ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bt ਅਧਿ. 3 ਸਫ਼ੇ 20-27
  • “ਪਵਿੱਤਰ ਸ਼ਕਤੀ ਨਾਲ ਭਰ ਗਏ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਵਿੱਤਰ ਸ਼ਕਤੀ ਨਾਲ ਭਰ ਗਏ”
  • ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ” (ਰਸੂ. 2:1-4)
  • ‘ਹਰ ਜਣੇ ਨੇ ਆਪੋ-ਆਪਣੀ ਭਾਸ਼ਾ ਵਿਚ ਗੱਲ ਸੁਣੀ’ (ਰਸੂ. 2:5-13)
  • ‘ਪਤਰਸ ਖੜ੍ਹਾ ਹੋਇਆ’ (ਰਸੂ. 2:14-37)
  • ‘ਤੁਸੀਂ ਸਾਰੇ ਬਪਤਿਸਮਾ ਲਓ’ (ਰਸੂ. 2:38-47)
  • ਵਿਦੇਸ਼ਾਂ ਵਿਚ ਵਸੇ ਯਹੂਦੀਆਂ ਤਕ ਯਿਸੂ ਦੀਆਂ ਸਿੱਖਿਆਵਾਂ ਕਿਵੇਂ ਪਹੁੰਚੀਆਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • “ਵੱਖੋ ਵੱਖ ਬੋਲੀ ਦੇ ਬੋਲਣ” ਵਾਲੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਕਿਸ ਦੇ ਨਾਂ ਉੱਤੇ ਬਪਤਿਸਮਾ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
bt ਅਧਿ. 3 ਸਫ਼ੇ 20-27

ਅਧਿਆਇ 3

“ਪਵਿੱਤਰ ਸ਼ਕਤੀ ਨਾਲ ਭਰ ਗਏ”

ਪੰਤੇਕੁਸਤ ਦੇ ਦਿਨ ਪਵਿੱਤਰ ਸ਼ਕਤੀ ਦਾ ਅਸਰ

ਰਸੂਲਾਂ ਦੇ ਕੰਮ 2:1-47 ਵਿੱਚੋਂ

1. ਪੰਤੇਕੁਸਤ ਦੇ ਤਿਉਹਾਰ ʼਤੇ ਮਾਹੌਲ ਕਿਹੋ ਜਿਹਾ ਸੀ?

ਯਰੂਸ਼ਲਮ ਦੀਆਂ ਗਲੀਆਂ ਵਿਚ ਕਾਫ਼ੀ ਚਹਿਲ-ਪਹਿਲ ਹੈ।a ਮੰਦਰ ਦੀ ਵੇਦੀ ਉੱਪਰੋਂ ਧੂੰਆਂ ਉੱਠ ਰਿਹਾ ਹੈ ਤੇ ਲੇਵੀ ਮਹਿਮਾ ਦੇ ਗੀਤ (ਜ਼ਬੂਰ 113 ਤੋਂ 118) ਗਾ ਰਹੇ ਹਨ। ਗਲੀਆਂ ਲੋਕਾਂ ਨਾਲ ਖਚਾਖਚ ਭਰੀਆਂ ਹੋਈਆਂ ਹਨ। ਲੋਕ ਦੂਰੋਂ-ਦੂਰੋਂ ਆਏ ਹੋਏ ਹਨ ਜਿਵੇਂ ਕਿ ਏਲਾਮ, ਮੈਸੋਪੋਟਾਮੀਆ, ਕੱਪਦੋਕੀਆ, ਪੁੰਤੁਸ, ਮਿਸਰ ਅਤੇ ਰੋਮ।b ਇੰਨੇ ਸਾਰੇ ਲੋਕ ਕਿਉਂ ਯਰੂਸ਼ਲਮ ਆਏ ਹੋਏ ਹਨ? ਉਹ ਪੰਤੇਕੁਸਤ ਦਾ ਤਿਉਹਾਰ ਮਨਾਉਣ ਆਏ ਹਨ ਜਿਸ ਨੂੰ ‘ਪਹਿਲੇ ਫਲਾਂ ਦਾ ਤਿਉਹਾਰ’ ਵੀ ਕਿਹਾ ਜਾਂਦਾ ਹੈ। (ਗਿਣ. 28:26) ਹਰ ਸਾਲ ਇਹ ਤਿਉਹਾਰ ਬਸੰਤ ਰੁੱਤ ਵਿਚ ਉਦੋਂ ਮਨਾਇਆ ਜਾਂਦਾ ਹੈ ਜਦੋਂ ਜੌਆਂ ਦੀ ਵਾਢੀ ਖ਼ਤਮ ਹੋ ਜਾਂਦੀ ਹੈ ਤੇ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੁੰਦੀ ਹੈ। ਇਹ ਬਹੁਤ ਖ਼ੁਸ਼ੀਆਂ ਭਰਿਆ ਦਿਨ ਹੈ।

ਇਕ ਨਕਸ਼ਾ ਜਿਸ ਵਿਚ ਦਿਖਾਇਆ ਗਿਆ ਹੈ ਕਿ 33 ਈਸਵੀ ਦੇ ਪੰਤੇਕੁਸਤ ਦੇ ਦਿਨ ਜਿਨ੍ਹਾਂ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣੀ ਸੀ, ਉਹ ਕਿਨ੍ਹਾਂ ਇਲਾਕਿਆਂ ਤੋਂ ਸਨ। 1. ਇਲਾਕੇ: ਲਿਬੀਆ, ਮਿਸਰ, ਇਥੋਪੀਆ, ਬਿਥੁਨੀਆ, ਪੁੰਤੁਸ, ਕੱਪਦੋਕੀਆ, ਯਹੂਦਿਯਾ, ਮੈਸੋਪੋਟਾਮੀਆ, ਬੈਬੀਲੋਨੀਆ, ਏਲਾਮ, ਮਾਦਾ, ਅਤੇ ਪਾਰਥੀਆ। 2. ਸ਼ਹਿਰ: ਰੋਮ, ਸਿਕੰਦਰੀਆ, ਮੈਮਫ਼ਿਸ, ਅੰਤਾਕੀਆ (ਸੀਰੀਆ), ਯਰੂਸ਼ਲਮ ਅਤੇ ਬਾਬਲ। 3. ਸਾਗਰ/ਖਾੜੀ: ਭੂਮੱਧ ਸਾਗਰ, ਕਾਲਾ ਸਾਗਰ, ਲਾਲ ਸਮੁੰਦਰ, ਕੈਸਪੀਅਨ ਸਾਗਰ ਅਤੇ ਫ਼ਾਰਸ ਦੀ ਖਾੜੀ।

ਯਰੂਸ਼ਲਮ​—ਯਹੂਦੀ ਧਰਮ ਦਾ ਕੇਂਦਰ

ਰਸੂਲਾਂ ਦੇ ਕੰਮ ਦੀ ਕਿਤਾਬ ਦੇ ਪਹਿਲੇ ਕੁਝ ਅਧਿਆਵਾਂ ਵਿਚ ਜੋ ਘਟਨਾਵਾਂ ਦੱਸੀਆਂ ਗਈਆਂ ਹਨ, ਉਹ ਯਰੂਸ਼ਲਮ ਵਿਚ ਵਾਪਰੀਆਂ ਸਨ। ਇਹ ਸ਼ਹਿਰ ਯਹੂਦਿਯਾ ਦੇ ਵਿਚਕਾਰ ਸਥਿਤ ਪਹਾੜਾਂ ਉੱਤੇ ਵਸਿਆ ਹੋਇਆ ਹੈ ਅਤੇ ਭੂਮੱਧ ਸਾਗਰ ਤੋਂ ਪੂਰਬ ਵੱਲ 55 ਕਿਲੋਮੀਟਰ (ਲਗਭਗ 34 ਮੀਲ) ਦੂਰ ਹੈ। 1070 ਈਸਵੀ ਪੂਰਵ ਵਿਚ ਰਾਜਾ ਦਾਊਦ ਨੇ ਸੀਓਨ ਪਹਾੜ ਦੀ ਟੀਸੀ ਉੱਤੇ ਬਣੇ ਕਿਲੇ ਨੂੰ ਜਿੱਤਿਆ ਸੀ ਅਤੇ ਇਸ ਦੇ ਆਲੇ-ਦੁਆਲੇ ਵਸਿਆ ਸ਼ਹਿਰ ਪੁਰਾਣੇ ਇਜ਼ਰਾਈਲ ਦੀ ਰਾਜਧਾਨੀ ਬਣ ਗਿਆ।

ਸੀਓਨ ਪਹਾੜ ਦੇ ਨੇੜੇ ਮੋਰੀਆਹ ਪਹਾੜ ਹੈ। ਯਹੂਦੀ ਕਥਾਵਾਂ ਅਨੁਸਾਰ ਇਸ ਪਹਾੜ ਉੱਤੇ ਅਬਰਾਹਾਮ ਇਸਹਾਕ ਦੀ ਬਲ਼ੀ ਦੇਣ ਲਈ ਆਇਆ ਸੀ। ਇਹ ਗੱਲ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦੱਸੀਆਂ ਘਟਨਾਵਾਂ ਹੋਣ ਤੋਂ ਤਕਰੀਬਨ 1,900 ਸਾਲ ਪਹਿਲਾਂ ਦੀ ਹੈ। ਮੋਰੀਆਹ ਪਹਾੜ ਇਸ ਸ਼ਹਿਰ ਦਾ ਹਿੱਸਾ ਬਣ ਗਿਆ ਜਦੋਂ ਸੁਲੇਮਾਨ ਨੇ ਇਸ ਦੀ ਟੀਸੀ ਉੱਤੇ ਯਹੋਵਾਹ ਦਾ ਮੰਦਰ ਬਣਾਇਆ ਸੀ। ਇਹ ਮੰਦਰ ਯਹੂਦੀ ਲੋਕਾਂ ਦੀ ਜ਼ਿੰਦਗੀ ਅਤੇ ਭਗਤੀ ਦਾ ਕੇਂਦਰ ਬਣ ਗਿਆ।

