਸ ਸਮੇਂ ਦੇ ਯਹੂਦੀ ਇਹ ਮੰਨਦੇ ਸਨ ਕਿ ਕੇਵਲ ਸੀਮਿਤ ਗਿਣਤੀ ਦੇ ਲੋਕ ਹੀ ਮੁਕਤੀ ਦੇ ਯੋਗ ਹੋਣਗੇ। ਉਨ੍ਹਾਂ ਦੇ ਰਵੱਈਏ ਨੂੰ ਦੇਖ ਕੇ ਇਹ ਅਨੁਮਾਨ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਉਨ੍ਹਾਂ ਦੇ ਅਨੁਸਾਰ ਇਨ੍ਹਾਂ ਵਿਰਲਿਆਂ ਵਿਚ ਕੌਣ ਸ਼ਾਮਲ ਹੋਣਗੇ। ਉਹ ਕਿੰਨੇ ਗ਼ਲਤ ਸਨ, ਜਿਵੇਂ ਕਿ ਬਾਅਦ ਦੀਆਂ ਘਟਨਾਵਾਂ ਦਿਖਾਉਣਗੀਆਂ!
ਕੁਝ ਦੋ ਸਾਲ ਤੋਂ, ਯਿਸੂ ਉਨ੍ਹਾਂ ਦੇ ਵਿਚਕਾਰ ਰਹਿ ਰਿਹਾ ਸੀ, ਸਿੱਖਿਆ ਦੇ ਰਿਹਾ ਸੀ, ਚਮਤਕਾਰ ਕਰ ਰਿਹਾ ਸੀ, ਅਤੇ ਉਨ੍ਹਾਂ ਨੂੰ ਸਵਰਗੀ ਰਾਜ ਦੇ ਵਾਰਸ ਬਣਨ ਦੀ ਸੰਭਾਵਨਾ ਪੇਸ਼ ਕਰ ਰਿਹਾ ਸੀ। ਇਸ ਦਾ ਕੀ ਨਤੀਜਾ ਹੋਇਆ? ਉਨ੍ਹਾਂ ਨੂੰ, ਅਤੇ ਖ਼ਾਸ ਤੌਰ ਤੇ ਉਨ੍ਹਾਂ ਦੇ ਆਗੂਆਂ ਨੂੰ ਇਸ ਗੱਲ ਦਾ ਬਹੁਤ ਘਮੰਡ ਸੀ ਕਿ ਉਹ ਅਬਰਾਹਾਮ ਦੀ ਸੰਤਾਨ ਸਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸੌਂਪੀ ਗਈ ਸੀ। (ਮੱਤੀ 23:2; ਯੂਹੰਨਾ 8:31-44) ਪਰ ਉਨ੍ਹਾਂ ਨੇ ਅੱਛੇ ਅਯਾਲੀ ਦੀ ਆਵਾਜ਼ ਨੂੰ ਪਛਾਣਨ ਅਤੇ ਉਸ ਦੇ ਪਿੱਛੇ ਚੱਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਸਾਮ੍ਹਣੇ ਮਾਨੋ ਇਕ ਖੁੱਲ੍ਹਾ ਦਰਵਾਜ਼ਾ ਸੀ, ਜਿਸ ਵਿੱਚੋਂ ਜੇ ਉਹ ਲੰਘਦੇ, ਤਾਂ ਉਨ੍ਹਾਂ ਨੂੰ ਰਾਜ ਦੇ ਮੈਂਬਰ ਬਣਨ ਦਾ ਮੁੱਖ ਇਨਾਮ ਮਿਲਦਾ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਤੁਲਨਾਤਮਕ ਤੌਰ ਤੇ ਕੇਵਲ ਵਿਰਲਿਆਂ ਨੇ, ਵਿਸ਼ੇਸ਼ ਕਰਕੇ ਨੀਵੇਂ ਵਰਗਾਂ ਦੇ ਲੋਕਾਂ ਨੇ ਯਿਸੂ ਦੇ ਸੱਚਾਈ ਦੇ ਸੰਦੇਸ਼ ਨੂੰ ਸੁਣਿਆ, ਇਸ ਨੂੰ ਸਵੀਕਾਰ ਕੀਤਾ ਅਤੇ ਸਦਾ ਉਸ ਦੇ ਨਾਲ ਰਹੇ।—ਲੂਕਾ 22:28-30; ਯੂਹੰਨਾ 7:47-49.
ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਇਹੋ ਲੋਕ ਆਤਮਾ ਨਾਲ ਮਸਹ ਕੀਤੇ ਜਾਣ ਦੀ ਸਥਿਤੀ ਵਿਚ ਸਨ। (ਰਸੂਲਾਂ ਦੇ ਕਰਤੱਬ 2:1-38) ਇਹ ਯਿਸੂ ਦੁਆਰਾ ਜ਼ਿਕਰ ਕੀਤੇ ਗਏ ਉਨ੍ਹਾਂ ਕੁਕਰਮੀਆਂ ਵਿਚ ਸ਼ਾਮਲ ਨਹੀਂ ਸਨ ਜੋ ਰੋਣਗੇ ਅਤੇ ਕਚੀਚੀਆਂ ਵੱਟਣਗੇ ਕਿਉਂਕਿ ਉਨ੍ਹਾਂ ਨੇ ਉਸ ਮੌਕੇ ਦਾ ਫ਼ਾਇਦਾ ਨਹੀਂ ਚੁੱਕਿਆ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ।—ਲੂਕਾ 13:27, 28.
ਸਿੱਟੇ ਵਜੋਂ, ਪਹਿਲੀ ਸਦੀ ਵਿਚ ਉਨ੍ਹਾਂ “ਬਥੇਰੇ” ਲੋਕਾਂ ਵਿਚ ਆਮ ਤੌਰ ਤੇ ਯਹੂਦੀ, ਅਤੇ ਖ਼ਾਸ ਕਰਕੇ ਧਾਰਮਿਕ ਆਗੂ ਸ਼ਾਮਲ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਪਰਮੇਸ਼ੁਰ ਦੀ ਕਿਰਪਾ ਚਾਹੁੰਦੇ ਸਨ—ਪਰੰਤੂ ਕੇਵਲ ਆਪਣੇ ਹੀ ਮਿਆਰਾਂ ਅਤੇ ਤਰੀਕਿਆਂ ਅਨੁਸਾਰ, ਪਰਮੇਸ਼ੁਰ ਦੇ ਅਨੁਸਾਰ ਨਹੀਂ। ਇਸ ਦੇ ਉਲਟ, ਤੁਲਨਾਤਮਕ ਤੌਰ ਤੇ “ਵਿਰਲੇ” ਲੋਕ, ਜਿਨ੍ਹਾਂ ਨੇ ਰਾਜ ਦਾ ਭਾਗ ਬਣਨ ਵਿਚ ਸੱਚੀ ਦਿਲਚਸਪੀ ਨਾਲ ਇਸ ਨੂੰ ਸਵੀਕਾਰ ਕੀਤਾ, ਉਹ ਮਸੀਹੀ ਕਲੀਸਿਯਾ ਦੇ ਮਸਹ ਕੀਤੇ ਹੋਏ ਮੈਂਬਰ ਬਣ ਗਏ।
ਹੁਣ ਗੌਰ ਕਰੋ ਕਿ ਸਾਡੇ ਦਿਨਾਂ ਵਿਚ ਇਹ ਹੋਰ ਵੱਡੇ ਪੈਮਾਨੇ ਤੇ ਕਿਵੇਂ ਲਾਗੂ ਹੁੰਦਾ ਹੈ। ਈਸਾਈ-ਜਗਤ ਦੇ ਗਿਰਜਿਆਂ ਵਿਚ ਜਾਣ ਵਾਲੇ ਅਣਗਿਣਤ ਲੋਕਾਂ ਨੂੰ ਇਹ ਸਿਖਾਇਆ ਗਿਆ ਹੈ ਕਿ ਉਹ ਸਵਰਗ ਜਾਣਗੇ। ਪਰੰਤੂ, ਇਹ ਆਰਜ਼ੂ ਸ਼ਾਸਤਰ ਦੇ ਸਹੀ ਗਿਆਨ ਉੱਤੇ ਆਧਾਰਿਤ ਨਹੀਂ ਹੈ। ਜਿਵੇਂ ਕਿ ਪਹਿਲਾਂ ਯਹੂਦੀਆਂ ਦੇ ਮਾਮਲੇ ਵਿਚ ਸੱਚ ਸੀ, ਇਹ ਪਰਮੇਸ਼ੁਰ ਦੀ ਕਿਰਪਾ ਕੇਵਲ ਆਪਣੀਆਂ ਹੀ ਸ਼ਰਤਾਂ ਅਨੁਸਾਰ ਚਾਹੁੰਦੇ ਸਨ।
