ਨੌਜਵਾਨੋ—ਜਗਤ ਦੀ ਆਤਮਾ ਦਾ ਵਿਰੋਧ ਕਰੋ
“ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ।”—1 ਕੁਰਿੰਥੀਆਂ 2:12.
1, 2. (ੳ) ਇਸ ਸੰਸਾਰ ਦੇ ਨੌਜਵਾਨਾਂ ਵਿਚ ਤੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਨੌਜਵਾਨਾਂ ਵਿਚ ਕਿਹੜਾ ਫ਼ਰਕ ਦੇਖਿਆ ਜਾ ਸਕਦਾ ਹੈ? (ਅ) ਜ਼ਿਆਦਾਤਰ ਨੌਜਵਾਨ ਗਵਾਹਾਂ ਦੀ ਕਿਹੜੀ ਗੱਲ ਕਰਕੇ ਦਿਲੀ ਸ਼ਲਾਘਾ ਕੀਤੀ ਜਾ ਸਕਦੀ ਹੈ?
“ਸਾਡੀ ਨੌਜਵਾਨ ਪੀੜ੍ਹੀ ਨਿਰਾਸ਼, ਤਿਆਗੀ ਹੋਈ ਅਤੇ ਬਾਗ਼ੀ ਹੋ ਗਈ ਹੈ।” ਆਸਟ੍ਰੇਲੀਆ ਦੇ ਅਖ਼ਬਾਰ ਦ ਸਨ-ਹੈਰਲਡ ਨੇ ਇਸ ਤਰ੍ਹਾਂ ਕਿਹਾ। ਇਸ ਨੇ ਅੱਗੇ ਕਿਹਾ: “ਅਦਾਲਤੀ ਰਿਕਾਰਡ ਦਿਖਾਉਂਦੇ ਹਨ ਕਿ ਹਿੰਸਕ ਹਮਲੇ ਕਰਨ ਦੇ ਦੋਸ਼ ਵਿਚ ਅਦਾਲਤ ਵਿਚ ਪੇਸ਼ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ [ਪਿਛਲੇ ਸਾਲ ਨਾਲੋਂ] 22 ਪ੍ਰਤਿਸ਼ਤ ਵੱਧ ਗਈ ਹੈ . . . ਆਤਮ-ਹੱਤਿਆ ਕਰਨ ਵਾਲੇ ਬੱਚਿਆਂ ਦੀ ਗਿਣਤੀ 1965 ਤੋਂ ਲੈ ਕੇ ਹੁਣ ਤਕ ਤਿੰਨ ਗੁਣਾ ਹੋ ਗਈ ਹੈ . . . ਪੀੜ੍ਹੀ-ਅੰਤਰ ਵੱਧ ਕੇ ਇਕ ਖਾਈ ਬਣ ਗਿਆ ਹੈ ਅਤੇ ਵਧਦੀ ਗਿਣਤੀ ਵਿਚ ਨੌਜਵਾਨ ਨਸ਼ੀਲੀਆਂ ਦਵਾਈਆਂ ਤੇ ਸ਼ਰਾਬ ਦੀ ਵਰਤੋਂ ਕਰ ਕੇ ਅਤੇ ਆਤਮ-ਹੱਤਿਆ ਰਾਹੀਂ ਇਸ ਖਾਈ ਵਿਚ ਡਿੱਗ ਕੇ ਗੁਮਨਾਮ ਹੋ ਰਹੇ ਹਨ।” ਪਰ ਅਜਿਹੇ ਹਾਲਾਤ ਸਿਰਫ਼ ਇਕ ਦੇਸ਼ ਵਿਚ ਹੀ ਨਹੀਂ ਪਾਏ ਜਾਂਦੇ ਹਨ। ਪੂਰੀ ਦੁਨੀਆਂ ਵਿਚ ਮਾਪੇ, ਅਧਿਆਪਕ ਅਤੇ ਮਾਨਸਿਕ-ਸਿਹਤ ਮਾਹਰ ਨੌਜਵਾਨਾਂ ਦੀ ਇਸ ਹਾਲਤ ਤੇ ਦੁਖੀ ਹਨ।
2 ਅੱਜ ਦੇ ਬਹੁਤ ਸਾਰੇ ਨੌਜਵਾਨਾਂ ਵਿਚ ਤੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਮਿਸਾਲੀ ਨੌਜਵਾਨਾਂ ਵਿਚ ਕਿੰਨਾ ਵੱਡਾ ਫ਼ਰਕ ਹੈ! ਉਹ ਸੰਪੂਰਣ ਤਾਂ ਨਹੀਂ ਹਨ। ਉਨ੍ਹਾਂ ਨੂੰ ਵੀ ਆਪਣੀ “ਜੁਆਨੀ ਦੀਆਂ ਕਾਮਨਾਂ” ਨਾਲ ਲੜਨਾ ਪੈਂਦਾ ਹੈ। (2 ਤਿਮੋਥਿਉਸ 2:22) ਪਰ ਇਕ ਸਮੂਹ ਵਜੋਂ, ਇਨ੍ਹਾਂ ਨੌਜਵਾਨਾਂ ਨੇ ਦਲੇਰੀ ਨਾਲ ਸਹੀ ਕੰਮ ਕਰਨਾ ਚੁਣਿਆ ਹੈ ਅਤੇ ਇਸ ਸੰਸਾਰ ਦੇ ਦਬਾਵਾਂ ਅੱਗੇ ਹਾਰ ਮੰਨਣ ਤੋਂ ਇਨਕਾਰ ਕੀਤਾ ਹੈ। ਨੌਜਵਾਨੋ, ਅਸੀਂ ਤੁਹਾਡੀ ਸਾਰਿਆਂ ਦੀ ਦਿਲੀ ਸ਼ਲਾਘਾ ਕਰਦੇ ਹਾਂ ਜਿਹੜੇ ਸ਼ਤਾਨ ਦੇ “ਛਲ ਛਿੱਦ੍ਰਾਂ” ਵਿਰੁੱਧ ਲੜਾਈ ਜਿੱਤ ਰਹੇ ਹਨ! (ਅਫ਼ਸੀਆਂ 6:11) ਯੂਹੰਨਾ ਰਸੂਲ ਵਾਂਗ ਅਸੀਂ ਇਹ ਕਹਿਣ ਲਈ ਪ੍ਰੇਰਿਤ ਹੁੰਦੇ ਹਾਂ: “ਹੇ ਜੁਆਨੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਓਸ ਦੁਸ਼ਟ ਨੂੰ ਜਿੱਤ ਲਿਆ ਹੈ।”—1 ਯੂਹੰਨਾ 2:14.
3. ਸ਼ਬਦ “ਆਤਮਾ” ਦਾ ਕੀ ਅਰਥ ਹੋ ਸਕਦਾ ਹੈ?
