ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr18 ਨਵੰਬਰ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
  • ਸਿਰਲੇਖ
  • 5-11 ਨਵੰਬਰ
  • 12-18 ਨਵੰਬਰ
  • 19-25 ਨਵੰਬਰ
  • 26 ਨਵੰਬਰ–2 ਦਸੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
mwbr18 ਨਵੰਬਰ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

5-11 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 20-21

“ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”

(ਯੂਹੰਨਾ 21:1-3) ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਦੁਬਾਰਾ ਆਪਣੇ ਚੇਲਿਆਂ ਸਾਮ੍ਹਣੇ ਤਿਬਰਿਆਸ ਦੀ ਝੀਲ ਦੇ ਕੰਢੇ ਪ੍ਰਗਟ ਹੋਇਆ। ਉਹ ਇਸ ਤਰ੍ਹਾਂ ਪ੍ਰਗਟ ਹੋਇਆ: 2 ਸ਼ਮਊਨ ਪਤਰਸ, ਥੋਮਾ ਜਿਸ ਨੂੰ ਦੀਦੁਮੁਸ ਵੀ ਕਿਹਾ ਜਾਂਦਾ ਸੀ, ਗਲੀਲ ਦੇ ਕਾਨਾ ਸ਼ਹਿਰ ਦਾ ਰਹਿਣ ਵਾਲਾ ਨਥਾਨਿਏਲ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਦੋ ਹੋਰ ਚੇਲੇ ਇਕੱਠੇ ਸਨ। 3 ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਵੀ ਤੇਰੇ ਨਾਲ ਆ ਰਹੇ ਹਾਂ।” ਇਸ ਲਈ ਉਹ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਫੜਨ ਚਲੇ ਗਏ, ਪਰ ਸਾਰੀ ਰਾਤ ਉਹ ਇਕ ਵੀ ਮੱਛੀ ਨਾ ਫੜ ਸਕੇ।

(ਯੂਹੰਨਾ 21:4-14) ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਯਿਸੂ ਕੰਢੇ ʼਤੇ ਆ ਖੜ੍ਹਾ ਹੋਇਆ, ਪਰ ਚੇਲਿਆਂ ਨੇ ਉਸ ਨੂੰ ਪਛਾਣਿਆ ਨਹੀਂ। 5 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਿਆਰੇ ਬੱਚਿਓ, ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਨਹੀਂ!” 6 ਉਸ ਨੇ ਉਨ੍ਹਾਂ ਨੂੰ ਕਿਹਾ: “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ, ਤਾਂ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ।” ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ, ਪਰ ਜਾਲ਼ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਜਾਣ ਕਰਕੇ ਉਹ ਜਾਲ਼ ਨੂੰ ਕਿਸ਼ਤੀ ਉੱਤੇ ਖਿੱਚ ਨਾ ਸਕੇ। 7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ, ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ, ਕਿਉਂਕਿ ਉਹ ਅੱਧਾ ਨੰਗਾ ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ। 8 ਪਰ ਦੂਸਰੇ ਚੇਲੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚਦੇ ਹੋਏ ਕਿਸ਼ਤੀ ਵਿਚ ਆਏ ਕਿਉਂਕਿ ਉਹ ਕੰਢੇ ਤੋਂ ਜ਼ਿਆਦਾ ਦੂਰ ਨਹੀਂ ਸਨ, ਸਿਰਫ਼ ਸੌ ਕੁ ਮੀਟਰ ਹੀ ਦੂਰ ਸਨ। 9 ਪਰ ਜਦੋਂ ਉਹ ਕੰਢੇ ʼਤੇ ਜਾ ਕੇ ਕਿਸ਼ਤੀ ਤੋਂ ਉੱਤਰੇ, ਤਾਂ ਉਨ੍ਹਾਂ ਨੇ ਦੇਖਿਆ ਕਿ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਅਤੇ ਉਸ ਉੱਪਰ ਮੱਛੀਆਂ ਰੱਖੀਆਂ ਹੋਈਆਂ ਸਨ, ਨਾਲੇ ਉੱਥੇ ਕੁਝ ਰੋਟੀਆਂ ਵੀ ਪਈਆਂ ਸਨ। 10 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਿਹੜੀਆਂ ਮੱਛੀਆਂ ਫੜੀਆਂ ਹਨ, ਉਨ੍ਹਾਂ ਵਿੱਚੋਂ ਕੁਝ ਲਿਆਓ।” 11 ਇਸ ਲਈ ਸ਼ਮਊਨ ਪਤਰਸ ਨੇ ਕਿਸ਼ਤੀ ਵਿਚ ਚੜ੍ਹ ਕੇ ਮੱਛੀਆਂ ਨਾਲ ਭਰਿਆ ਜਾਲ਼ ਖਿੱਚ ਲਿਆਂਦਾ। ਜਾਲ਼ ਵਿਚ 153 ਵੱਡੀਆਂ ਮੱਛੀਆਂ ਸਨ, ਫਿਰ ਵੀ ਇੰਨੀਆਂ ਮੱਛੀਆਂ ਹੋਣ ਕਰਕੇ ਜਾਲ਼ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਓ, ਨਾਸ਼ਤਾ ਕਰੋ।” ਪਰ ਕਿਸੇ ਵੀ ਚੇਲੇ ਨੇ ਉਸ ਤੋਂ ਇਹ ਪੁੱਛਣ ਦਾ ਹਿਆ ਨਾ ਕੀਤਾ: “ਤੂੰ ਕੌਣ ਹੈਂ?” ਕਿਉਂਕਿ ਉਹ ਸਾਰੇ ਜਾਣਦੇ ਸਨ ਕਿ ਉਹ ਪ੍ਰਭੂ ਸੀ। 13 ਯਿਸੂ ਨੇ ਆ ਕੇ ਰੋਟੀ ਲਈ ਅਤੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ ਦਿੱਤੀ। 14 ਇਹ ਤੀਸਰੀ ਵਾਰ ਸੀ ਜਦੋਂ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ।

(ਯੂਹੰਨਾ 21:15-19) ਜਦੋਂ ਉਹ ਨਾਸ਼ਤਾ ਕਰ ਚੁੱਕੇ, ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਕਿਹਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।” 16 ਉਸ ਨੇ ਦੂਸਰੀ ਵਾਰ ਪਤਰਸ ਨੂੰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਉਸ ਨੂੰ ਕਿਹਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਉਸ ਨੇ ਪਤਰਸ ਨੂੰ ਕਿਹਾ: “ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।” 17 ਉਸ ਨੇ ਪਤਰਸ ਨੂੰ ਤੀਸਰੀ ਵਾਰ ਪੁੱਛਿਆ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਬੜਾ ਦੁਖੀ ਹੋਇਆ ਕਿ ਯਿਸੂ ਨੇ ਤੀਸਰੀ ਵਾਰ ਉਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਇਸ ਲਈ ਉਸ ਨੇ ਕਿਹਾ: “ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ; ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ। 18 ਮੈਂ ਤੈਨੂੰ ਸੱਚ-ਸੱਚ ਦੱਸਦਾ ਹਾਂ, ਜਦੋਂ ਤੂੰ ਜਵਾਨ ਸੀ, ਤਾਂ ਤੂੰ ਆਪੇ ਆਪਣੇ ਕੱਪੜੇ ਪਾ ਕੇ ਜਿੱਥੇ ਚਾਹੁੰਦਾ ਸੀ, ਚਲਾ ਜਾਂਦਾ ਸੀ। ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ, ਤਾਂ ਤੂੰ ਆਪਣੀਆਂ ਬਾਹਾਂ ਚੁੱਕੇਂਗਾ ਅਤੇ ਕੋਈ ਹੋਰ ਤੇਰੇ ਕੱਪੜੇ ਪਾਵੇਗਾ ਅਤੇ ਉੱਥੇ ਲੈ ਜਾਵੇਗਾ ਜਿੱਥੇ ਤੂੰ ਜਾਣਾ ਨਹੀਂ ਚਾਹੇਂਗਾ।” 19 ਯਿਸੂ ਨੇ ਇਹ ਗੱਲ ਇਹ ਦੱਸਣ ਲਈ ਕਹੀ ਸੀ ਕਿ ਪਤਰਸ ਕਿਹੋ ਜਿਹੀ ਮੌਤ ਮਰ ਕੇ ਪਰਮੇਸ਼ੁਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਪਤਰਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।”

nwtsty ਵਿੱਚੋਂ ਯੂਹੰ 21:15, 17 ਲਈ ਖ਼ਾਸ ਜਾਣਕਾਰੀ

ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ: ਇਹ ਗੱਲਬਾਤ ਪਤਰਸ ਦੇ ਯਿਸੂ ਦਾ ਇਨਕਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੋਈ ਸੀ। ਯਿਸੂ ਨੇ ਪਤਰਸ ਤੋਂ ਤਿੰਨ ਵਾਰ ਸਵਾਲ ਪੁੱਛੇ ਤਾਂਕਿ ਉਹ ਜਾਣ ਸਕੇ ਕਿ ਪਤਰਸ ਯਿਸੂ ਬਾਰੇ ਕੀ ਸੋਚਦਾ। ਵਾਰ-ਵਾਰ ਪੁੱਛੇ ਜਾਣ ਕਰਕੇ “ਪਤਰਸ ਬੜਾ ਦੁਖੀ ਹੋਇਆ।” (ਯੂਹੰ 21:17) ਯੂਹੰ 21:15-17 ਦੇ ਬਿਰਤਾਂਤ ਵਿਚ ਦੋ ਅਲੱਗ ਯੂਨਾਨੀ ਕ੍ਰਿਆਵਾਂ ਦਾ ਇਸਤੇਮਾਲ ਕੀਤਾ ਗਿਆ ਹੈ: ਅਗਾਪੋ (a·ga·paʹo) ਅਤੇ ਫ਼ਿਲਿਓ (phi·leʹo)। ਪੰਜਾਬੀ ਵਿਚ ਦੋਵਾਂ ਦਾ ਅਨੁਵਾਦ ਪਿਆਰ ਕੀਤਾ ਗਿਆ ਹੈ। ਯਿਸੂ ਨੇ ਤਿੰਨ ਵਾਰ ਪਤਰਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਹਰ ਵਾਰ ਪਤਰਸ ਨੇ ਦਿਲੋਂ ਕਿਹਾ ਕਿ ਉਹ ਯਿਸੂ ਨੂੰ “ਪਿਆਰ” ਕਰਦਾ ਸੀ। ਯਿਸੂ ਨੇ ਆਖ਼ਰੀ ਵਾਰ ਪਤਰਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਫਿਰ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਕਰਦਾ ਹੈ। ਪਤਰਸ ਦੇ ਹਰ ਵਾਰ ਜਵਾਬ ਦੇਣ ਤੋਂ ਬਾਅਦ ਯਿਸੂ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਪਿਆਰ ਕਰਕੇ ਪਤਰਸ ਨੂੰ ਯਿਸੂ ਦੇ ਲੇਲਿਆਂ ਯਾਨੀ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। (ਯੂਹੰ 21:16, 17; 1 ਪਤ 5:1-3) ਯਿਸੂ ਨੇ ਪਤਰਸ ਨੂੰ ਤਿੰਨ ਵਾਰ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਦਿੱਤਾ ਅਤੇ ਫਿਰ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਦਿੱਤੀ। ਇਸ ਤਰ੍ਹਾਂ ਕਰਕੇ ਯਿਸੂ ਨੇ ਦਿਖਾਇਆ ਕਿ ਪਤਰਸ ਦੇ ਤਿੰਨ ਵਾਰ ਇਨਕਾਰ ਕਰਨ ਦੇ ਬਾਵਜੂਦ ਵੀ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ।

ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ?: ਵਿਆਕਰਣ ਅਨੁਸਾਰ “ਇਨ੍ਹਾਂ ਨਾਲੋਂ ਵੀ ਜ਼ਿਆਦਾ” ਸ਼ਬਦਾਂ ਨੂੰ ਕਈ ਹੋਰ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਕੁਝ ਵਿਦਵਾਨ ਇਸ ਦਾ ਇਹ ਮਤਲਬ ਦੱਸਦੇ ਹਨ, “ਤੂੰ ਜਿੰਨਾ ਪਿਆਰ ਬਾਕੀ ਚੇਲਿਆਂ ਨਾਲ ਕਰਦਾ ਹੈ, ਕੀ ਮੈਨੂੰ ਉਸ ਤੋਂ ਜ਼ਿਆਦਾ ਪਿਆਰ ਕਰਦਾ ਹੈਂ? ਜਾਂ “ਕੀ ਤੂੰ ਮੈਨੂੰ ਬਾਕੀ ਚੇਲਿਆਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈਂ?” ਪਰ ਇਸ ਦਾ ਮਤਲਬ ਹੈ, “ਕੀ ਤੂੰ ਮੈਨੂੰ ਇਨ੍ਹਾਂ ਚੀਜ਼ਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਇੱਥੇ ਯਿਸੂ ਫੜੀਆਂ ਮੱਛੀਆਂ ਜਾਂ ਮੱਛੀਆਂ ਦੇ ਕਾਰੋਬਾਰ ਸੰਬੰਧਿਤ ਗੱਲ ਕਰ ਰਿਹਾ ਸੀ। ਸੋ ਲੱਗਦਾ ਹੈ ਕਿ ਇਸ ਆਇਤ ਵਿਚ ਯਿਸੂ ਕਹਿਣਾ ਚਾਹੁੰਦਾ ਸੀ: ‘ਕੀ ਤੂੰ ਮੈਨੂੰ ਚੀਜ਼ਾਂ ਜਾਂ ਕਾਰੋਬਾਰ ਨਾਲੋਂ ਜ਼ਿਆਦਾ ਪਿਆਰ ਕਰਦਾ ਹੈਂ? ਜੇ ਹਾਂ, ਤਾਂ ਮੇਰੇ ਲੇਲਿਆਂ ਨੂੰ ਚਾਰ।’ ਪਤਰਸ ਦੇ ਅਤੀਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਵਾਲ ਪੁੱਛਣਾ ਸਹੀ ਸੀ। ਭਾਵੇਂ ਪਤਰਸ ਯਿਸੂ ਦੇ ਪਹਿਲੇ ਚੇਲਿਆਂ ਵਿੱਚੋਂ ਇਕ ਸੀ (ਯੂਹੰ 1:35-42), ਪਰ ਉਸ ਨੇ ਯਿਸੂ ਦਾ ਚੇਲਾ ਬਣ ਕੇ ਇਕਦਮ ਪੂਰੇ ਸਮੇਂ ਦੀ ਸੇਵਾ ਨਹੀਂ ਸ਼ੁਰੂ ਕੀਤੀ ਸੀ। ਇਸ ਦੀ ਬਜਾਇ, ਉਹ ਦੁਬਾਰਾ ਮੱਛੀਆਂ ਦਾ ਕਾਰੋਬਾਰ ਕਰਨ ਵਾਪਸ ਚਲਾ ਗਿਆ ਸੀ। ਕੁਝ ਮਹੀਨਿਆਂ ਬਾਅਦ ਯਿਸੂ ਨੇ ਪਤਰਸ ਨੂੰ ਕਾਰੋਬਾਰ ਛੱਡ ਕੇ ‘ਇਨਸਾਨਾਂ ਨੂੰ ਫੜਨ’ ਵਾਲੇ ਬਣਨ ਲਈ ਕਿਹਾ। (ਮੱਤੀ 4:18-20; ਲੂਕਾ 5:1-11) ਫਿਰ ਯਿਸੂ ਦੀ ਮੌਤ ਤੋਂ ਥੋੜ੍ਹੇ ਸਮੇਂ ਬਾਅਦ ਪਤਰਸ ਮੱਛੀਆਂ ਫੜਨ ਚਲਾ ਗਿਆ ਅਤੇ ਬਾਕੀ ਰਸੂਲ ਵੀ ਉਸ ਦੇ ਨਾਲ ਚਲੇ ਗਏ। (ਯੂਹੰ 21:2, 3) ਸੋ ਲੱਗਦਾ ਹੈ ਕਿ ਇੱਥੇ ਯਿਸੂ ਪਤਰਸ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਸਹੀ ਫ਼ੈਸਲਾ ਕਰਨ ਦੀ ਲੋੜ ਸੀ: ਕੀ ਉਹ ਆਪਣੀ ਜ਼ਿੰਦਗੀ ਵਿਚ ਮੱਛੀਆਂ ਦੇ ਕਾਰੋਬਾਰ ਨੂੰ ਪਹਿਲ ਦੇਵੇਗਾ ਜਾਂ ਕੀ ਉਹ ਯਿਸੂ ਦੇ ਲੇਲਿਆਂ ਯਾਨੀ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨ ਨੂੰ ਪਹਿਲ ਦੇਵੇਗਾ?​—ਯੂਹੰ 21:4-8.

ਤੀਸਰੀ ਵਾਰ: ਪਤਰਸ ਨੇ ਆਪਣੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕੀਤਾ ਸੀ। ਯਿਸੂ ਨੇ ਹੁਣ ਉਸ ਨੂੰ ਤਿੰਨ ਵਾਰ ਉਸ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਮੌਕਾ ਦਿੱਤਾ। ਜਦੋਂ ਪਤਰਸ ਨੇ ਇਸ ਤਰ੍ਹਾਂ ਕੀਤਾ, ਤਾਂ ਯਿਸੂ ਨੇ ਕਿਹਾ ਕਿ ਉਹ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਪਵਿੱਤਰ ਸੇਵਾ ਨੂੰ ਪਹਿਲ ਦੇ ਕੇ ਪਿਆਰ ਦਿਖਾਵੇ। ਬਾਕੀ ਜ਼ਿੰਮੇਵਾਰ ਭਰਾਵਾਂ ਨਾਲ ਮਿਲ ਕੇ ਪਤਰਸ ਨੇ ਯਿਸੂ ਦੇ ਵਫ਼ਾਦਾਰ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨੀ ਸੀ ਅਤੇ ਉਨ੍ਹਾਂ ਦੀ ਅਗਵਾਈ ਕਰਨੀ ਸੀ। ਇਹ ਚੁਣੇ ਹੋਏ ਸਨ, ਪਰ ਫਿਰ ਵੀ ਇਨ੍ਹਾਂ ਨੂੰ ਪਰਮੇਸ਼ੁਰੀ ਸਿੱਖਿਆ ਲੈਂਦੇ ਰਹਿਣ ਦੀ ਲੋੜ ਸੀ।​—ਲੂਕਾ 22:32.

ਹੀਰੇ-ਮੋਤੀਆਂ ਦੀ ਖੋਜ ਕਰੋ

(ਯੂਹੰਨਾ 20:17) ਯਿਸੂ ਨੇ ਉਸ ਨੂੰ ਕਿਹਾ: “ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ, ਇਸ ਕਰਕੇ ਮੈਨੂੰ ਫੜੀ ਨਾ ਰੱਖ। ਪਰ ਜਾ ਕੇ ਮੇਰੇ ਭਰਾਵਾਂ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’”

nwtsty ਵਿੱਚੋਂ ਯੂਹੰ 20:17 ਲਈ ਖ਼ਾਸ ਜਾਣਕਾਰੀ

ਮੈਨੂੰ ਫੜੀ ਨਾ ਰੱਖ: ਯੂਨਾਨੀ ਸ਼ਬਦ ਹਪਤੋਮਾਈ (haʹpto·mai) ਦਾ ਮਤਲਬ “ਛੂਹਣਾ” ਜਾਂ “ਚਿੰਬੜਨਾ” ਹੋ ਸਕਦਾ ਹੈ। ਕੁਝ ਅਨੁਵਾਦਾਂ ਵਿਚ ਯਿਸੂ ਦੇ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਨੂੰ ਨਾ ਛੂਹ।” ਪਰ ਯਿਸੂ ਮਰੀਅਮ ਮਗਦਲੀਨੀ ਨੂੰ ਉਸ ਨੂੰ ਛੂਹਣ ਤੋਂ ਮਨ੍ਹਾ ਨਹੀਂ ਕਰ ਰਿਹਾ ਸੀ ਕਿਉਂਕਿ ਉਸ ਨੇ ਹੋਰ ਔਰਤਾਂ ਨੂੰ ‘ਪੈਰ ਫੜਨ’ ਤੋਂ ਮਨ੍ਹਾ ਨਹੀਂ ਕੀਤਾ ਸੀ ਜਿਨ੍ਹਾਂ ਨੇ ਯਿਸੂ ਨੂੰ ਜੀਉਂਦੇ ਹੋਣ ਤੋਂ ਬਾਅਦ ਦੇਖਿਆ ਸੀ। (ਮੱਤੀ 28:9) ਇਸ ਤਰ੍ਹਾਂ ਲੱਗਦਾ ਹੈ ਕਿ ਮਰੀਅਮ ਮਗਦਲੀਨੀ ਨੂੰ ਡਰ ਸੀ ਕਿ ਯਿਸੂ ਹੁਣੇ ਸਵਰਗ ਜਾ ਰਿਹਾ ਸੀ। ਆਪਣੇ ਪ੍ਰਭੂ ਨਾਲ ਰਹਿਣ ਦੀ ਇੱਛਾ ਕਰਕੇ ਉਸ ਨੇ ਆਪਣੇ ਪ੍ਰਭੂ ਨੂੰ ਘੁੱਟ ਕੇ ਫੜਿਆ ਸੀ ਅਤੇ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੀ। ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕਿ ਉਹ ਅਜੇ ਨਹੀਂ ਜਾ ਰਿਹਾ ਸੀ, ਯਿਸੂ ਨੇ ਉਸ ਨੂੰ ਫੜੀ ਨਾ ਰੱਖਣ ਲਈ ਕਿਹਾ ਅਤੇ ਬਾਕੀ ਚੇਲਿਆਂ ਨੂੰ ਜਾ ਕੇ ਉਸ ਦੇ ਜੀਉਂਦੇ ਹੋਣ ਦੀ ਖ਼ਬਰ ਬਾਰੇ ਦੱਸਣ ਲਈ ਕਿਹਾ।

(ਯੂਹੰਨਾ 20:28) ਜਵਾਬ ਵਿਚ ਥੋਮਾ ਨੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ!”

nwtsty ਵਿੱਚੋਂ ਯੂਹੰ 20:28 ਲਈ ਖ਼ਾਸ ਜਾਣਕਾਰੀ

ਮੇਰੇ ਪ੍ਰਭੂ ਮੇਰੇ ਪਰਮੇਸ਼ੁਰ!: ਕੁਝ ਵਿਦਵਾਨ ਮੰਨਦੇ ਹਨ ਕਿ ਹੈਰਾਨੀ ਪ੍ਰਗਟ ਕਰਨ ਵਾਲੇ ਇਹ ਸ਼ਬਦ ਯਿਸੂ ਨੂੰ ਕਹੇ ਗਏ ਸਨ, ਪਰ ਅਸਲ ਵਿਚ ਇਹ ਸ਼ਬਦ ਪਰਮੇਸ਼ੁਰ ਯਾਨੀ ਉਸ ਦੇ ਪਿਤਾ ਲਈ ਕਹੇ ਗਏ ਸਨ। ਕੁਝ ਲੋਕ ਦਾਅਵਾ ਕਰਦੇ ਸਨ ਕਿ ਮੂਲ ਯੂਨਾਨੀ ਭਾਸ਼ਾ ਵਿਚ ਇਹ ਸ਼ਬਦ ਯਿਸੂ ਲਈ ਕਹੇ ਗਏ ਸਨ। ਜੇ ਇੱਦਾਂ ਮੰਨਿਆ ਵੀ ਜਾਵੇ, ਤਾਂ ਵੀ “ਮੇਰੇ ਪ੍ਰਭੂ ਮੇਰੇ ਪਰਮੇਸ਼ੁਰ” ਸ਼ਬਦਾਂ ਦਾ ਸਹੀ ਮਤਲਬ ਬਾਈਬਲ ਦੀਆਂ ਬਾਕੀ ਦੀਆਂ ਆਇਤਾਂ ਤੋਂ ਪਤਾ ਲੱਗ ਸਕਦਾ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸੁਨੇਹਾ ਭੇਜਿਆ: “ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।” ਇਸ ਕਰਕੇ ਥੋਮਾ ਇਹ ਨਹੀਂ ਸੋਚਦਾ ਸੀ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਸੀ। (ਯੂਹੰ 20:17 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।) ਥੋਮਾ ਨੇ ਯਿਸੂ ਨੂੰ ਆਪਣੇ “ਪਿਤਾ” ਨੂੰ ਪ੍ਰਾਰਥਨਾ ਵਿਚ “ਇੱਕੋ-ਇਕ ਸੱਚੇ ਪਰਮੇਸ਼ੁਰ” ਕਹਿੰਦੇ ਸੁਣਿਆ ਸੀ। (ਯੂਹੰ 17:1-3) ਇਸ ਕਰਕੇ ਥੋਮਾ ਦੇ ਯਿਸੂ ਨੂੰ “ਮੇਰੇ ਪਰਮੇਸ਼ੁਰ” ਕਹਿਣ ਦੇ ਇਹ ਕੁਝ ਕਾਰਨ ਹੋ ਸਕਦੇ ਹਨ: ਥੋਮਾ ਯਿਸੂ ਨੂੰ ਇਕ “ਈਸ਼ਵਰ” ਸਮਝਦਾ ਸੀ, ਨਾ ਕਿ ਸਰਬਸ਼ਕਤੀਮਾਨ ਪਰਮੇਸ਼ੁਰ। (ਯੂਹੰ 1:1 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ।) ਜਾਂ ਹੋ ਸਕਦਾ ਹੈ ਕਿ ਉਸ ਨੇ ਯਿਸੂ ਨੂੰ ਉਸ ਤਰ੍ਹਾਂ ਕਹਿ ਕੇ ਬੁਲਾਇਆ ਸੀ ਜਿਸ ਤਰ੍ਹਾਂ ਇਬਰਾਨੀ ਲਿਖਤਾਂ ਵਿਚ ਦਰਜ ਪਰਮੇਸ਼ੁਰ ਦੇ ਕੁਝ ਸੇਵਕਾਂ ਨੇ ਯਹੋਵਾਹ ਦੇ ਕੁਝ ਦੂਤਾਂ ਨੂੰ ਬੁਲਾਇਆ ਸੀ। ਥੋਮਾ ਬਾਈਬਲ ਦੇ ਕੁਝ ਬਿਰਤਾਂਤਾਂ ਬਾਰੇ ਜਾਣਦਾ ਹੋਣਾ ਜਿੱਥੇ ਕਿਸੇ ਵਿਅਕਤੀ ਨੇ ਜਾਂ ਕਿਸੇ ਬਿਰਤਾਂਤ ਦੇ ਲਿਖਾਰੀ ਨੇ ਦੂਤ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ ਜਿੱਦਾਂ ਕਿ ਉਹ ਦੂਤ ਯਹੋਵਾਹ ਪਰਮੇਸ਼ੁਰ ਹੋਵੇ। (ਉਤ 16:7-11, 13; 18:1-5, 22-33; 32:24-30; ਨਿਆਂ 6:11-15; 13:20-22 ਵਿਚ ਨੁਕਤਾ ਦੇਖੋ) ਸੋ ਇਸ ਕਰਕੇ ਥੋਮਾ ਨੇ ਯਿਸੂ ਨੂੰ “ਮੇਰੇ ਪਰਮੇਸ਼ੁਰ” ਕਿਹਾ ਹੋਣਾ ਕਿਉਂਕਿ ਉਹ ਜਾਣਦਾ ਸੀ ਕਿ ਯਿਸੂ ਸੱਚੇ ਪਰਮੇਸ਼ੁਰ ਦਾ ਚੁਣਿਆ ਹੋਇਆ ਨੁਮਾਇੰਦਾ ਅਤੇ ਬੁਲਾਰਾ ਹੈ।

