ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਸੀਹ ਦਾ ਮਨ ਜਾਣੋ
    ਪਹਿਰਾਬੁਰਜ—2000 | ਫਰਵਰੀ 15
    • ਮਸੀਹ ਦਾ ਮਨ ਜਾਣੋ

      “ਪ੍ਰਭੁ [ਦੇ ਮਨ] ਨੂੰ ਕਿਨ ਜਾਣਿਆ ਹੈ ਭਈ ਉਹ ਨੂੰ ਸਮਝਾਵੇ? ਪਰ ਮਸੀਹ [ਦਾ ਮਨ] ਸਾਡੇ ਵਿੱਚ ਹੈ।”—1 ਕੁਰਿੰਥੀਆਂ 2:16.

      1, 2. ਯਹੋਵਾਹ ਨੇ ਬਾਈਬਲ ਵਿਚ ਯਿਸੂ ਬਾਰੇ ਕਿਹੜੀ ਚੀਜ਼ ਪ੍ਰਗਟ ਕਰਨੀ ਜ਼ਰੂਰੀ ਸਮਝੀ ਸੀ?

      ਯਿਸੂ ਦੀ ਸ਼ਕਲ-ਸੂਰਤ ਕਿਸ ਤਰ੍ਹਾਂ ਦੀ ਸੀ? ਉਹ ਗੋਰਾ ਸੀ ਜਾਂ ਕਾਲਾ? ਉਸ ਦੀਆਂ ਅੱਖਾਂ ਤੇ ਵਾਲ ਕਿਸ ਤਰ੍ਹਾਂ ਦੇ ਸਨ? ਉਹ ਕਿੰਨਾ ਕੁ ਲੰਬਾ ਸੀ? ਉਸ ਦਾ ਭਾਰ ਕਿੰਨਾ ਕੁ ਸੀ? ਸਦੀਆਂ ਦੌਰਾਨ ਚਿੱਤਰਕਾਰਾਂ ਨੇ ਯਿਸੂ ਨੂੰ ਕਈ ਵੱਖੋ-ਵੱਖਰੇ ਤਰੀਕਿਆਂ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਵਿੱਚੋਂ ਕਈ ਤਸਵੀਰਾਂ ਸਹੀ ਹਨ, ਪਰ ਕਈ ਬਿਲਕੁਲ ਗ਼ਲਤ। ਕਈਆਂ ਨੇ ਤਸਵੀਰ ਵਿਚ ਉਸ ਨੂੰ ਤੰਦਰੁਸਤ ਅਤੇ ਬਹਾਦਰ ਦਿਖਾਇਆ ਹੈ ਪਰ ਦੂਸਰਿਆਂ ਨੇ ਉਸ ਨੂੰ ਕਮਜ਼ੋਰ ਤੇ ਉਦਾਸ ਪੇਸ਼ ਕੀਤਾ ਹੈ।

      2 ਲੇਕਿਨ, ਬਾਈਬਲ ਯਿਸੂ ਦੀ ਸ਼ਕਲ ਵੱਲ ਧਿਆਨ ਨਹੀਂ ਦਿੰਦੀ। ਇਸ ਦੀ ਬਜਾਇ, ਯਹੋਵਾਹ ਨੇ ਯਿਸੂ ਦਾ ਸੁਭਾਉ ਪ੍ਰਗਟ ਕਰਨਾ ਜ਼ਿਆਦਾ ਮਹੱਤਵਪੂਰਣ ਸਮਝਿਆ। ਇੰਜੀਲਾਂ ਦੇ ਬਿਰਤਾਂਤ ਸਿਰਫ਼ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਬਾਰੇ ਹੀ ਨਹੀਂ ਦੱਸਦੇ ਪਰ ਉਨ੍ਹਾਂ ਨਾਲ ਸੰਬੰਧਿਤ ਉਸ ਦੀ ਸੋਚਣੀ ਅਤੇ ਉਸ ਦੀਆਂ ਭਾਵਨਾਵਾਂ ਦੀ ਗਹਿਰਾਈ ਨੂੰ ਵੀ ਪ੍ਰਗਟ ਕਰਦੇ ਹਨ। ਪੌਲੁਸ ਰਸੂਲ ਅਨੁਸਾਰ ਇਹ ਸਾਰੀਆਂ ਗੱਲਾਂ ‘ਮਸੀਹ ਦੇ ਮਨ’ ਨੂੰ ਸੰਕੇਤ ਕਰਦੀਆਂ ਹਨ ਜਿਸ ਬਾਰੇ ਸਾਨੂੰ ਇੰਜੀਲ ਦਿਆਂ ਚਾਰ ਬਿਰਤਾਂਤਾਂ ਤੋਂ ਜ਼ਿਆਦਾ ਜਾਣਕਾਰੀ ਮਿਲ ਸਕਦੀ ਹੈ। (1 ਕੁਰਿੰਥੀਆਂ 2:16) ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸੋਚਣੀ, ਉਸ ਦੀਆਂ ਭਾਵਨਾਵਾਂ, ਅਤੇ ਉਸ ਦੇ ਸੁਭਾਉ ਨੂੰ ਜਾਣੀਏ। ਕਿਉਂ? ਆਓ ਆਪਾਂ ਦੋ ਕਾਰਨ ਦੇਖੀਏ।

      3. ਮਸੀਹ ਦਾ ਮਨ ਜਾਣ ਕੇ ਸਾਨੂੰ ਕਿਹੜੀ ਸਮਝ ਮਿਲ ਸਕਦੀ ਹੈ?

      3 ਪਹਿਲਾ ਕਾਰਨ ਇਹ ਹੈ ਕਿ ਮਸੀਹ ਦਾ ਮਨ ਸਾਨੂੰ ਯਹੋਵਾਹ ਦੇ ਮਨ ਦੀ ਇਕ ਝਲਕ ਦਿਖਾਉਂਦਾ ਹੈ। ਯਿਸੂ ਆਪਣੇ ਪਿਤਾ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਹਿ ਸਕਦਾ ਸੀ ਕਿ “ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਉਸ ਨੂੰ ਪਰਗਟ ਕੀਤਾ ਚਾਹੇ।” (ਲੂਕਾ 10:22) ਇੱਥੇ ਮਾਨੋ ਯਿਸੂ ਇਸ ਤਰ੍ਹਾਂ ਕਹਿ ਰਿਹਾ ਸੀ ਕਿ ‘ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਵਾਹ ਕਿਸ ਤਰ੍ਹਾਂ ਦਾ ਹੈ ਤਾਂ ਮੇਰੇ ਵੱਲ ਦੇਖੋ।’ (ਯੂਹੰਨਾ 14:9) ਇਸ ਲਈ, ਜਦੋਂ ਅਸੀਂ ਇੰਜੀਲਾਂ ਦਾ ਅਧਿਐਨ ਕਰਦੇ ਹਾਂ ਅਤੇ ਯਿਸੂ ਦੀ ਸੋਚਣੀ ਅਤੇ ਉਸ ਦਿਆਂ ਜਜ਼ਬਾਤਾਂ ਬਾਰੇ ਸਿੱਖਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਦੀ ਸੋਚਣੀ ਅਤੇ ਉਸ ਦਿਆਂ ਜਜ਼ਬਾਤਾਂ ਬਾਰੇ ਸਿੱਖ ਰਹੇ ਹੁੰਦੇ ਹਾਂ। ਇਸ ਤਰ੍ਹਾਂ ਦਾ ਗਿਆਨ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਸਾਡੀ ਮਦਦ ਕਰਦਾ ਹੈ।—ਯਾਕੂਬ 4:8.

      4. ਜੇ ਅਸੀਂ ਸੱਚ-ਮੁੱਚ ਮਸੀਹ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਕੀ ਸਿੱਖਣਾ ਚਾਹੀਦਾ ਹੈ ਅਤੇ ਕਿਉਂ?

      4 ਦੂਸਰਾ ਕਾਰਨ ਇਹ ਹੈ ਕਿ ਮਸੀਹ ਦਾ ਮਨ ਜਾਣਨ ਨਾਲ ਸਾਨੂੰ ‘ਉਹ ਦੀ ਪੈੜ ਉੱਤੇ ਤੁਰਨ’ ਵਿਚ ਮਦਦ ਮਿਲਦੀ ਹੈ। (1 ਪਤਰਸ 2:21) ਯਿਸੂ ਦੀ ਪੈੜ ਉੱਤੇ ਤੁਰਨ ਦਾ ਮਤਲਬ ਸਿਰਫ਼ ਉਸ ਦੇ ਸ਼ਬਦ ਦੁਹਰਾਉਣੇ ਅਤੇ ਉਸ ਦਿਆਂ ਕੰਮਾਂ ਦੀ ਰੀਸ ਕਰਨੀ ਨਹੀਂ ਹੈ। ਖ਼ਿਆਲ ਅਤੇ ਜਜ਼ਬਾਤ ਸਾਡੀ ਕਹਿਣੀ ਤੇ ਕਰਨੀ ਉੱਤੇ ਪ੍ਰਭਾਵ ਪਾ ਸਕਦੇ ਹਨ। ਇਸ ਲਈ ਮਸੀਹ ਦੀ ਰੀਸ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਵਰਗਾ “ਸੁਭਾਉ” ਅਪਣਾਈਏ। (ਫ਼ਿਲਿੱਪੀਆਂ 2:5) ਯਾਨੀ ਕਿ ਜੇ ਅਸੀਂ ਸੱਚ-ਮੁੱਚ ਮਸੀਹ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਅਪੂਰਣ ਹੋਣ ਦੇ ਬਾਵਜੂਦ ਸਾਨੂੰ ਪਹਿਲਾਂ ਉਸ ਵਾਂਗ ਸੋਚਣ ਅਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਫਿਰ ਆਓ ਆਪਾਂ ਇੰਜੀਲ ਦੇ ਲਿਖਾਰੀਆਂ ਤੋਂ ਮਸੀਹ ਬਾਰੇ ਹੋਰ ਜਾਣਕਾਰੀ ਹਾਸਲ ਕਰੀਏ। ਪਹਿਲਾਂ ਅਸੀਂ ਉਨ੍ਹਾਂ ਗੱਲਾਂ ਦੀ ਚਰਚਾ ਕਰਾਂਗੇ ਜਿਨ੍ਹਾਂ ਨੇ ਯਿਸੂ ਦਿਆਂ ਖ਼ਿਆਲਾਂ ਅਤੇ ਜਜ਼ਬਾਤਾਂ ਉੱਤੇ ਅਸਰ ਪਾਇਆ ਸੀ।

      ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ

      5, 6. (ੳ) ਸਾਡੇ ਸਾਥੀ ਸਾਡੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੇ ਹਨ? (ਅ) ਧਰਤੀ ਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਨੇ ਕਿਸ ਤਰ੍ਹਾਂ ਦੀ ਸੰਗਤ ਰੱਖੀ ਸੀ, ਅਤੇ ਇਸ ਸੰਗਤ ਨੇ ਉਸ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਇਆ?

      5 ਸਾਡੇ ਨਜ਼ਦੀਕੀ ਸਾਥੀ ਸਾਡੇ ਖ਼ਿਆਲਾਂ, ਜਜ਼ਬਾਤਾਂ, ਅਤੇ ਕੰਮਾਂ ਉੱਤੇ ਚੰਗਾ ਜਾਂ ਬੁਰਾ ਅਸਰ ਪਾ ਸਕਦੇ ਹਨ।a (ਕਹਾਉਤਾਂ 13:20) ਧਰਤੀ ਉੱਤੇ ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਸਵਰਗ ਵਿਚ ਯਿਸੂ ਦੀ ਸੰਗਤ ਬਾਰੇ ਜ਼ਰਾ ਸੋਚੋ। ਯੂਹੰਨਾ ਦੀ ਇੰਜੀਲ ਯਿਸੂ ਦੇ ਉਸ ਜੀਵਨ ਵੱਲ ਧਿਆਨ ਖਿੱਚਦੀ ਹੈ ਜਦੋਂ ਉਹ ਅਜੇ ਸਵਰਗ ਵਿਚ ਸੀ ਅਤੇ ਉਹ ਪਰਮੇਸ਼ੁਰ ਦੀ ਥਾਂ ਬੋਲਦਾ ਸੀ, ਯਾਨੀ “ਸ਼ਬਦ” ਕਹਿਲਾਉਂਦਾ ਸੀ। ਯੂਹੰਨਾ ਕਹਿੰਦਾ ਹੈ: “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ। ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ।” (ਯੂਹੰਨਾ 1:1, 2) ਕਿਉਂਜੋ ਯਹੋਵਾਹ ਦਾ ਕੋਈ ਆਰੰਭ ਨਹੀਂ ਸੀ, “ਆਦ ਵਿੱਚ” ਸ਼ਬਦ ਦਾ ਪਰਮੇਸ਼ੁਰ ਦੇ ਸੰਗ ਹੋਣਾ ਉਸ ਸਮੇਂ ਵੱਲ ਸੰਕੇਤ ਕਰਦਾ ਹੈ ਜਦ ਪਰਮੇਸ਼ੁਰ ਨੇ ਸ੍ਰਿਸ਼ਟੀ ਸ਼ੁਰੂ ਕੀਤੀ ਸੀ। (ਜ਼ਬੂਰ 90:2) ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” ਇਸ ਲਈ, ਉਹ ਬਾਕੀ ਦੂਤਾਂ ਅਤੇ ਵਿਸ਼ਵ ਦੀ ਸ੍ਰਿਸ਼ਟੀ ਤੋਂ ਪਹਿਲਾਂ ਸ੍ਰਿਸ਼ਟ ਕੀਤਾ ਗਿਆ ਸੀ।—ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14.

      6 ਕੁਝ ਵਿਗਿਆਨਕ ਅੰਦਾਜ਼ਿਆਂ ਅਨੁਸਾਰ, ਬ੍ਰਹਿਮੰਡ ਦੀ ਹੋਂਦ ਨੂੰ ਘੱਟੋ-ਘੱਟ 12 ਅਰਬ ਸਾਲ ਹੋਏ ਹਨ। ਜੇਕਰ ਇਹ ਅੰਦਾਜ਼ੇ ਥੋੜ੍ਹੇ-ਬਹੁਤੇ ਵੀ ਸਹੀ ਹਨ, ਤਾਂ ਆਦਮ ਦੀ ਸ੍ਰਿਸ਼ਟੀ ਤੋਂ ਪਹਿਲਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਨੇ ਆਪਣੇ ਪਿਤਾ ਨਾਲ ਅਰਬਾਂ ਹੀ ਸਾਲਾਂ ਲਈ ਨਜ਼ਦੀਕੀ ਸੰਗਤ ਦਾ ਆਨੰਦ ਮਾਣਿਆ ਸੀ। (ਮੀਕਾਹ 5:2 ਦੀ ਤੁਲਨਾ ਕਰੋ।) ਇਸ ਲਈ ਉਨ੍ਹਾਂ ਦੋਹਾਂ ਵਿਚਕਾਰ ਇਕ ਪ੍ਰੇਮਪੂਰਣ ਅਤੇ ਗਹਿਰਾ ਰਿਸ਼ਤਾ ਪੈਦਾ ਹੋਇਆ। ਮਨੁੱਖੀ ਹੋਂਦ ਤੋਂ ਪਹਿਲਾਂ ਇਹ ਜੇਠਾ ਪੁੱਤਰ, ਬੁੱਧ ਦਿਆਂ ਸ਼ਬਦਾਂ ਵਿਚ ਇਹ ਕਹਿੰਦਾ ਹੋਇਆ ਦਰਸਾਇਆ ਗਿਆ ਹੈ ਕਿ ‘ਮੈਂ ਨਿੱਤ ਯਹੋਵਾਹ ਨੂੰ ਰਿਝਾਉਂਦਾ ਤੇ ਸਦਾ ਉਹ ਦੇ ਅੱਗੇ ਖੇਡਦਾ ਰਹਿੰਦਾ’ ਸੀ। (ਕਹਾਉਤਾਂ 8:30) ਪ੍ਰੇਮ ਦੇ ਸ੍ਰੋਤ ਨਾਲ ਨਜ਼ਦੀਕੀ ਸੰਗਤ ਵਿਚ ਖਰਬਾਂ ਹੀ ਸਾਲ ਗੁਜ਼ਾਰਨ ਦੁਆਰਾ ਯਿਸੂ ਉੱਤੇ ਸੱਚ-ਮੁੱਚ ਡੂੰਘਾ ਅਸਰ ਪਿਆ ਹੋਣਾ! (1 ਯੂਹੰਨਾ 4:8) ਇਹ ਪੁੱਤਰ ਆਪਣੇ ਪਿਤਾ ਦੇ ਖ਼ਿਆਲ, ਜਜ਼ਬਾਤ, ਤੇ ਤੌਰ-ਤਰੀਕੇ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਸਾਰਿਆਂ ਨਾਲੋਂ ਬਿਹਤਰ ਢੰਗ ਵਿਚ ਉਸ ਦੀ ਰੀਸ ਕਰ ਸਕਦਾ ਸੀ।—ਮੱਤੀ 11:27.

      ਮਨੁੱਖੀ ਜੀਵਨ ਅਤੇ ਪ੍ਰਭਾਵ

      7. ਪਰਮੇਸ਼ੁਰ ਦੇ ਜੇਠੇ ਪੁੱਤਰ ਦਾ ਧਰਤੀ ਉੱਤੇ ਆਉਣ ਦਾ ਇਕ ਕਾਰਨ ਕੀ ਸੀ?

      7 ਪਰਮੇਸ਼ੁਰ ਦੇ ਪੁੱਤਰ ਨੂੰ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਸੀ। ਯਹੋਵਾਹ ਦਾ ਮਕਸਦ ਸੀ ਕਿ ਉਸ ਦਾ ਪੁੱਤਰ ਅਜਿਹਾ ਤਰਸਵਾਨ ਪ੍ਰਧਾਨ ਜਾਜਕ ਬਣੇ ਜੋ ‘ਸਾਡੀਆਂ ਕਮਜ਼ੋਰੀਆਂ ਵਿਚ ਸਾਡਾ ਹਮਦਰਦੀ ਬਣ ਸਕੇ।’ (ਇਬਰਾਨੀਆਂ 4:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਨੁੱਖ ਦੇ ਰੂਪ ਵਿਚ ਧਰਤੀ ਉੱਤੇ ਆਉਣ ਦਾ ਇਕ ਕਾਰਨ ਸੀ ਕਿ ਉਹ ਇਸ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਪੂਰੀ ਕਰ ਸਕੇ। ਇਕ ਆਦਮੀ ਵਜੋਂ ਯਿਸੂ ਦੇ ਸਾਮ੍ਹਣੇ ਅਜਿਹੇ ਹਾਲਾਤ ਅਤੇ ਪ੍ਰਭਾਵ ਆਏ ਜੋ ਉਸ ਨੇ ਪਹਿਲਾਂ ਸਿਰਫ਼ ਸਵਰਗੋਂ ਦੇਖੇ ਹੀ ਸਨ। ਹੁਣ ਉਹ ਮਨੁੱਖੀ ਅਹਿਸਾਸ ਅਤੇ ਭਾਵਨਾਵਾਂ ਨੂੰ ਖ਼ੁਦ ਅਨੁਭਵ ਕਰ ਸਕਦਾ ਸੀ। ਕਦੀ-ਕਦੀ ਉਹ ਥੱਕ ਜਾਂਦਾ ਸੀ ਜਾਂ ਉਸ ਨੂੰ ਪਿਆਸ ਅਤੇ ਭੁੱਖ ਲੱਗਦੀ ਸੀ। (ਮੱਤੀ 4:2; ਯੂਹੰਨਾ 4:6, 7) ਇਸ ਤੋਂ ਵੀ ਵੱਧ, ਉਸ ਨੇ ਹਰ ਤਰ੍ਹਾਂ ਦੀਆਂ ਤੰਗੀਆਂ ਅਤੇ ਦੁੱਖ ਸਹਾਰੇ ਸਨ। ਇਸ ਤਰ੍ਹਾਂ ਉਸ ਨੇ “ਆਗਿਆਕਾਰੀ ਸਿੱਖੀ” ਅਤੇ ਉਹ ਪ੍ਰਧਾਨ ਜਾਜਕ ਦਾ ਕੰਮ ਪੂਰਾ ਕਰਨ ਦੇ ਕਾਬਲ ਬਣਿਆ।—ਇਬਰਾਨੀਆਂ 5:8-10.

      8. ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਬਾਰੇ ਅਸੀਂ ਕੀ ਜਾਣਦੇ ਹਾਂ?

