ਪਾਠ 49
ਪਤੀ-ਪਤਨੀ ਕਿਵੇਂ ਖ਼ੁਸ਼ ਰਹਿ ਸਕਦੇ ਹਨ?
ਵਿਆਹ ਵਾਲੇ ਦਿਨ ਲਾੜਾ-ਲਾੜੀ ਬਹੁਤ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਖ਼ੁਸ਼ ਰਹਿਣ। ਕੀ ਉਨ੍ਹਾਂ ਦੀ ਇਹ ਤਮੰਨਾ ਪੂਰੀ ਹੋ ਸਕਦੀ ਹੈ? ਹਾਂ, ਜ਼ਰੂਰ ਹੋ ਸਕਦੀ ਹੈ। ਬਹੁਤ ਸਾਰੇ ਮਸੀਹੀਆਂ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ। ਉਹ ਇਸ ਗੱਲ ਦੇ ਜੀਉਂਦੇ-ਜਾਗਦੇ ਸਬੂਤ ਹਨ ਕਿ ਬਾਈਬਲ ਦੀ ਸਲਾਹ ʼਤੇ ਚੱਲ ਕੇ ਵਿਆਹੁਤਾ ਰਿਸ਼ਤਾ ਖ਼ੁਸ਼ੀਆਂ ਭਰਿਆ ਬਣ ਸਕਦਾ ਹੈ।
1. ਬਾਈਬਲ ਵਿਚ ਪਤੀਆਂ ਨੂੰ ਕੀ ਸਲਾਹ ਦਿੱਤੀ ਗਈ ਹੈ?
ਯਹੋਵਾਹ ਨੇ ਪਤੀ ਨੂੰ ਪਰਿਵਾਰ ਦਾ ਮੁਖੀ ਬਣਾਇਆ ਹੈ। (ਅਫ਼ਸੀਆਂ 5:23 ਪੜ੍ਹੋ।) ਯਹੋਵਾਹ ਪਤੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਪਰਿਵਾਰ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕਰਨ। ਬਾਈਬਲ ਵਿਚ ਪਤੀਆਂ ਨੂੰ ਇਹ ਕਿਹਾ ਗਿਆ ਹੈ: “ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ।” (ਅਫ਼ਸੀਆਂ 5:25) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਇਕ ਪਤੀ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਪੇਸ਼ ਆਵੇ, ਚਾਹੇ ਉਹ ਇਕੱਲਿਆਂ ਵਿਚ ਹੋਣ ਜਾਂ ਦੂਜਿਆਂ ਦੇ ਨਾਲ। ਉਹ ਆਪਣੀ ਪਤਨੀ ਦਾ ਧਿਆਨ ਰੱਖੇਗਾ, ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ। (1 ਤਿਮੋਥਿਉਸ 5:8) ਸਭ ਤੋਂ ਜ਼ਰੂਰੀ ਹੈ ਕਿ ਉਹ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਿਚ ਉਸ ਦੀ ਮਦਦ ਕਰੇਗਾ। (ਮੱਤੀ 4:4) ਮਿਸਾਲ ਲਈ, ਉਹ ਉਸ ਨਾਲ ਮਿਲ ਕੇ ਪ੍ਰਾਰਥਨਾ ਕਰੇਗਾ ਅਤੇ ਬਾਈਬਲ ਪੜ੍ਹੇਗਾ। ਜਦੋਂ ਪਤੀ ਪਿਆਰ ਨਾਲ ਆਪਣੀ ਪਤਨੀ ਦੀ ਦੇਖ-ਭਾਲ ਕਰਦਾ ਹੈ, ਤਾਂ ਯਹੋਵਾਹ ਨਾਲ ਉਸ ਦਾ ਆਪਣਾ ਰਿਸ਼ਤਾ ਵੀ ਬਣਿਆ ਰਹਿੰਦਾ ਹੈ।—1 ਪਤਰਸ 3:7 ਪੜ੍ਹੋ।
2. ਬਾਈਬਲ ਵਿਚ ਪਤਨੀਆਂ ਨੂੰ ਕੀ ਸਲਾਹ ਦਿੱਤੀ ਗਈ ਹੈ?
ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਪਤਨੀ ਨੂੰ “ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” (ਅਫ਼ਸੀਆਂ 5:33) ਪਤਨੀ ਇਹ ਕਿੱਦਾਂ ਕਰ ਸਕਦੀ ਹੈ? ਉਹ ਆਪਣੇ ਪਤੀ ਦੇ ਚੰਗੇ ਗੁਣਾਂ ਨੂੰ ਧਿਆਨ ਵਿਚ ਰੱਖੇਗੀ। ਉਹ ਯਾਦ ਰੱਖੇਗੀ ਕਿ ਪਤੀ ਉਸ ਦੀ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਕਿੰਨੀ ਮਿਹਨਤ ਕਰਦਾ ਹੈ! ਇਸ ਤੋਂ ਇਲਾਵਾ, ਉਹ ਆਪਣੇ ਪਤੀ ਦੇ ਫ਼ੈਸਲਿਆਂ ਦਾ ਸਮਰਥਨ ਕਰੇਗੀ। ਉਹ ਉਸ ਨਾਲ ਪਿਆਰ ਨਾਲ ਗੱਲ ਕਰੇਗੀ ਅਤੇ ਦੂਜਿਆਂ ਸਾਮ੍ਹਣੇ ਉਸ ਦੀ ਤਾਰੀਫ਼ ਕਰੇਗੀ, ਭਾਵੇਂ ਉਹ ਯਹੋਵਾਹ ਦਾ ਸੇਵਕ ਨਾ ਵੀ ਹੋਵੇ।
3. ਪਤੀ-ਪਤਨੀ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ?
ਬਾਈਬਲ ਪਤੀ-ਪਤਨੀਆਂ ਬਾਰੇ ਦੱਸਦੀ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।” (ਮੱਤੀ 19:5) ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਕਾਰਨ ਕਰਕੇ ਆਪਣੇ ਵਿਚ ਦੂਰੀਆਂ ਨਹੀਂ ਪੈਣ ਦੇਣਗੇ। ਉਹ ਇੱਦਾਂ ਕਿਵੇਂ ਕਰ ਸਕਦੇ ਹਨ? ਉਹ ਹਰ ਰੋਜ਼ ਇਕ-ਦੂਜੇ ਲਈ ਸਮਾਂ ਕੱਢਣਗੇ, ਪਿਆਰ ਨਾਲ ਗੱਲ ਕਰਨਗੇ ਅਤੇ ਖੁੱਲ੍ਹ ਕੇ ਦੱਸਣਗੇ ਕਿ ਉਹ ਕੀ ਸੋਚਦੇ ਤੇ ਮਹਿਸੂਸ ਕਰਦੇ ਹਨ। ਉਹ ਯਹੋਵਾਹ ਤੋਂ ਬਾਅਦ ਆਪਣੇ ਜੀਵਨ ਸਾਥੀ ਨੂੰ ਹੀ ਅਹਿਮੀਅਤ ਦੇਣਗੇ, ਨਾ ਕਿ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ। ਉਹ ਖ਼ਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਹ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਆਦਮੀ ਜਾਂ ਔਰਤ ਨਾਲ ਨਜ਼ਦੀਕੀਆਂ ਨਾ ਵਧਾਉਣ।
ਹੋਰ ਸਿੱਖੋ
ਆਓ ਜਾਣੀਏ ਕਿ ਬਾਈਬਲ ਦੇ ਕਿਨ੍ਹਾਂ ਅਸੂਲਾਂ ʼਤੇ ਚੱਲ ਕੇ ਪਤੀ-ਪਤਨੀ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਨ।
4. ਪਤੀਓ, ਆਪਣੀ ਪਤਨੀ ਨਾਲ ਪਿਆਰ ਕਰੋ ਅਤੇ ਉਸ ਦਾ ਖ਼ਿਆਲ ਰੱਖੋ
ਬਾਈਬਲ ਕਹਿੰਦੀ ਹੈ ਕਿ “ਪਤੀ ਆਪਣੀ ਪਤਨੀ ਨਾਲ ਆਪਣੇ ਸਰੀਰ ਵਾਂਗ ਪਿਆਰ ਕਰੇ।” (ਅਫ਼ਸੀਆਂ 5:28, 29) ਇਸ ਦਾ ਕੀ ਮਤਲਬ ਹੈ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਪਤੀ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਪਰਵਾਹ ਕਰਦਾ ਹੈ?
ਕੁਲੁੱਸੀਆਂ 3:12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪਤੀ ਇਸ ਆਇਤ ਵਿਚ ਦੱਸੇ ਗੁਣ ਕਿਵੇਂ ਜ਼ਾਹਰ ਕਰ ਸਕਦਾ ਹੈ?