ਦੁਨੀਆਂ ਦੇ ਕਈ ਦੇਸ਼ਾਂ ਤੋਂ ਯਹੂਦੀ ਸ਼ਰਧਾਲੂ ਬਾਕਾਇਦਾ ਯਹੋਵਾਹ ਦੇ ਮੰਦਰ ਵਿਚ ਬਲ਼ੀਆਂ ਚੜ੍ਹਾਉਣ, ਭਗਤੀ ਕਰਨ ਅਤੇ ਹਰ ਸਾਲ ਤਿਉਹਾਰ ਮਨਾਉਣ ਆਉਂਦੇ ਸਨ। ਉਹ ਇਹ ਸਭ ਕੁਝ ਪਰਮੇਸ਼ੁਰ ਦੇ ਇਸ ਹੁਕਮ ਅਨੁਸਾਰ ਕਰਦੇ ਸਨ: “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ . . . ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ।” (ਬਿਵ. 16:16) ਯਰੂਸ਼ਲਮ ਵਿਚ ਯਹੂਦੀਆਂ ਦੀ ਮਹਾਸਭਾ ਵੀ ਸੀ ਜਿਸ ਦੇ ਹੱਥਾਂ ਵਿਚ ਯਹੂਦੀ ਸਮਾਜ, ਸਰਕਾਰ ਅਤੇ ਧਰਮ ਦੀ ਵਾਗਡੋਰ ਸੀ।

2. ਪੰਤੇਕੁਸਤ 33 ਈਸਵੀ ਦੇ ਦਿਨ ਕਿਹੜੀਆਂ ਹੈਰਤ-ਅੰਗੇਜ਼ ਘਟਨਾਵਾਂ ਹੋਈਆਂ ਸਨ?

2 ਪੰਤੇਕੁਸਤ 33 ਈਸਵੀ ਦੇ ਦਿਨ ਸਵੇਰ ਦੇ ਤਕਰੀਬਨ ਨੌਂ ਵੱਜੇ ਹਨ ਤੇ ਮੌਸਮ ਬੜਾ ਖ਼ੁਸ਼ਗਵਾਰ ਹੈ। ਉਸ ਸਮੇਂ ਇਕ ਹੈਰਤ-ਅੰਗੇਜ਼ ਘਟਨਾ ਵਾਪਰਦੀ ਹੈ ਜੋ ਸਦੀਆਂ ਬਾਅਦ ਵੀ ਲੋਕਾਂ ਨੂੰ ਹੈਰਾਨ ਕਰੇਗੀ। ਅਚਾਨਕ ‘ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ।’ (ਰਸੂ. 2:2) ਇਸ ਉੱਚੀ ਆਵਾਜ਼ ਨਾਲ ਉਹ ਘਰ ਗੂੰਜ ਉੱਠਦਾ ਹੈ ਜਿੱਥੇ ਯਿਸੂ ਦੇ ਤਕਰੀਬਨ 120 ਚੇਲੇ ਇਕੱਠੇ ਹੋਏ ਹਨ। ਫਿਰ ਇਕ ਅਜੀਬੋ-ਗ਼ਰੀਬ ਘਟਨਾ ਵਾਪਰਦੀ ਹੈ। ਅਚਾਨਕ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੰਦੀਆਂ ਹਨ ਤੇ ਇਕ-ਇਕ ਲਾਟ ਹਰ ਚੇਲੇ ਦੇ ਸਿਰ ਉੱਤੇ ਠਹਿਰ ਜਾਂਦੀ ਹੈ।c ਇਸ ਤੋਂ ਬਾਅਦ ਚੇਲੇ “ਪਵਿੱਤਰ ਸ਼ਕਤੀ ਨਾਲ ਭਰ” ਜਾਂਦੇ ਹਨ ਅਤੇ ਉਹ ਵੱਖੋ-ਵੱਖਰੀਆਂ ਬੋਲੀਆਂ ਬੋਲਣ ਲੱਗ ਪੈਂਦੇ ਹਨ! ਫਿਰ ਚੇਲੇ ਉਸ ਘਰੋਂ ਬਾਹਰ ਆ ਕੇ ਗਲੀਆਂ ਵਿਚ ਘੁੰਮ-ਫਿਰ ਰਹੇ ਮੁਸਾਫ਼ਰਾਂ ਨਾਲ ਗੱਲਾਂ ਕਰਦੇ ਹਨ ਜਿਸ ਕਰਕੇ ਮੁਸਾਫ਼ਰ ਹੱਕੇ-ਬੱਕੇ ਰਹਿ ਜਾਂਦੇ ਹਨ। ਕਿਉਂ? ਕਿਉਂਕਿ ਹਰ ਕੋਈ “ਆਪੋ-ਆਪਣੀ ਭਾਸ਼ਾ ਵਿਚ” ਚੇਲਿਆਂ ਨੂੰ ਗੱਲ ਕਰਦਿਆਂ ਸੁਣਦਾ ਹੈ!​—ਰਸੂ. 2:1-6.

3. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੰਤੇਕੁਸਤ 33 ਈਸਵੀ ਨੂੰ ਵਾਪਰੀ ਘਟਨਾ ਸੱਚੀ ਭਗਤੀ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਸੀ? (ਅ) ਪੰਤੇਕੁਸਤ ਦੇ ਦਿਨ ਪਤਰਸ ਨੇ “ਰਾਜ ਦੀਆਂ ਚਾਬੀਆਂ” ਵਿੱਚੋਂ ਪਹਿਲੀ ਚਾਬੀ ਕਿਵੇਂ ਵਰਤੀ ਸੀ?

3 ਪੰਤੇਕੁਸਤ ਦੇ ਦਿਨ ਪਰਮੇਸ਼ੁਰ ਦੀ ਸੱਚੀ ਭਗਤੀ ਵਿਚ ਇਕ ਨਵਾਂ ਮੋੜ ਆਇਆ। ਉਸ ਦਿਨ ਇਕ ਨਵੀਂ ਕੌਮ “ਪਰਮੇਸ਼ੁਰ ਦੇ ਇਜ਼ਰਾਈਲ” ਦੀ ਨੀਂਹ ਰੱਖੀ ਗਈ ਜੋ ਕਿ ਮਸੀਹੀ ਮੰਡਲੀ ਹੈ। (ਗਲਾ. 6:16) ਇਸ ਤੋਂ ਇਲਾਵਾ, ਉਸ ਦਿਨ ਜਦੋਂ ਪਤਰਸ ਨੇ ਭੀੜ ਨੂੰ ਭਾਸ਼ਣ ਦਿੱਤਾ, ਤਾਂ ਉਸ ਨੇ “ਰਾਜ ਦੀਆਂ [ਤਿੰਨ] ਚਾਬੀਆਂ” ਵਿੱਚੋਂ ਪਹਿਲੀ ਚਾਬੀ ਵਰਤੀ। ਹਰ ਚਾਬੀ ਵਰਤਣ ਨਾਲ ਵੱਖੋ-ਵੱਖਰੇ ਲੋਕਾਂ ਨੂੰ ਖ਼ਾਸ ਸਨਮਾਨ ਮਿਲੇ। (ਮੱਤੀ 16:18, 19) ਪਹਿਲੀ ਚਾਬੀ ਨਾਲ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਕਬੂਲ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਚੁਣਿਆ ਗਿਆ।d ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਇਜ਼ਰਾਈਲ ਦਾ ਹਿੱਸਾ ਬਣੇ ਅਤੇ ਉਨ੍ਹਾਂ ਨੂੰ ਮਸੀਹ ਦੇ ਰਾਜ ਵਿਚ ਰਾਜਿਆਂ ਅਤੇ ਪੁਜਾਰੀਆਂ ਵਜੋਂ ਰਾਜ ਕਰਨ ਲਈ ਚੁਣਿਆ ਗਿਆ। (ਪ੍ਰਕਾ. 5:9, 10) ਸਮਾਂ ਆਉਣ ਤੇ ਇਹ ਸਨਮਾਨ ਸਾਮਰੀ ਲੋਕਾਂ ਅਤੇ ਫਿਰ ਗ਼ੈਰ-ਯਹੂਦੀ ਲੋਕਾਂ ਨੂੰ ਵੀ ਦਿੱਤਾ ਗਿਆ। ਅੱਜ ਮਸੀਹੀ ਪੰਤੇਕੁਸਤ 33 ਈਸਵੀ ਨੂੰ ਹੋਈਆਂ ਘਟਨਾਵਾਂ ਤੋਂ ਕੀ ਸਿੱਖ ਸਕਦੇ ਹਨ?

“ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ” (ਰਸੂ. 2:1-4)

4. ਪੰਤੇਕੁਸਤ 33 ਈਸਵੀ ਵਿਚ ਬਣੀ ਮੰਡਲੀ ਦਾ ਅੱਜ ਦੀ ਮੰਡਲੀ ਨਾਲ ਕੀ ਸੰਬੰਧ ਹੈ?