      8 ਧਰਤੀ ਉੱਤੇ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਦੌਰਾਨ ਯਿਸੂ ਨੇ ਕੀ ਅਨੁਭਵ ਕੀਤਾ ਸੀ? ਉਸ ਦੇ ਬਚਪਨ ਬਾਰੇ ਬਹੁਤ ਕੁਝ ਨਹੀਂ ਦੱਸਿਆ ਗਿਆ। ਦਰਅਸਲ, ਸਿਰਫ਼ ਮੱਤੀ ਅਤੇ ਲੂਕਾ ਨੇ ਹੀ ਉਸ ਦੇ ਜਨਮ ਵੇਲੇ ਵਾਪਰੀਆਂ ਘਟਨਾਵਾਂ ਬਾਰੇ ਲਿਖਿਆ ਸੀ। ਇੰਜੀਲ ਦੇ ਲਿਖਾਰੀ ਜਾਣਦੇ ਸਨ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਰਹਿੰਦਾ ਸੀ। ਉਸ ਦੇ ਸਵਰਗੀ ਜੀਵਨ ਕਾਰਨ ਉਹ ਸਮਝਦੇ ਸਨ ਕਿ ਉਹ ਇੰਨਾ ਚੰਗਾ ਮਨੁੱਖ ਕਿਉਂ ਬਣਿਆ। ਫਿਰ ਵੀ, ਯਿਸੂ ਪੂਰੀ ਤਰ੍ਹਾਂ ਇਕ ਇਨਸਾਨ ਸੀ। ਭਾਵੇਂ ਕਿ ਉਹ ਸੰਪੂਰਣ ਸੀ, ਉਹ ਇਕ ਬੱਚੇ ਵਜੋਂ ਪੈਦਾ ਹੋਇਆ ਜਿਸ ਨੇ ਬਚਪਨ ਤੋਂ ਜਵਾਨੀ ਤਕ ਵੱਡਾ ਹੋ ਕੇ ਗਿਆਨ ਵਿਚ ਵਧਣਾ ਸੀ। (ਲੂਕਾ 2:51, 52) ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਬਾਰੇ ਬਾਈਬਲ ਕੁਝ ਗੱਲਾਂ ਪ੍ਰਗਟ ਕਰਦੀ ਹੈ ਜਿਨ੍ਹਾਂ ਨੇ ਬਿਨਾਂ ਸ਼ੱਕ ਉਸ ਉੱਤੇ ਅਸਰ ਪਾਇਆ ਹੋਣਾ।

      9. (ੳ) ਕੀ ਸੰਕੇਤ ਕਰਦਾ ਹੈ ਕਿ ਯਿਸੂ ਦਾ ਜਨਮ ਇਕ ਗ਼ਰੀਬ ਘਰਾਣੇ ਵਿਚ ਹੋਇਆ ਸੀ? (ਅ) ਯਿਸੂ ਕਿਸ ਤਰ੍ਹਾਂ ਦਿਆਂ ਹਾਲਾਤਾਂ ਵਿਚ ਵੱਡਾ ਹੋਇਆ ਸੀ?

      9 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਇਕ ਗ਼ਰੀਬ ਘਰਾਣੇ ਵਿਚ ਹੋਇਆ ਸੀ। ਉਸ ਦੇ ਪਰਿਵਾਰ ਦੀ ਗ਼ਰੀਬੀ ਦਾ ਸੰਕੇਤ ਉਸ ਭੇਟ ਤੋਂ ਮਿਲਦਾ ਹੈ ਜੋ ਯੂਸੁਫ਼ ਅਤੇ ਮਰਿਯਮ ਨੇ ਯਿਸੂ ਦੇ ਜਨਮ ਤੋਂ 40 ਦਿਨ ਬਾਅਦ ਹੈਕਲ ਨੂੰ ਲਿਆਂਦੀ ਸੀ। ਹੋਮ ਬਲੀ ਵਜੋਂ ਇਕ ਲੇਲੇ ਦਾ ਚੜ੍ਹਾਵਾ ਚੜ੍ਹਾਉਣ ਦੀ ਬਜਾਇ ਅਤੇ ਪਾਪ ਦੀ ਭੇਟ ਲਈ ਇਕ ਕਬੂਤਰ ਜਾਂ ਘੁੱਗੀ ਲਿਆਉਣ ਦੀ ਬਜਾਇ ਉਨ੍ਹਾਂ ਨੇ “ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ” ਲਈ ਲਿਆਂਦੇ ਸਨ। (ਲੂਕਾ 2:24) ਮੂਸਾ ਦੀ ਬਿਵਸਥਾ ਅਨੁਸਾਰ ਗ਼ਰੀਬ ਲੋਕਾਂ ਲਈ ਇਹ ਪ੍ਰਬੰਧ ਕੀਤਾ ਗਿਆ ਸੀ। (ਲੇਵੀਆਂ 12:6-8) ਸਮੇਂ ਦੇ ਬੀਤਣ ਨਾਲ ਇਹ ਗ਼ਰੀਬ ਪਰਿਵਾਰ ਵਧਦਾ ਗਿਆ। ਯਿਸੂ ਦੇ ਚਮਤਕਾਰੀ ਜਨਮ ਤੋਂ ਬਾਅਦ ਯੂਸੁਫ਼ ਅਤੇ ਮਰਿਯਮ ਦੇ ਘੱਟੋ-ਘੱਟ ਛੇ ਹੋਰ ਬੱਚੇ ਹੋਏ ਸਨ। (ਮੱਤੀ 13:55, 56) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਸਾਧਾਰਣ ਹਾਲਾਤਾਂ ਵਿਚ ਇਕ ਵੱਡੇ ਪਰਿਵਾਰ ਵਿਚ ਪਲਿਆ ਸੀ।

      10. ਕੀ ਦਿਖਾਉਂਦਾ ਹੈ ਕਿ ਮਰਿਯਮ ਅਤੇ ਯੂਸੁਫ਼ ਧਰਮੀ ਲੋਕ ਸਨ?

      10 ਯਿਸੂ ਦੇ ਮਾਪੇ ਧਰਮੀ ਸਨ ਅਤੇ ਉਸ ਨਾਲ ਪਿਆਰ ਕਰਦੇ ਸਨ। ਉਸ ਦੀ ਮਾਂ, ਮਰਿਯਮ, ਇਕ ਬਹੁਤ ਚੰਗੀ ਔਰਤ ਸੀ। ਯਾਦ ਕਰੋ ਕਿ ਜਿਬਰਾਏਲ ਦੂਤ ਨੇ ਉਸ ਨੂੰ ਕੀ ਕਿਹਾ ਸੀ: “ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ ਤੇਰੇ ਨਾਲ ਹੈ।” (ਲੂਕਾ 1:28) ਯੂਸੁਫ਼ ਵੀ ਇਕ ਨੇਕ ਆਦਮੀ ਸੀ। ਬਿਵਸਥਾ ਅਨੁਸਾਰ ਹਰ ਸਾਲ ਵਫ਼ਾਦਾਰੀ ਨਾਲ ਉਹ ਪਸਾਹ ਮਨਾਉਣ ਲਈ 150 ਕਿਲੋਮੀਟਰ ਯਰੂਸ਼ਲਮ ਨੂੰ ਸਫ਼ਰ ਕਰਦਾ ਹੁੰਦਾ ਸੀ। ਭਾਵੇਂ ਕਿ ਇਹ ਸਫ਼ਰ ਸਿਰਫ਼ ਆਦਮੀਆਂ ਨੂੰ ਤੈ ਕਰਨਾ ਪੈਂਦਾ ਸੀ, ਮਰਿਯਮ ਵੀ ਯੂਸੁਫ਼ ਨਾਲ ਜਾਂਦੀ ਹੁੰਦੀ ਸੀ। (ਕੂਚ 23:17; ਲੂਕਾ 2:41) ਅਜਿਹੇ ਇਕ ਮੌਕੇ ਤੇ, 12 ਸਾਲ ਦੇ ਯਿਸੂ ਨੂੰ ਲੱਭਦੇ-ਫਿਰਦੇ ਯੂਸੁਫ਼ ਅਤੇ ਮਰਿਯਮ ਨੇ ਉਸ ਨੂੰ ਹੈਕਲ ਵਿਚ ਗੁਰੂਆਂ ਦੇ ਵਿਚਕਾਰ ਬੈਠਾ ਪਾਇਆ। ਯਿਸੂ ਨੇ ਆਪਣੇ ਫ਼ਿਕਰਮੰਦ ਮਾਪਿਆਂ ਨੂੰ ਕਿਹਾ: “ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?” (ਲੂਕਾ 2:49) ਛੋਟੇ ਯਿਸੂ ਲਈ ਇਸ ਸ਼ਬਦ “ਪਿਤਾ” ਦਾ ਇਕ ਨਿੱਘਾ ਅਤੇ ਗਹਿਰਾ ਮਤਲਬ ਹੋਣਾ ਸੀ। ਇਕ ਗੱਲ ਸਪੱਸ਼ਟ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦਾ ਅਸਲੀ ਪਿਤਾ ਯਹੋਵਾਹ ਸੀ। ਲੇਕਿਨ, ਯੂਸੁਫ਼ ਨੇ ਉਸ ਦੀ ਦੇਖ-ਭਾਲ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਨਿਸ਼ਚੇ ਹੀ, ਆਪਣੇ ਪਿਆਰੇ ਪੁੱਤਰ ਨੂੰ ਪਾਲਣ ਲਈ ਯਹੋਵਾਹ ਕਦੀ ਵੀ ਇਕ ਕਠੋਰ ਅਤੇ ਬੇਰਹਿਮ ਆਦਮੀ ਨੂੰ ਨਹੀਂ ਸੀ ਚੁਣ ਸਕਦਾ!

      11. ਯਿਸੂ ਨੇ ਕਿਹੜੀ ਕਾਰੀਗਰੀ ਸਿੱਖੀ ਸੀ, ਅਤੇ ਬਾਈਬਲ ਦੇ ਜ਼ਮਾਨੇ ਵਿਚ ਇਸ ਕੰਮ ਵਿਚ ਕੀ-ਕੀ ਸ਼ਾਮਲ ਸੀ?

      11 ਉਨ੍ਹਾਂ ਸਾਲਾਂ ਦੌਰਾਨ ਜਦੋਂ ਯਿਸੂ ਨਾਸਰਤ ਵਿਚ ਸੀ ਉਸ ਨੇ ਆਪਣੇ ਪਿਤਾ, ਯੂਸੁਫ਼, ਤੋਂ ਤਰਖਾਣ ਦਾ ਕੰਮ ਸਿੱਖਿਆ। ਯਿਸੂ ਨੇ ਇਸ ਕਾਰੀਗਰੀ ਨੂੰ ਇੰਨੀ ਚੰਗੀ ਤਰ੍ਹਾਂ ਸਿੱਖ ਲਿਆ ਸੀ ਕਿ ਉਹ ਖ਼ੁਦ “ਤਰਖਾਣ” ਸੱਦਿਆ ਜਾਂਦਾ ਸੀ। (ਮਰਕੁਸ 6:3) ਬਾਈਬਲ ਦੇ ਜ਼ਮਾਨੇ ਵਿਚ ਤਰਖਾਣ ਘਰ, ਫਰਨੀਚਰ (ਜਿਵੇਂ ਕਿ ਮੇਜ਼, ਕੁਰਸੀਆਂ ਅਤੇ ਮੰਜੇ), ਅਤੇ ਖੇਤੀ-ਬਾੜੀ ਲਈ ਸੰਦ ਬਣਾਉਂਦੇ ਹੁੰਦੇ ਸਨ। ਦੂਜੀ ਸਦੀ ਦੇ ਜਸਟਿਨ ਮਾਰਟਰ ਨੇ ਆਪਣੀ ਕਿਤਾਬ ਟ੍ਰਾਫ਼ੋ ਨਾਲ ਗੱਲਬਾਤ (ਯੂਨਾਨੀ) ਵਿਚ, ਯਿਸੂ ਬਾਰੇ ਕਿਹਾ ਕਿ “ਜਦੋਂ ਉਹ ਧਰਤੀ ਤੇ ਸੀ ਉਹ ਇਕ ਤਰਖਾਣ ਵਜੋਂ ਕੰਮ ਕਰਦਾ ਸੀ, ਉਹ ਹਲ ਤੇ ਜੂਲੇ ਬਣਾਉਂਦਾ ਹੁੰਦਾ ਸੀ।” ਉਸ ਜ਼ਮਾਨੇ ਦਾ ਤਰਖਾਣ ਲੱਕੜੀ ਖ਼ਰੀਦ ਨਹੀਂ ਸਕਦਾ ਸੀ ਇਸ ਲਈ ਅਜਿਹਾ ਕੰਮ ਸੌਖਾ ਨਹੀਂ ਸੀ। ਉਹ ਬਾਹਰ ਜਾ ਕੇ ਇਕ ਦਰਖ਼ਤ ਚੁਣਨ ਤੋਂ ਬਾਅਦ ਕੁਹਾੜੇ ਨਾਲ ਉਸ ਨੂੰ ਵੱਢ ਕੇ ਲੱਕੜੀ ਨੂੰ ਚੁੱਕ ਕੇ ਘਰ ਲੈ ਜਾਂਦਾ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਨੂੰ ਰੋਜ਼ੀ-ਰੋਟੀ ਕਮਾਉਣ ਬਾਰੇ, ਗਾਹਕਾਂ ਨਾਲ ਵਪਾਰ ਕਰਨ ਬਾਰੇ, ਅਤੇ ਔਖੇ-ਸੌਖੇ ਗੁਜ਼ਾਰਾ ਤੋਰਨ ਦੀਆਂ ਚੁਣੌਤੀਆਂ ਬਾਰੇ ਪਤਾ ਸੀ।

      12. ਕੀ ਸੰਕੇਤ ਕਰਦਾ ਹੈ ਕਿ ਯੂਸੁਫ਼ ਦੀ ਮੌਤ ਯਿਸੂ ਤੋਂ ਪਹਿਲਾਂ ਹੋਈ ਸੀ, ਅਤੇ ਇਸ ਕਰਕੇ ਯਿਸੂ ਨੂੰ ਕੀ ਕਰਨਾ ਪਿਆ ਸੀ?

      12 ਜੇਠਾ ਪੁੱਤਰ ਹੋਣ ਦੇ ਨਾਤੇ ਯਿਸੂ ਨੇ ਪਰਿਵਾਰ ਦੀ ਦੇਖ-ਭਾਲ ਵਿਚ ਮਦਦ ਵੀ ਕੀਤੀ ਹੋਣੀ ਸੀ, ਖ਼ਾਸ ਕਰਕੇ ਯੂਸੁਫ਼ ਦੀ ਮੌਤ ਤੋਂ ਬਾਅਦ।b ਜਨਵਰੀ 1, 1900 ਦੇ ਜ਼ਾਯੰਸ ਵਾਚ ਟਾਵਰ ਨੇ ਕਿਹਾ ਕਿ “ਪਤਾ ਚੱਲਦਾ ਹੈ ਕਿ ਯਿਸੂ ਹਾਲੇ ਛੋਟਾ ਸੀ ਜਦੋਂ ਯੂਸੁਫ਼ ਦੀ ਮੌਤ ਹੋਈ ਅਤੇ ਇਸ ਤੋਂ ਬਾਅਦ ਯਿਸੂ ਤਰਖਾਣ ਦਾ ਕੰਮ ਕਰਨ ਲੱਗ ਪਿਆ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣਿਆ। ਇਸ ਗੱਲ ਦਾ ਕੁਝ ਸਬੂਤ ਉਸ ਹਵਾਲੇ ਤੋਂ ਮਿਲਦਾ ਹੈ ਜਿਸ ਵਿਚ ਯਿਸੂ ਖ਼ੁਦ ਤਰਖਾਣ ਸੱਦਿਆ ਜਾਂਦਾ ਹੈ, ਅਤੇ ਉਸ ਦੀ ਮਾਤਾ ਅਤੇ ਭਰਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਮਿਲਦਾ। (ਮਰਕੁਸ 6:3) . . . ਤਾਂ ਫਿਰ ਇਹ ਮੁਮਕਿਨ ਹੈ ਕਿ ਸਾਡੇ ਪ੍ਰਭੂ ਨੇ ਆਪਣੀ ਜ਼ਿੰਦਗੀ ਦੇ ਅਠਾਰਾਂ ਸਾਲ ਜੀਵਨ ਦੇ ਆਮ ਕੰਮਾਂ-ਕਾਰਾਂ ਵਿਚ ਗੁਜ਼ਾਰੇ। ਇਹ ਅਠਾਰਾਂ ਸਾਲ [ਲੂਕਾ 2:41-49 ਵਿਚ ਰਿਕਾਰਡ ਕੀਤੀ ਗਈ] ਘਟਨਾ ਤੋਂ ਲੈ ਕੇ ਉਸ ਦੇ ਬਪਤਿਸਮੇ ਤਕ ਸਨ।” ਯਿਸੂ, ਮਰਿਯਮ, ਅਤੇ ਉਸ ਦੇ ਦੂਸਰਿਆਂ ਬੱਚਿਆਂ ਨੂੰ ਉਸ ਦੁੱਖ-ਦਰਦ ਦਾ ਅਹਿਸਾਸ ਸੀ ਜੋ ਇਕ ਪਿਆਰੇ ਪਤੀ ਅਤੇ ਪਿਤਾ ਦੀ ਮੌਤ ਤੇ ਹੁੰਦਾ ਹੈ।

      13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਆਪਣੀ ਸੇਵਕਾਈ ਸਾਰਿਆਂ ਮਨੁੱਖਾਂ ਨਾਲੋਂ ਵੱਧ ਸਮਝ, ਗਿਆਨ, ਅਤੇ ਭਾਵਨਾਵਾਂ ਦੀ ਗਹਿਰਾਈ ਨਾਲ ਸ਼ੁਰੂ ਕੀਤੀ ਸੀ?

      13 ਸਪੱਸ਼ਟ ਹੈ ਕਿ ਯਿਸੂ ਦੀ ਜ਼ਿੰਦਗੀ ਸੁਖਾਲੀ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਖ਼ੁਦ ਅਨੁਭਵ ਕੀਤਾ ਕਿ ਆਮ ਲੋਕ ਕਿਸ ਤਰ੍ਹਾਂ ਜੀਉਂਦੇ ਸਨ। ਫਿਰ, ਸੰਨ 29 ਵਿਚ, ਉਹ ਸਮਾਂ ਆ ਪਹੁੰਚਿਆ ਜਦੋਂ ਉਸ ਨੇ ਪਰਮੇਸ਼ੁਰ ਵੱਲੋਂ ਦਿੱਤੇ ਗਏ ਕੰਮ ਨੂੰ ਪੂਰਾ ਕਰਨਾ ਸੀ। ਉਸ ਸਾਲ ਦੀ ਪਤਝੜ ਵਿਚ ਉਸ ਨੇ ਪਾਣੀ ਵਿਚ ਬਪਤਿਸਮਾ ਲਿਆ ਅਤੇ ਉਹ ਪਰਮੇਸ਼ੁਰ ਦਾ ਅਧਿਆਤਮਿਕ ਪੁੱਤਰ ਬਣਿਆ। ‘ਅਕਾਸ਼ ਉਸ ਲਈ ਖੁਲ੍ਹ ਗਿਆ,’ ਯਾਨੀ ਕਿ ਉਸ ਨੂੰ ਹੁਣ ਸਵਰਗ ਵਿਚ ਆਪਣਾ ਪਹਿਲਾ ਜੀਵਨ, ਆਪਣੇ ਪਹਿਲੇ ਖ਼ਿਆਲ, ਅਤੇ ਆਪਣੀਆਂ ਪਹਿਲੀਆਂ ਭਾਵਨਾਵਾਂ ਯਾਦ ਆ ਗਈਆਂ। (ਲੂਕਾ 3:21, 22) ਇਸ ਲਈ ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਉਸ ਕੋਲ ਹੋਰ ਕਿਸੇ ਮਨੁੱਖ ਨਾਲੋਂ ਵੱਧ ਸਮਝ, ਗਿਆਨ, ਅਤੇ ਭਾਵਨਾਵਾਂ ਦੀ ਗਹਿਰਾਈ ਸੀ। ਇਸ ਲਈ ਚੰਗਾ ਹੈ ਕਿ ਇੰਜੀਲ ਦੇ ਲਿਖਾਰੀਆਂ ਨੇ ਯਿਸੂ ਦੀ ਸੇਵਕਾਈ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜ਼ਿਆਦਾ ਲਿਖਿਆ ਸੀ। ਫਿਰ ਵੀ ਉਹ ਉਸ ਦੀਆਂ ਸਾਰੀਆਂ ਕਹੀਆਂ ਅਤੇ ਕੀਤੀਆਂ ਗਈਆਂ ਗੱਲਾਂ ਨੂੰ ਲਿਖ ਨਾ ਸਕੇ। (ਯੂਹੰਨਾ 21:25) ਪਰ ਜੋ ਪਰਮੇਸ਼ੁਰ ਨੇ ਉਨ੍ਹਾਂ ਤੋਂ ਲਿਖਵਾਇਆ ਸੀ ਉਹ ਸਾਨੂੰ ਸਭ ਤੋਂ ਉੱਤਮ ਮਨੁੱਖ ਦੀ ਜ਼ਿੰਦਗੀ ਵੱਲ ਦੇਖਣ ਦਾ ਮੌਕਾ ਦਿੰਦਾ ਹੈ।

      ਯਿਸੂ ਕਿਹੋ ਜਿਹਾ ਆਦਮੀ ਸੀ

      14. ਇੰਜੀਲ ਦੇ ਲਿਖਾਰੀ ਯਿਸੂ ਨੂੰ ਗਹਿਰੀਆਂ ਭਾਵਨਾਵਾਂ ਅਤੇ ਨਿੱਘੇ

      14 ਇੰਜੀਲਾਂ ਤੋਂ ਯਿਸੂ ਬਾਰੇ ਇਹ ਪਤਾ ਲੱਗਦਾ ਹੈ ਕਿ ਉਹ ਗਹਿਰੀਆਂ ਭਾਵਨਾਵਾਂ ਅਤੇ ਨਿੱਘੇ ਸੁਭਾਅ ਵਾਲਾ ਆਦਮੀ ਸੀ। ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸਨ: ਇਕ ਕੋੜ੍ਹੀ ਲਈ ਤਰਸ (ਮਰਕੁਸ 1:40, 41); ਉਨ੍ਹਾਂ ਲੋਕਾਂ ਲਈ ਦੁੱਖ ਜੋ ਉਸ ਦੀ ਨਹੀਂ ਸੁਣਦੇ ਸਨ (ਲੂਕਾ 19:41, 42); ਲਾਲਚੀ ਵਪਾਰੀਆਂ ਉੱਤੇ ਜਾਇਜ਼ ਗੁੱਸਾ (ਯੂਹੰਨਾ 2:13-17)। ਯਿਸੂ ਅਜਿਹਾ ਆਦਮੀ ਸੀ ਜੋ ਲੋਕਾਂ ਦੇ ਜਜ਼ਬਾਤ ਸਮਝ ਸਕਦਾ ਸੀ, ਉਸ ਨੇ ਆਪਣੀਆਂ ਭਾਵਨਾਵਾਂ ਛੁਪਾਈਆਂ ਨਹੀਂ, ਇੱਥੋਂ ਤਕ ਕਿ ਕਦੀ-ਕਦੀ ਉਸ ਨੇ ਹੰਝੂ ਵੀ ਵਹਾਏ ਸਨ। ਜਦੋਂ ਯਿਸੂ ਦੇ ਪਿਆਰੇ ਮਿੱਤਰ ਲਾਜ਼ਰ ਦੀ ਮੌਤ ਹੋਈ ਅਤੇ ਉਸ ਨੇ ਲਾਜ਼ਰ ਦੀ ਭੈਣ ਮਰਿਯਮ ਨੂੰ ਰੋਂਦਿਆਂ ਦੇਖਿਆ, ਤਾਂ ਉਸ ਦੇ ਦਿਲ ਉੱਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਸਾਰਿਆਂ ਦੇ ਸਾਮ੍ਹਣੇ ਉਸ ਕੋਲੋਂ ਆਪਣੇ ਹੰਝੂ ਰੋਕੇ ਨਾ ਗਏ।—ਯੂਹੰਨਾ 11:32-36.

