ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 9/15 ਸਫ਼ੇ 3-6
  • ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਵਿਚ ਤੁਲਨਾ ਕੀਤੀਆਂ ਗੱਲਾਂ ਤੋਂ ਫ਼ਾਇਦਾ ਉਠਾਓ
  • ਯਹੋਵਾਹ ਆਪਣੇ ਪਰਿਵਾਰ ਨੂੰ ਇਕੱਠਾ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਹਨੇਰੇ ਤੋਂ ਦੂਰ ਰਹੋ ਅਤੇ ਚਾਨਣ ਵਿਚ ਚੱਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 9/15 ਸਫ਼ੇ 3-6

ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ

ਕੀ ਇਹ ਸੱਚ ਨਹੀਂ ਕਿ ਯਿਸੂ ਦੁਨੀਆਂ ਦਾ ਸਭ ਤੋਂ ਮਹਾਨ ਸਿੱਖਿਅਕ ਸੀ? ਤੁਸੀਂ ਵੀ ਸ਼ਾਇਦ ਉਸ ਵਾਂਗ ਸਵਾਲ ਪੁੱਛ ਕੇ ਜਾਂ ਮਿਸਾਲਾਂ ਦੇ ਕੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਯਿਸੂ ਅਕਸਰ ਦੋ ਚੀਜ਼ਾਂ ਦੀ ਤੁਲਨਾ ਕਰ ਕੇ ਵੀ ਸਿਖਾਉਂਦਾ ਹੁੰਦਾ ਸੀ?

ਤੁਸੀਂ ਦੇਖਿਆ ਹੋਣਾ ਕਿ ਅੱਜ ਵੀ ਕਈ ਲੋਕ ਗੱਲ ਕਰਦਿਆਂ ਅਕਸਰ ਇਹ ਤਰੀਕਾ ਵਰਤਦੇ ਹਨ। ਹੋ ਸਕਦਾ ਹੈ ਕਿ ਤੁਸੀਂ ਵੀ ਇਹ ਤਰੀਕਾ ਵਰਤਿਆ ਹੋਵੇ। ਸ਼ਾਇਦ ਤੁਸੀਂ ਕਿਹਾ ਹੋਵੇ, “ਉਸ ਨੇ ਕਿਹਾ ਕਿ ਸਾਰੇ ਅੰਬ ਪੱਕੇ ਹੋਏ ਹਨ, ਪਰ ਇਹ ਵਾਲੇ ਅਜੇ ਕੱਚੇ ਹਨ” ਜਾਂ “ਬਚਪਨ ਵਿਚ ਉਹ ਬੜੇ ਸ਼ਰਮੀਲੇ ਸੁਭਾਅ ਦੀ ਸੀ, ਪਰ ਹੁਣ ਸਾਰਿਆਂ ਨਾਲ ਖੁੱਲ੍ਹ ਕੇ ਗੱਲ ਕਰਦੀ ਹੈ।”

ਇਨ੍ਹਾਂ ਮਿਸਾਲਾਂ ਵਿਚ ਦੋ ਚੀਜ਼ਾਂ ਜਾਂ ਗੱਲਾਂ ਦੀ ਤੁਲਨਾ ਕਿਵੇਂ ਕੀਤੀ ਗਈ ਹੈ? ਪਹਿਲਾਂ ਇਕ ਖ਼ਿਆਲ ਜਾਂ ਹਕੀਕਤ ਦੱਸੀ ਗਈ ਹੈ ਤੇ ਫਿਰ ਪਰ, ਸਗੋਂ, ਇਸ ਦੀ ਬਜਾਇ ਜਾਂ ਦੂਜੇ ਪਾਸੇ ਵਰਗੇ ਸ਼ਬਦ ਵਰਤ ਕੇ ਉਸ ਗੱਲ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਕੀਤੀ ਗਈ ਹੈ। ਜਾਂ ਕਦੇ-ਕਦੇ ਕੋਈ ਗੱਲ ਕਹਿਣ ਤੋਂ ਬਾਅਦ ਤੁਸੀਂ ਉਸ ਗੱਲ ʼਤੇ ਜ਼ੋਰ ਦੇਣ ਲਈ ਹੋਰ ਜਾਣਕਾਰੀ ਦਿੰਦੇ ਹੋ। ਆਮ ਕਰਕੇ ਲੋਕ ਇੱਦਾਂ ਹੀ ਗੱਲਾਂ ਕਰਦੇ ਹਨ ਤਾਂਕਿ ਦੂਜਿਆਂ ਨੂੰ ਉਨ੍ਹਾਂ ਦੀ ਗੱਲ ਸਮਝ ਆ ਜਾਵੇ।

