ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr19 ਜੂਨ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
  • ਸਿਰਲੇਖ
  • 3-9 ਜੂਨ
  • 10-16 ਜੂਨ
  • 17-23 ਜੂਨ
  • 24-30 ਜੂਨ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
mwbr19 ਜੂਨ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

3-9 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਗਲਾਤੀਆਂ 4-6

“ਹਾਜਰਾ ਤੇ ਸਾਰਾਹ ਦੀ ਕਹਾਣੀ ਦਾ ਸਾਡੇ ਲਈ ਮਤਲਬ”

(ਗਲਾਤੀਆਂ 4:24, 25) ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ ਉੱਤੇ ਕੀਤਾ ਗਿਆ ਸੀ ਅਤੇ ਇਸ ਇਕਰਾਰ ਦੇ ਅਧੀਨ ਗ਼ੁਲਾਮੀ ਦੇ ਬੱਚੇ ਪੈਦਾ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ। 25 ਹਾਜਰਾ ਅਰਬ ਦੇ ਸੀਨਈ ਪਹਾੜ ਨੂੰ ਦਰਸਾਉਂਦੀ ਹੈ ਅਤੇ ਉਹ ਅੱਜ ਦੇ ਯਰੂਸ਼ਲਮ ਦੇ ਸਮਾਨ ਹੈ ਕਿਉਂਕਿ ਉਹ ਅਤੇ ਉਸ ਦੇ ਬੱਚੇ ਗ਼ੁਲਾਮੀ ਵਿਚ ਹਨ।

it-1 1018 ਪੈਰਾ 2

ਹਾਜਰਾ

ਪੌਲੁਸ ਰਸੂਲ ਅਨੁਸਾਰ ਹਾਜਰਾ ਇਜ਼ਰਾਈਲ ਕੌਮ ਨੂੰ ਦਰਸਾਉਂਦੀ ਸੀ ਜੋ ਸੀਨਈ ਪਹਾੜ ʼਤੇ ਦਿੱਤੇ ਮੂਸਾ ਦੇ ਕਾਨੂੰਨ ਰਾਹੀਂ ਯਹੋਵਾਹ ਨਾਲ ਬੱਝੀ ਸੀ। ਇਸ ਇਕਰਾਰ ਦੇ ਅਧੀਨ “ਗ਼ੁਲਾਮੀ ਦੇ ਬੱਚੇ” ਪੈਦਾ ਹੁੰਦੇ ਸਨ। ਪਾਪੀ ਹੋਣ ਕਰਕੇ ਇਜ਼ਰਾਈਲੀ ਇਸ ਇਕਰਾਰ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕੇ। ਇਸ ਇਕਰਾਰ ਅਧੀਨ ਇਜ਼ਰਾਈਲੀ ਆਜ਼ਾਦ ਨਹੀਂ ਹੋਏ ਸਨ, ਸਗੋਂ ਗ਼ੁਲਾਮ ਹੋਣ ਕਰਕੇ ਉਹ ਪਾਪੀ ਸਨ ਤੇ ਮੌਤ ਦੀ ਸਜ਼ਾ ਦੇ ਲਾਇਕ ਸਨ। (ਯੂਹੰ 8:34; ਰੋਮੀ 8:1-3) ਪੌਲੁਸ ਦੇ ਦਿਨਾਂ ਵਿਚ ਹਾਜਰਾ ਨੂੰ ਯਰੂਸ਼ਲਮ ਨਾਲ ਦਰਸਾਇਆ ਗਿਆ ਅਤੇ ਉਹ ਤੇ ਉਸ ਦੇ ਬੱਚੇ ਗ਼ੁਲਾਮੀ ਵਿਚ ਸਨ। ਪਰ ਚੁਣੇ ਹੋਏ ਮਸੀਹੀ “ਸਵਰਗੀ ਯਰੂਸ਼ਲਮ” ਦੇ ਬੱਚੇ ਸਨ ਜਿਸ ਨੂੰ ਪਰਮੇਸ਼ੁਰ ਦੀ ਪਤਨੀ ਕਿਹਾ ਗਿਆ ਹੈ। ਇਹ ਯਰੂਸ਼ਲਮ ਸਾਰਾਹ ਦੀ ਤਰ੍ਹਾਂ ਆਜ਼ਾਦ ਤੀਵੀਂ ਹੈ ਜੋ ਕਦੇ ਗ਼ੁਲਾਮੀ ਵਿਚ ਨਹੀਂ ਸੀ। ਪਰ ਜਿਸ ਤਰ੍ਹਾਂ ਇਸਮਾਏਲ ਨੇ ਇਸਹਾਕ ਨੂੰ ਤੰਗ ਕੀਤਾ ਸੀ, ਇਸੇ ਤਰ੍ਹਾਂ “ਸਵਰਗੀ ਯਰੂਸ਼ਲਮ” ਦੇ ਬੱਚਿਆਂ, ਜਿਨ੍ਹਾਂ ਨੂੰ ਪੁੱਤਰ ਨੇ ਆਜ਼ਾਦ ਕੀਤਾ ਸੀ, ਨੂੰ ਗ਼ੁਲਾਮ ਯਰੂਸ਼ਲਮ ਦੇ ਬੱਚਿਆਂ ਹੱਥੋਂ ਦੁੱਖ ਸਹਿਣੇ ਪੈਣੇ ਸਨ। ਪਰ ਹਾਜਰਾ ਤੇ ਉਸ ਦੇ ਪੁੱਤਰ ਨੂੰ ਘਰੋਂ ਕੱਢਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੌਮ ਵਜੋਂ ਤਿਆਗ ਦਿੱਤਾ ਸੀ।​—ਗਲਾ 4:21-31; ਯੂਹੰ 8:31-40 ਵੀ ਦੇਖੋ।

(ਗਲਾਤੀਆਂ 4:26, 27) ਪਰ ਇਸ ਤੋਂ ਉਲਟ ਸਵਰਗੀ ਯਰੂਸ਼ਲਮ ਆਜ਼ਾਦ ਤੀਵੀਂ ਹੈ ਅਤੇ ਇਹ ਸਾਡੀ ਮਾਂ ਹੈ। 27 ਧਰਮ-ਗ੍ਰੰਥ ਵਿਚ ਲਿਖਿਆ ਹੈ: “ਖ਼ੁਸ਼ੀਆਂ ਮਨਾ, ਤੂੰ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ; ਅਤੇ ਤੂੰ ਜਿਸ ਨੂੰ ਜਣਨ-ਪੀੜਾਂ ਨਹੀਂ ਲੱਗੀਆਂ, ਉੱਚੀ ਆਵਾਜ਼ ਵਿਚ ਖ਼ੁਸ਼ੀਆਂ ਮਨਾ; ਕਿਉਂਕਿ ਛੁੱਟੜ ਤੀਵੀਂ ਦੇ ਉਸ ਤੀਵੀਂ ਨਾਲੋਂ ਜ਼ਿਆਦਾ ਬੱਚੇ ਹੋਣਗੇ ਜਿਸ ਦਾ ਪਤੀ ਹੈ।”

w14 10/15 10 ਪੈਰਾ 11

ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ

11 ਅਬਰਾਹਾਮ ਨਾਲ ਕੀਤਾ ਇਕਰਾਰ ਪਹਿਲਾਂ ਉਦੋਂ ਪੂਰਾ ਹੋਇਆ ਸੀ ਜਦੋਂ ਉਸ ਦੀ ਔਲਾਦ ਨੂੰ ਵਾਅਦਾ ਕੀਤਾ ਹੋਇਆ ਦੇਸ਼ ਮਿਲਿਆ। ਪਰ ਬਾਈਬਲ ਵਿਚ ਦੱਸਿਆ ਹੈ ਕਿ ਭਵਿੱਖ ਵਿਚ ਇਸ ਇਕਰਾਰ ਦੀ ਵੱਡੀ ਪੂਰਤੀ ਵੀ ਹੋਵੇਗੀ। (ਗਲਾ. 4:22-25) ਪੌਲੁਸ ਰਸੂਲ ਨੇ ਸਮਝਾਇਆ ਕਿ ਇਸ ਵੱਡੀ ਪੂਰਤੀ ਮੁਤਾਬਕ ਅਬਰਾਹਾਮ ਦੀ ਸੰਤਾਨ ਮੁੱਖ ਤੌਰ ਤੇ ਮਸੀਹ ਹੈ ਅਤੇ ਇਸ ਸੰਤਾਨ ਵਿਚ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ 1,44,000 ਮਸੀਹੀ ਵੀ ਸ਼ਾਮਲ ਹਨ। (ਗਲਾ. 3:16, 29; ਪ੍ਰਕਾ. 5:9, 10; 14:1, 4) ਸੰਤਾਨ ਨੂੰ ਜਨਮ ਦੇਣ ਵਾਲੀ ਤੀਵੀਂ “ਸਵਰਗੀ ਯਰੂਸ਼ਲਮ” ਯਾਨੀ ਪਰਮੇਸ਼ੁਰ ਦੇ ਸੰਗਠਨ ਦਾ ਸਵਰਗੀ ਹਿੱਸਾ ਹੈ ਜਿਸ ਵਿਚ ਵਫ਼ਾਦਾਰ ਸਵਰਗੀ ਪ੍ਰਾਣੀ ਹਨ। (ਗਲਾ. 4:26, 31) ਜਿਵੇਂ ਅਬਰਾਹਾਮ ਨਾਲ ਕੀਤੇ ਇਕਰਾਰ ਵਿਚ ਵਾਅਦਾ ਕੀਤਾ ਗਿਆ ਸੀ, ਤੀਵੀਂ ਦੀ ਸੰਤਾਨ ਰਾਹੀਂ ਮਨੁੱਖਜਾਤੀ ਨੂੰ ਬਰਕਤਾਂ ਮਿਲਣਗੀਆਂ।

(ਗਲਾਤੀਆਂ 4:28-31) ਭਰਾਵੋ, ਇਸਹਾਕ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹਾਂ। 29 ਪਰ ਜਿਵੇਂ ਕੁਦਰਤੀ ਤੌਰ ਤੇ ਪੈਦਾ ਹੋਇਆ ਪੁੱਤਰ, ਉਦੋਂ ਉਸ ਪੁੱਤਰ ਨੂੰ ਸਤਾਉਣ ਲੱਗ ਪਿਆ ਜਿਸ ਦਾ ਜਨਮ ਪਵਿੱਤਰ ਸ਼ਕਤੀ ਰਾਹੀਂ ਹੋਇਆ ਸੀ, ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ। 30 ਪਰ ਧਰਮ-ਗ੍ਰੰਥ ਵਿਚ ਕੀ ਲਿਖਿਆ ਗਿਆ ਹੈ? “ਗ਼ੁਲਾਮ ਤੀਵੀਂ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢ ਦੇ ਕਿਉਂਕਿ ਗ਼ੁਲਾਮ ਤੀਵੀਂ ਦਾ ਪੁੱਤਰ ਆਜ਼ਾਦ ਤੀਵੀਂ ਦੇ ਪੁੱਤਰ ਨਾਲ ਹਰਗਿਜ਼ ਵਾਰਸ ਨਹੀਂ ਬਣੇਗਾ।” 31 ਸੋ ਭਰਾਵੋ, ਅਸੀਂ ਗ਼ੁਲਾਮ ਤੀਵੀਂ ਦੇ ਬੱਚੇ ਨਹੀਂ ਹਾਂ, ਸਗੋਂ ਅਸੀਂ ਆਜ਼ਾਦ ਤੀਵੀਂ ਦੇ ਬੱਚੇ ਹਾਂ।

ਹੀਰੇ-ਮੋਤੀਆਂ ਦੀ ਖੋਜ ਕਰੋ

(ਗਲਾਤੀਆਂ 4:6) ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ ਜੋ ਉਸ ਦੇ ਪੁੱਤਰ ਕੋਲ ਹੈ, ਤੁਹਾਡੇ ਦਿਲਾਂ ਵਿਚ ਪਾਈ ਹੈ ਅਤੇ ਇਹ ਸ਼ਕਤੀ ਤੁਹਾਨੂੰ “ਅੱਬਾ, ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।

w09 4/1 13

ਕੀ ਤੁਸੀਂ ਜਾਣਦੇ ਹੋ?

ਯਿਸੂ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ “ਅੱਬਾ, ਪਿਤਾ” ਕਿਉਂ ਪੁਕਾਰਿਆ?

