-
ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਕਿਉਂ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਪਾਠ 26
ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਕਿਉਂ ਹਨ?
ਜਦੋਂ ਕੋਈ ਬੁਰੀ ਘਟਨਾ ਵਾਪਰਦੀ ਹੈ, ਤਾਂ ਲੋਕ ਸੋਚਦੇ ਹਨ, “ਇੱਦਾਂ ਕਿਉਂ ਹੋਇਆ?” ਬਾਈਬਲ ਇਸ ਸਵਾਲ ਦਾ ਸਾਫ਼-ਸਾਫ਼ ਜਵਾਬ ਦਿੰਦੀ ਹੈ। ਇਸ ਬਾਰੇ ਜਾਣ ਕੇ ਤੁਹਾਨੂੰ ਬਹੁਤ ਤਸੱਲੀ ਮਿਲੇਗੀ।
1. ਸ਼ੈਤਾਨ ਨੇ ਕੀ ਕੀਤਾ ਜਿਸ ਕਰਕੇ ਬੁਰਾਈ ਦੀ ਸ਼ੁਰੂਆਤ ਹੋਈ?
ਸ਼ੈਤਾਨ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ। ਉਹ ਦੂਜਿਆਂ ʼਤੇ ਰਾਜ ਕਰਨਾ ਚਾਹੁੰਦਾ ਸੀ ਤੇ ਇਸ ਇਰਾਦੇ ਨਾਲ ਉਸ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਵੀ ਆਪਣੇ ਵੱਲ ਕਰ ਲਿਆ। ਸ਼ੈਤਾਨ ਨੇ ਇਹ ਕਿਵੇਂ ਕੀਤਾ? ਉਸ ਨੇ ਹੱਵਾਹ ਨਾਲ ਝੂਠ ਬੋਲਿਆ ਤੇ ਉਸ ਨੂੰ ਬਹਿਕਾਇਆ। (ਉਤਪਤ 3:1-5) ਉਸ ਨੇ ਹੱਵਾਹ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ਯਹੋਵਾਹ ਉਸ ਕੋਲੋਂ ਕੋਈ ਚੰਗੀ ਚੀਜ਼ ਲੁਕੋ ਰਿਹਾ ਸੀ। ਜੇ ਉਹ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਗੇ, ਤਾਂ ਉਹ ਜ਼ਿਆਦਾ ਖ਼ੁਸ਼ ਰਹਿਣਗੇ। ਫਿਰ ਸ਼ੈਤਾਨ ਨੇ ਹੱਵਾਹ ਨੂੰ ਸਿੱਧਾ-ਸਿੱਧਾ ਕਿਹਾ ਕਿ ਉਹ ਹਰਗਿਜ਼ ਨਹੀਂ ਮਰੇਗੀ। ਇਹ ਸਭ ਤੋਂ ਪਹਿਲਾ ਝੂਠ ਸੀ। ਇਸੇ ਲਈ ਬਾਈਬਲ ਵਿਚ ਸ਼ੈਤਾਨ ਬਾਰੇ ਲਿਖਿਆ ਹੈ: “ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।”—ਯੂਹੰਨਾ 8:44.
2. ਆਦਮ ਅਤੇ ਹੱਵਾਹ ਨੇ ਕੀ ਕਰਨ ਦਾ ਫ਼ੈਸਲਾ ਕੀਤਾ?