3 ਫਿਰ ਵੀ ਉਸ ਦੁਸ਼ਟ ਦੇ ਵਿਰੁੱਧ ਲੜਾਈ ਨੂੰ ਜਿੱਤਦੇ ਰਹਿਣ ਲਈ ਤੁਹਾਨੂੰ ਜਾਨ ਮਾਰ ਕੇ ਉਸ ਚੀਜ਼ ਦਾ ਵਿਰੋਧ ਕਰਨਾ ਪੈਣਾ ਹੈ ਜਿਸ ਨੂੰ ਬਾਈਬਲ “ਜਗਤ ਦਾ ਆਤਮਾ” ਕਹਿੰਦੀ ਹੈ। (1 ਕੁਰਿੰਥੀਆਂ 2:12) ਇਕ ਯੂਨਾਨੀ-ਅੰਗ੍ਰੇਜ਼ੀ ਸ਼ਬਦਕੋਸ਼ ਦੇ ਅਨੁਸਾਰ, “ਆਤਮਾ” ਦਾ ਅਰਥ “ਉਹ ਪ੍ਰਭਾਵ ਜਾਂ ਸੁਭਾਅ” ਹੋ ਸਕਦਾ ਹੈ “ਜੋ ਕਿਸੇ ਵੀ ਵਿਅਕਤੀ ਦੀ ਰਗ-ਰਗ ਵਿਚ ਸਮਾ ਕੇ ਉਸ ਨੂੰ ਪੂਰੀ ਤਰ੍ਹਾਂ ਆਪਣੇ ਵੱਸ ਵਿਚ ਕਰ ਲੈਂਦਾ ਹੈ।” ਉਦਾਹਰਣ ਲਈ, ਜੇ ਤੁਸੀਂ ਦੇਖਦੇ ਹੋ ਕਿ ਕੋਈ ਵਿਅਕਤੀ ਗੁੱਸੇਖ਼ੋਰ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਉਸ ਵਿਚ ਬੁਰੀ “ਆਤਮਾ” ਹੈ। ਤੁਹਾਡੀ “ਆਤਮਾ,” ਸੁਭਾਅ ਜਾਂ ਮਨੋਬਿਰਤੀ ਤੁਹਾਡੇ ਫ਼ੈਸਲਿਆਂ ਤੇ ਅਸਰ ਪਾਉਂਦੀ ਹੈ; ਇਹ ਤੁਹਾਡੇ ਕੰਮਾਂ ਅਤੇ ਬੋਲੀ ਨੂੰ ਪ੍ਰਭਾਵਿਤ ਕਰਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਇਨਸਾਨ ਨਿੱਜੀ ਤੌਰ ਤੇ ਅਤੇ ਇਕ ਸਮੂਹ ਦੇ ਤੌਰ ਤੇ ਵੀ ਇਹ “ਆਤਮਾ” ਦਿਖਾ ਸਕਦੇ ਹਨ। ਪੌਲੁਸ ਰਸੂਲ ਨੇ ਮਸੀਹੀਆਂ ਦੇ ਇਕ ਸਮੂਹ ਨੂੰ ਲਿਖਿਆ: “ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ।” (ਫਿਲੇਮੋਨ 25) ਫਿਰ ਇਹ ਸੰਸਾਰ ਕਿਸ ਤਰ੍ਹਾਂ ਦੀ ਆਤਮਾ ਦਿਖਾਉਂਦਾ ਹੈ? ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ” ਅਰਥਾਤ ਸ਼ਤਾਨ “ਦੇ ਵੱਸ ਵਿੱਚ ਪਿਆ ਹੋਇਆ ਹੈ,” ਇਸ ਲਈ ਇਸ ਜਗਤ ਦੀ ਆਤਮਾ ਚੰਗੀ ਨਹੀਂ ਹੋ ਸਕਦੀ।—1 ਯੂਹੰਨਾ 5:19.
ਜਗਤ ਦੀ ਆਤਮਾ ਨੂੰ ਪਛਾਣਨਾ
4, 5. (ੳ) ਮਸੀਹੀ ਬਣਨ ਤੋਂ ਪਹਿਲਾਂ ਅਫ਼ਸੁਸ ਦੇ ਮਸੀਹੀਆਂ ਉੱਤੇ ਕਿਹੜੀ ਆਤਮਾ ਦਾ ਪ੍ਰਭਾਵ ਸੀ? (ਅ) ‘ਹਵਾਈ ਇਖ਼ਤਿਆਰ ਦਾ ਸਰਦਾਰ’ ਕੌਣ ਹੈ ਅਤੇ ਇਹ ‘ਹਵਾ’ ਕੀ ਹੈ?
4 ਪੌਲੁਸ ਨੇ ਲਿਖਿਆ: “[ਪਰਮੇਸ਼ੁਰ] ਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ ਜਿਵਾਲਿਆ। ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ। ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ।”—ਅਫ਼ਸੀਆਂ 2:1-3.
5 ਮਸੀਹੀ ਰਾਹ ਸਿੱਖਣ ਤੋਂ ਪਹਿਲਾਂ, ਅਫ਼ਸੁਸ ਦੇ ਮਸੀਹੀ ਅਣਜਾਣੇ ਵਿਚ ਹੀ “ਹਵਾਈ ਇਖ਼ਤਿਆਰ ਦੇ ਸਰਦਾਰ,” ਸ਼ਤਾਨ ਅਰਥਾਤ ਇਬਲੀਸ ਦੇ ਪਿੱਛੇ-ਪਿੱਛੇ ਚੱਲ ਰਹੇ ਸਨ। ਇਹ ‘ਹਵਾ’ ਕੋਈ ਸੱਚੀ-ਮੁੱਚੀਂ ਦੀ ਥਾਂ ਨਹੀਂ ਹੈ ਜਿੱਥੇ ਸ਼ਤਾਨ ਅਤੇ ਉਸ ਦੇ ਪਿਸ਼ਾਚ ਰਹਿੰਦੇ ਹਨ। ਜਦੋਂ ਪੌਲੁਸ ਨੇ ਇਹ ਸ਼ਬਦ ਲਿਖੇ ਸਨ, ਉਸ ਵੇਲੇ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੇ ਪਿਸ਼ਾਚ ਸਵਰਗ ਵਿਚ ਆ-ਜਾ ਸਕਦੇ ਸਨ। (ਅੱਯੂਬ 1:6; ਪਰਕਾਸ਼ ਦੀ ਪੋਥੀ 12:7-12 ਦੀ ਤੁਲਨਾ ਕਰੋ।) ਸ਼ਬਦ ‘ਹਵਾ’ ਦਾ ਅਰਥ ਉਹ ਆਤਮਾ ਜਾਂ ਮਨੋਬਿਰਤੀ ਹੈ ਜੋ ਸ਼ਤਾਨ ਦੇ ਸੰਸਾਰ ਵਿਚ ਆਮ ਪਾਈ ਜਾਂਦੀ ਹੈ। (ਪਰਕਾਸ਼ ਦੀ ਪੋਥੀ 16:17-21 ਦੀ ਤੁਲਨਾ ਕਰੋ।) ਜਿਵੇਂ ਹਵਾ ਸਾਡੇ ਚਾਰੇ ਪਾਸੇ ਹੈ, ਉਸੇ ਤਰ੍ਹਾਂ ਇਹ ਮਨੋਬਿਰਤੀ ਵੀ ਹਰ ਥਾਂ ਹੈ।
6. “ਹਵਾਈ ਇਖ਼ਤਿਆਰ” ਕੀ ਹੈ ਅਤੇ ਇਹ ਬਹੁਤ ਸਾਰੇ ਨੌਜਵਾਨਾਂ ਉੱਤੇ ਕਿਵੇਂ ਚਲਾਇਆ ਜਾਂਦਾ ਹੈ?