ਅਰਾਮੀ ਸ਼ਬਦ “ਅੱਬਾ” ਦਾ ਮਤਲਬ ਹੋ ਸਕਦਾ ਹੈ, “ਪਿਤਾ” ਜਾਂ “ਹੇ ਪਿਤਾ।” ਬਾਈਬਲ ਵਿਚ ਇਹ ਸ਼ਬਦ ਤਿੰਨ ਵਾਰ ਆਇਆ ਤੇ ਇਹ ਪ੍ਰਾਰਥਨਾ ਵਿਚ ਅਤੇ ਸਵਰਗੀ ਪਿਤਾ ਯਹੋਵਾਹ ਲਈ ਵਰਤਿਆ ਗਿਆ। ਇਹ ਸ਼ਬਦ ਕੀ ਮਾਅਨੇ ਰੱਖਦਾ ਹੈ?

ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਦੱਸਦਾ ਹੈ: “ਯਿਸੂ ਦੇ ਜ਼ਮਾਨੇ ਵਿਚ ਬੱਚੇ ਆਮ ਗੱਲਬਾਤ ਵਿਚ ਇਹ ਸ਼ਬਦ ਲਾਡ ਨਾਲ ਅਤੇ ਆਦਰ ਦੇਣ ਲਈ ਵਰਤਦੇ ਸਨ। ਇਹ ਸ਼ਬਦ ਪਿਤਾ ਨੂੰ ਬੁਲਾਉਣ ਲਈ ਵਰਤਿਆ ਜਾਂਦਾ ਸੀ ਅਤੇ ਇਹ ਉਨ੍ਹਾਂ ਸ਼ਬਦਾਂ ਵਿੱਚੋਂ ਇਕ ਸੀ ਜੋ ਬੱਚੇ ਸ਼ੁਰੂ-ਸ਼ੁਰੂ ਵਿਚ ਸਿੱਖਦੇ ਸਨ। ਯਿਸੂ ਨੇ ਇਹ ਸ਼ਬਦ ਖ਼ਾਸ ਕਰਕੇ ਆਪਣੇ ਪਿਤਾ ਨੂੰ ਬੇਨਤੀ ਕਰਨ ਲਈ ਵਰਤਿਆ ਸੀ। ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਗਥਸਮਨੀ ਦੇ ਬਾਗ਼ ਵਿਚ ਯਿਸੂ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ “ਹੇ ਅੱਬਾ, ਮੇਰੇ ਪਿਤਾ” ਕਿਹਾ।​—ਮਰ 14:36.

ਇਸੇ ਐਨਸਾਈਕਲੋਪੀਡੀਆ ਅਨੁਸਾਰ “ਯੂਨਾਨੀ-ਰੋਮੀ ਸਮੇਂ ਵਿਚ ਯਹੂਦੀ ਸਾਹਿੱਤ ਵਿਚ ਪਰਮੇਸ਼ੁਰ ਨੂੰ ‘ਅੱਬਾ’ ਕਹਿ ਕੇ ਬੁਲਾਉਣਾ ਆਮ ਨਹੀਂ ਸੀ। ਬਿਨਾਂ ਸ਼ੱਕ, ਇਸ ਤਰੀਕੇ ਨਾਲ ਪਰਮੇਸ਼ੁਰ ਨੂੰ ਬੁਲਾਉਣਾ ਸ਼ਰਧਾਹੀਣ ਸਮਝਿਆ ਜਾਂਦਾ ਹੋਣਾ।” ਪਰ ‘ਪ੍ਰਾਰਥਨਾ ਵਿਚ ਯਿਸੂ ਦਾ ਪਰਮੇਸ਼ੁਰ ਨੂੰ ਇੱਦਾਂ ਬੁਲਾਏ ਜਾਣ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਮੇਸ਼ੁਰ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਸੀ।’ ਪੌਲੁਸ ਰਸੂਲ ਦੁਆਰਾ ਲਿਖੀਆਂ ਬਾਈਬਲ ਦੀਆਂ ਕਿਤਾਬਾਂ ਵਿਚ ਦੋ ਹੋਰ ਥਾਵਾਂ ʼਤੇ “ਅੱਬਾ” ਸ਼ਬਦ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਇਹ ਸ਼ਬਦ ਵਰਤਦੇ ਸਨ।​—ਰੋਮੀ 8:15; ਗਲਾ 4:6.

(ਗਲਾਤੀਆਂ 6:17) ਅੱਗੇ ਤੋਂ ਕੋਈ ਵੀ ਮੇਰੇ ਲਈ ਮੁਸੀਬਤ ਨਾ ਖੜ੍ਹੀ ਕਰੇ ਕਿਉਂਕਿ ਮੇਰੇ ਸਰੀਰ ਉੱਤੇ ਯਿਸੂ ਦੇ ਦਾਸ ਹੋਣ ਦੇ ਨਿਸ਼ਾਨ ਦਾਗ਼ੇ ਹੋਏ ਹਨ।

w10 11/1 15

ਕੀ ਤੁਸੀਂ ਜਾਣਦੇ ਹੋ?

ਪੌਲੁਸ ਨੇ ਕਿਹੜੇ ਤਰੀਕਿਆਂ ਨਾਲ ਆਪਣੇ “ਸਰੀਰ ਉੱਤੇ ਯਿਸੂ ਦੇ ਦਾਸ ਹੋਣ ਦੇ ਨਿਸ਼ਾਨ ਦਾਗ਼ੇ ਹੋਏ” ਸਨ?​—ਗਲਾਤੀਆਂ 6:17.

▪ ਪੌਲੁਸ ਦੀ ਗੱਲ ਨੂੰ ਲੈ ਕੇ ਪਹਿਲੀ ਸਦੀ ਦੇ ਮਸੀਹੀਆਂ ਦੇ ਮਨ ਵਿਚ ਇਸ ਗੱਲ ਦੇ ਬਹੁਤ ਸਾਰੇ ਮਤਲਬ ਆਏ ਹੋਣੇ। ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਯੁੱਧ ਵਿਚ ਬੰਦੀ ਬਣਾਏ ਕੈਦੀਆਂ, ਮੰਦਰਾਂ ਦੇ ਲੁਟੇਰਿਆਂ ਤੇ ਭਗੌੜੇ ਕੈਦੀਆਂ ਨੂੰ ਦਾਗ਼ੇ ਜਾਣ ਲਈ ਲੋਹੇ ਦੀ ਗਰਮ-ਗਰਮ ਲੋਹੇ ਦੀ ਸੀਖ ਵਰਤੀ ਜਾਂਦੀ ਸੀ। ਜਦੋਂ ਇਸ ਤਰ੍ਹਾਂ ਇਨਸਾਨਾਂ ਨੂੰ ਦਾਗ਼ਿਆ ਜਾਂਦਾ ਸੀ, ਤਾਂ ਇਸ ਨਾਲ ਪਏ ਨਿਸ਼ਾਨ ਨੂੰ ਬੇਇੱਜ਼ਤੀ ਦਾ ਕਾਰਨ ਮੰਨਿਆ ਜਾਂਦਾ ਸੀ।

ਪਰ ਦਾਗ਼ੇ ਹੋਏ ਨਿਸ਼ਾਨਾਂ ਨੂੰ ਹਮੇਸ਼ਾ ਬੁਰਾ ਨਹੀਂ ਮੰਨਿਆ ਜਾਂਦਾ ਸੀ। ਪੁਰਾਣੇ ਸਮੇਂ ਵਿਚ ਬਹੁਤ ਸਾਰੇ ਲੋਕ ਕਿਸੇ ਖ਼ਾਸ ਕੌਮ ਜਾਂ ਧਰਮ ਦੇ ਮੈਂਬਰ ਬਣਨ ਲਈ ਇਹ ਨਿਸ਼ਾਨ ਲਗਵਾਉਂਦੇ ਸਨ। ਮਿਸਾਲ ਲਈ, ਥੀਓਲਾਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ ਅਨੁਸਾਰ “ਸੀਰੀਆ ਦੇ ਲੋਕ ਆਪਣੇ ਆਪ ਨੂੰ ਹਦਦ ਅਤੇ ਆਟਰਗਾਟਿਸ ਦੇਵੀ-ਦੇਵਤਿਆਂ ਨੂੰ ਸਮਰਪਿਤ ਕਰਨ ਲਈ ਆਪਣੀ ਬਾਹ ਜਾਂ ਗਰਦਨ ʼਤੇ ਨਿਸ਼ਾਨ ਲਾਉਂਦੇ ਸਨ। . . . ਡਾਇਆਨਾਇਸਸ ਦੇਵਤੇ ਦੇ ਭਗਤ ਆਪਣੇ ʼਤੇ ਆਇਵੀ ਪੱਤੇ ਦਾ ਨਿਸ਼ਾਨ ਦਾਗ਼ਦੇ ਸਨ।”

ਅੱਜ ਦੇ ਬਹੁਤ ਸਾਰੇ ਟਿੱਪਣੀਕਾਰ ਮੰਨਦੇ ਹਨ ਕਿ ਪੌਲੁਸ ਉਨ੍ਹਾਂ ਨਿਸ਼ਾਨਾਂ ਬਾਰੇ ਗੱਲ ਕਰ ਰਿਹਾ ਸੀ ਜੋ ਉਸ ਨੂੰ ਆਪਣੇ ਮਿਸ਼ਨਰੀ ਸੇਵਾ ਦੌਰਾਨ ਅਲੱਗ-ਅਲੱਗ ਮੌਕਿਆਂ ʼਤੇ ਸਤਾਉਣ ਵੇਲੇ ਮਿਲੇ ਸਨ। (2 ਕੁਰਿੰਥੀਆਂ 11:23-27) ਪਰ ਸ਼ਾਇਦ ਪੌਲੁਸ ਇੱਥੇ ਆਪਣੇ ਸਰੀਰ ʼਤੇ ਸੱਚ-ਮੁੱਚ ਦੇ ਦਾਗ਼ਾਂ ਦੀ ਗੱਲ ਕਰਨ ਦੀ ਬਜਾਇ ਆਪਣੇ ਜੀਉਣ ਦੇ ਤਰੀਕੇ ਦੀ ਗੱਲ ਕਰ ਰਿਹਾ ਹੋਵੇ ਜੋ ਇਕ ਮਸੀਹੀ ਵਜੋਂ ਉਸ ਦੀ ਪਛਾਣ ਕਰਵਾਉਂਦੇ ਸਨ।