      15. ਦੂਸਰਿਆਂ ਬਾਰੇ ਯਿਸੂ ਦੇ ਸੋਚ-ਵਿਚਾਰਾਂ ਅਤੇ ਵਰਤਾਉ ਤੋਂ ਉਸ ਦੀਆਂ ਕੋਮਲ ਭਾਵਨਾਵਾਂ ਕਿਸ ਤਰ੍ਹਾਂ ਪ੍ਰਗਟ ਹੁੰਦੀਆਂ ਹਨ?

      15 ਦੂਸਰਿਆਂ ਬਾਰੇ ਯਿਸੂ ਦੇ ਸੋਚ-ਵਿਚਾਰਾਂ ਅਤੇ ਉਨ੍ਹਾਂ ਨਾਲ ਉਸ ਦੇ ਸਲੂਕ ਤੋਂ ਦੇਖਿਆ ਜਾਂਦਾ ਹੈ ਕਿ ਉਸ ਦਾ ਸੁਭਾਅ ਕੋਮਲ ਸੀ। ਉਸ ਨੇ ਗ਼ਰੀਬਾਂ ਅਤੇ ਕੁਚਲੇ ਹੋਏ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ ‘ਆਪਣਿਆਂ ਜੀਆਂ ਵਿੱਚ ਅਰਾਮ ਪਾ’ ਸਕਣ। (ਮੱਤੀ 11:4, 5, 28-30) ਉਸ ਨੇ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਾਂ ਕੱਢਿਆ। ਮਿਸਾਲ ਲਈ, ਲਹੂ ਦੇ ਵਹਾਅ ਤੋਂ ਦੁਖੀ ਔਰਤ, ਜਿਸ ਨੇ ਹੌਲੀ-ਹੌਲੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੋਹਿਆ ਸੀ ਅਤੇ ਉਹ ਅੰਨ੍ਹਾ ਮੰਗਤਾ, ਜਿਸ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਸੀ। (ਮੱਤੀ 9:20-22; ਮਰਕੁਸ 10:46-52) ਯਿਸੂ ਦੂਸਰਿਆਂ ਵਿਚ ਚੰਗੇ ਗੁਣ ਦੇਖਦਾ ਸੀ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾ ਸੀ; ਪਰ ਲੋੜ ਪੈਣ ਤੇ ਉਹ ਤਾੜਨਾ ਵੀ ਦਿੰਦਾ ਸੀ। (ਮੱਤੀ 16:23; ਯੂਹੰਨਾ 1:47; 8:44) ਉਸ ਸਮੇਂ ਤੇ ਔਰਤਾਂ ਦੇ ਹੱਕ ਬਹੁਤ ਹੀ ਘੱਟ ਹੁੰਦੇ ਸਨ, ਪਰ ਯਿਸੂ ਨੇ ਉਨ੍ਹਾਂ ਦੀ ਇੱਜ਼ਤ ਕੀਤੀ ਸੀ। (ਯੂਹੰਨਾ 4:9, 27) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਕਈਆਂ ਔਰਤਾਂ ਨੇ ਆਪਣੀਆਂ ਚੀਜ਼ਾਂ ਵਰਤ ਕੇ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਿਉਂ ਕੀਤੀ ਸੀ।—ਲੂਕਾ 8:3.

      16. ਕੀ ਦਿਖਾਉਂਦਾ ਹੈ ਕਿ ਯਿਸੂ ਦੇ ਵਿਚਾਰ ਜ਼ਿੰਦਗੀ ਅਤੇ ਆਮ ਚੀਜ਼ਾਂ ਬਾਰੇ ਸਹੀ ਸਨ?

      16 ਜ਼ਿੰਦਗੀ ਬਾਰੇ ਯਿਸੂ ਦਾ ਵਿਚਾਰ ਬਹੁਤ ਹੀ ਸਹੀ ਸੀ। ਉਸ ਲਈ ਧਨ-ਦੌਲਤ ਜਾਂ ਚੀਜ਼ਾਂ ਸਭ ਤੋਂ ਮਹੱਤਵਪੂਰਣ ਨਹੀਂ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਕੋਲ ਬਹੁਤੀਆਂ ਚੀਜ਼ਾਂ ਨਹੀਂ ਸਨ। ਉਸ ਨੇ ਕਿਹਾ ਕਿ ਉਸ ਕੋਲ “ਸਿਰ ਧਰਨ ਨੂੰ ਥਾਂ ਨਹੀਂ” ਸੀ। (ਮੱਤੀ 8:20) ਲੇਕਿਨ, ਜਦੋਂ ਦੂਸਰੇ ਖ਼ੁਸ਼ੀਆਂ ਮਨਾਉਂਦੇ ਸਨ ਤਾਂ ਯਿਸੂ ਬੁਰਾ ਨਹੀਂ ਸਮਝਦਾ ਸੀ ਸਗੋਂ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੁੰਦਾ ਸੀ। ਇਕ ਵਾਰ ਯਿਸੂ ਵਿਆਹ ਦੀ ਦਾਅਵਤ ਤੇ ਗਿਆ ਸੀ। ਅਜਿਹੇ ਸਮੇਂ ਆਮ ਤੌਰ ਤੇ ਸੰਗੀਤ, ਨਾਚ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਮੌਕੇ ਹੁੰਦੇ ਹਨ। ਜ਼ਾਹਰ ਹੈ ਕਿ ਯਿਸੂ ਇਸ ਰੌਣਕ-ਭਰੇ ਮੌਕੇ ਤੇ ਰੰਗ ਵਿਚ ਭੰਗ ਪਾਉਣ ਨਹੀਂ ਗਿਆ ਸੀ। ਯਿਸੂ ਨੇ ਇਸ ਹੀ ਮੌਕੇ ਤੇ ਆਪਣਾ ਪਹਿਲਾ ਚਮਤਕਾਰ ਕੀਤਾ ਸੀ। ਜਦੋਂ ਦਾਖ-ਰਸ ਖ਼ਤਮ ਹੋ ਗਈ ਉਸ ਨੇ ਪਾਣੀ ਨੂੰ ਵਧੀਆ ਮੈ ਵਿਚ ਬਦਲ ਦਿੱਤਾ, ਜੋ ਕਿ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰ 104:15; ਯੂਹੰਨਾ 2:1-11) ਇਸ ਤਰ੍ਹਾਂ ਜਸ਼ਨ ਜਾਰੀ ਰਿਹਾ ਅਤੇ ਵਿਆਹੁਤਾ ਜੋੜਾ ਸ਼ਰਮਿੰਦਗੀ ਤੋਂ ਬਚਿਆ। ਜ਼ਿੰਦਗੀ ਬਾਰੇ ਯਿਸੂ ਦਾ ਸਹੀ ਵਿਚਾਰ ਇਸ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਹੋਰ ਬਹੁਤ ਸਾਰੇ ਮੌਕਿਆਂ ਤੇ ਯਿਸੂ ਨੇ ਆਪਣੀ ਸੇਵਕਾਈ ਵਿਚ ਬਹੁਤ ਮਿਹਨਤ ਕੀਤੀ ਅਤੇ ਕਈ ਘੰਟੇ ਗੁਜ਼ਾਰੇ।—ਯੂਹੰਨਾ 4:34.

      17. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਕਿ ਯਿਸੂ ਲਾਜਵਾਬ ਗੁਰੂ ਸੀ, ਅਤੇ ਉਸ ਦੀਆਂ ਸਿੱਖਿਆਵਾਂ ਨੇ ਕੀ ਦਿਖਾਇਆ ਸੀ?

      17 ਯਿਸੂ ਲਾਜਵਾਬ ਗੁਰੂ ਸੀ। ਉਸ ਦੀਆਂ ਜ਼ਿਆਦਾਤਰ ਸਿੱਖਿਆਵਾਂ ਰੋਜ਼ ਦੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਦਰਸਾਉਂਦੀਆਂ ਸਨ, ਜਿਨ੍ਹਾਂ ਤੋਂ ਯਿਸੂ ਚੰਗੀ ਤਰ੍ਹਾਂ ਵਾਕਫ਼ ਸੀ। (ਮੱਤੀ 13:33; ਲੂਕਾ 15:8) ਉਸ ਦਾ ਸਿਖਾਉਣ ਦਾ ਢੰਗ ਬੇਮਿਸਾਲ ਸੀ—ਹਮੇਸ਼ਾ ਸਪੱਸ਼ਟ, ਸੌਖਾ ਅਤੇ ਲਾਭਦਾਇਕ। ਪਰ ਉਸ ਦੇ ਢੰਗ ਨਾਲੋਂ ਜ਼ਿਆਦਾ ਮਹੱਤਵਪੂਰਣ ਉਹ ਗੱਲਾਂ ਸਨ ਜੋ ਉਹ ਸਿਖਾਉਂਦਾ ਸੀ। ਉਸ ਦੀਆਂ ਸਿੱਖਿਆਵਾਂ ਨੇ ਦਿਖਾਇਆ ਕਿ ਉਸ ਦੀ ਦਿਲੀ ਇੱਛਾ ਇਹ ਸੀ ਕਿ ਉਸ ਦੇ ਸੁਣਨ ਵਾਲੇ ਯਹੋਵਾਹ ਦਿਆਂ ਖ਼ਿਆਲਾਂ, ਭਾਵਨਾਵਾਂ, ਅਤੇ ਰਾਹਾਂ ਨੂੰ ਜਾਣਨ।—ਯੂਹੰਨਾ 17:6-8.

      18, 19. (ੳ) ਯਿਸੂ ਨੇ ਆਪਣੇ ਪਿਤਾ ਦਾ ਵਰਣਨ ਕਿਨ੍ਹਾਂ ਦ੍ਰਿਸ਼ਟਾਂਤਾਂ ਨਾਲ ਕੀਤਾ ਸੀ? (ਅ) ਅਗਲੇ ਲੇਖ ਵਿਚ ਕਿਸ ਗੱਲ ਦੀ ਚਰਚਾ ਕੀਤੀ ਜਾਵੇਗੀ?

      18 ਯਿਸੂ ਅਕਸਰ ਦ੍ਰਿਸ਼ਟਾਂਤ ਇਸਤੇਮਾਲ ਕਰਕੇ ਲੋਕਾਂ ਨੂੰ ਆਪਣੇ ਪਿਤਾ ਬਾਰੇ ਸਿਖਾਉਂਦਾ ਸੀ। ਇਹ ਗੱਲਾਂ ਭੁੱਲਣ ਵਾਲੀਆਂ ਨਹੀਂ ਸਨ। ਯਹੋਵਾਹ ਦੀ ਦਇਆ ਬਾਰੇ ਸਾਧਾਰਣ ਗੱਲਬਾਤ ਕਰਨੀ ਇਕ ਗੱਲ ਹੈ, ਪਰ ਉਸ ਨੂੰ ਇਕ ਮਾਫ਼ ਕਰਨ ਵਾਲੇ ਪਿਤਾ ਵਾਂਗ ਦਰਸਾਉਣਾ ਵੱਖਰੀ ਗੱਲ ਹੈ। ਉਹ ਉਸ ਪਿਤਾ ਵਰਗਾ ਹੈ ਜੋ ਆਪਣੇ ਪੁੱਤਰ ਦੀ ਵਾਪਸੀ ਤੋਂ ਇੰਨਾ ਖ਼ੁਸ਼ ਹੁੰਦਾ ਹੈ ਕਿ ਉਹ ‘ਦੌੜ ਕੇ ਉਸ ਨੂੰ ਗਲੇ ਲਾ ਲੈਂਦਾ ਹੈ ਅਤੇ ਉਹ ਨੂੰ ਚੁੰਮਦਾ ਹੈ।’ (ਲੂਕਾ 15:11-24) ਯਿਸੂ ਨੇ ਉਸ ਸਖ਼ਤ ਸਭਿਆਚਾਰ ਨੂੰ ਰੱਦ ਕੀਤਾ ਜਿਸ ਵਿਚ ਧਾਰਮਿਕ ਆਗੂ ਆਮ ਲੋਕਾਂ ਨੂੰ ਤੁੱਛ ਸਮਝਦੇ ਸਨ। ਯਿਸੂ ਨੇ ਸਮਝਾਇਆ ਕਿ ਉਸ ਦਾ ਪਿਤਾ ਇਕ ਅਜਿਹਾ ਪਰਮੇਸ਼ੁਰ ਹੈ ਜਿਸ ਵੱਲ ਲੋਕ ਆ ਸਕਦੇ ਸਨ ਅਤੇ ਜਿਸ ਨੂੰ ਇਕ ਮਾਣ-ਭਰੇ ਫ਼ਰੀਸੀ ਦੀ ਦਿਖਾਵੇ ਭਰੀ ਪ੍ਰਾਰਥਨਾ ਨਾਲੋਂ ਇਕ ਨਿਮਰ ਮਸੂਲੀਏ ਦੀ ਬੇਨਤੀ ਪਸੰਦ ਸੀ। (ਲੂਕਾ 18:9-14) ਯਿਸੂ ਨੇ ਯਹੋਵਾਹ ਨੂੰ ਪਰਵਾਹ ਕਰਨ ਵਾਲੇ ਪਰਮੇਸ਼ੁਰ ਵਜੋਂ ਪੇਸ਼ ਕੀਤਾ ਜੋ ਇਕ ਛੋਟੀ ਜਿਹੀ ਚਿੜੀ ਦੇ ਧਰਤੀ ਉੱਤੇ ਡਿੱਗਣ ਬਾਰੇ ਵੀ ਜਾਣਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਲਾਇਆ ਕਿ ‘ਡਰੋ ਨਾ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।’ (ਮੱਤੀ 10:29, 31) ਅਸੀਂ ਸਮਝ ਸਕਦੇ ਹਾਂ ਕਿ ਲੋਕ ਯਿਸੂ ਦੇ “ਸਿਖਿਆਵਾਂ ਦੇਣ ਦੇ ਢੰਗ” ਤੋਂ ਕਿਉਂ ਹੈਰਾਨ ਹੋਏ ਸਨ ਅਤੇ ਉਸ ਵੱਲ ਕਿਉਂ ਖਿੱਚੇ ਜਾਂਦੇ ਸਨ। (ਮੱਤੀ 7:28, ਨਵਾਂ ਅਨੁਵਾਦ) ਇਕ ਮੌਕੇ ਤੇ ਤਾਂ ਇਕ “ਵੱਡੀ ਭੀੜ” ਰੋਟੀ ਖਾਧੇ ਬਗੈਰ ਉਸ ਦੇ ਨਾਲ ਤਿੰਨਾਂ ਦਿਨਾਂ ਲਈ ਰਹੀ!—ਮਰਕੁਸ 8:1, 2.

      19 ਅਸੀਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਬਚਨ ਰਾਹੀਂ ਮਸੀਹ ਦਾ ਮਨ ਜਾਂ ਉਸ ਦੇ ਸਾਰੇ ਕੰਮ ਪ੍ਰਗਟ ਕੀਤੇ ਹਨ! ਲੇਕਿਨ, ਅਸੀਂ ਦੂਸਰਿਆਂ ਨਾਲ ਵਰਤਾਉ ਕਰਨ ਵਿਚ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।

      [ਫੁਟਨੋਟ]

      a ਦੂਤ ਵੀ ਆਪਣੀ ਸੰਗਤ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ। ਇਸ ਗੱਲ ਦਾ ਸੰਕੇਤ ਪਰਕਾਸ਼ ਦੀ ਪੋਥੀ 12:3, 4 ਵਿਚ ਮਿਲਦਾ ਹੈ। ਇੱਥੇ ਸ਼ਤਾਨ ਨੂੰ “ਅਜਗਰ” ਸੱਦਿਆ ਗਿਆ ਹੈ ਅਤੇ ਉਸ ਦੇ ਪ੍ਰਭਾਵ ਕਰਕੇ ਹੋਰ ‘ਤਾਰੇ’ ਜਾਂ ਦੂਤ ਉਸ ਵਾਂਗ ਬਗਾਵਤ ਕਰਦੇ ਹਨ।—ਅੱਯੂਬ 38:7 ਦੀ ਤੁਲਨਾ ਕਰੋ।

      b ਯੂਸੁਫ਼ ਦਾ ਆਖ਼ਰੀ ਜ਼ਿਕਰ ਉਦੋਂ ਕੀਤਾ ਜਾਂਦਾ ਹੈ ਜਦੋਂ 12 ਸਾਲਾਂ ਦਾ ਗੁਆਚਿਆ ਹੋਇਆ ਯਿਸੂ ਹੈਕਲ ਵਿਚ ਮਿਲਿਆ ਸੀ। ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਤੇ ਕਾਨਾ ਦੇ ਪਿੰਡ ਵਿਚ ਇਕ ਵਿਆਹ ਹੋਇਆ ਸੀ। ਉਸ ਵਿਆਹ ਵਿਚ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਹੈ। (ਯੂਹੰਨਾ 2:1-3) ਸੰਨ 33 ਵਿਚ, ਜਦੋਂ ਯਿਸੂ ਸੂਲੀ ਤੇ ਟੰਗਿਆ ਹੋਇਆ ਸੀ ਉਸ ਨੇ ਮਰਿਯਮ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਰਸੂਲ ਯੂਹੰਨਾ ਨੂੰ ਸੌਂਪੀ ਸੀ। ਜੇਕਰ ਯੂਸੁਫ਼ ਜੀਉਂਦਾ ਹੁੰਦਾ ਤਾਂ ਯਿਸੂ ਨੇ ਇਸ ਤਰ੍ਹਾਂ ਨਹੀਂ ਕਰਨਾ ਸੀ।—ਯੂਹੰਨਾ 19:26, 27.

  • ਕੀ ਤੁਹਾਡੇ ਕੋਲ ਮਸੀਹ ਦਾ ਮਨ ਹੈ?
    ਪਹਿਰਾਬੁਰਜ—2000 | ਫਰਵਰੀ 15
    • ਕੀ ਤੁਹਾਡੇ ਕੋਲ ਮਸੀਹ ਦਾ ਮਨ ਹੈ?

      ‘ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਤੁਸੀਂ ਮਸੀਹ ਯਿਸੂ ਵਰਗੇ ਹੋਵੋ।’—ਰੋਮੀਆਂ 15:5.

      1. ਈਸਾਈ-ਜਗਤ ਦੀਆਂ ਕਈਆਂ ਤਸਵੀਰਾਂ ਵਿਚ ਯਿਸੂ ਨੂੰ ਕਿਸ ਤਰ੍ਹਾਂ ਦਿਖਾਇਆ ਜਾਂਦਾ ਹੈ, ਅਤੇ ਇਹ ਠੀਕ ਕਿਉਂ ਨਹੀਂ?

