ਪਾਠ 53
ਅਜਿਹਾ ਮਨੋਰੰਜਨ ਕਰੋ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ
ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ। (1 ਤਿਮੋਥਿਉਸ 1:11) ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ ਅਤੇ ਜ਼ਿੰਦਗੀ ਦਾ ਮਜ਼ਾ ਲਈਏ। ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਹਮੇਸ਼ਾ ਕੰਮ ਹੀ ਕਰਦੇ ਰਹੀਏ, ਸਗੋਂ ਚਾਹੁੰਦਾ ਹੈ ਕਿ ਅਸੀਂ ਆਪਣੇ ਲਈ ਵੀ ਕੁਝ ਸਮਾਂ ਕੱਢੀਏ ਅਤੇ ਆਰਾਮ ਕਰੀਏ। ਪਰ ਇਸ ਸਮੇਂ ਦੌਰਾਨ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਨੂੰ ਮਜ਼ਾ ਵੀ ਆਵੇ ਤੇ ਯਹੋਵਾਹ ਵੀ ਸਾਡੇ ਤੋਂ ਖ਼ੁਸ਼ ਹੋਵੇ? ਆਓ ਇਸ ਬਾਰੇ ਜਾਣੀਏ।
1. ਮਨੋਰੰਜਨ ਬਾਰੇ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਕੁਝ ਲੋਕ ਘਰ ਰਹਿ ਕੇ ਕਿਤਾਬਾਂ ਪੜ੍ਹਦੇ, ਇੰਟਰਨੈੱਟ ਚਲਾਉਂਦੇ, ਗਾਣੇ ਸੁਣਦੇ ਜਾਂ ਫ਼ਿਲਮਾਂ ਦੇਖਦੇ ਹਨ। ਪਰ ਕੁਝ ਲੋਕ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ-ਫਿਰਨ ਜਾਂਦੇ ਹਨ ਜਾਂ ਕੋਈ ਖੇਡ ਖੇਡਦੇ ਹਨ। ਤੁਸੀਂ ਆਪਣੇ ਵਿਹਲੇ ਸਮੇਂ ਵਿਚ ਕੀ ਕਰਨਾ ਪਸੰਦ ਕਰਦੇ ਹੋ? ਸਾਨੂੰ ਜੋ ਵੀ ਪਸੰਦ ਹੈ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਪਸੰਦ ‘ਪ੍ਰਭੂ ਨੂੰ ਮਨਜ਼ੂਰ ਹੈ’ ਜਾਂ ਨਹੀਂ। (ਅਫ਼ਸੀਆਂ 5:10) ਇਹ ਦੇਖਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ-ਕੱਲ੍ਹ ਦਾ ਜ਼ਿਆਦਾਤਰ ਮਨੋਰੰਜਨ ਅਜਿਹੇ ਕੰਮਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਜਿਵੇਂ ਮਾਰ-ਧਾੜ, ਨਾਜਾਇਜ਼ ਸਰੀਰਕ ਸੰਬੰਧ ਅਤੇ ਜਾਦੂ-ਟੂਣਾ। (ਜ਼ਬੂਰ 11:5 ਪੜ੍ਹੋ।) ਤਾਂ ਫਿਰ ਅਸੀਂ ਮਨੋਰੰਜਨ ਦੇ ਮਾਮਲੇ ਵਿਚ ਸੋਚ-ਸਮਝ ਕੇ ਫ਼ੈਸਲੇ ਕਿਵੇਂ ਕਰ ਸਕਦੇ ਹਾਂ?
ਜਿਵੇਂ ਅਸੀਂ ਪਾਠ 48 ਵਿਚ ਸਿੱਖਿਆ ਸੀ, “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ।” ਦੂਜੇ ਪਾਸੇ, ਜੇ ਅਸੀਂ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਸਮਾਂ ਬਿਤਾਵਾਂਗੇ ਜਿਹੜੇ ਯਹੋਵਾਹ ਦੇ ਮਿਆਰਾਂ ʼਤੇ ਨਹੀਂ ਚੱਲਦੇ, ਤਾਂ ਸਾਨੂੰ “ਦੁੱਖ ਹੋਵੇਗਾ।” (ਕਹਾਉਤਾਂ 13:20) ਇਸ ਲਈ ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ। ਅਜਿਹੇ ਦੋਸਤਾਂ ਦਾ ਸਾਡੀ ਸੋਚ ʼਤੇ ਚੰਗਾ ਅਸਰ ਪਵੇਗਾ ਅਤੇ ਅਸੀਂ ਮਨੋਰੰਜਨ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਰ ਸਕਾਂਗੇ।
2. ਸਾਨੂੰ ਮਨੋਰੰਜਨ ਦੇ ਮਾਮਲੇ ਵਿਚ ਸਮੇਂ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ?