4 ਮਸੀਹੀ ਮੰਡਲੀ ਦੀ ਸ਼ੁਰੂਆਤ ਤਕਰੀਬਨ 120 ਚੇਲਿਆਂ ਨਾਲ ਹੋਈ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ ਅਤੇ ਇਹ “ਸਾਰੇ ਚੇਲੇ ਇਕ ਜਗ੍ਹਾ” ਚੁਬਾਰੇ ਵਿਚ ਇਕੱਠੇ ਹੋਏ ਸਨ। (ਰਸੂ. 2:1) ਉਸ ਦਿਨ ਦੇ ਢਲ਼ਣ ਤਕ ਹਜ਼ਾਰਾਂ ਲੋਕ ਬਪਤਿਸਮਾ ਲੈ ਕੇ ਇਸ ਮੰਡਲੀ ਦੇ ਮੈਂਬਰ ਬਣ ਗਏ। ਉਸ ਵੇਲੇ ਇਹ ਮੰਡਲੀ ਵਧਣੀ-ਫੁੱਲਣੀ ਸ਼ੁਰੂ ਹੋਈ ਅਤੇ ਅੱਜ ਤਕ ਵਧ-ਫੁੱਲ ਰਹੀ ਹੈ! ਇਸ ਮੰਡਲੀ ਵਿਚ ਪਰਮੇਸ਼ੁਰ ਤੋਂ ਡਰਨ ਵਾਲੇ ਆਦਮੀ ਤੇ ਤੀਵੀਆਂ ਹਨ ਜਿਹੜੇ ਇਸ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ-ਪਹਿਲਾਂ ‘ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ’ ਕਰ ਰਹੇ ਹਨ।​—ਮੱਤੀ 24:14.

5. ਪਹਿਲੀ ਸਦੀ ਵਿਚ ਮੰਡਲੀ ਨਾਲ ਇਕੱਠੇ ਹੋਣ ਕਰਕੇ ਮਸੀਹੀਆਂ ਨੂੰ ਕਿਹੜੀ ਬਰਕਤ ਮਿਲੀ ਅਤੇ ਅੱਜ ਮਸੀਹੀਆਂ ਨੂੰ ਕਿਹੜੀ ਬਰਕਤ ਮਿਲਦੀ ਹੈ?

5 ਉਸ ਵੇਲੇ ਮਸੀਹੀ ਮੰਡਲੀ ਵਿਚ ਚੁਣੇ ਹੋਏ ਮਸੀਹੀਆਂ ਨੂੰ ਹੌਸਲਾ ਮਿਲਿਆ ਅਤੇ ਅੱਜ ਵੀ ਚੁਣੇ ਹੋਏ ਮਸੀਹੀਆਂ ਨੂੰ ਅਤੇ “ਹੋਰ ਭੇਡਾਂ” ਨੂੰ ਹੌਸਲਾ ਮਿਲਦਾ ਹੈ। (ਯੂਹੰ. 10:16) ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੱਸਿਆ ਕਿ ਉਹ ਇਸ ਗੱਲ ਦੀ ਬਹੁਤ ਕਦਰ ਕਰਦਾ ਸੀ ਕਿ ਮਸੀਹੀ ਮੰਡਲੀ ਦੇ ਮੈਂਬਰ ਇਕ-ਦੂਜੇ ਦਾ ਸਾਥ ਦਿੰਦੇ ਸਨ। ਉਸ ਨੇ ਲਿਖਿਆ: “ਮੈਂ ਤੁਹਾਨੂੰ ਦੇਖਣ ਲਈ ਤਰਸਦਾ ਹਾਂ ਤਾਂਕਿ ਮੈਂ ਤੁਹਾਡੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਤੋਹਫ਼ਾ ਦਿਆਂ; ਮੇਰੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਕ-ਦੂਜੇ ਦੀ ਨਿਹਚਾ ਤੋਂ ਯਾਨੀ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲ ਸਕੇ।”​—ਰੋਮੀ. 1:11, 12.

ਰੋਮ​—ਇਕ ਸਾਮਰਾਜ ਦੀ ਰਾਜਧਾਨੀ

ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਰਜ ਘਟਨਾਵਾਂ ਉਸ ਸਮੇਂ ਵਾਪਰੀਆਂ ਜਦੋਂ ਰੋਮ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਰਾਜਨੀਤਿਕ ਤੌਰ ਤੇ ਅਹਿਮ ਸ਼ਹਿਰ ਸੀ। ਇਹ ਰੋਮੀ ਸਾਮਰਾਜ ਦੀ ਰਾਜਧਾਨੀ ਸੀ ਜਿਸ ਨੇ ਬੁਲੰਦੀਆਂ ʼਤੇ ਹੋਣ ਵੇਲੇ ਆਪਣੀਆਂ ਹੱਦਾਂ ਬ੍ਰਿਟੇਨ ਤੋਂ ਲੈ ਕੇ ਉੱਤਰੀ ਅਫ਼ਰੀਕਾ ਤਕ ਅਤੇ ਅੰਧ ਮਹਾਂਸਾਗਰ ਤੋਂ ਲੈ ਕੇ ਫ਼ਾਰਸ ਦੀ ਖਾੜੀ ਤਕ ਫੈਲਾਈਆਂ ਹੋਈਆਂ ਸਨ।

ਰੋਮ ਵੰਨ-ਸੁਵੰਨੇ ਸਭਿਆਚਾਰਾਂ, ਨਸਲਾਂ, ਭਾਸ਼ਾਵਾਂ ਤੇ ਧਰਮਾਂ ਦਾ ਸੰਗਮ ਸੀ। ਪੂਰੇ ਸਾਮਰਾਜ ਵਿਚ ਵਧੀਆ ਸੜਕਾਂ ਦਾ ਜਾਲ਼ ਵਿਛਿਆ ਹੋਣ ਕਰਕੇ ਲੋਕਾਂ ਲਈ ਰੋਮ ਆਉਣਾ-ਜਾਣਾ ਸੌਖਾ ਸੀ ਅਤੇ ਇੱਥੇ ਸਾਮਰਾਜ ਦੇ ਕੋਨੇ-ਕੋਨੇ ਤੋਂ ਚੀਜ਼ਾਂ ਲਿਆਈਆਂ ਜਾਂਦੀਆਂ ਸਨ। ਇਸ ਦੇ ਨੇੜੇ ਓਸਟੀਆ ਦੀ ਬੰਦਰਗਾਹ ਸੀ ਜਿੱਥੇ ਸਮੁੰਦਰੀ ਜਹਾਜ਼ ਦੂਰੋਂ-ਦੂਰੋਂ ਸ਼ਹਿਰ ਦੇ ਲੋਕਾਂ ਲਈ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਮਹਿੰਗਾ-ਮਹਿੰਗਾ ਸਾਮਾਨ ਲਿਆਉਂਦੇ ਸਨ।

ਪਹਿਲੀ ਸਦੀ ਦੇ ਰੋਮ ਵਿਚ ਦਸ ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਸਨ। ਸ਼ਾਇਦ ਅੱਧੇ ਲੋਕ ਗ਼ੁਲਾਮ ਸਨ ਜਿਨ੍ਹਾਂ ਵਿਚ ਅਪਰਾਧੀ, ਮਾਪਿਆਂ ਦੁਆਰਾ ਵੇਚੇ ਜਾਂ ਬੇਸਹਾਰਾ ਛੱਡੇ ਗਏ ਬੱਚੇ ਅਤੇ ਰੋਮੀ ਫ਼ੌਜਾਂ ਦੁਆਰਾ ਲੜਾਈਆਂ ਵਿਚ ਕੈਦੀ ਬਣਾਏ ਲੋਕ ਸਨ। ਕੈਦੀ ਬਣਾ ਕੇ ਲਿਆਂਦੇ ਗਏ ਇਨ੍ਹਾਂ ਗ਼ੁਲਾਮਾਂ ਵਿਚ ਯਰੂਸ਼ਲਮ ਦੇ ਯਹੂਦੀ ਵੀ ਸਨ ਜਿਨ੍ਹਾਂ ਨੂੰ 63 ਈਸਵੀ ਪੂਰਵ ਵਿਚ ਰੋਮੀ ਸੈਨਾਪਤੀ ਪੌਂਪੀ ਦੁਆਰਾ ਯਰੂਸ਼ਲਮ ਨੂੰ ਜਿੱਤਣ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ।

ਸ਼ਹਿਰ ਦੇ ਜ਼ਿਆਦਾਤਰ ਆਜ਼ਾਦ ਨਿਵਾਸੀ ਗ਼ਰੀਬ ਸਨ ਜਿਹੜੇ ਬਹੁ-ਮੰਜ਼ਲੀ ਇਮਾਰਤਾਂ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਸਰਕਾਰ ਦੇ ਸਿਰ ʼਤੇ ਚੱਲਦਾ ਸੀ। ਪਰ ਸਮਰਾਟਾਂ ਨੇ ਆਪਣੀ ਰਾਜਧਾਨੀ ਨੂੰ ਸ਼ਾਨਦਾਰ ਇਮਾਰਤਾਂ ਨਾਲ ਸ਼ਿੰਗਾਰਿਆ ਸੀ ਜਿਵੇਂ ਕਿ ਥੀਏਟਰ ਤੇ ਵੱਡੇ-ਵੱਡੇ ਸਟੇਡੀਅਮ। ਇਨ੍ਹਾਂ ਥੀਏਟਰਾਂ ਵਿਚ ਨਾਟਕ ਖੇਡੇ ਜਾਂਦੇ ਸਨ ਅਤੇ ਸਟੇਡੀਅਮਾਂ ਵਿਚ ਹਿੰਸਕ ਤਲਵਾਰਬਾਜ਼ੀ ਮੁਕਾਬਲੇ ਹੁੰਦੇ ਸਨ ਅਤੇ ਰਥਾਂ ਦੀਆਂ ਦੌੜਾਂ ਹੁੰਦੀਆਂ ਸਨ। ਰੋਮ ਦੇ ਲੋਕਾਂ ਲਈ ਇਹ ਸਾਰਾ ਮਨੋਰੰਜਨ ਮੁਫ਼ਤ ਹੁੰਦਾ ਸੀ।

6, 7. ਅੱਜ ਮਸੀਹੀ ਮੰਡਲੀ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਕੰਮ ਕਿਵੇਂ ਕਰ ਰਹੀ ਹੈ?