ਫਿਰ ਵੀ, ਸਾਡੇ ਦਿਨਾਂ ਵਿਚ ਤੁਲਨਾਤਮਕ ਤੌਰ ਤੇ ਵਿਰਲੇ ਹੀ ਲੋਕ ਹਨ ਜਿਨ੍ਹਾਂ ਨੇ ਰਾਜ ਸੰਦੇਸ਼ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ ਹੈ, ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਹੈ, ਅਤੇ ਉਸ ਦੀ ਕਿਰਪਾ ਪਾਉਣ ਦੀ ਸਥਿਤੀ ਵਿਚ ਆਏ ਹਨ। ਇਸ ਦੇ ਕਾਰਨ ਉਹ “ਰਾਜ ਦੇ ਪੁੱਤ੍ਰ” ਬਣੇ ਹਨ। (ਮੱਤੀ 13:38) ਅਜਿਹੇ ਮਸਹ ਕੀਤੇ ਹੋਏ ‘ਪੁੱਤ੍ਰਾਂ’ ਨੂੰ 33 ਸਾ.ਯੁ. ਦੇ ਪੰਤੇਕੁਸਤ ਤੇ ਸੱਦਾ ਦਿੱਤਾ ਜਾਣ ਲੱਗਾ। ਯਹੋਵਾਹ ਦੇ ਗਵਾਹ ਕਾਫ਼ੀ ਸਮੇਂ ਤੋਂ ਮੰਨਦੇ ਆਏ ਹਨ ਕਿ ਪਰਮੇਸ਼ੁਰ ਦਾ ਆਪਣੇ ਲੋਕਾਂ ਨਾਲ ਵਰਤਾਉ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਬੁਨਿਆਦੀ ਤੌਰ ਤੇ ਸਵਰਗੀ ਵਰਗ ਦੇ ਮੈਂਬਰ ਸੱਦੇ ਜਾ ਚੁੱਕੇ ਹਨ। ਇਸ ਲਈ, ਹਾਲ ਹੀ ਦੇ ਸਾਲਾਂ ਵਿਚ ਬਾਈਬਲ ਸੱਚਾਈ ਸਿੱਖਣ ਵਾਲੇ ਵਿਅਕਤੀ ਇਹ ਜਾਣਦੇ ਹਨ ਕਿ ਹੁਣ ਪਰਾਦੀਸੀ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਪੇਸ਼ ਕੀਤੀ ਜਾ ਰਹੀ ਹੈ। ਇਸ ਉਮੀਦ ਵਾਲਿਆਂ ਦੀ ਗਿਣਤੀ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦੇ ਬਕੀਏ ਦੀ ਗਿਣਤੀ ਨਾਲੋਂ ਕਿਤੇ ਹੀ ਵੱਧ ਗਈ ਹੈ, ਜਿਨ੍ਹਾਂ ਦੀ ਅਸਲ ਵਿਚ ਸਵਰਗ ਜਾਣ ਦੀ ਉਮੀਦ ਹੈ। ਲੂਕਾ 13:24 ਮੁੱਖ ਤੌਰ ਤੇ ਉਨ੍ਹਾਂ ਉੱਤੇ ਲਾਗੂ ਨਹੀਂ ਹੁੰਦਾ ਹੈ ਜੋ ਸਵਰਗ ਜਾਣ ਦੀ ਉਮੀਦ ਨਹੀਂ ਰੱਖਦੇ ਹਨ, ਲੇਕਿਨ ਇਸ ਵਿਚ ਨਿਸ਼ਚੇ ਹੀ ਉਨ੍ਹਾਂ ਲਈ ਵੀ ਬੁੱਧੀਮਤਾ ਭਰੀ ਸਲਾਹ ਹੈ।