ਬਾਈਬਲ ਪੜ੍ਹਾਈ

(ਯੂਹੰਨਾ 20:1-18) ਹਫ਼ਤੇ ਦੇ ਪਹਿਲੇ ਦਿਨ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ʼਤੇ ਆਈ ਅਤੇ ਉਸ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਪਹਿਲਾਂ ਹੀ ਹਟਾ ਕੇ ਇਕ ਪਾਸੇ ਰੱਖਿਆ ਹੋਇਆ ਸੀ। 2 ਇਸ ਲਈ ਉਹ ਭੱਜ ਕੇ ਸ਼ਮਊਨ ਪਤਰਸ ਤੇ ਉਸ ਚੇਲੇ ਕੋਲ ਆਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਉਨ੍ਹਾਂ ਨੂੰ ਕਿਹਾ: “ਕੋਈ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਿਆ ਹੈ ਅਤੇ ਸਾਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਰੱਖਿਆ ਹੈ।” 3 ਪਤਰਸ ਅਤੇ ਉਹ ਦੂਸਰਾ ਚੇਲਾ ਕਬਰ ਵੱਲ ਨੂੰ ਤੁਰ ਪਏ। 4 ਫਿਰ ਤੁਰਦੇ-ਤੁਰਦੇ ਉਹ ਦੋਵੇਂ ਭੱਜਣ ਲੱਗ ਪਏ; ਪਰ ਦੂਸਰਾ ਚੇਲਾ ਤੇਜ ਭੱਜ ਕੇ ਪਤਰਸ ਤੋਂ ਅੱਗੇ ਨਿਕਲ ਗਿਆ ਅਤੇ ਕਬਰ ʼਤੇ ਪਹਿਲਾਂ ਪਹੁੰਚ ਗਿਆ। 5 ਅਤੇ ਉਸ ਨੇ ਝੁਕ ਕੇ ਦੇਖਿਆ ਕਿ ਉੱਥੇ ਪੱਟੀਆਂ ਪਈਆਂ ਹੋਈਆਂ ਸਨ, ਪਰ ਉਹ ਆਪ ਅੰਦਰ ਨਹੀਂ ਗਿਆ। 6 ਫਿਰ ਸ਼ਮਊਨ ਪਤਰਸ ਉਸ ਦੇ ਪਿੱਛੇ-ਪਿੱਛੇ ਆਇਆ ਅਤੇ ਕਬਰ ਦੇ ਅੰਦਰ ਚਲਾ ਗਿਆ। ਉਸ ਨੇ ਵੀ ਪੱਟੀਆਂ ਪਈਆਂ ਦੇਖੀਆਂ, 7 ਅਤੇ ਜਿਹੜਾ ਕੱਪੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਸੀ, ਉਹ ਪੱਟੀਆਂ ਨਾਲ ਨਹੀਂ ਸਗੋਂ ਲਪੇਟ ਕੇ ਵੱਖਰਾ ਰੱਖਿਆ ਹੋਇਆ ਸੀ। 8 ਫਿਰ ਦੂਜਾ ਚੇਲਾ ਵੀ ਜਿਹੜਾ ਪਹਿਲਾਂ ਕਬਰ ʼਤੇ ਆਇਆ ਸੀ, ਕਬਰ ਵਿਚ ਗਿਆ ਅਤੇ ਉਸ ਨੇ ਦੇਖ ਕੇ ਉਨ੍ਹਾਂ ਸਾਰੀਆਂ ਗੱਲਾਂ ʼਤੇ ਵਿਸ਼ਵਾਸ ਕੀਤਾ ਜੋ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ। 9 ਪਰ ਉਹ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਦਾ ਮਤਲਬ ਅਜੇ ਨਹੀਂ ਸਮਝੇ ਸਨ ਕਿ ਯਿਸੂ ਨੇ ਮਰੇ ਹੋਏ ਲੋਕਾਂ ਵਿੱਚੋਂ ਜੀਉਂਦਾ ਹੋਣਾ ਸੀ। 10 ਅਤੇ ਉਹ ਚੇਲੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ। 11 ਪਰ ਮਰੀਅਮ ਬਾਹਰ ਕਬਰ ਦੇ ਲਾਗੇ ਖੜ੍ਹੀ ਰੋਂਦੀ ਰਹੀ। ਫਿਰ ਉਸ ਨੇ ਰੋਂਦੇ ਹੋਏ ਝੁਕ ਕੇ ਕਬਰ ਦੇ ਅੰਦਰ ਦੇਖਿਆ 12 ਅਤੇ ਜਿੱਥੇ ਯਿਸੂ ਦੀ ਲਾਸ਼ ਪਹਿਲਾਂ ਪਈ ਸੀ, ਉੱਥੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ ਬੈਠੇ ਦੇਖੇ, ਇਕ ਦੂਤ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਜਿੱਥੇ ਯਿਸੂ ਦੇ ਪੈਰ ਸਨ। 13 ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਕੋਈ ਮੇਰੇ ਪ੍ਰਭੂ ਨੂੰ ਲੈ ਗਿਆ ਹੈ ਅਤੇ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿੱਥੇ ਰੱਖਿਆ ਗਿਆ ਹੈ।” 14 ਇਹ ਕਹਿਣ ਤੋਂ ਬਾਅਦ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹਾ ਦੇਖਿਆ, ਪਰ ਉਸ ਨੇ ਯਿਸੂ ਨੂੰ ਪਛਾਣਿਆ ਨਹੀਂ। 15 ਯਿਸੂ ਨੇ ਉਸ ਨੂੰ ਕਿਹਾ: “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਉਸ ਨੂੰ ਮਾਲੀ ਸਮਝ ਕੇ ਮਰੀਅਮ ਨੇ ਕਿਹਾ: “ਵੀਰਾ, ਜੇ ਤੂੰ ਉਸ ਨੂੰ ਲੈ ਗਿਆ ਹੈਂ, ਤਾਂ ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਰੱਖਿਆ ਹੈ, ਤਾਂਕਿ ਮੈਂ ਉਸ ਨੂੰ ਲੈ ਜਾਵਾਂ।” 16 ਯਿਸੂ ਨੇ ਉਸ ਨੂੰ ਕਿਹਾ: “ਮਰੀਅਮ!” ਉਸ ਨੇ ਪਿੱਛੇ ਮੁੜ ਕੇ ਇਬਰਾਨੀ ਵਿਚ ਕਿਹਾ: “ਰਬੋਨੀ!” (ਜਿਸ ਦਾ ਮਤਲਬ ਹੈ “ਗੁਰੂ!”) 17 ਯਿਸੂ ਨੇ ਉਸ ਨੂੰ ਕਿਹਾ: “ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ, ਇਸ ਕਰਕੇ ਮੈਨੂੰ ਫੜੀ ਨਾ ਰੱਖ। ਪਰ ਜਾ ਕੇ ਮੇਰੇ ਭਰਾਵਾਂ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’” 18 ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਇਹ ਖ਼ਬਰ ਦਿੱਤੀ: “ਮੈਂ ਪ੍ਰਭੂ ਨੂੰ ਦੇਖਿਆ ਹੈ!” ਅਤੇ ਉਸ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਪ੍ਰਭੂ ਨੇ ਉਸ ਨੂੰ ਕਹੀਆਂ ਸਨ।

12-18 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 1-3

“ਮਸੀਹੀ ਮੰਡਲੀ ʼਤੇ ਪਵਿੱਤਰ ਸ਼ਕਤੀ ਪਾਈ ਗਈ”:

(ਰਸੂਲਾਂ ਦੇ ਕੰਮ 2:1-8) ਹੁਣ ਪੰਤੇਕੁਸਤ ਦੇ ਤਿਉਹਾਰ ਦੇ ਦਿਨ ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ। 2 ਅਚਾਨਕ ਉਨ੍ਹਾਂ ਨੂੰ ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੱਤੀ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਹੋਏ ਸਨ, ਉਸ ਆਵਾਜ਼ ਨਾਲ ਗੂੰਜ ਉੱਠਿਆ। 3 ਨਾਲੇ, ਉਨ੍ਹਾਂ ਨੂੰ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਲਾਟਾਂ ਵੱਖੋ-ਵੱਖ ਹੋ ਗਈਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ, 4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ। 5 ਉਸ ਵੇਲੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ ਯਹੂਦੀ ਭਗਤ ਆ ਕੇ ਯਰੂਸ਼ਲਮ ਵਿਚ ਠਹਿਰੇ ਹੋਏ ਸਨ। 6 ਸੋ ਜਦੋਂ ਉਹ ਆਵਾਜ਼ ਸੁਣਾਈ ਦਿੱਤੀ, ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ ਕੇ ਦੰਗ ਰਹਿ ਗਿਆ। 7 ਉਹ ਹੈਰਾਨ ਹੋ ਕੇ ਕਹਿਣ ਲੱਗੇ: “ਕੀ ਇਹ ਗੱਲਾਂ ਕਰ ਰਹੇ ਸਾਰੇ ਲੋਕ ਗਲੀਲੀ ਨਹੀਂ ਹਨ? 8 ਤਾਂ ਫਿਰ, ਇਹ ਕਿਵੇਂ ਹੋ ਗਿਆ ਕਿ ਅਸੀਂ ਆਪੋ-ਆਪਣੀ ਮਾਂ-ਬੋਲੀ ਵਿਚ ਉਨ੍ਹਾਂ ਨੂੰ ਗੱਲ ਕਰਦਿਆਂ ਸੁਣ ਰਹੇ ਹਾਂ?

(ਰਸੂਲਾਂ ਦੇ ਕੰਮ 2:14) ਪਰ ਪਤਰਸ ਨੇ ਦੂਸਰੇ ਗਿਆਰਾਂ ਰਸੂਲਾਂ ਨਾਲ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਕਿਹਾ: “ਯਹੂਦੀਆ ਦੇ ਲੋਕੋ ਅਤੇ ਯਰੂਸ਼ਲਮ ਦੇ ਰਹਿਣ ਵਾਲਿਓ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ।

(ਰਸੂਲਾਂ ਦੇ ਕੰਮ 2:37, 38) ਜਦੋਂ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਦੇ ਦਿਲ ਵਿੰਨ੍ਹੇ ਗਏ ਅਤੇ ਉਨ੍ਹਾਂ ਨੇ ਪਤਰਸ ਤੇ ਬਾਕੀ ਰਸੂਲਾਂ ਨੂੰ ਪੁੱਛਿਆ: “ਭਰਾਵੋ, ਸਾਨੂੰ ਦੱਸੋ, ਅਸੀਂ ਕੀ ਕਰੀਏ?” 38 ਪਤਰਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਤੋਬਾ ਕਰੋ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲਓ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ।

(ਰਸੂਲਾਂ ਦੇ ਕੰਮ 2:41) ਇਸ ਲਈ ਜਿਨ੍ਹਾਂ ਨੇ ਉਸ ਦੇ ਬਚਨ ਨੂੰ ਦਿਲੋਂ ਮੰਨਿਆ, ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸ ਦਿਨ ਲਗਭਗ 3,000 ਲੋਕ ਚੇਲਿਆਂ ਨਾਲ ਰਲ਼ ਗਏ।

(ਰਸੂਲਾਂ ਦੇ ਕੰਮ 2:42-47) ਅਤੇ ਉਹ ਰਸੂਲਾਂ ਤੋਂ ਸਿੱਖਿਆ ਲੈਣ ਵਿਚ, ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਨ ਵਿਚ, ਰਲ਼ ਕੇ ਭੋਜਨ ਕਰਨ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ। 43 ਰਸੂਲਾਂ ਨੇ ਬਹੁਤ ਸਾਰੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ ਅਤੇ ਜਿਨ੍ਹਾਂ ਨੇ ਵੀ ਇਹ ਸਭ ਕੁਝ ਦੇਖਿਆ, ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ। 44 ਸਾਰੇ ਨਵੇਂ ਚੇਲੇ ਇਕੱਠੇ ਸਨ ਅਤੇ ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਦੇ ਸਨ। 45 ਅਤੇ ਉਹ ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ ਪੈਸਾ ਸਾਰਿਆਂ ਵਿਚ ਲੋੜ ਅਨੁਸਾਰ ਵੰਡ ਦਿੰਦੇ ਸਨ। 46 ਉਹ ਰੋਜ਼ ਮੰਦਰ ਵਿਚ ਇਕੱਠੇ ਹੁੰਦੇ ਸਨ, ਇਕ-ਦੂਸਰੇ ਦੇ ਘਰ ਖ਼ੁਸ਼ੀ-ਖ਼ੁਸ਼ੀ ਭੋਜਨ ਖਾਂਦੇ ਸਨ ਅਤੇ ਸਾਰੇ ਕੰਮ ਸਾਫ਼ਦਿਲੀ ਨਾਲ ਕਰਦੇ ਸਨ 47 ਅਤੇ ਪਰਮੇਸ਼ੁਰ ਦਾ ਗੁਣਗਾਨ ਕਰਦੇ ਸਨ। ਨਾਲੇ ਸਾਰੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਨ। ਇਸ ਦੌਰਾਨ ਯਹੋਵਾਹ ਰੋਜ਼ ਹੋਰ ਲੋਕਾਂ ਨੂੰ ਬਚਾ ਕੇ ਚੇਲਿਆਂ ਨਾਲ ਰਲ਼ਾਉਂਦਾ ਰਿਹਾ।

w86 12/1 29 ਪੈਰੇ 4-5, 7

ਦਾਨ ਜਿਸ ਤੋਂ ਖ਼ੁਸ਼ੀ ਮਿਲਦੀ ਹੈ

33 ਈਸਵੀ ਵਿਚ ਮਸੀਹੀ ਮੰਡਲੀ ਦੇ ਬਣਨ ਦੇ ਪਹਿਲੇ ਦਿਨ ਤੋਂ 3,000 ਨਵੇਂ ਬਪਤਿਸਮਾ-ਪ੍ਰਾਪਤ ਮਸੀਹੀ “ਆਪਣਾ ਸਭ ਕੁਝ ਦੂਸਰਿਆਂ ਨਾਲ ਸਾਂਝਾ ਕਰਨ ਵਿਚ, ਰਲ਼ ਕੇ ਭੋਜਨ ਕਰਨ ਅਤੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।” ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਉਹ ‘ਰਸੂਲਾਂ ਤੋਂ ਸਿੱਖਿਆ ਲੈ’ ਕੇ ਆਪਣੀ ਨਿਹਚਾ ਹੋਰ ਮਜ਼ਬੂਤ ਕਰਨੀ ਚਾਹੁੰਦੇ ਸਨ।​—ਰਸੂ 2:41, 42.

ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਯਰੂਸ਼ਲਮ ਵਿਚ ਸਿਰਫ਼ ਪੰਤੇਕੁਸਤ ਦੇ ਤਿਉਹਾਰ ਦੇ ਸਮੇਂ ਦੌਰਾਨ ਰਹਿਣ ਦਾ ਬੰਦੋਬਸਤ ਕਰ ਕੇ ਆਏ ਸਨ। ਪਰ ਨਵੇਂ ਬਣੇ ਮਸੀਹੀ ਹੋਰ ਜ਼ਿਆਦਾ ਸਮਾਂ ਰੁਕ ਕੇ ਅਤੇ ਹੋਰ ਸਿੱਖ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੁੰਦੇ ਸਨ। ਇਸ ਕਰਕੇ ਖਾਣ-ਪੀਣ ਅਤੇ ਰਹਿਣ ਦਾ ਬੰਦੋਬਸਤ ਕਰਨ ਦੀ ਅਚਾਨਕ ਲੋੜ ਪੈ ਗਈ। ਉੱਥੇ ਆਏ ਕੁਝ ਲੋਕਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ ਜਦ ਕਿ ਕਈ ਜਣਿਆਂ ਕੋਲ ਵਾਧੂ ਪੈਸੇ ਸਨ। ਇਸ ਕਰਕੇ ਸਾਰਿਆਂ ਨੇ ਆਪਣੇ ਪੈਸੇ ਅਤੇ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਲੋੜਵੰਦਾਂ ਨੂੰ ਵੰਡ ਦਿੱਤੀਆਂ।​—ਰਸੂ 2:43-47.

ਸਾਰਿਆਂ ਨੇ ਆਪਣੀ ਇੱਛਾ ਨਾਲ ਆਪਣੀ ਜ਼ਮੀਨ-ਜਾਇਦਾਦ ਵੇਚੀ ਅਤੇ ਆਪਣੀਆਂ ਚੀਜ਼ਾਂ ਸਾਂਝੀਆਂ ਕੀਤੀਆਂ। ਕਿਸੇ ਉੱਤੇ ਵੇਚਣ ਜਾਂ ਦਾਨ ਕਰਨ ਦਾ ਦਬਾਅ ਨਹੀਂ ਪਾਇਆ ਗਿਆ ਸੀ ਅਤੇ ਨਾ ਹੀ ਗ਼ਰੀਬ ਬਣਨ ਨੂੰ ਕਿਹਾ ਗਿਆ ਸੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਅਮੀਰ ਮਸੀਹੀ ਆਪਣੀ ਜਾਇਦਾਦ ਵੇਚ ਕੇ ਗ਼ਰੀਬ ਹੋ ਜਾਣ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਸਮੇਂ ਦੇ ਹਾਲਾਤਾਂ ਵਿਚ ਆਪਣੇ ਭੈਣਾਂ-ਭਰਾਵਾਂ ਪ੍ਰਤੀ ਦਇਆ ਦਿਖਾਉਂਦੇ ਹੋਏ ਆਪਣੀ ਜ਼ਮੀਨ-ਜਾਇਦਾਦ ਵੇਚ ਦਿੱਤੀ ਅਤੇ ਉਸ ਤੋਂ ਮਿਲੇ ਪੈਸਿਆਂ ਨੂੰ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਦਾਨ ਕਰ ਦਿੱਤਾ। 2 ਕੁਰਿੰਥੀਆਂ 8:12-15 ਵਿਚ ਨੁਕਤਾ ਦੇਖੋ।

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 3:15) ਜਦ ਕਿ ਤੁਸੀਂ ਉਸ ਇਨਸਾਨ ਨੂੰ ਮਾਰ ਦਿੱਤਾ ਜਿਸ ਨੂੰ ਇਨਸਾਨਾਂ ਨੂੰ ਜੀਵਨ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।

it-2 61 ਪੈਰਾ 1

ਯਿਸੂ ਮਸੀਹ

“ਜੀਵਨ ਦੇਣ ਲਈ ਨਿਯੁਕਤ ਕੀਤਾ ਗਿਆ”: ਆਪਣੇ ਪਿਤਾ ਦੀ ਅਪਾਰ ਕਿਰਪਾ ਦਿਖਾਉਂਦੇ ਹੋਏ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਸ ਕਰਕੇ ਯਿਸੂ ਦੇ ਚੁਣੇ ਹੋਏ ਚੇਲਿਆਂ ਦਾ ਸਵਰਗ ਵਿਚ ਉਸ ਨਾਲ ਰਾਜ ਕਰਨਾ ਅਤੇ ਉਸ ਦੇ ਰਾਜ ਅਧੀਨ ਲੋਕਾਂ ਦਾ ਧਰਤੀ ʼਤੇ ਰਹਿਣਾ ਮੁਮਕਿਨ ਹੋਇਆ। (ਮੱਤੀ 6:10; ਯੂਹੰ 3:16; ਅਫ਼ 1:7; ਇਬ 2:5; ਰਿਹਾਈ ਦੀ ਕੀਮਤ ਦੇਖੋ।) ਇਸ ਤਰ੍ਹਾਂ ਯਿਸੂ ਸਾਰੀ ਮਨੁੱਖਜਾਤੀ ਨੂੰ “ਜੀਵਨ ਦੇਣ” ਵਾਲਾ ਬਣ ਗਿਆ। (ਰਸੂ 3:15) ਇੱਥੇ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ, “ਸਰਦਾਰ।” ਇਸ ਨਾਲ ਮਿਲਦਾ-ਜੁਲਦਾ ਸ਼ਬਦ ਮੂਸਾ ਲਈ ਵਰਤਿਆ ਗਿਆ ਸੀ, ਇਜ਼ਰਾਈਲ ਦਾ “ਰਾਜਾ।”​—ਰਸੂ 7:27, 35.

(ਰਸੂਲਾਂ ਦੇ ਕੰਮ 3:19) “ਇਸ ਲਈ ਤੋਬਾ ਕਰੋ ਅਤੇ ਪਰਮੇਸ਼ੁਰ ਵੱਲ ਮੁੜ ਆਓ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ ਅਤੇ ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣ

cl 265 ਪੈਰਾ 14

ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”

14 ਰਸੂਲਾਂ ਦੇ ਕਰਤੱਬ 3:19 ਵਿਚ ਯਹੋਵਾਹ ਵੱਲੋਂ ਮਾਫ਼ ਕਰਨ ਬਾਰੇ ਅੱਗੇ ਲਿਖਿਆ ਹੈ: ‘ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।’ ਜਿਸ ਯੂਨਾਨੀ ਕ੍ਰਿਆ ਦਾ ਤਰਜਮਾ ਮਿਟਾਉਣਾ ਕੀਤਾ ਗਿਆ ਹੈ, ਉਸ ਦਾ ਮਤਲਬ “ਪੂੰਝ ਕੇ ਸਾਫ਼ ਕਰਨਾ ਜਾਂ ਨਸ਼ਟ ਕਰਨਾ” ਹੋ ਸਕਦਾ ਹੈ। ਕੁਝ ਵਿਦਵਾਨਾਂ ਦੇ ਮੁਤਾਬਕ ਇਹ ਲਿਖਾਈ ਨੂੰ ਮਿਟਾਉਣ ਦੇ ਬਰਾਬਰ ਸੀ। ਇਹ ਕਿਸ ਤਰ੍ਹਾਂ ਮੁਮਕਿਨ ਸੀ? ਪੁਰਾਣੇ ਜ਼ਮਾਨੇ ਵਿਚ ਆਮ ਤੌਰ ਤੇ ਸਿਆਹੀ ਕਾਰਬਨ, ਗੂੰਦ ਤੇ ਪਾਣੀ ਮਿਲਾ ਕੇ ਬਣਾਈ ਜਾਂਦੀ ਸੀ। ਲਿਖਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਅਜਿਹੀ ਸਿਆਹੀ ਨਾਲ ਲਿਖੀ ਗੱਲ ਗਿੱਲੇ ਕੱਪੜੇ ਨਾਲ ਮਿਟਾਈ ਜਾ ਸਕਦੀ ਸੀ। ਹੁਣ ਅਸੀਂ ਯਹੋਵਾਹ ਦੇ ਰਹਿਮ ਦੀ ਸੋਹਣੀ ਤਸਵੀਰ ਦੇਖ ਸਕਦੇ ਹਾਂ। ਜਦ ਉਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਮਾਨੋ ਉਹ ਕੱਪੜਾ ਲੈ ਕੇ ਉਨ੍ਹਾਂ ਨੂੰ ਮਿਟਾ ਦਿੰਦਾ ਹੈ।

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 2:1-21) ਹੁਣ ਪੰਤੇਕੁਸਤ ਦੇ ਤਿਉਹਾਰ ਦੇ ਦਿਨ ਸਾਰੇ ਚੇਲੇ ਇਕ ਜਗ੍ਹਾ ਇਕੱਠੇ ਹੋਏ ਸਨ। 2 ਅਚਾਨਕ ਉਨ੍ਹਾਂ ਨੂੰ ਆਕਾਸ਼ੋਂ ਇਕ ਆਵਾਜ਼ ਸੁਣਾਈ ਦਿੱਤੀ ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ ਅਤੇ ਸਾਰਾ ਘਰ ਜਿੱਥੇ ਉਹ ਬੈਠੇ ਹੋਏ ਸਨ, ਉਸ ਆਵਾਜ਼ ਨਾਲ ਗੂੰਜ ਉੱਠਿਆ। 3 ਨਾਲੇ, ਉਨ੍ਹਾਂ ਨੂੰ ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ ਦਿੱਤੀਆਂ ਅਤੇ ਲਾਟਾਂ ਵੱਖੋ-ਵੱਖ ਹੋ ਗਈਆਂ ਅਤੇ ਇਕ-ਇਕ ਲਾਟ ਹਰ ਇਕ ਉੱਤੇ ਠਹਿਰ ਗਈ, 4 ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ। 5 ਉਸ ਵੇਲੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਤੋਂ ਯਹੂਦੀ ਭਗਤ ਆ ਕੇ ਯਰੂਸ਼ਲਮ ਵਿਚ ਠਹਿਰੇ ਹੋਏ ਸਨ। 6 ਸੋ ਜਦੋਂ ਉਹ ਆਵਾਜ਼ ਸੁਣਾਈ ਦਿੱਤੀ, ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਹਰ ਜਣਾ ਆਪੋ-ਆਪਣੀ ਭਾਸ਼ਾ ਵਿਚ ਚੇਲਿਆਂ ਨੂੰ ਗੱਲ ਕਰਦਿਆਂ ਸੁਣ ਕੇ ਦੰਗ ਰਹਿ ਗਿਆ। 7 ਉਹ ਹੈਰਾਨ ਹੋ ਕੇ ਕਹਿਣ ਲੱਗੇ: “ਕੀ ਇਹ ਗੱਲਾਂ ਕਰ ਰਹੇ ਸਾਰੇ ਲੋਕ ਗਲੀਲੀ ਨਹੀਂ ਹਨ? 8 ਤਾਂ ਫਿਰ, ਇਹ ਕਿਵੇਂ ਹੋ ਗਿਆ ਕਿ ਅਸੀਂ ਆਪੋ-ਆਪਣੀ ਮਾਂ-ਬੋਲੀ ਵਿਚ ਉਨ੍ਹਾਂ ਨੂੰ ਗੱਲ ਕਰਦਿਆਂ ਸੁਣ ਰਹੇ ਹਾਂ? 9 ਜਿਹੜੇ ਲੋਕ ਪਾਰਥੀ, ਮਾਦੀ ਤੇ ਏਲਾਮੀ ਬੋਲੀ ਬੋਲਦੇ ਹਨ ਅਤੇ ਜਿਹੜੇ ਲੋਕ ਮਸੋਪੋਤਾਮੀਆ, ਯਹੂਦੀਆ, ਕੱਪਦੋਕੀਆ, ਪੁੰਤੁਸ ਅਤੇ ਏਸ਼ੀਆ ਜ਼ਿਲ੍ਹੇ ਦੇ, 10 ਅਤੇ ਫ਼ਰੂਗੀਆ, ਪਮਫੀਲੀਆ, ਮਿਸਰ, ਕੁਰੇਨੇ ਵੱਲ ਦੇ ਲਿਬੀਆ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਰੋਮ ਦੇ ਮੁਸਾਫ਼ਰ, ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ, 11 ਕ੍ਰੀਟ ਅਤੇ ਅਰਬ ਦੇ ਰਹਿਣ ਵਾਲੇ ਯਾਨੀ ਅਸੀਂ ਸਾਰੇ ਲੋਕ ਆਪੋ-ਆਪਣੀ ਬੋਲੀ ਵਿਚ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਬਾਰੇ ਸੁਣ ਰਹੇ ਹਾਂ।” 12 ਹਾਂ, ਉਹ ਸਾਰੇ ਹੈਰਾਨ ਤੇ ਦੰਗ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੀ ਹੋ ਰਿਹਾ ਹੈ?” 13 ਪਰ ਕਈ ਹੋਰ ਲੋਕ ਚੇਲਿਆਂ ਦਾ ਮਖੌਲ ਉਡਾਉਂਦੇ ਹੋਏ ਕਹਿ ਰਹੇ ਸਨ: “ਇਹ ਸਾਰੇ ਸ਼ਰਾਬ ਦੇ ਨਸ਼ੇ ਵਿਚ ਹਨ।” 14 ਪਰ ਪਤਰਸ ਨੇ ਦੂਸਰੇ ਗਿਆਰਾਂ ਰਸੂਲਾਂ ਨਾਲ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਕਿਹਾ: “ਯਹੂਦੀਆ ਦੇ ਲੋਕੋ ਅਤੇ ਯਰੂਸ਼ਲਮ ਦੇ ਰਹਿਣ ਵਾਲਿਓ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ। 15 ਇਹ ਲੋਕ ਨਸ਼ੇ ਵਿਚ ਨਹੀਂ ਹਨ ਜਿਵੇਂ ਕਿ ਤੁਸੀਂ ਸੋਚਦੇ ਹੋ, ਕਿਉਂਕਿ ਅਜੇ ਤਾਂ ਸਵੇਰਾ ਹੀ ਹੈ। 16 ਇਸ ਦੇ ਉਲਟ, ਜੋ ਕੁਝ ਵੀ ਹੋ ਰਿਹਾ ਹੈ, ਉਹ ਯੋਏਲ ਨਬੀ ਦੁਆਰਾ ਦੱਸਿਆ ਗਿਆ ਸੀ, 17 ‘“ਆਖ਼ਰੀ ਦਿਨਾਂ ਵਿਚ,” ਪਰਮੇਸ਼ੁਰ ਕਹਿੰਦਾ ਹੈ, “ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ ਕਰਨਗੀਆਂ ਅਤੇ ਤੁਹਾਡੇ ਜਵਾਨ ਦਰਸ਼ਣ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ; 18 ਅਤੇ ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਉਹ ਭਵਿੱਖਬਾਣੀਆਂ ਕਰਨਗੇ। 19 ਮੈਂ ਆਕਾਸ਼ ਵਿਚ ਚਮਤਕਾਰ ਅਤੇ ਧਰਤੀ ਉੱਤੇ ਇਹ ਨਿਸ਼ਾਨੀਆਂ ਦਿਖਾਵਾਂਗਾ: ਲਹੂ, ਅੱਗ, ਧੂੰਏਂ ਦੇ ਬੱਦਲ; 20 ਯਹੋਵਾਹ ਦੇ ਮਹਾਨ ਅਤੇ ਸ਼ਾਨਦਾਰ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਦਾ ਰੰਗ ਲਹੂ ਵਾਂਗ ਲਾਲ ਹੋ ਜਾਵੇਗਾ। 21 ਅਤੇ ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”’

