ਮਨ ਵਿਚ ਰੋਸਾ ਨਾ ਰੱਖੋ
ਜਦੋਂ ਕੋਈ ਸਾਨੂੰ ਨਾਰਾਜ਼ ਕਰਦਾ ਹੈ, ਉਦੋਂ ਰੋਸੇ ਹੋਣ ਤੋਂ ਪਰਹੇਜ਼ ਕਰਨਾ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਲੱਗੇ। ਅਜਿਹੀਆਂ ਸਥਿਤੀਆਂ ਦੇ ਲਈ ਬਾਈਬਲ ਵਿਚ ਵਿਵਹਾਰਕ ਸਲਾਹ ਪਾਈ ਜਾਂਦੀ ਹੈ। “ਤੁਸੀਂ ਗੁੱਸੇ ਤਾਂ ਹੋਵੋ,” ਰਸੂਲ ਪੌਲੁਸ ਨੇ ਲਿਖਿਆ, “ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!”—ਅਫ਼ਸੀਆਂ 4:26.
ਜਦੋਂ ਕੋਈ ਸਾਡੇ ਨਾਲ ਜ਼ਿਆਦਤੀ ਕਰਦਾ ਹੈ, ਤਾਂ ਕੁਝ ਹੱਦ ਤਕ ਕ੍ਰੋਧ ਮਹਿਸੂਸ ਕਰਨਾ ਕੇਵਲ ਸੁਭਾਵਕ ਹੀ ਹੈ। ਪੌਲੁਸ ਦਾ ਕਹਿਣਾ ਕਿ “ਤੁਸੀਂ ਗੁੱਸੇ ਤਾਂ ਹੋਵੋ” ਸੂਚਿਤ ਕਰਦਾ ਹੈ ਕਿ ਕਿਸੇ-ਕਿਸੇ ਵੇਲੇ ਗੁੱਸਾ ਉਚਿਤ ਹੋ ਸਕਦਾ ਹੈ—ਸ਼ਾਇਦ ਅਨੁਚਿਤ ਵਰਤਾਉ ਜਾਂ ਬੇਇਨਸਾਫ਼ੀ ਦੇ ਪ੍ਰਤੀ ਪ੍ਰਤਿਕ੍ਰਿਆ ਵਿਚ। (ਤੁਲਨਾ ਕਰੋ 2 ਕੁਰਿੰਥੀਆਂ 11:29.) ਪਰੰਤੂ ਜਦੋਂ ਇਸ ਨੂੰ ਬਿਨਾਂ ਸੁਲਝਾਏ ਛੱਡਿਆ ਜਾਂਦਾ ਹੈ, ਤਾਂ ਜਾਇਜ਼ ਗੁੱਸੇ ਦੇ ਵੀ ਬਿਪਤਾਜਨਕ ਨਤੀਜੇ ਹੋ ਸਕਦੇ ਹਨ, ਜੋ ਵੱਡੇ ਪਾਪ ਵੱਲ ਲੈ ਜਾਣਗੇ। (ਉਤਪਤ 34:1-31; 49:5-7; ਜ਼ਬੂਰ 106:32, 33) ਇਸ ਲਈ, ਤੁਸੀਂ ਕੀ ਕਰ ਸਕਦੇ ਹੋ, ਜਦੋਂ ਤੁਸੀਂ ਕ੍ਰੋਧਿਤ ਮਹਿਸੂਸ ਕਰਦੇ ਹੋ?