6 ਪਰ ਇਹ “ਹਵਾਈ ਇਖ਼ਤਿਆਰ” ਕੀ ਹੈ? ਸ਼ਾਇਦ ਇਹ ਉਸ ਵੱਡੇ ਪ੍ਰਭਾਵ ਨੂੰ ਸੰਕੇਤ ਕਰਦੀ ਹੈ ਜੋ ਇਹ ‘ਹਵਾ’ ਲੋਕਾਂ ਉੱਤੇ ਪਾਉਂਦੀ ਹੈ। ਪੌਲੁਸ ਨੇ ਕਿਹਾ ਕਿ ਇਹ ਆਤਮਾ “ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।” ਇਸ ਲਈ ਜਗਤ ਦੀ ਆਤਮਾ ਅਣਆਗਿਆਕਾਰੀ ਅਤੇ ਬਗਾਵਤ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਹਾਣੀਆਂ ਦਾ ਦਬਾਅ ਇਕ ਤਰੀਕਾ ਹੈ ਜਿਸ ਦੁਆਰਾ ਇਹ ਇਖ਼ਤਿਆਰ ਚਲਾਇਆ ਜਾਂਦਾ ਹੈ। “ਜਦੋਂ ਤੁਸੀਂ ਸਕੂਲ ਵਿਚ ਹੁੰਦੇ ਹੋ,” ਇਕ ਨੌਜਵਾਨ ਗਵਾਹ ਕਹਿੰਦੀ ਹੈ, “ਤਾਂ ਹਰ ਕੋਈ ਹਮੇਸ਼ਾ ਤੁਹਾਨੂੰ ਥੋੜ੍ਹੀ-ਬਹੁਤੀ ਬਗਾਵਤ ਕਰਨ ਲਈ ਉਕਸਾਉਂਦਾ ਹੈ। ਦੂਜੇ ਮੁੰਡੇ-ਕੁੜੀਆਂ ਉਦੋਂ ਤੁਹਾਡਾ ਜ਼ਿਆਦਾ ਆਦਰ ਕਰਦੇ ਹਨ ਜਦੋਂ ਤੁਸੀਂ ਕੋਈ ਬਗਾਵਤੀ ਕੰਮ ਕਰਦੇ ਹੋ।”
ਜਗਤ ਦੀ ਆਤਮਾ ਦੇ ਪ੍ਰਗਟਾਵੇ
7-9. (ੳ) ਉਨ੍ਹਾਂ ਕੁਝ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਦੁਆਰਾ ਅੱਜ ਦੇ ਨੌਜਵਾਨਾਂ ਵਿਚ ਜਗਤ ਦੀ ਆਤਮਾ ਪ੍ਰਗਟ ਹੁੰਦੀ ਹੈ। (ਅ) ਕੀ ਤੁਸੀਂ ਆਪਣੇ ਇਲਾਕੇ ਵਿਚ ਅਜਿਹੀ ਕੋਈ ਚੀਜ਼ ਦੇਖੀ ਹੈ?
7 ਅੱਜ ਨੌਜਵਾਨਾਂ ਵਿਚ ਜਗਤ ਦੀ ਆਤਮਾ ਦੇ ਕਿਹੜੇ ਕੁਝ ਪ੍ਰਗਟਾਵੇ ਦੇਖੇ ਜਾ ਸਕਦੇ ਹਨ? ਬੇਈਮਾਨੀ ਅਤੇ ਬਾਗ਼ੀਪੁਣਾ। ਇਕ ਰਸਾਲੇ ਦੀ ਰਿਪੋਰਟ ਦੱਸਦੀ ਹੈ ਕਿ ਕਾਲਜ ਦੇ 70 ਪ੍ਰਤਿਸ਼ਤ ਤੋਂ ਜ਼ਿਆਦਾ ਜੂਨੀਅਰ ਤੇ ਸੀਨੀਅਰ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈ ਸਕੂਲ ਵਿਚ ਨਕਲ ਮਾਰੀ ਸੀ। ਨਿਰਾਦਰ ਭਰੀ, ਚੋਭਵੀਂ ਅਤੇ ਗੰਦੀ ਬੋਲੀ ਵੀ ਆਮ ਹੈ। ਇਹ ਸੱਚ ਹੈ ਕਿ ਇਕ ਮੌਕੇ ਤੇ ਅੱਯੂਬ ਅਤੇ ਪੌਲੁਸ ਰਸੂਲ ਨੇ ਆਪਣਾ ਜਾਇਜ਼ ਰੋਸ ਦਿਖਾਉਣ ਲਈ ਜਿਹੜੇ ਸ਼ਬਦ ਵਰਤੇ ਸਨ ਉਨ੍ਹਾਂ ਨੂੰ ਕੁਝ ਲੋਕ ਸ਼ਾਇਦ ਚੋਭਵੀਂ ਬੋਲੀ ਕਹਿਣ। (ਅੱਯੂਬ 12:2; 2 ਕੁਰਿੰਥੀਆਂ 12:13) ਪਰ ਕਈ ਨੌਜਵਾਨ ਜਿਹੜੀ ਚੋਭਵੀਂ ਬੋਲੀ ਵਰਤਦੇ ਹਨ, ਉਹ ਅਕਸਰ ਗਾਲ਼ਾਂ ਕੱਢਣ ਦੇ ਬਰਾਬਰ ਹੈ।
8 ਬਹੁਤ ਜ਼ਿਆਦਾ ਮਨੋਰੰਜਨ ਕਰਨਾ ਵੀ ਜਗਤ ਦੀ ਆਤਮਾ ਦਾ ਪ੍ਰਗਟਾਵਾ ਹੈ। ਨੌਜਵਾਨਾਂ ਦੇ ਨਾਈਟ ਕਲੱਬ, ਰੇਵ,a ਅਤੇ ਐਸ਼ਪਰਸਤੀ ਦੇ ਦੂਸਰੇ ਤਰੀਕੇ ਨੌਜਵਾਨਾਂ ਵਿਚ ਬਹੁਤ ਪ੍ਰਚਲਿਤ ਹਨ। ਪਹਿਰਾਵੇ ਅਤੇ ਸ਼ਿੰਗਾਰ ਵਿਚ ਹੱਦ ਕਰਨੀ ਵੀ ਆਮ ਗੱਲ ਹੈ। ਖੁੱਲ੍ਹੇ-ਡੁੱਲ੍ਹੇ ਤੇ ਊਟ-ਪਟਾਂਗ ਕੱਪੜਿਆਂ ਅਤੇ ਅਜੀਬੋ-ਗ਼ਰੀਬ ਫ਼ੈਸ਼ਨਾਂ ਦੁਆਰਾ, ਜਿਵੇਂ ਕਿ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਵਿੰਨ੍ਹ ਕੇ ਛੱਲੇ ਪਾਉਣੇ, ਅੱਜ ਦੇ ਬਹੁਤ ਸਾਰੇ ਨੌਜਵਾਨ ਇਸ ਜਗਤ ਦੀ ਬਾਗ਼ੀ ਆਤਮਾ ਦਿਖਾਉਂਦੇ ਹਨ। (ਰੋਮੀਆਂ 6:16 ਦੀ ਤੁਲਨਾ ਕਰੋ।) ਭੌਤਿਕ ਚੀਜ਼ਾਂ ਪ੍ਰਾਪਤ ਕਰਨ ਦਾ ਜਨੂਨ ਵੀ ਜਗਤ ਦੀ ਆਤਮਾ ਦਾ ਇਕ ਹੋਰ ਪ੍ਰਗਟਾਵਾ ਹੈ। ਇਕ ਸਿੱਖਿਅਕ ਰਸਾਲੇ ਅਨੁਸਾਰ, “ਉਤਪਾਦਕ, ਬੱਚਿਆਂ ਉੱਤੇ ਨਵੀਆਂ-ਨਵੀਆਂ ਤਕਨੀਕੀ ਚੀਜ਼ਾਂ ਅਤੇ ਦੂਸਰੇ ਉਤਪਾਦਨਾਂ ਦੀ ਬੁਛਾੜ ਕਰ ਰਹੇ ਹਨ।” ਸੰਯੁਕਤ ਰਾਜ ਅਮਰੀਕਾ ਵਿਚ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਚੁੱਕਣ ਤਕ ਨੌਜਵਾਨ ਟੀ. ਵੀ. ਤੇ 3,60,000 ਵਿਗਿਆਪਨ ਦੇਖ ਚੁੱਕੇ ਹੋਣਗੇ। ਤੁਹਾਡੇ ਦੋਸਤ ਵੀ ਸ਼ਾਇਦ ਤੁਹਾਡੇ ਉੱਤੇ ਚੀਜ਼ਾਂ ਖ਼ਰੀਦਣ ਲਈ ਜ਼ੋਰ ਪਾਉਣ। ਇਕ 14 ਸਾਲ ਦੀ ਕੁੜੀ ਕਹਿੰਦੀ ਹੈ: “ਸਾਰੇ ਹਮੇਸ਼ਾ ਇਹੀ ਪੁੱਛਦੇ ਹਨ, ‘ਤੇਰਾ ਸਵੈਟਰ, ਜੈਕਟ ਜਾਂ ਜੀਨਸ ਕਿਹੜੇ ਬਰੈਂਡ ਦੇ ਹਨ?’”