ਕੁਝ ਭਾਸ਼ਾਵਾਂ ਜਾਂ ਸਭਿਆਚਾਰਾਂ ਵਿਚ ਲੋਕ ਸ਼ਾਇਦ ਦੋ ਚੀਜ਼ਾਂ ਦੀ ਤੁਲਨਾ ਕਰ ਕੇ ਗੱਲ ਨਾ ਕਰਨ, ਫਿਰ ਵੀ ਅਸੀਂ ਇਸ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਇਹ ਤਰੀਕਾ ਕਾਫ਼ੀ ਵਾਰ ਵਰਤਿਆ ਗਿਆ ਹੈ। ਨਾਲੇ ਯਿਸੂ ਅਕਸਰ ਦੋ ਚੀਜ਼ਾਂ ਦੀ ਤੁਲਨਾ ਕਰਦਾ ਹੁੰਦਾ ਸੀ। ਮਿਸਾਲ ਲਈ, ਉਸ ਦੀਆਂ ਇਹ ਗੱਲਾਂ ਯਾਦ ਕਰੋ: “ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਪਰ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ।” “ਮੈਂ [ਮੂਸਾ ਦੇ ਕਾਨੂੰਨ] ਨੂੰ ਰੱਦ ਕਰਨ ਨਹੀਂ, ਸਗੋਂ ਪੂਰਾ ਕਰਨ ਆਇਆ ਹਾਂ।” “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” “ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ ਪਰ, ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਪਰ ਜੇ ਕੋਈ ਤੇਰੀ ਸੱਜੀ ਗੱਲ੍ਹ ʼਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ।”​—ਮੱਤੀ 5:15, 17, 27, 28, 38, 39.

ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਵੀ ਤੁਲਨਾ ਕਰਨ ਦਾ ਇਹ ਤਰੀਕਾ ਵਰਤਿਆ ਗਿਆ ਹੈ ਕਿਉਂਕਿ ਇਸ ਤਰੀਕੇ ਨਾਲ ਤੁਸੀਂ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਜਾਂ ਤੁਸੀਂ ਕੋਈ ਕੰਮ ਵਧੀਆ ਢੰਗ ਨਾਲ ਕਰਨਾ ਸਿੱਖ ਸਕਦੇ ਹੋ। ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਇਸ ਆਇਤ ਬਾਰੇ ਸੋਚੋ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।” (ਅਫ਼. 6:4) ਜੇ ਪੌਲੁਸ ਚਾਹੁੰਦਾ, ਤਾਂ ਉਹ ਸਿੱਧਾ ਕਹਿ ਸਕਦਾ ਸੀ ਕਿ ਮਾਪੇ ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ, ਪਰ ਉਸ ਨੇ ਕਿਹਾ: ‘ਉਨ੍ਹਾਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।’ ਹਾਲਾਂਕਿ ਤੁਲਨਾ ਕੀਤੇ ਬਗੈਰ ਵੀ ਪੌਲੁਸ ਦੀ ਇਹ ਗੱਲ ਸੱਚ ਸੀ, ਪਰ ਤੁਲਨਾ ਕਰਨ ਨਾਲ ਮਾਪਿਆਂ ਨੂੰ ਉਸ ਦੀ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ।

ਅਫ਼ਸੀਆਂ ਦੇ ਇਸੇ ਅਧਿਆਇ ਵਿਚ ਪੌਲੁਸ ਨੇ ਲਿਖਿਆ: “ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ . . . ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।” (ਅਫ਼. 6:12) ਪੌਲੁਸ ਨੇ ਸਮਝਾਇਆ ਕਿ ਇਹ ਲੜਾਈ ਆਮ ਇਨਸਾਨਾਂ ਨਾਲ ਨਹੀਂ, ਸਗੋਂ ਦੁਸ਼ਟ ਦੂਤਾਂ ਨਾਲ ਹੈ। ਇੱਦਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਲੜਾਈ ਜਿੱਤਣ ਲਈ ਸਾਨੂੰ ਜੱਦੋ-ਜਹਿਦ ਕਰਨ ਦੀ ਲੋੜ ਹੈ।