5. ਪਤਨੀਓ, ਆਪਣੇ ਪਤੀ ਨੂੰ ਪਿਆਰ ਕਰੋ ਤੇ ਉਸ ਦਾ ਆਦਰ ਕਰੋ
ਬਾਈਬਲ ਪਤਨੀ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਆਪਣੇ ਪਤੀ ਦਾ ਆਦਰ ਕਰੇ, ਭਾਵੇਂ ਉਹ ਯਹੋਵਾਹ ਦਾ ਸੇਵਕ ਹੋਵੇ ਜਾਂ ਨਾ। 1 ਪਤਰਸ 3:1, 2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਜੇ ਤੁਹਾਡਾ ਪਤੀ ਯਹੋਵਾਹ ਨੂੰ ਨਹੀਂ ਮੰਨਦਾ, ਤਾਂ ਤੁਸੀਂ ਜ਼ਰੂਰ ਚਾਹੁੰਦੇ ਹੋਣੇ ਕਿ ਉਹ ਵੀ ਯਹੋਵਾਹ ਦੀ ਭਗਤੀ ਕਰੇ। ਪਰ ਤੁਸੀਂ ਆਪਣੇ ਪਤੀ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਕਿਵੇਂ ਜਗਾ ਸਕਦੇ ਹੋ? 24 ਘੰਟੇ ਉਸ ਨੂੰ ਪ੍ਰਚਾਰ ਕਰ ਕੇ ਜਾਂ ਚਾਲ-ਚਲਣ ਨੇਕ ਰੱਖ ਕੇ ਅਤੇ ਉਸ ਨਾਲ ਆਦਰ ਨਾਲ ਪੇਸ਼ ਆ ਕੇ? ਤੁਹਾਨੂੰ ਇੱਦਾਂ ਕਿਉਂ ਲੱਗਦਾ?
ਪਤੀ-ਪਤਨੀ ਰਲ਼ ਕੇ ਚੰਗੇ ਫ਼ੈਸਲੇ ਕਰ ਸਕਦੇ ਹਨ। ਪਰ ਕਦੇ-ਕਦੇ ਸ਼ਾਇਦ ਪਤਨੀ ਆਪਣੇ ਪਤੀ ਦੇ ਕਿਸੇ ਫ਼ੈਸਲੇ ਨਾਲ ਸਹਿਮਤ ਨਾ ਹੋਵੇ। ਉਦੋਂ ਉਹ ਸ਼ਾਂਤੀ ਤੇ ਆਦਰ ਨਾਲ ਆਪਣੀ ਰਾਇ ਦੱਸ ਸਕਦੀ ਹੈ। ਪਰ ਉਹ ਇਹ ਵੀ ਧਿਆਨ ਵਿਚ ਰੱਖੇਗੀ ਕਿ ਯਹੋਵਾਹ ਨੇ ਪਰਿਵਾਰ ਲਈ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਪਤੀ ਨੂੰ ਦਿੱਤੀ ਹੈ। ਪਤੀ ਜਿਹੜਾ ਵੀ ਫ਼ੈਸਲਾ ਕਰੇਗਾ, ਪਤਨੀ ਉਸ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਜਦੋਂ ਪਤਨੀ ਇੱਦਾਂ ਕਰਦੀ ਹੈ, ਤਾਂ ਪਰਿਵਾਰ ਵਿਚ ਖ਼ੁਸ਼ੀਆਂ ਭਰਿਆ ਮਾਹੌਲ ਬਣਿਆ ਰਹਿੰਦਾ ਹੈ। 1 ਪਤਰਸ 3:3-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਪਤਨੀ ਆਪਣੇ ਪਤੀ ਦਾ ਆਦਰ ਕਰਦੀ ਹੈ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
6. ਤੁਸੀਂ ਵਿਆਹੁਤਾ ਜੀਵਨ ਵਿਚ ਆਉਂਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਦੇ ਹੋ!
ਹਰ ਜੋੜੇ ਨੂੰ ਸਮੱਸਿਆਵਾਂ ਆਉਂਦੀਆਂ ਹਨ, ਇਸ ਲਈ ਪਤੀ-ਪਤਨੀ ਨੂੰ ਮਿਲ ਕੇ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣਾ ਚਾਹੀਦਾ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਵੀਡੀਓ ਵਿਚ ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਤੋਂ ਦੂਰ ਹੁੰਦੇ ਜਾ ਰਹੇ ਸਨ?
ਉਨ੍ਹਾਂ ਨੇ ਦੂਰੀਆਂ ਮਿਟਾਉਣ ਲਈ ਕਿਹੜੇ ਕਦਮ ਚੁੱਕੇ?