ਬਾਈਬਲ ਪੜ੍ਹਾਈ

(ਗਲਾਤੀਆਂ 4:1-20) ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦ ਤਕ ਵਾਰਸ ਬੱਚਾ ਹੁੰਦਾ ਹੈ, ਉਸ ਵਿਚ ਅਤੇ ਨੌਕਰ ਵਿਚ ਕੋਈ ਫ਼ਰਕ ਨਹੀਂ ਹੁੰਦਾ, ਭਾਵੇਂ ਬੱਚਾ ਸਾਰੀਆਂ ਚੀਜ਼ਾਂ ਦਾ ਮਾਲਕ ਹੁੰਦਾ ਹੈ, 2 ਪਰ ਉਹ ਆਪਣੇ ਪਿਤਾ ਦੇ ਠਹਿਰਾਏ ਦਿਨ ਤਕ ਆਪਣੇ ਦੇਖ-ਰੇਖ ਕਰਨ ਵਾਲਿਆਂ ਅਤੇ ਘਰ ਦੇ ਪ੍ਰਬੰਧਕਾਂ ਦੇ ਅਧੀਨ ਰਹਿੰਦਾ ਹੈ। 3 ਇਸੇ ਤਰ੍ਹਾਂ ਜਦੋਂ ਅਸੀਂ ਬੱਚੇ ਸੀ, ਤਾਂ ਅਸੀਂ ਵੀ ਦੁਨੀਆਂ ਦੇ ਬੁਨਿਆਦੀ ਅਸੂਲਾਂ ਦੇ ਗ਼ੁਲਾਮ ਹੁੰਦੇ ਸੀ। 4 ਪਰ ਜਦੋਂ ਸਮਾਂ ਪੂਰਾ ਹੋਇਆ, ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲਿਆ, ਜੋ ਇਕ ਤੀਵੀਂ ਤੋਂ ਪੈਦਾ ਹੋਇਆ ਸੀ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਸੀ, 5 ਤਾਂਕਿ ਜਿਹੜੇ ਲੋਕ ਮੂਸਾ ਦੇ ਕਾਨੂੰਨ ਦੇ ਅਧੀਨ ਹਨ, ਉਨ੍ਹਾਂ ਨੂੰ ਖ਼ਰੀਦ ਕੇ ਛੁਡਾਇਆ ਜਾ ਸਕੇ ਅਤੇ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾ ਸਕੇ। 6 ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ ਜੋ ਉਸ ਦੇ ਪੁੱਤਰ ਕੋਲ ਹੈ, ਤੁਹਾਡੇ ਦਿਲਾਂ ਵਿਚ ਪਾਈ ਹੈ ਅਤੇ ਇਹ ਸ਼ਕਤੀ ਤੁਹਾਨੂੰ “ਅੱਬਾ, ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ। 7 ਇਸ ਲਈ ਹੁਣ ਤੁਸੀਂ ਗ਼ੁਲਾਮ ਨਹੀਂ ਰਹੇ, ਸਗੋਂ ਪੁੱਤਰ ਹੋ; ਅਤੇ ਜੇ ਤੁਸੀਂ ਪੁੱਤਰ ਹੋ, ਤਾਂ ਫਿਰ ਪਰਮੇਸ਼ੁਰ ਨੇ ਤੁਹਾਨੂੰ ਵਾਰਸ ਵੀ ਬਣਾਇਆ ਹੈ। 8 ਪਰ ਜਦੋਂ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ, ਉਦੋਂ ਤੁਸੀਂ ਉਨ੍ਹਾਂ ਦੇ ਗ਼ੁਲਾਮ ਸੀ ਜੋ ਅਸਲ ਵਿਚ ਪਰਮੇਸ਼ੁਰ ਨਹੀਂ ਹਨ। 9 ਹੁਣ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ, ਜਾਂ ਕਹਿ ਲਓ ਕਿ ਪਰਮੇਸ਼ੁਰ ਤੁਹਾਨੂੰ ਜਾਣਦਾ ਹੈ, ਤਾਂ ਫਿਰ ਤੁਸੀਂ ਬੇਕਾਰ ਤੇ ਫਜ਼ੂਲ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਕਿਉਂ ਜਾ ਰਹੇ ਹੋ ਅਤੇ ਦੁਬਾਰਾ ਉਨ੍ਹਾਂ ਦੀ ਗ਼ੁਲਾਮੀ ਕਿਉਂ ਕਰਨੀ ਚਾਹੁੰਦੇ ਹੋ? 10 ਹਾਂ, ਤੁਸੀਂ ਬੜੇ ਧਿਆਨ ਨਾਲ ਖ਼ਾਸ ਦਿਨ, ਮਹੀਨੇ, ਸਮੇਂ ਅਤੇ ਸਾਲ ਮਨਾਉਂਦੇ ਹੋ। 11 ਮੈਨੂੰ ਡਰ ਹੈ ਕਿ ਮੈਂ ਤੁਹਾਡੇ ਲਈ ਜੋ ਮਿਹਨਤ ਕੀਤੀ ਹੈ, ਉਹ ਕਿਤੇ ਬੇਕਾਰ ਨਾ ਚਲੀ ਜਾਵੇ। 12 ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ ਕਿਉਂਕਿ ਪਹਿਲਾਂ ਮੈਂ ਵੀ ਤੁਹਾਡੇ ਵਾਂਗ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀਆਂ ਗੱਲਾਂ ʼਤੇ ਚੱਲਦਾ ਸੀ। ਤੁਸੀਂ ਮੇਰੇ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ। 13 ਪਰ ਤੁਸੀਂ ਜਾਣਦੇ ਹੋ ਕਿ ਮੇਰੀ ਬੀਮਾਰੀ ਕਰਕੇ ਮੈਨੂੰ ਪਹਿਲੀ ਵਾਰ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ। 14 ਅਤੇ ਬੇਸ਼ੱਕ ਮੇਰੀ ਬੀਮਾਰੀ ਤੁਹਾਡੇ ਲਈ ਅਜ਼ਮਾਇਸ਼ ਸੀ, ਫਿਰ ਵੀ ਤੁਸੀਂ ਮੇਰੇ ਨਾਲ ਘਿਰਣਾ ਨਹੀਂ ਕੀਤੀ ਜਾਂ ਮੇਰੇ ਮੂੰਹ ʼਤੇ ਨਹੀਂ ਥੁੱਕਿਆ; ਪਰ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਵੇਂ ਮੈਂ ਪਰਮੇਸ਼ੁਰ ਦਾ ਇਕ ਦੂਤ ਹੋਵਾਂ ਜਾਂ ਆਪ ਮਸੀਹ ਯਿਸੂ ਹੋਵਾਂ। 15 ਤਾਂ ਫਿਰ, ਤੁਹਾਡੀ ਉਹ ਖ਼ੁਸ਼ੀ ਕਿੱਥੇ ਗਈ? ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜੇ ਮੁਮਕਿਨ ਹੁੰਦਾ, ਤਾਂ ਤੁਸੀਂ ਆਪਣੀਆਂ ਅੱਖਾਂ ਕੱਢ ਕੇ ਮੈਨੂੰ ਦੇ ਦੇਣੀਆਂ ਸਨ। 16 ਤਾਂ ਫਿਰ, ਕੀ ਮੈਂ ਇਸ ਲਈ ਤੁਹਾਡਾ ਦੁਸ਼ਮਣ ਬਣ ਗਿਆ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਦਾ ਹਾਂ? 17 ਕੁਝ ਲੋਕ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਦਾ ਇਰਾਦਾ ਨੇਕ ਨਹੀਂ ਹੈ। ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨਾ ਚਾਹੁੰਦੇ ਹਨ, ਤਾਂਕਿ ਤੁਸੀਂ ਬੜੇ ਜੋਸ਼ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਜਾਓ। 18 ਪਰ ਮੇਰੇ ਪਿਆਰੇ ਬੱਚਿਓ, ਜੇ ਕੋਈ ਇਨਸਾਨ ਹਰ ਵੇਲੇ ਨੇਕ ਇਰਾਦੇ ਨਾਲ ਤੁਹਾਨੂੰ ਆਪਣੇ ਵੱਲ ਖਿੱਚਣਾ ਚਾਹੇ, ਨਾ ਸਿਰਫ਼ ਉਦੋਂ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਇਹ ਤੁਹਾਡੇ ਲਈ ਚੰਗੀ ਗੱਲ ਹੈ। 19 ਮੈਂ ਤੁਹਾਡੇ ਲਈ ਫਿਰ ਤੋਂ ਜਣਨ-ਪੀੜਾਂ ਸਹਿ ਰਿਹਾ ਹਾਂ ਅਤੇ ਉਦੋਂ ਤਕ ਸਹਿੰਦਾ ਰਹਾਂਗਾ ਜਦ ਤਕ ਤੁਸੀਂ ਮਸੀਹ ਵਰਗੇ ਨਹੀਂ ਬਣ ਜਾਂਦੇ। 20 ਕਾਸ਼ ਮੈਂ ਤੁਹਾਡੇ ਕੋਲ ਹੁੰਦਾ ਅਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਨੂੰ ਕਿਵੇਂ ਸਮਝਾਵਾਂ।

10-16 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਅਫ਼ਸੀਆਂ 1-3

“ਯਹੋਵਾਹ ਦਾ ਪ੍ਰਬੰਧ ਅਤੇ ਇਸ ਦਾ ਮਕਸਦ”

(ਅਫ਼ਸੀਆਂ 1:8, 9) ਸਾਡੇ ʼਤੇ ਦਿਲ ਖੋਲ੍ਹ ਕੇ ਅਪਾਰ ਕਿਰਪਾ ਕਰਨ ਦੇ ਨਾਲ-ਨਾਲ ਉਸ ਨੇ ਸਾਨੂੰ ਬੁੱਧ ਅਤੇ ਸਮਝ ਵੀ ਬਖ਼ਸ਼ੀ ਹੈ 9 ਯਾਨੀ ਸਾਨੂੰ ਆਪਣੀ ਇੱਛਾ ਦਾ ਭੇਤ ਦੱਸਿਆ ਹੈ। ਇਹ ਭੇਤ ਉਸ ਦੇ ਮਕਸਦ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ।

it-2 837 ਪੈਰਾ 4

ਭੇਤ

ਮਸੀਹ ਦਾ ਰਾਜ। ਪੌਲੁਸ ਨੇ ਆਪਣੀਆਂ ਲਿਖਤਾਂ ਵਿਚ ਮਸੀਹ ਦੇ ਰਾਜ ਦੇ ਭੇਤ ਬਾਰੇ ਖੋਲ੍ਹ ਕੇ ਦੱਸਿਆ। ਅਫ਼ਸੀਆਂ 1:9-11 ਵਿਚ ਉਸ ਨੇ ਦੱਸਿਆ ਕਿ ਪਰਮੇਸ਼ੁਰ ਨੇ ਆਪਣੀ ਇੱਛਾ ਦਾ “ਭੇਤ” ਦੱਸਿਆ ਤੇ ਕਿਹਾ: “ਇਹ ਭੇਤ ਉਸ ਦੇ ਮਕਸਦ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ। ਉਸ ਦਾ ਮਕਸਦ ਹੈ ਕਿ ਮਿਥਿਆ ਸਮਾਂ ਪੂਰਾ ਹੋਣ ʼਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ, ਹਾਂ ਮਸੀਹ ਦੇ ਅਧੀਨ ਕਰੇ, ਜਿਸ ਦੇ ਨਾਲ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਸਾਨੂੰ ਉਸ ਨਾਲ ਵਾਰਸ ਬਣਾਇਆ ਗਿਆ ਹੈ। ਇਸ ਦਾ ਫ਼ੈਸਲਾ ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਹੀ ਕੀਤਾ ਸੀ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਪੂਰਾ ਕਰਦਾ ਹੈ।” ਇਸ “ਭੇਤ” ਵਿਚ ਸਰਕਾਰ ਯਾਨੀ ਮਸੀਹ ਦਾ ਰਾਜ ਸ਼ਾਮਲ ਹੈ। ਪੌਲੁਸ ਨੇ “ਸਵਰਗ ਦੀਆਂ ਸਾਰੀਆਂ ਚੀਜ਼ਾਂ” ਦਾ ਜ਼ਿਕਰ ਕੀਤਾ, ਉਹ ਮਸੀਹ ਦੇ ਸਵਰਗੀ ਰਾਜ ਦੇ ਵਾਰਸ ਹਨ। “ਧਰਤੀ ਦੀਆਂ ਸਾਰੀਆਂ ਚੀਜ਼ਾਂ” ਧਰਤੀ ਦੇ ਵਾਰਸ ਬਣਨ ਵਾਲੇ ਲੋਕ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਗੱਲ ਕਰਦਿਆਂ ਦੱਸਿਆ ਕਿ ਭੇਤ ਰਾਜ ਨਾਲ ਸੰਬੰਧਿਤ ਹੈ ਜਦੋਂ ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦੱਸਿਆ ਗਿਆ ਹੈ।”​—ਮਰ 4:11.