ਬਾਈਬਲ ਵਿਚ ਤੁਲਨਾ ਕੀਤੀਆਂ ਗੱਲਾਂ ਤੋਂ ਫ਼ਾਇਦਾ ਉਠਾਓ

ਅਫ਼ਸੀਆਂ ਦੀ ਕਿਤਾਬ ਦੀਆਂ ਹੋਰ ਆਇਤਾਂ ਵਿਚ ਵੀ ਪੌਲੁਸ ਦੋ ਚੀਜ਼ਾਂ ਦੀ ਤੁਲਨਾ ਕਰਨ ਦਾ ਤਰੀਕਾ ਵਰਤਦਾ ਹੈ। ਇਨ੍ਹਾਂ ਆਇਤਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਪੌਲੁਸ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਮਦਦ ਮਿਲ ਸਕਦੀ ਹੈ।

ਇਸ ਲੇਖ ਵਿਚ ਇਕ ਚਾਰਟ ਦਿੱਤਾ ਗਿਆ ਹੈ ਜਿਸ ਵਿਚ ਅਫ਼ਸੀਆਂ ਦੇ ਚੌਥੇ ਤੇ ਪੰਜਵੇਂ ਅਧਿਆਇ ਦੀਆਂ ਕੁਝ ਆਇਤਾਂ ਦਿੱਤੀਆਂ ਗਈਆਂ ਹਨ। ਹਰ ਆਇਤ ਵਿਚ ਦੋ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ। ਤੁਹਾਨੂੰ ਇਹ ਚਾਰਟ ਪੜ੍ਹ ਕੇ ਮਜ਼ਾ ਆਵੇਗਾ। ਹਰ ਆਇਤ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਬਾਰੇ ਸੋਚੋ ਅਤੇ ਖ਼ੁਦ ਨੂੰ ਪੁੱਛੋ: ‘ਮੇਰਾ ਸੁਭਾਅ ਕਿਹੋ ਜਿਹਾ ਹੈ? ਮੈਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਦਾ ਹਾਂ? ਦੂਜਿਆਂ ਦੀ ਨਜ਼ਰ ਵਿਚ ਹਰ ਆਇਤ ਦਾ ਕਿਹੜਾ ਹਿੱਸਾ ਮੇਰੇ ʼਤੇ ਢੁਕਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਕਿਉਂ ਨਾ ਇੱਦਾਂ ਕਰਨ ਦੀ ਕੋਸ਼ਿਸ਼ ਕਰੋ। ਫਿਰ ਹੀ ਤੁਹਾਨੂੰ ਫ਼ਾਇਦਾ ਹੋਵੇਗਾ।

ਜੇ ਤੁਸੀਂ ਚਾਹੋ, ਤਾਂ ਆਪਣੀ ਪਰਿਵਾਰਕ ਸਟੱਡੀ ਵਿਚ ਇਹ ਚਾਰਟ ਵਰਤ ਸਕਦੇ ਹੋ। ਪਹਿਲਾਂ ਪੂਰਾ ਪਰਿਵਾਰ ਮਿਲ ਕੇ ਚਾਰਟ ਪੜ੍ਹ ਸਕਦਾ ਹੈ। ਫਿਰ ਇਕ ਜਣਾ ਆਇਤ ਦਾ ਪਹਿਲਾ ਹਿੱਸਾ ਪੜ੍ਹ ਸਕਦਾ ਹੈ ਅਤੇ ਬਾਕੀ ਮੈਂਬਰ ਆਇਤ ਦੇ ਦੂਸਰੇ ਹਿੱਸੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇੱਦਾਂ ਚਾਰਟ ʼਤੇ ਚਰਚਾ ਕਰ ਕੇ ਪਰਿਵਾਰ ਵਿਚ ਸਾਰਿਆਂ ਨੂੰ ਮਜ਼ਾ ਆਵੇਗਾ ਅਤੇ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸਲਾਹ ਲਾਗੂ ਕਰ ਸਕੋਗੇ। ਫਿਰ ਨਿਆਣੇ-ਸਿਆਣੇ ਸਾਰੇ ਸਿੱਖਣਗੇ ਕਿ ਉਨ੍ਹਾਂ ਨੂੰ ਘਰ ਵਿਚ ਅਤੇ ਘਰੋਂ ਬਾਹਰ ਬਾਈਬਲ ਦੇ ਅਸੂਲਾਂ ਮੁਤਾਬਕ ਕਿਵੇਂ ਚੱਲਣਾ ਚਾਹੀਦਾ ਹੈ।

ਕੀ ਤੁਹਾਨੂੰ ਆਇਤ ਦਾ ਦੂਸਰਾ ਹਿੱਸਾ ਯਾਦ ਹੈ?