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਸਭ ਕੁਝ ਦਿੱਤਾ ਸੀ। ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਪਰਮੇਸ਼ੁਰ ਨੇ ਕਿਹਾ ਕਿ ਉਹ ਅਦਨ ਦੇ ਬਾਗ਼ ਦੇ ਸਿਰਫ਼ ਇਕ ਦਰਖ਼ਤ ਨੂੰ ਛੱਡ ਕੇ ਬਾਕੀ ਸਾਰੇ ਦਰਖ਼ਤਾਂ ਦਾ ਫਲ ਖਾ ਸਕਦੇ ਸਨ। (ਉਤਪਤ 2:15-17) ਫਿਰ ਵੀ ਉਨ੍ਹਾਂ ਨੇ ਉਸੇ ਦਰਖ਼ਤ ਦਾ ਫਲ ਖਾਣ ਦਾ ਫ਼ੈਸਲਾ ਕੀਤਾ ਜਿਸ ਦਾ ਫਲ ਖਾਣ ਤੋਂ ਯਹੋਵਾਹ ਨੇ ਮਨ੍ਹਾ ਕੀਤਾ ਸੀ। ਬਾਈਬਲ ਵਿਚ ਲਿਖਿਆ ਹੈ ਕਿ ਹੱਵਾਹ ਨੇ “ਉਸ ਦਾ ਫਲ ਤੋੜ ਕੇ ਖਾ ਲਿਆ” ਅਤੇ ਬਾਅਦ ਵਿਚ ‘ਆਦਮ ਨੇ ਵੀ ਖਾ ਲਿਆ।’ (ਉਤਪਤ 3:6) ਆਦਮ ਅਤੇ ਹੱਵਾਹ ਨੂੰ ਮੁਕੰਮਲ ਬਣਾਇਆ ਗਿਆ ਸੀ ਜਿਸ ਕਰਕੇ ਉਹ ਸਹੀ ਕੰਮ ਕਰਨ ਦੇ ਪੂਰੀ ਤਰ੍ਹਾਂ ਕਾਬਲ ਸਨ। ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਇਸ ਤਰ੍ਹਾਂ ਉਨ੍ਹਾਂ ਨੇ ਪਾਪ ਕੀਤਾ ਅਤੇ ਯਹੋਵਾਹ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਫ਼ੈਸਲਾ ਕਰ ਕੇ ਉਨ੍ਹਾਂ ਨੇ ਆਪਣੇ ʼਤੇ ਬਹੁਤ ਦੁੱਖ ਲਿਆਂਦੇ।—ਉਤਪਤ 3:16-19.
3. ਆਦਮ ਅਤੇ ਹੱਵਾਹ ਦੇ ਫ਼ੈਸਲੇ ਦਾ ਸਾਡੇ ਉੱਤੇ ਕੀ ਅਸਰ ਹੋਇਆ ਹੈ?
ਜਦੋਂ ਆਦਮ ਅਤੇ ਹੱਵਾਹ ਨੇ ਪਾਪ ਕੀਤਾ, ਤਾਂ ਉਹ ਨਾਮੁਕੰਮਲ ਹੋ ਗਏ ਅਤੇ ਉਨ੍ਹਾਂ ਦੇ ਜਿੰਨੇ ਵੀ ਬੱਚੇ ਹੋਏ, ਉਨ੍ਹਾਂ ਸਾਰਿਆਂ ਨੂੰ ਵਿਰਾਸਤ ਵਿਚ ਪਾਪ ਅਤੇ ਨਾਮੁਕੰਮਲਤਾ ਮਿਲੀ। ਬਾਈਬਲ ਵਿਚ ਆਦਮ ਬਾਰੇ ਲਿਖਿਆ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ।”—ਰੋਮੀਆਂ 5:12.
ਸਾਡੇ ਉੱਤੇ ਹੋਰ ਵੀ ਕਈ ਕਾਰਨਾਂ ਕਰਕੇ ਦੁੱਖ-ਤਕਲੀਫ਼ਾਂ ਆਉਂਦੀਆਂ ਹਨ। ਕਦੇ ਅਸੀਂ ਆਪਣੇ ਗ਼ਲਤ ਫ਼ੈਸਲਿਆਂ ਕਰਕੇ ਤੇ ਕਦੇ ਦੂਜਿਆਂ ਦੇ ਗ਼ਲਤ ਫ਼ੈਸਲਿਆਂ ਕਰਕੇ ਦੁੱਖ ਝੱਲਦੇ ਹਾਂ। ਕਦੇ-ਕਦੇ ਸਾਡੇ ʼਤੇ ਇਸ ਲਈ ਦੁੱਖ ਆਉਂਦੇ ਹਨ ਕਿਉਂਕਿ ਅਸੀਂ ਕਿਤੇ ਹੁੰਦੇ ਹਾਂ ਅਤੇ ਅਚਾਨਕ ਉੱਥੇ ਕੋਈ ਹਾਦਸਾ ਹੋ ਜਾਂਦਾ ਹੈ।—ਉਪਦੇਸ਼ਕ ਦੀ ਕਿਤਾਬ 9:11 ਪੜ੍ਹੋ।
ਹੋਰ ਸਿੱਖੋ
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੁਨੀਆਂ ਵਿਚ ਹੋ ਰਹੇ ਬੁਰੇ ਕੰਮਾਂ ਅਤੇ ਦੁੱਖ-ਤਕਲੀਫ਼ਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ? ਸਾਨੂੰ ਤਕਲੀਫ਼ ਵਿਚ ਦੇਖ ਕੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ? ਆਓ ਜਾਣੀਏ।
4. ਦੁੱਖ-ਤਕਲੀਫ਼ਾਂ ਲਈ ਕੌਣ ਜ਼ਿੰਮੇਵਾਰ ਹੈ?