      ਦਾਅਵਾ ਕੀਤਾ ਗਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਇਕ ਰੋਮੀ ਅਫ਼ਸਰ ਨੇ ਇਕ ਦਸਤਾਵੇਜ਼ ਵਿਚ ਯਿਸੂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਸੀ: “ਉਸ ਨੂੰ ਕਦੀ ਵੀ ਹੱਸਦੇ ਹੋਏ ਨਹੀਂ ਦੇਖਿਆ ਗਿਆ।” ਕਿਹਾ ਜਾਂਦਾ ਹੈ ਕਿ ਇਸ ਦਸਤਾਵੇਜ਼ ਬਾਰੇ ਸਿਰਫ਼ 11ਵੀਂ ਸਦੀ ਵਿਚ ਪਤਾ ਲੱਗਾ ਸੀ, ਅਤੇ ਇਸ ਨੇ ਕਈ ਚਿੱਤਰਕਾਰਾਂ ਉੱਤੇ ਪ੍ਰਭਾਵ ਪਾਇਆ ਸੀ।a ਕਈਆਂ ਤਸਵੀਰਾਂ ਵਿਚ ਯਿਸੂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿੱਦਾਂ ਕਿ ਉਹ ਬਹੁਤ ਹੀ ਉਦਾਸ ਵਿਅਕਤੀ ਸੀ ਜੋ ਘੱਟ ਹੀ ਮੁਸਕਰਾਉਂਦਾ ਸੀ। ਲੇਕਿਨ ਯਿਸੂ ਬਾਰੇ ਇਸ ਤਰ੍ਹਾਂ ਸੋਚਣਾ ਠੀਕ ਨਹੀਂ ਹੈ, ਕਿਉਂਕਿ ਇੰਜੀਲਾਂ ਵਿਚ ਉਸ ਨੂੰ ਇਕ ਨਿੱਘੇ

      ਸੁਭਾਅ ਵਾਲੇ ਅਤੇ ਗਹਿਰੀਆਂ ਭਾਵਨਾਵਾਂ ਵਾਲੇ ਹਮਦਰਦ ਮਨੁੱਖ ਵਜੋਂ ਪੇਸ਼ ਕੀਤਾ ਗਿਆ ਹੈ।

      2. ਅਸੀਂ ‘ਮਸੀਹ ਯਿਸੂ ਵਰਗੇ’ ਕਿਸ ਤਰ੍ਹਾਂ ਹੋ ਸਕਦੇ ਹਾਂ, ਅਤੇ ਇਹ ਸਾਨੂੰ ਕੀ ਕਰਨ ਲਈ ਤਿਆਰ ਕਰੇਗਾ?

      2 ਇਹ ਗੱਲ ਸਪੱਸ਼ਟ ਹੈ ਕਿ ਯਿਸੂ ਨੂੰ ਸੱਚ-ਮੁੱਚ ਜਾਣਨ ਲਈ ਸਾਨੂੰ ਆਪਣਿਆਂ ਮਨਾਂ ਅਤੇ ਦਿਲਾਂ ਨੂੰ ਉਸ ਦੇ ਸਹੀ ਗਿਆਨ ਨਾਲ ਭਰਨਾ ਚਾਹੀਦਾ ਹੈ। ਸਾਨੂੰ ਜਾਣਨਾ ਚਾਹੀਦਾ ਹੈ ਕਿ ਜਦੋਂ ਯਿਸੂ ਧਰਤੀ ਤੇ ਸੀ, ਉਹ ਸੱਚ-ਮੁੱਚ ਕਿਸ ਤਰ੍ਹਾਂ ਦਾ ਵਿਅਕਤੀ ਸੀ। ਤਾਂ ਫਿਰ ਆਓ ਆਪਾਂ ‘ਮਸੀਹ ਦੇ ਮਨ,’ ਯਾਨੀ ਉਸ ਦੀਆਂ ਭਾਵਨਾਵਾਂ, ਉਸ ਦੀ ਸਿਆਣਪ, ਉਸ ਦੇ ਖ਼ਿਆਲ ਅਤੇ ਉਸ ਦੇ ਤਰਕ ਬਾਰੇ ਪਤਾ ਕਰਨ ਲਈ ਇੰਜੀਲਾਂ ਦੇ ਬਿਰਤਾਂਤਾਂ ਦੀ ਜਾਂਚ ਕਰੀਏ। (1 ਕੁਰਿੰਥੀਆਂ 2:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਉਂ-ਜਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਆਓ ਆਪਾਂ ਗੌਰ ਕਰੀਏ ਕਿ ਅਸੀਂ ‘ਮਸੀਹ ਯਿਸੂ ਵਰਗੇ’ ਕਿਸ ਤਰ੍ਹਾਂ ਹੋ ਸਕਦੇ ਹਾਂ। (ਰੋਮੀਆਂ 15:5) ਇਹ ਸਾਨੂੰ ਆਪਣੀਆਂ ਜ਼ਿੰਦਗੀਆਂ ਵਿਚ ਅਤੇ ਦੂਸਰਿਆਂ ਨਾਲ ਆਪਣੇ ਵਰਤਾਓ ਵਿਚ ਯਿਸੂ ਦੇ ਨਮੂਨੇ ਉੱਤੇ ਚੱਲਣ ਲਈ ਚੰਗੀ ਤਰ੍ਹਾਂ ਤਿਆਰ ਕਰੇਗਾ।—ਯੂਹੰਨਾ 13:15.

      ਉਸ ਨਾਲ ਗੱਲਬਾਤ ਕਰਨੀ ਸੌਖੀ ਸੀ

      3, 4. (ੳ) ਮਰਕੁਸ 10:13-16 ਵਿਚ ਦਰਜ ਕੀਤੇ ਗਏ ਬਿਰਤਾਂਤ ਤੋਂ ਪਹਿਲਾਂ ਕੀ ਹੋਇਆ ਸੀ? (ਅ) ਯਿਸੂ ਨੇ ਕੀ ਕੀਤਾ ਸੀ ਜਦੋਂ ਉਸ ਦੇ ਚੇਲਿਆਂ ਨੇ ਬੱਚਿਆਂ ਨੂੰ ਉਸ ਕੋਲ ਆਉਣ ਤੋਂ ਰੋਕਿਆ ਸੀ?

      3 ਲੋਕ ਯਿਸੂ ਵੱਲ ਖਿੱਚੇ ਜਾਂਦੇ ਸਨ। ਕਈਆਂ ਮੌਕਿਆਂ ਤੇ, ਵੱਖੋ-ਵੱਖਰੀਆਂ ਉਮਰਾਂ ਅਤੇ ਪਿਛੋਕੜਾਂ ਦੇ ਲੋਕ ਝਿਜਕਣ ਤੋਂ ਬਿਨਾਂ ਉਸ ਕੋਲ ਗਏ ਸਨ। ਮਰਕੁਸ 10:13-16 ਵਿਚ ਦਰਜ ਕੀਤੀ ਗਈ ਘਟਨਾ ਵੱਲ ਧਿਆਨ ਦਿਓ। ਇਹ ਘਟਨਾ ਉਸ ਦੀ ਸੇਵਕਾਈ ਦੇ ਅੰਤ ਦੇ ਨਜ਼ਦੀਕ ਵਾਪਰੀ ਸੀ। ਉਹ ਆਪਣੀ ਦੁਖਦਾਈ ਮੌਤ ਦਾ ਸਾਮ੍ਹਣਾ ਕਰਨ ਲਈ ਆਖ਼ਰੀ ਵਾਰ ਯਰੂਸ਼ਲਮ ਵੱਲ ਜਾ ਰਿਹਾ ਸੀ।—ਮਰਕੁਸ 10:32-34.

      4 ਉਸ ਸਮੇਂ ਤੇ ਕੀ ਹੋਇਆ ਸੀ? ਲੋਕ ਆਪਣੇ ਬੱਚੇ ਯਿਸੂ ਕੋਲ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਅਸੀਸ ਦੇ ਸਕੇ।b ਲੇਕਿਨ, ਚੇਲਿਆਂ ਨੇ ਬੱਚਿਆਂ ਨੂੰ ਯਿਸੂ ਕੋਲ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਚੇਲਿਆਂ ਨੇ ਇਹ ਸੋਚਿਆ ਕਿ ਇਸ ਔਖੇ ਸਮੇਂ ਦੌਰਾਨ ਯਿਸੂ ਨਹੀਂ ਸੀ ਚਾਹੁੰਦਾ ਕਿ ਬੱਚੇ ਉਸ ਨੂੰ ਤੰਗ ਕਰਨ। ਪਰ ਉਹ ਗ਼ਲਤ ਸਨ। ਚੇਲਿਆਂ ਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਯਿਸੂ ਖ਼ੁਸ਼ ਨਹੀਂ ਹੋਇਆ। ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ ਕਿ “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” (ਮਰਕੁਸ 10:14) ਫਿਰ ਅੱਗੇ ਦੱਸਿਆ ਜਾਂਦਾ ਹੈ ਕਿ ਉਸ ਨੇ ਅਜਿਹਾ ਕੰਮ ਕੀਤਾ ਜਿਸ ਤੋਂ ਜ਼ਾਹਰ ਹੋਇਆ ਕਿ ਉਹ ਸੱਚ-ਮੁੱਚ ਕੋਮਲ ਅਤੇ ਪ੍ਰੇਮਪੂਰਣ ਸੀ: “ਉਸ ਨੇ [ਬੱਚਿਆਂ] ਨੂੰ ਕੁੱਛੜ ਚੁੱਕਿਆ ਅਰ . . . ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:16) ਸਪੱਸ਼ਟ ਹੈ ਕਿ ਬੱਚੇ ਯਿਸੂ ਦੀਆਂ ਬਾਹਾਂ ਵਿਚ ਘਬਰਾਉਂਦੇ ਨਹੀਂ ਸਗੋਂ ਖ਼ੁਸ਼ ਸਨ।

      5. ਮਰਕੁਸ 10:13-16 ਦਾ ਬਿਰਤਾਂਤ ਸਾਨੂੰ ਯਿਸੂ ਦੇ ਸੁਭਾਅ ਬਾਰੇ ਕੀ ਦੱਸਦਾ ਹੈ?

      5 ਇਹ ਛੋਟਾ ਬਿਰਤਾਂਤ ਸਾਨੂੰ ਯਿਸੂ ਦੇ ਸੁਭਾਅ ਬਾਰੇ ਬਹੁਤ ਕੁਝ ਦੱਸਦਾ ਹੈ। ਧਿਆਨ ਦਿਓ ਕਿ ਲੋਕ ਉਸ ਨੂੰ ਖ਼ੁਸ਼ੀ-ਖ਼ੁਸ਼ੀ ਮਿਲਣ ਆਉਂਦੇ ਸਨ। ਭਾਵੇਂ ਕਿ ਪਹਿਲਾਂ ਉਸ ਦੀ ਸਵਰਗ ਵਿਚ ਇਕ ਬਹੁਤ ਹੀ ਉੱਚੀ ਪਦਵੀ ਸੀ, ਉਸ ਨੇ ਕਦੀ ਵੀ ਅਪੂਰਣ ਮਨੁੱਖਾਂ ਉੱਤੇ ਰੋਹਬ ਨਹੀਂ ਜਮਾਇਆ, ਨਾ ਹੀ ਉਨ੍ਹਾਂ ਨੂੰ ਨੀਵਾਂ ਸਮਝਿਆ ਸੀ। (ਯੂਹੰਨਾ 17:5) ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬੱਚੇ ਉਸ ਕੋਲ ਜਾਂਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਰੁੱਖੇ ਜਾਂ ਉਦਾਸ ਮਨੁੱਖ ਕੋਲ ਨਹੀਂ ਜਾਣਾ ਸੀ, ਜੋ ਕਦੀ ਹੱਸਦਾ ਵੀ ਨਹੀਂ ਸੀ! ਸਾਰੀਆਂ ਉਮਰਾਂ ਦੇ ਲੋਕ ਯਿਸੂ ਕੋਲ ਆਉਂਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰੇਮ ਅਤੇ ਪਰਵਾਹ ਕਰਨ ਵਾਲਾ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਉਨ੍ਹਾਂ ਨੂੰ ਵਾਪਸ ਨਹੀਂ ਮੋੜੇਗਾ।

      6. ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਦੂਸਰੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਣ?

      6 ਇਸ ਬਿਰਤਾਂਤ ਉੱਤੇ ਵਿਚਾਰ ਕਰਦੇ ਹੋਏ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੇਰਾ ਸੁਭਾਅ ਮਸੀਹ ਵਰਗਾ ਹੈ? ਕੀ ਮੇਰੇ ਨਾਲ ਗੱਲਬਾਤ ਕਰਨੀ ਸੌਖੀ ਹੈ?’ ਇਨ੍ਹਾਂ ਭੈੜਿਆਂ ਸਮਿਆਂ ਵਿਚ ਪਰਮੇਸ਼ੁਰ ਦੀਆਂ ਭੇਡਾਂ ਨੂੰ ਅਜਿਹੇ ਚਰਵਾਹਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਗੱਲਬਾਤ ਕਰਨੀ ਸੌਖੀ ਹੋਵੇ, ਅਤੇ ਜਿਨ੍ਹਾਂ ਕੋਲ ਜਾਣਾ “ਪੌਣ ਤੋਂ ਲੁੱਕਣ” ਦੇ ਬਰਾਬਰ ਹੋਵੇ। (ਯਸਾਯਾਹ 32:1, 2; 2 ਤਿਮੋਥਿਉਸ 3:1) ਬਜ਼ੁਰਗੋ, ਜੇ ਤੁਸੀਂ ਆਪਣੇ ਭਰਾਵਾਂ ਵਿਚ ਸੱਚੀ ਦਿਲਚਸਪੀ ਰੱਖੋ ਅਤੇ ਉਨ੍ਹਾਂ ਦੀ ਹਰ ਤਰੀਕੇ ਵਿਚ ਮਦਦ ਕਰਨੀ ਚਾਹੋ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ। ਉਨ੍ਹਾਂ ਨੂੰ ਇਹ ਤੁਹਾਡੇ ਚਿਹਰੇ ਤੋਂ, ਤੁਹਾਡੀ ਆਵਾਜ਼ ਤੋਂ, ਅਤੇ ਤੁਹਾਡੇ ਪ੍ਰੇਮਪੂਰਣ ਅੰਦਾਜ਼ ਤੋਂ ਦਿਖਾਈ ਦੇਵੇਗਾ। ਅਜਿਹੀ ਪ੍ਰੇਮਪੂਰਣ ਪਰਵਾਹ ਭਰੋਸੇ ਵਾਲਾ ਮਾਹੌਲ ਪੈਦਾ ਕਰ ਸਕਦੀ ਹੈ, ਜਿਸ ਵਿਚ ਸਾਰਿਆਂ ਲਈ ਤੁਹਾਡੇ ਨਾਲ ਗੱਲ ਕਰਨੀ ਸੌਖੀ ਹੋਵੇਗੀ। ਇਕ ਮਸੀਹੀ ਭੈਣ ਦੱਸਦੀ ਹੈ ਕਿ ਉਸ ਨੇ ਦਿਲ ਖੋਲ੍ਹ ਕੇ ਇਕ ਬਜ਼ੁਰਗ ਨਾਲ ਗੱਲ ਕਿਉਂ ਕੀਤੀ ਸੀ। ਉਸ ਨੇ ਕਿਹਾ: “ਉਸ ਨੇ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ। ਜੇ ਉਸ ਨੇ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ ਹੋ ਸਕਦਾ ਹੈ ਕਿ ਮੈਂ ਕਦੀ ਵੀ ਕੁਝ ਨਾ ਕਹਿੰਦੀ। ਉਸ ਨਾਲ ਗੱਲ ਕਰਦੇ ਹੋਏ ਮੈਨੂੰ ਡਰ ਨਹੀਂ ਲੱਗਦਾ ਸੀ।”

      ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਿਆ

      7. (ੳ) ਯਿਸੂ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਕਿਸ ਤਰ੍ਹਾਂ ਰੱਖਦਾ? (ਅ) ਯਿਸੂ ਨੇ ਇਕ ਅੰਨ੍ਹੇ ਆਦਮੀ ਦੀ ਨਿਗਾਹ ਹੌਲੀ-ਹੌਲੀ ਕਿਉਂ ਠੀਕ ਕੀਤੀ ਸੀ?

      7 ਯਿਸੂ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਦਾ ਸੀ। ਦੁਖੀ ਲੋਕਾਂ ਨੂੰ ਸਿਰਫ਼ ਦੇਖਣ ਨਾਲ ਉਸ ਦੇ ਦਿਲ ਉੱਤੇ ਇੰਨਾ ਗਹਿਰਾ ਅਸਰ ਪੈਂਦਾ ਸੀ ਕਿ ਉਹ ਉਨ੍ਹਾਂ ਦੇ ਦੁੱਖ ਦੂਰ ਕਰਨੇ ਚਾਹੁੰਦਾ ਸੀ। (ਮੱਤੀ 14:14) ਉਹ ਦੂਸਰਿਆਂ ਦੀਆਂ ਮਜਬੂਰੀਆਂ ਅਤੇ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਦਾ ਸੀ। (ਯੂਹੰਨਾ 16:12) ਇਕ ਵਾਰ, ਲੋਕਾਂ ਨੇ ਯਿਸੂ ਕੋਲ ਇਕ ਅੰਨ੍ਹਾ ਆਦਮੀ ਲਿਆਂਦਾ ਅਤੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਚੰਗਾ ਕਰੇ। ਯਿਸੂ ਨੇ ਉਸ ਆਦਮੀ ਦੀ ਨਿਗਾਹ ਹੌਲੀ-ਹੌਲੀ ਠੀਕ ਕੀਤੀ। ਪਹਿਲਾਂ-ਪਹਿਲ ਉਸ ਨੂੰ ਸਿਰਫ਼ ਧੁੰਦਲਾ-ਧੁੰਦਲਾ ਦਿੱਸਦਾ ਸੀ। ਉਸ ਨੂੰ ਮਨੁੱਖ ‘ਤੁਰਦੇ ਫਿਰਦੇ ਰੁੱਖਾਂ ਵਾਂਙੁ ਦਿੱਸਦੇ ਸਨ।’ ਫਿਰ ਯਿਸੂ ਨੇ ਉਸ ਦੀ ਨਿਗਾਹ ਬਿਲਕੁਲ ਠੀਕ ਕਰ ਦਿੱਤੀ ਤਾਂਕਿ ਉਹ ਸਾਫ਼-ਸਾਫ਼ ਦੇਖ ਸਕਿਆ। ਉਸ ਨੇ ਆਦਮੀ ਨੂੰ ਹੌਲੀ-ਹੌਲੀ ਕਿਉਂ ਠੀਕ ਕੀਤਾ ਸੀ? ਸ਼ਾਇਦ ਇਸ ਲਈ ਕਿ ਹਨੇਰੇ ਵਿਚ ਹੋਣ ਦੇ ਆਦੀ ਆਦਮੀ ਨੂੰ ਬਹੁਤੀਆਂ ਚਮਕਦੀਆਂ ਚੀਜ਼ਾਂ ਦੇਖ ਕੇ ਅਚਾਨਕ ਸਦਮਾ ਨਾ ਲੱਗੇ।—ਮਰਕੁਸ 8:22-26.

      8, 9. (ੳ) ਦਿਕਾਪੁਲਿਸ ਦੇ ਇਲਾਕੇ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦੇ ਜਾਣ ਤੋਂ ਕੁਝ ਦੇਰ ਬਾਅਦ ਕੀ ਹੋਇਆ ਸੀ? (ਅ) ਇਹ ਦੱਸੋ ਕਿ ਯਿਸੂ ਨੇ ਬੋਲ਼ੇ ਆਦਮੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਸੀ।

      8 ਇਕ ਹੋਰ ਘਟਨਾ ਵੱਲ ਧਿਆਨ ਦਿਓ ਜੋ ਸੰਨ 32 ਦੇ ਪਸਾਹ ਤੋਂ ਬਾਅਦ ਵਾਪਰੀ ਸੀ। ਯਿਸੂ ਅਤੇ ਉਸ ਦੇ ਚੇਲੇ ਗਲੀਲ ਦੀ ਝੀਲ ਦੇ ਪੂਰਬ ਵੱਲ, ਦਿਕਾਪੁਲਿਸ ਦੇ ਇਲਾਕੇ ਵਿਚ ਸਨ। ਉੱਥੇ ਵੱਡੀਆਂ ਭੀੜਾਂ ਨੇ ਯਿਸੂ ਨੂੰ ਘੇਰ ਲਿਆ ਅਤੇ ਉਨ੍ਹਾਂ ਨੇ ਉਸ ਕੋਲ ਹਰ ਕਿਸਮ ਦੇ ਬੀਮਾਰ ਲੋਕ ਲਿਆਂਦੇ ਅਤੇ ਯਿਸੂ ਨੇ ਉਨ੍ਹਾਂ ਨੂੰ ਚੰਗਾ ਕੀਤਾ। (ਮੱਤੀ 15:29, 30) ਦਿਲਚਸਪੀ ਦੀ ਗੱਲ ਹੈ ਕਿ ਯਿਸੂ ਨੇ ਇਕ ਆਦਮੀ ਵੱਲ ਖ਼ਾਸ ਧਿਆਨ ਦਿੱਤਾ। ਸਿਰਫ਼ ਮਰਕੁਸ ਦੀ ਇੰਜੀਲ ਇਸ ਘਟਨਾ ਤੇ ਵਾਪਰੀਆਂ ਗੱਲਾਂ ਬਾਰੇ ਦੱਸਦੀ ਹੈ।—ਮਰਕੁਸ 7:31-35.