ਜਿੰਨਾ ਜ਼ਿਆਦਾ ਤੁਸੀਂ ਦੋ ਚੀਜ਼ਾਂ ਦੀ ਤੁਲਨਾ ਕਰਨੀ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਇਹ ਤਰੀਕਾ ਕਿੰਨੀ ਵਾਰੀ ਵਰਤਿਆ ਗਿਆ ਹੈ। ਫਿਰ ਸ਼ਾਇਦ ਤੁਸੀਂ ਵੀ ਪ੍ਰਚਾਰ ਕਰਦਿਆਂ ਜਾਂ ਦੂਜਿਆਂ ਨੂੰ ਸਿਖਾਉਂਦਿਆਂ ਇਹ ਤਰੀਕਾ ਵਰਤਣਾ ਚਾਹੋ। ਮਿਸਾਲ ਲਈ, ਤੁਸੀਂ ਪ੍ਰਚਾਰ ਵਿਚ ਕਿਸੇ ਨੂੰ ਕਹਿ ਸਕਦੇ ਹੋ: “ਕਈ ਲੋਕ ਕਹਿੰਦੇ ਹਨ ਕਿ ਹਰ ਇਨਸਾਨ ਵਿਚ ਅਮਰ ਆਤਮਾ ਹੈ, ਪਰ ਦੇਖੋ ਕਿ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ।” ਜਾਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦਿਆਂ ਤੁਸੀਂ ਪੁੱਛ ਸਕਦੇ ਹੋ: “ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਤੇ ਯਿਸੂ ਇੱਕੋ ਹੀ ਹਨ, ਪਰ ਅਸੀਂ ਬਾਈਬਲ ਤੋਂ ਕੀ ਸਿੱਖਿਆ ਹੈ? ਨਾਲੇ ਤੁਸੀਂ ਇਸ ਬਾਰੇ ਕੀ ਮੰਨਦੇ ਹੋ?”

ਬਾਈਬਲ ਵਿਚ ਕਈ ਵਾਰ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ ਅਤੇ ਅਸੀਂ ਇਸ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਗੱਲਾਂ ਸੱਚਾਈ ਦੇ ਰਾਹ ʼਤੇ ਚੱਲਣ ਵਿਚ ਸਾਡੀ ਮਦਦ ਕਰਦੀਆਂ ਹਨ। ਨਾਲੇ ਇਸ ਤਰੀਕੇ ਨੂੰ ਵਰਤ ਕੇ ਅਸੀਂ ਬਾਈਬਲ ਤੋਂ ਸੱਚਾਈ ਸਿੱਖਣ ਵਿਚ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ।

ਅਫ਼ਸੀਆਂ ਦੇ ਅਧਿਆਇ 4 ਤੇ 5 ਵਿਚ ਕੁਝ ਗੱਲਾਂ ਦੀ ਤੁਲਨਾ

ਇਸ ਚਾਰਟ ਨੂੰ ਆਪਣੀ ਪਰਿਵਾਰਕ ਸਟੱਡੀ ਵਿਚ ਇਸਤੇਮਾਲ ਕਰੋ!

“ਸਾਨੂੰ ਚਾਲਬਾਜ਼ ਅਤੇ ਮੱਕਾਰ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਪਿੱਛੇ ਲੱਗ ਕੇ . . . ਇੱਧਰ-ਉੱਧਰ ਡੋਲਦੇ ਨਹੀਂ ਰਹਿਣਾ ਚਾਹੀਦਾ।”​—4:14.

“ਪਰ ਆਓ ਆਪਾਂ ਸੱਚ ਬੋਲੀਏ ਅਤੇ ਪਿਆਰ ਕਰਦਿਆਂ ਆਪਣੇ ਸਿਰ, ਮਸੀਹ ਦੇ ਅਧੀਨ ਸਾਰੀਆਂ ਗੱਲਾਂ ਵਿਚ ਵਧਦੇ-ਫੁੱਲਦੇ ਜਾਈਏ।”​—4:15.