6 ਅੱਜ ਵੀ ਮਸੀਹੀ ਮੰਡਲੀ ਉਹੀ ਕੰਮ ਕਰ ਰਹੀ ਹੈ ਜੋ ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ। ਇਸ ਕੰਮ ਨੂੰ ਕਰਨ ਵਿਚ ਰੁਕਾਵਟਾਂ ਤਾਂ ਆਉਣੀਆਂ ਸਨ, ਪਰ ਇਹ ਕੰਮ ਕਰ ਕੇ ਖ਼ੁਸ਼ੀ ਹੋਣੀ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”​—ਮੱਤੀ 28:19, 20.

7 ਅੱਜ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੇ ਜ਼ਰੀਏ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਸੱਚ ਹੈ ਕਿ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਇੰਨਾ ਸੌਖਾ ਨਹੀਂ ਹੈ। ਫਿਰ ਵੀ ਯਹੋਵਾਹ ਦੇ ਗਵਾਹਾਂ ਨੇ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਤਿਆਰ ਕੀਤੇ ਹਨ। ਜੇ ਤੁਸੀਂ ਮਸੀਹੀ ਮੰਡਲੀ ਨਾਲ ਰਲ਼ ਕੇ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹੋ, ਤਾਂ ਤੁਸੀਂ ਖ਼ੁਸ਼ ਹੋ ਸਕਦੇ ਹੋ। ਕਿਉਂ? ਕਿਉਂਕਿ ਤੁਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਂਦੇ ਹੋ ਜਿਨ੍ਹਾਂ ਨੂੰ ਯਹੋਵਾਹ ਦੇ ਨਾਂ ਦੀ ਗਵਾਹੀ ਦੇਣ ਦਾ ਸਨਮਾਨ ਮਿਲਿਆ ਹੈ। ਇਹ ਸਨਮਾਨ ਦੁਨੀਆਂ ਦੇ ਥੋੜ੍ਹੇ ਲੋਕਾਂ ਨੂੰ ਹੀ ਮਿਲਿਆ ਹੈ!

8. ਮੰਡਲੀ ਦੇ ਹਰ ਮਸੀਹੀ ਨੂੰ ਕਿਹੜੀ ਬਰਕਤ ਮਿਲੀ ਹੈ?

8 ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਔਖੇ ਸਮਿਆਂ ਵਿਚ ਇਹ ਕੰਮ ਖ਼ੁਸ਼ੀ ਨਾਲ ਕਰਦੇ ਰਹੀਏ। ਇਸ ਕਰਕੇ ਉਹ ਦੁਨੀਆਂ ਭਰ ਵਿਚ ਮਸੀਹੀ ਭੈਣਾਂ-ਭਰਾਵਾਂ ਦੇ ਜ਼ਰੀਏ ਸਾਡੀ ਮਦਦ ਕਰਦਾ ਹੈ। ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ ਸੀ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕੀਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ। ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਤੁਸੀਂ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੋ।” (ਇਬ. 10:24, 25) ਯਹੋਵਾਹ ਨੇ ਮਸੀਹੀ ਮੰਡਲੀ ਦਾ ਪ੍ਰਬੰਧ ਇਸ ਕਰਕੇ ਕੀਤਾ ਹੈ ਤਾਂਕਿ ਤੁਸੀਂ ਦੂਸਰਿਆਂ ਨੂੰ ਹੌਸਲਾ ਦਿਓ ਤੇ ਤੁਹਾਨੂੰ ਵੀ ਦੂਸਰਿਆਂ ਤੋਂ ਹੌਸਲਾ ਮਿਲੇ। ਇਸ ਲਈ ਆਪਣੇ ਭੈਣਾਂ-ਭਰਾਵਾਂ ਦੇ ਕਰੀਬ ਰਹੋ ਅਤੇ ਕਦੇ ਵੀ ਸਭਾਵਾਂ ਵਿਚ ਜਾਣਾ ਨਾ ਛੱਡੋ।

‘ਹਰ ਜਣੇ ਨੇ ਆਪੋ-ਆਪਣੀ ਭਾਸ਼ਾ ਵਿਚ ਗੱਲ ਸੁਣੀ’ (ਰਸੂ. 2:5-13)

ਭੀੜ-ਭੜੱਕੇ ਵਾਲੀ ਸੜਕ ʼਤੇ ਯਿਸੂ ਦੇ ਚੇਲੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦੇ ਹੋਏ।

“ਅਸੀਂ ਸਾਰੇ ਲੋਕ ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ ਰਹੇ ਹਾਂ।”​—ਰਸੂਲਾਂ ਦੇ ਕੰਮ 2:11

9, 10. ਕੁਝ ਮਸੀਹੀਆਂ ਨੇ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਕੀ ਕੀਤਾ ਹੈ?

9 ਜ਼ਰਾ ਸੋਚੋ ਪੰਤੇਕੁਸਤ 33 ਈਸਵੀ ਨੂੰ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਕਿੰਨੇ ਹੈਰਾਨ ਤੇ ਖ਼ੁਸ਼ ਹੋਏ ਹੋਣੇ। ਉਸ ਮੌਕੇ ʼਤੇ ਹਾਜ਼ਰ ਜ਼ਿਆਦਾਤਰ ਲੋਕ ਇਬਰਾਨੀ ਜਾਂ ਉਸ ਸਮੇਂ ਦੀ ਅੰਤਰਰਾਸ਼ਟਰੀ ਭਾਸ਼ਾ ਯੂਨਾਨੀ ਬੋਲਦੇ ਹੋਣੇ। ਪਰ ਹੁਣ “ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ” ਰਿਹਾ ਸੀ। (ਰਸੂ. 2:6) ਆਪਣੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣ ਕੇ ਉਨ੍ਹਾਂ ਲੋਕਾਂ ਦੇ ਦਿਲਾਂ ʼਤੇ ਗਹਿਰਾ ਅਸਰ ਹੋਇਆ ਹੋਣਾ। ਅੱਜ ਮਸੀਹੀਆਂ ਨੂੰ ਚਮਤਕਾਰੀ ਢੰਗ ਨਾਲ ਹੋਰ ਭਾਸ਼ਾਵਾਂ ਬੋਲਣ ਦੀ ਕਾਬਲੀਅਤ ਨਹੀਂ ਮਿਲੀ ਹੈ। ਫਿਰ ਵੀ ਬਹੁਤ ਸਾਰੇ ਮਸੀਹੀ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਮਿਹਨਤ ਕਰਦੇ ਹਨ। ਕਿਵੇਂ? ਕੁਝ ਮਸੀਹੀ ਨਵੀਂ ਭਾਸ਼ਾ ਸਿੱਖ ਕੇ ਉਸ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦੇ ਹਨ ਜਾਂ ਫਿਰ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਦੇ ਹਨ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਅਕਸਰ ਲੋਕ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੇ ਹਨ ਕਿ ਉਹ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।

10 ਕ੍ਰਿਸਟੀਨ ਦੀ ਮਿਸਾਲ ਲਓ ਜਿਸ ਨੇ ਸੱਤ ਭੈਣਾਂ-ਭਰਾਵਾਂ ਨਾਲ ਮਿਲ ਕੇ ਗੁਜਰਾਤੀ ਸਿੱਖੀ। ਜਦੋਂ ਉਹ ਆਪਣੇ ਨਾਲ ਕੰਮ ਕਰਦੀ ਗੁਜਰਾਤੀ ਕੁੜੀ ਨੂੰ ਮਿਲੀ, ਤਾਂ ਉਸ ਨੇ ਗੁਜਰਾਤੀ ਵਿਚ ਉਸ ਕੁੜੀ ਨੂੰ ਨਮਸਤੇ ਕਹੀ। ਉਹ ਕੁੜੀ ਬਹੁਤ ਪ੍ਰਭਾਵਿਤ ਹੋਈ ਅਤੇ ਪੁੱਛਿਆ ਕਿ ਕ੍ਰਿਸਟੀਨ ਗੁਜਰਾਤੀ ਸਿੱਖਣ ਦੀ ਕੋਸ਼ਿਸ਼ ਕਿਉਂ ਕਰ ਰਹੀ ਸੀ। ਕ੍ਰਿਸਟੀਨ ਨੇ ਇਸ ਦਾ ਕਾਰਨ ਦੱਸਦੇ ਹੋਏ ਉਸ ਨੂੰ ਪਰਮੇਸ਼ੁਰ ਬਾਰੇ ਗਵਾਹੀ ਦਿੱਤੀ। ਉਸ ਕੁੜੀ ਨੇ ਕ੍ਰਿਸਟੀਨ ਨੂੰ ਕਿਹਾ: “ਹੋਰ ਕੋਈ ਧਰਮ ਆਪਣੇ ਮੈਂਬਰਾਂ ਨੂੰ ਇਸ ਤਰ੍ਹਾਂ ਦੀ ਔਖੀ ਭਾਸ਼ਾ ਸਿੱਖਣ ਦੀ ਹੱਲਾਸ਼ੇਰੀ ਨਹੀਂ ਦਿੰਦਾ। ਤੁਹਾਡਾ ਸੰਦੇਸ਼ ਵਾਕਈ ਜ਼ਰੂਰੀ ਹੋਣਾ।”

11. ਅਸੀਂ ਹੋਰ ਭਾਸ਼ਾਵਾਂ ਦੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕੀ ਕਰ ਸਕਦੇ ਹਾਂ?