      9 ਆਦਮੀ ਬੋਲ਼ਾ ਸੀ ਅਤੇ ਉਸ ਲਈ ਗੱਲ ਕਰਨੀ ਵੀ ਬਹੁਤ ਔਖੀ ਸੀ। ਯਿਸੂ ਨੂੰ ਸ਼ਾਇਦ ਇਸ ਆਦਮੀ ਦੀ ਪਰੇਸ਼ਾਨੀ ਜਾਂ ਘਬਰਾਹਟ ਦਾ ਅਹਿਸਾਸ ਸੀ। ਇਸ ਲਈ, ਯਿਸੂ ਨੇ ਕੁਝ ਅਜੀਬ ਕੀਤਾ। ਉਹ ਆਦਮੀ ਨੂੰ ਭੀੜ ਤੋਂ ਅਲੱਗ ਕਰ ਕੇ ਕਿਸੇ ਸ਼ਾਂਤ ਜਗ੍ਹਾ ਨੂੰ ਲੈ ਗਿਆ। ਫਿਰ ਯਿਸੂ ਨੇ ਇਸ਼ਾਰਿਆਂ ਰਾਹੀਂ ਆਦਮੀ ਨੂੰ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ “ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ।” (ਮਰਕੁਸ 7:33) ਫਿਰ, ਯਿਸੂ ਨੇ ਅਕਾਸ਼ ਵੱਲ ਦੇਖਿਆ ਅਤੇ ਹਾਉਕਾ ਭਰ ਕੇ ਪ੍ਰਾਰਥਨਾ ਕੀਤੀ। ਯਿਸੂ ਨੇ ਇਨ੍ਹਾਂ ਇਸ਼ਾਰਿਆਂ ਨਾਲ ਉਸ ਆਦਮੀ ਨੂੰ ਦੱਸਿਆ ਕਿ ‘ਜੋ ਮੈਂ ਹੁਣ ਤੇਰੇ ਲਈ ਕਰਨ ਵਾਲਾ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਹੈ।’ ਆਖ਼ਰਕਾਰ, ਯਿਸੂ ਨੇ ਕਿਹਾ: “ਖੁੱਲ੍ਹ ਜਾਹ।” (ਮਰਕੁਸ 7:34) ਇਸ ਤੋਂ ਬਾਅਦ ਆਦਮੀ ਸੁਣਨ ਅਤੇ ਚੰਗੀ ਤਰ੍ਹਾਂ ਬੋਲਣ ਵੀ ਲੱਗ ਪਿਆ।

      10, 11. ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਅਤੇ ਆਪਣੇ ਪਰਿਵਾਰ ਦੇ ਜੀਆਂ ਦੇ ਜਜ਼ਬਾਤਾਂ ਨੂੰ ਕਿਸ ਤਰ੍ਹਾਂ ਧਿਆਨ ਵਿਚ ਰੱਖ ਸਕਦੇ ਹਾਂ?

      10 ਯਿਸੂ ਨੇ ਦੂਸਰਿਆਂ ਲੋਕਾਂ ਦਾ ਕਿੰਨਾ ਖ਼ਿਆਲ ਰੱਖਿਆ! ਉਹ ਹਮੇਸ਼ਾ ਹਮਦਰਦੀ ਦਿਖਾਉਂਦਾ ਸੀ। ਕੁਝ ਕਰਨ ਤੋਂ ਪਹਿਲਾਂ ਉਹ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਾ ਸੀ। ਮਸੀਹੀਆਂ ਵਜੋਂ, ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਇਸ ਸੰਬੰਧ ਵਿਚ ਯਿਸੂ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਾਈਬਲ ਸਲਾਹ ਦਿੰਦੀ ਹੈ ਕਿ “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਇਸ ਲਈ ਸਾਨੂੰ ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਕੇ ਬੋਲਣਾ-ਚੱਲਣਾ ਚਾਹੀਦਾ ਹੈ।

      11 ਕਲੀਸਿਯਾ ਵਿਚ, ਅਸੀਂ ਦੂਸਰਿਆਂ ਦੀ ਇੱਜ਼ਤ ਕਰਨ ਦੁਆਰਾ ਅਤੇ ਉਨ੍ਹਾਂ ਦੇ ਨਾਲ ਉਸ ਤਰ੍ਹਾਂ ਦਾ ਸਲੂਕ ਕਰਨ ਦੁਆਰਾ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੀਤਾ ਜਾਵੇ, ਉਨ੍ਹਾਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖ ਸਕਦੇ ਹਾਂ। (ਮੱਤੀ 7:12) ਇਸ ਵਿਚ ਕਹੀਆਂ ਗੱਲਾਂ ਦੇ ਨਾਲ-ਨਾਲ ਕਹਿਣ ਦੇ ਤਰੀਕੇ ਉੱਤੇ ਵੀ ਧਿਆਨ ਰੱਖਣਾ ਸ਼ਾਮਲ ਹੈ। (ਕੁਲੁੱਸੀਆਂ 4:6) ਯਾਦ ਰੱਖੋ ਕਿ ‘ਬੇਸੋਚੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।’ (ਕਹਾਉਤਾਂ 12:18) ਪਰਿਵਾਰ ਵਿਚ ਵੀ, ਇਕ ਪਤੀ-ਪਤਨੀ ਜੋ ਇਕ ਦੂਸਰੇ ਨਾਲ ਸੱਚਾ ਪਿਆਰ ਕਰਦੇ ਹਨ, ਇਕ ਦੂਸਰੇ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦੇ ਹਨ। (ਅਫ਼ਸੀਆਂ 5:33) ਉਹ ਰੁੱਖੇ ਸ਼ਬਦ ਨਹੀਂ ਵਰਤਦੇ, ਲਗਾਤਾਰ ਨੁਕਤਾਚੀਨੀ ਅਤੇ ਚੁਭਵੀਆਂ ਗੱਲਾਂ ਨਹੀਂ ਕਰਦੇ, ਜਿਨ੍ਹਾਂ ਕਾਰਨ ਜਜ਼ਬਾਤਾਂ ਨੂੰ ਅਜਿਹੀ ਠੇਸ ਪਹੁੰਚ ਸਕਦੀ ਹੈ ਜੋ ਜਲਦੀ ਮਿਟਦੀ ਨਹੀਂ। ਬੱਚਿਆਂ ਦੇ ਵੀ ਜਜ਼ਬਾਤ ਹਨ ਅਤੇ ਪ੍ਰੇਮਪੂਰਣ ਮਾਪਿਆਂ ਨੂੰ ਇਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜਦੋਂ ਤਾੜਨਾ ਦੀ ਜ਼ਰੂਰਤ ਪੈਂਦੀ ਹੈ ਤਾਂ ਅਜਿਹੇ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਅਤੇ ਸ਼ਰਮਿੰਦਾ ਕਰਨ ਤੋਂ ਬਗੈਰ ਤਾੜਨਾ ਦਿੰਦੇ ਹਨ।c (ਕੁਲੁੱਸੀਆਂ 3:21) ਜਦੋਂ ਅਸੀਂ ਇਸ ਤਰ੍ਹਾਂ ਦੂਸਰਿਆਂ ਦਿਆਂ ਜਜ਼ਬਾਤਾਂ ਦਾ ਖ਼ਿਆਲ ਰੱਖਦੇ ਹਾਂ ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਵਰਗੇ ਹਾਂ।

      ਦੂਸਰਿਆਂ ਉੱਤੇ ਭਰੋਸਾ ਕਰਨ ਲਈ ਤਿਆਰ ਸੀ

      12. ਯਿਸੂ ਦਾ ਆਪਣਿਆਂ ਚੇਲਿਆਂ ਬਾਰੇ ਕੀ ਖ਼ਿਆਲ ਸੀ?

      12 ਯਿਸੂ ਲੋਕਾਂ ਦਿਆਂ ਦਿਲਾਂ ਦੀ ਜਾਂਚ ਕਰ ਸਕਦਾ ਸੀ। ਉਹ ਆਪਣਿਆਂ ਚੇਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੂੰ ਪਤਾ ਸੀ ਕਿ ਉਹ ਅਪੂਰਣ ਸਨ। (ਯੂਹੰਨਾ 2:24, 25) ਫਿਰ ਵੀ, ਉਸ ਨੇ ਸਿਰਫ਼ ਉਨ੍ਹਾਂ ਦੀਆਂ ਅਪੂਰਣਤਾਵਾਂ ਹੀ ਨਹੀਂ ਦੇਖੀਆਂ ਪਰ ਉਨ੍ਹਾਂ ਦੇ ਚੰਗੇ ਗੁਣ ਵੀ ਦੇਖੇ ਸਨ। ਉਹ ਜਾਣਦਾ ਸੀ ਕਿ ਇਹ ਆਦਮੀ ਭਵਿੱਖ ਵਿਚ ਹੋਰ ਚੰਗੇ ਕੰਮ ਕਰ ਸਕਣਗੇ ਕਿਉਂਕਿ ਉਹ ਯਹੋਵਾਹ ਵੱਲੋਂ ਖਿੱਚੇ ਗਏ ਸਨ। (ਯੂਹੰਨਾ 6:44) ਯਿਸੂ ਦਾ ਚੰਗਾ ਰਵੱਈਆ ਉਸ ਦੇ ਵਰਤਾਉ ਤੋਂ ਜ਼ਾਹਰ ਸੀ। ਇਕ ਗੱਲ ਜ਼ਰੂਰ ਹੈ ਕਿ ਉਹ ਉਨ੍ਹਾਂ ਉੱਤੇ ਭਰੋਸਾ ਰੱਖਣ ਲਈ ਤਿਆਰ ਸੀ।

      13. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਦਾ ਸੀ?

      13 ਯਿਸੂ ਨੇ ਆਪਣਾ ਭਰੋਸਾ ਕਿਸ ਤਰ੍ਹਾਂ ਦਿਖਾਇਆ? ਧਰਤੀ ਛੱਡ ਕੇ ਸਵਰਗ ਨੂੰ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਉਸ ਨੇ ਸੰਸਾਰ ਭਰ ਵਿਚ ਆਪਣੇ ਰਾਜ ਦਿਆਂ ਕੰਮਾਂ ਨੂੰ ਉਨ੍ਹਾਂ ਦੇ ਹੱਥਾਂ ਵਿਚ ਛੱਡ ਦਿੱਤਾ ਸੀ। (ਮੱਤੀ 25:14, 15; ਲੂਕਾ 12:42-44) ਆਪਣੀ ਸੇਵਕਾਈ ਦੌਰਾਨ ਉਸ ਨੇ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਦਿਖਾਇਆ ਕਿ ਉਹ ਉਨ੍ਹਾਂ ਉੱਤੇ ਭਰੋਸਾ ਰੱਖਦਾ ਸੀ। ਜਦੋਂ ਉਸ ਨੇ ਭੀੜਾਂ ਵਾਸਤੇ ਚਮਤਕਾਰੀ ਢੰਗ ਨਾਲ ਰੋਟੀ ਪੇਸ਼ ਕੀਤੀ ਤਾਂ ਉਸ ਨੂੰ ਵੰਡਣ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਚੇਲਿਆਂ ਨੂੰ ਸੌਂਪੀ ਸੀ।—ਮੱਤੀ 14:15-21; 15:32-37.

      14. ਮਰਕੁਸ 4:35-41 ਵਿਚ ਦਰਜ ਬਿਰਤਾਂਤ ਦੀਆਂ ਮੁੱਖ ਗੱਲਾਂ ਦੱਸੋ।

      14 ਮਰਕੁਸ 4:35-41 ਵਿਚ ਦਰਜ ਕੀਤੇ ਗਏ ਬਿਰਤਾਂਤ ਵੱਲ ਵੀ ਧਿਆਨ ਦਿਓ। ਇਸ ਮੌਕੇ ਤੇ ਯਿਸੂ ਅਤੇ ਉਸ ਦੇ ਚੇਲੇ ਬੇੜੀ ਵਿਚ ਬੈਠ ਕੇ ਗਲੀਲ ਦੀ ਝੀਲ ਤੇ ਪੂਰਬ ਵੱਲ ਗਏ। ਸਫ਼ਰ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ, ਯਿਸੂ ਬੇੜੀ ਦੇ ਪਿੱਛਲੇ ਹਿੱਸੇ ਵਿਚ ਜਾ ਕੇ ਲੰਮਾ ਪੈ ਗਿਆ। ਲੇਕਿਨ, ਜਲਦੀ ਹੀ ‘ਵੱਡੀ ਅਨ੍ਹੇਰੀ ਵਗਣ’ ਲੱਗ ਪਈ। ਗਲੀਲ ਦੀ ਝੀਲ ਤੇ ਅਜਿਹੇ ਤੂਫ਼ਾਨ ਆਮ ਸਨ, ਕਿਉਂਕਿ ਇਹ ਜਗ੍ਹਾ ਸਮੁੰਦਰੀ ਤਲ ਤੋਂ ਲਗਭਗ 200 ਮੀਟਰ ਨੀਵੀਂ ਸੀ। ਉੱਥੇ ਦੀ ਹਵਾ ਆਲੇ-ਦੁਆਲੇ ਨਾਲੋਂ ਜ਼ਿਆਦਾ ਗਰਮ ਹੋਣ ਕਰਕੇ ਤੂਫ਼ਾਨ ਪੈਦਾ ਕਰ ਦਿੰਦੀ ਸੀ। ਇਸ ਦੇ ਨਾਲ-ਨਾਲ, ਉੱਤਰ ਵੱਲੋਂ ਹਰਮੋਨ ਪਹਾੜ ਤੋਂ ਯਰਦਨ ਘਾਟੀ ਵਿਚ ਦੀ ਤੇਜ਼ ਹਵਾਵਾਂ ਵਗਦੀਆਂ ਸਨ। ਸ਼ਾਂਤੀ ਦਾ ਇਕ ਪਲ ਝੱਟ ਇਕ ਜ਼ੋਰਦਾਰ ਤੂਫ਼ਾਨ ਵਿਚ ਬਦਲ ਸਕਦਾ ਸੀ। ਜ਼ਰਾ ਇਸ ਬਾਰੇ ਸੋਚੋ: ਯਿਸੂ ਇਨ੍ਹਾਂ ਆਮ ਤੂਫ਼ਾਨਾਂ ਬਾਰੇ ਜਾਣਦਾ ਸੀ ਕਿਉਂਕਿ ਉਹ ਗਲੀਲ ਵਿਚ ਵੱਡਾ ਹੋਇਆ ਸੀ। ਲੇਕਿਨ, ਫਿਰ ਵੀ ਉਹ ਅਰਾਮ ਨਾਲ ਸੁੱਤਾ ਰਿਹਾ, ਉਹ ਆਪਣਿਆਂ ਚੇਲਿਆਂ ਦੀਆਂ ਯੋਗਤਾਵਾਂ ਵਿਚ ਭਰੋਸਾ ਰੱਖਦਾ ਸੀ, ਜਿਨ੍ਹਾਂ ਵਿੱਚੋਂ ਕੁਝ ਮਛੇਰੇ ਸਨ।—ਮੱਤੀ 4:18, 19.

      15. ਯਿਸੂ ਨੇ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਿਆ ਸੀ, ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?

      15 ਯਿਸੂ ਆਪਣਿਆਂ ਚੇਲਿਆਂ ਉੱਤੇ ਭਰੋਸਾ ਰੱਖਣ ਲਈ ਤਿਆਰ ਸੀ। ਕੀ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ? ਕੁਝ ਲੋਕਾਂ ਲਈ ਦੂਸਰਿਆਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਔਖੀਆਂ ਹਨ। ਉਹ ਹਮੇਸ਼ਾ ਸਭ ਕੁਝ ਆਪ ਕਰਨਾ ਚਾਹੁੰਦੇ ਹਨ। ਉਹ ਸ਼ਾਇਦ ਸੋਚਣ, ‘ਜੇਕਰ ਮੈਂ ਚਾਹੁੰਦਾ ਹਾਂ ਕਿ ਕੋਈ ਕੰਮ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਬਿਹਤਰ ਹੈ ਕਿ ਉਸ ਨੂੰ ਮੈਂ ਖ਼ੁਦ ਕਰਾਂ!’ ਪਰ ਜੇ ਸਾਨੂੰ ਸਭ ਕੁਝ ਆਪ ਕਰਨਾ ਪਵੇ ਤਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕ ਜਾਵਾਂਗੇ ਅਤੇ ਸਾਨੂੰ ਆਪਣੇ ਪਰਿਵਾਰ ਤੋਂ ਦੂਰ ਬੇਲੋੜਾ ਸਮਾਂ ਗੁਜ਼ਾਰਨਾ ਪਵੇ। ਇਸ ਤੋਂ ਇਲਾਵਾ, ਜੇ ਅਸੀਂ ਦੂਸਰਿਆਂ ਨੂੰ ਕੰਮ ਅਤੇ ਜ਼ਿੰਮੇਵਾਰੀਆਂ ਨਾ ਸੌਂਪੀਏ ਤਾਂ ਅਸੀਂ ਉਨ੍ਹਾਂ ਨੂੰ ਲੋੜੀਂਦੇ ਤਜਰਬੇ ਅਤੇ ਲੋੜੀਂਦੀ ਸਿਖਲਾਈ ਹਾਸਲ ਕਰਨ ਦਾ ਮੌਕਾ ਨਹੀਂ ਦੇ ਰਹੇ ਹਾਂ। ਇਹ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਦੂਸਰਿਆਂ ਨੂੰ ਕੰਮ ਸੌਂਪਣ ਦੁਆਰਾ ਉਨ੍ਹਾਂ ਉੱਤੇ ਭਰੋਸਾ ਰੱਖਣਾ ਸਿੱਖੀਏ। ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਸੱਚੇ ਦਿਲੋਂ ਆਪਣੇ ਆਪ ਤੋਂ ਪੁੱਛੀਏ, ‘ਕੀ ਇਸ ਮਾਮਲੇ ਵਿਚ ਮੈਂ ਯਿਸੂ ਦੀ ਰੀਸ ਕਰ ਰਿਹਾ ਹਾਂ? ਕੀ ਮੈਂ ਖ਼ੁਸ਼ੀ ਨਾਲ ਦੂਸਰਿਆਂ ਨੂੰ ਕੰਮ ਸੌਂਪ ਕੇ ਭਰੋਸਾ ਰੱਖਦਾ ਹਾਂ ਕਿ ਉਹ ਚੰਗੀ ਤਰ੍ਹਾਂ ਉਹ ਕੰਮ ਪੂਰਾ ਕਰਨਗੇ?’

      ਉਸ ਨੇ ਆਪਣਿਆਂ ਚੇਲਿਆਂ ਵਿਚ ਵਿਸ਼ਵਾਸ ਕੀਤਾ

      16, 17. ਭਾਵੇਂ ਕਿ ਯਿਸੂ ਜਾਣਦਾ ਸੀ ਕਿ ਉਸ ਦੇ ਰਸੂਲ ਉਸ ਨੂੰ ਛੱਡ ਦੇਣਗੇ, ਉਸ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਤੇ ਉਨ੍ਹਾਂ ਨੂੰ ਕਿਹੜੀ ਤਸੱਲੀ ਦਿੱਤੀ ਸੀ?

      16 ਯਿਸੂ ਨੇ ਇਕ ਹੋਰ ਮਹੱਤਵਪੂਰਣ ਤਰੀਕੇ ਵਿਚ ਆਪਣਿਆਂ ਚੇਲਿਆਂ ਪ੍ਰਤੀ ਇਕ ਚੰਗਾ ਰਵੱਈਆ ਦਿਖਾਇਆ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਵਿਚ ਵਿਸ਼ਵਾਸ ਕਰਦਾ ਸੀ। ਇਹ ਉਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਜੋ ਉਸ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਤੇ ਆਪਣੇ ਰਸੂਲਾਂ ਨੂੰ ਕਹੇ ਸਨ। ਧਿਆਨ ਦਿਓ ਕਿ ਉਸ ਰਾਤ ਕੀ ਹੋਇਆ ਸੀ।

      17 ਉਸ ਸ਼ਾਮ ਯਿਸੂ ਨੇ ਬਹੁਤ ਕੁਝ ਕੀਤਾ ਸੀ। ਉਸ ਨੇ ਆਪਣਿਆਂ ਰਸੂਲਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਨਿਮਰਤਾ ਦਾ ਇਕ ਸਬਕ ਸਿਖਾਇਆ ਸੀ। ਬਾਅਦ ਵਿਚ, ਉਸ ਨੇ ਸ਼ਾਮ ਦਾ ਭੋਜਨ ਸ਼ੁਰੂ ਕੀਤਾ ਜਿਸ ਨੇ ਉਸ ਦੀ ਮੌਤ ਦਾ ਸਮਾਰਕ ਬਣਨਾ ਸੀ। ਇਸ ਤੋਂ ਬਾਅਦ, ਰਸੂਲਾਂ ਨੇ ਫਿਰ ਤੋਂ ਇਕ ਵੱਡੀ ਬਹਿਸ ਸ਼ੁਰੂ ਕੀਤੀ ਕਿ ਉਨ੍ਹਾਂ ਵਿੱਚੋਂ ਕਿਹੜਾ ਸਭ ਤੋਂ ਵੱਡਾ ਹੈ। ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ ਪਰ ਧੀਰਜ ਨਾਲ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਕੀ ਹੋਣ ਵਾਲਾ ਸੀ: “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।” (ਮੱਤੀ 26:31; ਜ਼ਕਰਯਾਹ 13:7) ਉਹ ਜਾਣਦਾ ਸੀ ਕਿ ਉਸ ਦੇ ਸਭ ਤੋਂ ਨਜ਼ਦੀਕ ਸਾਥੀ ਉਸ ਦੀ ਔਖੀ ਘੜੀ ਵਿਚ ਉਸ ਨੂੰ ਛੱਡ ਦੇਣਗੇ। ਲੇਕਿਨ, ਫਿਰ ਵੀ ਉਸ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਕਿਹਾ: “ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ।” (ਮੱਤੀ 26:32) ਜੀ ਹਾਂ, ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਕਿ ਭਾਵੇਂ ਉਹ ਉਸ ਨੂੰ ਛੱਡ ਦੇਣਗੇ ਉਹ ਉਨ੍ਹਾਂ ਨੂੰ ਨਹੀਂ ਛੱਡੇਗਾ। ਜਦੋਂ ਇਹ ਔਖੀ ਘੜੀ ਲੰਘ ਜਾਵੇਗੀ ਤਾਂ ਉਹ ਉਨ੍ਹਾਂ ਨੂੰ ਫਿਰ ਮਿਲੇਗਾ।

      18. ਗਲੀਲ ਵਿਚ, ਯਿਸੂ ਨੇ ਆਪਣਿਆਂ ਰਸੂਲਾਂ ਨੂੰ ਕਿਹੜਾ ਵੱਡਾ ਹੁਕਮ ਦਿੱਤਾ, ਅਤੇ ਉਨ੍ਹਾਂ ਨੇ ਇਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਸੀ?