(ਅਫ਼ਸੀਆਂ 1:10) ਉਸ ਦਾ ਮਕਸਦ ਹੈ ਕਿ ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ, ਹਾਂ ਮਸੀਹ ਦੇ ਅਧੀਨ ਕਰੇ,

w12 7/15 27-28 ਪੈਰੇ 3-4

ਯਹੋਵਾਹ ਆਪਣੇ ਪਰਿਵਾਰ ਨੂੰ ਇਕੱਠਾ ਕਰਦਾ ਹੈ

3 ਮੂਸਾ ਨੇ ਇਜ਼ਰਾਈਲੀਆਂ ਨੂੰ ਦੱਸਿਆ ਸੀ: “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” (ਬਿਵ. 6:4) ਯਹੋਵਾਹ ਜੋ ਵੀ ਕਰਦਾ ਹੈ, ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕਰਦਾ ਹੈ। ਇਸ ਲਈ “ਮਿਥਿਆ ਸਮਾਂ ਪੂਰਾ ਹੋਣ ਤੇ” ਉਸ ਨੇ ਸਵਰਗ ਅਤੇ ਧਰਤੀ ਉੱਤੇ ਸਾਰਿਆਂ ਵਿਚ ਏਕਤਾ ਕਾਇਮ ਕਰਨ ਲਈ ਇਕ ਖ਼ਾਸ “ਪ੍ਰਬੰਧ” ਕੀਤਾ। (ਅਫ਼ਸੀਆਂ 1:8-10 ਪੜ੍ਹੋ।) ਇਸ ਪ੍ਰਬੰਧ ਅਨੁਸਾਰ ਪਹਿਲਾਂ ਚੁਣੇ ਹੋਏ ਮਸੀਹੀਆਂ ਨੂੰ ਯਿਸੂ ਮਸੀਹ ਅਧੀਨ ਸਵਰਗ ਵਿਚ ਰਹਿਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਕੰਮ ਪੰਤੇਕੁਸਤ 33 ਈ. ਵਿਚ ਸ਼ੁਰੂ ਹੋਇਆ ਸੀ ਜਦੋਂ ਯਹੋਵਾਹ ਨੇ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਵਾਲੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। (ਰਸੂ. 2:1-4) ਚੁਣੇ ਹੋਏ ਮਸੀਹੀਆਂ ਨੂੰ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਧਰਮੀ ਠਹਿਰਾਇਆ ਗਿਆ ਹੈ ਅਤੇ ਸਵਰਗ ਵਿਚ ਜ਼ਿੰਦਗੀ ਪ੍ਰਾਪਤ ਕਰਨ ਦੇ ਕਾਬਲ ਸਮਝਿਆ ਗਿਆ ਹੈ। ਇਸ ਲਈ ਉਹ ਵੀ ਇਹ ਗੱਲ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਬੱਚਿਆਂ’ ਵਜੋਂ ਅਪਣਾਇਆ ਗਿਆ ਹੈ।​—ਰੋਮੀ. 3:23, 24; 5:1; 8:15-17.

4 ਫਿਰ ਉਨ੍ਹਾਂ ਲੋਕਾਂ ਨੂੰ ਤਿਆਰ ਕੀਤਾ ਜਾਂਦਾ ਹੈ ਜਿਹੜੇ ਮਸੀਹ ਅਤੇ ਚੁਣੇ ਹੋਏ ਮਸੀਹੀਆਂ ਦੇ ਰਾਜ ਅਧੀਨ ਸੋਹਣੀ ਧਰਤੀ ਉੱਤੇ ਰਹਿਣਗੇ। ਇਨ੍ਹਾਂ ਲੋਕਾਂ ਵਿਚ ਸਭ ਤੋਂ ਪਹਿਲਾਂ “ਵੱਡੀ ਭੀੜ” ਹੋਵੇਗੀ। (ਪ੍ਰਕਾ. 7:9, 13-17; 21:1-5) ਫਿਰ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਅਰਬਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਪ੍ਰਕਾ. 20:12, 13) ਜ਼ਰਾ ਸੋਚੋ ਉਦੋਂ ਸਾਡੇ ਕੋਲ ਇਹ ਦਿਖਾਉਣ ਦੇ ਹੋਰ ਕਿੰਨੇ ਮੌਕੇ ਹੋਣਗੇ ਕਿ ਸਾਡੇ ਸਾਰਿਆਂ ਵਿਚ ਏਕਤਾ ਹੈ! ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤੋਂ ਬਾਅਦ “ਧਰਤੀ ਦੀਆਂ ਸਾਰੀਆਂ ਚੀਜ਼ਾਂ” ਯਾਨੀ ਇਨਸਾਨਾਂ ਦੀ ਆਖ਼ਰੀ ਪਰੀਖਿਆ ਲਈ ਜਾਵੇਗੀ। ਜਿਹੜੇ ਲੋਕ ਵਫ਼ਾਦਾਰ ਸਾਬਤ ਹੋਣਗੇ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਬੱਚਿਆਂ’ ਵਜੋਂ ਅਪਣਾਇਆ ਜਾਵੇਗਾ।​—ਰੋਮੀ. 8:21; ਪ੍ਰਕਾ. 20:7, 8.

ਹੀਰੇ-ਮੋਤੀਆਂ ਦੀ ਖੋਜ ਕਰੋ

(ਅਫ਼ਸੀਆਂ 3:13) ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਦੁੱਖਾਂ ਕਰਕੇ, ਜੋ ਮੈਂ ਤੁਹਾਡੀ ਖ਼ਾਤਰ ਝੱਲ ਰਿਹਾ ਹਾਂ, ਹਿੰਮਤ ਨਾ ਹਾਰੋ ਕਿਉਂਕਿ ਮੇਰੇ ਦੁੱਖਾਂ ਕਾਰਨ ਤੁਹਾਡੀ ਵਡਿਆਈ ਹੋਵੇਗੀ।

w13 2/15 28 ਪੈਰਾ 15

ਕੋਈ ਵੀ ਗੱਲ ਤੁਹਾਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਤੋਂ ਨਾ ਰੋਕੇ

15 ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਤੋਂ ਦੂਸਰਿਆਂ ਨੂੰ ਪਰਮੇਸ਼ੁਰ ਤੋਂ ਮਹਿਮਾ ਪਾਉਣ ਦੀ ਪ੍ਰੇਰਣਾ ਮਿਲੇਗੀ। ਅਫ਼ਸੁਸ ਦੀ ਮੰਡਲੀ ਨੂੰ ਪੌਲੁਸ ਨੇ ਲਿਖਿਆ: “ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਦੁੱਖਾਂ ਕਰਕੇ, ਜੋ ਮੈਂ ਤੁਹਾਡੀ ਖ਼ਾਤਰ ਝੱਲ ਰਿਹਾ ਹਾਂ, ਹਿੰਮਤ ਨਾ ਹਾਰੋ ਕਿਉਂਕਿ ਮੇਰੇ ਦੁੱਖਾਂ ਕਾਰਨ ਤੁਹਾਡੀ ਵਡਿਆਈ ਹੋਵੇਗੀ।” (ਅਫ਼. 3:13) ਪੌਲੁਸ ਨੇ ਕਿਉਂ ਕਿਹਾ ਸੀ ਕਿ ਉਸ ਦੇ ਦੁੱਖਾਂ ਕਰਕੇ ਅਫ਼ਸੁਸ ਦੇ ਭੈਣਾਂ-ਭਰਾਵਾਂ ਦੀ ਵਡਿਆਈ ਹੋਣੀ ਸੀ? ਦੁੱਖਾਂ ਦੇ ਬਾਵਜੂਦ ਉਸ ਨੇ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਯਹੋਵਾਹ ਦੀ ਸੇਵਾ ਕਰਨੀ ਉਨ੍ਹਾਂ ਲਈ ਕਿੰਨੇ ਸਨਮਾਨ ਦੀ ਗੱਲ ਹੋਣੀ ਚਾਹੀਦੀ ਸੀ। ਜੇ ਪੌਲੁਸ ਦੁੱਖਾਂ ਕਰਕੇ ਸੇਵਾ ਕਰਨੀ ਛੱਡ ਦਿੰਦਾ, ਤਾਂ ਭੈਣਾਂ-ਭਰਾਵਾਂ ਦੀਆਂ ਨਜ਼ਰਾਂ ਵਿਚ ਸ਼ਾਇਦ ਯਹੋਵਾਹ ਨਾਲ ਦੋਸਤੀ, ਪ੍ਰਚਾਰ ਕਰਨ ਦੇ ਸਨਮਾਨ ਜਾਂ ਉਨ੍ਹਾਂ ਦੀ ਉਮੀਦ ਦੀ ਕੋਈ ਕੀਮਤ ਨਾ ਰਹਿੰਦੀ। ਪੌਲੁਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਮਸੀਹ ਦਾ ਚੇਲਾ ਹੋਣਾ ਬਹੁਤ ਸਨਮਾਨ ਦੀ ਗੱਲ ਸੀ ਜਿਸ ਕਰਕੇ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਸੀ।

(ਅਫ਼ਸੀਆਂ 3:19) ਅਤੇ ਮਸੀਹ ਦੇ ਪਿਆਰ ਨੂੰ ਜਾਣ ਸਕੋ ਜੋ ਗਿਆਨ ਤੋਂ ਕਿਤੇ ਉੱਤਮ ਹੈ, ਤਾਂਕਿ ਪਰਮੇਸ਼ੁਰ ਤੁਹਾਨੂੰ ਆਪਣੇ ਗੁਣਾਂ ਨਾਲ ਭਰਪੂਰ ਕਰੇ।

cl 299 ਪੈਰਾ 21

‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’

21 ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਜਾਣਨਾ’ ਕੀਤਾ ਗਿਆ ਹੈ ਉਸ ਦਾ ਮਤਲਬ ‘ਤਜਰਬੇ ਰਾਹੀਂ’ ਜਾਣਨਾ ਹੈ। ਜਦ ਅਸੀਂ ਯਿਸੂ ਵਾਂਗ ਸੱਚੇ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ। ਉਹ ਆਪਾ ਵਾਰ ਕੇ ਦੂਸਰਿਆਂ ਦੀ ਮਦਦ ਕਰਦਾ ਸੀ, ਉਹ ਲੋਕਾਂ ਤੇ ਤਰਸ ਖਾ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਅਤੇ ਉਹ ਦਿਲੋਂ ਮਾਫ਼ ਕਰਦਾ ਸੀ। ਉਸ ਦੀ ਨਕਲ ਕਰ ਕੇ ਸਾਨੂੰ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣਨ’ ਦਾ ਤਜਰਬਾ ਹੋਵੇਗਾ। ਅਤੇ ਇਹ ਗੱਲ ਕਦੀ ਨਾ ਭੁੱਲੋ ਕਿ ਅਸੀਂ ਜਿੰਨਾ ਜ਼ਿਆਦਾ ਯਿਸੂ ਵਰਗੇ ਬਣਾਂਗੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਨੇੜੇ ਰਹਾਂਗੇ ਜਿਸ ਦੀ ਯਿਸੂ ਨੇ ਨਕਲ ਕੀਤੀ ਸੀ।