9 ਬਾਈਬਲ ਸਮਿਆਂ ਤੋਂ ਹੀ ਘਟੀਆ ਸੰਗੀਤ ਲੋਕਾਂ ਨੂੰ ਅਨੈਤਿਕ ਕੰਮ ਕਰਨ ਲਈ ਉਕਸਾਉਣ ਵਾਸਤੇ ਸ਼ਤਾਨ ਦਾ ਇਕ ਔਜ਼ਾਰ ਰਿਹਾ ਹੈ। (ਕੂਚ 32:17-19; ਜ਼ਬੂਰ 69:12; ਯਸਾਯਾਹ 23:16 ਦੀ ਤੁਲਨਾ ਕਰੋ।) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਨੌਜਵਾਨ ਕਾਮ-ਉਕਸਾਊ, ਅਸ਼ਲੀਲ ਅਤੇ ਘਟੀਆ ਗਾਣੇ ਅਤੇ ਤੇਜ਼-ਰਫ਼ਤਾਰ ਵਾਲਾ ਤੇ ਉਤੇਜਨਾਤਮਕ ਤਾਲ ਵਾਲਾ ਸੰਗੀਤ ਬਹੁਤ ਪਸੰਦ ਕਰਦੇ ਹਨ। ਇਸ ਜਗਤ ਦੀ ਗੰਦੀ ਆਤਮਾ ਦਾ ਇਕ ਹੋਰ ਪ੍ਰਗਟਾਵਾ ਹੈ ਲਿੰਗੀ ਅਨੈਤਿਕਤਾ। (1 ਕੁਰਿੰਥੀਆਂ 6:9-11) ਦ ਨਿਊਯਾਰਕ ਟਾਈਮਜ਼ ਰਿਪੋਰਟ ਕਰਦਾ ਹੈ: “ਬਹੁਤ ਸਾਰੇ ਕਿਸ਼ੋਰ ਸੈਕਸ ਦੁਆਰਾ ਆਪਣੇ ਸਾਥੀਆਂ ਦੀ ਮਨਜ਼ੂਰੀ ਪ੍ਰਾਪਤ ਕਰਦੇ ਹਨ . . . ਹਾਈ ਸਕੂਲ ਦੇ ਦੋ-ਤਿਹਾਈ ਤੋਂ ਜ਼ਿਆਦਾ ਸੀਨੀਅਰ ਵਿਦਿਆਰਥੀ ਸੰਭੋਗ ਕਰ ਚੁੱਕੇ ਹਨ।” ਦ ਵੌਲ ਸਟ੍ਰੀਟ ਜਰਨਲ ਵਿਚ ਇਕ ਲੇਖ ਨੇ ਇਸ ਸਬੂਤ ਦਾ ਹਵਾਲਾ ਦਿੱਤਾ ਕਿ ਹੁਣ 8 ਅਤੇ 12 ਸਾਲ ਦੀ ਉਮਰ ਵਿਚਲੇ ਜ਼ਿਆਦਾ ਬੱਚੇ “ਜਿਨਸੀ ਸੰਬੰਧ ਰੱਖਦੇ ਹਨ।” ਹਾਲ ਹੀ ਵਿਚ ਰਿਟਾਇਰ ਹੋਈ ਸਕੂਲ ਦੀ ਇਕ ਸਲਾਹਕਾਰ ਕਹਿੰਦੀ ਹੈ: “ਹੁਣ ਤਾਂ ਛੇਵੀਂ ਕਲਾਸ ਦੀਆਂ ਕੁਝ ਵਿਦਿਆਰਥਣਾਂ ਵੀ ਗਰਭਵਤੀ ਹੋ ਰਹੀਆਂ ਹਨ।”b
ਜਗਤ ਦੀ ਆਤਮਾ ਦਾ ਇਨਕਾਰ ਕਰਨਾ
10. ਮਸੀਹੀ ਪਰਿਵਾਰਾਂ ਦੇ ਕੁਝ ਨੌਜਵਾਨ ਕਿਵੇਂ ਜਗਤ ਦੀ ਆਤਮਾ ਦੇ ਸ਼ਿਕਾਰ ਬਣ ਗਏ ਹਨ?
10 ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀ ਨੌਜਵਾਨ ਜਗਤ ਦੀ ਆਤਮਾ ਦਾ ਸ਼ਿਕਾਰ ਹੋ ਗਏ ਹਨ। “ਮੈਂ ਆਪਣੇ ਮੰਮੀ-ਡੈਡੀ ਅਤੇ ਸੰਗੀ ਮਸੀਹੀਆਂ ਸਾਮ੍ਹਣੇ ਬਹੁਤ ਚੰਗਾ ਰਵੱਈਆ ਦਿਖਾਉਂਦੀ ਸੀ,” ਇਕ ਜਪਾਨੀ ਕੁੜੀ ਸਵੀਕਾਰ ਕਰਦੀ ਹੈ। “ਪਰ ਮੈਂ ਦੋਹਰੀ ਜ਼ਿੰਦਗੀ ਜੀ ਰਹੀ ਸੀ।” ਕੀਨੀਆ ਦੀ ਇਕ ਕੁੜੀ ਕਹਿੰਦੀ ਹੈ: “ਕੁਝ ਸਮੇਂ ਲਈ ਮੈਂ ਦੋਹਰੀ ਜ਼ਿੰਦਗੀ ਬਿਤਾਈ, ਜਿਸ ਵਿਚ ਪਾਰਟੀਆਂ ਵਿਚ ਜਾਣਾ, ਰਾਕ ਮਿਊਜ਼ਿਕ ਸੁਣਨਾ ਅਤੇ ਗ਼ਲਤ ਦੋਸਤਾਂ ਨਾਲ ਬਹਿਣਾ-ਉਠਣਾ ਸ਼ਾਮਲ ਸੀ। ਮੈਂ ਜਾਣਦੀ ਸੀ ਕਿ ਇਹ ਗ਼ਲਤ ਹੈ, ਪਰ ਮੈਂ ਇਹ ਉਮੀਦ ਕਰਦੇ ਹੋਏ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਆਪਣੇ ਆਪ ਬੰਦ ਹੋ ਜਾਏਗਾ। ਪਰ ਇਹ ਬੰਦ ਨਹੀਂ ਹੋਇਆ। ਗੱਲ ਵਿਗੜਦੀ ਚਲੀ ਗਈ।” ਜਰਮਨੀ ਦੀ ਇਕ ਕੁੜੀ ਕਹਿੰਦੀ ਹੈ: “ਗ਼ਲਤ ਕਿਸਮ ਦੀਆਂ ਸਹੇਲੀਆਂ ਬਣਾਉਣ ਨਾਲ ਇਹ ਸਭ ਕੁਝ ਸ਼ੁਰੂ ਹੋਇਆ। ਫਿਰ ਮੈਂ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਮੈਂ ਆਪਣੇ ਮਾਤਾ-ਪਿਤਾ ਨੂੰ ਦੁੱਖ ਦੇਣਾ ਚਾਹੁੰਦੀ ਸੀ, ਪਰ ਮੈਂ ਸਿਰਫ਼ ਆਪਣੇ ਆਪ ਨੂੰ ਹੀ ਦੁੱਖ ਦਿੱਤਾ।”
11. ਜਦੋਂ ਦਸ ਜਾਸੂਸਾਂ ਨੇ ਬੁਰੀ ਰਿਪੋਰਟ ਲਿਆਂਦੀ, ਤਾਂ ਕਾਲੇਬ ਨੇ ਉਨ੍ਹਾਂ ਪਿੱਛੇ ਲੱਗਣ ਤੋਂ ਕਿਵੇਂ ਇਨਕਾਰ ਕਰ ਸਕਿਆ?