ਅਸੀਂ ਭਾਵੇਂ ਗ਼ਲਤ ਮਨੋਰੰਜਨ ਨਾ ਵੀ ਕਰਦੇ ਹੋਈਏ, ਫਿਰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਸਾਰਾ ਸਮਾਂ ਉਸੇ ਵਿਚ ਨਾ ਲੰਘ ਜਾਵੇ। ਨਹੀਂ ਤਾਂ ਜ਼ਰੂਰੀ ਕੰਮਾਂ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚੇਗਾ। ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੀਏ।’—ਅਫ਼ਸੀਆਂ 5:15, 16 ਪੜ੍ਹੋ।
ਹੋਰ ਸਿੱਖੋ
ਤੁਸੀਂ ਮਨੋਰੰਜਨ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ? ਆਓ ਜਾਣੀਏ।
3. ਗ਼ਲਤ ਮਨੋਰੰਜਨ ਤੋਂ ਦੂਰ ਰਹੋ
ਸਾਨੂੰ ਸੋਚ-ਸਮਝ ਕੇ ਮਨੋਰੰਜਨ ਕਿਉਂ ਕਰਨਾ ਚਾਹੀਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਅੱਜ-ਕੱਲ੍ਹ ਦਾ ਮਨੋਰੰਜਨ ਪੁਰਾਣੇ ਜ਼ਮਾਨੇ ਵਿਚ ਰੋਮ ਵਿਚ ਹੁੰਦੀਆਂ ਖੇਡਾਂ ਨਾਲ ਕਿਵੇਂ ਮਿਲਦਾ-ਜੁਲਦਾ ਹੈ?
ਡੈਨੀ ਨੇ ਮਨੋਰੰਜਨ ਬਾਰੇ ਕੀ ਸਿੱਖਿਆ?
ਰੋਮੀਆਂ 12:9 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਸਹੀ ਮਨੋਰੰਜਨ ਕਰਨ ਵਿਚ ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
ਯਹੋਵਾਹ ਨੂੰ ਕਿਨ੍ਹਾਂ ਗੱਲਾਂ ਤੋਂ ਨਫ਼ਰਤ ਹੈ? ਕਹਾਉਤਾਂ 6:16, 17 ਅਤੇ ਗਲਾਤੀਆਂ 5:19-21 ਪੜ੍ਹੋ। ਹਰ ਆਇਤ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਇਸ ਆਇਤ ਵਿਚ ਦੱਸੀਆਂ ਗਈਆਂ ਕਿਹੜੀਆਂ ਗੱਲਾਂ ਅੱਜ-ਕੱਲ੍ਹ ਦੇ ਮਨੋਰੰਜਨ ਵਿਚ ਦੇਖੀਆਂ ਜਾ ਸਕਦੀਆਂ ਹਨ?
ਮਨੋਰੰਜਨ ਦੇ ਮਾਮਲੇ ਵਿਚ ਸਮਝਦਾਰੀ ਕਿਵੇਂ ਵਰਤੀਏ?
ਆਪਣੇ ਆਪ ਤੋਂ ਪੁੱਛੋ:
ਕੀ ਮੇਰੇ ਮਨੋਰੰਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ?
ਕੀ ਮਨੋਰੰਜਨ ਕਰਕੇ ਜ਼ਿਆਦਾ ਜ਼ਰੂਰੀ ਕੰਮ ਤਾਂ ਨਹੀਂ ਰਹਿ ਜਾਂਦੇ?
ਕੀ ਮੈਂ ਵਾਰ-ਵਾਰ ਉਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਵਾਂਗਾ ਜਿਹੜੇ ਯਹੋਵਾਹ ਨੂੰ ਪਿਆਰ ਨਹੀਂ ਕਰਦੇ?
ਜਿੰਨਾ ਹੋ ਸਕੇ, ਸਾਨੂੰ ਖ਼ਤਰਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਜੇ ਸਾਨੂੰ ਲੱਗਦਾ ਹੈ ਕਿ ਕੋਈ ਮਨੋਰੰਜਨ ਕਰਨਾ ਸਾਡੇ ਲਈ ਸਹੀ ਨਹੀਂ ਹੋਵੇਗਾ, ਤਾਂ ਸਾਨੂੰ ਉਸ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ।
4. ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤੋ
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਭਾਵੇਂ ਉਹ ਭਰਾ ਆਪਣੇ ਵਿਹਲੇ ਸਮੇਂ ਵਿਚ ਕੁਝ ਗ਼ਲਤ ਨਹੀਂ ਦੇਖ ਰਿਹਾ ਸੀ, ਫਿਰ ਵੀ ਉਸ ਦੀ ਜ਼ਿੰਦਗੀ ʼਤੇ ਕੀ ਅਸਰ ਪੈ ਰਿਹਾ ਸੀ?