ਜ਼ਿਆਦਾਤਰ ਛੋਟੀਆਂ ਗ਼ਲਤੀਆਂ ਨਾਲ ਸੰਬੰਧਿਤ ਮਾਮਲਿਆਂ ਵਿਚ, ਤੁਸੀਂ ਜਾਂ ਤਾਂ ਮਾਮਲੇ ਨੂੰ ਆਪਣੇ ਦਿਲ ਵਿਚ ਨਿਪਟਾ ਕੇ ‘ਚੁੱਪ ਰਹਿ’ ਸਕਦੇ ਹੋ ਜਾਂ ਰੋਸ ਦਿਲਾਉਣ ਵਾਲੇ ਕੋਲ ਜਾ ਕੇ ਇਸ ਵਿਸ਼ੇ ਬਾਰੇ ਚਰਚਾ ਕਰ ਸਕਦੇ ਹੋ। (ਜ਼ਬੂਰ 4:4; ਮੱਤੀ 5:23, 24) ਦੋਨੋਂ ਵਿੱਚੋਂ ਇਕ ਤਰੀਕੇ ਨਾਲ, ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਉਣਾ ਹੀ ਸਭ ਤੋਂ ਚੰਗਾ ਹੈ ਤਾਂਕਿ ਰੋਸਾ ਅੰਦਰੋਂ ਅੰਦਰ ਰਿੱਝ ਕੇ ਦੁਖਦਾਈ ਨਤੀਜਿਆਂ ਵਿਚ ਪਰਿਣਿਤ ਨਾ ਹੋਵੇ।—ਅਫ਼ਸੀਆਂ 4:31.
ਯਹੋਵਾਹ ਸਾਡੇ ਪਾਪਾਂ ਨੂੰ ਖੁਲ੍ਹੇ ਦਿਲ ਨਾਲ ਮਾਫ਼ ਕਰਦਾ ਹੈ, ਉਨ੍ਹਾਂ ਪਾਪਾਂ ਨੂੰ ਵੀ ਜੋ ਅਸੀਂ ਆਪਣੇ ਅਣਜਾਣਪੁਣੇ ਵਿਚ ਕਰ ਬੈਠਦੇ ਹਾਂ, ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ ਹੈ। ਕੀ ਅਸੀਂ ਉਸੇ ਤਰ੍ਹਾਂ ਆਪਣੇ ਇਕ ਸੰਗੀ ਮਾਨਵ ਦੀ ਛੋਟੀ-ਮੋਟੀ ਗ਼ਲਤੀ ਨੂੰ ਮਾਫ਼ ਨਹੀਂ ਕਰ ਸਕਦੇ ਹਾਂ?—ਕੁਲੁੱਸੀਆਂ 3:13; 1 ਪਤਰਸ 4:8.
ਦਿਲਚਸਪੀ ਦੀ ਗੱਲ ਹੈ ਕਿ “ਮਾਫ਼ ਕਰਨਾ” ਲਈ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ ਹੈ “ਜਾਣ ਦੇਣਾ।” ਮਾਫ਼ੀ ਦੇਣ ਵਿਚ ਇਹ ਮੰਗ ਨਹੀਂ ਕੀਤੀ ਜਾਂਦੀ ਹੈ ਕਿ ਅਸੀਂ ਗ਼ਲਤੀਆਂ ਨੂੰ ਘੱਟ ਕਰ ਕੇ ਪੇਸ਼ ਕਰੀਏ ਜਾਂ ਅਣਡਿੱਠ ਕਰੀਏ। ਕਿਸੇ-ਕਿਸੇ ਵੇਲੇ ਇਸ ਵਿਚ ਸ਼ਾਇਦ ਕੇਵਲ ਸਥਿਤੀ ਨੂੰ “ਜਾਣ ਦੇਣਾ” ਹੀ ਸ਼ਾਮਲ ਹੋਵੇ, ਇਹ ਅਹਿਸਾਸ ਕਰਦੇ ਹੋਏ ਕਿ ਮਨ ਵਿਚ ਰੋਸਾ ਰੱਖਣਾ ਕੇਵਲ ਸਾਡੇ ਬੋਝ ਨੂੰ ਵਧਾਵੇਗਾ ਅਤੇ ਮਸੀਹੀ ਕਲੀਸਿਯਾ ਦੀ ਏਕਤਾ ਨੂੰ ਤੋੜੇਗਾ। ਇਸ ਤੋਂ ਇਲਾਵਾ, ਮਨ ਵਿਚ ਰੋਸਾ ਰੱਖਣਾ ਤੁਹਾਡੀ ਸਿਹਤ ਦੇ ਲਈ ਵੀ ਹਾਨੀਕਾਰਕ ਹੋ ਸਕਦਾ ਹੈ!—ਜ਼ਬੂਰ 103:9. (w95 12/1)