ਕਈ ਲੋਕ ਮੰਨਦੇ ਹਨ ਕਿ ਰੱਬ ਦੁਨੀਆਂ ਨੂੰ ਚਲਾ ਰਿਹਾ ਹੈ। ਪਰ ਕੀ ਇਹ ਸੱਚ ਹੈ? ਵੀਡੀਓ ਦੇਖੋ।
ਯਾਕੂਬ 1:13 ਅਤੇ 1 ਯੂਹੰਨਾ 5:19 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਕੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ?
5. ਸ਼ੈਤਾਨ ਦੇ ਰਾਜ ਵਿਚ ਕੀ ਕੁਝ ਹੋਇਆ ਹੈ?
ਉਤਪਤ 3:1-6 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਸ਼ੈਤਾਨ ਨੇ ਕਿਹੜਾ ਝੂਠ ਬੋਲਿਆ?—ਆਇਤਾਂ 4 ਅਤੇ 5 ਦੇਖੋ।
ਸ਼ੈਤਾਨ ਨੇ ਕੀ ਕਹਿ ਕੇ ਯਹੋਵਾਹ ʼਤੇ ਇਹ ਦੋਸ਼ ਲਾਇਆ ਕਿ ਉਹ ਇਨਸਾਨਾਂ ਤੋਂ ਕੋਈ ਚੰਗੀ ਚੀਜ਼ ਲੁਕੋ ਰਿਹਾ ਹੈ?
ਸ਼ੈਤਾਨ ਮੁਤਾਬਕ ਕੀ ਖ਼ੁਸ਼ ਰਹਿਣ ਲਈ ਇਨਸਾਨਾਂ ਨੂੰ ਯਹੋਵਾਹ ਦੀ ਹਕੂਮਤ ਦੇ ਅਧੀਨ ਰਹਿਣ ਦੀ ਲੋੜ ਹੈ?
ਉਪਦੇਸ਼ਕ ਦੀ ਕਿਤਾਬ 8:9 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਦੀ ਹਕੂਮਤ ਤੋਂ ਬਗੈਰ ਦੁਨੀਆਂ ਦਾ ਕੀ ਹਾਲ ਹੋ ਗਿਆ ਹੈ?
ਆਦਮ ਅਤੇ ਹੱਵਾਹ ਮੁਕੰਮਲ ਸਨ ਅਤੇ ਸੋਹਣੀ ਧਰਤੀ ʼਤੇ ਰਹਿੰਦੇ ਸਨ। ਪਰ ਉਨ੍ਹਾਂ ਨੇ ਸ਼ੈਤਾਨ ਦੀ ਸੁਣੀ ਅਤੇ ਉਹ ਯਹੋਵਾਹ ਦੇ ਖ਼ਿਲਾਫ਼ ਹੋ ਗਏ
ਬਗਾਵਤ ਹੋਣ ਕਰਕੇ ਦੁਨੀਆਂ ਵਿਚ ਪਾਪ, ਦੁੱਖ-ਤਕਲੀਫ਼ਾਂ ਅਤੇ ਮੌਤ ਆਈ
ਇਨਸਾਨ ਫਿਰ ਤੋਂ ਮੁਕੰਮਲ ਹੋ ਜਾਣਗੇ ਅਤੇ ਸੋਹਣੀ ਧਰਤੀ ʼਤੇ ਜੀਉਣਗੇ
6. ਯਹੋਵਾਹ ਨੂੰ ਸਾਡੀ ਪਰਵਾਹ ਹੈ
ਜਦੋਂ ਅਸੀਂ ਤਕਲੀਫ਼ ਵਿਚ ਹੁੰਦੇ ਹਾਂ, ਤਾਂ ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ? ਗੌਰ ਕਰੋ ਕਿ ਰਾਜਾ ਦਾਊਦ ਤੇ ਪਤਰਸ ਰਸੂਲ ਨੇ ਕੀ ਲਿਖਿਆ ਸੀ। ਜ਼ਬੂਰ 31:7 ਅਤੇ 1 ਪਤਰਸ 5:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਸਾਡੀਆਂ ਤਕਲੀਫ਼ਾਂ ਸਮਝਦਾ ਹੈ ਅਤੇ ਉਹ ਸਾਡੀ ਬਹੁਤ ਪਰਵਾਹ ਕਰਦਾ ਹੈ। ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?