ਪ੍ਰਚਾਰ ਵਿਚ ਮਾਹਰ ਬਣੋ

it-1 129 ਪੈਰੇ 2-3

ਯਹੂਦਾ ਇਸਕ੍ਰਿਓਤੀ ਦੀ ਜਗ੍ਹਾ ਬਾਹਰਵਾਂ ਰਸੂਲ ਕਿਸ ਨੂੰ ਚੁਣਿਆ ਗਿਆ?

ਯਹੂਦਾਹ ਇਸਕ੍ਰਿਓਤੀ ਮਰਨ ਤਕ ਵਫ਼ਾਦਾਰ ਨਹੀਂ ਰਿਹਾ ਜਿਸ ਕਰਕੇ ਸਿਰਫ਼ 11 ਰਸੂਲ ਰਹਿ ਗਏ ਸਨ। ਯਿਸੂ ਦੁਬਾਰਾ ਜੀਉਂਦਾ ਹੋਇਆ ਤੇ ਉਹ 40 ਦਿਨ ਧਰਤੀ ʼਤੇ ਰਿਹਾ। ਸਵਰਗ ਜਾਣ ਤਕ ਯਿਸੂ ਨੇ ਯਹੂਦਾ ਦੀ ਜਗ੍ਹਾ ਲੈਣ ਲਈ ਕਿਸੇ ਹੋਰ ਨੂੰ ਨਹੀਂ ਚੁਣਿਆ। ਯਿਸੂ ਦੇ ਸਵਰਗ ਜਾਣ ਦੇ ਦਿਨ ਤੋਂ ਲੈ ਕੇ ਪੰਤੇਕੁਸਤ ਦੇ ਦਿਨ ਤਕ 10 ਦਿਨਾਂ ਦਾ ਸਮਾਂ ਸੀ ਜਿਸ ਦੌਰਾਨ ਇਹ ਮੰਨਿਆ ਗਿਆ ਕਿ ਯਹੂਦਾ ਦੀ ਜਗ੍ਹਾ ਲੈਣ ਲਈ ਹੁਣ ਕਿਸੇ ਹੋਰ ਨੂੰ ਚੁਣਨਾ ਜ਼ਰੂਰੀ ਸੀ, ਇਸ ਕਰਕੇ ਨਹੀਂ ਕਿਉਂਕਿ ਯਹੂਦਾ ਦੀ ਮੌਤ ਹੋ ਗਈ ਸੀ, ਬਲਕਿ ਇਸ ਦੀ ਵਜ੍ਹਾ ਉਸ ਦੀ ਬੇਵਫ਼ਾਈ ਸੀ ਅਤੇ ਇਸ ਦਾ ਸਬੂਤ ਪਤਰਸ ਦੁਆਰਾ ਜ਼ਿਕਰ ਕੀਤੀਆਂ ਆਇਤਾਂ ਤੋਂ ਮਿਲਦਾ ਹੈ। (ਰਸੂ 1:15-22; ਜ਼ਬੂ 69:25, 109:8; ਪ੍ਰਕਾ 3:11 ਦਾ ਨੁਕਤਾ ਦੇਖੋ) ਦੂਜੇ ਪਾਸੇ, ਜਦੋਂ ਵਫ਼ਾਦਾਰ ਰਸੂਲ ਯਾਕੂਬ ਦੀ ਮੌਤ ਹੋਈ, ਤਾਂ ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਦੀ ਜਗ੍ਹਾ ਲੈਣ ਲਈ ਕਿਸੇ ਹੋਰ ਨੂੰ ਚੁਣਨ ਬਾਰੇ ਕੋਈ ਜ਼ਿਕਰ ਕੀਤਾ ਗਿਆ ਹੋਵੇ।​—ਰਸੂ 12:2.

ਪਤਰਸ ਦੀ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਦੇ ਰਸੂਲ ਵਜੋਂ ਚੁਣੇ ਜਾਣ ਲਈ ਜ਼ਰੂਰੀ ਸੀ ਕਿ ਉਹ ਵਿਅਕਤੀ ਯਿਸੂ ਦੇ ਨਾਲ ਰਿਹਾ ਹੋਵੇ ਅਤੇ ਉਸ ਨੇ ਯਿਸੂ ਦੇ ਕੰਮਾਂ ਨੂੰ, ਚਮਤਕਾਰਾਂ ਨੂੰ, ਖ਼ਾਸ ਕਰਕੇ ਉਸ ਦੇ ਜੀਉਂਦੇ ਹੋਣ ਦੀ ਘਟਨਾ ਨੂੰ ਅੱਖੀਂ ਦੇਖਿਆ ਹੋਵੇ। ਇਸ ਤੋਂ ਪਤਾ ਲੱਗਦਾ ਹੈ ਕਿ ਸਮੇਂ ਦੇ ਬੀਤਣ ਨਾਲ ਕਿਸੇ ਨੂੰ ਰਸੂਲ ਦੀ ਜਗ੍ਹਾ ʼਤੇ ਚੁਣਿਆ ਜਾਣਾ ਨਾਮੁਮਕਿਨ ਹੋ ਜਾਣਾ ਸੀ, ਬਸ਼ਰਤੇ ਕਿ ਪਰਮੇਸ਼ੁਰ ਆਪ ਕਿਸੇ ਇਨਸਾਨ ਦੀ ਇਨ੍ਹਾਂ ਮੰਗਾਂ ਨੂੰ ਪੂਰਿਆਂ ਕਰਨ ਵਿਚ ਮਦਦ ਕਰਦਾ। ਉਸ ਸਮੇਂ, ਪੰਤੇਕੁਸਤ ਦੇ ਦਿਨ ਤੋਂ ਪਹਿਲਾਂ, ਕੁਝ ਆਦਮੀ ਇਨ੍ਹਾਂ ਮੰਗਾਂ ਨੂੰ ਪੂਰਾ ਕਰਦੇ ਸਨ। ਉਨ੍ਹਾਂ ਵਿੱਚੋਂ ਦੋ ਆਦਮੀਆਂ ਦੇ ਨਾਂ ਯਹੂਦਾ ਦੀ ਜਗ੍ਹਾ ʼਤੇ ਚੁਣੇ ਜਾਣ ਲਈ ਦਿੱਤੇ ਗਏ। ਕਹਾਉਤਾਂ 16:33 ਨੂੰ ਧਿਆਨ ਵਿਚ ਰੱਖਦੇ ਹੋਏ ਗੁਣੇ ਪਾਏ ਗਏ, ਮੱਥਿਆਸ ਚੁਣਿਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ “ਦੂਸਰੇ ਗਿਆਰਾਂ ਰਸੂਲਾਂ ਨਾਲ ਗਿਣਿਆ ਗਿਆ।” (ਰਸੂ 1:23-26) ਉਹ ਉਨ੍ਹਾਂ “ਬਾਰਾਂ” ਰਸੂਲਾਂ ਵਿਚ ਸੀ ਜਿਨ੍ਹਾਂ ਨੇ ਯੂਨਾਨੀ ਬੋਲਣ ਵਾਲੇ ਚੇਲਿਆਂ ਦੀ ਸਮੱਸਿਆ ਦਾ ਹੱਲ ਕੀਤਾ ਸੀ। (ਰਸੂ 6:1, 2) ਨਾਲੇ 1 ਕੁਰਿੰਥੀਆਂ 15:4-8 ਵਿਚ ਜਦੋਂ ਪੌਲੁਸ ਯਿਸੂ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਚੇਲਿਆਂ ਸਾਮ੍ਹਣੇ ਪ੍ਰਗਟ ਹੋਣ ਦੀ ਗੱਲ ਕਰਦਾ ਹੈ, ਤਾਂ ਉਹ “ਬਾਰਾਂ ਰਸੂਲਾਂ” ਦੀ ਗੱਲ ਕਰਦਿਆਂ ਮੱਥਿਆਸ ਨੂੰ ਵੀ ਸ਼ਾਮਲ ਕਰਦਾ ਹੈ। ਇਸ ਤਰ੍ਹਾਂ ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਾਂ 12 ਰਸੂਲ ਮੌਜੂਦ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਇਜ਼ਰਾਈਲ ਦੀ ਨੀਂਹ ਹੋਣਾ ਸੀ।

19-25 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 4–5

“ਉਹ ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੇ”

(ਰਸੂਲਾਂ ਦੇ ਕੰਮ 4:5-13) ਅਗਲੇ ਦਿਨ ਯਰੂਸ਼ਲਮ ਵਿਚ ਯਹੂਦੀਆਂ ਦੇ ਧਾਰਮਿਕ ਆਗੂ, ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ 6 (ਉਨ੍ਹਾਂ ਵਿਚ ਮੁੱਖ ਪੁਜਾਰੀ ਅੰਨਾਸ, ਕਾਇਫ਼ਾ, ਯੂਹੰਨਾ, ਸਿਕੰਦਰ ਅਤੇ ਮੁੱਖ ਪੁਜਾਰੀ ਦੇ ਬਹੁਤ ਸਾਰੇ ਰਿਸ਼ਤੇਦਾਰ ਵੀ ਸਨ) 7 ਅਤੇ ਉਨ੍ਹਾਂ ਨੇ ਦੋਵਾਂ ਚੇਲਿਆਂ ਨੂੰ ਗੱਭੇ ਖੜ੍ਹੇ ਕਰ ਕੇ ਪੁੱਛਿਆ: “ਤੁਸੀਂ ਇਹ ਕੰਮ ਕਿਸ ਦੇ ਅਧਿਕਾਰ ਨਾਲ ਜਾਂ ਕਿਸ ਦੇ ਨਾਂ ʼਤੇ ਕਰਦੇ ਹੋ?” 8 ਫਿਰ ਪਤਰਸ ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਕੌਮ ਦੇ ਆਗੂਓ ਅਤੇ ਬਜ਼ੁਰਗੋ, 9 ਜੇ ਇਸ ਲੰਗੜੇ ਦਾ ਭਲਾ ਕਰਨ ਕਰਕੇ ਅੱਜ ਸਾਡੇ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸ ਨੇ ਇਸ ਨੂੰ ਚੰਗਾ ਕੀਤਾ ਹੈ, 10 ਤਾਂ ਤੁਹਾਨੂੰ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ, ਹਾਂ ਉਸੇ ਰਾਹੀਂ ਇਹ ਆਦਮੀ ਇੱਥੇ ਤੁਹਾਡੇ ਸਾਮ੍ਹਣੇ ਤੰਦਰੁਸਤ ਖੜ੍ਹਾ ਹੈ। ਤੁਸੀਂ ਉਸੇ ਯਿਸੂ ਨੂੰ ਸੂਲ਼ੀ ʼਤੇ ਟੰਗ ਦਿੱਤਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ। 11 ਉਹੀ ਯਿਸੂ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਯਾਨੀ ਤੁਸੀਂ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ।’ 12 ਨਾਲੇ, ਹੋਰ ਕਿਸੇ ਰਾਹੀਂ ਮੁਕਤੀ ਨਹੀਂ ਮਿਲੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਸ ਦੇ ਨਾਂ ʼਤੇ ਸਾਨੂੰ ਬਚਾਇਆ ਜਾਵੇਗਾ।” 13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ ਸਨ, ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ;

w08 9/1 15, ਡੱਬੀ

ਮੂੰਹੋਂ ਬੋਲੇ ਸ਼ਬਦਾਂ ਤੋਂ ਲੈ ਕੇ ਪਵਿੱਤਰ ਲਿਖਤਾਂ—ਲਿਖਤਾਂ ਤੇ ਮੁਢਲੇ ਮਸੀਹੀ

ਕੀ ਰਸੂਲ ਘੱਟ ਪੜ੍ਹੇ-ਲਿਖੇ ਸਨ?