      18 ਯਿਸੂ ਨੇ ਆਪਣਾ ਵਾਅਦਾ ਨਿਭਾਇਆ। ਜੀ ਉੱਠਣ ਤੋਂ ਬਾਅਦ ਉਹ ਗਲੀਲ ਵਿਚ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਮਿਲਿਆ, ਜੋ ਹੋਰਨਾਂ ਲੋਕਾਂ ਨਾਲ ਇਕੱਠੇ ਹੋਏ ਸਨ। (ਮੱਤੀ 28:16, 17; 1 ਕੁਰਿੰਥੀਆਂ 15:6) ਉੱਥੇ ਯਿਸੂ ਨੇ ਉਨ੍ਹਾਂ ਨੂੰ ਇਕ ਵੱਡਾ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਰਸੂਲਾਂ ਦੇ ਕਰਤੱਬ ਤੋਂ ਸਾਨੂੰ ਸਪੱਸ਼ਟ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਇਹ ਹੁਕਮ ਪੂਰਾ ਕੀਤਾ ਸੀ। ਉਨ੍ਹਾਂ ਨੇ ਪਹਿਲੀ ਸਦੀ ਵਿਚ ਵਫ਼ਾਦਾਰੀ ਨਾਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਸੀ।—ਰਸੂਲਾਂ ਦੇ ਕਰਤੱਬ 2:41, 42; 4:33; 5:27-32.

      19. ਜੀ ਉਠਾਏ ਜਾਣ ਤੋਂ ਬਾਅਦ ਯਿਸੂ ਦੇ ਕੰਮ ਸਾਨੂੰ ਉਸ ਬਾਰੇ ਕੀ ਸਿਖਾਉਂਦੇ ਹਨ?

      19 ਇਹ ਬਿਰਤਾਂਤ ਸਾਨੂੰ ਯਿਸੂ ਬਾਰੇ ਕੀ ਸਿਖਾਉਂਦਾ ਹੈ? ਯਿਸੂ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ‘ਅੰਤ ਤੋੜੀ ਪਿਆਰ ਕੀਤਾ।’ (ਯੂਹੰਨਾ 13:1) ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਉਹ ਉਨ੍ਹਾਂ ਵਿਚ ਵਿਸ਼ਵਾਸ ਕਰਦਾ ਸੀ। ਧਿਆਨ ਦਿਓ ਕਿ ਯਿਸੂ ਦਾ ਭਰੋਸਾ ਗ਼ਲਤ ਸਾਬਤ ਨਹੀਂ ਹੋਇਆ। ਯਿਸੂ ਦੇ ਭਰੋਸੇ ਅਤੇ ਵਿਸ਼ਵਾਸ ਨੇ ਉਨ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਉਸ ਦੇ ਦਿੱਤੇ ਗਏ ਹੁਕਮ ਨੂੰ ਪੂਰਾ ਕਰਨ ਦਾ ਹੌਸਲਾ ਦਿੱਤਾ।

      20, 21. ਅਸੀਂ ਆਪਣੇ ਸੰਗੀ ਭੈਣਾਂ-ਭਰਾਵਾਂ ਬਾਰੇ ਕਿਸ ਤਰ੍ਹਾਂ ਚੰਗਾ ਸੋਚ ਸਕਦੇ ਹਾਂ?

      20 ਅਸੀਂ ਇਸ ਵਿਚ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? ਸੰਗੀ ਭੈਣਾਂ-ਭਰਾਵਾਂ ਬਾਰੇ ਹਮੇਸ਼ਾ ਚੰਗਾ ਸੋਚੋ। ਜੇਕਰ ਤੁਸੀਂ ਉਨ੍ਹਾਂ ਬਾਰੇ ਬੁਰਾ ਸੋਚੋਗੇ ਤਾਂ ਇਹ ਤੁਹਾਡੇ ਸ਼ਬਦਾਂ ਅਤੇ ਕੰਮਾਂ ਰਾਹੀਂ ਪ੍ਰਗਟ ਹੋਵੇਗਾ। (ਲੂਕਾ 6:45) ਲੇਕਿਨ, ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ। (1 ਕੁਰਿੰਥੀਆਂ 13:7) ਪ੍ਰੇਮ ਬੁਰਾ ਨਹੀਂ ਬਲਕਿ ਭਲਾ ਕਰਦਾ ਹੈ। ਠੋਕਰ ਮਾਰਨ ਦੀ ਬਜਾਇ ਇਹ ਉਤਸ਼ਾਹ ਦਿੰਦਾ ਹੈ। ਲੋਕਾਂ ਉੱਤੇ ਧਮਕੀਆਂ ਦਾ ਇੰਨਾ ਅਸਰ ਨਹੀਂ ਪੈਂਦਾ ਜਿੰਨਾ ਕਿ ਪ੍ਰੇਮ ਅਤੇ ਉਤਸ਼ਾਹ ਦਾ ਪੈਂਦਾ ਹੈ। ਦੂਸਰਿਆਂ ਉੱਤੇ ਭਰੋਸਾ ਰੱਖਣ ਰਾਹੀਂ ਅਸੀਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। (1 ਥੱਸਲੁਨੀਕੀਆਂ 5:11) ਜੇਕਰ, ਮਸੀਹ ਵਾਂਗ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਬਾਰੇ ਚੰਗਾ ਸੋਚਾਂਗੇ ਤਾਂ ਅਸੀਂ ਉਨ੍ਹਾਂ ਨਾਲ ਅਜਿਹਾ ਵਰਤਾਉ ਕਰਾਂਗੇ ਜੋ ਉਨ੍ਹਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਵਿਚ ਮਦਦ ਦੇਵੇਗਾ।

      21 ਯਿਸੂ ਵਰਗੇ ਬਣਨ ਲਈ ਉਸ ਦਿਆਂ ਕੰਮਾਂ ਦੀ ਰੀਸ ਕਰਨ ਤੋਂ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਜਿਵੇਂ ਪਹਿਲੇ ਲੇਖ ਵਿਚ ਦੱਸਿਆ ਗਿਆ ਸੀ, ਜੇ ਅਸੀਂ ਸੱਚ-ਮੁੱਚ ਯਿਸੂ ਵਰਗੇ ਬਣਨਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਉਹ ਦੇ ਸੋਚ-ਵਿਚਾਰ ਕਿਸ ਤਰ੍ਹਾਂ ਦੇ ਸਨ। ਇੰਜੀਲਾਂ ਦੇ ਲਿਖਾਰੀ ਸਾਨੂੰ ਉਸ ਦੇ ਸੁਭਾਅ ਦੇ ਇਕ ਹੋਰ ਪਹਿਲੂ ਬਾਰੇ ਦੱਸਦੇ ਹਨ। ਉਹ ਉਸ ਦੇ ਨਿਯੁਕਤ ਕੰਮ ਬਾਰੇ ਉਸ ਦੇ ਵਿਚਾਰ ਅਤੇ ਜਜ਼ਬਾਤ ਵੀ ਪ੍ਰਗਟ ਕਰਦੇ ਹਨ। ਇਸ ਵਿਸ਼ੇ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

      [ਫੁਟਨੋਟ]

      a ਇਸ ਨਕਲੀ ਦਸਤਾਵੇਜ਼ ਵਿਚ, ਲੇਖਕ ਨੇ ਯਿਸੂ ਦੀ ਸ਼ਕਲ ਬਾਰੇ ਦੱਸਿਆ, ਉਸ ਦੇ ਵਾਲਾਂ, ਦਾੜ੍ਹੀ ਅਤੇ ਅੱਖਾਂ ਦਾ ਰੰਗ ਵੀ ਦੱਸਿਆ। ਬਾਈਬਲ ਦੇ ਅਨੁਵਾਦਕ ਏਡਗਰ ਜੇ. ਗੁਡਸਪੀਡ ਨੇ ਸਮਝਾਇਆ ਕਿ ਇਸ ਨਕਲੀ ਦਸਤਾਵੇਜ਼ “ਦਾ ਮਕਸਦ ਇਹ ਸੀ ਕਿ ਉਹ ਯਿਸੂ ਦੀ ਨਿੱਜੀ ਦਿੱਖ ਬਾਰੇ ਚਿੱਤਰਕਾਰਾਂ ਦੀਆਂ ਕਿਤਾਬਾਂ ਵਿਚ ਮਿਲਦੀਆਂ ਤਸਵੀਰਾਂ ਨੂੰ ਸੱਚ ਸਾਬਤ ਕਰੇ।”

      b ਜ਼ਾਹਰ ਹੈ ਕਿ ਬੱਚੇ ਵੱਖੋ-ਵੱਖਰੀਆਂ ਉਮਰਾਂ ਦੇ ਸਨ। ਇੱਥੇ ਜੋ ਸ਼ਬਦ ‘ਛੋਟੇ ਬਾਲਕਾਂ’ ਲਈ ਵਰਤਿਆ ਗਿਆ ਹੈ ਇਹ ਉਹੀ ਸ਼ਬਦ ਹੈ ਜੋ ਜੈਰੁਸ ਦੀ ਬਾਰਾਂ ਸਾਲਾਂ ਦੀ ਧੀ ਲਈ ਵਰਤਿਆ ਗਿਆ ਸੀ। (ਮਰਕੁਸ 5:39, 42; 10:13) ਲੇਕਿਨ, ਲੂਕਾ ਨੇ ਇਸ ਘਟਨਾ ਬਾਰੇ ਗੱਲ ਕਰਦੇ ਹੋਏ ਉਹ ਸ਼ਬਦ ਇਸਤੇਮਾਲ ਕੀਤਾ ਸੀ ਜੋ ਿਨੱਕਿਆਂ ਨਿਆਣਿਆਂ ਲਈ ਵੀ ਵਰਤਿਆ ਜਾਂਦਾ ਹੈ।—ਲੂਕਾ 1:41; 2:12; 18:15.

  • ਕੀ ਤੁਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹੋ?
    ਪਹਿਰਾਬੁਰਜ—2000 | ਫਰਵਰੀ 15
    • ਕੀ ਤੁਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹੋ?

      ‘ਉਸ ਨੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗਾ।’—ਮਰਕੁਸ 6:34.

      1. ਕੁਝ ਵਿਅਕਤੀ ਵਧੀਆ ਗੁਣ ਕਿਉਂ ਪ੍ਰਗਟ ਕਰਦੇ ਹਨ?

      ਇਤਿਹਾਸ ਦੌਰਾਨ ਕਈਆਂ ਲੋਕਾਂ ਨੇ ਵਧੀਆ ਗੁਣ ਦਿਖਾਏ ਹਨ। ਅਤੇ ਅਸੀਂ ਸਮਝ ਸਕਦੇ ਹਾਂ ਕਿ ਉਹ ਗੁਣਵਾਨ ਕਿਉਂ ਸਨ। ਯਹੋਵਾਹ ਪਰਮੇਸ਼ੁਰ ਪ੍ਰੇਮ, ਦਿਆਲਤਾ, ਦਰਿਆ-ਦਿਲੀ ਅਤੇ ਹੋਰ ਬਹੁਤ ਸਾਰੇ ਗੁਣ ਪ੍ਰਗਟ ਕਰਦਾ ਹੈ। ਇਨਸਾਨ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਕਈ ਵਿਅਕਤੀ ਕੁਝ ਹੱਦ ਤਕ ਪ੍ਰੇਮ, ਦਿਆਲਤਾ, ਦਇਆ ਅਤੇ ਹੋਰ ਈਸ਼ਵਰੀ ਗੁਣ ਕਿਉਂ ਦਿਖਾਉਂਦੇ ਹਨ। ਕਈ ਲੋਕ ਇਹ ਵੀ ਪ੍ਰਗਟ ਕਰਦੇ ਹਨ ਕਿ ਉਹ ਆਪਣੀ ਜ਼ਮੀਰ ਅਨੁਸਾਰ ਚੱਲਦੇ ਹਨ। (ਉਤਪਤ 1:26; ਰੋਮੀਆਂ 2:14, 15) ਪਰ, ਤੁਸੀਂ ਸ਼ਾਇਦ ਦੇਖੋਗੇ ਕਿ ਕਈਆਂ ਲਈ ਇਹ ਗੁਣ ਦਿਖਾਉਣੇ ਸੌਖੇ ਹਨ ਅਤੇ ਦੂਸਰਿਆਂ ਲਈ ਔਖੇ।

      2. ਕੁਝ ਲੋਕ ਇਹ ਸੋਚਦੇ ਹੋਏ ਕਿ ਉਹ ਮਸੀਹ ਦੀ ਰੀਸ ਕਰਦੇ ਹਨ, ਕਿਸ ਤਰ੍ਹਾਂ ਦੇ ਭਲੇ ਕੰਮ ਕਰਦੇ ਹਨ?

      2 ਸ਼ਾਇਦ ਤੁਸੀਂ ਅਜਿਹੇ ਆਦਮੀਆਂ ਅਤੇ ਔਰਤਾਂ ਨੂੰ ਜਾਣਦੇ ਹੋ ਜੋ ਅਕਸਰ ਬੀਮਾਰਾਂ ਦੀ ਦੇਖ-ਭਾਲ ਕਰਦੇ ਹਨ, ਰੋਗੀਆਂ ਨੂੰ ਦਇਆ ਦਿਖਾਉਂਦੇ ਹਨ, ਜਾਂ ਦਿਲ ਖੋਲ੍ਹ ਕੇ ਗ਼ਰੀਬਾਂ ਨੂੰ ਦਿੰਦੇ ਹਨ। ਉਨ੍ਹਾਂ ਇਨਸਾਨਾਂ ਬਾਰੇ ਵੀ ਜ਼ਰਾ ਸੋਚੋ ਜੋ ਦਇਆ ਦੇ ਕਾਰਨ ਆਪਣੀ ਸਾਰੀ ਉਮਰ ਕੋੜ੍ਹੀਆਂ ਅਤੇ ਯਤੀਮਾਂ ਦੀ ਮਦਦ ਕਰਨ ਵਿਚ ਗੁਜ਼ਾਰ ਦਿੰਦੇ ਹਨ। ਕਈ ਲੋਕ ਹਸਪਤਾਲਾਂ ਜਾਂ ਆਸ਼ਰਮਾਂ ਵਿਚ ਸੇਵਾ ਕਰਦੇ ਹਨ, ਅਤੇ ਕਈ ਬੇਘਰ ਲੋਕਾਂ ਜਾਂ ਰਫਿਊਜੀਆਂ ਦੀ ਮਦਦ ਕਰਦੇ ਹਨ। ਸ਼ਾਇਦ ਇਨ੍ਹਾਂ ਵਿੱਚੋਂ ਕਈ ਮੰਨਦੇ ਹੋਣ ਕਿ ਉਹ ਯਿਸੂ ਦੀ ਰੀਸ ਕਰ ਰਹੇ ਹਨ, ਜਿਸ ਨੇ ਮਸੀਹੀਆਂ ਲਈ ਨਮੂਨਾ ਛੱਡਿਆ ਸੀ। ਅਸੀਂ ਇੰਜੀਲਾਂ ਵਿਚ ਪੜ੍ਹਦੇ ਹਾਂ ਕਿ ਮਸੀਹ ਨੇ ਬੀਮਾਰਾਂ ਨੂੰ ਚੰਗਾ ਕੀਤਾ ਸੀ ਅਤੇ ਭੁੱਖਿਆਂ ਨੂੰ ਰੋਟੀ ਖਿਲਾਈ ਸੀ। (ਮਰਕੁਸ 1:34; 8:1-9; ਲੂਕਾ 4:40) ਯਿਸੂ ਦਾ ਪ੍ਰੇਮ, ਉਸ ਦੀ ਕੋਮਲਤਾ, ਅਤੇ ਦਇਆ ਸਭ ‘ਮਸੀਹ ਦੇ ਮਨ’ ਦੇ ਪ੍ਰਗਟਾਵੇ ਸਨ, ਅਤੇ ਉਹ ਆਪਣੇ ਸਵਰਗੀ ਪਿਤਾ ਦੀ ਰੀਸ ਕਰ ਰਿਹਾ ਸੀ।—1 ਕੁਰਿੰਥੀਆਂ 2:16; ਪਵਿੱਤਰ ਬਾਈਬਲ ਨਵਾਂ ਅਨੁਵਾਦ।

      3. ਯਿਸੂ ਦਿਆਂ ਕੰਮਾਂ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਸਾਨੂੰ ਕਿਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ?

      3 ਪਰ ਕੀ ਤੁਸੀਂ ਦੇਖਿਆ ਹੈ ਕਿ ਕਈ ਵਿਅਕਤੀ ਜੋ ਅੱਜ ਯਿਸੂ ਦੇ ਪ੍ਰੇਮ ਅਤੇ ਦਇਆ ਤੋਂ ਪ੍ਰਭਾਵਿਤ ਹੁੰਦੇ ਹਨ ਉਹ ਮਸੀਹ ਦੇ ਮਨ ਦੀ ਮੁੱਖ ਗੱਲ ਵੱਲ ਧਿਆਨ ਨਹੀਂ ਦਿੰਦੇ? ਮਰਕੁਸ ਦੇ ਛੇਵੇਂ ਅਧਿਆਇ ਵੱਲ ਚੰਗੀ ਤਰ੍ਹਾਂ ਧਿਆਨ ਦੇਣ ਦੁਆਰਾ ਅਸੀਂ ਇਸ ਮੁੱਖ ਗੱਲ ਬਾਰੇ ਹੋਰ ਜਾਣਕਾਰੀ ਪਾ ਸਕਦੇ ਹਾਂ। ਉੱਥੇ ਅਸੀਂ ਪੜ੍ਹਦੇ ਹਾਂ ਕਿ ਲੋਕਾਂ ਨੇ ਯਿਸੂ ਕੋਲ ਬੀਮਾਰਾਂ ਨੂੰ ਲਿਆਂਦਾ ਸੀ ਤਾਂਕਿ ਉਹ ਉਨ੍ਹਾਂ ਨੂੰ ਠੀਕ ਕਰ ਸਕੇ। ਪੂਰਾ ਅਧਿਆਇ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਨੇ ਦੇਖਿਆ ਕਿ ਉਸ ਕੋਲ ਆਏ ਹਜ਼ਾਰਾਂ ਹੀ ਲੋਕ ਭੁੱਖੇ ਸਨ ਤਾਂ ਉਸ ਨੇ ਚਮਤਕਾਰ ਕਰ ਕੇ ਭੀੜ ਨੂੰ ਰੋਟੀ ਖਿਲਾਈ। (ਮਰਕੁਸ 6:35-44, 54-56) ਬੀਮਾਰਾਂ ਨੂੰ ਚੰਗਾ ਕਰਨਾ ਅਤੇ ਭੁੱਖਿਆਂ ਨੂੰ ਰੋਟੀ ਖਿਲਾਉਣੀ ਉਸ ਦੀ ਹਮਦਰਦੀ ਦੇ ਵਿਸ਼ੇਸ਼ ਪ੍ਰਗਟਾਵੇ ਸਨ, ਪਰ ਕੀ ਇਹ ਲੋਕਾਂ ਦੀ ਮਦਦ ਕਰਨ ਵਾਸਤੇ ਯਿਸੂ ਦੇ ਪ੍ਰਮੁੱਖ ਤਰੀਕੇ ਸਨ? ਜਿਵੇਂ ਯਿਸੂ ਨੇ ਯਹੋਵਾਹ ਦੀ ਰੀਸ ਕੀਤੀ ਸੀ, ਅਸੀਂ ਉਸ ਦੇ ਪ੍ਰੇਮ, ਦਿਆਲਤਾ ਅਤੇ ਦਇਆ ਦਿਖਾਉਣ ਦੀ ਸੰਪੂਰਣ ਮਿਸਾਲ ਦੀ ਸਭ ਤੋਂ ਬਿਹਤਰ ਤਰੀਕੇ ਵਿਚ ਕਿਸ ਤਰ੍ਹਾਂ ਰੀਸ ਕਰ ਸਕਦੇ ਹਾਂ?

      ਉਸ ਨੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ

      4. ਮਰਕੁਸ 6:30-34 ਵਿਚ ਦਰਜ ਕੀਤੀ ਗਈ ਘਟਨਾ ਕਿੱਥੇ ਵਾਪਰੀ ਸੀ ਅਤੇ ਉਸ ਵਿਚ ਕੀ ਹੋਇਆ ਸੀ?

