ਆਡਰੀਅਨ ਨੇ 16 ਸਾਲਾਂ ਦੀ ਉਮਰ ਵਿਚ ਬਾਈਬਲ ਬਾਰੇ ਸਿੱਖਣਾ ਸ਼ੁਰੂ ਕੀਤਾ। ਉਹ ਅੱਗੇ ਦੱਸਦਾ ਹੈ: “ਬਾਈਬਲ ਸਟੱਡੀ ਕਰਦਿਆਂ ਮੈਂ ਜਾਣਿਆ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਦੀ ਲੋੜ ਹੈ।” ਉਸ ਨੂੰ ਆਪਣੇ ਦਿਲ ਵਿੱਚੋਂ ਨਫ਼ਰਤ ਕੱਢਣ ਤੇ ਲੜਾਈ-ਝਗੜੇ ਛੱਡਣ ਦੀ ਲੋੜ ਸੀ। ਉਸ ਨੂੰ ਖ਼ਾਸ ਤੌਰ ਤੇ ਬਾਈਬਲ ਵਿਚ ਰੋਮੀਆਂ 12:17-19 ਵਿਚ ਦਿੱਤੀ ਸਲਾਹ ਤੋਂ ਫ਼ਾਇਦਾ ਹੋਇਆ ਕਿ ਸਾਨੂੰ ਬਦਲਾ ਨਹੀਂ ਲੈਣਾ ਚਾਹੀਦਾ। ਉਹ ਦੱਸਦਾ ਹੈ: “ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਯਹੋਵਾਹ ਆਪਣੇ ਸਮੇਂ ʼਤੇ ਆਪਣੇ ਤਰੀਕੇ ਨਾਲ ਨਿਆਂ ਕਰੇਗਾ। ਹੌਲੀ-ਹੌਲੀ ਮੈਂ ਆਪਣੇ ਗੁੱਸੇਖ਼ੋਰ ਸੁਭਾਅ ਨੂੰ ਬਦਲ ਸਕਿਆ।”
ਇਕ ਦਿਨ ਸ਼ਾਮ ਨੂੰ ਆਡਰੀਅਨ ʼਤੇ ਇਕ ਦੁਸ਼ਮਣ ਗੈਂਗ ਨੇ ਹਮਲਾ ਕੀਤਾ। ਗੈਂਗ ਦੇ ਲੀਡਰ ਨੇ ਉਸ ਨੂੰ ਉੱਚੀ ਆਵਾਜ਼ ਨਾਲ ਕਿਹਾ: “ਹਿੰਮਤ ਆ, ਤਾਂ ਲੜ!” ਆਡਰੀਅਨ ਮੰਨਦਾ ਹੈ: “ਮੈਨੂੰ ਉਸ ਸਮੇਂ ਇੰਨਾ ਗੁੱਸਾ ਚੜ੍ਹ ਗਿਆ ਕਿ ਮੈਂ ਲੜਨਾ ਚਾਹੁੰਦਾ ਸੀ।” ਪਰ ਲੜਨ ਦੀ ਬਜਾਇ ਉਸ ਨੇ ਯਹੋਵਾਹ ਨੂੰ ਛੋਟੀ ਜਿਹੀ ਪ੍ਰਾਰਥਨਾ ਕੀਤੀ ਤੇ ਉੱਥੋਂ ਚਲਿਆ ਗਿਆ।
ਆਡੀਰਅਨ ਅੱਗੇ ਕਹਿੰਦਾ ਹੈ: “ਅਗਲੇ ਦਿਨ ਮੈਂ ਗੈਂਗ ਦੇ ਲੀਡਰ ਨੂੰ ਦੇਖਿਆ ਜੋ ਉਸ ਸਮੇਂ ਇਕੱਲਾ ਸੀ। ਉਸ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ, ਪਰ ਮੈਂ ਮਨ ਵਿਚ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਮੈਂ ਖ਼ੁਦ ʼਤੇ ਕਾਬੂ ਰੱਖ ਸਕਾਂ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਉਹ ਮੇਰੇ ਕੋਲ ਆਇਆ ਤੇ ਉਸ ਨੇ ਮੈਨੂੰ ਕਿਹਾ: ‘ਕੱਲ੍ਹ ਰਾਤ ਜੋ ਕੁਝ ਵੀ ਹੋਇਆ, ਉਸ ਲਈ ਮੈਨੂੰ ਮਾਫ਼ ਕਰ ਦੇ। ਸੱਚ ਤਾਂ ਇਹ ਹੈ ਕਿ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ ਹਾਂ। ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।’ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਆਪਣੇ ਗੁੱਸੇ ʼਤੇ ਕਾਬੂ ਰੱਖ ਸਕਿਆ। ਅਸੀਂ ਇਕੱਠੇ ਬਾਈਬਲ ਸਟੱਡੀ ਕਰਨ ਲੱਗ ਪਏ।”