ਜਦੋਂ ਯਰੂਸ਼ਲਮ ਦੇ ਰਾਜਿਆਂ ਅਤੇ ਬਜ਼ੁਰਗਾਂ ਨੇ “ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ ਸਨ, ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ।” (ਰਸੂ 4:13) ਕੀ ਰਸੂਲ ਸੱਚ-ਮੁੱਚ ਘੱਟ ਪੜ੍ਹੇ-ਲਿਖੇ ਸਨ? ਇਸ ਬਾਰੇ ਦ ਨਿਊ ਇੰਟਰਪ੍ਰੇਟਰ ਬਾਈਬਲ ਦੱਸਦੀ ਹੈ: “ਇਨ੍ਹਾਂ ਸ਼ਬਦਾਂ ਦਾ ਇਹ ਮਤਲਬ ਨਹੀਂ ਹੈ ਕਿ ਪਤਰਸ [ਅਤੇ ਯੂਹੰਨਾ] ਸੱਚ-ਮੁੱਚ ਸਕੂਲ ਨਹੀਂ ਗਏ ਸਨ ਅਤੇ ਪੜ੍ਹ-ਲਿਖ ਨਹੀਂ ਸਕਦੇ ਸਨ। ਉਹ ਸਿਰਫ਼ ਨਿਆਂਕਾਰਾਂ ਅਤੇ ਰਸੂਲਾਂ ਦੇ ਸਮਾਜਕ ਰੁਤਬੇ ਵਿਚ ਫ਼ਰਕ ਬਾਰੇ ਸੋਚ ਰਹੇ ਸਨ।

w08 5/15 30 ਪੈਰਾ 6

ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

4:13​—ਕੀ ਪਤਰਸ ਤੇ ਯੂਹੰਨਾ ਘੱਟ ਪੜ੍ਹੇ-ਲਿਖੇ ਸਨ? ਨਹੀਂ। ਉਨ੍ਹਾਂ ਨੂੰ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਇਸ ਲਈ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਇਬਰਾਨੀ ਧਾਰਮਿਕ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ ਸੀ।

(ਰਸੂਲਾਂ ਦੇ ਕੰਮ 4:18-20) ਫਿਰ ਉਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਉਹ ਕਿਸੇ ਵੀ ਨਾਲ ਨਾ ਤਾਂ ਯਿਸੂ ਦੇ ਨਾਂ ਬਾਰੇ ਗੱਲ ਕਰਨ ਅਤੇ ਨਾ ਹੀ ਸਿੱਖਿਆ ਦੇਣ। 19 ਪਰ ਪਤਰਸ ਤੇ ਯੂਹੰਨਾ ਨੇ ਜਵਾਬ ਦਿੱਤਾ: “ਤੁਸੀਂ ਆਪ ਸੋਚੋ: ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? 20 ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਚੁੱਪ ਨਹੀਂ ਰਹਿ ਸਕਦੇ।”

(ਰਸੂਲਾਂ ਦੇ ਕੰਮ 4:23-31) ਉਹ ਦੋਵੇਂ ਰਿਹਾ ਹੋਣ ਤੋਂ ਬਾਅਦ ਦੂਸਰੇ ਚੇਲਿਆਂ ਕੋਲ ਚਲੇ ਗਏ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਹੀਆਂ ਸਨ। 24 ਇਹ ਸੁਣਨ ਤੋਂ ਬਾਅਦ ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ: “ਸਾਰੇ ਜਹਾਨ ਦੇ ਮਾਲਕ, ਤੂੰ ਹੀ ਆਕਾਸ਼, ਧਰਤੀ, ਸਮੁੰਦਰ ਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ 25 ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਤੂੰ ਸਾਡੇ ਪੂਰਵਜ ਤੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਹਾਇਆ ਸੀ, ‘ਕੌਮਾਂ ਕਿਉਂ ਭੜਕੀਆਂ ਅਤੇ ਲੋਕਾਂ ਨੇ ਵਿਅਰਥ ਗੱਲਾਂ ਉੱਤੇ ਧਿਆਨ ਕਿਉਂ ਲਾਇਆ? 26 ਧਰਤੀ ਦੇ ਰਾਜੇ ਅਤੇ ਹਾਕਮ ਇਕੱਠੇ ਹੋ ਕੇ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਰਾਜੇ ਦੇ ਖ਼ਿਲਾਫ਼ ਖੜ੍ਹੇ ਹੋਏ।’ 27 ਇਹ ਸਭ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ਹੇਰੋਦੇਸ, ਪੁੰਤੀਅਸ ਪਿਲਾਤੁਸ, ਗ਼ੈਰ-ਯਹੂਦੀ ਕੌਮਾਂ ਅਤੇ ਇਜ਼ਰਾਈਲ ਦੇ ਲੋਕ ਤੇਰੇ ਚੁਣੇ ਹੋਏ ਪਵਿੱਤਰ ਸੇਵਕ ਯਿਸੂ ਦੇ ਖ਼ਿਲਾਫ਼ ਇਸ ਸ਼ਹਿਰ ਵਿਚ ਇਕੱਠੇ ਹੋਏ ਸਨ। 28 ਉਹ ਸਭ ਉਹੀ ਕੁਝ ਕਰਨ ਲਈ ਇਕੱਠੇ ਹੋਏ ਸਨ ਜੋ ਤੂੰ ਪਹਿਲਾਂ ਦੱਸਿਆ ਸੀ। ਤੂੰ ਆਪਣੀ ਤਾਕਤ ਅਤੇ ਇੱਛਾ ਨਾਲ ਇਹ ਸਭ ਕੁਝ ਹੋਣ ਦਿੱਤਾ। 29 ਪਰ ਹੁਣ ਯਹੋਵਾਹ, ਉਨ੍ਹਾਂ ਦੀਆਂ ਧਮਕੀਆਂ ਵੱਲ ਧਿਆਨ ਦੇ ਅਤੇ ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ 30 ਅਤੇ ਤੂੰ ਆਪਣੀ ਸ਼ਕਤੀ ਨਾਲ ਬੀਮਾਰਾਂ ਨੂੰ ਚੰਗਾ ਕਰਦਾ ਰਹਿ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਂ ਰਾਹੀਂ ਨਿਸ਼ਾਨੀਆਂ ਤੇ ਚਮਤਕਾਰ ਹੁੰਦੇ ਰਹਿਣ।” 31 ਜਦੋਂ ਉਹ ਦਿਲੋਂ ਪ੍ਰਾਰਥਨਾ ਕਰ ਹਟੇ, ਤਾਂ ਜਿਸ ਘਰ ਵਿਚ ਉਹ ਸਾਰੇ ਇਕੱਠੇ ਹੋਏ ਸਨ, ਉਹ ਘਰ ਹਿੱਲਣ ਲੱਗ ਪਿਆ; ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।

it-1 128 ਪੈਰਾ 3

ਰਸੂਲ

ਮਸੀਹੀ ਮੰਡਲੀ ਦੇ ਕੰਮ। ਪੰਤੇਕੁਸਤ ਦੇ ਦਿਨ ਚੇਲਿਆਂ ʼਤੇ ਆਈ ਪਵਿੱਤਰ ਸ਼ਕਤੀ ਕਰਕੇ ਰਸੂਲਾਂ ਦੀ ਨਿਹਚਾ ਬਹੁਤ ਮਜ਼ਬੂਤ ਹੋਈ। ਰਸੂਲਾਂ ਦੇ ਕੰਮ ਦੇ ਪਹਿਲੇ ਪੰਜ ਅਧਿਆਵਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਯਿਸੂ ਦੇ ਜੀ ਉਠਾਏ ਜਾਣ ਬਾਰੇ ਗਵਾਹੀ ਦਿੱਤੀ ਭਾਵੇਂ ਇੱਦਾਂ ਕਰਨ ਕਰਕੇ ਉਨ੍ਹਾਂ ਨੂੰ ਕੈਦ ਕੀਤਾ ਗਿਆ, ਮਾਰਿਆ-ਕੁੱਟਿਆ ਗਿਆ ਅਤੇ ਧਾਰਮਿਕ ਆਗੂਆਂ ਵੱਲੋਂ ਜਾਨੋਂ ਮਾਰੇ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਡਰ ਤੇ ਦਲੇਰ ਸਨ। ਪੰਤੇਕੁਸਤ ਤੋਂ ਬਾਅਦ ਦੇ ਦਿਨਾਂ ਦੌਰਾਨ ਪਵਿੱਤਰ ਸ਼ਕਤੀ ਅਧੀਨ ਰਸੂਲਾਂ ਦੁਆਰਾ ਅਗਵਾਈ ਮਿਲਣ ਕਰਕੇ ਮਸੀਹੀ ਮੰਡਲੀ ਵਿਚ ਸ਼ਾਨਦਾਰ ਵਾਧਾ ਹੋਇਆ ਹੈ। (ਰਸੂ 2:41; 4:4) ਉਹ ਪਹਿਲਾਂ ਯਰੂਸ਼ਲਮ ਵਿਚ ਪ੍ਰਚਾਰ ਕਰਦੇ ਸਨ, ਫਿਰ ਉਹ ਸਾਮਰੀਆ ਵਿਚ ਪ੍ਰਚਾਰ ਕਰਨ ਲੱਗੇ ਤੇ ਸਮੇਂ ਦੇ ਬੀਤਣ ਨਾਲ ਪੂਰੀ ਦੁਨੀਆਂ ਵਿਚ ਇਹ ਕੰਮ ਹੋਣ ਲੱਗ ਪਿਆ।—ਰਸੂ 5:42; 6:7; 8:5-17, 25; 1:8.

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 4:11) ਉਹੀ ਯਿਸੂ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਯਾਨੀ ਤੁਸੀਂ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ।’

it-1 514 ਪੈਰਾ 4

ਕੋਨੇ ਦਾ ਪੱਥਰ

ਜ਼ਬੂਰ 118:22 ਤੋਂ ਪਤਾ ਲੱਗਦਾ ਹੈ ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕਰ ਦਿੱਤਾ, ਉਸ ਨੇ “ਖੂੰਜੇ ਦਾ ਸਿਰਾ” (Heb., roʼsh pin·nahʹ) ਬਣਨਾ ਸੀ। ਯਿਸੂ ਨੇ ਇਸ ਆਇਤ ਦਾ ਹਵਾਲਾ ਦਿੱਤਾ ਅਤੇ ਆਪਣੇ ਆਪ ਨੂੰ “ਕੋਨੇ ਦਾ ਮੁੱਖ ਪੱਥਰ” ਕਹਿ ਕੇ (Gr., ke·pha·leʹ go·niʹas, ਖੂੰਜੇ ਦਾ ਸਿਰਾ) ਇਹ ਭਵਿੱਖਬਾਣੀ ਆਪਣੇ ਉੱਤੇ ਲਾਗੂ ਕੀਤੀ। (ਮੱਤੀ 21:42; ਮਰ 12:10, 11; ਲੂਕਾ 20:17) ਜਿਸ ਤਰ੍ਹਾਂ ਇਕ ਇਮਾਰਤ ਦਾ ਸਭ ਤੋਂ ਉਪਰਲਾ ਪੱਥਰ ਸਭ ਨੂੰ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਯਿਸੂ ਪਰਮੇਸ਼ੁਰ ਦੇ ਮੰਦਰ ਯਾਨੀ ਚੁਣੇ ਹੋਇਆਂ ਦੀ ਮਸੀਹੀ ਮੰਡਲੀ ਦਾ ਸਭ ਤੋਂ ਉਪਰਲਾ ਪੱਥਰ ਹੈ। ਪਤਰਸ ਨੇ ਵੀ ਜ਼ਬੂਰ 118:22 ਦਾ ਹਵਾਲਾ ਯਿਸੂ ʼਤੇ ਲਾਗੂ ਕਰਦੇ ਹੋਏ ਦੱਸਿਆ ਕਿ ਯਿਸੂ ਉਹ “ਪੱਥਰ” ਸੀ ਜਿਸ ਨੂੰ ਲੋਕਾਂ ਨੇ ਰੱਦ ਕਰ ਦਿੱਤਾ। ਪਰ ਪਰਮੇਸ਼ੁਰ ਨੇ ਉਸ ਨੂੰ ਚੁਣ ਕੇ “ਖੂੰਜੇ ਦਾ ਸਿਰਾ” ਬਣਾ ਦਿੱਤਾ।​—ਰਸੂ 4:8-12; 1 ਪਤ 2:4-7 ਵੀ ਦੇਖੋ।

(ਰਸੂਲਾਂ ਦੇ ਕੰਮ 5:1) ਦੂਜੇ ਪਾਸੇ, ਹਨਾਨਿਆ ਨਾਂ ਦੇ ਇਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਕੁਝ ਜਾਇਦਾਦ ਵੇਚੀ।

w13 5/1 11 ਪੈਰਾ 4

ਪਤਰਸ ਤੇ ਹਨਾਨਿਆ ਨੇ ਝੂਠ ਬੋਲਿਆ​—ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ?