      4 ਯਿਸੂ ਨੇ ਖ਼ਾਸ ਕਰਕੇ ਲੋਕਾਂ ਉੱਤੇ ਇਸ ਲਈ ਤਰਸ ਖਾਧਾ ਸੀ ਕਿਉਂਕਿ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਮਦਦ ਦੀ ਜ਼ਰੂਰਤ ਸੀ। ਇਹ ਜ਼ਰੂਰਤ ਉਨ੍ਹਾਂ ਦੀਆਂ ਬਾਕੀ ਦੀਆਂ ਜ਼ਰੂਰਤਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਸੀ। ਮਰਕੁਸ 6:30-34 ਉੱਤੇ ਗੌਰ ਕਰੋ। ਸੰਨ 32 ਦੇ ਪਸਾਹ ਦਾ ਸਮਾਂ ਨਜ਼ਦੀਕ ਸੀ। ਇੱਥੇ ਦਰਜ ਕੀਤੀ ਗਈ ਘਟਨਾ ਗਲੀਲ ਦੀ ਝੀਲ ਦੇ ਕੰਢੇ ਤੇ ਵਾਪਰੀ ਸੀ। ਰਸੂਲ ਬਹੁਤ ਖ਼ੁਸ਼ ਸਨ, ਅਤੇ ਉਨ੍ਹਾਂ ਕੋਲ ਖ਼ੁਸ਼ ਹੋਣ ਦਾ ਇਕ ਚੰਗਾ ਕਾਰਨ ਵੀ ਸੀ। ਇਕ ਵੱਡਾ ਦੌਰਾ ਖ਼ਤਮ ਕਰਨ ਤੋਂ ਬਾਅਦ ਉਹ ਯਿਸੂ ਕੋਲ ਪ੍ਰਚਾਰ ਸੇਵਾ ਵਿਚ ਵਾਪਰੀਆਂ ਗੱਲਾਂ ਬਾਰੇ ਦੱਸਣ ਲਈ ਆਏ। ਲੇਕਿਨ ਇਕ ਭੀੜ ਇਕੱਠੀ ਹੋ ਗਈ। ਉਹ ਇੰਨੀ ਵੱਡੀ ਸੀ ਕਿ ਯਿਸੂ ਅਤੇ ਉਸ ਦੇ ਰਸੂਲ ਨਾ ਤਾਂ ਕੁਝ ਖਾ ਸਕਦੇ ਸਨ ਅਤੇ ਨਾ ਹੀ ਆਰਾਮ ਕਰ ਸਕਦੇ ਸਨ। ਯਿਸੂ ਨੇ ਆਪਣਿਆਂ ਰਸੂਲਾਂ ਨੂੰ ਕਿਹਾ ਕਿ “ਤੁਸੀਂ ਵੱਖਰੇ ਇਕਾਂਤ ਥਾਂ ਵਿਚ ਚਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ।” (ਮਰਕੁਸ 6:31, ਨਵਾਂ ਅਨੁਵਾਦ) ਇਕ ਬੇੜੀ ਵਿਚ ਸਵਾਰ ਹੋ ਕੇ, ਜੋ ਸ਼ਾਇਦ ਕਫ਼ਰਨਾਹੂਮ ਦੇ ਲਾਗੇ ਸੀ, ਉਹ ਗਲੀਲ ਦੀ ਝੀਲ ਦੀ ਇਕ ਸ਼ਾਂਤ ਜਗ੍ਹਾ ਨੂੰ ਚੱਲੇ ਗਏ। ਪਰ ਭੀੜ ਪਾਣੀ ਦੇ ਕੰਢੇ ਦੇ ਨਾਲ-ਨਾਲ ਦੌੜ ਕੇ ਬੇੜੀ ਤੋਂ ਪਹਿਲਾਂ ਉਸ ਜਗ੍ਹਾ ਤੇ ਪਹੁੰਚ ਗਈ। ਲੋਕਾਂ ਨੂੰ ਉੱਥੇ ਦੇਖ ਕੇ ਯਿਸੂ ਨੇ ਕੀ ਕੀਤਾ ਸੀ? ਕੀ ਉਹ ਨਾਰਾਜ਼ ਹੋਇਆ ਕਿ ਉਹ ਉਸ ਦੇ ਆਰਾਮ ਦੇ ਸਮੇਂ ਤੇ ਉਸ ਨੂੰ ਪਰੇਸ਼ਾਨ ਕਰਨ ਆ ਗਏ ਸਨ? ਬਿਲਕੁਲ ਨਹੀਂ!

      5. ਯਿਸੂ ਉਸ ਕੋਲ ਆਈਆਂ ਭੀੜਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ, ਅਤੇ ਉਸ ਨੇ ਉਨ੍ਹਾਂ ਲਈ ਕੀ ਕੀਤਾ?

      5 ਹਜ਼ਾਰਾਂ ਲੋਕਾਂ ਦੀ ਇਸ ਭੀੜ ਨੂੰ ਦੇਖ ਕੇ ਯਿਸੂ ਦੇ ਦਿਲ ਉੱਤੇ ਬਹੁਤ ਹੀ ਗਹਿਰਾ ਅਸਰ ਪਿਆ। ਉਨ੍ਹਾਂ ਵਿੱਚੋਂ ਕੁਝ ਬੀਮਾਰ ਸਨ ਅਤੇ ਉਹ ਸਾਰੇ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ। (ਮੱਤੀ 14:14; ਮਰਕੁਸ 6:44) ਮਰਕੁਸ ਦੱਸਦਾ ਹੈ ਕਿ ਯਿਸੂ ਨੇ ਦਇਆ ਕਿਉਂ ਦਿਖਾਈ ਸੀ ਅਤੇ ਉਸ ਨੇ ਲੋਕਾਂ ਲਈ ਕੀ ਕੀਤਾ: ‘ਉਸ ਨੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗਾ।’ (ਮਰਕੁਸ 6:34) ਯਿਸੂ ਨੇ ਸਿਰਫ਼ ਇਕ ਵੱਡੀ ਭੀੜ ਹੀ ਨਹੀਂ ਦੇਖੀ ਸੀ। ਉਸ ਨੇ ਅਜਿਹੇ ਲੋਕ ਦੇਖੇ ਸਨ ਜਿਨ੍ਹਾਂ ਨੂੰ ਰੂਹਾਨੀ ਮਦਦ ਦੀ ਜ਼ਰੂਰਤ ਸੀ। ਉਹ ਬੇਚਾਰੀਆਂ ਭੇਡਾਂ ਵਰਗੇ ਸਨ ਜਿਨ੍ਹਾਂ ਦਾ ਕੋਈ ਅਯਾਲੀ ਨਹੀਂ ਸੀ ਜੋ ਉਨ੍ਹਾਂ ਨੂੰ ਹਰੇ ਘਾਹ ਵੱਲ ਲੈ ਜਾ ਸਕੇ ਜਾਂ ਉਨ੍ਹਾਂ ਦੀ ਰੱਖਿਆ ਕਰ ਸਕੇ। ਯਿਸੂ ਜਾਣਦਾ ਸੀ ਕਿ ਚੰਗੇ ਅਯਾਲੀ ਬਣਨ ਦੀ ਬਜਾਇ ਧਾਰਮਿਕ ਆਗੂ ਨਿਰਦਈ ਸਨ। ਉਹ ਆਮ ਲੋਕਾਂ ਨੂੰ ਨੀਚ ਸਮਝਦੇ ਸਨ ਅਤੇ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਸਨ। (ਹਿਜ਼ਕੀਏਲ 34:2-4; ਯੂਹੰਨਾ 7:47-49) ਪਰ ਯਿਸੂ ਉਨ੍ਹਾਂ ਲੋਕਾਂ ਲਈ ਭਲਾ ਹੀ ਭਲਾ ਕਰਨਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣਾ ਸ਼ੁਰੂ ਕੀਤਾ।

      6, 7. (ੳ) ਇੰਜੀਲਾਂ ਅਨੁਸਾਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਯਿਸੂ ਨੇ ਕਿਸ ਗੱਲ ਨੂੰ ਪਹਿਲਾਂ ਰੱਖਿਆ ਸੀ? (ਅ) ਯਿਸੂ ਨੇ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਿਉਂ ਕੀਤਾ ਸੀ?

      6 ਲੂਕਾ ਨੇ ਵੀ ਇਸ ਘਟਨਾ ਬਾਰੇ ਲਿਖਿਆ ਸੀ। ਉਹ ਇਕ ਡਾਕਟਰ ਸੀ ਅਤੇ ਦੂਸਰਿਆਂ ਦੀ ਸਿਹਤ ਵਿਚ ਬਹੁਤ ਦਿਲਚਸਪੀ ਰੱਖਦਾ ਸੀ। ਪਰ ਧਿਆਨ ਦਿਓ ਕਿ ਉਸ ਨੇ ਕਿਹੜੀ ਗੱਲ ਦਾ ਪਹਿਲਾਂ ਜ਼ਿਕਰ ਕੀਤਾ ਸੀ। “ਲੋਕ . . . [ਯਿਸੂ] ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ।” (ਲੂਕਾ 9:11, ਟੇਢੇ ਟਾਈਪ ਸਾਡੇ; ਕੁਲੁੱਸੀਆਂ 4:14) ਹਰੇਕ ਚਮਤਕਾਰ ਬਾਰੇ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਪਰ ਲੂਕਾ ਨੇ ਇਸ ਬਿਰਤਾਂਤ ਵਿਚ ਪਹਿਲਾਂ ਯਿਸੂ ਦੀ ਸਿੱਖਿਆ ਬਾਰੇ ਜ਼ਿਕਰ ਕੀਤਾ ਸੀ।

      7 ਅਸਲ ਵਿਚ ਅਸੀਂ ਇਹ ਮਰਕੁਸ 6:34 ਵਿਚ ਵੀ ਦੇਖ ਸਕਦੇ ਹਾਂ। ਇਹ ਆਇਤ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਯਿਸੂ ਨੇ ਖ਼ਾਸ ਕਰਕੇ ਲੋਕਾਂ ਉੱਤੇ ਤਰਸ ਕਿਸ ਤਰ੍ਹਾਂ ਖਾਧਾ ਸੀ। ਉਸ ਨੇ ਲੋਕਾਂ ਨੂੰ ਸਿਖਾ ਕੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕੀਤੀਆਂ ਸਨ। ਆਪਣੀ ਸੇਵਕਾਈ ਦੇ ਸ਼ੁਰੂ ਵਿਚ ਯਿਸੂ ਨੇ ਕਿਹਾ ਸੀ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਲੇਕਿਨ, ਸਾਡੇ ਲਈ ਇਹ ਸੋਚਣਾ ਬਹੁਤ ਹੀ ਗ਼ਲਤ ਹੋਵੇਗਾ ਕਿ ਯਿਸੂ ਨੇ ਖ਼ੁਸ਼ ਖ਼ਬਰੀ ਸਿਰਫ਼ ਇਕ ਫ਼ਰਜ਼ ਪੂਰਾ ਕਰਨ ਲਈ ਸੁਣਾਈ ਸੀ, ਜਿਵੇਂ ਕਿ ਇਹ ਉਸ ਦਾ ਰੋਜ਼ ਦਾ ਕੰਮ ਸੀ ਜੋ ਉਸ ਨੂੰ ਪੂਰਾ ਕਰਨਾ ਪੈਣਾ ਸੀ। ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਯਿਸੂ ਦਾ ਮੁੱਖ ਕਾਰਨ ਉਨ੍ਹਾਂ ਲਈ ਹਮਦਰਦੀ ਸੀ। ਯਿਸੂ ਲਈ ਸਭ ਤੋਂ ਭਲਾ ਕੰਮ ਇਹ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਬਾਰੇ ਸਿਖਾਵੇਂ ਤਾਂਕਿ ਉਹ ਇਸ ਸੱਚਾਈ ਨੂੰ ਸਵੀਕਾਰ ਕਰਨ, ਅਤੇ ਉਸ ਨਾਲ ਪਿਆਰ ਕਰਨ ਲੱਗ ਪੈਣ। ਉਸ ਨੇ ਬੀਮਾਰਾਂ, ਗ਼ਰੀਬਾਂ, ਭੁੱਖਿਆਂ ਅਤੇ ਭੂਤ ਸਵਾਰ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਇਹ ਸਭ ਤੋਂ ਮਹੱਤਵਪੂਰਣ ਸੱਚਾਈ ਹੈ ਕਿਉਂਕਿ ਪਰਮੇਸ਼ੁਰ ਦਾ ਰਾਜ ਹੀ ਯਹੋਵਾਹ ਦੀ ਸਰਬਸੱਤਾ ਨੂੰ ਸਹੀ ਸਾਬਤ ਕਰੇਗਾ ਅਤੇ ਮਨੁੱਖਜਾਤੀ ਲਈ ਹਮੇਸ਼ਾ ਵਾਸਤੇ ਬਰਕਤਾਂ ਲਿਆਵੇਗਾ।

      8. ਯਿਸੂ ਆਪਣੇ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?

      8 ਮੁੱਖ ਤੌਰ ਤੇ ਯਿਸੂ ਰਾਜ ਬਾਰੇ ਪ੍ਰਚਾਰ ਕਰਨ ਵਾਸਤੇ ਧਰਤੀ ਉੱਤੇ ਆਇਆ ਸੀ। ਆਪਣੀ ਸੇਵਕਾਈ ਦੇ ਅੰਤ ਦੇ ਨੇੜੇ ਯਿਸੂ ਨੇ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।” (ਯੂਹੰਨਾ 18:37) ਪਿਛਲਿਆਂ ਦੋ ਲੇਖਾਂ ਵਿਚ ਅਸੀਂ ਦੇਖਿਆ ਹੈ ਕਿ ਯਿਸੂ ਦੇ ਜਜ਼ਬਾਤ ਕੋਮਲ ਸਨ, ਉਹ ਪਰਵਾਹ ਕਰਦਾ ਸੀ, ਉਸ ਨਾਲ ਗੱਲ ਕਰਨੀ ਸੌਖੀ ਸੀ, ਉਹ ਲੋਕਾਂ ਦਾ ਖ਼ਿਆਲ ਰੱਖਦਾ ਸੀ, ਉਨ੍ਹਾਂ ਉੱਤੇ ਭਰੋਸਾ ਰੱਖਦਾ ਸੀ ਅਤੇ ਸਭ ਤੋਂ ਵੱਧ ਉਨ੍ਹਾਂ ਨਾਲ ਪਿਆਰ ਕਰਦਾ ਸੀ। ਜੇ ਅਸੀਂ ਸੱਚ-ਮੁੱਚ ਮਸੀਹ ਦੇ ਮਨ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੇ ਸੁਭਾਅ ਦੇ ਇਨ੍ਹਾਂ ਪਹਿਲੂਆਂ ਨੂੰ ਸਮਝਣਾ ਚਾਹੀਦਾ ਹੈ। ਮਸੀਹ ਵਰਗੇ ਬਣਨ ਲਈ ਸਾਨੂੰ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਵੀ ਉਸ ਵਾਂਗ ਉੱਚੇ ਦਰਜੇ ਤੇ ਰੱਖਣਾ ਚਾਹੀਦਾ ਹੈ।

      ਉਸ ਨੇ ਦੂਸਰਿਆਂ ਨੂੰ ਗਵਾਹੀ ਦੇਣ ਲਈ ਕਿਹਾ

      9. ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਕਿਨ੍ਹਾਂ ਨੇ ਪਹਿਲ ਦੇਣੀ ਸੀ?

      9 ਯਿਸੂ ਨੇ ਪ੍ਰੇਮ ਅਤੇ ਦਇਆ ਦੇ ਕਾਰਨ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਪਹਿਲ ਦਿੱਤੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ ਕਿ ਉਹ ਉਸ ਦਿਆਂ ਕੰਮਾਂ ਅਤੇ ਇਰਾਦਿਆਂ ਦੀ ਰੀਸ ਕਰਨ ਅਤੇ ਉਨ੍ਹਾਂ ਚੀਜ਼ਾਂ ਨੂੰ ਪਹਿਲ ਦੇਣ ਜਿਨ੍ਹਾਂ ਨੂੰ ਉਹ ਦਿੰਦਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਆਪਣੇ 12 ਰਸੂਲਾਂ ਨੂੰ ਚੁਣਿਆ ਸੀ ਤਾਂ ਉਨ੍ਹਾਂ ਨੇ ਕੀ ਕਰਨਾ ਸੀ? ਮਰਕੁਸ 3:14, 15 ਸਾਨੂੰ ਦੱਸਦਾ ਹੈ: “ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪਰਚਾਰ ਕਰਨ। ਨਾਲੇ ਭੂਤਾਂ ਦੇ ਕੱਢਣ ਦਾ ਇਖ਼ਤਿਆਰ ਰੱਖਣ।” (ਟੇਢੇ ਟਾਈਪ ਸਾਡੇ) ਕੀ ਤੁਸੀਂ ਦੇਖਦੇ ਹੋ ਕਿ ਰਸੂਲਾਂ ਨੂੰ ਕਿਸ ਚੀਜ਼ ਨੂੰ ਪਹਿਲ ਦੇਣੀ ਸੀ?

      10, 11. (ੳ) ਰਸੂਲਾਂ ਨੂੰ ਭੇਜਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਕੀ ਕਰਨ ਲਈ ਕਿਹਾ ਸੀ? (ਅ) ਰਸੂਲਾਂ ਨੂੰ ਭੇਜਣ ਦਾ ਮੁੱਖ ਕਾਰਨ ਕੀ ਸੀ?

      10 ਸਮਾਂ ਆਉਣ ਤੇ ਯਿਸੂ ਨੇ ਇਨ੍ਹਾਂ ਬਾਰਾਂ ਨੂੰ ਦੂਸਰਿਆਂ ਨੂੰ ਚੰਗਾ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ। (ਮੱਤੀ 10:1; ਲੂਕਾ 9:1) ਉਸ ਨੇ ਉਨ੍ਹਾਂ ਨੂੰ “ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਲੱਭਣ ਲਈ ਭੇਜਿਆ। ਉਨ੍ਹਾਂ ਨੇ ਕੀ ਕਰਨਾ ਸੀ? ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ “ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ। ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ।” (ਮੱਤੀ 10:5-8; ਲੂਕਾ 9:2) ਤਾਂ ਚੇਲਿਆਂ ਨੇ ਕੀ ਕੀਤਾ ਸੀ? “ਤਾਂ ਓਹ ਬਾਹਰ ਜਾਕੇ [1] ਪਰਚਾਰ ਕਰਨ ਲੱਗੇ ਕਿ ਲੋਕ ਤੋਬਾ ਕਰਨ। ਅਰ [2] ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰਿਆਂ ਰੋਗੀਆਂ ਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।”—ਮਰਕੁਸ 6:12, 13.

      11 ਸਿਖਲਾਈ ਦੇ ਕੰਮ ਦਾ ਜ਼ਿਕਰ ਹਰ ਵਾਰ ਪਹਿਲਾਂ ਨਹੀਂ ਕੀਤਾ ਜਾਂਦਾ। ਤਾਂ ਫਿਰ ਕੀ ਉੱਪਰ ਦਿੱਤੀ ਗਈ ਆਇਤ ਵਿਚ ਪ੍ਰਚਾਰ ਕਰਨ ਨੂੰ ਪਹਿਲਾਂ ਰੱਖਣਾ ਅਤੇ ਬਾਕੀ ਦੇ ਕੰਮ ਨੂੰ ਦੂਜੇ ਦਰਜੇ ਤੇ ਰੱਖਣਾ ਗ਼ਲਤ ਹੈ? (ਲੂਕਾ 10:1-8) ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੋਕਾਂ ਨੂੰ ਚੰਗੇ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਸਿਖਲਾਈ ਦੇਣ ਦਾ ਜ਼ਿਕਰ ਕਈ ਵਾਰ ਕੀਤਾ ਜਾਂਦਾ ਹੈ। ਇਸ ਮਾਮਲੇ ਦੀ ਪੂਰੀ ਗੱਲਬਾਤ ਵੱਲ ਧਿਆਨ ਦਿਓ। ਬਾਰਾਂ ਰਸੂਲਾਂ ਨੂੰ ਭੇਜਣ ਤੋਂ ਪਹਿਲਾਂ ਯਿਸੂ ਨੇ ਭੀੜ ਦੀ ਹਾਲਤ ਉੱਤੇ ਤਰਸ ਖਾਧਾ। ਅਸੀਂ ਪੜ੍ਹਦੇ ਹਾਂ: “ਯਿਸੂ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ। ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ। ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”—ਮੱਤੀ 9:35-38.

      12. ਯਿਸੂ ਅਤੇ ਉਸ ਦਿਆਂ ਰਸੂਲਾਂ ਦੇ ਚਮਤਕਾਰੀ ਕੰਮਾਂ ਨੇ ਹੋਰ ਕਿਹੜਾ ਮਕਸਦ ਪੂਰਾ ਕੀਤਾ ਸੀ?