ਬਾਈਬਲ ਪੜ੍ਹਾਈ

(ਅਫ਼ਸੀਆਂ 1:1-14) ਮੈਂ ਪੌਲੁਸ, ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਮਸੀਹ ਯਿਸੂ ਦਾ ਰਸੂਲ ਹਾਂ, ਇਹ ਚਿੱਠੀ ਅਫ਼ਸੁਸ ਦੇ ਪਵਿੱਤਰ ਸੇਵਕਾਂ ਨੂੰ ਲਿਖ ਰਿਹਾ ਹਾਂ ਜੋ ਮਸੀਹ ਯਿਸੂ ਦੇ ਵਫ਼ਾਦਾਰ ਚੇਲੇ ਹਨ: 2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ। 3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਸਾਨੂੰ ਮਸੀਹ ਦੇ ਚੇਲੇ ਹੋਣ ਕਰਕੇ ਪਵਿੱਤਰ ਸ਼ਕਤੀ ਦੁਆਰਾ ਸਵਰਗ ਵਿਚ ਹਰ ਤਰ੍ਹਾਂ ਦੀ ਬਰਕਤ ਦਿੱਤੀ ਹੈ, 4 ਕਿਉਂਕਿ ਉਸ ਨੇ ਸਾਨੂੰ ਦੁਨੀਆਂ ਦੀ ਨੀਂਹ ਰੱਖਣ ਤੋਂ ਪਹਿਲਾਂ ਮਸੀਹ ਦੇ ਨਾਲ ਹੋਣ ਲਈ ਚੁਣਿਆ ਸੀ, ਤਾਂਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰੀਏ ਅਤੇ ਉਸ ਦੀ ਹਜ਼ੂਰੀ ਵਿਚ ਪਵਿੱਤਰ ਤੇ ਬੇਦਾਗ਼ ਖੜ੍ਹੇ ਹੋਈਏ। 5 ਉਸ ਨੇ ਆਪਣੀ ਖ਼ੁਸ਼ੀ ਅਤੇ ਇੱਛਾ ਮੁਤਾਬਕ ਫ਼ੈਸਲਾ ਕੀਤਾ ਸੀ ਕਿ ਉਹ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਪੁੱਤਰਾਂ ਵਜੋਂ ਅਪਣਾਵੇਗਾ, 6 ਤਾਂਕਿ ਲੋਕ ਉਸ ਦੀ ਮਹਿਮਾ ਕਰਨ ਕਿਉਂਕਿ ਉਸ ਨੇ ਆਪਣੇ ਪਿਆਰੇ ਪੁੱਤਰ ਰਾਹੀਂ ਸਾਡੇ ʼਤੇ ਅਪਾਰ ਕਿਰਪਾ ਕੀਤੀ ਹੈ। 7 ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ ਅਤੇ ਆਪਣੀ ਅਪਾਰ ਕਿਰਪਾ ਕਰ ਕੇ ਸਾਡੇ ਪਾਪ ਮਾਫ਼ ਕੀਤੇ ਹਨ। 8 ਸਾਡੇ ʼਤੇ ਦਿਲ ਖੋਲ੍ਹ ਕੇ ਅਪਾਰ ਕਿਰਪਾ ਕਰਨ ਦੇ ਨਾਲ-ਨਾਲ ਉਸ ਨੇ ਸਾਨੂੰ ਬੁੱਧ ਅਤੇ ਸਮਝ ਵੀ ਬਖ਼ਸ਼ੀ ਹੈ 9 ਯਾਨੀ ਸਾਨੂੰ ਆਪਣੀ ਇੱਛਾ ਦਾ ਭੇਤ ਦੱਸਿਆ ਹੈ। ਇਹ ਭੇਤ ਉਸ ਦੇ ਮਕਸਦ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ। 10 ਉਸ ਦਾ ਮਕਸਦ ਹੈ ਕਿ ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ, ਹਾਂ ਮਸੀਹ ਦੇ ਅਧੀਨ ਕਰੇ, 11 ਜਿਸ ਦੇ ਨਾਲ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਸਾਨੂੰ ਉਸ ਨਾਲ ਵਾਰਸ ਬਣਾਇਆ ਗਿਆ ਹੈ। ਇਸ ਦਾ ਫ਼ੈਸਲਾ ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਹੀ ਕੀਤਾ ਸੀ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਪੂਰਾ ਕਰਦਾ ਹੈ। 12 ਸਾਨੂੰ ਇਸ ਲਈ ਚੁਣਿਆ ਗਿਆ ਹੈ ਤਾਂਕਿ ਸਾਡੇ ਰਾਹੀਂ, ਜੋ ਮਸੀਹ ʼਤੇ ਆਸ ਰੱਖਣ ਵਾਲਿਆਂ ਵਿੱਚੋਂ ਪਹਿਲੇ ਹਾਂ, ਪਰਮੇਸ਼ੁਰ ਦੀ ਵਡਿਆਈ ਅਤੇ ਮਹਿਮਾ ਹੋਵੇ। 13 ਪਰ ਤੁਸੀਂ ਵੀ ਸੱਚਾਈ ਦਾ ਸੰਦੇਸ਼ ਯਾਨੀ ਆਪਣੀ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣ ਕੇ ਉਸ ਉੱਤੇ ਆਪਣੀ ਆਸ ਲਾਈ। ਤੁਹਾਡੇ ਵਿਸ਼ਵਾਸ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਮਸੀਹ ਰਾਹੀਂ ਤੁਹਾਡੇ ਉੱਤੇ ਵੀ ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰ ਲਾਈ। 14 ਇਹ ਪਵਿੱਤਰ ਸ਼ਕਤੀ ਸਾਨੂੰ ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ। ਇਹ ਮੁਹਰ ਇਸ ਲਈ ਲਾਈ ਜਾਂਦੀ ਹੈ ਤਾਂਕਿ ਪਰਮੇਸ਼ੁਰ ਰਿਹਾਈ ਦੀ ਕੀਮਤ ਅਦਾ ਕਰ ਕੇ ਆਪਣੇ ਲੋਕਾਂ ਨੂੰ ਛੁਡਾਏ ਅਤੇ ਇਸ ਕਰਕੇ ਉਸ ਦੀ ਮਹਿਮਾ ਅਤੇ ਉਸਤਤ ਹੋਵੇ।

17-23 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਅਫ਼ਸੀਆਂ 4-6

“ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਓ ਅਤੇ ਬਸਤਰ ਪਹਿਨ ਲਓ”

(ਅਫ਼ਸੀਆਂ 6:11-13) ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਓ ਅਤੇ ਬਸਤਰ ਪਹਿਨ ਲਓ ਤਾਂਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰ ਸਕੋ; 12 ਕਿਉਂਕਿ ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ। 13 ਇਸ ਲਈ ਤੁਸੀਂ ਉਹ ਸਾਰੇ ਹਥਿਆਰ ਚੁੱਕੋ ਅਤੇ ਬਸਤਰ ਪਹਿਨ ਲਓ ਜੋ ਪਰਮੇਸ਼ੁਰ ਦਿੰਦਾ ਹੈ, ਤਾਂਕਿ ਤੁਸੀਂ ਬੁਰੇ ਸਮੇਂ ਵਿਚ ਮੁਕਾਬਲਾ ਕਰ ਸਕੋ ਅਤੇ ਪੂਰੀ ਤਿਆਰੀ ਕਰਨ ਤੋਂ ਬਾਅਦ ਮਜ਼ਬੂਤੀ ਨਾਲ ਖੜ੍ਹੇ ਰਹਿ ਸਕੋ।

w18.05 27 ਪੈਰਾ 1

ਨੌਜਵਾਨੋ, ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ

ਪੌਲੁਸ ਨੇ ਮਸੀਹੀਆਂ ਦੀ ਤੁਲਨਾ ਫ਼ੌਜੀਆਂ ਨਾਲ ਕੀਤੀ। ਅਸੀਂ ਇਕ ਯੁੱਧ ਲੜ ਰਹੇ ਹਾਂ ਅਤੇ ਸਾਡੇ ਦੁਸ਼ਮਣ ਅਸਲੀ ਹਨ। ਪਰ ਇਹ ਲੜਾਈ ਇਨਸਾਨਾਂ ਨਾਲ ਨਹੀਂ, ਬਲਕਿ ਸ਼ੈਤਾਨ ਅਤੇ ਦੁਸ਼ਟ ਦੂਤਾਂ ਨਾਲ ਹੈ। ਉਹ ਹਜ਼ਾਰਾਂ ਸਾਲਾਂ ਤੋਂ ਇਹ ਯੁੱਧ ਲੜਦੇ ਆ ਰਹੇ ਹਨ ਅਤੇ ਉਹ ਲੜਾਈ ਲੜਨ ਵਿਚ ਮਾਹਰ ਹਨ। ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਜਿੱਤਣ ਦੀ ਕੋਈ ਆਸ ਨਹੀਂ ਹੈ, ਖ਼ਾਸ ਕਰਕੇ ਨੌਜਵਾਨਾਂ ਦੀ। ਕੀ ਨੌਜਵਾਨ ਇਨ੍ਹਾਂ ਤਾਕਤਵਰ ਦੁਸ਼ਮਣਾਂ ʼਤੇ ਜਿੱਤ ਹਾਸਲ ਕਰ ਸਕਦੇ ਹਨ? ਹਾਂ, ਬਿਲਕੁਲ! ਉਹ ਜਿੱਤ ਸਕਦੇ ਹਨ ਅਤੇ ਉਹ ਜਿੱਤ ਵੀ ਰਹੇ ਹਨ। ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਨੂੰ ਸ਼ਕਤੀ ਦਿੰਦਾ ਹੈ। ਨਾਲੇ ਇਕ ਮਾਹਰ ਫ਼ੌਜੀ ਵਾਂਗ ਯੁੱਧ ਲਈ ਤਿਆਰ ਰਹਿਣ ਵਾਸਤੇ ਉਨ੍ਹਾਂ ਨੇ ‘ਪਰਮੇਸ਼ੁਰ ਦੁਆਰਾ ਦਿੱਤੇ ਸਾਰੇ ਹਥਿਆਰ ਚੁੱਕੇ ਅਤੇ ਬਸਤਰ ਪਹਿਨੇ’ ਹਨ।​—ਅਫ਼ਸੀਆਂ 6:10-12 ਪੜ੍ਹੋ।

(ਅਫ਼ਸੀਆਂ 6:14, 15) ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦੀ ਬੈੱਲਟ ਬੰਨ੍ਹੋ, ਧਾਰਮਿਕਤਾ ਦਾ ਸੀਨਾਬੰਦ ਪਹਿਨੋ 15 ਅਤੇ ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾਓ।

w18.05 28-29 ਪੈਰੇ 4, 7, 10

ਨੌਜਵਾਨੋ, ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ

4 ਇਕ ਬੈੱਲਟ ਵਾਂਗ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਸੱਚਾਈਆਂ ਸਾਡੀ ਝੂਠੀਆਂ ਸਿੱਖਿਆਵਾਂ ਤੋਂ ਰਾਖੀ ਕਰਦੀਆਂ ਹਨ। (ਯੂਹੰ. 8:31, 32; 1 ਯੂਹੰ. 4:1) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਲਈ ਪਿਆਰ ਪੈਦਾ ਕਰਾਂਗੇ ਸਾਡੇ ਲਈ “ਸੀਨਾਬੰਦ” ਪਹਿਨਣਾ ਯਾਨੀ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣਾ ਉੱਨਾ ਜ਼ਿਆਦਾ ਸੌਖਾ ਹੋਵੇਗਾ। (ਜ਼ਬੂ. 111:7, 8; 1 ਯੂਹੰ. 5:3) ਨਾਲੇ ਜਿੰਨੀ ਚੰਗੀ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਸਮਝਾਂਗੇ, ਉੱਨੀ ਚੰਗੀ ਤਰ੍ਹਾਂ ਅਸੀਂ ਸੱਚਾਈ ਦੇ ਪੱਖ ਵਿਚ ਖੜ੍ਹ ਕੇ ਦੁਸ਼ਮਣਾਂ ਦਾ ਸਾਮ੍ਹਣਾ ਕਰ ਸਕਾਂਗੇ।​—1 ਪਤ. 3:15.

7 ਸੀਨਾਬੰਦ ਯਾਨੀ ਯਹੋਵਾਹ ਦੇ ਧਰਮੀ ਮਿਆਰ ਸਾਡੇ “ਮਨ” ਯਾਨੀ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਕਰਦੇ ਹਨ। (ਕਹਾ. 4:23) ਇਕ ਫ਼ੌਜੀ ਆਪਣੇ ਲੋਹੇ ਦੇ ਸੀਨਾਬੰਦ ਦੇ ਬਦਲੇ ਕਦੇ ਵੀ ਘਟੀਆ ਧਾਤ ਦਾ ਸੀਨਾਬੰਦ ਨਹੀਂ ਲਵੇਗਾ। ਬਿਲਕੁਲ ਇਸੇ ਤਰ੍ਹਾਂ ਅਸੀਂ ਯਹੋਵਾਹ ਦੇ ਮਿਆਰਾਂ ਦੇ ਬਦਲੇ ਕਦੇ ਵੀ ਆਪਣੇ ਵਿਚਾਰਾਂ ਨੂੰ ਪਹਿਲ ਨਹੀਂ ਦੇਵਾਂਗੇ। ਅਸੀਂ ਇੰਨੇ ਬੁੱਧੀਮਾਨ ਨਹੀਂ ਹਾਂ ਕਿ ਅਸੀਂ ਖ਼ੁਦ ਆਪਣੇ ਦਿਲ ਦੀ ਰਾਖੀ ਕਰ ਸਕੀਏ। (ਕਹਾ. 3:5, 6) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਲਗਾਤਾਰ ਆਪਣੇ “ਸੀਨਾਬੰਦ” ਦੀ ਜਾਂਚ ਕਰਦੇ ਰਹੀਏ ਕਿ ਉਹ ਹਾਲੇ ਵੀ ਸਾਡੇ ਦਿਲ ਦੀ ਰਾਖੀ ਕਰ ਰਿਹਾ ਹੈ ਕਿ ਨਹੀਂ।