11 ਫਿਰ ਵੀ ਜਗਤ ਦੀ ਆਤਮਾ ਦਾ ਵਿਰੋਧ ਕਰਨਾ, ਜੀ ਹਾਂ, ਇਸ ਦਾ ਇਨਕਾਰ ਕਰਨਾ ਸੰਭਵ ਹੈ। ਪ੍ਰਾਚੀਨ ਸਮੇਂ ਦੇ ਕਾਲੇਬ ਦੀ ਮਿਸਾਲ ਉੱਤੇ ਗੌਰ ਕਰੋ। ਜਦੋਂ ਦਸ ਡਰਪੋਕ ਜਾਸੂਸ ਵਾਅਦਾ ਕੀਤੇ ਹੋਏ ਦੇਸ਼ ਬਾਰੇ ਬੁਰੀ ਰਿਪੋਰਟ ਲਿਆਏ ਸਨ, ਤਾਂ ਉਸ ਨੇ ਅਤੇ ਯਹੋਸ਼ੁਆ ਨੇ ਡਰ ਕੇ ਉਨ੍ਹਾਂ ਦੇ ਪਿੱਛੇ ਲੱਗਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਹੌਸਲੇ ਨਾਲ ਕਿਹਾ: “ਉਹ ਧਰਤੀ ਜਿਹ ਦੇ ਵਿੱਚ ਦੀ ਅਸੀਂ ਖੋਜ ਕੱਢਣ ਲਈ ਲੰਘੇ ਡਾਢੀ ਹੀ ਚੰਗੀ ਹੈ। ਜੇ ਯਹੋਵਾਹ ਸਾਡੇ ਨਾਲ ਪਰਸੰਨ ਹੈ ਤਾਂ ਉਹ ਸਾਨੂੰ ਏਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।” (ਗਿਣਤੀ 14:7, 8) ਕਾਲੇਬ ਕਿਵੇਂ ਇਸ ਦਬਾਅ ਦਾ ਵਿਰੋਧ ਕਰ ਸਕਿਆ? ਯਹੋਵਾਹ ਨੇ ਕਾਲੇਬ ਬਾਰੇ ਕਿਹਾ ਸੀ ਕਿ “ਉਹ ਦੇ ਵਿੱਚ ਹੋਰ ਮਜਾਜ” ਜਾਂ ਵੱਖਰੀ ਆਤਮਾ ਸੀ।—ਗਿਣਤੀ 14:24.
ਇਕ ਵੱਖਰੀ ਆਤਮਾ ਦਿਖਾਉਣੀ
12. ਆਪਣੀ ਬੋਲੀ ਦੇ ਸੰਬੰਧ ਵਿਚ ਇਕ ਵੱਖਰੀ ਆਤਮਾ ਦਿਖਾਉਣੀ ਕਿਉਂ ਜ਼ਰੂਰੀ ਹੈ?
12 ਅੱਜ ਇਕ ਵੱਖਰੀ ਆਤਮਾ ਜਾਂ ਮਨੋਬਿਰਤੀ—ਅਜਿਹੀ ਆਤਮਾ ਜੋ ਜਗਤ ਦੀ ਆਤਮਾ ਤੋਂ ਭਿੰਨ ਹੈ—ਦਿਖਾਉਣ ਲਈ ਹੌਸਲੇ ਅਤੇ ਸ਼ਕਤੀ ਦੀ ਲੋੜ ਹੈ। ਤੁਸੀਂ ਚੋਭਵੀਂ ਅਤੇ ਅਨਾਦਰ ਭਰੀ ਬੋਲੀ ਨਾ ਬੋਲ ਕੇ ਇਕ ਵੱਖਰੀ ਆਤਮਾ ਦਿਖਾ ਸਕਦੇ ਹੋ। ਦਿਲਚਸਪੀ ਦੀ ਗੱਲ ਹੈ ਕਿ “ਚੋਭਵੀਂ ਬੋਲੀ” ਲਈ ਅੰਗ੍ਰੇਜ਼ੀ ਸ਼ਬਦ ਉਸ ਯੂਨਾਨੀ ਕ੍ਰਿਆ ਤੋਂ ਬਣਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ, “ਕੁੱਤਿਆਂ ਵਾਂਗ ਚੱਕ ਮਾਰ-ਮਾਰ ਕੇ ਮਾਸ ਪਾੜਨਾ।” (ਗਲਾਤੀਆਂ 5:15 ਦੀ ਤੁਲਨਾ ਕਰੋ।) ਠੀਕ ਜਿਵੇਂ ਇਕ ਕੁੱਤੇ ਦੇ ਦੰਦ ਹੱਡੀ ਤੋਂ ਮਾਸ ਲਾਹ ਸਕਦੇ ਹਨ, ਉਸੇ ਤਰ੍ਹਾਂ ਚੋਭਵਾਂ “ਮਜ਼ਾਕ” ਦੂਸਰਿਆਂ ਦੀ ਇੱਜ਼ਤ ਨੂੰ ਲੀਰੋ-ਲੀਰ ਕਰ ਸਕਦਾ ਹੈ। ਪਰ ਕੁਲੁੱਸੀਆਂ 3:8 ਤੁਹਾਨੂੰ ਮੱਤ ਦਿੰਦਾ ਹੈ ਕਿ “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।” ਅਤੇ ਕਹਾਉਤਾਂ 10:19 ਕਹਿੰਦਾ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।” ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ‘ਦੂਈ ਗੱਲ੍ਹ ਭੁਆਉਣ ਲਈ’ ਆਪਣੇ ਤੇ ਕਾਬੂ ਰੱਖੋ ਅਤੇ ਬਾਅਦ ਵਿਚ ਸ਼ਾਇਦ ਤੁਸੀਂ ਬੇਇੱਜ਼ਤੀ ਕਰਨ ਵਾਲੇ ਵਿਅਕਤੀ ਨਾਲ ਇਕੱਲੇ ਗੱਲ ਕਰ ਸਕਦੇ ਹੋ।—ਮੱਤੀ 5:39; ਕਹਾਉਤਾਂ 15:1.
13. ਨੌਜਵਾਨ ਭੌਤਿਕ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਕਿਵੇਂ ਦਿਖਾ ਸਕਦੇ ਹਨ?