11 ਇਹ ਠੀਕ ਹੈ ਕਿ ਅਸੀਂ ਸਾਰੇ ਹੋਰ ਭਾਸ਼ਾ ਨਹੀਂ ਸਿੱਖ ਸਕਦੇ। ਪਰ ਅਸੀਂ ਹੋਰ ਭਾਸ਼ਾ ਦੇ ਲੋਕਾਂ ਨੂੰ ਸੰਦੇਸ਼ ਸੁਣਾਉਣ ਲਈ ਤਿਆਰੀ ਜ਼ਰੂਰ ਕਰ ਸਕਦੇ ਹਾਂ। ਕਿਵੇਂ? ਇਕ ਤਰੀਕਾ ਹੈ JW Language ਐਪ ਵਰਤ ਕੇ। ਇਸ ਤੋਂ ਅਸੀਂ ਆਪਣੇ ਇਲਾਕੇ ਵਿਚ ਬੋਲੀ ਜਾਂਦੀ ਭਾਸ਼ਾ ਵਿਚ ਨਮਸਤੇ ਕਹਿਣੀ ਅਤੇ ਲੋਕਾਂ ਦਾ ਹਾਲ-ਚਾਲ ਪੁੱਛਣਾ ਸਿੱਖ ਸਕਦੇ ਹਾਂ। ਅਸੀਂ ਉਸ ਭਾਸ਼ਾ ਦੇ ਕੁਝ ਸ਼ਬਦ ਵੀ ਸਿੱਖ ਸਕਦੇ ਹਾਂ ਜਿਸ ਕਰਕੇ ਸ਼ਾਇਦ ਲੋਕ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਣ। ਫਿਰ ਅਸੀਂ ਉਨ੍ਹਾਂ ਨੂੰ jw.org ਵੈੱਬਸਾਈਟ ਬਾਰੇ ਦੱਸ ਸਕਦੇ ਹਾਂ ਅਤੇ ਜੇ ਹੋ ਸਕੇ, ਤਾਂ ਉਨ੍ਹਾਂ ਦੀ ਭਾਸ਼ਾ ਵਿਚ ਉਪਲਬਧ ਵੀਡੀਓ ਅਤੇ ਪ੍ਰਕਾਸ਼ਨ ਦਿਖਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਉਹੀ ਖ਼ੁਸ਼ੀ ਮਿਲੇਗੀ ਜੋ ਪਹਿਲੀ ਸਦੀ ਦੇ ਭਰਾਵਾਂ ਨੂੰ ਮਿਲੀ ਸੀ ਜਦੋਂ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਉਨ੍ਹਾਂ ਤੋਂ “ਆਪੋ-ਆਪਣੀ ਭਾਸ਼ਾ ਵਿਚ” ਖ਼ੁਸ਼ ਖ਼ਬਰੀ ਸੁਣ ਕੇ ਦੰਗ ਰਹਿ ਗਏ ਸਨ।

ਮੈਸੋਪੋਟਾਮੀਆ ਅਤੇ ਮਿਸਰ ਵਿਚ ਯਹੂਦੀ

ਯਿਸੂ ਮਸੀਹ ਦੇ ਜ਼ਮਾਨੇ ਵਿਚ ਯਹੂਦੀ ਲੋਕਾਂ ਦਾ ਇਤਿਹਾਸ (175 ਈ. ਪੂ.–135 ਈ.) ਨਾਂ ਦੀ ਕਿਤਾਬ (ਅੰਗ੍ਰੇਜ਼ੀ) ਵਿਚ ਕਿਹਾ ਗਿਆ ਹੈ: “ਮੈਸੋਪੋਟਾਮੀਆ, ਮਾਦਾ ਅਤੇ ਬੈਬੀਲੋਨੀਆ ਵਿਚ [ਇਜ਼ਰਾਈਲ ਦੇ] ਦਸ ਗੋਤੀ ਰਾਜ ਦੇ ਲੋਕਾਂ ਅਤੇ ਯਹੂਦਾਹ ਰਾਜ ਦੇ ਲੋਕਾਂ ਦੀਆਂ ਪੀੜ੍ਹੀਆਂ ਰਹਿੰਦੀਆਂ ਸਨ। ਉਨ੍ਹਾਂ ਲੋਕਾਂ ਨੂੰ ਉੱਥੇ ਅੱਸ਼ੂਰੀਆਂ ਤੇ ਬਾਬਲੀਆਂ ਨੇ ਜ਼ਬਰਦਸਤੀ ਲਿਆਂਦਾ ਸੀ।” ਅਜ਼ਰਾ 2:64 ਮੁਤਾਬਕ ਬਾਬਲ ਦੀ ਗ਼ੁਲਾਮੀ ਕੱਟਣ ਤੋਂ ਬਾਅਦ 537 ਈਸਵੀ ਪੂਰਵ ਵਿਚ ਸਿਰਫ਼ 42,360 ਯਹੂਦੀ ਹੀ ਯਰੂਸ਼ਲਮ ਵਾਪਸ ਆਏ ਸਨ। ਫਲੇਵੀਅਸ ਜੋਸੀਫ਼ਸ ਨੇ ਦੱਸਿਆ ਕਿ ਪਹਿਲੀ ਸਦੀ ਵਿਚ “ਬੈਬੀਲੋਨੀਆ ਵਿਚ ਰਹਿੰਦੇ” ਯਹੂਦੀ ਲੋਕਾਂ ਦੀ ਗਿਣਤੀ ਲੱਖਾਂ ਵਿਚ ਸੀ। ਤੀਸਰੀ ਤੋਂ ਪੰਜਵੀਂ ਸਦੀ ਵਿਚ ਉਨ੍ਹਾਂ ਲੋਕਾਂ ਨੇ ਬਾਬਲੀ ਤਾਲਮੂਦ ਨਾਂ ਦੀਆਂ ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਵਿਚ ਯਹੂਦੀ ਗੁਰੂਆਂ ਦੁਆਰਾ ਜ਼ਬਾਨੀ ਕਾਨੂੰਨ ʼਤੇ ਟਿੱਪਣੀਆਂ ਕੀਤੀਆਂ ਗਈਆਂ ਸਨ।

ਪੁਰਾਣੇ ਲਿਖਤੀ ਦਸਤਾਵੇਜ਼ਾਂ ਮੁਤਾਬਕ ਯਹੂਦੀ ਛੇਵੀਂ ਸਦੀ ਈਸਵੀ ਪੂਰਵ ਤੋਂ ਮਿਸਰ ਵਿਚ ਰਹਿ ਰਹੇ ਸਨ। ਉਸ ਸਮੇਂ ਦੌਰਾਨ ਯਿਰਮਿਯਾਹ ਨੇ ਮਿਸਰ ਦੇ ਸ਼ਹਿਰ ਨੋਫ (ਜਾਂ ਮੈਮਫ਼ਿਸ) ਅਤੇ ਹੋਰ ਥਾਵਾਂ ʼਤੇ ਰਹਿੰਦੇ ਯਹੂਦੀਆਂ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ ਸੀ। (ਯਿਰ. 44:1) ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਯਹੂਦੀ ਉਸ ਸਮੇਂ ਦੌਰਾਨ ਮਿਸਰ ਆ ਗਏ ਸਨ ਜਦੋਂ ਯੂਨਾਨੀ ਸਭਿਆਚਾਰ ਦਾ ਹੋਰ ਕੌਮਾਂ ʼਤੇ ਪ੍ਰਭਾਵ ਪੈ ਰਿਹਾ ਸੀ। ਜੋਸੀਫ਼ਸ ਨੇ ਕਿਹਾ ਕਿ ਯਹੂਦੀ ਮਿਸਰ ਦੇ ਸ਼ਹਿਰ ਸਿਕੰਦਰੀਆ ਵਿਚ ਵੱਸਣ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ। ਬਾਅਦ ਵਿਚ ਸ਼ਹਿਰ ਦਾ ਇਕ ਪੂਰਾ ਹਿੱਸਾ ਉਨ੍ਹਾਂ ਨੂੰ ਦਿੱਤਾ ਗਿਆ। ਪਹਿਲੀ ਸਦੀ ਈਸਵੀ ਵਿਚ ਯਹੂਦੀ ਲਿਖਾਰੀ ਫੀਲੋ ਨੇ ਕਿਹਾ ਸੀ ਕਿ ਦਸ ਲੱਖ ਯਹੂਦੀ ਪੂਰੇ ਮਿਸਰ ਵਿਚ “ਲਿਬੀਆ ਦੀ ਸਰਹੱਦ ਤੋਂ ਲੈ ਕੇ ਇਥੋਪੀਆ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ” ਰਹਿੰਦੇ ਸਨ।

‘ਪਤਰਸ ਖੜ੍ਹਾ ਹੋਇਆ’ (ਰਸੂ. 2:14-37)

12. (ੳ) ਪੰਤੇਕੁਸਤ 33 ਈਸਵੀ ਦੇ ਦਿਨ ਜੋ ਹੋਇਆ ਸੀ, ਉਸ ਬਾਰੇ ਯੋਏਲ ਨਬੀ ਨੇ ਕੀ ਕਿਹਾ ਸੀ? (ਅ) ਚੇਲਿਆਂ ਨੂੰ ਕਿਉਂ ਯਕੀਨ ਸੀ ਕਿ ਯੋਏਲ ਦੀ ਭਵਿੱਖਬਾਣੀ ਪਹਿਲੀ ਸਦੀ ਵਿਚ ਪੂਰੀ ਹੋਵੇਗੀ?