ਹਨਾਨਿਆ ਤੇ ਸਫ਼ੀਰਾ ਨੇ ਆਪਣੀ ਕੁਝ ਜਾਇਦਾਦ ਵੇਚ ਕੇ ਯਿਸੂ ਦੇ ਨਵੇਂ ਚੇਲਿਆਂ ਦੀ ਮਦਦ ਕਰਨ ਲਈ ਪੈਸੇ ਦਿੱਤੇ। ਜਦੋਂ ਹਨਾਨਿਆ ਰਸੂਲਾਂ ਕੋਲ ਪੈਸੇ ਲਿਆਇਆ, ਤਾਂ ਉਸ ਨੇ ਕਿਹਾ ਕਿ ਇਹ ਸਾਰੇ ਪੈਸੇ ਹਨ। ਪਰ ਇਹ ਝੂਠ ਸੀ! ਉਸ ਨੇ ਕੁਝ ਪੈਸੇ ਆਪਣੇ ਕੋਲ ਰੱਖੇ ਸਨ! ਪਰਮੇਸ਼ੁਰ ਨੇ ਪਤਰਸ ਨੂੰ ਇਸ ਬਾਰੇ ਦੱਸਿਆ ਤੇ ਪਤਰਸ ਨੇ ਹਨਾਨਿਆ ਨੂੰ ਕਿਹਾ: “ਤੂੰ ਇਨਸਾਨਾਂ ਨਾਲ ਨਹੀਂ, ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।” ਉਸੇ ਵਕਤ ਹਨਾਨਿਆ ਡਿਗ ਕੇ ਮਰ ਗਿਆ! ਤਿੰਨ ਕੁ ਘੰਟੇ ਬਾਅਦ ਉਸ ਦੀ ਪਤਨੀ ਆਈ। ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਤੀ ਨਾਲ ਕੀ ਹੋਇਆ। ਉਸ ਨੇ ਵੀ ਝੂਠ ਬੋਲਿਆ ਤੇ ਉਹ ਵੀ ਡਿਗ ਕੇ ਮਰ ਗਈ।

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 5:27-42) ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਦੇ ਹਾਲ ਵਿਚ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਨੂੰ ਪੁੱਛ-ਗਿੱਛ ਕਰਦੇ ਹੋਏ 28 ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ, ਪਰ ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।” 29 ਜਵਾਬ ਵਿਚ ਪਤਰਸ ਤੇ ਦੂਸਰੇ ਰਸੂਲਾਂ ਨੇ ਕਿਹਾ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ। 30 ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਜਿਸ ਨੂੰ ਤੁਸੀਂ ਸੂਲ਼ੀ ਉੱਤੇ ਟੰਗ ਕੇ ਮਾਰ ਦਿੱਤਾ ਸੀ। 31 ਪਰਮੇਸ਼ੁਰ ਨੇ ਉਸ ਨੂੰ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ ਅਤੇ ਉਸ ਨੂੰ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਜੀਵਨ ਦੇਣ ਲਈ ਨਿਯੁਕਤ ਕੀਤਾ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਹੈ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ। 32 ਅਤੇ ਅਸੀਂ ਸਾਰੇ ਇਨ੍ਹਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਸ਼ਕਤੀ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਵਿਚ ਸਾਡੀ ਮਦਦ ਕਰਦੀ ਹੈ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਇਹ ਸ਼ਕਤੀ ਦਿੱਤੀ ਹੈ ਜਿਹੜੇ ਉਸ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।” 33 ਜਦੋਂ ਉਨ੍ਹਾਂ ਨੇ ਇਹ ਸੁਣਿਆ, ਤਾਂ ਉਹ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ ਅਤੇ ਉਹ ਰਸੂਲਾਂ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। 34 ਪਰ ਮਹਾਸਭਾ ਵਿਚ ਗਮਲੀਏਲ ਨਾਂ ਦਾ ਇਕ ਫ਼ਰੀਸੀ ਖੜ੍ਹਾ ਹੋਇਆ। ਉਹ ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ। ਉਸ ਨੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ। 35 ਫਿਰ ਉਸ ਨੇ ਮਹਾਸਭਾ ਨੂੰ ਕਿਹਾ: “ਇਜ਼ਰਾਈਲ ਦੇ ਲੋਕੋ, ਇਸ ਗੱਲ ਵਿਚ ਖ਼ਬਰਦਾਰ ਰਹੋ ਕਿ ਤੁਸੀਂ ਇਨ੍ਹਾਂ ਆਦਮੀਆਂ ਨੂੰ ਕਿਹੜੀ ਸਜ਼ਾ ਦੇਣ ਦਾ ਮਨ ਬਣਾਇਆ ਹੈ। 36 ਮਿਸਾਲ ਲਈ, ਕੁਝ ਸਮਾਂ ਪਹਿਲਾਂ ਥਿਉਦਾਸ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਕਹਿੰਦਾ ਹੁੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਲਗਭਗ 400 ਲੋਕ ਉਸ ਨਾਲ ਰਲ਼ ਗਏ। ਪਰ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਮਗਰ ਲੱਗੇ ਸਾਰੇ ਲੋਕ ਖਿੰਡ-ਪੁੰਡ ਗਏ ਤੇ ਉਸ ਦੀ ਟੋਲੀ ਖ਼ਤਮ ਹੋ ਗਈ। 37 ਉਸ ਤੋਂ ਬਾਅਦ ਮਰਦਮਸ਼ੁਮਾਰੀ ਦੇ ਦਿਨਾਂ ਵਿਚ ਯਹੂਦਾ ਗਲੀਲੀ ਖੜ੍ਹਾ ਹੋਇਆ ਅਤੇ ਉਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ। ਪਰ ਉਹ ਆਦਮੀ ਮਰ ਗਿਆ ਤੇ ਉਸ ਦੇ ਪਿੱਛੇ ਚੱਲਣ ਵਾਲੇ ਸਾਰੇ ਲੋਕ ਖਿੰਡ ਗਏ। 38 ਸੋ ਇਸ ਮਾਮਲੇ ਵਿਚ ਵੀ, ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਕਿ ਇਨ੍ਹਾਂ ਆਦਮੀਆਂ ਦੇ ਕੰਮ ਵਿਚ ਦਖ਼ਲ ਨਾ ਦਿਓ, ਸਗੋਂ ਇਨ੍ਹਾਂ ਨੂੰ ਜਾਣ ਦਿਓ; ਕਿਉਂਕਿ ਜੇ ਇਹ ਸਿੱਖਿਆ ਜਾਂ ਕੰਮ ਇਨਸਾਨਾਂ ਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ; 39 ਪਰ ਜੇ ਇਹ ਸਿੱਖਿਆ ਜਾਂ ਕੰਮ ਪਰਮੇਸ਼ੁਰ ਦਾ ਹੈ, ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ। ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈ ਲਓ।” 40 ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਬੁਲਾ ਕੇ ਉਨ੍ਹਾਂ ਦੇ ਕੋਰੜੇ ਮਰਵਾਏ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਦੇ ਨਾਂ ʼਤੇ ਸਿੱਖਿਆ ਨਾ ਦੇਣ, ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ। 41 ਇਸ ਲਈ, ਰਸੂਲ ਮਹਾਸਭਾ ਦੇ ਮੁਹਰਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ। 42 ਅਤੇ ਉਹ ਰੋਜ਼ ਬਿਨਾਂ ਰੁਕੇ ਮੰਦਰ ਵਿਚ ਅਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।

26 ਨਵੰਬਰ–2 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 6-8

“ਨਵੀਂ ਬਣੀ ਮਸੀਹੀ ਮੰਡਲੀ ਦੀ ਨਿਹਚਾ ਪਰਖੀ ਗਈ”

(ਰਸੂਲਾਂ ਦੇ ਕੰਮ 6:1) ਹੁਣ ਉਨ੍ਹਾਂ ਦਿਨਾਂ ਵਿਚ, ਜਦੋਂ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਇਬਰਾਨੀ ਬੋਲਣ ਵਾਲੇ ਯਹੂਦੀ ਚੇਲਿਆਂ ਦੇ ਖ਼ਿਲਾਫ਼ ਯੂਨਾਨੀ ਬੋਲਣ ਵਾਲੇ ਯਹੂਦੀ ਚੇਲੇ ਸ਼ਿਕਾਇਤ ਲਾਉਣ ਲੱਗੇ ਕਿਉਂਕਿ ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।

bt 41 ਪੈਰਾ 17

‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’

17 ਨਵੀਂ ਬਣੀ ਮੰਡਲੀ ਵਿਚ ਇਕ ਖ਼ਤਰਾ ਪੈਦਾ ਹੋ ਗਿਆ। ਕਿਹੜਾ? ਉਸ ਵੇਲੇ ਬਪਤਿਸਮਾ ਲੈਣ ਵਾਲੇ ਬਹੁਤ ਸਾਰੇ ਚੇਲੇ ਦੂਜੀਆਂ ਥਾਵਾਂ ਤੋਂ ਯਰੂਸ਼ਲਮ ਆਏ ਸਨ ਅਤੇ ਘਰ ਪਰਤਣ ਤੋਂ ਪਹਿਲਾਂ ਆਪਣੇ ਨਵੇਂ ਧਰਮ ਬਾਰੇ ਹੋਰ ਸਿੱਖਣਾ ਚਾਹੁੰਦੇ ਸਨ। ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਯਰੂਸ਼ਲਮ ਦੇ ਚੇਲਿਆਂ ਨੇ ਆਪਣੀ ਇੱਛਾ ਨਾਲ ਪੈਸਾ ਦਾਨ ਕੀਤਾ। (ਰਸੂ. 2:44-46; 4:34-37) ਉਸ ਵੇਲੇ ਇਕ ਨਾਜ਼ੁਕ ਮਸਲਾ ਖੜ੍ਹਾ ਹੋ ਗਿਆ। “ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ।” (ਰਸੂ. 6:1) ਪਰ ਇਬਰਾਨੀ ਬੋਲਣ ਵਾਲੀਆਂ ਵਿਧਵਾਵਾਂ ਦੇ ਨਾਲ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਸ ਮਸਲੇ ਦੀ ਜੜ੍ਹ ਪੱਖਪਾਤ ਸੀ ਜਿਸ ਨਾਲ ਮੰਡਲੀ ਵਿਚ ਫੁੱਟ ਪੈ ਸਕਦੀ ਸੀ।

(ਰਸੂਲਾਂ ਦੇ ਕੰਮ 6:2-7) ਇਸ ਲਈ, ਬਾਰਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਾ ਕਰ ਕੇ ਕਿਹਾ: “ਸਾਡੇ ਲਈ ਇਹ ਠੀਕ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰੀਏ। 3 ਸੋ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ; 4 ਪਰ ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।” 5 ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਨ੍ਹਾਂ ਸੱਤਾਂ ਨੂੰ ਚੁਣਿਆ: ਇਸਤੀਫ਼ਾਨ, ਜਿਹੜਾ ਨਿਹਚਾ ਅਤੇ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ, ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਅੰਤਾਕੀਆ ਦਾ ਨਿਕਲਾਉਸ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ। 6 ਉਨ੍ਹਾਂ ਨੇ ਸੱਤਾਂ ਨੂੰ ਰਸੂਲਾਂ ਕੋਲ ਲਿਆਂਦਾ ਅਤੇ ਰਸੂਲਾਂ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਸੱਤਾਂ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ। 7 ਇਸ ਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ; ਬਹੁਤ ਸਾਰੇ ਪੁਜਾਰੀ ਵੀ ਯਿਸੂ ʼਤੇ ਨਿਹਚਾ ਕਰਨ ਲੱਗ ਪਏ।

bt 42 ਪੈਰਾ 18

‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’

18 ਉਸ ਸਮੇਂ ਮੰਡਲੀ ਵਿਚ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਹੇ ਰਸੂਲ ਜਾਣਦੇ ਸਨ ਕਿ ਉਨ੍ਹਾਂ ਲਈ ਇਹ ਠੀਕ ਨਹੀਂ ਸੀ ਕਿ ਉਹ ‘ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰਨ।’ (ਰਸੂ. 6:2) ਇਹ ਮਸਲਾ ਸੁਲਝਾਉਣ ਲਈ ਉਨ੍ਹਾਂ ਨੇ ਚੇਲਿਆਂ ਨੂੰ ਕਿਹਾ ਕਿ ਉਹ “ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ” ਸੱਤ ਆਦਮੀਆਂ ਦੀ ਚੋਣ ਕਰਨ ਜਿਨ੍ਹਾਂ ਨੂੰ ਰਸੂਲ ਇਸ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਸੌਂਪ ਦੇਣਗੇ। (ਰਸੂ. 6:3) ਇਸ ਕੰਮ ਲਈ ਕਾਬਲ ਭਰਾਵਾਂ ਦੀ ਲੋੜ ਸੀ ਕਿਉਂਕਿ ਇਹ ਸਿਰਫ਼ ਭੋਜਨ ਵੰਡਣ ਦਾ ਹੀ ਕੰਮ ਨਹੀਂ ਸੀ, ਸਗੋਂ ਉਨ੍ਹਾਂ ਨੇ ਪੈਸੇ ਦੀ ਸਾਂਭ-ਸੰਭਾਲ ਕਰਨੀ ਸੀ, ਰਾਸ਼ਨ ਖ਼ਰੀਦਣਾ ਸੀ ਤੇ ਧਿਆਨ ਨਾਲ ਸਾਰਾ ਹਿਸਾਬ-ਕਿਤਾਬ ਰੱਖਣਾ ਸੀ। ਚੁਣੇ ਗਏ ਸਾਰੇ ਭਰਾਵਾਂ ਦੇ ਨਾਂ ਯੂਨਾਨੀ ਸਨ ਜਿਸ ਕਰਕੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਖ਼ੁਸ਼ੀ ਹੋਈ ਹੋਣੀ। ਮੰਡਲੀ ਦੁਆਰਾ ਚੁਣੇ ਗਏ ਸੱਤ ਭਰਾਵਾਂ ਬਾਰੇ ਪ੍ਰਾਰਥਨਾ ਕਰਨ ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਰਸੂਲਾਂ ਨੇ ਉਨ੍ਹਾਂ ਨੂੰ ਇਸ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਸੌਂਪ ਦਿੱਤੀ।

(ਰਸੂਲਾਂ ਦੇ ਕੰਮ 7:58–8:1) ਉਨ੍ਹਾਂ ਨੇ ਉਸ ਨੂੰ ਧੂਹ ਕੇ ਸ਼ਹਿਰੋਂ ਬਾਹਰ ਲਿਆਂਦਾ ਅਤੇ ਉਸ ਦੇ ਪੱਥਰ ਮਾਰਨ ਲੱਗ ਪਏ। ਉਸ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਿਆਂ ਨੇ ਆਪਣੇ ਚੋਗੇ ਲਾਹ ਕੇ ਸੌਲੁਸ ਨਾਂ ਦੇ ਇਕ ਨੌਜਵਾਨ ਦੇ ਪੈਰਾਂ ਵਿਚ ਰੱਖ ਦਿੱਤੇ 59 ਅਤੇ ਉਹ ਇਸਤੀਫ਼ਾਨ ਦੇ ਪੱਥਰ ਮਾਰਦੇ ਰਹੇ। ਉਸ ਨੇ ਫ਼ਰਿਆਦ ਕਰਦੇ ਹੋਏ ਕਿਹਾ: “ਪ੍ਰਭੂ ਯਿਸੂ, ਮੈਂ ਆਪਣੀ ਜਾਨ ਤੇਰੇ ਹਵਾਲੇ ਕਰਦਾ ਹਾਂ।” 60 ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਿਹਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਇਸ ਪਾਪ ਦੀ ਸਜ਼ਾ ਨਾ ਦੇਈਂ।” ਇਹ ਕਹਿਣ ਤੋਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਿਆ। 8 ਸੌਲੁਸ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ। ਉਸ ਦਿਨ ਯਰੂਸ਼ਲਮ ਦੀ ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ; ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਚੇਲੇ ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।