13 ਵੱਖਰੀ ਆਤਮਾ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਭੌਤਿਕ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਰੱਖਣਾ। ਨਿਰਸੰਦੇਹ, ਚੰਗੀਆਂ ਚੀਜ਼ਾਂ ਦੀ ਇੱਛਾ ਹੋਣੀ ਸੁਭਾਵਕ ਹੈ। ਯਿਸੂ ਮਸੀਹ ਕੋਲ ਵੀ ਘੱਟੋ-ਘੱਟ ਇਕ ਵਧੀਆ ਕਿਸਮ ਦਾ ਕੁੜਤਾ ਸੀ। (ਯੂਹੰਨਾ 19:23, 24) ਪਰ ਜਦੋਂ ਤੁਹਾਡੇ ਉੱਤੇ ਚੀਜ਼ਾਂ ਇਕੱਠੀਆਂ ਕਰਨ ਦਾ ਭੂਤ ਸਵਾਰ ਹੋ ਜਾਂਦਾ ਹੈ ਅਤੇ ਤੁਸੀਂ ਹਮੇਸ਼ਾ ਆਪਣੇ ਮਾਪਿਆਂ ਤੋਂ ਉਹ ਚੀਜ਼ਾਂ ਮੰਗਦੇ ਹੋ ਜੋ ਤੁਹਾਡੇ ਮਾਪੇ ਤੁਹਾਨੂੰ ਖ਼ਰੀਦ ਕੇ ਨਹੀਂ ਦੇ ਸਕਦੇ ਹਨ ਜਾਂ ਜਦੋਂ ਤੁਸੀਂ ਸਿਰਫ਼ ਦੂਸਰੇ ਨੌਜਵਾਨਾਂ ਦੀ ਨਕਲ ਕਰਨੀ ਚਾਹੁੰਦੇ ਹੋ, ਤਾਂ ਜਗਤ ਦੀ ਆਤਮਾ ਦਾ ਤੁਹਾਡੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੋ ਸਕਦਾ ਹੈ ਜਿਸ ਦਾ ਸ਼ਾਇਦ ਤੁਹਾਨੂੰ ਅਹਿਸਾਸ ਵੀ ਨਾ ਹੋਵੇ। ਬਾਈਬਲ ਕਹਿੰਦੀ ਹੈ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” ਜੀ ਹਾਂ, ਜਗਤ ਦੀ ਭੌਤਿਕਵਾਦੀ ਆਤਮਾ ਦੇ ਇਖ਼ਤਿਆਰ ਅੱਗੇ ਹਾਰ ਨਾ ਮੰਨੋ! ਜੋ ਕੁਝ ਤੁਹਾਡੇ ਕੋਲ ਹੈ ਉਸ ਵਿਚ ਹੀ ਖ਼ੁਸ਼ ਰਹਿਣਾ ਸਿੱਖੋ।—1 ਯੂਹੰਨਾ 2:16; 1 ਤਿਮੋਥਿਉਸ 6:8-10.
14. (ੳ) ਯਸਾਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਮਨੋਰੰਜਨ ਦੇ ਸੰਬੰਧ ਵਿਚ ਕਿਵੇਂ ਗ਼ਲਤ ਨਜ਼ਰੀਆ ਦਿਖਾਇਆ? (ਅ) ਕੁਝ ਮਸੀਹੀ ਨੌਜਵਾਨਾਂ ਨੇ ਨਾਈਟ ਕਲੱਬਾਂ ਅਤੇ ਬੇਕਾਬੂ ਪਾਰਟੀਆਂ ਵਿਚ ਕਿਹੜੇ ਕੁਝ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਹੈ?
14 ਮਨੋਰੰਜਨ ਨੂੰ ਆਪਣੀ ਜਗ੍ਹਾ ਤੇ ਰੱਖਣਾ ਵੀ ਜ਼ਰੂਰੀ ਹੈ। ਯਸਾਯਾਹ ਨਬੀ ਨੇ ਐਲਾਨ ਕੀਤਾ: “ਹਾਇ ਓਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਭਈ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸੰਝ ਤਿੱਕੁਰ ਠਹਿਰਦੇ ਹਨ, ਭਈ ਮਧ ਓਹਨਾਂ ਨੂੰ ਮਸਤ ਕਰ ਦੇਵੇ! ਓਹਨਾਂ ਦੀਆਂ ਜ਼ਿਆਫ਼ਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਤੇ ਮਧ ਤਾਂ ਹਨ, ਪਰ ਓਹ ਯਹੋਵਾਹ ਦੇ ਕੰਮ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।” (ਯਸਾਯਾਹ 5:11, 12) ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀ ਨੌਜਵਾਨ ਵੀ ਅਜਿਹੀਆਂ ਬੇਕਾਬੂ ਪਾਰਟੀਆਂ ਵਿਚ ਗਏ ਹਨ। ਜਦੋਂ ਮਸੀਹੀ ਨੌਜਵਾਨਾਂ ਦੇ ਇਕ ਗਰੁੱਪ ਨੂੰ ਇਹ ਦੱਸਣ ਲਈ ਕਿਹਾ ਗਿਆ ਕਿ ਨੌਜਵਾਨਾਂ ਦੇ ਨਾਈਟ ਕਲੱਬਾਂ ਵਿਚ ਕੀ ਹੁੰਦਾ ਹੈ, ਤਾਂ ਇਕ ਨੌਜਵਾਨ ਭੈਣ ਨੇ ਕਿਹਾ: “ਉੱਥੇ ਹਮੇਸ਼ਾ ਲੜਾਈ ਹੁੰਦੀ ਹੈ। ਕਦੀ-ਕਦਾਈਂ ਇਨ੍ਹਾਂ ਲੜਾਈਆਂ ਵਿਚ ਮੈਂ ਵੀ ਸ਼ਾਮਲ ਹੁੰਦੀ ਸੀ।” ਇਕ ਨੌਜਵਾਨ ਭਰਾ ਨੇ ਅੱਗੇ ਕਿਹਾ: “ਸ਼ਰਾਬ ਅਤੇ ਸਿਗਰਟ ਪੀਣੀ ਤੇ ਇਹੋ ਜਿਹੇ ਹੋਰ ਕੰਮ ਹੁੰਦੇ ਹਨ।” ਦੂਸਰੇ ਨੌਜਵਾਨ ਭਰਾ ਨੇ ਸਵੀਕਾਰ ਕੀਤਾ: “ਲੋਕ ਸ਼ਰਾਬੀ ਹੋ ਜਾਂਦੇ ਹਨ। ਉਹ ਬੂਝੜਾਂ ਵਰਗੇ ਕੰਮ ਕਰਦੇ ਹਨ! ਨਸ਼ੀਲੀਆਂ ਦਵਾਈਆਂ ਵੀ ਵਰਤੀਆਂ ਜਾਂਦੀਆਂ ਹਨ। ਉੱਥੇ ਬਹੁਤ ਸਾਰੇ ਗ਼ਲਤ ਕੰਮ ਕੀਤੇ ਜਾਂਦੇ ਹਨ। ਜੇ ਕੋਈ ਉੱਥੇ ਜਾਂਦਾ ਹੈ ਅਤੇ ਸੋਚਦਾ ਹੈ ਕਿ ਇਸ ਦਾ ਉਸ ਤੇ ਕੋਈ ਅਸਰ ਨਹੀਂ ਪਏਗਾ, ਤਾਂ ਇਹ ਉਸ ਦਾ ਭੁਲੇਖਾ ਹੈ।” ਤਾਂ ਫਿਰ ਚੰਗੇ ਕਾਰਨ ਕਰਕੇ ਹੀ ਬਾਈਬਲ ਬਦਮਸਤੀਆਂ ਜਾਂ “ਬੇਕਾਬੂ ਪਾਰਟੀਆਂ” ਨੂੰ ‘ਸਰੀਰ ਦੇ ਕੰਮਾਂ’ ਦੀ ਸੂਚੀ ਵਿਚ ਸ਼ਾਮਲ ਕਰਦੀ ਹੈ।—ਗਲਾਤੀਆਂ 5:19-21, ਬਾਇੰਗਟਨ; ਰੋਮੀਆਂ 13:13.
15. ਬਾਈਬਲ ਮਨੋਰੰਜਨ ਬਾਰੇ ਕਿਹੜਾ ਸਹੀ ਨਜ਼ਰੀਆ ਪੇਸ਼ ਕਰਦੀ ਹੈ?