1 ਕੁਰਿੰਥੀਆਂ 10:24 ਅਤੇ ਕੁਲੁੱਸੀਆਂ 3:13 ਪੜ੍ਹੋ। ਹਰ ਆਇਤ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਇਸ ਸਲਾਹ ਨੂੰ ਮੰਨ ਕੇ ਪਤੀ-ਪਤਨੀ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ?
ਬਾਈਬਲ ਦੱਸਦੀ ਹੈ ਕਿ ਸਾਨੂੰ ਇਕ-ਦੂਸਰੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਸੇ ਦੀ ਇੱਜ਼ਤ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਨਾਲ ਪਿਆਰ ਨਾਲ ਪੇਸ਼ ਆਈਏ ਅਤੇ ਕਿਸੇ ਵੀ ਤਰ੍ਹਾਂ ਉਸ ਨੂੰ ਨੀਵਾਂ ਨਾ ਦਿਖਾਈਏ। ਰੋਮੀਆਂ 12:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਇਹ ਸੋਚਣਾ ਸਹੀ ਹੈ, ‘ਪਹਿਲਾਂ ਮੇਰਾ ਸਾਥੀ ਮੇਰੀ ਇੱਜ਼ਤ ਕਰੇ, ਫਿਰ ਮੈਂ ਕਰੂੰ’? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?
ਕੁਝ ਲੋਕਾਂ ਦਾ ਕਹਿਣਾ ਹੈ: “ਹੁਣ ਸਾਡੇ ਵਿਚ ਪਹਿਲਾਂ ਜਿੰਨਾ ਪਿਆਰ ਨਹੀਂ ਰਿਹਾ।”
ਤੁਸੀਂ ਉਨ੍ਹਾਂ ਨੂੰ ਕਿਵੇਂ ਸਮਝਾਓਗੇ ਕਿ ਬਾਈਬਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ?
ਹੁਣ ਤਕ ਅਸੀਂ ਸਿੱਖਿਆ
ਪਤੀ-ਪਤਨੀ ਤਾਂ ਹੀ ਖ਼ੁਸ਼ ਰਹਿ ਸਕਦੇ ਹਨ ਜੇ ਉਹ ਇਕ-ਦੂਜੇ ਨੂੰ ਪਿਆਰ ਕਰਨਗੇ, ਇਕ-ਦੂਜੇ ਦਾ ਆਦਰ ਕਰਨਗੇ ਅਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨਗੇ।
ਤੁਸੀਂ ਕੀ ਕਹੋਗੇ?
ਵਿਆਹੁਤਾ ਜ਼ਿੰਦਗੀ ਸੁਖੀ ਬਣਾਉਣ ਲਈ ਪਤੀ ਕੀ ਕਰ ਸਕਦਾ ਹੈ?
ਵਿਆਹੁਤਾ ਜ਼ਿੰਦਗੀ ਸੁਖੀ ਬਣਾਉਣ ਲਈ ਪਤਨੀ ਕੀ ਕਰ ਸਕਦੀ ਹੈ?
ਜੇ ਤੁਸੀਂ ਵਿਆਹੇ ਹੋ, ਤਾਂ ਬਾਈਬਲ ਦਾ ਕਿਹੜਾ ਅਸੂਲ ਲਾਗੂ ਕਰਨ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ?
ਇਹ ਵੀ ਦੇਖੋ
ਜਾਣੋ ਕਿ ਕਿਹੜੇ ਸੁਝਾਅ ਮੰਨ ਕੇ ਤੁਹਾਡੇ ਘਰ ਵਿਚ ਖ਼ੁਸ਼ੀਆਂ ਆ ਸਕਦੀਆਂ ਹਨ।
ਸੰਗੀਤ ਵੀਡੀਓ ਵਿਚ ਦੇਖੋ ਕਿ ਪਰਮੇਸ਼ੁਰ ਦੀ ਸਲਾਹ ਮੰਨ ਕੇ ਪਤੀ-ਪਤਨੀ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ।
ਜਾਣੋ ਕਿ ਪਤੀ ਦੇ ਅਧੀਨ ਹੋਣ ਦਾ ਕੀ ਮਤਲਬ ਹੈ।
ਇਕ ਪਤੀ-ਪਤਨੀ ਨੇ ਆਪਣੀਆਂ ਗੰਭੀਰ ਸਮੱਸਿਆਵਾਂ ਦੇ ਨਾਲ-ਨਾਲ ਤਲਾਕ ਦੀ ਸਮੱਸਿਆ ਨੂੰ ਕਿਵੇਂ ਸੁਲਝਾਇਆ?