‘ਤੁਸੀਂ ਤਿਆਰ ਰਹੋ’
1 ਦੁਨੀਆਂ ਦੇ ਅੰਤ ਦੇ ਦਿਨਾਂ ਬਾਰੇ ਆਪਣੀ ਮਹੱਤਵਪੂਰਣ ਭਵਿੱਖਬਾਣੀ ਵਿਚ ਯਿਸੂ ਨੇ ਜ਼ਿੰਦਗੀ ਦੀਆਂ ਚਿੰਤਾਵਾਂ ਵਿਚ ਡੁੱਬ ਜਾਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। (ਮੱਤੀ 24:36-39; ਲੂਕਾ 21:34, 35) ਕਿਉਂਕਿ ਵੱਡਾ ਕਸ਼ਟ ਕਦੇ ਵੀ ਸ਼ੁਰੂ ਹੋ ਸਕਦਾ ਹੈ, ਇਸ ਕਰਕੇ ਸਾਡੇ ਲਈ ਯਿਸੂ ਦੀ ਇਸ ਚੇਤਾਵਨੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ: ‘ਤੁਸੀਂ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।’ (ਮੱਤੀ 24:44) ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
2 ਚਿੰਤਾਵਾਂ ਅਤੇ ਫ਼ਜ਼ੂਲ ਗੱਲਾਂ ਤੋਂ ਬਚਣਾ: ਅਧਿਆਤਮਿਕ ਤੌਰ ਤੇ ਕਮਜ਼ੋਰ ਕਰਨ ਵਾਲੀਆਂ ਗੱਲਾਂ ਤੋਂ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਇਕ ਹੈ “ਸੰਸਾਰ ਦੀਆਂ ਚਿੰਤਾਂ।” (ਲੂਕਾ 21:34) ਕੁਝ ਦੇਸ਼ਾਂ ਵਿਚ ਗ਼ਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਗਈਆਂ ਹਨ। ਹੋਰਨਾਂ ਦੇਸ਼ਾਂ ਵਿਚ ਭੌਤਿਕ ਚੀਜ਼ਾਂ ਇਕੱਠੀਆਂ ਕਰਨੀਆਂ ਆਮ ਗੱਲ ਹੈ। ਜੇ ਅਸੀਂ ਭੌਤਿਕ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨ ਲੱਗ ਪੈਂਦੇ ਹਾਂ, ਤਾਂ ਅਸੀਂ ਸ਼ਾਇਦ ਪਰਮੇਸ਼ੁਰ ਦੇ ਰਾਜ ਨੂੰ ਘੱਟ ਅਹਿਮੀਅਤ ਦੇਣ ਲੱਗ ਪਈਏ। (ਮੱਤੀ 6:19-24, 31-33) ਮਸੀਹੀ ਸਭਾਵਾਂ ਇਸ ਰਾਜ ਉੱਤੇ ਧਿਆਨ ਲਾਈ ਰੱਖਣ ਵਿਚ ਸਾਡੀ ਮਦਦ ਕਰਦੀਆਂ ਹਨ। ਕੀ ਤੁਸੀਂ ਹਰ ਸਭਾ ਵਿਚ ਹਾਜ਼ਰ ਹੋਣ ਦਾ ਟੀਚਾ ਰੱਖਿਆ ਹੈ?—ਇਬ. 10:24, 25.
3 ਦੁਨੀਆਂ ਫਜ਼ੂਲ ਗੱਲਾਂ ਨਾਲ ਭਰੀ ਪਈ ਹੈ ਜੋ ਸਾਡੇ ਕੀਮਤੀ ਸਮੇਂ ਨੂੰ ਆਸਾਨੀ ਨਾਲ ਬਰਬਾਦ ਕਰ ਸਕਦੀਆਂ ਹਨ। ਕੰਪਿਊਟਰ ਦੀ ਵਰਤੋਂ ਸਾਡੇ ਲਈ ਇਕ ਫੰਦਾ ਬਣ ਸਕਦੀ ਹੈ ਜੇ ਅਸੀਂ ਇੰਟਰਨੈੱਟ ਤੇ ਕੁਝ ਦੇਖਣ, ਈ-ਮੇਲ ਪੜ੍ਹਨ ਤੇ ਭੇਜਣ ਜਾਂ ਕੰਪਿਊਟਰ ਗੇਮਾਂ ਖੇਡਣ ਵਿਚ ਹੱਦੋਂ ਵੱਧ ਸਮਾਂ ਬਿਤਾਉਂਦੇ ਹਾਂ। ਟੈਲੀਵਿਯਨ, ਫ਼ਿਲਮਾਂ, ਸ਼ੌਕ, ਦੁਨਿਆਵੀ ਸਾਹਿੱਤ ਅਤੇ ਖੇਡਾਂ ਸਾਡੇ ਕਈ-ਕਈ ਘੰਟੇ ਲੈ ਸਕਦੇ ਹਨ ਜਿਸ ਕਾਰਨ ਅਧਿਆਤਮਿਕ ਕੰਮਾਂ ਲਈ ਨਾ ਤਾਂ ਸਾਡੇ ਕੋਲ ਸਮਾਂ ਬਚੇਗਾ ਤੇ ਨਾ ਹੀ ਤਾਕਤ। ਜਦ ਕਿ ਮਨੋਰੰਜਨ ਅਤੇ ਦਿਲ-ਬਹਿਲਾਵਾ ਕੁਝ ਸਮੇਂ ਲਈ ਸਾਨੂੰ ਤਰੋਤਾਜ਼ਾ ਕਰ ਸਕਦੇ ਹਨ, ਪਰ ਨਿੱਜੀ ਅਤੇ ਪਰਿਵਾਰਕ ਬਾਈਬਲ ਅਧਿਐਨ ਕਰਨ ਨਾਲ ਸਾਨੂੰ ਹਮੇਸ਼ਾ ਲਈ ਫ਼ਾਇਦੇ ਹੁੰਦੇ ਹਨ। (1 ਤਿਮੋ. 4:7, 8) ਕੀ ਤੁਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਤੇ ਮਨਨ ਕਰਨ ਲਈ ਸਮਾਂ ਕੱਢਦੇ ਹੋ?—ਅਫ਼. 5:15-17.
4 ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਦੇ ਸੰਗਠਨ ਨੇ ਸਾਡੀ ਮਦਦ ਕਰਨ ਲਈ ਅਧਿਆਤਮਿਕ ਸਿੱਖਿਆ ਦਾ ਇੰਤਜ਼ਾਮ ਕੀਤਾ ਹੈ, ਤਾਂਕਿ ਅਸੀਂ ‘ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੀਏ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸਕੀਏ’! (ਲੂਕਾ 21:36) ਆਓ ਆਪਾਂ ਇਨ੍ਹਾਂ ਇੰਤਜ਼ਾਮਾਂ ਤੋਂ ਪੂਰਾ-ਪੂਰਾ ਫ਼ਾਇਦਾ ਲਈਏ ਅਤੇ ‘ਤਿਆਰ ਰਹੀਏ,’ ਤਾਂਕਿ ਸਾਡੀ ਨਿਹਚਾ “ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।”—1 ਪਤ. 1:7.