15 ਨੁਕਸਾਨਦੇਹ ਮਨੋਰੰਜਨ ਤੋਂ ਦੂਰ ਰਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਹੀ ਨਾ ਮਾਣੋ। ਅਸੀਂ ਇਕ “ਖ਼ੁਸ਼ ਪਰਮੇਸ਼ੁਰ” ਦੀ ਉਪਾਸਨਾ ਕਰਦੇ ਹਾਂ ਜੋ ਚਾਹੁੰਦਾ ਹੈ ਕਿ ਤੁਸੀਂ ਆਪਣੀ ਜਵਾਨੀ ਦਾ ਆਨੰਦ ਮਾਣੋ! (1 ਤਿਮੋਥਿਉਸ 1:11, ਨਿ ਵ; ਉਪਦੇਸ਼ਕ 11:9) ਪਰ ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜਾ ਰਾਗ ਰੰਗ [“ਮਨੋਰੰਜਨ,” ਲਾਮਸਾ] ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ।” (ਕਹਾਉਤਾਂ 21:17) ਜੀ ਹਾਂ, ਜੇ ਤੁਸੀਂ ਮਨੋਰੰਜਨ ਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਦਿੰਦੇ ਹੋ, ਤਾਂ ਤੁਹਾਨੂੰ ਅਧਿਆਤਮਿਕ ਤੌਰ ਤੇ ਥੁੜ੍ਹ ਹੋਵੇਗੀ। ਇਸ ਲਈ ਮਨੋਰੰਜਨ ਦੀ ਚੋਣ ਕਰਦੇ ਸਮੇਂ ਬਾਈਬਲ ਦੇ ਸਿਧਾਂਤਾਂ ਉੱਤੇ ਚੱਲੋ। ਆਨੰਦ ਮਾਣਨ ਦੇ ਬਹੁਤ ਸਾਰੇ ਤਰੀਕੇ ਹਨ ਜੋ ਤੁਹਾਨੂੰ ਉਸਾਰਨਗੇ ਨਾ ਕਿ ਤੁਹਾਨੂੰ ਢਾਹੁਣਗੇ।c—ਉਪਦੇਸ਼ਕ ਦੀ ਪੋਥੀ 11:10.
16. ਮਸੀਹੀ ਨੌਜਵਾਨ ਕਿਵੇਂ ਦਿਖਾ ਸਕਦੇ ਹਨ ਕਿ ਉਹ ਦੂਸਰਿਆਂ ਤੋਂ ਵੱਖਰੇ ਹਨ?
16 ਆਪਣੇ ਪਹਿਰਾਵੇ ਤੇ ਸ਼ਿੰਗਾਰ ਵਿਚ ਸਾਦਗੀ ਦਿਖਾਉਣ ਨਾਲ ਤੇ ਸੰਸਾਰ ਦੇ ਫ਼ੈਸ਼ਨਾਂ ਦੀ ਨਕਲ ਨਾ ਕਰਨ ਨਾਲ ਵੀ ਤੁਸੀਂ ਦੂਸਰਿਆਂ ਤੋਂ ਵੱਖਰੇ ਨਜ਼ਰ ਆਓਗੇ। (ਰੋਮੀਆਂ 12:2; 1 ਤਿਮੋਥਿਉਸ 2:9) ਇਸੇ ਤਰ੍ਹਾਂ ਸੰਗੀਤ ਦੀ ਚੋਣ ਵੀ ਧਿਆਨ ਨਾਲ ਕਰੋ। (ਫ਼ਿਲਿੱਪੀਆਂ 4:8, 9) “ਮੇਰੇ ਕੋਲ ਅਜਿਹੇ ਸੰਗੀਤ ਦੀਆਂ ਕੈਸਟਾਂ ਹਨ, ਜੋ ਮੈਨੂੰ ਪਤਾ ਕਿ ਮੈਨੂੰ ਸੁੱਟ ਦੇਣੀਆਂ ਚਾਹੀਦੀਆਂ ਹਨ,” ਇਕ ਨੌਜਵਾਨ ਮਸੀਹੀ ਸਵੀਕਾਰ ਕਰਦੀ ਹੈ, “ਪਰ ਇਹ ਸੁਣਨ ਨੂੰ ਬਹੁਤ ਵਧੀਆ ਲੱਗਦਾ ਹੈ!” ਇਸੇ ਤਰ੍ਹਾਂ ਇਕ ਹੋਰ ਨੌਜਵਾਨ ਸਵੀਕਾਰ ਕਰਦਾ ਹੈ: “ਸੰਗੀਤ ਮੇਰੀ ਕਮਜ਼ੋਰੀ ਹੈ ਕਿਉਂਕਿ ਮੈਨੂੰ ਸੰਗੀਤ ਬਹੁਤ ਪਸੰਦ ਹੈ। ਜੇ ਮੈਨੂੰ ਪਤਾ ਲੱਗਦਾ ਹੈ ਕਿ ਕੋਈ ਸੰਗੀਤ ਇਤਰਾਜ਼ਯੋਗ ਹੈ ਜਾਂ ਮੇਰੇ ਮੰਮੀ-ਡੈਡੀ ਮੈਨੂੰ ਇਸ ਬਾਰੇ ਦੱਸਦੇ ਹਨ, ਤਾਂ ਮੈਨੂੰ ਆਪਣੇ ਦਿਲ ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ ਕਿਉਂਕਿ ਮੈਂ ਉਸ ਸੰਗੀਤ ਨੂੰ ਦਿਲੋਂ ਪਿਆਰ ਕਰਦਾ ਹਾਂ।” ਨੌਜਵਾਨੋ, “[ਸ਼ਤਾਨ] ਦਿਆਂ ਚਾਲਿਆਂ ਤੋਂ ਅਣਜਾਣ” ਨਾ ਰਹੋ! (2 ਕੁਰਿੰਥੀਆਂ 2:11) ਉਹ ਸੰਗੀਤ ਨੂੰ ਵਰਤ ਕੇ ਨੌਜਵਾਨ ਮਸੀਹੀਆਂ ਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ! ਰੈਪ, ਹੈਵੀ ਮੈਟਲ ਤੇ ਰਾਕ ਮਿਊਜ਼ਿਕ ਉੱਤੇ ਵਾਚ ਟਾਵਰ ਦੇ ਸਾਹਿੱਤ ਵਿਚ ਬਹੁਤ ਸਾਰੇ ਲੇਖ ਛਪ ਚੁੱਕੇ ਹਨ।d ਪਰ ਵਾਚ ਟਾਵਰ ਦੇ ਸਾਹਿੱਤ ਵਿਚ ਸੰਗੀਤ ਦੀ ਹਰ ਨਵੀਂ ਕਿਸਮ ਅਤੇ ਸ਼ੈਲੀ ਉੱਤੇ ਟਿੱਪਣੀ ਕਰਨੀ ਮੁਮਕਿਨ ਨਹੀਂ ਹੈ। ਇਸ ਲਈ ਤੁਹਾਨੂੰ ਸੰਗੀਤ ਦੀ ਚੋਣ ਕਰਦੇ ਸਮੇਂ ਆਪਣੀ “ਮੱਤ” ਅਤੇ “ਸਮਝ” ਵਰਤਣੀ ਪਵੇਗੀ।—ਕਹਾਉਤਾਂ 2:11.
17. (ੳ) ਪੋਰਨੀਆਂ ਕੀ ਹੈ ਅਤੇ ਇਸ ਵਿਚ ਕਿਹੜੇ-ਕਿਹੜੇ ਕੰਮ ਸ਼ਾਮਲ ਹਨ? (ਅ) ਜਦੋਂ ਨੈਤਿਕਤਾ ਦੀ ਗੱਲ ਆਉਂਦੀ ਹੈ, ਤਾਂ ਪਰਮੇਸ਼ੁਰ ਦੀ ਇੱਛਾ ਕੀ ਹੈ?