12 ਵੱਖੋ-ਵੱਖਰੇ ਦੇਸ਼ਾਂ ਤੋਂ ਆਏ ਲੋਕਾਂ ਨਾਲ ਗੱਲ ਕਰਨ ਲਈ ‘ਪਤਰਸ ਖੜ੍ਹਾ ਹੋਇਆ।’ (ਰਸੂ. 2:14) ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਮੇਸ਼ੁਰ ਨੇ ਚੇਲਿਆਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਕਾਬਲੀਅਤ ਦਿੱਤੀ ਸੀ ਜੋ ਕਿ ਯੋਏਲ ਦੀ ਇਸ ਭਵਿੱਖਬਾਣੀ ਦੀ ਪੂਰਤੀ ਸੀ: “ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ।” (ਯੋਏ. 2:28) ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਆਪਣੇ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਡੇ ਲਈ ਇਕ ਹੋਰ ਮਦਦਗਾਰ ਘੱਲੇਗਾ” ਤੇ ਯਿਸੂ ਨੇ ਦੱਸਿਆ ਕਿ ਇਹ ਮਦਦਗਾਰ “ਪਵਿੱਤਰ ਸ਼ਕਤੀ” ਸੀ।​—ਯੂਹੰ. 14:16, 17.

13, 14. ਪਤਰਸ ਨੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕਿਵੇਂ ਕੋਸ਼ਿਸ਼ ਕੀਤੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

13 ਪਤਰਸ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਇਹ ਜ਼ਬਰਦਸਤ ਸ਼ਬਦ ਕਹੇ: “ਇਜ਼ਰਾਈਲ ਦਾ ਪੂਰਾ ਘਰਾਣਾ ਪੱਕੇ ਤੌਰ ਤੇ ਇਹ ਜਾਣ ਲਵੇ ਕਿ ਜਿਸ ਯਿਸੂ ਨੂੰ ਤੁਸੀਂ ਸੂਲ਼ੀ ʼਤੇ ਟੰਗਿਆ ਸੀ, ਉਸੇ ਯਿਸੂ ਨੂੰ ਪਰਮੇਸ਼ੁਰ ਨੇ ਪ੍ਰਭੂ ਅਤੇ ਮਸੀਹ ਬਣਾਇਆ ਹੈ।” (ਰਸੂ. 2:36) ਪਤਰਸ ਦੀ ਗੱਲ ਸੁਣ ਰਹੇ ਜ਼ਿਆਦਾਤਰ ਲੋਕ ਯਿਸੂ ਨੂੰ ਸੂਲ਼ੀ ʼਤੇ ਟੰਗੇ ਜਾਣ ਦੇ ਸਮੇਂ ਮੌਜੂਦ ਨਹੀਂ ਸਨ। ਫਿਰ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੀ ਕੌਮ ਉਸ ਦੇ ਖ਼ੂਨ ਦੀ ਦੋਸ਼ੀ ਸੀ। ਪਰ ਧਿਆਨ ਦਿਓ ਕਿ ਪਤਰਸ ਨੇ ਯਹੂਦੀਆਂ ਨਾਲ ਆਦਰ ਨਾਲ ਗੱਲ ਕਰ ਕੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਪਤਰਸ ਉਨ੍ਹਾਂ ʼਤੇ ਦੋਸ਼ ਨਹੀਂ ਲਗਾ ਰਿਹਾ ਸੀ, ਸਗੋਂ ਉਨ੍ਹਾਂ ਨੂੰ ਤੋਬਾ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਕੀ ਪਤਰਸ ਦੀ ਗੱਲ ਸੁਣ ਕੇ ਲੋਕਾਂ ਨੇ ਬੁਰਾ ਮਨਾਇਆ? ਨਹੀਂ। ਇਸ ਦੀ ਬਜਾਇ, ਲੋਕਾਂ ਦੇ “ਦਿਲ ਵਿੰਨ੍ਹੇ ਗਏ” ਤੇ ਉਨ੍ਹਾਂ ਨੇ ਪੁੱਛਿਆ: “ਸਾਨੂੰ ਦੱਸੋ, ਅਸੀਂ ਕੀ ਕਰੀਏ?” ਪਤਰਸ ਨੇ ਆਦਰ ਨਾਲ ਗੱਲ ਕਰ ਕੇ ਲੋਕਾਂ ਦੇ ਦਿਲ ਜਿੱਤ ਲਏ ਜਿਸ ਕਰਕੇ ਉਹ ਤੋਬਾ ਕਰਨ ਲਈ ਪ੍ਰੇਰਿਤ ਹੋਏ।​—ਰਸੂ. 2:37.

14 ਅਸੀਂ ਵੀ ਪਤਰਸ ਦੀ ਰੀਸ ਕਰ ਕੇ ਲੋਕਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ। ਜੇ ਪ੍ਰਚਾਰ ਵਿਚ ਕੋਈ ਵਿਅਕਤੀ ਅਜਿਹੀਆਂ ਗੱਲਾਂ ਕਹਿੰਦਾ ਹੈ ਜੋ ਬਾਈਬਲ ਦੀ ਸਿੱਖਿਆ ਮੁਤਾਬਕ ਸਹੀ ਨਹੀਂ ਹਨ, ਤਾਂ ਸਾਨੂੰ ਉਸ ਦੀ ਹਰ ਗੱਲ ʼਤੇ ਬਹਿਸ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਸਾਨੂੰ ਅਜਿਹੇ ਵਿਸ਼ੇ ʼਤੇ ਗੱਲ ਕਰਨੀ ਚਾਹੀਦੀ ਹੈ ਜਿਸ ʼਤੇ ਅਸੀਂ ਦੋਵੇਂ ਸਹਿਮਤ ਹੋ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਉਨ੍ਹਾਂ ਨਾਲ ਪਰਮੇਸ਼ੁਰ ਦੇ ਬਚਨ ਵਿੱਚੋਂ ਦਲੀਲਾਂ ਦੇ ਕੇ ਗੱਲਬਾਤ ਕਰ ਸਕਦੇ ਹਾਂ। ਜਦੋਂ ਅਸੀਂ ਵਧੀਆ ਢੰਗ ਨਾਲ ਲੋਕਾਂ ਨੂੰ ਬਾਈਬਲ ਵਿੱਚੋਂ ਸੱਚਾਈਆਂ ਦੱਸਦੇ ਹਾਂ, ਤਾਂ ਨੇਕਦਿਲ ਲੋਕ ਗੱਲ ਸੁਣਨ ਲਈ ਅਕਸਰ ਤਿਆਰ ਹੁੰਦੇ ਹਨ।

ਪੁੰਤੁਸ ਵਿਚ ਮਸੀਹੀ ਧਰਮ

ਪੰਤੇਕੁਸਤ 33 ਈਸਵੀ ਦੇ ਦਿਨ ਜਿਨ੍ਹਾਂ ਲੋਕਾਂ ਨੇ ਪਤਰਸ ਦਾ ਭਾਸ਼ਣ ਸੁਣਿਆ ਸੀ, ਉਨ੍ਹਾਂ ਵਿਚ ਉੱਤਰੀ ਏਸ਼ੀਆ ਮਾਈਨਰ ਦੇ ਜ਼ਿਲ੍ਹੇ ਪੁੰਤੁਸ ਦੇ ਯਹੂਦੀ ਵੀ ਸਨ। (ਰਸੂ. 2:9) ਜ਼ਾਹਰ ਹੈ ਕਿ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਵਾਪਸ ਜਾ ਕੇ ਆਪਣੇ ਇਲਾਕੇ ਵਿਚ ਖ਼ੁਸ਼ ਖ਼ਬਰੀ ਸੁਣਾਈ ਸੀ ਕਿਉਂਕਿ ਪਤਰਸ ਨੇ ਪੁੰਤੁਸ ਤੇ ਹੋਰਨਾਂ ਥਾਵਾਂ ਵਿਚ “ਖਿੰਡੇ ਹੋਏ” ਨਿਹਚਾਵਾਨਾਂ ਨੂੰ ਆਪਣੀ ਪਹਿਲੀ ਚਿੱਠੀ ਲਿਖੀ ਸੀ।g (1 ਪਤ. 1:1) ਉਸ ਦੀ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਉਹ ਮਸੀਹੀ ਆਪਣੀ ਨਿਹਚਾ ਦੀ ਖ਼ਾਤਰ ‘ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲ’ ਰਹੇ ਸਨ। (1 ਪਤ. 1:6) ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਗਏ ਸਨ।