7. ਪਰਮੇਸ਼ੁਰ ਇਨਸਾਨਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਦੇਵੇਗਾ
ਯਸਾਯਾਹ 65:17 ਅਤੇ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਇਨਸਾਨਾਂ ਦੇ ਸਾਰੇ ਦੁੱਖ-ਦਰਦ ਮਿਟਾ ਦੇਵੇਗਾ। ਇਸ ਵਾਅਦੇ ਤੋਂ ਤੁਹਾਨੂੰ ਕਿਉਂ ਦਿਲਾਸਾ ਮਿਲਦਾ ਹੈ?
ਕੀ ਤੁਹਾਨੂੰ ਪਤਾ?
ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਪਹਿਲਾ ਝੂਠ ਬੋਲ ਕੇ ਯਹੋਵਾਹ ਦਾ ਨਾਂ ਬਦਨਾਮ ਕੀਤਾ। ਉਸ ਨੇ ਇਹ ਦੋਸ਼ ਲਾਇਆ ਕਿ ਯਹੋਵਾਹ ਚੰਗਾ ਰਾਜਾ ਨਹੀਂ ਹੈ ਅਤੇ ਉਹ ਇਨਸਾਨਾਂ ਨੂੰ ਪਿਆਰ ਨਹੀਂ ਕਰਦਾ। ਬਹੁਤ ਜਲਦ ਜਦੋਂ ਪਰਮੇਸ਼ੁਰ ਸਾਰੀਆਂ ਦੁੱਖ-ਤਕਲੀਫ਼ਾਂ ਖ਼ਤਮ ਕਰੇਗਾ, ਉਦੋਂ ਉਹ ਆਪਣੇ ਨਾਂ ʼਤੇ ਲੱਗਾ ਕਲੰਕ ਮਿਟਾ ਦੇਵੇਗਾ। ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਯਹੋਵਾਹ ਸਾਬਤ ਕਰੇਗਾ ਕਿ ਉਸ ਦੀ ਹਕੂਮਤ ਹੀ ਸਭ ਤੋਂ ਵਧੀਆ ਹੈ। ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਪੂਰੀ ਕਾਇਨਾਤ ਵਿਚ ਸਭ ਤੋਂ ਅਹਿਮ ਗੱਲ ਹੈ।—ਮੱਤੀ 6:9, 10.
ਕੁਝ ਲੋਕਾਂ ਦਾ ਕਹਿਣਾ ਹੈ: “ਦੁੱਖ-ਸੁੱਖ ਦੋਵੇਂ ਰੱਬ ਵੱਲੋਂ ਹੀ ਹਨ।”
ਤੁਹਾਡਾ ਕੀ ਖ਼ਿਆਲ ਹੈ?
ਹੁਣ ਤਕ ਅਸੀਂ ਸਿੱਖਿਆ
ਦੁਨੀਆਂ ਵਿਚ ਫੈਲੀ ਬੁਰਾਈ ਲਈ ਖ਼ਾਸ ਤੌਰ ਤੇ ਸ਼ੈਤਾਨ ਅਤੇ ਆਦਮ-ਹੱਵਾਹ ਜ਼ਿੰਮੇਵਾਰ ਹਨ। ਯਹੋਵਾਹ ਸਾਡੀਆਂ ਤਕਲੀਫ਼ਾਂ ਸਮਝਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਉਹ ਜਲਦ ਹੀ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਦੇਵੇਗਾ।
ਤੁਸੀਂ ਕੀ ਕਹੋਗੇ?
ਸ਼ੈਤਾਨ ਨੇ ਹੱਵਾਹ ਨੂੰ ਕਿਹੜਾ ਝੂਠ ਬੋਲਿਆ?