17 ਅਖ਼ੀਰ, ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖੋ। ਬਾਈਬਲ ਤਾਕੀਦ ਕਰਦੀ ਹੈ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਹਰਾਮਕਾਰੀ ਲਈ ਮੂਲ ਯੂਨਾਨੀ ਸ਼ਬਦ ਪੋਰਨੀਆਂ, ਆਪਣੇ ਵਿਆਹੁਤਾ-ਸਾਥੀ ਨੂੰ ਛੱਡ ਕਿਸੇ ਹੋਰ ਨਾਲ ਕੀਤੀਆਂ ਗਈਆਂ ਹਰ ਪ੍ਰਕਾਰ ਦੀਆਂ ਗ਼ਲਤ ਜਿਨਸੀ ਹਰਕਤਾਂ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਗੁਪਤ-ਅੰਗਾਂ ਦੀ ਦੁਰਵਰਤੋਂ ਕਰਨੀ ਸ਼ਾਮਲ ਹੈ। ਇਸ ਵਿਚ ਮੌਖਿਕ-ਸੰਭੋਗ ਕਰਨਾ ਅਤੇ ਗੁਪਤ-ਅੰਗਾਂ ਨੂੰ ਜਾਣ-ਬੁੱਝ ਕੇ ਪਲੋਸਣਾ ਸ਼ਾਮਲ ਹੈ। ਬਹੁਤ ਸਾਰੇ ਮਸੀਹੀ ਨੌਜਵਾਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਹਨ, ਇਹ ਸੋਚਦੇ ਹੋਏ ਕਿ ਉਹ ਹਰਾਮਕਾਰੀ ਨਹੀਂ ਕਰ ਰਹੇ ਸਨ। ਪਰ ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ: “ਪਰਮੇਸ਼ੁਰ ਦੀ ਇੱਛਿਆ ਤੁਹਾਡੀ ਪਵਿੱਤਰਤਾਈ ਦੀ ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਲਈ ਇਸਤ੍ਰੀ ਨੂੰ ਪਵਿੱਤਰਤਾਈ ਅਤੇ ਪਤ ਨਾਲ ਪਰਾਪਤ ਕਰਨਾ ਜਾਣੇ।”—1 ਥੱਸਲੁਨੀਕੀਆਂ 4:3, 4.
18. (ੳ) ਇਕ ਨੌਜਵਾਨ ਜਗਤ ਦੀ ਆਤਮਾ ਨਾਲ ਪਲੀਤ ਹੋਣ ਤੋਂ ਕਿਵੇਂ ਬਚ ਸਕਦਾ ਹੈ? (ਅ) ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?
18 ਜੀ ਹਾਂ, ਯਹੋਵਾਹ ਦੀ ਸਹਾਇਤਾ ਨਾਲ ਤੁਸੀਂ ਜਗਤ ਦੀ ਆਤਮਾ ਨਾਲ ਪਲੀਤ ਹੋਣ ਤੋਂ ਬਚ ਸਕਦੇ ਹੋ! (1 ਪਤਰਸ 5:10) ਫਿਰ ਵੀ, ਸ਼ਤਾਨ ਬੜੀ ਚਲਾਕੀ ਨਾਲ ਘਾਤਕ ਫੰਦੇ ਵਿਛਾਉਂਦਾ ਹੈ ਅਤੇ ਇਸ ਲਈ ਕਦੀ-ਕਦੀ ਖ਼ਤਰੇ ਨੂੰ ਤਾੜਣ ਲਈ ਬਹੁਤ ਸਮਝਦਾਰੀ ਦੀ ਲੋੜ ਹੋ ਸਕਦੀ ਹੈ। ਸਾਡਾ ਅਗਲਾ ਲੇਖ ਨੌਜਵਾਨਾਂ ਦੀ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ ਵਿਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
[ਫੁਟਨੋਟ]
a ਉਹ ਡਾਂਸ ਪਾਰਟੀਆਂ ਜਿਹੜੀਆਂ ਅਕਸਰ ਸਾਰੀ ਰਾਤ ਚੱਲਦੀਆਂ ਹਨ। ਜ਼ਿਆਦਾ ਜਾਣਕਾਰੀ ਲਈ ਜਾਗਰੂਕ ਬਣੋ! ਦੇ 22 ਦਸੰਬਰ, 1997 ਦੇ ਅੰਕ (ਅੰਗ੍ਰੇਜ਼ੀ) ਵਿਚ ਲੇਖ “ਨੌਜਵਾਨ ਪੁੱਛਦੇ ਹਨ . . . ਕੀ ਰੇਵ ਇਕ ਨੁਕਸਾਨ ਰਹਿਤ ਦਿਲਪਰਚਾਵਾ ਹੈ?” ਦੇਖੋ।
b ਤਕਰੀਬਨ 11 ਸਾਲ ਦੀ ਉਮਰ ਦੀਆਂ ਕੁੜੀਆਂ।
c ਹੋਰ ਸੁਝਾਵਾਂ ਲਈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 296-303 ਦੇਖੋ।
d 15 ਅਪ੍ਰੈਲ, 1993 ਦਾ ਪਹਿਰਾਬੁਰਜ ਦੇਖੋ।
ਪੁਨਰ-ਵਿਚਾਰ ਲਈ ਸਵਾਲ
◻ “ਜਗਤ ਦਾ ਆਤਮਾ” ਕੀ ਹੈ ਅਤੇ ਇਸ ਦਾ ਲੋਕਾਂ ਉੱਤੇ ਕਿਵੇਂ “ਇਖ਼ਤਿਆਰ” ਹੈ?
◻ ਅੱਜ ਨੌਜਵਾਨਾਂ ਵਿਚ ਜਗਤ ਦੀ ਆਤਮਾ ਦੇ ਕੁਝ ਪਗਟਾਵੇ ਕਿਹੜੇ ਹਨ?
◻ ਮਸੀਹੀ ਨੌਜਵਾਨ ਆਪਣੀ ਬੋਲੀ ਅਤੇ ਮਨੋਰੰਜਨ ਦੇ ਸੰਬੰਧ ਵਿਚ ਇਕ ਵੱਖਰੀ ਆਤਮਾ ਕਿਵੇਂ ਦਿਖਾ ਸਕਦੇ ਹਨ?
◻ ਮਸੀਹੀ ਨੌਜਵਾਨ ਨੈਤਿਕਤਾ ਅਤੇ ਸੰਗੀਤ ਦੇ ਸੰਬੰਧ ਵਿਚ ਇਕ ਵੱਖਰੀ ਆਤਮਾ ਕਿਵੇਂ ਦਿਖਾ ਸਕਦੇ ਹਨ?
[ਸਫ਼ੇ 9 ਉੱਤੇ ਤਸਵੀਰ]
ਬਹੁਤ ਸਾਰੇ ਨੌਜਵਾਨ ਆਪਣੇ ਆਚਰਣ ਦੁਆਰਾ ਦਿਖਾਉਂਦੇ ਹਨ ਕਿ ਉਹ ਜਗਤ ਦੀ ਆਤਮਾ ਦੇ “ਇਖ਼ਤਿਆਰ” ਅਧੀਨ ਹਨ
[ਸਫ਼ੇ 10 ਉੱਤੇ ਤਸਵੀਰ]
ਸੰਗੀਤ ਦੀ ਚੋਣ ਧਿਆਨ ਨਾਲ ਕਰੋ
[ਸਫ਼ੇ 11 ਉੱਤੇ ਤਸਵੀਰ]
ਜਗਤ ਦੀ ਆਤਮਾ ਦਾ ਵਿਰੋਧ ਕਰਨ ਲਈ ਹੌਸਲੇ ਦੀ ਲੋੜ ਹੈ