ਸਾਨੂੰ ਵੱਡਾ ਜਤਨ ਕਰਨ ਦੀ ਤਾਕੀਦ ਕਰਨ ਦੁਆਰਾ, ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਜਾਂ ਉਸ ਦਾ ਪਿਤਾ ਸਾਨੂੰ ਰੋਕਣ ਲਈ ਸਾਡੇ ਰਾਹ ਵਿਚ ਰੁਕਾਵਟਾਂ ਪਾਉਂਦਾ ਹੈ। ਪਰ ਅਸੀਂ ਲੂਕਾ 13:24 ਤੋਂ ਇਹ ਸਮਝਦੇ ਹਾਂ ਕਿ ਪਰਮੇਸ਼ੁਰ ਦੀਆਂ ਮੰਗਾਂ ਅਜਿਹੀਆਂ ਹਨ ਜੋ ਅਯੋਗ ਵਿਅਕਤੀਆਂ ਨੂੰ ਰੋਕ ਦਿੰਦੀਆਂ ਹਨ। “ਵੱਡਾ ਜਤਨ ਕਰੋ” ਦਾ ਅਰਥ ਹੈ ਸੰਘਰਸ਼ ਕਰਨਾ, ਆਪਣਾ ਪੂਰਾ ਜ਼ੋਰ ਲਗਾਉਣਾ। ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਆਪਣਾ ਪੂਰਾ ਜ਼ੋਰ ਲਗਾ ਰਿਹਾ ਹਾਂ?’ ਲੂਕਾ 13:24 ਦੀ ਵਿਆਖਿਆ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੈ, ‘ਮੈਨੂੰ ਭੀੜੇ ਬੂਹੇ ਤੋਂ ਵੜਨ ਦਾ ਵੱਡਾ ਜਤਨ ਕਰਨ ਦੀ ਲੋੜ ਹੈ ਕਿਉਂ ਜੋ ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ। ਤਾਂ ਫਿਰ, ਕੀ ਮੈਂ ਸੱਚ-ਮੁੱਚ ਵੱਡਾ ਜਤਨ ਕਰ ਰਿਹਾ ਹਾਂ? ਕੀ ਮੈਂ ਪੁਰਾਣੇ ਸਮੇਂ ਦੇ ਸਟੇਡੀਅਮ ਦੇ ਅਜਿਹੇ ਦੌੜਾਕ ਵਾਂਗ ਹਾਂ ਜੋ ਇਨਾਮ ਜਿੱਤਣ ਦੇ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ? ਅਜਿਹਾ ਕੋਈ ਵੀ ਦੌੜਾਕ ਢਿੱਲ-ਮੱਠ ਨਹੀਂ ਕਰੇਗਾ ਅਤੇ ਨਾ ਹੀ ਉਹ ਹੌਲੀ-ਹੌਲੀ ਕਦਮ ਚੁੱਕੇਗਾ। ਕੀ ਮੈਂ ਇਸ ਤਰ੍ਹਾਂ ਕਰ ਰਿਹਾ ਹਾਂ?’
ਯਿਸੂ ਦੇ ਸ਼ਬਦ ਸੰਕੇਤ ਕਰਦੇ ਹਨ ਕਿ ਕੁਝ ਲੋਕ ਸ਼ਾਇਦ ਆਪਣੀ ਸੌਖ ਅਨੁਸਾਰ “ਬੂਹੇ ਤੋਂ ਵੜਨ” ਦੀ ਕੋਸ਼ਿਸ਼ ਕਰਨ, ਅਜਿਹੀ ਧੀਮੀ ਚਾਲ ਨਾਲ ਜੋ ਉਨ੍ਹਾਂ ਨੂੰ ਪਸੰਦ ਹੈ। ਅਜਿਹਾ ਰਵੱਈਆ ਵਿਅਕਤੀਗਤ ਤੌਰ ਤੇ ਗਵਾਹਾਂ ਨੂੰ ਵੀ ਅਸਰ ਕਰ ਸਕਦਾ ਹੈ। ਕੁਝ ਸ਼ਾਇਦ ਤਰਕ ਕਰਨ, ‘ਮੈਂ ਅਜਿਹੇ ਸ਼ਰਧਾਲੂ ਮਸੀਹੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਸਾਲਾਂ ਤੋਂ ਆਪਣਾ ਪੂਰਾ ਜ਼ੋਰ ਲਗਾਇਆ ਹੈ, ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ; ਫਿਰ ਵੀ, ਉਨ੍ਹਾਂ ਦੀ ਮੌਤ ਤਕ, ਇਸ ਦੁਸ਼ਟ ਵਿਵਸਥਾ ਦਾ ਅੰਤ ਨਹੀਂ ਆਇਆ ਸੀ। ਇਸ ਲਈ ਸ਼ਾਇਦ ਬਿਹਤਰ ਹੋਵੇਗਾ ਕਿ ਮੈਂ ਧੀਮੀ ਚਾਲ ਚੱਲਾਂ, ਅਤੇ ਇਕ ਜ਼ਿਆਦਾ ਆਮ ਜੀਵਨ ਬਤੀਤ ਕਰਾਂ।’