ਆਦਮ ਅਤੇ ਹੱਵਾਹ ਦੀ ਬਗਾਵਤ ਦਾ ਸਾਡੇ ਉੱਤੇ ਕੀ ਅਸਰ ਹੋਇਆ ਹੈ?
ਅਸੀਂ ਕਿੱਦਾਂ ਜਾਣਦੇ ਹਾਂ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ?
ਇਹ ਵੀ ਦੇਖੋ
ਆਓ ਜਾਣੀਏ ਕਿ ਬਾਈਬਲ ਵਿਚ ਪਾਪ ਦਾ ਕੀ ਮਤਲਬ ਦੱਸਿਆ ਗਿਆ ਹੈ।
ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਜਿਹੜਾ ਸਵਾਲ ਖੜ੍ਹਾ ਕੀਤਾ, ਉਸ ਬਾਰੇ ਹੋਰ ਜਾਣਨ ਲਈ ਇਹ ਲੇਖ ਪੜ੍ਹੋ।
“ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?” (ਪਹਿਰਾਬੁਰਜ ਲੇਖ)
ਇਸ ਗੰਭੀਰ ਸਵਾਲ ਦਾ ਜਵਾਬ ਜਾਣ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ।
“ਯਹੂਦੀਆਂ ਦਾ ਕਤਲੇਆਮ ਕਿਉਂ ਹੋਇਆ? ਰੱਬ ਨੇ ਇਸ ਨੂੰ ਰੋਕਿਆ ਕਿਉਂ ਨਹੀਂ?” (jw.org ʼਤੇ ਲੇਖ)
ਇਕ ਆਦਮੀ ਨੇ ਜਦੋਂ ਜਾਣਿਆ ਕਿ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ, ਤਾਂ ਦੇਖੋ ਉਸ ਨੂੰ ਕਿੱਦਾਂ ਲੱਗਾ।
-
-
ਯਿਸੂ ਨੇ ਆਪਣੀ ਜਾਨ ਦੇ ਕੇ ਸਾਨੂੰ ਕਿਵੇਂ ਬਚਾਇਆ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਜਿਵੇਂ ਅਸੀਂ ਪਿਛਲੇ ਪਾਠ ਵਿਚ ਦੇਖਿਆ ਸੀ, ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਦੁਨੀਆਂ ਵਿਚ ਪਾਪ, ਦੁੱਖ ਅਤੇ ਮੌਤ ਆਈ।a ਤਾਂ ਫਿਰ, ਕੀ ਸਾਡੇ ਲਈ ਕੋਈ ਉਮੀਦ ਨਹੀਂ? ਇੱਦਾਂ ਦੀ ਗੱਲ ਨਹੀਂ ਹੈ। ਯਹੋਵਾਹ ਨੇ ਸਾਡੇ ਲਈ ਇਕ ਰਾਹ ਖੋਲ੍ਹਿਆ ਹੈ। ਉਸ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਿਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਆਪਣੀ ਜਾਨ ਦੇ ਕੇ ਸਾਡੇ ਲਈ ਰਿਹਾਈ ਦੀ ਕੀਮਤ ਦਿੱਤੀ। ਇਹ ਉਹ ਕੀਮਤ ਹੁੰਦੀ ਹੈ ਜੋ ਕਿਸੇ ਨੂੰ ਰਿਹਾ ਕਰਾਉਣ ਜਾਂ ਛੁਡਾਉਣ ਲਈ ਦਿੱਤੀ ਜਾਂਦੀ ਹੈ। ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਰਿਹਾਈ ਦੀ ਕੀਮਤ ਦੇ ਤੌਰ ਤੇ ਦਿੱਤੀ। (ਮੱਤੀ 20:28 ਪੜ੍ਹੋ।) ਮੁਕੰਮਲ ਹੋਣ ਕਰਕੇ ਯਿਸੂ ਕੋਲ ਹਮੇਸ਼ਾ ਲਈ ਧਰਤੀ ʼਤੇ ਜੀਉਣ ਦਾ ਹੱਕ ਸੀ। ਪਰ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣਾ ਇਹ ਹੱਕ ਤਿਆਗ ਦਿੱਤਾ ਤਾਂਕਿ ਸਾਨੂੰ ਉਹ ਸਾਰਾ ਕੁਝ ਮਿਲ ਸਕੇ ਜੋ ਆਦਮ ਅਤੇ ਹੱਵਾਹ ਨੇ ਗੁਆਇਆ ਸੀ। ਆਪਣੀ ਜਾਨ ਦੇ ਕੇ ਯਿਸੂ ਨੇ ਇਹ ਵੀ ਦਿਖਾਇਆ ਕਿ ਉਹ ਅਤੇ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦੇ ਹਨ। ਇਸ ਪਾਠ ਵਿਚ ਅਸੀਂ ਜੋ ਵੀ ਸਿੱਖਾਂਗੇ, ਉਸ ਤੋਂ ਯਿਸੂ ਦੀ ਕੁਰਬਾਨੀ ਲਈ ਸਾਡੀ ਕਦਰ ਹੋਰ ਵੀ ਵਧ ਜਾਵੇਗੀ।
1. ਯਿਸੂ ਦੀ ਕੁਰਬਾਨੀ ਤੋਂ ਅੱਜ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਨਾਮੁਕੰਮਲ ਹੋਣ ਕਰਕੇ ਅਸੀਂ ਕਈ ਵਾਰ ਗ਼ਲਤੀਆਂ ਕਰਦੇ ਹਾਂ ਅਤੇ ਯਹੋਵਾਹ ਨੂੰ ਦੁੱਖ ਪਹੁੰਚਾਉਂਦੇ ਹਾਂ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਨਾਲ ਰਿਸ਼ਤਾ ਨਹੀਂ ਜੋੜ ਸਕਦੇ? ਬਾਈਬਲ ਵਿਚ ਲਿਖਿਆ ਹੈ: ‘ਇਕ ਧਰਮੀ ਇਨਸਾਨ ਯਾਨੀ ਮਸੀਹ ਕੁਧਰਮੀਆਂ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਇੱਕੋ ਵਾਰ ਮਰਿਆ ਤਾਂਕਿ ਉਹ ਤੁਹਾਨੂੰ ਪਰਮੇਸ਼ੁਰ ਕੋਲ ਲੈ ਜਾਵੇ।’ (1 ਪਤਰਸ 3:18) ਜੇ ਅਸੀਂ ਯਹੋਵਾਹ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਗ਼ਲਤੀਆਂ ਦਾ ਦਿਲੋਂ ਪਛਤਾਵਾ ਹੋਣਾ ਚਾਹੀਦਾ ਹੈ, ਯਿਸੂ ਮਸੀਹ ਦੇ ਨਾਂ ʼਤੇ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਇਹ ਠਾਣ ਲੈਣਾ ਚਾਹੀਦਾ ਹੈ ਕਿ ਅਸੀਂ ਦੁਬਾਰਾ ਉਹ ਗ਼ਲਤੀਆਂ ਨਹੀਂ ਕਰਾਂਗੇ।—1 ਯੂਹੰਨਾ 2:1.
2. ਯਿਸੂ ਦੀ ਕੁਰਬਾਨੀ ਤੋਂ ਸਾਨੂੰ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?
ਯਹੋਵਾਹ ਨੇ ਯਿਸੂ ਨੂੰ ਆਪਣਾ ਮੁਕੰਮਲ ਜੀਵਨ ਕੁਰਬਾਨ ਕਰਨ ਲਈ ਧਰਤੀ ʼਤੇ ਭੇਜਿਆ ‘ਤਾਂਕਿ ਜਿਹੜਾ ਵੀ ਯਿਸੂ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।’ (ਯੂਹੰਨਾ 3:16) ਯਿਸੂ ਦੀ ਕੁਰਬਾਨੀ ਸਦਕਾ ਯਹੋਵਾਹ ਉਨ੍ਹਾਂ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਖ਼ਤਮ ਕਰੇਗਾ ਜੋ ਆਦਮ ਦੀ ਅਣਆਗਿਆਕਾਰੀ ਕਰਕੇ ਸ਼ੁਰੂ ਹੋਈਆਂ। ਜੇ ਅਸੀਂ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਕਰਾਂਗੇ, ਤਾਂ ਅਸੀਂ ਭਵਿੱਖ ਵਿਚ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀ ਸਕਾਂਗੇ।—ਯਸਾਯਾਹ 65:21-23.