ਫ਼ਿਲਿੱਪੀਆਂ 1:10 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਸ ਆਇਤ ਦੀ ਮਦਦ ਨਾਲ ਅਸੀਂ ਕਿਵੇਂ ਤੈਅ ਕਰ ਸਕਦੇ ਹਾਂ ਕਿ ਅਸੀਂ ਮਨੋਰੰਜਨ ਕਰਨ ਵਿਚ ਕਿੰਨਾ ਸਮਾਂ ਲਾਵਾਂਗੇ?
5. ਸਹੀ ਮਨੋਰੰਜਨ ਕਰੋ
ਕੁਝ ਤਰ੍ਹਾਂ ਦਾ ਮਨੋਰੰਜਨ ਯਹੋਵਾਹ ਨੂੰ ਪਸੰਦ ਨਹੀਂ ਹੈ। ਪਰ ਇੱਦਾਂ ਦਾ ਬਹੁਤ ਕੁਝ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਨਹੀਂ ਹੈ। ਉਪਦੇਸ਼ਕ ਦੀ ਕਿਤਾਬ 8:15 ਅਤੇ ਫ਼ਿਲਿੱਪੀਆਂ 4:8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਸੀਂ ਕਿਹੜਾ ਸਹੀ ਮਨੋਰੰਜਨ ਕਰਦੇ ਹੋ?
ਤੁਹਾਨੂੰ ਸਹੀ ਮਨੋਰੰਜਨ ਕਰ ਕੇ ਬਹੁਤ ਮਜ਼ਾ ਆਵੇਗਾ
ਕੁਝ ਲੋਕਾਂ ਦਾ ਕਹਿਣਾ ਹੈ: “ਅੱਜ-ਕੱਲ੍ਹ ਮਨੋਰੰਜਨ ਵਿਚ ਮਾਰ-ਧਾੜ, ਅਸ਼ਲੀਲਤਾ, ਜਾਦੂ-ਟੂਣਾ, ਇਹ ਸਭ ਕੁਝ ਤਾਂ ਹੁੰਦਾ ਹੀ ਹੈ। ਮੈਂ ਤਾਂ ਬੱਸ ਦੇਖਦਾ ਹੀ ਹਾਂ, ਮੈਂ ਇੱਦਾਂ ਕਰਦਾ ਥੋੜ੍ਹੀਂ ਆਂ।”
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਹੀ ਮਨੋਰੰਜਨ ਦਾ ਮਜ਼ਾ ਲਈਏ।
ਤੁਸੀਂ ਕੀ ਕਹੋਗੇ?
ਮਸੀਹੀਆਂ ਨੂੰ ਕਿਸ ਤਰ੍ਹਾਂ ਦੇ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ?
ਸਾਨੂੰ ਕਿਉਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮਨੋਰੰਜਨ ਕਰਨ ਵਿਚ ਕਿੰਨਾ ਸਮਾਂ ਲਾਉਂਦੇ ਹਾਂ?
ਤੁਸੀਂ ਕਿਉਂ ਅਜਿਹਾ ਮਨੋਰੰਜਨ ਕਰਨਾ ਚਾਹੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ?
ਇਹ ਵੀ ਦੇਖੋ
ਜਾਣੋ ਕਿ ਸਾਡੇ ਮਨੋਰੰਜਨ ਬਾਰੇ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ।
“ਕੀ ਯਹੋਵਾਹ ਦੇ ਗਵਾਹ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ʼਤੇ ਪਾਬੰਦੀ ਲਾਉਂਦੇ ਹਨ?” (jw.org ʼਤੇ ਲੇਖ)
ਜਾਣੋ ਕਿ ਮਨੋਰੰਜਨ ਬਾਰੇ ਤੁਹਾਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
“ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?” (ਪਹਿਰਾਬੁਰਜ, 15 ਅਕਤੂਬਰ 2011)
“ਮੈਂ ਭੇਦ-ਭਾਵ ਕਰਨਾ ਵੀ ਛੱਡ ਦਿੱਤਾ।” ਇਹ ਕਹਾਣੀ ਪੜ੍ਹ ਕੇ ਜਾਣੋ ਕਿ ਇਕ ਆਦਮੀ ਨੇ ਮਨੋਰੰਜਨ ਦੇ ਮਾਮਲੇ ਵਿਚ ਫੇਰ-ਬਦਲ ਕਿਉਂ ਕੀਤੇ।
ਦੇਖੋ ਕਿ ਇਕ ਮਾਂ ਨੇ ਭੂਤਾਂ-ਪ੍ਰੇਤਾਂ ਵਾਲੇ ਮਨੋਰੰਜਨ ਬਾਰੇ ਸਮਝਦਾਰੀ ਨਾਲ ਫ਼ੈਸਲਾ ਕਿਵੇਂ ਕੀਤਾ।