10 ਜੁੱਤੀ ਪਾ ਕੇ ਰੋਮੀ ਫ਼ੌਜੀ ਯੁੱਧ ਵਿਚ ਸਫ਼ਲ ਹੋ ਸਕਦਾ ਸੀ। ਇਸੇ ਤਰ੍ਹਾਂ ਮਸੀਹੀ ਪ੍ਰਚਾਰ ਵਿਚ ਸਫ਼ਲ ਹੋਣ ਲਈ “ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ” ਪਾਉਂਦੇ ਹਨ। (ਯਸਾ. 52:7; ਰੋਮੀ. 10:15) ਪਰ ਫਿਰ ਵੀ ਪ੍ਰਚਾਰ ਕਰਨ ਲਈ ਸਾਨੂੰ ਦਲੇਰੀ ਦੀ ਲੋੜ ਹੁੰਦੀ ਹੈ। 20 ਸਾਲ ਦਾ ਬੌਬੀ ਕਹਿੰਦਾ: “ਸਕੂਲ ਵਿਚ ਮੈਨੂੰ ਆਪਣੇ ਹਾਣੀਆਂ ਨੂੰ ਪ੍ਰਚਾਰ ਕਰਨ ਤੋਂ ਡਰ ਲੱਗਦਾ ਸੀ। ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਪਰ ਜਦੋਂ ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ‘ਪਤਾ ਨਹੀਂ ਮੈਨੂੰ ਇੰਨੀ ਸ਼ਰਮ ਕਿਉਂ ਆਉਂਦੀ ਸੀ?’ ਪਰ ਹੁਣ ਮੈਂ ਬੇਝਿਜਕ ਆਪਣੇ ਹਾਣੀਆਂ ਨੂੰ ਪ੍ਰਚਾਰ ਕਰਦਾ ਹਾਂ।”

(ਅਫ਼ਸੀਆਂ 6:16, 17) ਅਤੇ ਹਰ ਹਾਲਤ ਵਿਚ ਨਿਹਚਾ ਦੀ ਵੱਡੀ ਢਾਲ਼ ਆਪਣੇ ਕੋਲ ਰੱਖੋ, ਜਿਸ ਨਾਲ ਤੁਸੀਂ ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕੋਗੇ। 17 ਨਾਲੇ ਆਪਣੇ ਸਿਰ ʼਤੇ ਮੁਕਤੀ ਦਾ ਟੋਪ ਪਹਿਨੋ ਅਤੇ ਹੱਥ ਵਿਚ ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ ਲਓ।

w18.05 29-31 ਪੈਰੇ 13, 16, 20

ਨੌਜਵਾਨੋ, ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ

13 ਸ਼ੈਤਾਨ ਸਾਡੇ ʼਤੇ ਕਿਹੜੇ ‘ਬਲ਼ਦੇ ਹੋਏ ਤੀਰ’ ਚਲਾਉਂਦਾ ਹੈ? ਉਹ ਯਹੋਵਾਹ ਬਾਰੇ ਝੂਠ ਬੋਲ ਕੇ ਸ਼ਾਇਦ ਤੁਹਾਡੇ ʼਤੇ ਹਮਲਾ ਕਰੇ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਨਾ ਤਾਂ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਨਾ ਹੀ ਕਿਸੇ ਨੂੰ ਸਾਡੀ ਪਰਵਾਹ ਹੈ। 19 ਸਾਲਾਂ ਦੀ ਅਮਨੀਤ ਕਹਿੰਦੀ ਹੈ: “ਮੈਨੂੰ ਕਦੀ ਕਦਾਈਂ ਲੱਗਦਾ ਹੈ ਕਿ ਯਹੋਵਾਹ ਮੇਰੇ ਨੇੜੇ ਨਹੀਂ ਹੈ ਤੇ ਉਹ ਮੈਨੂੰ ਆਪਣਾ ਦੋਸਤ ਨਹੀਂ ਬਣਾਉਣਾ ਚਾਹੁੰਦਾ।” ਇਸ ਤਰ੍ਹਾਂ ਮਹਿਸੂਸ ਕਰਨ ʼਤੇ ਉਹ ਕੀ ਕਰਦੀ ਹੈ? “ਸਭਾਵਾਂ ʼਤੇ ਜਾ ਕੇ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਮੈਂ ਸਭਾਵਾਂ ਵਿਚ ਕੋਈ ਜਵਾਬ ਨਹੀਂ ਦਿੰਦੀ ਸੀ ਅਤੇ ਸੋਚਦੀ ਸੀ ਕਿ ਮੇਰੇ ਜਵਾਬ ਵੱਲ ਕਿਹਨੇ ਧਿਆਨ ਦੇਣਾ। ਹੁਣ ਮੈਂ ਸਭਾਵਾਂ ਦੀ ਤਿਆਰੀ ਕਰ ਕੇ ਜਾਂਦੀ ਹਾਂ ਅਤੇ ਦੋ ਜਾਂ ਤਿੰਨ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਭਾਵੇਂ ਇਸ ਤਰ੍ਹਾਂ ਕਰਨਾ ਔਖਾ ਹੈ, ਪਰ ਕੋਸ਼ਿਸ਼ ਕਰ ਕੇ ਮੈਨੂੰ ਚੰਗਾ ਲੱਗਦਾ ਹੈ। ਇਕ ਵੀ ਸਭਾ ਇੱਦਾਂ ਦੀ ਨਹੀਂ ਹੁੰਦੀ ਜਿਸ ਤੋਂ ਮੈਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਨਹੀਂ ਹੁੰਦਾ।”

16 ਜਿਵੇਂ ਟੋਪ ਫ਼ੌਜੀ ਦੇ ਦਿਮਾਗ਼ ਦੀ ਰਾਖੀ ਕਰਦਾ ਸੀ, ਉਸੇ ਤਰ੍ਹਾਂ “ਮੁਕਤੀ ਦੀ ਉਮੀਦ ਦਾ ਟੋਪ” ਸਾਡੀਆਂ ਸੋਚਾਂ ਦੀ ਰਾਖੀ ਕਰਦਾ ਹੈ। (1 ਥੱਸ. 5:8; ਕਹਾ. 3:21) ਉਮੀਦ ਕਰਕੇ ਅਸੀਂ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਉਣ ਦੀ ਬਜਾਇ ਯਹੋਵਾਹ ਦੇ ਵਾਅਦਿਆਂ ʼਤੇ ਲਾਈ ਰੱਖ ਸਕਦੇ ਹਾਂ। ਇਸ ਕਰਕੇ ਅਸੀਂ ਨਿਰਾਸ਼ ਨਹੀਂ ਹੁੰਦੇ। (ਜ਼ਬੂ. 27:1, 14; ਰਸੂ. 24:15) ਪਰ ਜੇ ਅਸੀਂ ਚਾਹੁੰਦੇ ਹਾਂ ਕਿ ਇਹ “ਟੋਪ” ਸਾਡੀ ਰਾਖੀ ਕਰੇ, ਤਾਂ ਸਾਨੂੰ ਇਸ ਨੂੰ ਸਿਰ ʼਤੇ ਪਾਈ ਰੱਖਣਾ ਚਾਹੀਦਾ ਨਾ ਕਿ ਹੱਥ ਵਿਚ ਫੜੀ ਰੱਖਣਾ ਚਾਹੀਦਾ ਹੈ।

20 ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਦਾ ਬਚਨ ਤਲਵਾਰ ਵਾਂਗ ਹੈ। ਇਹ ਤਲਵਾਰ ਯਹੋਵਾਹ ਨੇ ਸਾਨੂੰ ਦਿੱਤੀ ਹੈ। ਪਰ ਇਸ ਨੂੰ ਚਲਾਉਣ ਵਿਚ ਸਾਨੂੰ ਮਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਆਪਣੇ ਵਿਸ਼ਵਾਸਾਂ ਦੀ ਰਾਖੀ ਕਰ ਸਕੀਏ ਅਤੇ ਆਪਣੀ ਸੋਚ ਨੂੰ ਸੁਧਾਰ ਸਕੀਏ। (2 ਕੁਰਿੰ. 10:4, 5; 2 ਤਿਮੋ. 2:15) ਤੁਸੀਂ ਮਹਾਰਤ ਕਿਵੇਂ ਹਾਸਲ ਕਰ ਸਕਦੇ ਹੋ? 21 ਸਾਲਾਂ ਦਾ ਸੰਜੀਵ ਕਹਿੰਦਾ ਹੈ: “ਮੈਂ ਬਾਈਬਲ ਪੜ੍ਹਦਿਆਂ ਹਰੇਕ ਅਧਿਆਇ ਵਿੱਚੋਂ ਇਕ ਆਇਤ ਲਿਖ ਲੈਂਦਾ ਹਾਂ। ਮੈਂ ਆਪਣੀਆਂ ਮਨ-ਪਸੰਦ ਆਇਤਾਂ ਦੀ ਸੂਚੀ ਬਣਾ ਰਿਹਾ ਹਾਂ। ਇਸ ਨਾਲ ਮੇਰੀ ਸੋਚ ਯਹੋਵਾਹ ਦੀ ਸੋਚ ਨਾਲ ਹੋਰ ਵੀ ਜ਼ਿਆਦਾ ਮੇਲ ਖਾਂਦੀ ਹੈ।” ਡਾਨੀਏਲ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦਾ ਹੈ: “ਬਾਈਬਲ ਪੜ੍ਹਦਿਆਂ ਮੈਂ ਕੁਝ ਆਇਤਾਂ ਚੁਣਦਾ ਹਾਂ ਜਿਨ੍ਹਾਂ ਨੂੰ ਮੈਂ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ ਵਰਤ ਸਕਦਾ ਹਾਂ। ਮੈਂ ਦੇਖਿਆ ਕਿ ਲੋਕ ਉਦੋਂ ਚੰਗਾ ਹੁੰਗਾਰਾ ਭਰਦੇ ਹਨ ਜਦੋਂ ਉਹ ਬਾਈਬਲ ਲਈ ਤੁਹਾਡਾ ਜੋਸ਼ ਦੇਖਦੇ ਹਨ ਅਤੇ ਦੇਖਦੇ ਹਨ ਕਿ ਤੁਸੀਂ ਉਨ੍ਹਾਂ ਦੀ ਮਦਦ ਕਰਨ ਲਈ ਪੂਰੀ ਵਾਹ ਲਾ ਰਹੇ ਹੋ।”

ਹੀਰੇ-ਮੋਤੀਆਂ ਦੀ ਖੋਜ ਕਰੋ

(ਅਫ਼ਸੀਆਂ 4:30) ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਉਦਾਸ ਨਾ ਕਰੋ, ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।

it-1 1128 ਪੈਰਾ 3

ਪਵਿੱਤਰਤਾ

ਪਵਿੱਤਰ ਸ਼ਕਤੀ। ਯਹੋਵਾਹ ਦੀ ਕੰਮ ਕਰਨ ਦੀ ਸ਼ਕਤੀ ਹੈ ਜਿਸ ਨੂੰ ਉਹ ਆਪਣੀ ਮਰਜ਼ੀ ਮੁਤਾਬਕ ਅਤੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਵਰਤਦਾ ਹੈ। ਇਹ ਸਾਫ਼, ਸ਼ੁੱਧ ਤੇ ਪਵਿੱਤਰ ਹੈ ਅਤੇ ਪਰਮੇਸ਼ੁਰ ਇਸ ਨੂੰ ਚੰਗੇ ਕੰਮਾਂ ਲਈ ਹੀ ਵਰਤਦਾ ਹੈ। ਇਸ ਲਈ ਇਸ ਨੂੰ ਪਵਿੱਤਰ ਸ਼ਕਤੀ ਕਿਹਾ ਜਾਂਦਾ ਹੈ। (ਜ਼ਬੂ 51:11; ਲੂਕਾ 11:13; ਰੋਮੀ 1:4; ਅਫ਼ 1:13) ਪਵਿੱਤਰ ਸ਼ਕਤੀ ਕਿਸੇ ਵਿਅਕਤੀ ʼਤੇ ਅਸਰ ਕਰ ਕੇ ਉਸ ਨੂੰ ਪਵਿੱਤਰ ਜਾਂ ਸ਼ੁੱਧ ਬਣਾਉਂਦੀ ਹੈ। ਅਸੀਂ ਕਿਸੇ ਵੀ ਤਰ੍ਹਾਂ ਦਾ ਗੰਦਾ ਜਾਂ ਗ਼ਲਤ ਕੰਮ ਕਰ ਕੇ ਪਵਿੱਤਰ ਸ਼ਕਤੀ ਨੂੰ “ਉਦਾਸ” ਕਰਦੇ ਹਾਂ। (ਅਫ਼ 4:30) ਚਾਹੇ ਇਹ ਸਿਰਫ਼ ਇਕ ਸ਼ਕਤੀ ਹੈ, ਪਰ ਇਹ ਪਰਮੇਸ਼ੁਰ ਦੀ ਪਵਿੱਤਰ ਸ਼ਖ਼ਸੀਅਤ ਨੂੰ ਦਰਸਾਉਂਦੀ ਹੈ ਜਿਸ ਕਰਕੇ ਅਸੀਂ ਉਸ ਨੂੰ “ਉਦਾਸ” ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਗ਼ਲਤ ਕੰਮ “ਪਵਿੱਤਰ ਸ਼ਕਤੀ ਦੇ ਕੰਮ ਵਿਚ ਰੁਕਾਵਟ” ਬਣਦਾ ਹੈ। (1 ਥੱਸ 5:19) ਜੇ ਅਸੀਂ ਕਿਸੇ ਵੀ ਤਰ੍ਹਾਂ ਦਾ ਗ਼ਲਤ ਕੰਮ ਕਰਦੇ ਰਹਿੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ “ਗਰੰਜ” ਯਾਨੀ ਦੁਖੀ ਕਰਦੇ ਹਾਂ ਅਤੇ ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਪਰਮੇਸ਼ੁਰ ਬਗਾਵਤੀ ਲੋਕਾਂ ਦਾ ਵੈਰੀ ਬਣ ਜਾਵੇ। (ਯਸਾ 63:10) ਪਵਿੱਤਰ ਸ਼ਕਤੀ ਨੂੰ ਉਦਾਸ ਕਰਨਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਨ ਦੇ ਬਰਾਬਰ ਹੈ। ਇਸ ਬਾਰੇ ਯਿਸੂ ਮਸੀਹ ਨੇ ਕਿਹਾ ਕਿ ਇਹ ਪਾਪ ਨਾ ਹੁਣ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਮਾਫ਼ ਕੀਤਾ ਜਾਵੇਗਾ।​—ਮੱਤੀ 12:31, 32; ਮਰ 3:28-30.