ਪਲੀਨੀ ਛੋਟੇ (ਰੋਮੀ ਸੂਬੇ ਬਿਥੁਨੀਆ ਅਤੇ ਪੁੰਤੁਸ ਦਾ ਰਾਜਪਾਲ) ਦੁਆਰਾ ਸਮਰਾਟ ਟ੍ਰੇਜਨ ਨੂੰ ਲਿਖੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਪੁੰਤੁਸ ਵਿਚ ਮਸੀਹੀਆਂ ਉੱਤੇ ਕਿਹੜੀਆਂ ਅਜ਼ਮਾਇਸ਼ਾਂ ਆਈਆਂ ਸਨ। ਤਕਰੀਬਨ 112 ਈਸਵੀ ਵਿਚ ਪੁੰਤੁਸ ਤੋਂ ਲਿਖੀ ਚਿੱਠੀ ਵਿਚ ਪਲੀਨੀ ਨੇ ਦੱਸਿਆ ਕਿ ਮਸੀਹੀ ਧਰਮ “ਛੂਤ ਦੀ ਬੀਮਾਰੀ” ਵਾਂਗ ਸੀ ਅਤੇ ਕਿਸੇ ਵੀ ਆਦਮੀ-ਔਰਤ, ਛੋਟੇ-ਵੱਡੇ ਤੇ ਅਮੀਰ-ਗ਼ਰੀਬ ਨੂੰ ਇਹ ਬੀਮਾਰੀ ਲੱਗਣ ਦਾ ਖ਼ਤਰਾ ਸੀ। ਜਿਨ੍ਹਾਂ ਲੋਕਾਂ ʼਤੇ ਮਸੀਹੀ ਹੋਣ ਦਾ ਦੋਸ਼ ਲਾਇਆ ਜਾਂਦਾ ਸੀ, ਉਨ੍ਹਾਂ ਨੂੰ ਪਲੀਨੀ ਇਹ ਧਰਮ ਛੱਡਣ ਦਾ ਮੌਕਾ ਦਿੰਦਾ ਸੀ। ਉਨ੍ਹਾਂ ਨੂੰ ਮਸੀਹ ਦੇ ਖ਼ਿਲਾਫ਼ ਬੁਰਾ-ਭਲਾ ਕਹਿਣ ਜਾਂ ਦੇਵੀ-ਦੇਵਤਿਆਂ ਜਾਂ ਟ੍ਰੇਜਨ ਦੇ ਬੁੱਤ ਅੱਗੇ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਸੀ। ਜਿਹੜਾ ਇਸ ਤਰ੍ਹਾਂ ਕਰਦਾ ਸੀ, ਉਸ ਨੂੰ ਛੱਡ ਦਿੱਤਾ ਜਾਂਦਾ ਸੀ, ਪਰ ਇਨਕਾਰ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਪਲੀਨੀ ਨੇ ਮੰਨਿਆ ਕਿ ਇਹ ਕੰਮ ਕਰਨ ਲਈ “ਸੱਚੇ ਮਸੀਹੀਆਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।”

g ਇੱਥੇ “ਖਿੰਡੇ ਹੋਏ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਸੀ, ਉਹ ਆਮ ਤੌਰ ਤੇ ਯਹੂਦੀਆਂ ਵੱਲ ਇਸ਼ਾਰਾ ਕਰਦਾ ਸੀ ਜਿਹੜੇ ਕਈ ਦੇਸ਼ਾਂ ਵਿਚ ਖਿੰਡੇ ਹੋਏ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਬਹੁਤ ਸਾਰੇ ਯਹੂਦੀਆਂ ਨੇ ਮਸੀਹੀ ਧਰਮ ਅਪਣਾਇਆ ਸੀ।

‘ਤੁਸੀਂ ਸਾਰੇ ਬਪਤਿਸਮਾ ਲਓ’ (ਰਸੂ. 2:38-47)

15. (ੳ) ਪਤਰਸ ਨੇ ਲੋਕਾਂ ਨੂੰ ਕੀ ਕਿਹਾ ਅਤੇ ਉਨ੍ਹਾਂ ਨੇ ਕੀ ਕੀਤਾ? (ਅ) ਪੰਤੇਕੁਸਤ ਦੇ ਦਿਨ ਖ਼ੁਸ਼ ਖ਼ਬਰੀ ਸੁਣਨ ਵਾਲੇ ਹਜ਼ਾਰਾਂ ਲੋਕ ਉਸੇ ਦਿਨ ਬਪਤਿਸਮਾ ਲੈਣ ਦੇ ਯੋਗ ਕਿਉਂ ਸਨ?

15 ਪੰਤੇਕੁਸਤ 33 ਈਸਵੀ ਦੇ ਰੋਮਾਂਚਕ ਦਿਨ ʼਤੇ ਪਤਰਸ ਦੀ ਗੱਲ ਤੋਂ ਕਾਇਲ ਹੋਏ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਨੂੰ ਉਸ ਨੇ ਕਿਹਾ: “ਤੁਸੀਂ ਸਾਰੇ ਤੋਬਾ ਕਰੋ ਅਤੇ . . . ਬਪਤਿਸਮਾ ਲਓ।” (ਰਸੂ. 2:38) ਨਤੀਜਾ ਇਹ ਹੋਇਆ ਕਿ ਉਸ ਦਿਨ ਲਗਭਗ 3,000 ਲੋਕਾਂ ਨੇ ਯਰੂਸ਼ਲਮ ਵਿਚ ਤੇ ਇਸ ਦੇ ਨੇੜੇ-ਤੇੜੇ ਦੇ ਸਰੋਵਰਾਂ ਵਿਚ ਬਪਤਿਸਮਾ ਲਿਆ।e ਕੀ ਉਨ੍ਹਾਂ ਨੇ ਇਕ-ਦੂਜੇ ਦੀ ਦੇਖਾ-ਦੇਖੀ ਬਪਤਿਸਮਾ ਲਿਆ ਸੀ? ਕੀ ਇਸ ਮਿਸਾਲ ਤੋਂ ਬਾਈਬਲ ਵਿਦਿਆਰਥੀ ਤੇ ਮਸੀਹੀ ਮਾਪਿਆਂ ਦੇ ਬੱਚੇ ਇਹ ਸਿੱਖਦੇ ਹਨ ਕਿ ਉਹ ਬਪਤਿਸਮਾ ਲੈਣ ਵਿਚ ਕਾਹਲੀ ਕਰਨ ਭਾਵੇਂ ਉਹ ਅਜੇ ਤਿਆਰ ਨਹੀਂ ਹਨ? ਬਿਲਕੁਲ ਨਹੀਂ। ਯਾਦ ਰੱਖੋ ਕਿ ਉਸ ਦਿਨ ਬਪਤਿਸਮਾ ਲੈਣ ਵਾਲੇ ਯਹੂਦੀ ਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰਦੇ ਸਨ ਅਤੇ ਉਹ ਯਹੋਵਾਹ ਦੀ ਸਮਰਪਿਤ ਕੌਮ ਦਾ ਹਿੱਸਾ ਸਨ। ਇਸ ਤੋਂ ਇਲਾਵਾ, ਉਹ ਪਹਿਲਾਂ ਹੀ ਸੱਚੀ ਭਗਤੀ ਲਈ ਜੋਸ਼ ਦਿਖਾ ਰਹੇ ਸਨ ਜਿਨ੍ਹਾਂ ਵਿੱਚੋਂ ਕਈ ਦੂਰੋਂ-ਦੂਰੋਂ ਇਹ ਤਿਉਹਾਰ ਮਨਾਉਣ ਆਏ ਸਨ। ਉਨ੍ਹਾਂ ਨੇ ਇਹ ਅਹਿਮ ਸੱਚਾਈ ਸਵੀਕਾਰ ਕੀਤੀ ਕਿ ਯਿਸੂ ਮਸੀਹ ਦੇ ਰਾਹੀਂ ਹੀ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ। ਇਸ ਕਰਕੇ ਉਨ੍ਹਾਂ ਨੇ ਹੁਣ ਬਪਤਿਸਮਾ ਲੈ ਕੇ ਮਸੀਹ ਦੇ ਚੇਲਿਆਂ ਵਜੋਂ ਪਰਮੇਸ਼ੁਰ ਦੀ ਸੇਵਾ ਕਰਨੀ ਜਾਰੀ ਰੱਖੀ।

ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਬਾਰੇ ਕੁਝ ਗੱਲਾਂ

ਪੰਤੇਕੁਸਤ 33 ਈਸਵੀ ਦੇ ਦਿਨ “ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ” ਲੋਕਾਂ ਨੇ ਪਤਰਸ ਦਾ ਭਾਸ਼ਣ ਸੁਣਿਆ ਸੀ।​—ਰਸੂ. 2:10.