      12 ਯਿਸੂ ਨਾਲ ਰਹਿ ਕੇ ਰਸੂਲ ਮਸੀਹ ਦੇ ਮਨ ਨੂੰ ਕੁਝ ਹੱਦ ਤਕ ਜਾਣ ਸਕਦੇ ਸਨ। ਉਹ ਇਹਸਾਸ ਕਰ ਸਕਦੇ ਸਨ ਕਿ ਲੋਕਾਂ ਨਾਲ ਸੱਚੀ ਹਮਦਰਦੀ ਕਰਨ ਵਿਚ ਰਾਜ ਬਾਰੇ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ ਸ਼ਾਮਲ ਸੀ। ਇਹ ਉਨ੍ਹਾਂ ਦੇ ਚੰਗੇ ਕੰਮਾਂ ਦਾ ਮੁੱਖ ਪਹਿਲੂ ਹੋਣਾ ਚਾਹੀਦਾ ਸੀ। ਲੇਕਿਨ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ, ਕੁਝ ਲੋਕ ਸਿਰਫ਼ ਚੰਗੇ ਕੀਤੇ ਜਾਣ ਅਤੇ ਰੋਟੀ ਖਾਣ ਲਈ ਹੀ ਆਉਂਦੇ ਸਨ। (ਮੱਤੀ 4:24, 25; 8:16; 9:32, 33; 14:35, 36; ਯੂਹੰਨਾ 6:26) ਪਰ ਜਦੋਂ ਰਸੂਲਾਂ ਨੇ ਬੀਮਾਰਾਂ ਨੂੰ ਚੰਗਾ ਕੀਤਾ ਅਤੇ ਹੋਰ ਚੰਗੇ ਕੰਮ ਕੀਤੇ, ਉਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਸਿਰਫ਼ ਮਦਦ ਹੀ ਨਹੀਂ ਦਿੱਤੀ ਪਰ ਇਸ ਤੋਂ ਵੀ ਵੱਧ ਕੀਤਾ। ਉਨ੍ਹਾਂ ਦੇ ਚਮਤਕਾਰੀ ਕੰਮ ਦੇਖ ਕੇ ਲੋਕ ਪਛਾਣ ਸਕੇ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਅਤੇ ਉਹ “ਨਬੀ” ਸੀ ਜਿਸ ਬਾਰੇ ਮੂਸਾ ਨੇ ਦੱਸਿਆ ਸੀ।—ਯੂਹੰਨਾ 6:14; ਬਿਵਸਥਾ ਸਾਰ 18:15.

      13. ਬਿਵਸਥਾ ਸਾਰ 18:18 ਤੇ ਦਰਜ ਭਵਿੱਖਬਾਣੀ ਨੇ ਆਉਣ ਵਾਲੇ “ਨਬੀ” ਬਾਰੇ ਕੀ ਦੱਸਿਆ ਸੀ?

      13 ਯਿਸੂ ਦੇ “ਨਬੀ” ਹੋਣ ਦੀ ਗੱਲ ਕਿਉਂ ਮਹੱਤਵਪੂਰਣ ਸੀ? ਉਸ ਦੀ ਮੁੱਖ ਭੂਮਿਕਾ ਬਾਰੇ ਕੀ ਦੱਸਿਆ ਗਿਆ ਸੀ? ਕੀ ਇਸ “ਨਬੀ” ਨੇ ਲੋਕਾਂ ਨੂੰ ਚੰਗਾ ਕਰਨ ਲਈ ਜਾਂ ਤਰਸ ਕਾਰਨ ਭੁੱਖਿਆਂ ਨੂੰ ਰੋਟੀ ਦੇਣ ਲਈ ਮਸ਼ਹੂਰ ਹੋਣਾ ਸੀ? ਬਿਵਸਥਾ ਸਾਰ 18:18 ਤੇ ਦਰਜ ਭਵਿੱਖਬਾਣੀ ਕਹਿੰਦੀ ਹੈ: “ਮੈਂ ਉਨ੍ਹਾਂ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ [ਮੂਸਾ] ਵਰਗਾ ਇੱਕ ਨਬੀ ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਏਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ ਉਨ੍ਹਾਂ ਨੂੰ ਦੱਸੇਗਾ।” ਇਸ ਲਈ ਭਾਵੇਂ ਰਸੂਲਾਂ ਨੇ ਕੋਮਲ ਜਜ਼ਬਾਤ ਪ੍ਰਗਟ ਕਰਨੇ ਸਿੱਖ ਲਏ ਸਨ, ਉਨ੍ਹਾਂ ਨੂੰ ਪਤਾ ਸੀ ਕਿ ਮਸੀਹ ਵਰਗੇ ਬਣਨ ਲਈ ਉਨ੍ਹਾਂ ਨੂੰ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਰਨਾ ਚਾਹੀਦਾ ਹੈ। ਲੋਕਾਂ ਦੀ ਮਦਦ ਕਰਨ ਲਈ ਇਹ ਸਭ ਤੋਂ ਚੰਗਾ ਕੰਮ ਸੀ। ਸੱਚਾਈ ਸਿੱਖ ਕੇ ਬੀਮਾਰ ਅਤੇ ਗ਼ਰੀਬ ਸਿਰਫ਼ ਹੁਣ ਦੀ ਛੋਟੀ ਜਿਹੀ ਜ਼ਿੰਦਗੀ ਲਈ ਹੀ ਨਹੀਂ ਲਾਭ ਪ੍ਰਾਪਤ ਕਰ ਸਕਦੇ ਸਨ ਜਾਂ ਉਨ੍ਹਾਂ ਨੂੰ ਸਿਰਫ਼ ਦੋ ਵਕਤ ਦੀ ਰੋਟੀ ਹੀ ਨਹੀਂ ਮਿਲਣੀ ਸੀ ਪਰ ਉਹ ਹਮੇਸ਼ਾ-ਹਮੇਸ਼ਾ ਲਈ ਲਾਭ ਹਾਸਲ ਕਰ ਸਕਦੇ ਸਨ।—ਯੂਹੰਨਾ 6:26-30.

      ਅੱਜ ਮਸੀਹ ਵਰਗੇ ਬਣਨ ਦੀ ਕੋਸ਼ਿਸ਼ ਕਰੋ

      14. ਮਸੀਹ ਦਾ ਮਨ ਹਾਸਲ ਕਰਨਾ ਸਾਡੇ ਪ੍ਰਚਾਰ ਦੇ ਕੰਮ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ?

      14 ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਸੋਚੇਗਾ ਕਿ ਮਸੀਹ ਦਾ ਮਨ ਹਾਸਲ ਕਰਨਾ ਸਿਰਫ਼ ਪਹਿਲੀ ਸਦੀ ਦਿਆਂ ਲੋਕਾਂ ਉੱਤੇ, ਯਾਨੀ ਕਿ ਯਿਸੂ ਅਤੇ ਉਸ ਦੇ ਮੁਢਲੇ ਚੇਲਿਆਂ ਉੱਤੇ ਹੀ ਲਾਗੂ ਹੁੰਦਾ ਸੀ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਸਾਨੂੰ ਮਸੀਹ ਵਾਲਾ ਮਨ ਮਿਲਿਆ ਹੈ।” (1 ਕੁਰਿੰਥੀਆਂ 2:16, ਨਵਾਂ ਅਨੁਵਾਦ) ਅਤੇ ਅਸੀਂ ਰਜ਼ਾਮੰਦੀ ਨਾਲ ਸਵੀਕਾਰ ਕਰਾਂਗੇ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣੇ ਸਾਡਾ ਫ਼ਰਜ਼ ਹੈ। (ਮੱਤੀ 24:14; 28:19, 20) ਲੇਕਿਨ, ਇਸ ਗੱਲ ਬਾਰੇ ਵੀ ਸੋਚਣਾ ਲਾਭਦਾਇਕ ਹੈ ਕਿ ਅਸੀਂ ਇਹ ਕੰਮ ਕਿਉਂ ਕਰ ਰਹੇ ਹਾਂ। ਸਾਨੂੰ ਇਸ ਨੂੰ ਸਿਰਫ਼ ਇਕ ਫ਼ਰਜ਼ ਹੀ ਨਹੀਂ ਸਮਝਣਾ ਚਾਹੀਦਾ। ਪ੍ਰਚਾਰ ਸੇਵਾ ਵਿਚ ਹਿੱਸਾ ਲੈਣ ਦਾ ਮੁੱਖ ਕਾਰਨ ਪਰਮੇਸ਼ੁਰ ਲਈ ਪ੍ਰੇਮ ਹੈ ਅਤੇ ਯਿਸੂ ਵਰਗੇ ਬਣਨ ਲਈ ਸਾਨੂੰ ਲੋਕਾਂ ਲਈ ਹਮਦਰਦੀ ਦੇ ਕਾਰਨ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਰਨਾ ਚਾਹੀਦਾ ਹੈ।—ਮੱਤੀ 22:37-39.

      15. ਦਇਆ ਸਾਡੀ ਸੇਵਕਾਈ ਦਾ ਇਕ ਜ਼ਰੂਰੀ ਹਿੱਸਾ ਕਿਉਂ ਹੈ?

      15 ਇਹ ਗੱਲ ਸੱਚ ਹੈ ਕਿ ਉਨ੍ਹਾਂ ਲੋਕਾਂ ਉੱਤੇ ਤਰਸ ਖਾਣਾ ਹਮੇਸ਼ਾ ਸੌਖਾ ਨਹੀਂ ਹੁੰਦਾ ਜੋ ਸੱਚਾਈ ਵਿਚ ਨਹੀਂ ਹਨ, ਖ਼ਾਸ ਕਰਕੇ ਜਦੋਂ ਉਹ ਬੇਪਰਵਾਹੀ ਅਤੇ ਵਿਰੋਧਤਾ ਦਿਖਾਉਂਦੇ ਹਨ ਜਾਂ ਸੱਚਾਈ ਨੂੰ ਠੁਕਰਾਉਂਦੇ ਹਨ। ਲੇਕਿਨ ਜੇ ਅਸੀਂ ਲੋਕਾਂ ਨੂੰ ਹਮਦਰਦੀ ਦਿਖਾਉਣੀ ਛੱਡ ਦੇਈਏ ਤਾਂ ਅਸੀਂ ਮਸੀਹੀ ਸੇਵਕਾਈ ਦੇ ਸਭ ਤੋਂ ਮਹੱਤਵਪੂਰਣ ਕਾਰਨ ਨੂੰ ਭੁੱਲ ਸਕਦੇ ਹਾਂ। ਤਾਂ ਫਿਰ, ਅਸੀਂ ਆਪਣੇ ਦਿਲ ਵਿਚ ਦੂਸਰਿਆਂ ਲਈ ਦਇਆ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ? ਅਸੀਂ ਲੋਕਾਂ ਨੂੰ ਯਿਸੂ ਵਾਂਗ ਵਿਚਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਸ ਨੇ ਲੋਕਾਂ ਨੂੰ “ਭੇਡਾਂ ਵਾਂਙੁ” ਵਿਚਾਰਿਆ “ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਕੀ ਅੱਜ ਵੀ ਕਈਆਂ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੈ? ਝੂਠੇ ਧਾਰਮਿਕ ਅਯਾਲੀਆਂ ਨੇ ਉਨ੍ਹਾਂ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਅੰਨ੍ਹਾ ਕੀਤਾ ਹੈ। ਨਤੀਜੇ ਵਜੋਂ, ਨਾ ਹੀ ਉਨ੍ਹਾਂ ਨੂੰ ਬਾਈਬਲ ਵਿਚ ਪਾਈ ਜਾਂਦੀ ਚੰਗੀ ਅਗਵਾਈ ਬਾਰੇ ਪਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਫਿਰਦੌਸ ਵਰਗੀਆਂ ਹਾਲਤਾਂ ਬਾਰੇ ਪਤਾ ਹੈ ਜੋ ਪਰਮੇਸ਼ੁਰ ਦਾ ਰਾਜ ਜਲਦੀ ਸਾਡੀ ਧਰਤੀ ਤੇ ਲਿਆਵੇਗਾ। ਰਾਜ ਦੀ ਆਸ ਤੋਂ ਬਗੈਰ ਉਹ ਰੋਜ਼ ਗ਼ਰੀਬੀ, ਪਰਿਵਾਰਾਂ ਵਿਚ ਝਗੜੇ, ਬੀਮਾਰੀਆਂ ਅਤੇ ਮੌਤ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ। ਸਾਡੇ ਕੋਲ ਉਹ ਚੀਜ਼ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ: ਸਵਰਗ ਵਿਚ ਸਥਾਪਿਤ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ, ਜਿਸ ਰਾਹੀਂ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ!

      16. ਸਾਨੂੰ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਦੀ ਇੱਛਾ ਕਿਉਂ ਰੱਖਣੀ ਚਾਹੀਦੀ ਹੈ?

      16 ਜਦੋਂ ਤੁਸੀਂ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਬਾਰੇ ਸੋਚਦੇ ਹੋ ਤਾਂ ਕੀ ਉਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰੇਮਪੂਰਣ ਮਕਸਦ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਦਾ ਤੁਹਾਡਾ ਦਿਲ ਨਹੀਂ ਕਰਦਾ? ਜੀ ਹਾਂ, ਸਾਡਾ ਕੰਮ ਹਮਦਰਦੀ ਦਿਖਾਉਣ ਵਾਲਾ ਹੈ। ਜਦੋਂ ਅਸੀਂ ਯਿਸੂ ਵਾਂਗ ਲੋਕਾਂ ਦਿਆਂ ਜਜ਼ਬਾਤਾਂ ਨੂੰ ਸਮਝਾਂਗੇ ਤਾਂ ਇਹ ਸਾਡੀ ਆਵਾਜ਼ ਵਿਚ, ਸਾਡੇ ਚਿਹਰੇ ਤੋਂ, ਅਤੇ ਸਿਖਾਉਣ ਦੇ ਸਾਡੇ ਅੰਦਾਜ਼ ਤੋਂ ਜ਼ਾਹਰ ਹੋਵੇਗਾ। ਇਹ ਸਭ ਕੁਝ, “ਸਦੀਪਕ ਜੀਉਣ ਲਈ ਠਹਿਰਾਏ ਗਏ” ਲੋਕਾਂ ਲਈ ਸਾਡੇ ਸੰਦੇਸ਼ ਨੂੰ ਕਬੂਲ ਕਰਨਾ ਸੌਖਾ ਬਣਾਵੇਗਾ।—ਰਸੂਲਾਂ ਦੇ ਕਰਤੱਬ 13:48.

      17. (ੳ) ਅਸੀਂ ਦੂਸਰਿਆਂ ਨੂੰ ਪਿਆਰ ਅਤੇ ਦਇਆ ਕਿਸ ਤਰ੍ਹਾਂ ਦਿਖਾ ਸਕਦੇ ਹਾਂ? (ਅ) ਚੰਗੇ ਕੰਮ ਕਰਨ ਦੇ ਨਾਲ-ਨਾਲ ਸਾਨੂੰ ਸੇਵਕਾਈ ਵਿਚ ਵੀ ਕਿਉਂ ਹਿੱਸਾ ਲੈਣਾ ਚਾਹੀਦਾ ਹੈ?

      17 ਸਾਨੂੰ ਆਪਣੀ ਜ਼ਿੰਦਗੀ ਦੇ ਹਰੇਕ ਪਹਿਲੂ ਵਿਚ ਪ੍ਰੇਮ ਅਤੇ ਦਇਆ ਦਿਖਾਉਣੀ ਚਾਹੀਦੀ ਹੈ। ਸਾਨੂੰ ਦੁਖੀ ਲੋਕਾਂ ਦੀ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਹੈ, ਜਿਵੇਂ ਕਿ ਉਨ੍ਹਾਂ ਦੀ ਜਿਨ੍ਹਾਂ ਦੇ ਹਾਲਾਤ ਔਖੇ ਹੋਣ ਜਾਂ ਜੋ ਬੀਮਾਰ ਜਾਂ ਗ਼ਰੀਬ ਹੋਣ। ਸਾਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਉਨ੍ਹਾਂ ਦਾ ਦੁੱਖ ਦੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਕੋਈ ਸਾਕ-ਮਿੱਤਰ ਮਰ ਗਿਆ ਹੋਵੇ। (ਲੂਕਾ 7:11-15; ਯੂਹੰਨਾ 11:33-35) ਲੇਕਿਨ, ਕੁਝ ਦਇਆਵਾਨ ਇਨਸਾਨਾਂ ਵਾਂਗ ਸਾਨੂੰ ਆਪਣਾ ਪਿਆਰ, ਆਪਣੀ ਦਿਆਲਤਾ, ਅਤੇ ਦਇਆ ਸਿਰਫ਼ ਇਨ੍ਹਾਂ ਚੰਗਿਆਂ ਕੰਮਾਂ ਦੁਆਰਾ ਹੀ ਨਹੀਂ ਦਿਖਾਉਣੀ ਚਾਹੀਦੀ। ਇਨ੍ਹਾਂ ਨਾਲੋਂ ਉਹ ਜਤਨ ਕਿਤੇ ਮਹੱਤਵਪੂਰਣ ਹਨ ਜੋ ਈਸ਼ਵਰੀ ਗੁਣਾਂ ਦੁਆਰਾ ਮਸੀਹੀ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਰਾਹੀਂ ਪ੍ਰਗਟ ਕੀਤੇ ਜਾਂਦੇ ਹਨ। ਯਾਦ ਕਰੋ ਕਿ ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਬਾਰੇ ਕੀ ਕਿਹਾ ਸੀ: “ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।” (ਮੱਤੀ 23:23) ਯਿਸੂ ਨੇ ਇਨ੍ਹਾਂ ਦੋਹਾਂ ਕੰਮਾਂ ਵਿੱਚੋਂ ਇਕ ਨਹੀਂ ਸੀ ਚੁਣਿਆ। ਉਸ ਨੇ ਲੋਕਾਂ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇਣ ਵਾਲੀ ਸੱਚਾਈ ਵੀ ਸਿਖਾਈ ਸੀ। ਲੇਕਿਨ, ਇਹ ਸਪੱਸ਼ਟ ਹੈ ਕਿ ਉਸ ਦਾ ਸਿਖਲਾਈ ਦਾ ਕੰਮ ਸਭ ਤੋਂ ਜ਼ਰੂਰੀ ਸੀ ਕਿਉਂਕਿ ਇਸ ਦੇ ਚੰਗੇ ਅਸਰ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਮਦਦ ਦੇ ਸਕਦੇ ਸਨ।—ਯੂਹੰਨਾ 20:16.

      18. ਮਸੀਹ ਉੱਤੇ ਵਿਚਾਰ ਕਰਨ ਤੋਂ ਬਾਅਦ ਸਾਡੀ ਕੀ ਇੱਛਾ ਹੋਣੀ ਚਾਹੀਦੀ ਹੈ?

      18 ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਸੀਹ ਬਾਰੇ ਦੱਸਿਆ ਹੈ! ਇੰਜੀਲਾਂ ਦੇ ਰਾਹੀਂ ਅਸੀਂ ਸਭ ਤੋਂ ਮਹਾਨ ਮਨੁੱਖ ਦਿਆਂ ਖ਼ਿਆਲਾਂ, ਭਾਵਨਾਵਾਂ, ਗੁਣਾਂ, ਕੰਮਾਂ, ਅਤੇ ਉਨ੍ਹਾਂ ਗੱਲਾਂ ਬਾਰੇ ਹੋਰ ਬਿਹਤਰ ਜਾਣ ਸਕਦੇ ਹਾਂ ਜਿਨ੍ਹਾਂ ਨੂੰ ਉਹ ਪਹਿਲ ਦਿੰਦਾ ਸੀ। ਬਾਈਬਲ ਯਿਸੂ ਬਾਰੇ ਜੋ ਕੁਝ ਦੱਸਦੀ ਹੈ ਉਸ ਨੂੰ ਪੜ੍ਹਨਾ, ਉਸ ਉੱਤੇ ਮਨਨ ਕਰਨਾ ਅਤੇ ਉਸ ਨੂੰ ਲਾਗੂ ਕਰਨਾ ਸਾਡੀ ਆਪਣੀ ਜ਼ਿੰਮੇਵਾਰੀ ਹੈ। ਯਾਦ ਰੱਖੋ ਕਿ ਜੇ ਅਸੀਂ ਸੱਚ-ਮੁੱਚ ਯਿਸੂ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਅਪੂਰਣ ਹੁੰਦੇ ਹੋਏ ਸਾਨੂੰ ਜਿਸ ਹੱਦ ਤਕ ਸੰਭਵ ਹੋਵੇ, ਪਹਿਲਾਂ ਉਸ ਵਾਂਗ ਸੋਚਣਾ, ਮਹਿਸੂਸ ਕਰਨਾ ਅਤੇ ਮਾਮਲਿਆਂ ਉੱਤੇ ਤਰਕ ਕਰਨਾ ਸਿੱਖਣਾ ਚਾਹੀਦਾ ਹੈ। ਤਾਂ ਫਿਰ ਆਓ ਆਪਾਂ ਮਸੀਹ ਵਰਗੇ ਬਣਨ ਦਾ ਪੱਕਾ ਇਰਾਦਾ ਬਣਾਈਏ, ਕਿਉਂਕਿ ਉਸ ਨੇ ਸੰਪੂਰਣ ਤਰੀਕੇ ਵਿਚ ਯਹੋਵਾਹ ਦੀ ਰੀਸ ਕੀਤੀ ਸੀ। ਜੀਉਣ ਦਾ, ਲੋਕਾਂ ਨਾਲ ਸਲੂਕ ਕਰਨ ਦਾ, ਅਤੇ ਸਾਡੇ ਸਾਰਿਆਂ ਲਈ ਆਪਣੇ ਕੋਮਲ ਪਰਮੇਸ਼ੁਰ, ਯਹੋਵਾਹ, ਦੇ ਨਾਲ ਰਿਸ਼ਤਾ ਕਾਇਮ ਕਰਨ ਦਾ ਇਸ ਨਾਲੋਂ ਕੋਈ ਬਿਹਤਰ ਤਰੀਕਾ ਨਹੀਂ ਹੈ।

  • ਕੀ ਤੁਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹੋ?
    ਪਹਿਰਾਬੁਰਜ—2000 | ਫਰਵਰੀ 15
    • [ਪੂਰੇ ਸਫ਼ੇ 23 ਉੱਤੇ ਤਸਵੀਰ]

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