(ਅਫ਼ਸੀਆਂ 5:5) ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਹਰਾਮਕਾਰ ਜਾਂ ਗੰਦੇ ਕੰਮ ਕਰਨ ਵਾਲਾ ਜਾਂ ਲੋਭ ਕਰਨ ਵਾਲਾ, ਜੋ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਹੋਵੇਗਾ।

it-1 1006 ਪੈਰਾ 2

ਲੋਭ

ਕੰਮਾਂ ਤੋਂ ਜ਼ਾਹਰ ਹੁੰਦਾ ਹੈ। ਲੋਭ ਕਿਸੇ-ਨਾ-ਕਿਸੇ ਤਰ੍ਹਾਂ ਸਾਮ੍ਹਣੇ ਆ ਜਾਂਦਾ ਹੈ ਜਿਸ ਤੋਂ ਇਕ ਵਿਅਕਤੀ ਦੀ ਗ਼ਲਤ ਤੇ ਗਹਿਰੀ ਇੱਛਾ ਦਾ ਪਤਾ ਲੱਗ ਜਾਂਦਾ ਹੈ। ਬਾਈਬਲ ਦਾ ਲਿਖਾਰੀ ਯਾਕੂਬ ਇਸ ਬਾਰੇ ਦੱਸਦਾ ਹੈ ਕਿ ਜਦੋਂ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ, ਤਾਂ ਇਹ ਪਾਪ ਨੂੰ ਜਨਮ ਦਿੰਦੀ ਹੈ। (ਯਾਕੂ 1:14, 15) ਇਸ ਲਈ ਲੋਭੀ ਆਦਮੀ ਦੇ ਕੰਮਾਂ ਤੋਂ ਉਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਪੌਲੁਸ ਰਸੂਲ ਨੇ ਕਿਹਾ ਕਿ ਲੋਭ ਕਰਨਾ ਮੂਰਤੀ-ਪੂਜਾ ਕਰਨ ਦੇ ਬਰਾਬਰ ਹੈ। (ਅਫ਼ 5:5) ਲੋਭੀ ਵਿਅਕਤੀ ਲਈ ਉਸ ਦੀ ਇੱਛਾ ਹੀ ਉਸ ਦਾ ਰੱਬ ਬਣ ਜਾਂਦੀ ਹੈ ਜਿਸ ਨੂੰ ਉਹ ਆਪਣੇ ਸ੍ਰਿਸ਼ਟੀਕਰਤਾ ਤੇ ਉਸ ਦੀ ਸੇਵਾ ਤੋਂ ਜ਼ਿਆਦਾ ਅਹਿਮੀਅਤ ਦਿੰਦਾ ਹੈ।​—ਰੋਮੀ 1:24, 25.

ਬਾਈਬਲ ਪੜ੍ਹਾਈ

(ਅਫ਼ਸੀਆਂ 4:17-32) ਇਸ ਲਈ ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਇਹ ਤਾਕੀਦ ਕਰਦਾ ਹਾਂ ਕਿ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਚੱਲਣੋ ਹਟ ਜਾਓ, ਜਿਹੜੇ ਆਪਣੇ ਮਨ ਦੇ ਖੋਖਲੇ ਵਿਚਾਰਾਂ ਮੁਤਾਬਕ ਚੱਲਦੇ ਹਨ। 18 ਉਨ੍ਹਾਂ ਦੇ ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ, ਕਿਉਂਕਿ ਉਹ ਪਰਮੇਸ਼ੁਰ ਨੂੰ ਜਾਣਨਾ ਨਹੀਂ ਚਾਹੁੰਦੇ ਤੇ ਉਨ੍ਹਾਂ ਦੇ ਮਨ ਕਠੋਰ ਹੋ ਚੁੱਕੇ ਹਨ। 19 ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਅਤੇ ਢੀਠ ਹੋ ਕੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਲਾਲਚ ਨਾਲ ਕਰਦੇ ਹਨ। 20 ਪਰ ਤੁਸੀਂ ਇਹ ਨਹੀਂ ਸਿੱਖਿਆ ਸੀ ਕਿ ਮਸੀਹ ਇਹੋ ਜਿਹਾ ਹੈ। 21 ਤੁਹਾਨੂੰ ਇਹ ਗੱਲ ਪਤਾ ਹੁੰਦੀ ਜੇ ਤੁਸੀਂ ਉਸ ਨੂੰ ਸੁਣਿਆ ਹੁੰਦਾ ਅਤੇ ਉਸ ਤੋਂ ਸਿੱਖਿਆ ਹੁੰਦਾ ਕਿਉਂਕਿ ਯਿਸੂ ਹੀ ਸੱਚਾਈ ਹੈ। 22 ਇਸ ਲਈ, ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ, ਜੋ ਤੁਹਾਡੇ ਪੁਰਾਣੇ ਚਾਲ-ਚਲਣ ਮੁਤਾਬਕ ਹੈ ਅਤੇ ਧੋਖਾ ਦੇਣ ਵਾਲੀਆਂ ਇੱਛਾਵਾਂ ਕਰਕੇ ਖ਼ਰਾਬ ਹੁੰਦਾ ਜਾਂਦਾ ਹੈ। 23 ਤੁਹਾਨੂੰ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹਿਣਾ ਚਾਹੀਦਾ ਹੈ, 24 ਅਤੇ ਤੁਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ। 25 ਇਸ ਲਈ ਹੁਣ ਜਦ ਤੁਸੀਂ ਝੂਠ ਬੋਲਣਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ ਕਿਉਂਕਿ ਅਸੀਂ ਇੱਕੋ ਸਰੀਰ ਦੇ ਅੰਗ ਹਾਂ। 26 ਜਦੋਂ ਤੁਹਾਨੂੰ ਗੁੱਸਾ ਆਵੇ, ਤਾਂ ਪਾਪ ਨਾ ਕਰੋ; ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ, 27 ਸ਼ੈਤਾਨ ਨੂੰ ਮੌਕਾ ਨਾ ਦਿਓ। 28 ਜਿਹੜਾ ਚੋਰੀ ਕਰਦਾ ਹੈ ਉਹ ਹੁਣ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ, ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ। 29 ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ। 30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਉਦਾਸ ਨਾ ਕਰੋ, ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ। 31 ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ। 32 ਇਸ ਦੀ ਬਜਾਇ, ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਮਸੀਹ ਦੁਆਰਾ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ।

24-30 ਜੂਨ

ਰੱਬ ਦਾ ਬਚਨ ਖ਼ਜ਼ਾਨਾ ਹੈ | ਫ਼ਿਲਿੱਪੀਆਂ 1-4

“ਕਿਸੇ ਗੱਲ ਦੀ ਚਿੰਤਾ ਨਾ ਕਰੋ”

(ਫ਼ਿਲਿੱਪੀਆਂ 4:6) ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ;

w17.08 10 ਪੈਰਾ 10

‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’

10 “ਕਿਸੇ ਗੱਲ ਦੀ ਚਿੰਤਾ” ਕਰਨ ਦੀ ਬਜਾਇ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਕਿਵੇਂ ਪਾ ਸਕਦੇ ਹਾਂ? ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਚਿੰਤਾ ਦਾ ਇਲਾਜ ਪ੍ਰਾਰਥਨਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਕੋਈ ਚਿੰਤਾ ਹੋਵੇ, ਤਾਂ ਪ੍ਰਾਰਥਨਾ ਕਰੋ। (1 ਪਤਰਸ 5:6, 7 ਪੜ੍ਹੋ।) ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਪੂਰਾ ਭਰੋਸਾ ਰੱਖੋ ਕਿ ਉਸ ਨੂੰ ਤੁਹਾਡਾ ਫ਼ਿਕਰ ਹੈ। ਹਰੇਕ ਬਰਕਤ ਲਈ ਉਸ ਦਾ ਧੰਨਵਾਦ ਕਰੋ। ਕਦੇ ਨਾ ਭੁੱਲੋ ਕਿ ਯਹੋਵਾਹ “ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।”​—ਅਫ਼. 3:20.

(ਫ਼ਿਲਿੱਪੀਆਂ 4:7) ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।

w17.08 10 ਪੈਰਾ 7

‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’

7 ਜਦੋਂ ਫ਼ਿਲਿੱਪੈ ਦੇ ਭਰਾਵਾਂ ਨੇ ਪੌਲੁਸ ਦੀ ਚਿੱਠੀ ਪੜ੍ਹੀ, ਤਾਂ ਉਨ੍ਹਾਂ ਨੇ ਕੀ ਸੋਚਿਆ? ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਯਾਦ ਹੋਣਾ ਕਿ ਪੌਲੁਸ ਤੇ ਸੀਲਾਸ ਨਾਲ ਕੀ ਹੋਇਆ ਅਤੇ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਕਿਵੇਂ ਬਚਾਇਆ। ਸੱਚ-ਮੁੱਚ ਯਹੋਵਾਹ ਕਮਾਲ ਦਾ ਪਰਮੇਸ਼ੁਰ ਹੈ। ਪੌਲੁਸ ਆਪਣੀ ਚਿੱਠੀ ਵਿਚ ਉਨ੍ਹਾਂ ਨੂੰ ਕਿਹੜਾ ਸਬਕ ਸਿਖਾਉਣਾ ਚਾਹੁੰਦਾ ਸੀ? ਇਹ ਸਬਕ: ਚਿੰਤਾ ਨਾ ਕਰੋ, ਸਗੋਂ ਪ੍ਰਾਰਥਨਾ ਕਰੋ ਅਤੇ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲੇਗੀ। ਪੌਲੁਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਸ ਦਾ ਕੀ ਮਤਲਬ ਹੈ? ਕੁਝ ਬਾਈਬਲਾਂ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ, “ਸੁਪਨਿਆਂ ਵਿਚ ਵੀ ਨਹੀਂ ਸੋਚਿਆਂ ਹੁੰਦਾ” ਜਾਂ “ਜਿਸ ਦੀ ਅਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ।” ਸੋ ਪੌਲੁਸ ਕਹਿ ਰਿਹਾ ਸੀ ਕਿ “ਪਰਮੇਸ਼ੁਰ ਦੀ ਸ਼ਾਂਤੀ” ਸਾਡੀ ਕਲਪਨਾ ਤੋਂ ਵੀ ਪਰੇ ਹੈ। ਕਈ ਵਾਰ ਅਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਸਕਦੇ, ਪਰ ਯਹੋਵਾਹ ਕੱਢ ਸਕਦਾ ਹੈ। ਯਹੋਵਾਹ ਉਹ ਕੰਮ ਕਰ ਸਕਦਾ ਹੈ ਜੋ ਸਾਡੀ ਸੋਚ ਤੋਂ ਵੀ ਪਰੇ ਹਨ। ਉਹ ਕਮਾਲ ਦਾ ਪਰਮੇਸ਼ੁਰ ਹੈ!​—2 ਪਤਰਸ 2:9 ਪੜ੍ਹੋ।

w17.08 12 ਪੈਰਾ 16

‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’