ਜਿਨ੍ਹਾਂ ਭਰਾਵਾਂ ਨੂੰ ਰੋਜ਼ਾਨਾ ਭੋਜਨ ਵੰਡਣ ਦਾ “ਜ਼ਰੂਰੀ ਕੰਮ” ਦਿੱਤਾ ਗਿਆ ਸੀ, ਉਨ੍ਹਾਂ ਵਿਚ “ਅੰਤਾਕੀਆ ਦਾ ਨਿਕਲਾਉਸ” ਵੀ ਸੀ “ਜਿਸ ਨੇ ਯਹੂਦੀ ਧਰਮ ਅਪਣਾਇਆ ਸੀ।” (ਰਸੂ. 6:3-5) ਗ਼ੈਰ-ਯਹੂਦੀ ਕੌਮਾਂ ਦੇ ਬਹੁਤ ਸਾਰੇ ਲੋਕਾਂ ਨੇ ਯਹੂਦੀ ਧਰਮ ਅਪਣਾ ਲਿਆ ਸੀ। ਉਨ੍ਹਾਂ ਨੂੰ ਹਰ ਪੱਖੋਂ ਯਹੂਦੀ ਸਮਝਿਆ ਜਾਂਦਾ ਸੀ ਕਿਉਂਕਿ ਉਹ ਇਜ਼ਰਾਈਲੀਆਂ ਦੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦੇ ਸਨ, ਉਨ੍ਹਾਂ ਨੇ ਦੂਜੇ ਸਾਰੇ ਦੇਵੀ-ਦੇਵਤਿਆਂ ਨੂੰ ਛੱਡ ਦਿੱਤਾ ਸੀ, ਆਦਮੀਆਂ ਨੇ ਆਪਣੀ ਸੁੰਨਤ ਕਰਾਈ ਸੀ ਅਤੇ ਉਹ ਇਜ਼ਰਾਈਲ ਕੌਮ ਦਾ ਹਿੱਸਾ ਬਣ ਗਏ।

537 ਈਸਵੀ ਪੂਰਵ ਵਿਚ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ ਭਾਵੇਂ ਬਹੁਤ ਸਾਰੇ ਯਹੂਦੀ ਇਜ਼ਰਾਈਲ ਤੋਂ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਵੱਸ ਗਏ, ਪਰ ਫਿਰ ਵੀ ਉਹ ਆਪਣੇ ਯਹੂਦੀ ਧਰਮ ਦੀ ਪਾਲਣਾ ਕਰਦੇ ਰਹੇ। ਇਸ ਕਰਕੇ ਜਿੱਥੇ ਕਿਤੇ ਵੀ ਯਹੂਦੀ ਵੱਸੇ ਹੋਏ ਸਨ, ਉੱਥੇ ਦੇ ਲੋਕਾਂ ਨੂੰ ਯਹੂਦੀ ਧਰਮ ਬਾਰੇ ਪਤਾ ਲੱਗਾ। ਹੋਰੇਸ ਤੇ ਸਨੀਕਾ ਵਰਗੇ ਪੁਰਾਣੇ ਜ਼ਮਾਨੇ ਦੇ ਲਿਖਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਯਹੂਦੀ ਧਰਮ ਅਪਣਾ ਕੇ ਯਹੂਦੀਆਂ ਦੇ ਸਮਾਜ ਵਿਚ ਰਲ਼ ਗਏ।

16. ਪਹਿਲੀ ਸਦੀ ਵਿਚ ਮਸੀਹੀਆਂ ਨੇ ਇਕ-ਦੂਜੇ ਦਾ ਧਿਆਨ ਕਿਵੇਂ ਰੱਖਿਆ?

16 ਉਸ ਨਵੀਂ ਮੰਡਲੀ ਉੱਤੇ ਯਹੋਵਾਹ ਦੀ ਬਰਕਤ ਸੀ। ਬਾਈਬਲ ਦੱਸਦੀ ਹੈ: “ਸਾਰੇ ਨਵੇਂ ਬਣੇ ਚੇਲੇ ਇਕੱਠੇ ਹੁੰਦੇ ਸਨ ਅਤੇ ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਦੇ ਸਨ। ਉਹ ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ ਪੈਸਾ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।”f (ਰਸੂ. 2:44, 45) ਕਿੰਨੀ ਚੰਗੀ ਗੱਲ ਹੈ ਕਿ ਉਨ੍ਹਾਂ ਵਾਂਗ ਅੱਜ ਸਾਰੇ ਸੱਚੇ ਮਸੀਹੀ ਆਪਣੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਦਾ ਧਿਆਨ ਰੱਖਦੇ ਹਨ!

17. ਬਪਤਿਸਮਾ ਲੈਣ ਦੇ ਯੋਗ ਬਣਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ?

17 ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਬਾਈਬਲ ਮੁਤਾਬਕ ਕੁਝ ਕਦਮ ਚੁੱਕਣੇ ਪੈਣਗੇ। ਪਹਿਲਾਂ ਤਾਂ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਣ ਦੀ ਲੋੜ ਹੈ। (ਯੂਹੰ. 17:3) ਉਸ ਲਈ ਨਿਹਚਾ ਕਰਨੀ, ਆਪਣੇ ਗ਼ਲਤ ਕੰਮਾਂ ਤੋਂ ਤੋਬਾ ਕਰਨੀ ਅਤੇ ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ ਦੇਣਾ ਜ਼ਰੂਰੀ ਹੈ। (ਰਸੂ. 3:19) ਫਿਰ ਉਸ ਨੂੰ ਆਪਣੇ ਆਪ ਨੂੰ ਬਦਲ ਕੇ ਬੁਰੇ ਰਾਹ ਤੋਂ ਮੁੜਨਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਸਹੀ ਕੰਮ ਕਰਨੇ ਚਾਹੀਦੇ ਹਨ। (ਰੋਮੀ. 12:2; ਅਫ਼. 4:23, 24) ਸਭ ਕੁਝ ਕਰਨ ਤੋਂ ਬਾਅਦ ਉਸ ਨੂੰ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਦੀ ਲੋੜ ਹੈ।​—ਮੱਤੀ 16:24; 1 ਪਤ. 3:21.

18. ਮਸੀਹੀਆਂ ਨੂੰ ਕਿਹੜਾ ਸਨਮਾਨ ਮਿਲਿਆ ਹੈ?

18 ਕੀ ਤੁਸੀਂ ਯਿਸੂ ਮਸੀਹ ਦੇ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਚੇਲੇ ਹੋ? ਜੇ ਹਾਂ, ਤਾਂ ਤੁਹਾਨੂੰ ਜੋ ਸਨਮਾਨ ਬਖ਼ਸ਼ਿਆ ਗਿਆ, ਉਸ ਲਈ ਸ਼ੁਕਰਗੁਜ਼ਾਰ ਹੋਵੋ। ਪਵਿੱਤਰ ਸ਼ਕਤੀ ਨਾਲ ਭਰਪੂਰ ਪਹਿਲੀ ਸਦੀ ਦੇ ਚੇਲਿਆਂ ਵਾਂਗ ਯਹੋਵਾਹ ਤੁਹਾਨੂੰ ਵੀ ਉਸ ਬਾਰੇ ਚੰਗੀ ਤਰ੍ਹਾਂ ਗਵਾਹੀ ਦੇਣ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਅਸਰਦਾਰ ਢੰਗ ਨਾਲ ਵਰਤ ਸਕਦਾ ਹੈ!

a “ਯਰੂਸ਼ਲਮ​—ਯਹੂਦੀ ਧਰਮ ਦਾ ਕੇਂਦਰ” ਨਾਂ ਦੀ ਡੱਬੀ ਦੇਖੋ।

b “ਰੋਮ​—ਇਕ ਸਾਮਰਾਜ ਦੀ ਰਾਜਧਾਨੀ,” “ਮੈਸੋਪੋਟਾਮੀਆ ਅਤੇ ਮਿਸਰ ਵਿਚ ਯਹੂਦੀ” ਅਤੇ “ਪੁੰਤੁਸ ਵਿਚ ਮਸੀਹੀ ਧਰਮ” ਨਾਂ ਦੀਆਂ ਡੱਬੀਆਂ ਦੇਖੋ।

c ਇਹ ਸੱਚੀ-ਮੁੱਚੀ ਦੀ ਅੱਗ ਦੀਆਂ “ਜੀਭਾਂ” ਨਹੀਂ ਸਨ, ਸਗੋਂ “ਅੱਗ ਦੀਆਂ ਲਾਟਾਂ ਵਰਗੀਆਂ” ਲੱਗਦੀਆਂ ਸਨ ਅਤੇ ਅੱਗ ਵਾਂਗ ਚਮਕਦੀਆਂ ਸਨ।

d “ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਬਾਰੇ ਕੁਝ ਗੱਲਾਂ” ਨਾਂ ਦੀ ਡੱਬੀ ਦੇਖੋ।

e ਕੀਵ, ਯੂਕਰੇਨ ਵਿਚ 7 ਅਗਸਤ 1993 ਨੂੰ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨ ਵਿਚ 7,402 ਲੋਕਾਂ ਨੇ ਬਪਤਿਸਮਾ ਲਿਆ ਸੀ। ਸਾਰੇ ਲੋਕਾਂ ਨੂੰ ਬਪਤਿਸਮਾ ਲੈਣ ਵਿਚ ਸਵਾ ਦੋ ਘੰਟੇ ਲੱਗੇ ਸਨ।

f ਜਿਹੜੇ ਲੋਕ ਬਾਹਰੋਂ ਯਰੂਸ਼ਲਮ ਆਏ ਸਨ, ਉਹ ਆਪਣੇ ਨਵੇਂ ਧਰਮ ਬਾਰੇ ਹੋਰ ਸਿੱਖਣ ਲਈ ਯਰੂਸ਼ਲਮ ਵਿਚ ਕੁਝ ਦਿਨ ਹੋਰ ਰੁਕ ਗਏ ਸਨ। ਇਸ ਲਈ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਇੰਤਜ਼ਾਮ ਕੀਤਾ ਗਿਆ। ਸਾਰੇ ਜਣੇ ਆਪਣੀ ਇੱਛਾ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ ਤੇ ਪੈਸੇ ਦਾਨ ਕਰਦੇ ਸਨ।​—ਰਸੂ. 5:1-4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