ਹੋਰ ਸਿੱਖੋ
ਆਓ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ ਕਿ ਯਿਸੂ ਨੇ ਆਪਣੀ ਜਾਨ ਕਿਉਂ ਕੁਰਬਾਨ ਕੀਤੀ ਅਤੇ ਸਾਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ।
3. ਯਿਸੂ ਨੇ ਆਪਣੀ ਜਾਨ ਦੇ ਕੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਇਆ
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਯਹੋਵਾਹ ਦਾ ਕਹਿਣਾ ਨਾ ਮੰਨ ਕੇ ਆਦਮ ਨੇ ਕਿਹੜਾ ਮੌਕਾ ਗੁਆ ਦਿੱਤਾ?
ਰੋਮੀਆਂ 5:12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਆਦਮ ਦੇ ਪਾਪ ਦਾ ਤੁਹਾਡੇ ʼਤੇ ਕੀ ਅਸਰ ਹੋਇਆ ਹੈ?
ਯੂਹੰਨਾ 3:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਕਿਉਂ ਭੇਜਿਆ?
ਆਦਮ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਵਿਚ ਪਾਪ ਅਤੇ ਮੌਤ ਫੈਲ ਗਈ
ਯਿਸੂ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਨੂੰ ਮੁਕੰਮਲ ਹੋਣ ਅਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਿਆ ਹੈ
4. ਯਿਸੂ ਦੀ ਕੁਰਬਾਨੀ ਤੋਂ ਸਾਰਿਆਂ ਨੂੰ ਫ਼ਾਇਦਾ ਹੋ ਸਕਦਾ ਹੈ
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਇਕ ਆਦਮੀ ਦੀ ਮੌਤ ਨਾਲ ਸਾਰੇ ਲੋਕਾਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
1 ਤਿਮੋਥਿਉਸ 2:5, 6 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਆਦਮ ਇਕ ਮੁਕੰਮਲ ਇਨਸਾਨ ਸੀ। ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਸਾਰੇ ਇਨਸਾਨਾਂ ਵਿਚ ਪਾਪ ਅਤੇ ਮੌਤ ਫੈਲ ਗਈ। ਯਿਸੂ ਵੀ ਇਕ ਮੁਕੰਮਲ ਇਨਸਾਨ ਸੀ। ਉਸ ਨੇ “ਰਿਹਾਈ ਦੀ ਬਰਾਬਰ ਕੀਮਤ” ਕਿਵੇਂ ਚੁਕਾਈ ਅਤੇ ਇਸ ਨਾਲ ਕੀ ਮੁਮਕਿਨ ਹੋਇਆ?
5. ਰਿਹਾਈ ਦੀ ਕੀਮਤ ਤੁਹਾਡੇ ਲਈ ਯਹੋਵਾਹ ਦੇ ਪਿਆਰ ਦਾ ਸਬੂਤ
ਯਹੋਵਾਹ ਨੂੰ ਪਿਆਰ ਕਰਨ ਵਾਲਾ ਹਰੇਕ ਵਿਅਕਤੀ ਰਿਹਾਈ ਦੀ ਕੀਮਤ ਬਾਰੇ ਇਹ ਸੋਚਦਾ ਹੈ: ‘ਯਹੋਵਾਹ ਨੇ ਇਹ ਤੋਹਫ਼ਾ ਮੈਨੂੰ ਦਿੱਤਾ ਹੈ।’ ਮਿਸਾਲ ਲਈ, ਦੇਖੋ ਕਿ ਪੌਲੁਸ ਰਸੂਲ ਨੇ ਇਸ ਬਾਰੇ ਕੀ ਕਿਹਾ। ਗਲਾਤੀਆਂ 2:20 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਅਸੀਂ ਕਿਉਂ ਕਹਿ ਸਕਦੇ ਕਿ ਪੌਲੁਸ ਇਹ ਮੰਨਦਾ ਸੀ ਕਿ ਰਿਹਾਈ ਦੀ ਕੀਮਤ ਖ਼ਾਸ ਕਰਕੇ ਉਸ ਲਈ ਦਿੱਤੀ ਗਈ ਹੈ?