ਹੀਰੇ-ਮੋਤੀਆਂ ਦੀ ਖੋਜ ਕਰੋ

(ਰਸੂਲਾਂ ਦੇ ਕੰਮ 6:15) ਅਤੇ ਮਹਾਸਭਾ ਵਿਚ ਬੈਠੇ ਸਾਰੇ ਲੋਕਾਂ ਨੇ ਇਸਤੀਫ਼ਾਨ ਨੂੰ ਟਿਕਟਿਕੀ ਲਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।

bt 45 ਪੈਰਾ 2

ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਪਵਿੱਤਰ ਸ਼ਕਤੀ ਨਾਲ ਭਰਪੂਰ’

2 ਉਸ ਦਾ ਚਿਹਰਾ ਦੇਖ ਕੇ ਨਹੀਂ ਲੱਗਦਾ ਕਿ ਉਹ ਡਰਿਆ ਹੋਇਆ ਹੈ ਕਿਉਂਕਿ ਉਸ ਦੇ ਚਿਹਰੇ ʼਤੇ ਅਨੋਖਾ ਨੂਰ ਹੈ। ਨਿਆਂਕਾਰ ਗੌਰ ਨਾਲ ਉਸ ਵੱਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ “ਦੂਤ ਦੇ ਚਿਹਰੇ ਵਰਗਾ” ਨਜ਼ਰ ਆਉਂਦਾ ਹੈ। (ਰਸੂ. 6:15) ਦੂਤ ਯਹੋਵਾਹ ਪਰਮੇਸ਼ੁਰ ਦੇ ਸੁਨੇਹੇ ਦਿੰਦੇ ਹਨ, ਇਸ ਕਰਕੇ ਉਨ੍ਹਾਂ ਨੂੰ ਕੋਈ ਡਰ ਜਾਂ ਘਬਰਾਹਟ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਚਿਹਰੇ ਸ਼ਾਂਤ ਤੇ ਅਡੋਲ ਹੁੰਦੇ ਹਨ। ਉਨ੍ਹਾਂ ਵਾਂਗ ਇਸਤੀਫ਼ਾਨ ਦੇ ਚਿਹਰੇ ʼਤੇ ਵੀ ਨਿਡਰਤਾ ਅਤੇ ਸ਼ਾਂਤੀ ਝਲਕਦੀ ਹੈ। ਨਫ਼ਰਤ ਨਾਲ ਭਰੇ ਨਿਆਂਕਾਰ ਵੀ ਇਹ ਸਾਫ਼ ਦੇਖ ਸਕਦੇ ਹਨ। ਉਹ ਇੰਨਾ ਸ਼ਾਂਤ ਕਿਉਂ ਹੈ?

(ਰਸੂਲਾਂ ਦੇ ਕੰਮ 8:26-30) ਪਰ ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਕਿਹਾ: “ਉੱਠ ਅਤੇ ਦੱਖਣ ਵਾਲੇ ਪਾਸੇ ਉਸ ਰਾਹ ਵੱਲ ਚਲਾ ਜਾਹ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।” (ਇਹ ਰਾਹ ਸੁੰਨਾ ਹੈ ਅਤੇ ਇਸ ਦੇ ਆਲੇ-ਦੁਆਲੇ ਦਾ ਇਲਾਕਾ ਉਜਾੜ ਹੈ।) 27 ਦੂਤ ਦੀ ਗੱਲ ਸੁਣ ਕੇ ਉਹ ਉੱਠਿਆ ਅਤੇ ਚਲਾ ਗਿਆ। ਅਤੇ ਉਸ ਰਾਹ ʼਤੇ ਉਸ ਨੇ ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਦੇਖਿਆ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ। ਉਹ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ। 28 ਮੁੜਦੇ ਵੇਲੇ ਉਹ ਆਪਣੇ ਰਥ ਵਿਚ ਬੈਠਾ ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ। 29 ਸੋ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਕਿਹਾ: “ਰਥ ਕੋਲ ਜਾਹ ਅਤੇ ਇਸ ਦੇ ਨਾਲ-ਨਾਲ ਭੱਜ।” 30 ਫ਼ਿਲਿੱਪੁਸ ਰਥ ਦੇ ਨਾਲ-ਨਾਲ ਭੱਜਣ ਲੱਗਾ ਅਤੇ ਉਸ ਨੇ ਮੰਤਰੀ ਨੂੰ ਯਸਾਯਾਹ ਨਬੀ ਦੀ ਕਿਤਾਬ ਵਿੱਚੋਂ ਪੜ੍ਹਦੇ ਹੋਏ ਸੁਣਿਆ। ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਆਉਂਦਾ ਹੈ?”

bt 58 ਪੈਰਾ 16

‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ

16 ਅੱਜ ਮਸੀਹੀਆਂ ਨੂੰ ਉਹੀ ਕੰਮ ਕਰਨ ਦਾ ਸਨਮਾਨ ਮਿਲਿਆ ਹੈ ਜੋ ਫ਼ਿਲਿੱਪੁਸ ਕਰ ਰਿਹਾ ਸੀ। ਮਸੀਹੀ ਸਫ਼ਰ ਕਰਦਿਆਂ ਅਤੇ ਹੋਰ ਕਈ ਮੌਕਿਆਂ ਤੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਪ੍ਰਚਾਰ ਦੌਰਾਨ ਸਾਨੂੰ ਦਿਲਚਸਪੀ ਰੱਖਣ ਵਾਲੇ ਲੋਕ ਮਿਲਦੇ ਹਨ। ਪਰ ਕਈ ਵਾਰ ਸਾਨੂੰ ਅਜਿਹੇ ਲੋਕ ਮਿਲਦੇ ਹਨ ਜਿਨ੍ਹਾਂ ਨੂੰ ਮਿਲਣਾ ਚਮਤਕਾਰ ਤੋਂ ਘੱਟ ਨਹੀਂ ਹੁੰਦਾ। ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਦੀ ਉਮੀਦ ਰੱਖ ਸਕਦੇ ਹਾਂ ਕਿਉਂਕਿ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡੀ ਅਗਵਾਈ ਕਰ ਰਹੇ ਹਨ ਤਾਂਕਿ ਸੰਦੇਸ਼ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ” ਸੁਣਾਇਆ ਜਾਵੇ। (ਪ੍ਰਕਾ. 14:6) ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸੇਧ ਦੇਣਗੇ। ਉਸ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ “ਵਾਢੀ ਦਾ ਸਮਾਂ ਯੁਗ ਦਾ ਆਖ਼ਰੀ ਸਮਾਂ ਹੈ ਅਤੇ ਫ਼ਸਲ ਵੱਢਣ ਵਾਲੇ ਦੂਤ ਹਨ।” ਅੱਗੇ ਉਸ ਨੇ ਕਿਹਾ ਕਿ ਦੂਤ ‘ਉਸ ਦੇ ਰਾਜ ਵਿੱਚੋਂ ਉਨ੍ਹਾਂ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ’ ਵੱਖ ਕਰਨਗੇ “ਜਿਹੜੇ ਦੂਸਰਿਆਂ ਤੋਂ ਪਾਪ ਕਰਾਉਂਦੇ ਹਨ ਅਤੇ ਉਨ੍ਹਾਂ ਨੂੰ ਵੀ ਜਿਹੜੇ ਬੁਰੇ ਕੰਮ ਕਰਦੇ ਹਨ।” (ਮੱਤੀ 13:37-41) ਇਸੇ ਸਮੇਂ ਦੌਰਾਨ ਦੂਤ ਸਵਰਗੀ ਰਾਜ ਦੇ ਵਾਰਸਾਂ ਨੂੰ ਅਤੇ ਬਾਅਦ ਵਿਚ “ਹੋਰ ਭੇਡਾਂ” ਦੀ “ਵੱਡੀ ਭੀੜ” ਨੂੰ ਵੀ ਇਕੱਠਾ ਕਰਨਗੇ ਜਿਨ੍ਹਾਂ ਨੂੰ ਉਹ ਆਪਣੇ ਸੰਗਠਨ ਵਿਚ ਲਿਆਉਣਾ ਚਾਹੁੰਦਾ ਹੈ।​—ਪ੍ਰਕਾ. 7:9; ਯੂਹੰ. 6:44, 65; 10:16.

ਬਾਈਬਲ ਪੜ੍ਹਾਈ

(ਰਸੂਲਾਂ ਦੇ ਕੰਮ 6:1-15) ਹੁਣ ਉਨ੍ਹਾਂ ਦਿਨਾਂ ਵਿਚ, ਜਦੋਂ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਇਬਰਾਨੀ ਬੋਲਣ ਵਾਲੇ ਯਹੂਦੀ ਚੇਲਿਆਂ ਦੇ ਖ਼ਿਲਾਫ਼ ਯੂਨਾਨੀ ਬੋਲਣ ਵਾਲੇ ਯਹੂਦੀ ਚੇਲੇ ਸ਼ਿਕਾਇਤ ਲਾਉਣ ਲੱਗੇ ਕਿਉਂਕਿ ਰੋਜ਼ ਭੋਜਨ ਵੰਡਣ ਵੇਲੇ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਸੀ। 2 ਇਸ ਲਈ, ਬਾਰਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਾ ਕਰ ਕੇ ਕਿਹਾ: “ਸਾਡੇ ਲਈ ਇਹ ਠੀਕ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣੀ ਛੱਡ ਕੇ ਭੋਜਨ ਵੰਡਣ ਦਾ ਕੰਮ ਕਰੀਏ। 3 ਸੋ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ; 4 ਪਰ ਅਸੀਂ ਆਪਣਾ ਪੂਰਾ ਧਿਆਨ ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ ਲਾਵਾਂਗੇ।” 5 ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਨ੍ਹਾਂ ਸੱਤਾਂ ਨੂੰ ਚੁਣਿਆ: ਇਸਤੀਫ਼ਾਨ, ਜਿਹੜਾ ਨਿਹਚਾ ਅਤੇ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ, ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਅੰਤਾਕੀਆ ਦਾ ਨਿਕਲਾਉਸ ਜਿਸ ਨੇ ਯਹੂਦੀ ਧਰਮ ਅਪਣਾਇਆ ਸੀ। 6 ਉਨ੍ਹਾਂ ਨੇ ਸੱਤਾਂ ਨੂੰ ਰਸੂਲਾਂ ਕੋਲ ਲਿਆਂਦਾ ਅਤੇ ਰਸੂਲਾਂ ਨੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਸੱਤਾਂ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ। 7 ਇਸ ਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ; ਬਹੁਤ ਸਾਰੇ ਪੁਜਾਰੀ ਵੀ ਯਿਸੂ ʼਤੇ ਨਿਹਚਾ ਕਰਨ ਲੱਗ ਪਏ। 8 ਇਸਤੀਫ਼ਾਨ ਲੋਕਾਂ ਵਿਚ ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ ਕਿਉਂਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ। 9 ਪਰ ਲਿਬਰਤੀਨੀਆਂ ਦੇ ਸਭਾ ਘਰ ਦੇ ਕੁਝ ਆਦਮੀ ਅਤੇ ਕੁਰੇਨੇ, ਸਿਕੰਦਰੀਆ, ਕਿਲਿਕੀਆ ਅਤੇ ਏਸ਼ੀਆ ਦੇ ਕੁਝ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ; 10 ਪਰ ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ। 11 ਫਿਰ ਉਨ੍ਹਾਂ ਨੇ ਚੋਰੀ-ਛਿਪੇ ਕੁਝ ਆਦਮੀਆਂ ਨੂੰ ਇਹ ਕਹਿਣ ਲਈ ਉਕਸਾਇਆ: “ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਦੇ ਸੁਣਿਆ ਹੈ।” 12 ਅਤੇ ਉਨ੍ਹਾਂ ਨੇ ਲੋਕਾਂ ਨੂੰ ਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਸਾਰਿਆਂ ਨੇ ਉਸ ਉੱਤੇ ਅਚਾਨਕ ਹਮਲਾ ਕੀਤਾ ਅਤੇ ਉਸ ਨੂੰ ਜ਼ਬਰਦਸਤੀ ਮਹਾਸਭਾ ਕੋਲ ਲੈ ਗਏ। 13 ਅਤੇ ਉਨ੍ਹਾਂ ਨੇ ਝੂਠੇ ਗਵਾਹ ਲਿਆਂਦੇ ਜਿਨ੍ਹਾਂ ਨੇ ਕਿਹਾ: “ਇਹ ਆਦਮੀ ਇਸ ਪਵਿੱਤਰ ਜਗ੍ਹਾ ਅਤੇ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਬੋਲਣੋਂ ਨਹੀਂ ਹਟਦਾ। 14 ਮਿਸਾਲ ਲਈ, ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸੂ ਨਾਸਰੀ ਆ ਕੇ ਇਸ ਪਵਿੱਤਰ ਜਗ੍ਹਾ ਨੂੰ ਢਾਹ ਦੇਵੇਗਾ ਅਤੇ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਸਾਰੀਆਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਦਿੱਤੀਆਂ ਹਨ।” 15 ਅਤੇ ਮਹਾਸਭਾ ਵਿਚ ਬੈਠੇ ਸਾਰੇ ਲੋਕਾਂ ਨੇ ਇਸਤੀਫ਼ਾਨ ਨੂੰ ਟਿਕਟਿਕੀ ਲਾ ਕੇ ਦੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