16 ‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ ਜਦੋਂ ਸਾਨੂੰ ਇਹ ਸ਼ਾਂਤੀ ਮਿਲਦੀ ਹੈ, ਤਾਂ ਇਸ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਬਾਈਬਲ ਕਹਿੰਦੀ ਹੈ ਕਿ ਇਹ ਸਾਡੇ “ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:7) ਮੂਲ ਭਾਸ਼ਾ ਵਿਚ “ਰਾਖੀ” ਸ਼ਬਦ ਉਨ੍ਹਾਂ ਫ਼ੌਜੀਆਂ ਲਈ ਵਰਤਿਆ ਜਾਂਦਾ ਸੀ ਜੋ ਸ਼ਹਿਰ ਦੀ ਰਾਖੀ ਕਰਦੇ ਸਨ। ਇਸੇ ਤਰ੍ਹਾਂ ਦੇ ਫ਼ੌਜੀ ਫ਼ਿਲਿੱਪੈ ਸ਼ਹਿਰ ਦੀ ਰਾਖੀ ਕਰਦੇ ਸਨ। ਸ਼ਹਿਰ ਦੇ ਲੋਕ ਰਾਤ ਨੂੰ ਚੈਨ ਦੀ ਨੀਂਦ ਸੌਂ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਰਾਖੀ ਹੋ ਰਹੀ ਹੈ। ਇਸ ਲਈ “ਪਰਮੇਸ਼ੁਰ ਦੀ ਸ਼ਾਂਤੀ” ਮਿਲਣ ʼਤੇ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਕਿਉਂਕਿ ਇਹ ਸ਼ਾਂਤੀ ਸਾਡੇ “ਦਿਲਾਂ ਅਤੇ ਮਨਾਂ ਦੀ ਰਾਖੀ” ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਈਏ। (1 ਪਤ. 5:10) ਪਰਮੇਸ਼ੁਰ ਦੀ ਸ਼ਾਂਤੀ ਸਾਨੂੰ ਚਿੰਤਾਵਾਂ ਅਤੇ ਨਿਰਾਸ਼ਾ ਦੇ ਬੋਝ ਹੇਠ ਦੱਬਣ ਤੋਂ ਬਚਾਉਂਦੀ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(ਫ਼ਿਲਿੱਪੀਆਂ 2:17) ਪਰ ਜੇ ਮੈਨੂੰ ਪੀਣ ਦੀ ਭੇਟ ਵਾਂਗ ਤੁਹਾਡੀ ਸੇਵਾ ਦੇ ਬਲੀਦਾਨ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਖ਼ੁਸ਼ੀਆਂ ਮਨਾਉਂਦਾ ਹਾਂ।

it-2 528 ਪੈਰਾ 5

ਭੇਟਾਂ

ਪੀਣ ਦੀਆਂ ਭੇਟਾਂ। ਪੀਣ ਦੀਆਂ ਭੇਟਾਂ ਹੋਰ ਭੇਟਾਂ ਨਾਲ ਹੀ ਚੜ੍ਹਾਈਆਂ ਜਾਂਦੀਆਂ ਸਨ, ਖ਼ਾਸ ਕਰਕੇ ਇਜ਼ਰਾਈਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਬਾਅਦ। (ਗਿਣ 15:2, 5, 8-10) ਇਹ “ਮਧ ਦੇ ਪੀਣ ਦੀ ਭੇਟ” ਹੁੰਦੀ ਸੀ ਅਤੇ ਇਸ ਨੂੰ ਵੇਦੀ ʼਤੇ ਡੋਲ੍ਹਿਆ ਜਾਂਦਾ ਸੀ। (ਗਿਣ 28:7, 14; ਕੂਚ 30:9 ਵਿਚ ਨੁਕਤਾ ਦੇਖੋ; ਗਿਣ 15:10) ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: ‘ਜੇ ਮੈਨੂੰ ਪੀਣ ਦੀ ਭੇਟ ਵਾਂਗ ਤੁਹਾਡੀ ਸੇਵਾ ਦੇ ਬਲੀਦਾਨ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਖ਼ੁਸ਼ੀਆਂ ਮਨਾਉਂਦਾ ਹਾਂ।’ ਇੱਥੇ ਪੌਲੁਸ ਨੇ ਆਪਣੀ ਤੁਲਨਾ “ਪੀਣ ਦੀ ਭੇਟ” ਨਾਲ ਕਰ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ। (ਫ਼ਿਲਿ 2:17) ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਤਿਮੋਥਿਉਸ ਨੂੰ ਲਿਖਿਆ: “ਹੁਣ ਮੈਨੂੰ ਪੀਣ ਦੀ ਭੇਟ ਵਾਂਗ ਡੋਲ੍ਹਿਆ ਜਾ ਰਿਹਾ ਹੈ ਅਤੇ ਮੇਰੇ ਛੁਟਕਾਰੇ ਦਾ ਸਮਾਂ ਨੇੜੇ ਆ ਗਿਆ ਹੈ।”​—2 ਤਿਮੋ 4:6.

(ਫ਼ਿਲਿੱਪੀਆਂ 3:11) ਤਾਂਕਿ ਜੇ ਹੋ ਸਕੇ, ਮੈਂ ਉਨ੍ਹਾਂ ਲੋਕਾਂ ਵਿਚ ਹੋਵਾਂ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ। (ਗਿਣ 15:2, 5, 8-10)

w07 1/1 26-27 ਪੈਰਾ 5

‘ਪਹਿਲਾ ਪੁੱਨਰ ਉਥਾਨ’ ਜਾਰੀ ਹੈ

5 ਫਿਰ “ਪਰਮੇਸ਼ੁਰ ਦੇ ਇਸਰਾਏਲ” ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ ਜੀ ਉਠਾਇਆ ਜਾਣਾ ਸੀ ਤਾਂਕਿ ਉਹ ਸਵਰਗ ਵਿਚ ਪ੍ਰਭੂ ਯਿਸੂ ਮਸੀਹ ਕੋਲ ਜਾ ਕੇ “ਸਦਾ ਪ੍ਰਭੁ ਦੇ ਸੰਗ” ਰਹਿ ਸਕਣ। (ਗਲਾਤੀਆਂ 6:16; 1 ਥੱਸਲੁਨੀਕੀਆਂ 4:17) ਇਸ ਨੂੰ “ਪਹਿਲੀ ਕਿਆਮਤ” ਜਾਂ ਇਕ ਹੋਰ ਤਰਜਮੇ ਮੁਤਾਬਕ ‘ਪਹਿਲਾ ਪੁੱਨਰ ਉਥਾਨ’ ਕਿਹਾ ਜਾਂਦਾ ਹੈ। (ਪਰਕਾਸ਼ ਦੀ ਪੋਥੀ 20:6; ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਪੁਨਰ-ਉਥਾਨ ਪੂਰਾ ਹੋ ਜਾਣ ਤੋਂ ਬਾਅਦ ਹੀ ਧਰਤੀ ਉੱਤੇ ਲੱਖਾਂ ਲੋਕਾਂ ਨੂੰ ਜੀ ਉਠਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਦਾ ਲਈ ਜੀਣ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਭਾਵੇਂ ਅਸੀਂ ਸਵਰਗ ਜਾਣ ਦੀ ਜਾਂ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਾਂ, ਸਾਨੂੰ ਇਸ “ਪਹਿਲੇ ਪੁੱਨਰ ਉਥਾਨ” ਬਾਰੇ ਜਾਣਨ ਦੀ ਲੋੜ ਹੈ। ਇਹ ਪੁਨਰ-ਉਥਾਨ ਕਿਸ ਕਿਸਮ ਦਾ ਹੈ ਅਤੇ ਇਹ ਕਦੋਂ ਹੁੰਦਾ ਹੈ?

ਬਾਈਬਲ ਪੜ੍ਹਾਈ

(ਫ਼ਿਲਿੱਪੀਆਂ 4:10-23) ਪ੍ਰਭੂ ਦਾ ਸੇਵਕ ਹੋਣ ਦੇ ਨਾਤੇ ਮੈਂ ਇਸ ਗੱਲੋਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਦੁਬਾਰਾ ਮੇਰਾ ਫ਼ਿਕਰ ਕਰ ਰਹੇ ਹੋ। ਭਾਵੇਂ ਤੁਹਾਨੂੰ ਹਮੇਸ਼ਾ ਮੇਰਾ ਫ਼ਿਕਰ ਰਹਿੰਦਾ ਸੀ, ਪਰ ਤੁਹਾਨੂੰ ਕੁਝ ਸਮੇਂ ਤੋਂ ਇਹ ਦਿਖਾਉਣ ਦਾ ਮੌਕਾ ਨਾ ਮਿਲਿਆ। 11 ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਹੈ। ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖਿਆ ਹੈ। 12 ਮੈਂ ਥੋੜ੍ਹੇ ਵਿਚ ਵੀ ਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ। ਜ਼ਿੰਦਗੀ ਵਿਚ ਮੇਰੇ ਹਾਲਾਤ ਚਾਹੇ ਜੋ ਵੀ ਹੋਣ, ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ। 13 ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ। 14 ਫਿਰ ਵੀ, ਤੁਸੀਂ ਮੇਰੇ ਦੁੱਖਾਂ ਵਿਚ ਮੇਰੀ ਮਦਦ ਕਰ ਕੇ ਬਹੁਤ ਚੰਗਾ ਕੀਤਾ। 15 ਅਸਲ ਵਿਚ, ਫ਼ਿਲਿੱਪੀ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ, ਉਸ ਤੋਂ ਬਾਅਦ ਮਕਦੂਨੀਆ ਤੋਂ ਤੁਰਨ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ; 16 ਕਿਉਂਕਿ ਜਦੋਂ ਮੈਂ ਥੱਸਲੁਨੀਕਾ ਵਿਚ ਸੀ, ਉੱਥੇ ਵੀ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਵਾਰ ਨਹੀਂ, ਸਗੋਂ ਦੋ ਵਾਰ ਕੁਝ ਘੱਲਿਆ। 17 ਇਹ ਗੱਲ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਤੋਹਫ਼ੇ ਚਾਹੁੰਦਾ ਹਾਂ, ਸਗੋਂ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਤੁਹਾਨੂੰ ਬਰਕਤਾਂ ਮਿਲਣ ਜਿਸ ਨਾਲ ਤੁਹਾਡੇ ਖਾਤੇ ਵਿਚ ਹੋਰ ਵਾਧਾ ਹੋਵੇ। 18 ਪਰ ਮੇਰੇ ਕੋਲ ਲੋੜ ਜੋਗਾ ਸਭ ਕੁਝ ਹੈ, ਸਗੋਂ ਵਾਧੂ ਹੈ। ਮੈਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਉਂਕਿ ਤੁਹਾਡੀਆਂ ਘੱਲੀਆਂ ਚੀਜ਼ਾਂ ਮੈਨੂੰ ਇਪਾਫ੍ਰੋਦੀਤੁਸ ਤੋਂ ਮਿਲ ਗਈਆਂ ਹਨ। ਇਹ ਸਭ ਕੁਝ ਪਰਮੇਸ਼ੁਰ ਲਈ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ ਜਿਸ ਨੂੰ ਉਹ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ। 19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। 20 ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ। 21 ਮਸੀਹ ਯਿਸੂ ਦੇ ਸਾਰੇ ਪਵਿੱਤਰ ਸੇਵਕਾਂ ਨੂੰ ਮੇਰੇ ਵੱਲੋਂ ਨਮਸਕਾਰ। ਮੇਰੇ ਨਾਲ ਜਿਹੜੇ ਭਰਾ ਹਨ, ਉਨ੍ਹਾਂ ਵੱਲੋਂ ਵੀ ਤੁਹਾਨੂੰ ਨਮਸਕਾਰ। 22 ਸਾਰੇ ਪਵਿੱਤਰ ਸੇਵਕਾਂ, ਖ਼ਾਸ ਕਰਕੇ ਸਮਰਾਟ ਦੇ ਘਰਾਣੇ ਦੇ ਸੇਵਕਾਂ ਵੱਲੋਂ ਤੁਹਾਨੂੰ ਨਮਸਕਾਰ। 23 ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