ਆਦਮ ਨੇ ਪਾਪ ਕੀਤਾ, ਇਸ ਲਈ ਉਹ ਮਰ ਗਿਆ। ਉਸ ਦੀ ਔਲਾਦ ਹੋਣ ਕਰਕੇ ਅਸੀਂ ਵੀ ਮਰਦੇ ਹਾਂ। ਪਰ ਯਹੋਵਾਹ ਨੇ ਆਪਣਾ ਪੁੱਤਰ ਇਸ ਲਈ ਕੁਰਬਾਨ ਕਰ ਦਿੱਤਾ ਤਾਂਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ।
ਅੱਗੇ ਦਿੱਤੀਆਂ ਆਇਤਾਂ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਆਪਣੇ ਪੁੱਤਰ ਨੂੰ ਤੜਫਦਾ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਾ ਹੋਣਾ। ਯੂਹੰਨਾ 19:1-7, 16-18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਅਤੇ ਯਿਸੂ ਨੇ ਤੁਹਾਡੇ ਲਈ ਜੋ ਕੀਤਾ, ਉਸ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?
ਸ਼ਾਇਦ ਕੋਈ ਪੁੱਛੇ: “ਇਕ ਆਦਮੀ ਦੇ ਮਰਨ ਨਾਲ ਸਾਰੇ ਲੋਕਾਂ ਦੀਆਂ ਜਾਨਾਂ ਕਿਵੇਂ ਬਚ ਸਕਦੀਆਂ ਹਨ?”
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਿਸੂ ਦੀ ਕੁਰਬਾਨੀ ਕਰਕੇ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ। ਨਾਲੇ ਇਸ ਕੁਰਬਾਨੀ ਕਰਕੇ ਸਾਨੂੰ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਿਆ ਹੈ।
ਤੁਸੀਂ ਕੀ ਕਹੋਗੇ?
ਯਿਸੂ ਨੇ ਆਪਣੀ ਜਾਨ ਕਿਉਂ ਕੁਰਬਾਨ ਕੀਤੀ?
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਰਿਹਾਈ ਦੀ ਬਰਾਬਰ ਕੀਮਤ ਚੁਕਾਈ ਅਤੇ ਇਸ ਨਾਲ ਕੀ ਮੁਮਕਿਨ ਹੋਇਆ?
ਯਿਸੂ ਦੀ ਕੁਰਬਾਨੀ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਇਹ ਵੀ ਦੇਖੋ
ਜਾਣੋ ਕਿ ਯਿਸੂ ਦੀ ਮੁਕੰਮਲ ਜ਼ਿੰਦਗੀ ਨੂੰ ਰਿਹਾਈ ਦੀ ਕੀਮਤ ਕਿਉਂ ਕਿਹਾ ਗਿਆ ਹੈ।
“ਯਿਸੂ ਦੀ ਕੁਰਬਾਨੀ ਕਿਵੇਂ ‘ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ’ ਹੈ?” (jw.org ʼਤੇ ਲੇਖ)
ਜਾਣੋ ਕਿ ਪਾਪ ਅਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।
ਕੀ ਯਹੋਵਾਹ ਸਾਡੇ ਗੰਭੀਰ ਪਾਪ ਵੀ ਮਾਫ਼ ਕਰ ਸਕਦਾ ਹੈ?
ਦੇਖੋ ਕਿ ਮਸੀਹ ਦੀ ਕੁਰਬਾਨੀ ਬਾਰੇ ਜਾਣ ਕੇ ਇਕ ਆਦਮੀ ਦੀ ਜ਼ਿੰਦਗੀ ਕਿਵੇਂ ਬਦਲ ਗਈ।
a ਪਾਪ ਦਾ ਮਤਲਬ ਸਿਰਫ਼ ਕੋਈ ਬੁਰਾ ਕੰਮ ਕਰਨਾ ਨਹੀਂ ਹੈ। ਸਾਡੇ ਅੰਦਰ ਬੁਰੇ ਕੰਮ ਕਰਨ ਦਾ ਜੋ ਝੁਕਾਅ ਹੈ, ਉਸ ਨੂੰ ਵੀ ਪਾਪ ਕਹਿੰਦੇ ਹਨ। ਇਹ ਝੁਕਾਅ ਸਾਡੇ ਵਿਚ ਜਨਮ ਤੋਂ ਹੁੰਦਾ ਹੈ ਕਿਉਂਕਿ ਇਹ ਸਾਨੂੰ ਆਦਮ ਅਤੇ ਹੱਵਾਹ ਤੋਂ ਮਿਲਿਆ ਹੈ।
-