‘ਦੁਨੀਆਂ ਦੇ ਲੋਕਾਂ ਦੇ ਮਨ ਹਨੇਰੇ ਵਿਚ ਹਨ ਕਿਉਂਕਿ ਉਨ੍ਹਾਂ ਦੇ ਮਨ ਕਠੋਰ ਹੋ ਚੁੱਕੇ ਹਨ।’​—4:18, 19.

“ਪਰ ਤੁਸੀਂ ਇਹ ਨਹੀਂ ਸਿੱਖਿਆ ਸੀ ਕਿ ਮਸੀਹ ਇਹੋ ਜਿਹਾ ਹੈ। ਤੁਹਾਨੂੰ ਇਹ ਗੱਲ ਪਤਾ ਹੁੰਦੀ ਜੇ ਤੁਸੀਂ ਉਸ ਨੂੰ ਸੁਣਿਆ ਹੁੰਦਾ ਅਤੇ ਉਸ ਤੋਂ ਸਿੱਖਿਆ ਹੁੰਦਾ।”​—4:20, 21.

“ਜਿਹੜਾ ਚੋਰੀ ਕਰਦਾ ਹੈ ਉਹ ਹੁਣ ਚੋਰੀ ਨਾ ਕਰੇ।”​—4:28.

“ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ।”​—4:28.

“ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ।”​—4:29.

“ਸਗੋਂ . . . ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ।”​—4:29.

“ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।”​—4:31.

“ਇਸ ਦੀ ਬਜਾਇ, ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—4:32.

“ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ।”​—5:3.

“ਇਸ ਦੀ ਬਜਾਇ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ।”​—5:4.

“ਤੁਸੀਂ ਪਹਿਲਾਂ ਹਨੇਰੇ ਵਿਚ ਸੀ।”​—5:8.

“ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਚਾਨਣ ਵਿਚ ਹੋ।”​—5:8.

“ਹਨੇਰੇ ਦੇ ਵਿਅਰਥ ਕੰਮ ਕਰਨੇ ਛੱਡ ਦਿਓ।”​—5:11.

“ਸਗੋਂ ਇਨ੍ਹਾਂ ਕੰਮਾਂ ਦਾ ਪਰਦਾਫ਼ਾਸ਼ ਕਰੋ।”​—5:11.

‘ਇਸ ਲਈ, ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਾ ਚੱਲੋ।’​—5:15.

‘ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।’​—5:15, 16.

“ਇਸ ਲਈ ਹੁਣ ਮੂਰਖ ਨਾ ਬਣੋ।”​—5:17.

“ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੋ ਕਿ ਯਹੋਵਾਹ ਦੀ ਕੀ ਇੱਛਾ ਹੈ।”​—5:17.

“ਸ਼ਰਾਬੀ ਨਾ ਹੋਵੋ ਕਿਉਂਕਿ ਸ਼ਰਾਬੀ ਇਨਸਾਨ ਬਦਕਾਰੀ ਕਰਨ ਲੱਗ ਪੈਂਦਾ ਹੈ।”​—5:18.

“ਪਰ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦੇ ਜਾਓ।”​—5:18.

“[ਮਸੀਹ] ਚਾਹੁੰਦਾ ਹੈ ਕਿ ਮੰਡਲੀ ਉਸ ਦੀਆਂ ਨਜ਼ਰਾਂ ਵਿਚ ਸ਼ਾਨਦਾਰ ਬਣ ਜਾਵੇ ਅਤੇ ਉਸ ʼਤੇ ਕੋਈ ਦਾਗ਼ ਨਾ ਲੱਗਾ ਹੋਵੇ ਜਾਂ ਉਸ ਵਿਚ ਕੋਈ ਨੁਕਸ ਜਾਂ ਹੋਰ ਕੋਈ ਇਹੋ ਜਿਹੀ ਗੱਲ ਨਾ ਹੋਵੇ।”​—5:27.

“ਹਾਂ, ਉਹ ਚਾਹੁੰਦਾ ਹੈ ਕਿ ਮੰਡਲੀ ਪਵਿੱਤਰ ਅਤੇ ਬੇਦਾਗ਼ ਹੋਵੇ।”​—5:27.

“ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ।”​—5:29.

“ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ, ਠੀਕ ਜਿਵੇਂ ਮਸੀਹ ਮੰਡਲੀ ਦੀ ਦੇਖ-ਭਾਲ ਕਰਦਾ ਹੈ।”​—5:29.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