ਇਹ ਸੋਚਣਾ ਆਸਾਨ ਹੈ, ਪਰ ਕੀ ਇਹ ਅਸਲ ਵਿਚ ਬੁੱਧੀਮਤਾ ਹੈ? ਉਦਾਹਰਣ ਲਈ, ਕੀ ਰਸੂਲਾਂ ਨੇ ਇਸ ਤਰ੍ਹਾਂ ਸੋਚਿਆ ਸੀ? ਬਿਲਕੁਲ ਨਹੀਂ। ਉਨ੍ਹਾਂ ਨੇ ਮਰਦੇ ਦਮ ਤਕ ਸੱਚੀ ਉਪਾਸਨਾ ਲਈ ਆਪਣੀ ਪੂਰੀ ਵਾਹ ਲਾ ਦਿੱਤੀ। ਮਿਸਾਲ ਲਈ, ਪੌਲੁਸ ਕਹਿ ਸਕਿਆ: “[ਮਸੀਹ] ਦੀ ਅਸੀਂ ਖਬਰ ਦਿੰਦੇ ਹਾਂ . . . ਅਤੇ ਇਸੇ ਗੱਲੇ ਮੈਂ ਉਹ ਦੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪੋਹੰਦਾ ਹੈ ਵੱਡੇ ਜਤਨ ਨਾਲ ਮਿਹਨਤ ਕਰਦਾ ਹਾਂ।” ਬਾਅਦ ਵਿਚ ਉਸ ਨੇ ਲਿਖਿਆ: “ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।”—ਕੁਲੁੱਸੀਆਂ 1:28, 29; 1 ਤਿਮੋਥਿਉਸ 4:10.
ਅਸੀਂ ਜਾਣਦੇ ਹਾਂ ਕਿ ਪੌਲੁਸ ਨੇ ਵੱਡਾ ਜਤਨ ਕੀਤਾ ਅਤੇ ਇਹ ਬਿਲਕੁਲ ਸਹੀ ਗੱਲ ਸੀ। ਅਸੀਂ ਕਿੰਨੇ ਸੰਤੁਸ਼ਟ ਹੋਵਾਂਗੇ, ਜੇਕਰ ਅਸੀਂ ਸਾਰੇ ਪੌਲੁਸ ਦੀ ਤਰ੍ਹਾਂ ਇਹ ਕਹਿ ਸਕੀਏ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।” (2 ਤਿਮੋਥਿਉਸ 4:7) ਇਸ ਲਈ ਲੂਕਾ 13:24 ਵਿਚ ਦਰਜ ਯਿਸੂ ਦੇ ਸ਼ਬਦਾਂ ਦੇ ਅਨੁਸਾਰ, ਸਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਆਪ ਤੋਂ ਪੁੱਛ ਸਕਦਾ ਹੈ, ‘ਕੀ ਮੈਂ ਤਨਦੇਹੀ ਅਤੇ ਮਿਹਨਤ ਨਾਲ ਜਤਨ ਕਰ ਰਿਹਾ ਹਾਂ? ਜੀ ਹਾਂ, ਕੀ ਮੈਂ ਚੋਖਾ ਅਤੇ ਨਿਯਮਿਤ ਸਬੂਤ ਦਿੰਦਾ ਹਾਂ ਕਿ ਮੈਂ ਯਿਸੂ ਦੇ ਇਸ ਤਾਕੀਦ ਵੱਲ ਧਿਆਨ ਦਿੰਦਾ ਹਾਂ: “ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਵੱਡਾ ਜਤਨ ਕਰੋ”?